ਹਮਾਸ ਨੂੰ ਚਲਾਉਣ ਵਾਲੇ ਇਨ੍ਹਾਂ 6 ਵੱਡੇ ਆਗੂਆਂ ਦੇ ਨਾਲ ਕੀ ਹੋਇਆ, ਕੌਣ ਕਿਸ ਦਾ ਨਿਸ਼ਾਨਾ ਬਣਿਆ

ਯਾਹਿਆ ਸਿਨਵਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1962 ਵਿੱਚ ਗਾਜ਼ਾ ਵਿੱਚ ਪੈਦਾ ਹੋਏ ਯਾਹਿਆ ਸਿਨਵਾਰ ਛੋਟੀ ਉਮਰ ਵਿੱਚ ਹੀ ਗਾਜ਼ਾ ਯੁੱਧ ਵਿੱਚ ਸ਼ਾਮਲ ਹੋ ਗਏ ਸਨ

7 ਅਕਤੂਬਰ 2023, ਉਹ ਤਾਰੀਖ ਜਦੋਂ ਹਮਾਸ ਨੇ ਇਜ਼ਰਾਈਲ ਵਿੱਚ ਦਾਖ਼ਲ ਹੋ ਕੇ ਹਮਲਾ ਕੀਤਾ ਅਤੇ ਹਮਲੇ ਵਿੱਚ 1200 ਲੋਕ ਮਾਰੇ ਗਏ ਸਨ।

ਇਸ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਜੰਗ ਦਾ ਐਲਾਨ ਕਰ ਦਿੱਤਾ ਅਤੇ ਇਹ ਜੰਗ ਅਜੇ ਵੀ ਜਾਰੀ ਹੈ।

ਇੱਕ ਸਾਲ ਬਾਅਦ ਗਾਜ਼ਾ ਦੇ ਕਈ ਇਲਾਕੇ ਤਬਾਹ ਹੋ ਗਏ ਹਨ। 40 ਹਜ਼ਾਰ ਤੋਂ ਵੱਧ ਫ਼ਲਸਤੀਨੀ ਮਾਰੇ ਗਏ ਹਨ ਅਤੇ ਲੱਖਾਂ ਲੋਕ ਬੇਘਰ ਹੋ ਗਏ ਹਨ।

ਇਸ ਇੱਕ ਸਾਲ ਦੇ ਅੰਦਰ ਹਮਾਸ ਦੇ ਕੁਝ ਪ੍ਰਮੁੱਖ ਆਗੂ ਵੀ ਮਾਰੇ ਗਏ ਹਨ।

ਇਸ ਸੂਚੀ ਵਿੱਚ ਹਾਲੀਆ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ ਯਾਹਿਆ ਸਿਨਵਾਰ ਤੋਂ ਲੈ ਕੇ ਇਸਮਾਈਲ ਹਨੀਆ ਵਰਗੇ ਮੋਹਰੀ ਆਗੂ ਵੀ ਸ਼ਾਮਲ ਹਨ।

ਪਰ ਇਸ ਤੋਂ ਪਹਿਲਾਂ ਹਮਾਸ ਦੇ ਪ੍ਰਮੁੱਖ ਆਗੂ ਕੌਣ ਸਨ ਅਤੇ ਉਨ੍ਹਾਂ ਦੀ ਮੌਤ ਕਿਵੇਂ ਹੋਈ?

ਹਮਾਸ ਦੇ ਪ੍ਰਮੁੱਖ ਆਗੂ
ਤਸਵੀਰ ਕੈਪਸ਼ਨ, ਹਮਾਸ ਦੇ ਪ੍ਰਮੁੱਖ ਆਗੂ

ਯਾਹਿਆ ਸਿਨਵਾਰ

7 ਅਕਤੂਬਰ ਨੂੰ ਜੋ ਹਮਲਾ ਹੋਇਆ ਸੀ, ਯਾਹਿਆ ਸਿਨਵਾਰ ਉਸ ਹਮਲੇ ਪਿੱਛੇ ਪ੍ਰਮੁੱਖ ਚਿਹਰਾ ਸਨ।

ਇਸ ਵਿੱਚ ਕਰੀਬ 1200 ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਲੋਕਾਂ ਨੂੰ ਬੰਧੀ ਬਣਾ ਕੇ ਗਾਜ਼ਾ ਲੈ ਕੇ ਗਏ ਸਨ। ਹਮਲੇ ਤੋਂ ਬਾਅਦ ਸਿਨਵਾਰ ਇਜ਼ਰਾਈਲ ਦੇ ਨਿਸ਼ਾਨੇ 'ਤੇ ਸੀ।

ਸਿਨਵਾਰ ਗਾਜ਼ਾ ਵਿੱਚ ਹਮਾਸ ਦਾ ਆਗੂ ਸੀ ਪਰ ਇਸ ਸਾਲ ਜੁਲਾਈ ਵਿੱਚ ਇਸਮਾਈਲ ਹਾਨੀਆ ਦੀ ਮੌਤ ਤੋਂ ਬਾਅਦ ਉਹ ਹਮਾਸ ਦਾ ਮੁਖੀ ਬਣ ਗਿਆ ਸੀ।

1962 ਵਿੱਚ ਗਾਜ਼ਾ ਵਿੱਚ ਪੈਦਾ ਹੋਏ ਯਾਹਿਆ ਸਿਨਵਾਰ ਛੋਟੀ ਉਮਰ ਵਿੱਚ ਹੀ ਗਾਜ਼ਾ ਯੁੱਧ ਵਿੱਚ ਸ਼ਾਮਲ ਹੋ ਗਏ ਸਨ।

ਸਿਨਵਾਰ ਹਮਾਸ ਦੀ ਸੁਰੱਖਿਆ ਸੇਵਾ ʻਮਜਦʼ ਦਾ ਸੰਸਥਾਪਕ ਸੀ, ਜੋ ਅੰਦਰੂਨੀ ਸੁਰੱਖਿਆ ਮਾਮਲਿਆਂ ਦਾ ਪ੍ਰਬੰਧਨ ਕਰਦਾ ਹੈ।

ਇਹ ਸੇਵਾ ਸ਼ੱਕੀ ਇਜ਼ਰਾਈਲੀ ਏਜੰਟਾਂ ਦੀ ਵੀ ਜਾਂਚ ਕਰਦੀ ਹੈ ਅਤੇ ਇਜ਼ਰਾਈਲੀ ਖ਼ੁਫ਼ੀਆ ਅਧਿਕਾਰੀਆਂ ਨੂੰ ਵੀ ਟਰੈਕ ਕਰਦੀ ਹੈ।

ਇਜ਼ਰਾਈਲ ਨੇ ਸਿਨਵਾਰ ਨੂੰ ਤਿੰਨ ਵਾਰ ਗ੍ਰਿਫਤਾਰ ਕੀਤਾ ਸੀ। 1988 ਵਿੱਚ ਉਸ ਦੀ ਤੀਜੀ ਗ੍ਰਿਫਤਾਰੀ ਤੋਂ ਬਾਅਦ, ਉਨ੍ਹਾਂ ਨੂੰ ਚਾਰ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਸੀ।

ਹਾਲਾਂਕਿ, ਹਮਾਸ ਨੇ ਪੰਜਾ ਸਾਲ ਤੋਂ ਵੱਧ ਸਮੇਂ ਤੱਕ ਬੰਦੀ ਬਣਾਏ ਗਏ ਇੱਕ ਇਜ਼ਰਾਈਲੀ ਸਿਪਾਹੀ ਦੇ ਬਦਲੇ ਇਜ਼ਰਾਈਲ ਨੇ 1,027 ਫ਼ਲਸਤੀਨੀ ਅਤੇ ਇਜ਼ਰਾਈਲੀ ਅਰਬ ਕੈਦੀਆਂ ਨੂੰ ਰਿਹਾਅ ਕੀਤਾ ਸੀ। ਇਨ੍ਹਾਂ ਕੈਦੀਆਂ ਵਿੱਚੋਂ ਇੱਕ ਸੀ ਯਾਹਿਆ ਸਿਨਵਾਰ।

ਇਸ ਤੋਂ ਬਾਅਦ ਸਿਨਵਾਰ ਹਮਾਸ ਵਿੱਚ ਇੱਕ ਪ੍ਰਮੁੱਖ ਆਗੂ ਵਜੋਂ ਆਪਣੇ ਅਹੁਦੇ 'ਤੇ ਵਾਪਸ ਪਰਤੇ ਅਤੇ 2017 ਵਿੱਚ ਗਾਜ਼ਾ ਵਿੱਚ ਹਮਾਸ ਦੇ ਸਿਆਸੀ ਵਿੰਗ ਦਾ ਮੁਖੀ ਨਿਯੁਕਤ ਕੀਤਾ ਗਿਆ।

2015 ਵਿੱਚ, ਅਮਰੀਕਾ ਨੇ ਸਿਨਵਾਰ ਨੂੰ "ਅੰਤਰਰਾਸ਼ਟਰੀ ਅੱਤਵਾਦੀਆਂ" ਦੀ ਸੂਚੀ ਵਿੱਚ ਪਾ ਦਿੱਤਾ ਸੀ।

16 ਅਕਤੂਬਰ 2024 ਨੂੰ ਰਫ਼ਾਹ ਵਿੱਚ ਇਜ਼ਰਾਈਲੀ ਫੌਜ ਨੇ ਯਾਹਿਆ ਸਿਨਵਾਰ ਨੂੰ ਮਾਰ ਦਿੱਤਾ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਸਮਾਈਲ ਹਨੀਆ

ਇਸਮਾਈਲ ਹਨੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਮਾਸ ਨੇ 16 ਫਰਵਰੀ 2006 ਨੂੰ ਇਸਮਾਈਲ ਹਨੀਆ ਨੂੰ ਫ਼ਲਸਤੀਨੀ ਅਥਾਰਟੀ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ

31 ਜੁਲਾਈ 2024 ਨੂੰ ਈਰਾਨ ਵਿੱਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਹੋਣ ਤੱਕ ਇਸਮਾਈਲ ਹਾਨੀਆ ਹਮਾਸ ਦੇ ਸਭ ਤੋਂ ਵੱਡੇ ਆਗੂ ਬਣੇ ਸੀ।

ਉਨ੍ਹਾਂ ਦਾ ਜਨਮ ਫ਼ਲਸਤੀਨੀ ਸ਼ਰਨਾਰਥੀ ਕੈਂਪ ਵਿੱਚ ਹੋਇਆ ਸੀ।

ਇਜ਼ਰਾਈਲ ਨੇ ਉਨ੍ਹਾਂ ਨੂੰ 1989 ਵਿੱਚ ਤਿੰਨ ਸਾਲ ਲਈ ਕੈਦ ਕਰ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਹਮਾਸ ਦੇ ਕਈ ਆਗੂਆਂ ਦੇ ਨਾਲ ਮਾਰਜ ਅਲ-ਜ਼ੁਹੂਰ ਭੇਜ ਦਿੱਤਾ ਗਿਆ। ਇਹ ਇਜ਼ਰਾਈਲ ਅਤੇ ਲੇਬਨਾਨ ਦੇ ਵਿਚਕਾਰ ਇੱਕ ਨੋ-ਮੈਨਜ਼ ਲੈਂਡ ਹੈ। ਹਨੀਆ ਇੱਕ ਸਾਲ ਤੱਕ ਉੱਥੇ ਰਹੇ।

ਆਪਣੀ ਜਲਾਵਤਨੀ ਪੂਰੀ ਕਰਨ ਤੋਂ ਬਾਅਦ ਉਹ ਗਾਜ਼ਾ ਵਾਪਸ ਆ ਗਏ। ਉਨ੍ਹਾਂ ਨੂੰ 1997 ਵਿੱਚ, ਹਮਾਸ ਅੰਦੋਲਨ ਦੇ ਅਧਿਆਤਮਕ ਆਗੂ ਸ਼ੇਖ ਅਹਿਮਦ ਯਾਸੀਨ ਦੇ ਦਫ਼ਤਰ ਦਾ ਮੁਖੀ ਨਿਯੁਕਤ ਕੀਤਾ ਗਿਆ। ਇਸ ਨਾਲ ਉਨ੍ਹਾਂ ਦਾ ਰੁਤਬਾ ਵਧ ਗਿਆ।

ਹਮਾਸ ਨੇ 16 ਫਰਵਰੀ 2006 ਨੂੰ ਉਨ੍ਹਾਂ ਨੂੰ ਫ਼ਲਸਤੀਨੀ ਅਥਾਰਟੀ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ।

ਉਨ੍ਹਾਂ ਉਸੇ ਸਾਲ 20 ਫਰਵਰੀ ਨੂੰ ਉਨ੍ਹਾਂ ਦੀ ਨਿਯੁਕਤੀ ਕਰ ਦਿੱਤਾ ਗਿਆ ਸੀ। ਪਰ ਸਿਰਫ਼ ਇੱਕ ਸਾਲ ਬਾਅਦ, ਫ਼ਲਸਤੀਨੀ ਰਾਸ਼ਟਰੀ ਅਥਾਰਟੀ ਦੇ ਮੁਖੀ ਮਹਿਮੂਦ ਅੱਬਾਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ।

ਹਨੀਆ ਨੇ ਆਪਣੀ ਬਰਖ਼ਾਸਤਗੀ ਨੂੰ ਅਸੰਵਿਧਾਨਕ ਦੱਸਦਿਆਂ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਪਣੇ ਫਰਜ਼ਾਂ ਨੂੰ ਜਾਰੀ ਰੱਖੇਗੀ ਅਤੇ ਫ਼ਲਸਤੀਨੀ ਲੋਕਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਛੱਡੇਗੀ।

ਉਹ 2017 ਵਿੱਚ ਹਮਾਸ ਦੇ ਸਿਆਸੀ ਵਿੰਗ ਦੇ ਮੁਖੀ ਚੁਣੇ ਗਏ ਸਨ। 2018 'ਚ ਅਮਰੀਕੀ ਵਿਦੇਸ਼ ਵਿਭਾਗ ਨੇ ਹਾਨੀਆ ਨੂੰ ਅੱਤਵਾਦੀ ਐਲਾਨ ਦਿੱਤਾ ਸੀ। ਪਿਛਲੇ ਕਈ ਸਾਲਾਂ ਇਸਮਾਈਲ ਹਾਨੀਆ ਤੋਂ ਕਤਰ ਵਿੱਚ ਰਹਿ ਰਹੇ ਸਨ।

ਇਹ ਵੀ ਪੜ੍ਹੋ-

ਮੁਹੰਮਦ ਦੀਏਫ਼

ਮੁਹੰਮਦ ਦੀਏਫ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫ਼ਲਸਤੀਨੀ ਮੁਹੰਮਦ ਦੀਏਫ਼ ਨੂੰ ਮਾਸਟਰਮਾਈਂਡ ਵਜੋਂ ਜਾਣਦੇ ਹਨ

ਮੁਹੰਮਦ ਦੀਏਫ਼ ਹਮਾਸ ਦੇ ਫੌਜੀ ਸੰਗਠਨ ਇਜ਼ੇ ਅਲ-ਦੀਨ ਅਲ-ਕਾਸਿਮ ਬ੍ਰਿਗੇਡ ਦੇ ਮੁਖੀ ਸੀ। ਉਨ੍ਹਾਂ ਦਾ ਜਨਮ 1965 ਵਿੱਚ ਗਾਜ਼ਾ ਵਿੱਚ ਹੋਇਆ ਸੀ।

ਫ਼ਲਸਤੀਨੀ ਉਨ੍ਹਾਂ ਨੂੰ ਮਾਸਟਰਮਾਈਂਡ ਵਜੋਂ ਜਾਣਦੇ ਹਨ। ਜਦਕਿ ਇਜ਼ਰਾਈਲੀ ਉਨ੍ਹਾਂ ਨੂੰ 'ਦਿ ਮੈਨ ਆਫ ਡੈਥ' ਜਾਂ 'ਦ ਫਾਈਟਰ ਵਿਦ ਨਾਇਨ ਲਾਈਵਜ਼' ਨਾਮ ਨਾਲ ਸੱਦਦੇ ਹਨ।

ਮੁਹੰਮਦ ਦੀਏਫ਼ ਨੇ ਸੁਰੰਗਾਂ ਬਣਾਉਣ ਦੀ ਯੋਜਨਾ ਬਣਾਈ ਜਿਸ ਰਾਹੀਂ ਹਮਾਸ ਦੇ ਲੜਾਕੇ ਗਾਜ਼ਾ ਰਾਹੀਂ ਇਜ਼ਰਾਈਲ ਵਿੱਚ ਦਾਖ਼ਲ ਹੋਏ। ਉਨ੍ਹਾਂ ਦਾ ਅਸਲੀ ਨਾਮ ਮੁਹੰਮਦ ਦੀਬ ਅਲ-ਮਸਰੀ ਹੈ, ਪਰ ਉਨ੍ਹਾਂ ਨੂੰ ਅਬੂ ਖ਼ਾਲਿਦ ਅਤੇ ਅਲ ਦੀਏਫ਼ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ।

ਮੁਹੰਮਦ ਦੀਓਫ਼ ਨੇ ਇਸਲਾਮਿਕ ਯੂਨੀਵਰਸਿਟੀ ਆਫ ਗਾਜ਼ਾ ਤੋਂ ਜੀਵ ਵਿਗਿਆਨ ਵਿੱਚ ਬੈਚਲਰ ਦੀ ਡਿਗਰੀ ਹਾਸਿਲ ਕੀਤੀ ਹੈ। ਯੂਨੀਵਰਸਿਟੀ ਵਿੱਚ ਉਹ ਅਦਾਕਾਰੀ ਅਤੇ ਥੀਏਟਰ ਲਈ ਆਪਣੇ ਪਿਆਰ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਕਲਾਕਾਰਾਂ ਦਾ ਇੱਕ ਗਰੁੱਪ ਬਣਾ ਲਿਆ ਸੀ।

ਜਦੋਂ ਹਮਾਸ ਦੀ ਸਥਾਪਨਾ ਦਾ ਐਲਾਨ ਹੋਇਆ ਤਾਂ ਉਹ ਬਿਨਾਂ ਕਿਸੇ ਝਿਜਕ ਦੇ ਇਸ ਵਿੱਚ ਸ਼ਾਮਲ ਹੋ ਗਏ। ਇਜ਼ਰਾਈਲੀ ਅਧਿਕਾਰੀਆਂ ਨੇ ਉਨ੍ਹਾਂ ਨੂੰ 1989 ਵਿੱਚ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਨ੍ਹਾਂ ਨੇ 16 ਮਹੀਨੇ ਨਜ਼ਰਬੰਦੀ ਵਿੱਚ ਬਿਤਾਏ।

ਜੇਲ੍ਹ ਵਿੱਚ ਰਹਿਣ ਦੌਰਾਨ ਦੀਏਫ਼ ਨੇ ਇਜ਼ਰਾਈਲੀ ਫੌਜ ਨੂੰ ਫੜ੍ਹਨ ਦੇ ਉਦੇਸ਼ ਨਾਲ ਹਮਾਸ ਤੋਂ ਵੱਖ ਇੱਕ ਅੰਦੋਲਨ ਸਥਾਪਿਤ ਕਰਨ ਲਈ ਜ਼ਕਾਰੀਆ ਅਲ-ਸ਼ੋਰਬਾਗੀ ਅਤੇ ਸਾਲਾਹ ਸ਼ੇਹਾਦੇਹ ਨਾਲ ਸਹਿਮਤੀ ਜਤਾਈ। ਇਹ ਬਾਅਦ ਵਿੱਚ ਅਲ-ਕਾਸਿਮ ਬ੍ਰਿਗੇਡ ਬਣ ਗਿਆ।

ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ, ਦੀਏਫ਼ ਇਜ਼ੇ ਅਲ-ਦੀਨ ਅਲ-ਕਾਸਮ ਬ੍ਰਿਗੇਡ ਦੇ ਇੱਕ ਪ੍ਰਮੁੱਖ ਨੇਤਾ ਵਜੋਂ ਉਭਰੇ। ਉਹ ਇਸ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ।

ਦੀਏਫ਼ ਉਨ੍ਹਾਂ ਸੁਰੰਗਾਂ ਦੇ ਨਿਰਮਾਣ ਪਿੱਛੇ ਇੰਜੀਨੀਅਰ ਸੀ ਜਿਸ ਰਾਹੀਂ ਹਮਾਸ ਦੇ ਲੜਾਕੇ ਗਾਜ਼ਾ ਰਾਹੀਂ ਇਜ਼ਰਾਈਲ ਵਿੱਚ ਦਾਖ਼ਲ ਹੋਏ ਸਨ। ਇਸ ਦੇ ਨਾਲ, ਉਹ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਵੱਡੀ ਗਿਣਤੀ ਵਿੱਚ ਰਾਕੇਟ ਛੱਡਣ ਦੀ ਰਣਨੀਤੀ ਨੂੰ ਅੱਗੇ ਵਧਾਇਆ।

ਦੀਏਫ਼ ਇਜ਼ਰਾਈਲ ਦੇ ਸਭ ਤੋਂ ਵੱਧ ਲੋੜੀਂਦੇ ਲੋਕਾਂ ਵਿੱਚੋਂ ਇੱਕ ਸੀ, ਜਿਸ 'ਤੇ ਬੱਸ ਬੰਬ ਧਮਾਕੇ ਦੀ ਯੋਜਨਾ ਬਣਾਉਣ ਅਤੇ ਨਿਗਰਾਨੀ ਕਰਨ ਦਾ ਇਲਜ਼ਾਮ ਸੀ। 1996 ਵਿੱਚ ਹੋਏ ਇਸ ਧਮਾਕੇ ਵਿੱਚ ਕਈ ਇਜ਼ਰਾਈਲੀ ਮਾਰੇ ਗਏ ਸਨ।

1990 ਦੇ ਦਹਾਕੇ ਵਿੱਚ, ਉਸ ਉੱਤੇ ਤਿੰਨ ਇਜ਼ਰਾਈਲੀ ਸੈਨਿਕਾਂ ਨੂੰ ਫੜਨ ਅਤੇ ਉਨ੍ਹਾਂ ਦਾ ਕਤਲ ਕਰਨ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲੱਗੇ ਸਨ।

ਇਜ਼ਰਾਈਲ ਨੇ 2000 ਵਿੱਚ ਉਨ੍ਹਾਂ ਨੂੰ ਕੈਦ ਕਰ ਲਿਆ ਸੀ ਪਰ ਉਹ ਦੂਜੇ ਫ਼ਲਸਤੀਨੀ ਵਿਦਰੋਹ ਜਾਂ ਇੰਤੇਫ਼ਾਦਾ ਦੇ ਸ਼ੁਰੂ ਵਿੱਚ ਭੱਜ ਨਿਕਲੇ।

2002 ਵਿੱਚ ਇੱਕ ਕਤਲ ਦੀ ਕੋਸ਼ਿਸ਼ ਵਿੱਚ ਦੀਏਫ਼ ਬਚ ਗਏ ਪਰ ਉਨ੍ਹਾਂ ਨੇ ਆਪਣੀ ਇੱਕ ਅੱਖ ਗੁਆ ਦਿੱਤੀ। ਉਦੋਂ ਇਜ਼ਰਾਈਲ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਲੱਤ ਅਤੇ ਇੱਕ ਬਾਂਹ ਗੁਆ ਲਈ ਹੈ ਅਤੇ ਉਨ੍ਹਾਂ ਨੂੰ ਬੋਲਣ ਵਿੱਚ ਮੁਸ਼ਕਲ ਆ ਰਹੀ ਹੈ।

ਗਾਜ਼ਾ ਵਿੱਚ 2014 ਦੇ ਇੱਕ ਹਮਲੇ ਦੌਰਾਨ, ਇਜ਼ਰਾਈਲੀ ਸੁਰੱਖਿਆ ਬਲ ਇੱਕ ਵਾਰ ਫਿਰ ਦੀਏਫ਼ ਦਾ ਕਤਲ ਕਰਨ ਵਿੱਚ ਸਫ਼ਲ ਨਹੀਂ ਹੋਏ ਪਰ ਉਨ੍ਹਾਂ ਦੀ ਪਤਨੀ ਅਤੇ ਦੋ ਬੱਚਿਆਂ ਨੂੰ ਮਾਰ ਦਿੱਤਾ।

ਇਜ਼ਰਾਈਲ ਦਾ ਦਾਅਵਾ ਹੈ ਕਿ ਫਨ੍ਹਾਂ ਨੇ ਇਸ ਸਾਲ ਜੁਲਾਈ ਮਹੀਨੇ ਵਿੱਚ ਖ਼ਾਨ ਯੂਨਿਸ ਵਿੱਚ ਇੱਕ ਹਵਾਈ ਹਮਲੇ ਵਿੱਚ ਦੀਏਫ਼ ਨੂੰ ਮਾਰ ਦਿੱਤਾ ਹੈ।

ਮਾਰਵਾਨ ਇੱਸਾ

ਮਾਰਵਾਨ ਇੱਸਾ

ਤਸਵੀਰ ਸਰੋਤ, MEDIA SOURCES

ਤਸਵੀਰ ਕੈਪਸ਼ਨ, ਮਾਰਵਾਨ ਇੱਸਾ ਅਲ-ਕਾਸਮ ਬ੍ਰਿਗੇਡਜ਼ ਦੇ ਡਿਪਟੀ ਕਮਾਂਡਰ ਸੀ

ਮਾਰਵਾਨ ਇੱਸਾ ਅਲ-ਕਾਸਮ ਬ੍ਰਿਗੇਡਜ਼ ਦੇ ਡਿਪਟੀ ਕਮਾਂਡਰ ਸੀ ਅਤੇ ਮੰਨਿਆ ਜਾਂਦਾ ਹੈ ਕਿ 7 ਅਕਤੂਬਰ ਨੂੰ ਹੋਏ ਹਮਲੇ ਪਿੱਛੇ ਮੁੱਖ ਚਿਹਰਿਆਂ ਵਿੱਚੋਂ ਇੱਕ ਸੀ।

ਉਹ ਕਈ ਸਾਲਾਂ ਤੋਂ ਇਜ਼ਰਾਈਲ ਦੀ ਸਭ ਤੋਂ ਵੱਧ ਲੋੜੀਂਦੇ ਲੋਕਾਂ ਦੀ ਸੂਚੀ ਵਿੱਚ ਸੀ ਅਤੇ 2006 ਵਿੱਚ ਇੱਕ ਕਤਲ ਦੀ ਕੋਸ਼ਿਸ਼ ਵਿੱਚ ਜ਼ਖਮੀ ਹੋ ਗਏ ਸੀ।

ਹਮਾਸ ਨਾਲ ਆਪਣੀਆਂ ਗਤੀਵਿਧੀਆਂ ਕਾਰਨ ਇਜ਼ਰਾਈਲੀ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਪਹਿਲਾਂ ਇੰਤੇਫ਼ਾਦਾ ਦੌਰਾਨ ਪੰਜ ਸਾਲ ਤੱਕ ਹਿਰਾਸਤ ਵਿੱਚ ਰੱਖਿਆ।

ਫ਼ਲਸਤੀਨੀ ਅਥਾਰਟੀ ਨੇ ਉਨ੍ਹਾਂ ਨੂੰ 1997 ਵਿੱਚ ਗ੍ਰਿਫ਼ਤਾਰ ਕਰ ਲਿਆ ਸੀ ਪਰ ਸਾਲ 2000 ਵਿੱਚ ਦੂਜੇ ਇੰਤੇਫ਼ਾਦਾ ਦੇ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ।

2014 ਅਤੇ 2021 ਵਿੱਚ ਗਾਜ਼ਾ ਹਮਲੇ ਦੌਰਾਨ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਦੋ ਵਾਰ ਇੱਸਾ ਦਾ ਘਰ ਤਬਾਹ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਦੇ ਭਰਾ ਦੀ ਮੌਤ ਹੋ ਗਈ ਸੀ।

ਸਾਲ 2011 ਤੱਕ ਉਨ੍ਹਾਂ ਦਾ ਚਿਹਰਾ ਕਿਸੇ ਨੇ ਨਹੀਂ ਦੇਖਿਆ ਸੀ। ਅਸਲ ਵਿੱਚ ਉਸ ਸਾਲ ਇੱਕ ਗਰੁੱਪ ਫੋਟੋ ਸੀ। ਇਹ ਫੋਟੋ ਇਜ਼ਰਾਇਲੀ ਫੌਜੀ ਗਲੇਡ ਸ਼ਾਲਿਤ ਦੀ ਰਿਹਾਈ ਦੇ ਬਦਲੇ ਰਿਹਾਅ ਕੀਤੇ ਗਏ ਫ਼ਲਸਤੀਨੀ ਕੈਦੀਆਂ ਦਾ ਸਵਾਗਤੀ ਸਮਾਗ਼ਮ ਸੀ।

ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਨੇ ਮਾਰਚ 2024 ਵਿੱਚ ਗਾਜ਼ਾ ਵਿੱਚ ਇੱਕ ਸ਼ਰਨਾਰਥੀ ਕੈਂਪ ਦੇ ਹੇਠਾਂ ਇੱਕ ਸੁਰੰਗ ਉੱਤੇ ਇੱਕ ਹਵਾਈ ਹਮਲੇ ਵਿੱਚ ਇੱਸਾ ਨੂੰ ਮਾਰ ਦਿੱਤਾ ਸੀ।

ਖ਼ਾਲਿਦ ਮਸ਼ਾਲ

ਖ਼ਾਲਿਦ ਮਸ਼ਾਲ
ਤਸਵੀਰ ਕੈਪਸ਼ਨ, ਖ਼ਾਲਿਦ ਮਸ਼ਾਲ ਨੂੰ ਜੌਰਡਨ ਵਿੱਚ ਜ਼ਹਿਰ ਦਾ ਟੀਕਾ ਲਗਾਇਆ ਗਿਆ ਸੀ

ਸਾਲ 1965 ਵਿੱਚ ਵੈਸਟ ਬੈਂਕ ਵਿੱਚ ਪੈਦਾ ਹੋਏ ਖ਼ਾਲਿਦ ਮਸ਼ਾਲ ਨੂੰ ਹਮਾਸ ਦੇ ਸੰਸਥਾਪਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

1997 ਵਿੱਚ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ 'ਤੇ, ਖ਼ੁਫ਼ੀਆ ਏਜੰਸੀ ਮੋਸਾਦ ਨੇ ਮਸ਼ਾਲ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਉਹ ਜੌਰਡਨ ਵਿੱਚ ਰਹਿ ਰਹੇ ਸੀ।

ਮੋਸਾਦ ਜਾਅਲੀ ਕੈਨੇਡੀਅਨ ਪਾਸਪੋਰਟਾਂ ਨਾਲ ਜੌਰਡਨ ਵਿੱਚ ਦਾਖ਼ਲ ਹੋਏ ਅਤੇ ਸੜਕ ʼਤੇ ਤੁਰਦੇ ਹੋਏ ਮਸ਼ਾਲ ਨੂੰ ਜ਼ਹਿਰੀਲੇ ਪਦਾਰਥ ਦਾ ਟੀਕਾ ਲਗਾਇਆ ਗਿਆ ਸੀ।

ਜੌਰਡਨ ਦੇ ਅਧਿਕਾਰੀਆਂ ਨੇ ਕਤਲ ਦੀ ਕੋਸ਼ਿਸ਼ ਦਾ ਪਤਾ ਲਗਾਇਆ ਅਤੇ ਮੋਸਾਦ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਜੌਰਡਨ ਦੇ ਮਰਹੂਮ ਕਿੰਗ ਹੁਸੈਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਤੋਂ ਮਸ਼ਾਲ ਨੂੰ ਦਿੱਤੇ ਗਏ ਪਦਾਰਥ ਲਈ ਐਂਟੀਡੋਟ ਮੰਗਿਆ ਸੀ।

ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਦਬਾਅ ਦਾ ਸਾਹਮਣਾ ਕਰਦੇ ਹੋਏ, ਨੇਤਨਯਾਹੂ ਨੇ ਸ਼ੁਰੂਆਤੀ ਤੌਰ 'ਤੇ ਬੇਨਤੀ ਨੂੰ ਠੁਕਰਾਉਣ ਤੋਂ ਬਾਅਦ ਐਂਟੀਡੋਟ ਦੇ ਦਿੱਤਾ ਸੀ।

ਕਤਰ ਵਿੱਚ ਰਹਿਣ ਵਾਲੇ ਮਸ਼ਾਲ ਨੇ 2012 ਵਿੱਚ ਪਹਿਲੀ ਵਾਰ ਗਾਜ਼ਾ ਦਾ ਦੌਰਾ ਕੀਤਾ। ਇਸ ਫੇਰੀ ਦੌਰਾਨ ਫ਼ਲਸਤੀਨੀ ਅਧਿਕਾਰੀਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦੇ ਸਵਾਗਤ ਲਈ ਫ਼ਲਸਤੀਨੀ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਹਮਾਸ ਨੇ 2017 ਵਿੱਚ ਆਪਣੇ ਸਿਆਸੀ ਬਿਓਰੋ ਦੇ ਮੁਖੀ ਵਜੋਂ ਮਸ਼ਾਲ ਦੀ ਥਾਂ ਲੈਣ ਲਈ ਇਸਮਾਈਲ ਹਨੀਆ ਨੂੰ ਚੁਣਿਆ ਅਤੇ ਮਸ਼ਾਲ ਵਿਦੇਸ਼ ਵਿੱਚ ਸਮੂਹ ਦੇ ਸਿਆਸੀ ਬਿਓਰੋ ਦੇ ਮੁਖੀ ਬਣ ਗਏ।

ਮਹਿਮੂਦ ਜ਼ਹਾਰ

ਮਹਿਮੂਦ ਜ਼ਹਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜ਼ਹਾਰ ਦਾ ਜਨਮ 1945 ਵਿੱਚ ਗਾਜ਼ਾ ਵਿੱਚ ਹੋਇਆ ਸੀ

ਇਸ ਅੰਦੋਲਨ ਦੀ ਸਥਾਪਨਾ ਦੇ ਛੇ ਮਹੀਨੇ ਬਾਅਦ ਹੀ ਮਹਿਮੂਦ ਜ਼ਹਾਰ ਨੂੰ ਇਜ਼ਰਾਈਲ ਨੇ ਹਿਰਾਸਤ ਵਿੱਚ ਲੈ ਲਿਆ ਸੀ।

ਜ਼ਹਾਰ ਦਾ ਜਨਮ 1945 ਵਿੱਚ ਗਾਜ਼ਾ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਫ਼ਲਸਤੀਨੀ ਸੀ ਅਤੇ ਮਾਂ ਮਿਸਰ ਦੀ ਰਹਿਣ ਵਾਲੀ ਸੀ। ਉਨ੍ਹਾਂ ਦਾ ਬਚਪਨ ਮਿਸਰ ਦੇ ਇਸਮਾਈਲੀਆ ਸ਼ਹਿਰ ਵਿੱਚ ਬੀਤਿਆ। ਉਨ੍ਹਾਂ ਦੀ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਸਿੱਖਿਆ ਗਾਜ਼ਾ ਵਿੱਚ ਹੋਈ।

ਉਨ੍ਹਾਂ ਨੇ ਕਾਹਿਰਾ ਦੀ ਐਨ ਸ਼ਮਸ ਯੂਨੀਵਰਸਿਟੀ ਤੋਂ 1971 ਵਿੱਚ ਜਨਰਲ ਮੈਡੀਸਨ ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ 1976 ਵਿੱਚ ਜਨਰਲ ਸਰਜਰੀ ਵਿੱਚ ਪੀਜੀ ਕੀਤੀ ਸੀ।

ਉਨ੍ਹਾਂ ਨੇ ਗਾਜ਼ਾ ਅਤੇ ਖ਼ਾਨ ਦੇ ਇੱਕ ਹਸਪਤਾਲ ਵਿੱਚ ਇੱਕ ਡਾਕਟਰ ਵਜੋਂ ਕੰਮ ਕੀਤਾ। ਉਨ੍ਹਾਂ ਨੇ ਉੱਥੇ ਉਦੋਂ ਤੱਕ ਕੰਮ ਕੀਤਾ ਜਦੋਂ ਤੱਕ ਇਜ਼ਰਾਈਲ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਰਾਜਨੀਤਿਕ ਗਤੀਵਿਧੀਆਂ ਕਾਰਨ ਬਰਖ਼ਾਸਤ ਨਹੀਂ ਕਰ ਦਿੱਤਾ।

ਜ਼ਹਾਰ ਨੂੰ ਹਮਾਸ ਦੇ ਮੁੱਖ ਨੇਤਾਵਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਉਨ੍ਹਾਂ ਨੂੰ ਹਮਾਸ ਅੰਦੋਲਨ ਦੇ ਸਿਆਸੀ ਲੀਡਰਸ਼ਿਪ ਦਾ ਮੈਂਬਰ ਮੰਨਿਆ ਜਾਂਦਾ ਹੈ।

ਹਮਾਸ ਦੀ ਸਥਾਪਨਾ ਦੇ ਛੇ ਮਹੀਨੇ ਬਾਅਦ ਹੀ 1988 ਵਿੱਚ ਮਹਿਮੂਦ ਜ਼ਹਾਰ ਨੂੰ ਇਜ਼ਰਾਈਲੀ ਜੇਲ੍ਹ ਵਿੱਚ ਛੇ ਮਹੀਨਿਆਂ ਤੱਕ ਰੱਖਿਆ ਗਿਆ ਸੀ।

ਇਜ਼ਰਾਈਲ ਨੇ ਉਨ੍ਹਾਂ ਨੂੰ 1992 ਵਿੱਚ ਹੋਰ ਨੇਤਾਵਾਂ ਦੇ ਨਾਲ ਮਾਰਜ ਅਲ-ਜ਼ੁਹੂਰ ਭੇਜ ਦਿੱਤਾ ਗਿਆ ਸੀ। ਉਹ ਇੱਕ ਸਾਲ ਉੱਥੇ ਰਹੇ।

ਸਾਲ 2005 ਵਿੱਚ ਕਿਰਾਏ ਗਏ ਚੋਣਾਂ ਵਿੱਚ ਹਮਾਸ ਨੂੰ ਬਹੁਮਤ ਮਿਲਿਆ ਸੀ। ਜ਼ਹਾਰ ਨੇ ਪ੍ਰਧਾਨ ਮੰਤਰੀ ਇਸਮਾਈਲ ਹਨੀਆ ਦੀ ਸਰਕਾਰ ਵਿੱਚ ਵਿਦੇਸ਼ ਮੰਤਰੀ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ ਸੀ। ਇਸ ਨਾਲ ਫ਼ਲਸਤੀਨੀਆਂ ਵਿੱਚ ਵੰਡੀਆਂ ਪੈ ਗਈਆਂ ਸਨ।

ਇਜ਼ਰਾਈਲ ਨੇ 2003 ਵਿੱਚ ਜ਼ਹਾਰ ਦੇ ਕਤਲ ਦੀ ਕੋਸ਼ਿਸ਼ ਕੀਤੀ ਸੀ। ਇੱਕ ਐੱਫ-16 ਜਹਾਜ਼ ਨੇ ਗਾਜ਼ਾ ਸ਼ਹਿਰ ਦੇ ਨੇੜੇ ਰਿਮਲ ਵਿੱਚ ਜ਼ਹਰ ਦੇ ਘਰ ਉੱਤੇ ਬੰਬ ਸੁੱਟਿਆ ਸੀ।

ਕਿਹਾ ਜਾਂਦਾ ਹੈ ਕਿ ਇਹ ਬੰਬ ਪੰਜ ਕੁਇੰਟਲ ਦਾ ਸੀ। ਇਸ ਹਮਲੇ ਵਿੱਚ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸੀ। ਪਰ ਉਨ੍ਹਾਂ ਦੇ ਵੱਡੇ ਪੁੱਤਰ ਖ਼ਾਲਿਦ ਦੀ ਮੌਤ ਹੋ ਚੁੱਕੀ ਸੀ।

ਉਮ੍ਹਾਂ ਦੇ ਦੂਜੇ ਪੁੱਤਰ ਹੋਸਾਮ ਦੀ ਗਾਜ਼ਾ ਦੇ ਪੂਰਬੀ ਇਲਾਕੇ ਵਿੱਚ 15 ਜਨਵਰੀ 2008 ਨੂੰ ਇਜ਼ਰਾਈਲੀ ਫੌਜ ਦੀ ਕਾਰਵਾਈ ਵਿੱਚ ਮੌਤ ਹੋ ਗਈ ਸੀ। ਇਸ ਹਮਲੇ ਵਿੱਚ ਹੋਸਾਮ ਸਮੇਤ 18 ਲੋਕਾਂ ਦੀ ਮੌਤ ਹੋ ਗਈ ਸੀ। ਹੋਸਾਮ ਵੀ ਕਾਸਿਮ ਬ੍ਰਿਗੇਡ ਦਾ ਮੈਂਬਰ ਸੀ।

ਜ਼ਹਾਰ ਨੇ ਬੌਧਿਕ, ਰਾਜਨੀਤਕ ਅਤੇ ਸਾਹਿਤਕ ਰਚਨਾਵਾਂ ਲਿਖੀਆਂ ਹਨ। ਇਨ੍ਹਾਂ ਵਿੱਚੋਂ 'ਦਿ ਪ੍ਰੋਬਲਮ ਆਫ ਅਵਰ ਕੰਟੈਂਮਪਰੇਰੀ ਸੁਸਾਇਟੀ...ਇੱਕ ਕੁਰਾਨਿਕ ਅਧਿਐਨ', ʻਨੋ ਪਲੇਸ ਅੰਡਰ ਦਿ ਸਨʼ ਸ਼ਾਮਲ ਹੈ।

ਇਹ ਬਿਨਯਾਮਿਨ ਨੇਤਨਯਾਹੂ ਦੀ ਇੱਕ ਕਿਤਾਬ ਦੀ ਪ੍ਰਤੀਕਿਰਿਆ ਵਿੱਚ ਲਿਖੀਆਂ ਗਈਆਂ ਕਿਤਾਬਾਂ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ʻਆਨ ਦਿ ਪੇਨਮੈਂਟʼ ਦੇ ਨਾਮ ਨਾਲ ਇੱਕ ਨਾਵਲ ਵੀ ਲਿਖਿਆ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)