ਯਾਹਿਆ ਸਿਨਵਾਰ: ਕੌਣ ਸਨ ਇਜ਼ਰਾਈਲੀ ਹਮਲੇ ਵਿੱਚ ਹਲਾਕ ਹਮਾਸ ਆਗੂ

ਯਾਹਿਆ ਸਿਨਵਾਰ

ਤਸਵੀਰ ਸਰੋਤ, Getty Images

    • ਲੇਖਕ, ਫਰੈਂਕ ਗਾਰਡਨਰ
    • ਰੋਲ, ਬੀਬੀਸੀ ਸੁਰੱਖਿਆ ਪੱਤਰਕਾਰ

ਗਾਜ਼ਾ ਜੰਗ ਵਿੱਚ ਹਮਾਸ ਆਗੂ ਯਾਹਿਆ ਸਿਨਵਾਰ ਦੀ ਇਜ਼ਰਾਈਲੀ ਹਮਲੇ ਵਿੱਚ ਮੌਤ ਹੋ ਗਈ ਹੈ। ਯਾਹਿਆ ਦੀ ਮੌਤ ਨੂੰ ਇੱਕ ਅਹਿਮ ਮੋੜ ਮੰਨਿਆ ਜਾ ਰਿਹਾ ਹੈ। ਉਹ ਇਜ਼ਰਾਈਲ ਦੀ ਮੋਸਟ ਵਾਂਟਡ ਦੀ ਸੂਚੀ ਵਿੱਚ ਸਨ।

ਇਜ਼ਰਾਈਲ ਮੁਤਾਬਕ ਯਾਹਿਆ ਸਿਨਵਾਰ ਉਸ ਹਮਲੇ ਦੇ ਮੁੱਖ ਸਾਜਿਸ਼ਕਾਰ ਸਨ ਜਿਸ ਵਿੱਚ ਉਸ ਦੇ 1200 ਨਾਗਰਿਕ ਮਾਰੇ ਗਏ ਸਨ ਅਤੇ 251 ਜਣੇ ਬੰਦੀ ਬਣਾ ਲਏ ਗਏ ਸਨ।

ਹਮਾਸ ਆਗੂ ਇਸਮਾਇਲ ਹਾਨੀਏ ਦੀ ਇਰਾਨ ਵਿੱਚ ਜੁਲਾਈ ਵਿੱਚ ਹੱਤਿਆ ਤੋਂ ਬਾਅਦ ਯਾਹਿਆ ਸੰਗਠਨ ਲੀਡਰ ਬਣ ਗਏ ਸਨ। ਉਸ ਤੋਂ ਪਹਿਲਾਂ ਉਹ ਗਾਜ਼ਾ ਪੱਟੀ ਵਿੱਚ ਸੰਗਠਨ ਦੀ ਅਗਵਾਈ ਕਰ ਰਹੇ ਸਨ।

ਯਾਹਿਆ ਸਿਨਵਾਰ

ਤਸਵੀਰ ਸਰੋਤ, Reuters

ਹਮਾਸ ਨੇ ਹਾਲਾਂਕਿ ਅਜੇ ਯਾਹਿਆ ਦੀ ਮੌਤ ਬਾਰੇ ਪ੍ਰਤੀਕਰਮ ਦੇਣਾ ਹੈ। ਲੇਕਿਨ ਇਜ਼ਰਾਈਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਦੱਖਣੀ ਗਾਜ਼ਾ ਦੇ ਸ਼ਹਿਰ ਰਫਾਹ ਵਿੱਚੋਂ ਮਿਲੀ ਲਾਸ਼ ਦੇ ਦੰਦ, ਅਤੇ ਉਂਗਲੀਆਂ ਦੇ ਨਿਸ਼ਾਨਾਂ ਦਾ ਆਪਣੇ ਜੇਲ੍ਹ ਰਿਕਾਰਡ ਨਾਲ ਮਿਲਾਨ ਕਰ ਲਿਆ ਹੈ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਸ ਮੌਤ ਨੇ ਦਰਸਾ ਦਿੱਤਾ ਹੈ ਕਿ ਇਜ਼ਰਾਈਲ “ਕਿਉਂ ਜੰਗ ਨਾ ਖ਼ਤਮ ਕਰਨ ਉੱਤੇ ਅੜਿਆ ਹੋਇਆ” ਸੀ। ਉਨ੍ਹਾਂ ਨੇ ਕਿਹਾ ਕਿ ਰਹਿੰਦੇ ਬੰਦੀਆਂ ਦੀ ਰਿਹਾਈ ਤੱਕ ਲੜਾਈ ਜਾਰੀ ਰਹੇਗੀ।

ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਸਿਨਵਾਰ ਦੀ ਮੌਤ ਨੂੰ ਜੰਗਬੰਦੀ ਸਮਝੌਤੇ ਦੀ ਸਹਿਮਤੀ ਅਤੇ ਬਾਕੀ ਬੰਦੀਆਂ ਦੀ ਰਿਹਾਈ ਲਈ ਰਾਹ ਖੋਲ੍ਹਣ ਦੇ ਮੌਕੇ ਦਾ ਕੰਮ ਕਰਨਾ ਚਾਹੀਦਾ ਹੈ।

ਹਮਾਸ ਆਗੂ ਯਾਹਿਆ ਸਿਨਵਾਰ ਕੌਣ ਸਨ?

ਯਾਹਿਆ ਸਿਨਵਾਰ ਦੇ ਝੰਡੇ ਚੁੱਖ ਕੇ ਪ੍ਰਦਰਸ਼ਨ ਕਰ ਰਹੇ ਲੋਕ

ਤਸਵੀਰ ਸਰੋਤ, Getty Images

ਇਜ਼ਰਾਈਲ ਕਹਿੰਦਾ ਰਿਹਾ ਹੈ ਕਿ ਪਿਛਲੇ ਸਾਲ ਸੱਤ ਅਕਤੂਬਰ ਨੂੰ ਜੋ ਹਮਲਾ ਹਮਾਸ ਨੇ ਇਸਦੇ ਉੱਤਰੀ ਇਲਾਕੇ ਵਿੱਚ ਕੀਤਾ ਸੀ, ਜਿਸ ਵਿੱਚ ਉਸਦੇ 12,00 ਨਾਗਰਿਕ ਮਾਰੇ ਗਏ ਸਨ ਤੇ 251 ਜਣੇ ਹਮਾਸ ਵੱਲੋਂ ਅਗਵਾ ਕਰ ਲਏ ਗਏ ਸਨ। ਯਾਹਿਆ ਸਿਨਵਾਰ ਉਸ ਹਮਲੇ ਦੇ ਮੁੱਖ ਸਾਜਿਸ਼ਕਾਰ ਸਨ।

ਸਿਨਵਾਰ ਉਸ ਤੋਂ ਬਾਅਦ ਹੀ ਰੂਹਪੋਸ਼ ਹੋ ਗਏ ਸਨ।

ਉਸ ਤੋਂ ਬਾਅਦ ਜਸੂਸਾਂ, ਡਰੋਨਾਂ ਅਤੇ ਹੋਰ ਆਧੁਨਿਕ ਹਥਿਆਰਾਂ ਨਾਲ ਲੈਸ ਇਜ਼ਰਾਈਲ ਦੀ ਬੇਸ਼ੁਮਾਰ ਫ਼ੌਜ ਯਾਹਿਆ ਦਾ ਖੁਰਾਖੋਜ ਕੱਢਣ ਵਿੱਚ ਲੱਗੀ ਹੋਈ ਸੀ।

ਇਜ਼ਰਾਈਲੀ ਡਿਫੈਂਸ ਫੋਰਸਜ਼ (ਆਈਡੀਐੱਫ਼) ਦੇ ਬੁਲਾਰੇ ਰੀਅਰ ਐਡਮਿਰਲ ਡੈਨੀਅਲ ਹਾਗਰੀ ਨੇ ਯਾਹਿਆ ਦੀ ਮੌਤ ਤੋਂ ਬਾਅਦ ਕਿਹਾ, “ਕਮਾਂਡਰ ਯਾਹਿਆਨ ਸਿਨਵਾਰ ... ਅਤੇ ਉਹ ਮਰ ਚੁੱਕੇ ਹਨ।”

ਇਹ ਸਮਝਿਆ ਜਾ ਰਿਹਾ ਸੀ ਕਿ ਯਾਹਿਆ ਪਿਛਲੇ ਸਾਲ ਦੇ ਜ਼ਿਆਦਾਤਰ ਸਮੇਂ ਦੌਰਾਨ ਆਪਣੇ ਅੰਗ ਰੱਖਿਅਕਾਂ ਦੇ ਨਾਲ ਗਾਜ਼ਾ ਦੇ ਹੇਠਾਂ ਵਿਛੇ ਸੁਰੰਗਾਂ ਦੇ ਜਾਲ ਵਿੱਚ ਕਿਤੇ ਲੁਕੇ ਹੋਏ ਸਨ।

ਉਨ੍ਹਾਂ ਦੇ ਸਿਗਨਲ ਦੀ ਥਾਂ ਪਤਾ ਨਾ ਲੱਗ ਜਾਵੇ ਉਹ ਬਹੁਤ ਥੋੜ੍ਹੇ ਲੋਕਾਂ ਨਾਲ ਗੱਲ ਕਰਦੇ ਸਨ। ਇਹ ਵੀ ਡਰ ਸੀ ਕਿ ਉਹ ਇਜ਼ਰਾਈਲੀ ਬੰਦੀਆਂ ਨੂੰ ਢਾਲ ਵਜੋਂ ਵਰਤ ਸਕਦੇ ਹਨ।

ਆਈਡੀਐੱਫ਼ ਮੁਤਾਬਕ ਲੇਕਿਨ ਅੰਤ ਵਿੱਚ, ਦੱਖਣੀ ਗਾਜ਼ਾ ਵਿੱਚ ਤੈਨਾਤ ਸੈਨਿਕਾਂ ਨੇ ਸਿਨਵਾਰ ਨੂੰ ਇੱਕ ਅਜਿਹੀ ਇਮਾਰਤ ਵਿੱਚ ਢੇਰ ਕਰ ਦਿੱਤਾ ਜਿੱਥੇ ਬੰਦੀਆਂ ਦੇ ਹੋਣ ਦਾ ਕੋਈ ਸੰਕੇਤ ਨਹੀਂ ਸੀ। ਸਿਨਵਾਰ ਦੀ ਮੌਤ ਦਾ ਐਲਾਨ ਆਈਡੀਐੱਫ਼ ਵੱਲੋਂ ਲਾਸ਼ ਦੀ ਪਛਾਣ ਕਰਨ ਤੋਂ ਬਾਅਦ ਕੀਤਾ ਗਿਆ।

ਪ੍ਰਧਾਨ ਮੰਤਰੀ ਨੇਤਿਨਯਾਹੂ ਨੇ ਕਿਹਾ,“ਘੱਲੂਘਾਰੇ ਤੋਂ ਬਾਅਦ ਜਿਸ ਨੇ ਸਾਡੇ ਲੋਕਾਂ ਦਾ ਸਭ ਤੋਂ ਭਿਆਨਕ ਕਤਲੇਆਮ ਕੀਤਾ, ਮੁੱਖ-ਦਹਿਸ਼ਤਗਰਦ ਜਿਸ ਨੇ ਹਜ਼ਾਰਾਂ ਇਜ਼ਰਾਈਲੀਆਂ ਦਾ ਕਤਲ ਕੀਤਾ ਅਤੇ ਸਾਡੇ ਹਜ਼ਾਰਾਂ ਨਾਗਰਿਕਾਂ ਨੂੰ ਅਗਵਾ ਕੀਤਾ, ਨੂੰ ਅੱਜ ਸਾਡੇ ਬਹਾਦਰ ਸੈਨਿਕਾਂ ਵੱਲੋਂ ਮਾਰ ਦਿੱਤਾ ਗਿਆ।”

ਪਾਲਣ ਪੋਸ਼ਣ ਅਤੇ ਗ੍ਰਿਫ਼ਤਾਰੀਆਂ

ਗਾਜ਼ਾ ਦੀ ਕੰਧ ਉੱਤੇ ਬਣੀ ਹਮਾਸ ਦੇ ਮਰਹੂਮ ਧਾਰਮਿਕ ਆਗੂ ਸ਼ੇਖ ਅਹਿਮਦ ਯਾਸੀਨ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਾਜ਼ਾ ਦੀ ਕੰਧ ਉੱਤੇ ਬਣੀ ਹਮਾਸ ਦੇ ਮਰਹੂਮ ਧਾਰਮਿਕ ਆਗੂ ਸ਼ੇਖ ਅਹਿਮਦ ਯਾਸੀਨ ਦੀ ਤਸਵੀਰ

ਯਾਹਿਆ ਸਿਨਵਾਰ (61) ਨੂੰ ਜ਼ਿਆਦਾਤਰ ਅਬੂ ਇਬਰਾਹਿਮ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਗਾਜ਼ਾ ਪੱਟੀ ਦੇ ਦੱਖਣੀ ਸਿਰੇ ਉੱਤੇ ਖ਼ਾਨ ਯੂਨਿਸ ਰਿਫਿਊਜੀ ਕੈਂਪ ਵਿੱਚ ਹੋਇਆ ਸੀ। ਉਨ੍ਹਾਂ ਦੇ ਮਾਪੇ ਮੂਲ ਰੂਪ ਵਿੱਚ ਅਸ਼ਕੇਲੋਨ ਤੋਂ ਸਨ। ਲੇਕਿਨ ਅਲ-ਨਕਬਾ (ਤਬਾਹੀ) ਦੀ ਘਟਨਾ ਤੋਂ ਬਾਅਦ ਉਹ ਰਿਫਿਊਜੀ ਬਣ ਗਏ ਸਨ।

ਉਨ੍ਹਾਂ ਦੀ ਸਿੱਖਿਆ ਖ਼ਾਨ ਯੂਨਿਸ ਸਕੈਂਡਰੀ ਸਕੂਲ (ਮੁੰਡਿਆਂ) ਵਿੱਚ ਹੀ ਹੋਈ। ਉਨ੍ਹਾਂ ਨੇ ਅਰਬੀ ਵਿੱਚ ਇਸਲਾਮਿਕ ਯੂਨੀਵਰਸਿਟੀ ਆਫ਼ ਗਾਜ਼ਾ ਤੋਂ ਗਰੈਜੂਏਸ਼ਨ ਵੀ ਕੀਤੀ।

ਏਹੁਦ ਯਾਰੀ ਜੋ ਕਿ ਵਾਸ਼ਿੰਗਟਨ ਇੰਸਟੀਚਿਊਟ ਫਾਰ ਨੀਅਰ ਈਸਟ ਪਾਲਿਸੀ ਵਿੱਚ ਇੱਕ ਫੈਲੋ ਹਨ। ਕਹਿੰਦੇ ਹਨ, ਉਸ ਸਮੇਂ ਖ਼ਾਨ ਯੂਨਿਸ ਮੁਸਲਿਮ ਭਾਈਚਾਰੇ ਲਈ ਮਦਦ ਅਤੇ ਸੁਰੱਖਿਆ ਦਾ ਗੜ੍ਹ ਸੀ।

ਸਿਨਵਾਰ ਨੂੰ ਪਹਿਲਾਂ 1982 ਵਿੱਚ 19 ਸਾਲ ਦੀ ਉਮਰ ਵਿੱਚ “ਇਸਲਾਮਿਕ ਗਤੀਵਿਧੀਆਂ” ਲਈ ਅਤੇ ਫਿਰ 1985 ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਸੇ ਦੌਰਾਨ ਉਨ੍ਹਾਂ ਨੇ ਹਮਾਸ ਆਗੂ ਸ਼ੇਖ ਅਹਿਮਦ ਯਾਸੀਨ ਦਾ ਭਰੋਸਾ ਜਿੱਤਿਆ।

ਤੇਲ ਅਵੀਵ ਦੇ ਇੰਸਟੀਚਿਊਟ ਫਾਰ ਨੈਸ਼ਨਲ ਸਕਿਊਰਿਟੀ ਸਟੱਡੀਜ਼ ਵਿੱਚ ਸੀਨੀਅਰ ਖੋਜਾਰਥੀ ਕੋਬੀ ਮਾਈਕਲ ਕਹਿੰਦੇ ਹਨ ਕਿ ਦੋਵੇਂ “ਬਹੁਤ ਬਹੁਤ ਨੇੜੇ” ਆ ਗਏ ਸਨ। ਸੰਗਠਨ ਦੇ ਅਧਿਆਤਮਿਕ ਆਗੂ ਨਾਲ ਇਸ ਨੇੜਤਾ ਨੇ ਸਿਨਵਾਰ ਨੂੰ ਅੱਗੇ ਜਾ ਕੇ ਲਹਿਰ ਵਿੱਚ ਇੱਕ ਹਾਂਮੁਖੀ ਪ੍ਰਭਾਵ ਪੈਦਾ ਕੀਤਾ।

ਦੋ ਸਾਲ ਬਾਅਦ 1987 ਵਿੱਚ ਹਮਾਸ ਦਾ ਗਠਨ ਕੀਤਾ ਗਿਆ। ਯਾਹਿਆ ਨੇ ਮਹਿਜ਼ 25 ਸਾਲ ਦੀ ਉਮਰ ਵਿੱਚ ਹਮਾਸ ਦੀ ਸਭ ਤੋਂ ਭੈਭੀਤ ਕਰਨ ਵਾਲਾ ਅੰਦਰੂਨੀ ਸੁਰੱਖਿਆ ਸੰਗਠਨ— ਅਲ-ਮਾਜਿਦ ਦਾ ਗਠਨ ਕੀਤਾ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਲਮ-ਮਾਜਿਦ ਨੈਤਿਕਤਾ ਦੇ ਅਪਰਾਧੀਆਂ ਨੂੰ ਦੰਡ ਦੇਣ ਲਈ ਬਦਨਾਮ ਹੋ ਗਈ। ਮਾਈਕਲ ਕਹਿੰਦੇ ਹਨ ਕਿ— ਉਹ ਸੈਕਸ ਵੀਡੀਓ ਵਾਲੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਜਿਸ ਉੱਤੇ ਵੀ ਇਜ਼ਰਾਈਲ ਨਾਲ ਸਹਿਯੋਗ ਕਰਨ ਦਾ ਸ਼ੱਕ ਹੁੰਦਾ ਸੀ ਉਸ ਨੂੰ ਮਾਰ ਦਿੰਦੇ ਸਨ।

ਯਾਰੀ ਨੇ ਕਿਹਾ ਕਿ ਯਾਹਿਆ ਇਜ਼ਰਾਈਲ ਨਾਲ ਸਹਿਯੋਗ ਦੇ ਕਈ ਸ਼ੱਕੀਆਂ ਦੀਆਂ “ਬੇਰਹਿਮ ਹੱਤਿਆਵਾਂ” ਲਈ ਜ਼ਿੰਮੇਵਾਰ ਸਨ। “ਕੁਝ ਨੂੰ ਉਨ੍ਹਾਂ ਨੇ ਆਪਣੇ ਹੱਥ ਨਾਲ ਮਾਰਿਆ ਅਤੇ ਉਹ ਇਸ ਬਾਰੇ ਮੇਰੇ ਨਾਲ ਅਤੇ ਹੋਰਾਂ ਨਾਲ ਗੱਲ ਕਰਦੇ ਹੋਏ ਬਹੁਤ ਮਾਣ ਨਾਲ ਦੱਸਦੇ ਸਨ।”

ਇਜ਼ਰਾਈਲੀ ਅਧਿਕਾਰੀਆਂ ਮੁਤਾਬਕ ਯਾਹਿਆ ਨੇ ਇੱਕ ਵਾਰ ਮੰਨਿਆ ਸੀ ਕਿ ਉਨ੍ਹਾਂ ਨੇ ਇੱਕ ਸ਼ੱਕੀ ਜਸੂਸ ਦੇ ਭਰਾ ਨੂੰ ਉਸ ਨੂੰ ਜ਼ਿੰਦਾ ਦਫ਼ਨਾਉਣ ਲਈ ਬੇਲਚੇ ਦੀ ਨਹੀਂ ਚਮਚੇ ਦੀ ਵਰਤੋਂ ਕਰਨ ਲਈ ਕਿਹਾ।

ਯਾਰੀ ਨੇ ਕਿਹਾ, “ਉਹ ਅਜਿਹਾ ਆਦਮੀ ਸੀ ਜੋ ਆਪਣੇ ਆਲੇ-ਦੁਆਲੇ ਪ੍ਰਸ਼ੰਸਕ ਆਪਣੇ ਨਾਲ ਹੀ ਇਕੱਠੇ ਕਰ ਲੈਂਦਾ ਜੋ ਉਸ ਤੋਂ ਡਰਦੇ ਸਨ ਅਤੇ ਉਸ ਨਾਲ ਕੋਈ ਵੀ ਝਗੜਾ ਮੁੱਲ ਲੈਣ ਤੋਂ ਡਰਦੇ ਸਨ।”

ਸਾਲ 1988 ਵਿੱਚ ਸਿਨਵਾਰ ਨੇ ਇਜ਼ਰਾਈਲ ਦੇ ਦੋ ਸੈਨਿਕਾਂ ਨੂੰ ਅਗਵਾ ਕਰਕੇ ਹੱਤਿਆ ਕਰਨ ਦੀ ਗੋਂਦ ਗੁੰਦੀ। ਉਸੇ ਸਾਲ ਉਨ੍ਹਾਂ ਨੂੰ ਇਜ਼ਰਾਈਲ ਵੱਲੋਂ ਗ੍ਰਿਫ਼ਤਾਰ ਕਰਕੇ 12 ਫਲਸਤੀਨੀਆਂ ਦੇ ਕਤਲ ਲਈ ਚਾਰ ਉਮਰ ਕੈਦ ਦੀਆਂ ਸਜ਼ਾਵਾਂ ਸੁਣਾ ਦਿੱਤੀਆਂ ਗਈਆਂ।

ਜੇਲ੍ਹ ਦੇ ਸਾਲ

ਸਾਲ 2017 ਵਿੱਚ ਮਿਸਰ ਦੀ ਸਰਹੱਦ ਉੱਤੇ ਯਾਹਿਆ ਸਿਨਵਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2017 ਵਿੱਚ ਮਿਸਰ ਦੀ ਸਰਹੱਦ ਉੱਤੇ ਯਾਹਿਆ ਸਿਨਵਾਰ

ਯਾਹਿਆ ਸਿਨਵਾਰ ਨੇ ਆਪਣੀ ਬਾਲਗ ਜ਼ਿੰਦਗੀ ਦੇ ਜ਼ਿਆਦਾਤਰ ਦਿਨ 1988 ਤੋਂ 2011 ਦੇ ਦੌਰਾਨ ਕਰੀਬ 22 ਸਾਲ ਇਜ਼ਰਾਈਲ ਦੀਆਂ ਜੇਲ੍ਹਾਂ ਵਿੱਚ ਗੁਜ਼ਾਰੇ ਸਨ।

ਅਜਿਹਾ ਲਗਦਾ ਹੈ ਕਿ ਜੇਲ੍ਹ ਵਿੱਚ ਗੁਜ਼ਾਰੇ ਦਿਨਾਂ ਦੇ ਦੌਰਾਨ, ਕਈ ਵਾਰ ਤਾਂ ਉਨ੍ਹਾਂ ਨੂੰ ਤਨਹਾ ਕੈਦ ਵਿੱਚ ਵੀ ਰੱਖਿਆ ਗਿਆ। ਸ਼ਾਇਦ ਉਨ੍ਹਾਂ ਦਿਨਾਂ ਨੇ ਹੀ ਯਾਹਿਆ ਨੂੰ ਹੋਰ ਜ਼ਿਆਦਾ ਕੱਟੜ ਬਣਾ ਦਿੱਤਾ।

ਏਹੁਦ ਯਾਰੀ ਕਹਿੰਦੇ ਹਨ, ਜੇਲ੍ਹ ਦੇ ਅੰਦਰ ਯਾਹਿਆ, “ਤਾਕਤ ਦੇ ਜ਼ੋਰ ਉੱਤੇ ਆਪਣਾ ਦਬਦਬਾ ਕਾਇਮ ਕਰਨ ਵਿੱਚ ਸਫ਼ਲ ਰਹੇ। ਉਨ੍ਹਾਂ ਨੇ ਕੈਦੀਆਂ ਦੇ ਵਿੱਚ ਖ਼ੁਦ ਨੂੰ ਆਗੂ ਵਜੋਂ ਸਥਾਪਿਤ ਕਰ ਲਿਆ। ਉਹ ਕੈਦੀਆਂ ਵੱਲੋਂ ਜੇਲ੍ਹ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸਨ ਅਤੇ ਉਨ੍ਹਾਂ ਵਿੱਚ ਅਨੁਸ਼ਾਸਨ ਕਾਇਮ ਰੱਖਦੇ ਸਨ।”

ਯਾਹਿਆ ਸਿਨਵਾਰ ਦੇ ਜੇਲ੍ਹੇ ਦੇ ਦਿਨਾਂ ਦਾ ਇਜ਼ਰਾਈਲੀ ਸਰਕਾਰ ਨੇ ਵਿਸ਼ਲੇਸ਼ਣ ਕੀਤਾ ਸੀ। ਉਸ ਵਿੱਚ ਉਨ੍ਹਾਂ ਨੂੰ “ਨਿਰਦਈ, ਦਬਦਬਾ ਕਾਇਮ ਕਰਨ ਵਾਲਾ, ਪ੍ਰਭਾਵਸ਼ਾਲੀ, ਅਸਧਾਰਨ ਸਹਿਣ ਸ਼ਕਤੀ ਵਾਲਾ, ਧੂਰਤ, ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਵਾਲਾ, ਬਹੁਤ ਥੋੜ੍ਹੀਆਂ ਸਹੂਲਤਾਂ ਨਾਲ ਸੰਤੁਸ਼ਟ...ਜੇਲ ਦੇ ਅੰਦਰ ਕੈਦੀਆਂ ਦੀ ਭੀੜ ਰਾਜ਼ ਰੱਖਣ ਵਿੱਚ ਮਾਹਰ... ਅਤੇ ਭੀੜ ਇਕੱਠੀ ਕਰਨ ਦੀ ਸਮਰਥਾ ਵਲਾ” ਦੱਸਿਆ ਗਿਆ ਸੀ।

ਯਾਹਿਆ ਸਿਨਵਾਰ ਨਾਲ ਚਾਰ ਮੁਲਾਕਾਤਾਂ ਤੋਂ ਬਾਅਦ, ਏਹੁਦ ਯਾਰੀ ਨੇ ਉਨ੍ਹਾਂ ਦੇ ਕਿਰਦਾਰ ਦਾ ਜੋ ਮੁਲਾਂਕਣ ਕੀਤਾ ਸੀ ਉਸਦੇ ਮੁਤਾਬਕ ਉਹ ਯਾਹਿਆ ਨੂੰ ਇੱਕ ਮਾਨਸਿਕ ਰੋਗੀ ਮੰਨਦੇ ਹਨ।

ਹਾਲਾਂਕਿ ਉਹ ਇਹ ਵੀ ਕਹਿੰਦੇ ਹਨ, “ਯਾਹਿਆ ਨੂੰ ਸਿਰਫ਼ ਇੱਕ ਮਨੋਰੋਗੀ ਮੰਨ ਲੈਣਾ ਗ਼ਲਤੀ ਹੋਵੇਗੀ ਕਿਉਂਕਿ ਉਦੋਂ ਤੁਸੀਂ ਇੱਕ ਅਜੀਬ ਅਤੇ ਪੇਚੀਦਾ ਇਨਸਾਨ ਦੀ ਅਸਲੀਅਤ ਤੋਂ ਜਾਣੂ ਨਹੀਂ ਹੋ ਸਕੋਂਗੇ।”

ਏਹੁਦ ਯਾਰੀ ਨੇ ਬੀਬੀਸੀ ਨੂੰ ਦੱਸਿਆ, “ਯਾਹਿਆ ਬੇਹੱਦ ਧੂਰਤ ਅਤੇ ਚਲਾਕ ਸਨ। ਉਹ ਐਸੇ ਇਨਸਾਨ ਸਨ ਜਿਨ੍ਹਾਂ ਨੂੰ ਪਤਾ ਸੀ ਕਿ ਦੂਜਿਆਂ ਉੱਤੇ ਕਦੋਂ ਅਤੇ ਕਿਵੇਂ ਜਾਦੂ ਚਲਾ ਕੇ ਸਾਰਿਆਂ ਨੂੰ ਆਪਣੇ ਵੱਸ ਵਿੱਚ ਕਰਨਾ ਹੈ।”

ਜਦੋਂ ਯਾਹਿਆ ਸਿਨਵਾਰ, ਏਹੁਦ ਯਾਰੀ ਨੂੰ ਕਿਹਾ ਕਰਦੇ ਸਨ ਕਿ ਇਜ਼ਰਾਈਲ ਨੂੰ ਤਬਾਹ ਕਰਨਾ ਹੀ ਹੋਵੇਗਾ ਤਾ ਉਹ ਇਸ ਗੱਲ ਉੱਤੇ ਵੀ ਜ਼ੋਰ ਦਿੰਦੇ ਸਨ ਕਿ ਫਲਸਤੀਨ ਵਿੱਚ ਯਹੂਦੀਆਂ ਲਈ ਕੋਈ ਥਾਂ ਨਹੀਂ ਹੈ। ਫਿਰ ਉਹ ਮਜ਼ਾਕ ਵਿੱਚ ਉਨ੍ਹਾਂ ਨੂੰ ਇਹ ਵੀ ਕਹਿੰਦੇ ਸਨ, ਚੰਗਾ ਚਲੋ, “ਸ਼ਾਇਦ ਅਸੀਂ ਅਪਵਾਦ ਵਜੋਂ ਤੁਹਾਨੂੰ ਉੱਥੇ ਥਾਂ ਦੇ ਦੇਵਾਂਗੇ।”

ਏਹੁਦ ਯਾਰੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਰਬੀ ਆਉਂਦੀ ਸੀ ਪਰ ਯਾਹਿਆ ਫਿਰ ਵੀ ਉਨ੍ਹਾਂ ਨਾਲ ਹਿਬਰੂ ਵਿੱਚ ਹੀ ਗੱਲਬਾਤ ਨੂੰ ਤਰਜੀਹ ਦਿੰਦੇ ਸਨ।

ਏਹੁਦ ਦੱਸਦੇ ਹਨ, “ਉਹ ਹਿਬਰੂ ਉੱਤੇ ਆਪਣੀ ਪਕੜ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਸਨ। ਮੈਨੂੰ ਲਗਦਾ ਹੈ ਕਿ ਉਹ ਜੇਲ੍ਹ ਦੇ ਅਧਿਕਾਰੀਆਂ ਨਾਲ ਬਿਹਤਰ ਹਿਬਰੂ ਵਿੱਚ ਗੱਲ ਕਰਕੇ ਫਾਇਦਾ ਚੁੱਕਣਾ ਚਾਹੁੰਦੇ ਸਨ।”

ਜੇਲ੍ਹ ਤੋਂ ਰਿਹਾਈ

ਯਾਹਿਆ ਸਿਨਵਾਰ

ਤਸਵੀਰ ਸਰੋਤ, MOHAMMED ABED/AFP via Getty Images

ਸਾਲ 2011 ਵਿੱਚ ਜਦੋਂ ਕੈਦੀਆਂ ਦੀ ਅਦਲਾ-ਬਦਲੀ ਦਾ ਸਮਝੌਤਾ ਹੋਇਆ ਤਾਂ ਇਜ਼ਰਾਈਲ ਦੇ ਇੱਕ ਸੈਨਿਕ ਗਿਲਾਡ ਸ਼ਲਿਟ ਦੇ ਬਦਲੇ ਇਜ਼ਰਾਈਲ ਨੇ 1027 ਫਲਸਤੀਨੀ ਇਜ਼ਰਾਈਲੀ ਅਰਬ ਕੈਦੀਆਂ ਨੂੰ ਰਿਹਾ ਕੀਤਾ।

ਇਨ੍ਹਾਂ ਕੈਦੀਆਂ ਵਿੱਚ ਯਾਹਿਆ ਸਿਨਵਾਰ ਵੀ ਸ਼ਾਮਲ ਸਨ।

ਗਿਲਾਡ ਸ਼ਲਿਟ ਨੂੰ ਅਗਵਾ ਕਰਨ ਤੋਂ ਬਾਅਦ ਪੰਜ ਸਾਲ ਤੋਂ ਬੰਦੀ ਬਣਾ ਕੇ ਰੱਖਿਆ ਗਿਆ ਸੀ। ਉਸ ਨੂੰ ਅਗਵਾ ਕਰਨ ਵਿੱਚ ਯਾਹਿਆ ਸਿਨਵਾਰ ਦੇ ਭਰਾ ਵੀ ਸ਼ਾਮਲ ਸਨ। ਜੋ ਹਮਾਸ ਦੇ ਸੀਨੀਅਰ ਕਮਾਂਡਰ ਸਨ ਉਸ ਤੋਂ ਬਾਅਦ ਯਾਹਿਆ ਨੇ ਇਜ਼ਰਾਈਲ ਦੇ ਹੋਹ ਸੈਨਿਕਾਂ ਨੂੰ ਅਗਵਾ ਕਰਨ ਦੀ ਅਪੀਲ ਕੀਤੀ ਹੈ।

ਉਸ ਸਮੇਂ ਤੱਕ ਇਜ਼ਰਾਈਲ ਨੇ ਗਾਜ਼ਾ ਪੱਟੀ ਉੱਤੇ ਆਪਣਾ ਕਬਜ਼ਾ ਛੱਡ ਦਿੱਤਾ ਸੀ ਅਤੇ ਗਾਜ਼ਾ ਦੀ ਕਮਾਂਡ ਹਮਾਸ ਦੇ ਹੱਥਾਂ ਵਿੱਚ ਆ ਗਈ ਸੀ।

ਹਮਾਸ ਨੇ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਵਿਰੋਧੀਆਂ ਜਾਣੀ ਯਾਸਿਰ ਅਰਾਫ਼ਾਤ ਅਤੇ ਅਲ-ਫਤਹਿ ਪਾਰਟੀ ਦੇ ਆਗੂਆਂ ਦਾ ਸਫ਼ਾਇਆ ਕਰ ਦਿੱਤਾ ਸੀ। ਅਲ-ਫ਼ਤਹਿ ਦੇ ਕਈ ਆਗੂਆਂ ਨੂੰ ਤਾਂ ਉੱਚੀਆਂ ਇਮਾਰਤਾਂ ਤੋਂ ਥੱਲੇ ਸੁੱਟ ਦਿੱਤਾ ਗਿਆ ਸੀ।

ਮਾਈਕਲ ਦੱਸਦੇ ਹਨ ਕਿ ਜਦੋਂ ਯਾਹਿਆ ਸਿਨਵਾਰ ਗਾਜ਼ਾ ਵਾਪਸ ਆਏ, ਤਾਂ ਉਨ੍ਹਾਂ ਨੂੰ ਫੌਰਨ ਹੀ ਨੇਤਾ ਵਜੋਂ ਸਵੀਕਾਰ ਕਰ ਲਿਆ ਗਿਆ।

ਇਸ ਪਿੱਛੇ ਇੱਕ ਵੱਡਾ ਹੱਥ ਇਸ ਤੱਥ ਦਾ ਵੀ ਸੀ ਕਿ ਉਨ੍ਹਾਂ ਦਾ ਅਕਸ ਹਮਾਸ ਦੇ ਮੋਢੀ ਵਾਲਾ ਸੀ, ਉਨ੍ਹਾਂ ਨੇ ਕਈ ਸਾਲ ਇਜ਼ਰਾਈਲ ਵਿੱਚ ਜੇਲ੍ਹ ਕੱਟੀ ਸੀ।

ਹਾਲਾਂਕਿ ਮਾਈਕਲ ਕਹਿੰਦੇ ਹਨ ਕਿ ਲੋਕ ਉਨ੍ਹਾਂ ਤੋਂ ਡਰਦੇ ਵੀ ਸਨ ਕਿ ਇਹ ਉਹ ਵਿਅਕਤੀ ਹੈ ਜਿਸ ਨੇ ਆਪਣੇ ਹੱਥਾਂ ਨਾਲ ਲੋਕਾਂ ਦਾ ਕਤਲ ਕੀਤਾ ਸੀ।

ਮਾਈਕਲ ਦੇ ਮੁਤਾਬਕ, ਯਾਹਿਆ ਇੱਕੋ ਸਮੇਂ ਬਹੁਤ ਨਿਮਰ ਅਤੇ ਹਮਲਾਵਰ ਹੋਣ ਦੇ ਨਾਲ-ਨਾਲ ਕਰਿਸ਼ਮਾਈ ਵੀ ਸਨ।

ਏਹੁਦ ਯਾਰੀ ਕਹਿੰਦੇ ਹਨ ਕਿ ਉਹ ਬਹੁਤ ਚੰਗੇ ਬੁਲਾਰੇ ਨਹੀਂ ਸਨ। ਜਦੋਂ ਉਹ ਲੋਕਾਂ ਨੂੰ ਸੰਬੋਧਨ ਕਰਦੇ ਸਨ ਤਾਂ ਲਗਦਾ ਸੀ ਕਿ ਭੀੜ ਵਿੱਚੋਂ ਕੋਈ ਜਣਾ ਬੋਲ ਰਿਹਾ ਹੈ।

ਏਹੁਦ ਯਾਰੀ ਦੱਸਦੇ ਹਨ ਕਿ ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਤੁਰੰਤ ਬਾਅਦ ਯਾਹਿਆ ਸਿਨਵਾਰ ਨੇ ਇਜੋਦੀਨ ਅਲ-ਕਸਾਮ ਬ੍ਰਿਗੇਡ ਅਤੇ ਉਸਦੇ ਚੀਫ਼ ਆਫ਼ ਸਟਾਫ਼ ਮਾਰਵਾਨ ਈਸਾ ਦੇ ਨਾਲ ਗਠਜੋੜ ਕਰ ਲਿਆ ਸੀ।

ਖ਼ਾਨ ਯੂਨਿਸ ਦਾ ‘ਕਸਾਈ’

ਯਾਹਿਆ ਸਿਨਵਾਰ ਕਿਸੇ ਇੱਕਠ ਵਿੱਚ ਦੋਵੇਂ ਹੱਥ ਖੜ੍ਹੇ ਕਰਕੇ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਆਪਣੇ ਕਰੂਰ ਅਤੇ ਹਿੰਸਕ ਤੌਰ ਤਰੀਕਿਆਂ ਕਾਰਨ ਸਿਨਵਾਰ ਨੂੰ ਖ਼ਾਨ ਯੂਨਿਸ ਦਾ ਕਸਾਈ ਵੀ ਕਿਹਾ ਜਾਂਦਾ ਸੀ

ਸਾਲ 2013 ਵਿੱਚ ਯਾਹਿਆ ਨੂੰ ਗਾਜ਼ਾ ਪੱਟੀ ਵਿੱਚ ਹਮਾਸ ਦੇ ਸਿਆਸੀ ਬਿਊਰੋ ਦਾ ਮੈਂਬਰ ਚੁਣ ਲਿਆ ਗਿਆ ਅਤੇ 2017 ਵਿੱਚ ਉਹ ਇਸਦੇ ਮੁਖੀ ਬਣ ਗਏ।

ਯਾਹਿਆ ਸਿਨਵਾਰ ਦੇ ਛੋਟੇ ਭਰਾ ਮੁਹੰਮਦ ਵੀ ਹਮਾਸ ਵਿੱਚ ਵੱਡੀ ਭੂਮਿਕਾ ਨਿਭਾਉਣ ਲੱਗੇ ਸਨ। ਕਿਹਾ ਜਾਂਦਾ ਹੈ ਕਿ 2014 ਵਿੱਚ ਮੁਰਦਾ ਐਲਾਨੇ ਜਾਣ ਤੋਂ ਪਹਿਲਾਂ ਮੁਹੰਮਦ, ਕਈ ਵਾਰ ਇਜ਼ਰਾਇਲ ਦੇ ਹੱਥੋਂ ਹੱਤਿਆ ਦੀਆਂ ਕੋਸ਼ਿਸ਼ਾਂ ਤੋਂ ਬਚ ਨਿਕਲੇ ਸਨ।

ਉਸ ਤੋਂ ਬਾਅਦ ਮੀਡੀਆ ਦੀਆਂ ਕਈ ਖ਼ਬਰਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਮੁਹੰਮਦ ਅਜੇ ਵੀ ਜ਼ਿੰਦਾ ਹਨ ਅਤੇ ਉਹ ਹਮਾਸ ਦੀ ਫ਼ੌਜੀ ਸ਼ਾਖਾ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਹੋ ਸਕਦਾ ਹੈ ਕਿ 7 ਅਕਤੂਬਰ ਦੇ ਹਮਲੇ ਵਿੱਚ ਉਨ੍ਹਾਂ ਦੀ ਵੀ ਭੂਮਿਕਾ ਹੋਵੇ।

ਆਪਣੇ ਬੇਰਹਿਮ ਅਤੇ ਹਿੰਸਕ ਤੌਰ-ਤਰੀਕਿਆਂ ਕਰਕੇ ਸਿਨਵਾਰ ਨੂੰ ਖ਼ਾਨ ਯੂਨਿਸ ਦਾ ਕਸਾਈ ਵੀ ਕਿਹਾ ਜਾਂਦਾ ਸੀ।

ਯਾਰੀ ਕਹਿੰਦੇ ਹਨ, “ਉਹ ਅਜਿਹਾ ਬੰਦਾ ਸੀ ਜੋ ਬਰਬਰ ਅਨੁਸ਼ਾਸਨ ਕਾਇਮ ਕਰਦੇ ਸਨ। ਹਮਾਸ ਵਿੱਚ ਲੋਕਾਂ ਨੂੰ ਇਹ ਪਤਾ ਸੀ ਕਿ ਜੇ ਤੁਸੀਂ ਸਿਨਵਾਰ ਦੀ ਹੁਕਮ ਅਦੂਲੀ ਕਰਦੇ ਹੋ ਤਾਂ ਤੁਸੀਂ ਜ਼ਿੰਦਗੀ ਦਾ ਦਾਅ ਲਾਉਂਦੇ ਹੋ।”

ਕਿਹਾ ਜਾਂਦਾ ਹੈ ਕਿ 2015 ਵਿੱਚ ਹਮਾਸ ਦੇ ਕਮਾਂਡਰ ਮਹਿਮੂਦ ਇਸ਼ਤਵੀ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਨੂੰ ਟਾਰਚਰ ਕਰਨ ਅਤੇ ਫਿਰ ਉਨ੍ਹਾਂ ਦੀ ਹੱਤਿਆ ਕਰਨ ਦੇ ਪੁੱਛੇ ਵੀ ਯਾਹਿਆ ਸਿਨਵਾਰ ਦਾ ਹੀ ਹੱਥ ਸੀ। ਮਹਿਮੂਦ ਇਸ਼ਤਵੀ ਉੱਤੇ ਸਮਲਿੰਗੀ ਰਿਸ਼ਤਿਆਂ ਅਤੇ ਪੈਸਿਆਂ ਦੀ ਹੇਰਾ-ਫੇਰੀ ਦਾ ਇਲਜ਼ਾਮ ਸੀ।

ਸਾਲ 2018 ਵਿੱਚ ਜਦੋਂ ਅਮਰੀਕਾ ਨੇ ਇਜ਼ਰਾਈਲ ਵਿੱਚ ਆਪਣੇ ਦੂਤਾਵਾਸ ਨੂੰ ਤੇਲ ਅਵੀਵ ਤੋਂ ਯੇਰੂਸ਼ਲਮ ਲਿਜਾਣ ਦਾ ਫੈਸਲਾ ਕੀਤਾ ਤਾਂ ਕੌਮਾਂਤਰੀ ਮੀਡੀਆ ਨਾਲ ਗੱਲ ਕਰਦੇ ਹੋਏ ਯਾਹਿਆ ਸਿਨਵਾਰ ਨੇ ਕਿਹਾ ਸੀ ਉਹ ਇਸਦੇ ਵਿਰੋਧ ਵਿੱਚ ਹਜ਼ਾਰਾਂ ਫਲਸਤੀਨੀਆਂ ਦੇ ਇਜ਼ਰਾਈਲ ਨਾਲ ਸਰਹੱਦ ਉੱਤੇ ਲੱਗੀਆਂ ਤਾਰਾਂ ਨੂੰ ਤੋੜ ਕੇ ਇਜ਼ਰਾਈਲ ਵਿੱਚ ਵੜਨ ਦੀ ਹਮਾਇਤ ਕਰਦੇ ਹਨ।

ਬਾਅਦ ਵਿੱਚ ਉਸੇ ਸਾਲ ਯਾਹਿਆ ਨੇ ਦਾਅਵਾ ਕੀਤਾ ਕਿ ਪੱਛਮੀ ਕਿਨਾਰੇ ਉੱਤੇ ਹਕੂਮਤ ਕਰਨ ਵਾਲੇ ਹਮਾਸ ਦੇ ਵਿਰੋਧੀ ਫਲਸਤੀਨੀ ਅਥਾਰਿਟੀ ਨੇ ਉਨ੍ਹਾਂ ਦੀ ਹੱਤਿਆ ਦੀ ਸਾਜਿਸ਼ ਰਚੀ ਸੀ, ਲੇਕਿਨ ਉਹ ਬਚ ਨਿਕਲੇ।

ਹਾਲਾਂਕਿ ਕਈ ਯਾਹਿਆ ਨੇ ਕਈ ਵਾਰ ਬਹੁਤ ਅਮਲੀ ਰੁਖ ਅਪਣਾਉਂਦੇ ਹੋਏ, ਇਜ਼ਰਾਈਲ ਨਾਲ ਜੰਗ-ਬੰਦੀ, ਕੈਦੀਆਂ ਦੀ ਅਦਲਾ-ਬਦਲੀ ਅਤੇ ਫਲਸਤੀਨੀ ਅਥਾਰਿਟੀ ਦੇ ਨਾਲ ਮੇਲਜੋਲ ਦੀ ਵੀ ਹਮਾਇਤ ਕੀਤੀ ਸੀ। ਇਸ ਦੇ ਲਈ ਵਿਰੋਧੀਆਂ ਨੇ ਯਾਹਿਆ ਨੂੰ ਕੁਝ ਜ਼ਿਆਦਾ ਹੀ ਨਰਮ ਪੰਥੀ ਦੱਸਦੇ ਹੋਏ ਉਨ੍ਹਾਂ ਦੀ ਆਲੋਚਨਾ ਵੀ ਕੀਤੀ ਸੀ।

ਇਜ਼ਰਾਈਲ ਦੇ ਰੱਖਿਆ ਅਤੇ ਸੁਰੱਖਿਆ ਮੰਤਰਾਲੇ ਦੇ ਲੋਕਾਂ ਦਾ ਮੰਨਣਾ ਕੇ ਕੈਦੀਆਂ ਦੀ ਅਦਲਾ-ਬਦਲੀ ਵਿੱਚ ਸਿਨਾਵਰ ਨੂੰ ਰਿਹਾ ਕਰਨਾ ਇੱਕ ਬਜਰ ਗਲਤੀ ਸੀ।

ਇਸ ਤੋਂ ਇਲਾਵਾ ਯਾਹਿਆ ਸਿਨਵਾਰ ਈਰਾਨ ਦੇ ਕਰੀਬੀ ਸਨ। ਇੱਕ ਸ਼ੀਆ ਦੇਸ ਅਤੇ ਸੁੰਨੀ ਅਰਬ ਸੰਗਠਨ ਦੇ ਦਰਮਿਆਨ ਸਾਂਝੇਦਾਰੀ ਕੋਈ ਆਮ ਗੱਲ ਨਹੀਂ ਹੈ। ਲੇਕਿਨ ਦੋਵਾਂ ਦਾ ਮਕਸਦ ਇੱਕ ਹੀ ਸੀ- ਇੱਕ ਦੇਸ ਵਜੋਂ ਇਜ਼ਰਾਈਲ ਦਾ ਨਾਮ-ਨਿਸ਼ਾਨ ਮਿਟਾਉਣਾ ਅਤੇ ਯਰੂਸ਼ਲਮ ਨੂੰ ਇਜ਼ਰਾਈਲ ਦੇ ਕਬਜ਼ੇ ਵਿੱਚੋਂ ਅਜ਼ਾਦ ਕਰਾਉਣਾ।

ਈਰਾਨ ਅਤੇ ਯਾਹਿਆ ਇੱਕ ਦੂਜੇ ਨਾਲ ਤਾਲਮੇਲ ਵਿੱਚ ਕੰਮ ਕਰਦੇ ਸਨ। ਈਰਾਨ ਹਮਾਸ ਨੂੰ ਪੈਸੇ ਦਿੰਦਾ ਹੈ ਅਤੇ ਉਸਦੇ ਲੜਾਕਿਆਂ ਨੂੰ ਟਰੇਨਿੰਗ ਵੀ। ਤਾਂ ਜੋ ਉਹ ਆਪਣੀ ਫ਼ੌਜੀ ਤਾਕਤ ਨੂੰ ਵਧਾ ਸਕੇ ਅਤੇ ਹਜ਼ਾਰਾਂ ਰਾਕੇਟ ਇਕੱਠੇ ਕਰ ਸਕੇ। ਜਿਨ੍ਹਾਂ ਦੀ ਵਰਤੋਂ ਉਹ ਇਜ਼ਰਾਈਲ ਦੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਲਈ ਕਰਦਾ ਹੈ।

ਸਾਲ 2021 ਵਿੱਚ ਯਾਹਿਆ ਸਿਨਵਾਰ ਨੇ ਮਦਦ ਲਈ ਈਰਾਨ ਦਾ ਧੰਨਵਾਦ ਵੀ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ, "ਜੇ ਈਰਾਨ ਨੇ ਮਦਦ ਨਾ ਕੀਤੀ ਹੁੰਦੀ ਤਾਂ, ਫਲਸਤੀ ਦੀ ਅਜ਼ਾਦੀ ਦੀ ਮੁਹਿੰਮ ਦੇ ਕੋਲ ਇੰਨੀ ਤਾਕਤ ਨਾ ਹੁੰਦੀ ਜਿੰਨੀ ਅੱਜ ਹੈ।"

ਭੂਚਾਲ ਦੇ ਝਟਕੇ ਵਰਗਾ...

ਇਜ਼ਰਾਈਲ ਵਿੱਚ ਸਿਨਵਾਰ ਨੂੰ ਮਾਰਨ ਅਤੇ ਬੰਦੀਆਂ ਦੀ ਘਰ ਵਾਪਸੀ ਦੀ ਮੰਗ ਕਰ ਰਹੇ ਲੋਕ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸਿਨਵਾਰ ਦੀ ਮੌਤ ਨਾਲ ਜੰਗ-ਬੰਦੀ ਦਾ ਸਮਝੌਤਾ ਹੋਰ ਅੱਗੇ ਟਲ ਸਕਦਾ ਹੈ

ਯਾਹਿਆ ਸਿਨਵਾਰ ਦੀ ਮੌਤ ਹਮਾਸ ਲਈ ਧਰਤੀ ਕੰਬਣ ਵਰਗੀ ਘਟਨਾ ਹੈ।

ਜਦੋਂ ਹਮਾਸ ਨੇ ਅਗਸਤ ਵਿੱਚ ਇਸਮਾਇਲ ਹਨੀਏ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਚੁਣਿਆ ਸੀ ਤਾਂ ਇਹ ਇੱਕ ਮਜ਼ਬੂਤ ਫੈਸਲਾ ਸੀ। ਸਿਨਵਾਰ ਵਰਗੇ ਆਦਮੀ ਨੂੰ ਚੁਣਨ ਦਾ ਅਰਥ ਸੀ ਕਿ ਉਹ ਕਿਸੇ ਵੀ ਸੂਰਤ ਵਿੱਚ ਇਜ਼ਰਾਈਲ ਨਾਲ ਸਮਝੌਤਾ ਨਹੀਂ ਕਰਨਗੇ।

ਹਮਾਸ ਨੂੰ ਹੁਣ ਉਹ ਤੈਅ ਕਰਨਾ ਪਵੇਗਾ ਕੀ ਹੁਣ ਅਜਿਹਾ ਸਮਝੌਤਾ ਕਰਨ ਦਾ ਸਮਾਂ ਆ ਗਿਆ ਹੈ, ਜੋ ਗਾਜ਼ਾ ਪੱਟੀ ਨੂੰ ਤਬਾਹ ਕਰਨ ਵਾਲੇ ਸਾਲ ਭਰ ਦੇ ਇਜ਼ਰਾਈਲੀ ਫ਼ੌਜੀ ਮੁਹਿੰਮ ਦਾ ਅੰਤ ਕਰ ਦੇਵੇ।

ਜਾਂ ਇਸਦੇ ਉਲਟ, ਕੀ ਇਸ ਸੰਘਰਸ਼ ਵਿੱਚ ਫਲਸਤੀਨੀਆਂ ਦੀਆਂ ਲਗਾਤਾਰ ਮੌਤਾਂ ਦੇ ਬਾਵਜੂਦ ਹਮਾਸ ਇਜ਼ਰਾਈਲ ਦਾ ਧੀਰਜ ਟੁੱਟਣ ਦੀ ਉਡੀਕ ਕਰੇਗਾ ਤੇ ਲੜਦਾ ਰਹੇਗਾ।

ਅਮਰੀਕੀ ਵਿਦੇਸ਼ ਮੰਤਰੀ ਏਂਟਨੀ ਬਲਿੰਕਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਜੰਗ-ਬੰਦੀ ਸੰਧੀ ਲਗਭਗ 90 ਫੀਸਦੀ ਹੋ ਚੁੱਕੀ ਹੈ।

ਸਿਨਵਾਰ ਦੀ ਹੱਤਿਆ ਉਸ ਸਮਝੌਤੇ ਨੂੰ ਪੂਰਾ ਕਰਨ ਅਤੇ ਇਜ਼ਰਾਈਲ ਦੇ ਬੰਧਕਾਂ ਨੂੰ ਘਰ ਲਿਆਉਣ ਦਾ ਮੌਕਾ ਹੋ ਸਕਦਾ ਹੈ।

ਲੇਕਿਨ ਇੱਕ ਖ਼ਤਰਾ ਵੀ ਹੈ। ਸਿਨਰਵ ਦੀ ਮੌਤ ਨਾਲ ਨਰਾਜ਼ ਹਮਾਸ ਹੁਣ ਕਿਸੇ ਵੀ ਜੰਗ-ਬੰਦੀ ਸਮਝੌਤੇ ਤੋਂ ਹੋਰ ਦੂਰ ਜਾ ਸਕਦਾ ਹੈ।

ਜੋਨ ਕੇਲੀ ਦੇ ਸਹਿਯੋਗ ਨਾਲ

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)