ਇਜ਼ਰਾਈਲ ਨੇ ਈਰਾਨ ਦੇ 'ਫੌਜੀ ਟਿਕਾਣਿਆਂ 'ਤੇ ਮਿਜ਼ਾਇਲਾਂ ਦਾਗ਼ੀਆਂ', ਤਹਿਰਾਨ 'ਚ ਤੇਜ਼ ਧਮਾਕਿਆਂ ਦੀਆਂ ਆਵਾਜ਼ਾਂ

ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਉਹਨਾਂ ਵੱਲੋਂ ‘ਈਰਾਨ ਵਿੱਚ ਫੌਜੀ ਟਿਕਾਣਿਆਂ ’ਤੇ ਸਟੀਕ ਹਮਲੇ ਕੀਤੇ ਜਾ ਰਹੇ ਹਨ’।
ਈਰਾਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।
ਇਜ਼ਰਾਈਲੀ ਫੌਜ ਦਾ ਕਹਿਣਾ ਹੈ, ‘'ਹਰੇਕ ਪ੍ਰਭੂਸੱਤਾ ਸੰਪੰਨ ਮੁਲਕ ਦੇ ਵਾਂਗ ਹੀ ਇਜ਼ਰਾਈਲੀ ਸਟੇਟ ਕੋਲ ਜਵਾਬ ਦੇਣ ਦਾ ਹੱਕ ਹੈ, ਇਹ ਡਿਊਟੀ ਵੀ ਹੈ।’'
ਫੌਜ ਨੇ ਕਿਹਾ, ‘'ਈਰਾਨੀ ਰਾਜ ਅਤੇ ਇਸ ਲਈ ਕੰਮ ਕਰਦੇ ਸੰਗਠਨਾਂ ਵੱਲੋਂ 7 ਅਕਤੂਬਰ 2023 ਤੋਂ ਇਜ਼ਰਾਈਲ ਉੱਤੇ ਬੇਰੋਕ ਹਮਲੇ ਕੀਤੇ ਜਾ ਰਹੇ ਹਨ।’'
ਫੌਜ ਦਾ ਕਹਿਣਾ ਹੈ, “ਸਾਡੀਆਂ ਸੁਰੱਖਿਆ ਅਤੇ ਹਮਲਾਵਰ ਸਮਰੱਥਾਵਾਂ ਪੂਰੀ ਤਰ੍ਹਾਂ ਕੰਮ ਕਰ ਰਹੀਆਂ ਹਨ, ਅਸੀਂ ਇਜ਼ਰਾਈਲੀ ਰਾਸ਼ਟਰ ਅਤੇ ਇਜ਼ਰਾਈਲ ਦੇ ਲੋਕਾਂ ਦੀ ਰੱਖਿਆ ਲਈ ਜੋ ਵੀ ਜ਼ਰੂਰੀ ਹੋਵੇਗਾ, ਉਹ ਕਰਾਂਗੇ।”

ਈਰਾਨ ਨੇ ਕੀ ਕਿਹਾ
ਈਰਾਨ ਦੇ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਰਾਜਧਾਨੀ ਤਹਿਰਾਨ ਵਿੱਚ ਤੇਜ਼ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ।
ਖ਼ਬਰ ਏਜੰਸੀ ਰਾਇਟਰਜ਼ ਨੇ ਈਰਾਨ ਦੇ ਸਰਕਾਰੀ ਟੀਵੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਈਰਾਨ ਦੇ ਇੱਕ ਖ਼ੁਫ਼ੀਆ ਅਧਿਕਾਰੀ ਨੇ ਦੱਸਿਆ ਹੈ ਕਿ ਤੇਜ਼ ਧਮਾਕਿਆਂ ਦੀ ਆਵਾਜ਼ ਈਰਾਨ ਦੇ ਏਅਰ ਡਿਫ਼ੈਂਸ ਸਿਸਟਮ ਦੇ ਐਕਟਿਵ ਹੋਣ ਕਰਕੇ ਹੋ ਸਕਦੀ ਹੈ।
ਹਾਲਾਂਕਿ ਇਹ ਹਾਲੇ ਤੱਕ ਸਾਫ਼ ਨਹੀਂ ਹੈ ਕਿ ਇਜ਼ਰਾਈਲ ਨੇ ਈਰਾਨ ਵਿੱਚ ਕਿਸ ਤਰ੍ਹਾਂ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।
ਖ਼ਬਰ ਏਜੰਸੀ ਏਐੱਫਪੀ ਨੇ ਈਰਾਨ ਦੇ ਸਰਕਾਰੀ ਟੀਵੀ ਚੈਨਲ ਰਾਹੀਂ ਦੱਸਿਆ ਹੈ ਕਿ ਤਹਿਰਾਨ ਦੇ ਦੋ ਏਅਰਪੋਰਟ ‘ਆਮ’ ਵਾਂਗ ਚੱਲ ਰਹੇ ਹਨ।
ਉੱਥੇ ਹੀ ਵ੍ਹਾਈਟ ਹਾਊਸ ਨੇ ਦੱਸਿਆ ਹੈ ਕਿ ਉਸ ਨੂੰ ਇਜ਼ਰਾਈਲ ਦੇ ਈਰਾਨ ਵਿੱਚ ਹਮਲਿਆਂ ਬਾਰੇ ਪਤਾ ਹੈ।
ਅਮਰੀਕਾ ਵਿੱਚ ਬੀਬੀਸੀ ਦੇ ਭਾਈਵਾਲ ਸੀਬੀਐੱਸ ਨੂੰ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਨੇ ਦੱਸਿਆ, “ਅਸੀਂ ਸਮਝਦੇ ਹਾਂ ਕਿ ਇਜ਼ਰਾਈਲ ਈਰਾਨ ਵਿੱਚ ਫੌਜੀ ਟਿਕਾਣਿਆਂ ਦੇ ਖ਼ਿਲਾਫ਼ ਹਮਲੇ ਕਰ ਰਿਹਾ ਹੈ ਜੋ ਕਿ 1 ਅਕਤੂਬਰ ਨੂੰ ਇਜ਼ਰਾਈਲ ਉੱਤੇ ਈਰਾਨ ਦੇ ਬੈਲਿਸਟਿਕ ਮਿਜ਼ਾਇਲ ਹਮਲੇ ਦੇ ਜਵਾਬ ਵਿੱਚ ਕੀਤੀ ਜਾ ਰਹੀ ਆਤਮਰੱਖਿਆ ਦੀ ਕਾਰਵਾਈ ਹੈ।”
ਜਵਾਬੀ ਹਮਲੇ ਦਾ ਖ਼ਦਸ਼ਾ
ਬੀਬੀਸੀ ਦੇ ਮੱਧ ਪੂਰਬ ਦੇ ਸੰਪਾਦਕ ਸਬੈਸਟਿਅਨ ਅਸਰ ਮੁਤਾਬਕ ਸਮਝਿਆ ਜਾ ਰਿਹਾ ਹੈ ਕਿ ਇਹ ਹਮਲੇ ਇੱਕ ਮਹੀਨਾ ਪਹਿਲਾਂ ਈਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਗਏ ਮਿਜ਼ਾਇਲ ਹਮਲਿਆਂ ਦਾ ਜਵਾਬ ਹਨ।
ਈਰਾਨ ਨੇ ਉਸ ਹਮਲੇ ਵਿੱਚ ਇਜ਼ਰਾਈਲ ਉੱਤੇ 200 ਬੈਲਿਸਟਿਕ ਮਿਜ਼ਾਇਲਾਂ ਦਾਗ਼ੀਆਂ ਸਨ।
ਇਜ਼ਰਾਈਲ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਆਪ੍ਰੇਸ਼ਨ ਜਾਰੀ ਹੈ।
ਇਜ਼ਰਾਈਲੀ ਫੌਜ ਦੇ ਬੁਲਾਰੇ ਡੈਨੀਅਲ ਹਗਾਰੀ ਨੇ ਕਿਹਾ ਹੈ ਕਿ ਇਜ਼ਰਾਈਲ ਦਾ ਇਹ “ਅਧਿਕਾਰ ਅਤੇ ਡਿਊਟੀ” ਹੈ ਕਿ ਉਹ ਈਰਾਨ ਦੇ ਹਮਲੇ ਦਾ ਜਵਾਬ ਦੇਵੇ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












