ਰਣਵੀਰ ਇਲਾਹਾਬਾਦੀਆ ਦੀ ਵਿਵਾਦਤ ਟਿੱਪਣੀ ਮਗਰੋਂ ਯੂਟਿਊਬ 'ਤੇ 'ਇੰਡੀਆਜ਼ ਗੌਟ ਲੇਟੈਂਟ' ਸ਼ੋਅ ਦਾ ਐਪੀਸੋਡ ਹੋਇਆ ਬਲੌਕ, ਕੀ ਹੈ ਪੂਰਾ ਵਿਵਾਦ

ਰਣਵੀਰ ਇਲਾਹਾਬਾਦੀਆ

ਤਸਵੀਰ ਸਰੋਤ, FACEBOOK

ਤਸਵੀਰ ਕੈਪਸ਼ਨ, ਸਮਯ ਰੈਨਾ ਦੇ ਸ਼ੋਅ 'ਚ ਰਣਵੀਰ ਇਲਾਹਾਬਾਦੀਆ ਦੀ ਟਿੱਪਣੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ

ਸਮਯ ਰੈਨਾ ਦੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' ਦਾ ਐਪੀਸੋਡ ਜਿਸ 'ਚ ਰਣਵੀਰ ਇਲਾਹਾਬਾਦੀਆ ਨੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਉਸ ਐਪੀਸੋਡ ਨੂੰ ਕੇਂਦਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਯੂਟਿਊਬ 'ਤੇ ਬਲੌਕ ਕਰ ਦਿੱਤਾ ਗਿਆ ਹੈ।

ਇਸ ਟਿੱਪਣੀ ਲਈ ਇਲਾਹਾਬਾਦੀਆ ਦੀ ਕਾਫ਼ੀ ਆਲੋਚਨਾ ਵੀ ਹੋਈ ਸੀ।

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਸੀਨੀਅਰ ਸਲਾਹਕਾਰ ਕੰਚਨ ਗੁਪਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਹ ਜਾਣਕਾਰੀ ਦਿੱਤੀ।

ਕੰਚਨ ਗੁਪਤਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਹੁਕਮਾਂ ਤੋਂ ਬਾਅਦ ਅਜਿਹਾ ਕੀਤਾ ਗਿਆ ਹੈ।

ਰਣਵੀਰ ਇਲਾਹਾਬਾਦੀਆ ਨੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' 'ਚ ਆਏ ਪ੍ਰਤੀਭਾਗੀ ਨੂੰ ਉਸ ਦੇ ਮਾਤਾ-ਪਿਤਾ ਦੇ ਨਿੱਜੀ ਸਬੰਧਾਂ ਨੂੰ ਲੈ ਕੇ ਸਵਾਲ ਕੀਤਾ ਸੀ।

ਇਸ ਗੱਲ ਨੂੰ ਲੈ ਕੇ ਜਦੋਂ ਉਨ੍ਹਾਂ ਦੀ ਆਲੋਚਨਾ ਹੋਣ ਲੱਗੀ ਤਾਂ ਉਨ੍ਹਾਂ ਨੇ ਮੁਆਫੀ ਵੀ ਮੰਗ ਲਈ।

ਰਣਵੀਰ ਇਲਾਹਾਬਾਦੀਆ ਨੇ ਕਿਹਾ ਸੀ, "ਮੇਰੀ ਟਿੱਪਣੀ ਉਚਿਤ ਨਹੀਂ ਸੀ ਅਤੇ ਮਜ਼ਾਕੀਆ ਵੀ ਨਹੀਂ ਸੀ। ਕਾਮੇਡੀ ਮੇਰੀ ਮੁਹਾਰਤ ਨਹੀਂ ਹੈ। ਮੈਂ ਇਸ ਲਈ ਕੋਈ ਸਪੱਸ਼ਟੀਕਰਨ ਨਹੀਂ ਦੇਵਾਂਗਾ। ਮੈਂ ਸਿਰਫ਼ ਸਾਰਿਆਂ ਤੋਂ ਮਾਫ਼ੀ ਮੰਗਣਾ ਚਾਹੁੰਦਾ ਹਾਂ।"

ਜ਼ਿਕਰਯੋਗ ਹੈ ਕਿ ਯੂਟਿਊਬਰ ਅਤੇ ਕਾਮੇਡੀਅਨ ਸਮਯ ਰੈਨਾ ਦੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' ਦੀ ਲੰਘੇ ਦੋ ਦਿਨਾਂ ਤੋਂ ਕਾਫ਼ੀ ਨਿਖੇਧੀ ਹੋ ਰਹੀ ਹੈ।

ਸ਼ੋਅ ਵਿੱਚ ਕੀਤੀ ਗਈ ਰਣਵੀਰ ਇਲਾਹਾਬਾਦੀਆ ਦੀ ਟਿੱਪਣੀ ਨੂੰ ਬੇਹੱਦ ਅਸ਼ਲੀਲ ਅਤੇ ਇਤਰਾਜ਼ਯੋਗ ਦੱਸਿਆ ਜਾ ਰਿਹਾ ਹੈ।

ਸ਼ੋਅ ਵਿੱਚ ਯੂਟਿਊਬਰ ਆਸ਼ੀਸ਼ ਚੰਚਲਾਨੀ ਅਤੇ ਅਪੂਰਵਾ ਮਖੀਜਾ ਵੀ ਨਜ਼ਰ ਆਏ ਸਨ।

ਰਣਵੀਰ ਨੇ ਸ਼ੋਅ 'ਚ ਇੱਕ ਪ੍ਰਤੀਭਾਗੀ 'ਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਨਿੱਜੀ ਸਬੰਧਾਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।

ਮੁੰਬਈ ਪੁਲਿਸ ਨੇ ਵੀ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰ ਲਈ ਹੈ।

ਇਸ ਮਾਮਲੇ ਦੀ ਜਾਂਚ ਲਈ ਮੁੰਬਈ ਪੁਲਿਸ ਦੀ ਇੱਕ ਟੀਮ ਖਾਰ ਸਟੂਡੀਓ ਪਹੁੰਚ ਗਈ ਹੈ, ਜਿੱਥੇ ਸ਼ੋਅ ਦੀ ਸ਼ੂਟਿੰਗ ਕੀਤੀ ਗਈ ਸੀ।

ਬੀਬੀਸੀ ਪੰਜਾਬੀ ਦਾ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਹੁਣ ਰਣਵੀਰ ਇਲਾਹਾਬਾਦੀਆ ਨੇ ਇਸ ਮਾਮਲੇ 'ਤੇ ਮੁਆਫੀ ਮੰਗ ਲਈ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਕਿਹਾ, "ਮੇਰੀ ਟਿੱਪਣੀ ਸਹੀ ਨਹੀਂ ਸੀ ਅਤੇ ਮਜ਼ਾਕੀਆ ਵੀ ਨਹੀਂ ਸੀ।"

"ਕਾਮੇਡੀ ਮੇਰੀ ਮੁਹਾਰਤ ਨਹੀਂ ਹੈ। ਮੈਂ ਇਸ ਲਈ ਕੋਈ ਸਪੱਸ਼ਟੀਕਰਨ ਨਹੀਂ ਦੇਵਾਂਗਾ। ਮੈਂ ਸਿਰਫ਼ ਸਾਰਿਆਂ ਤੋਂ ਮਾਫ਼ੀ ਮੰਗਣਾ ਚਾਹੁੰਦਾ ਹਾਂ। ਜੋ ਹੋਇਆ ਉਹ ਚੰਗਾ ਨਹੀਂ ਸੀ। ਮੈਂ ਪਰਿਵਾਰ ਦਾ ਅਪਮਾਨ ਨਹੀਂ ਕਰਾਂਗਾ। ਮੈਂ ਨਿਰਮਾਤਾਵਾਂ ਨੂੰ ਵਿਵਾਦਤ ਟਿੱਪਣੀ ਨੂੰ ਹਟਾਉਣ ਲਈ ਕਿਹਾ ਹੈ।"

"ਮੈਂ ਗਲਤੀ ਕੀਤੀ ਹੈ। ਇੱਕ ਇਨਸਾਨ ਹੋਣ ਦੇ ਨਾਤੇ, ਸ਼ਾਇਦ ਤੁਸੀਂ ਮੈਨੂੰ ਮਾਫ਼ ਕਰ ਦਿਓਗੇ। ਮੈਨੂੰ ਇਸ ਪਲੇਟਫਾਰਮ ਦੀ ਬਿਹਤਰ ਵਰਤੋਂ ਕਰਨੀ ਚਾਹੀਦੀ ਸੀ। ਇਹ ਮੇਰੇ ਲਈ ਇੱਕ ਸਬਕ ਹੈ ਅਤੇ ਮੈਂ ਬਿਹਤਰ ਬਣਨ ਦੀ ਕੋਸ਼ਿਸ਼ ਕਰਾਂਗਾ।"

ਫਡਨਵੀਸ ਦੀ ਪ੍ਰਤੀਕਿਰਿਆ

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਕਿਹਾ ਕਿ ਜੋ ਵੀ ਕਿਹਾ ਗਿਆ ਹੈ ਉਹ ਬਹੁਤ ਗਲਤ ਹੈ

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਵੀ ਇਸ ਮੁੱਦੇ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਨੇ ਕਿਹਾ, "ਮੈਨੂੰ ਵੀ ਇਸ ਬਾਰੇ ਜਾਣਕਾਰੀ ਮਿਲੀ ਹੈ ਪਰ ਮੈਂ ਅਜੇ ਤੱਕ ਨਹੀਂ ਦੇਖਿਆ ਨਹੀਂ ਕਿ ਇਹ ਹੈ ਕੀ।"

"ਮੈਨੂੰ ਇੰਨਾ ਪਤਾ ਲੱਗਾ ਬਹੁਤ ਹੀ ਗ਼ਲਤ ਢੰਗ ਨਾਲ ਕੁਝ ਕਿਹਾ ਅਤੇ ਪੇਸ਼ ਕੀਤਾ ਗਿਆ ਹੈ। ਜੋ ਕਿਹਾ ਗਿਆ ਉਹ ਬਿਲਕੁਲ ਗਲਤ ਹੈ। ਹਰ ਕਿਸੇ ਨੂੰ ਬੋਲਣ ਦੀ ਆਜ਼ਾਦੀ ਹੈ, ਪਰ ਸਾਡੀ ਇਹ ਆਜ਼ਾਦੀ ਉਦੋਂ ਖ਼ਤਮ ਹੋ ਜਾਂਦੀ ਹੈ ਜਦੋਂ ਅਸੀਂ ਕਿਸੇ ਹੋਰ ਦੀ ਆਜ਼ਾਦੀ ਦੀ ਉਲੰਘਣਾ ਕਰਦੇ ਹਾਂ।"

"ਇਹ ਸਹੀ ਨਹੀਂ ਹੈ। ਸਾਡੇ ਸਮਾਜ ਵਿੱਚ ਕੁਝ ਨਿਯਮ ਬਣਾਏ ਗਏ ਹਨ। ਜੇਕਰ ਕੋਈ ਇਨ੍ਹਾਂ ਨੂੰ ਤੋੜਦਾ ਹੈ ਤਾਂ ਇਹ ਬਹੁਤ ਗਲਤ ਹੈ। ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।"

ਸੀਨੀਅਰ ਪੱਤਰਕਾਰ ਅਤੇ ਗੀਤਕਾਰ ਨੀਲੇਸ਼ ਮਿਸ਼ਰਾ ਨੇ ਰਣਵੀਰ ਇਲਾਹਾਬਾਦੀਆ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ।

ਸੀਨੀਅਰ ਪੱਤਰਕਾਰ ਅਤੇ ਗੀਤਕਾਰ ਨੀਲੇਸ਼ ਮਿਸ਼ਰਾ

ਤਸਵੀਰ ਸਰੋਤ, X/neeleshmisra

ਤਸਵੀਰ ਕੈਪਸ਼ਨ, ਸੀਨੀਅਰ ਪੱਤਰਕਾਰ ਅਤੇ ਗੀਤਕਾਰ ਨੀਲੇਸ਼ ਮਿਸ਼ਰਾ ਨੇ ਰਣਵੀਰ ਇਲਾਹਾਬਾਦੀਆ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ

ਆਪਣੇ ਸੋਸ਼ਲ ਮੀਡੀਆ ਅਕਾਉਂਟ ਐਕਸ 'ਤੇ ਉਨ੍ਹਾਂ ਨੇ ਲਿਖਿਆ, "ਇਸ ਸਮੱਗਰੀ ਨੂੰ ਅਡਲਟ ਕੰਟੈਂਟ ਵਜੋਂ ਵੀ ਵਰਣਨ ਨਹੀਂ ਕੀਤਾ ਗਿਆ ਹੈ।"

"ਯੂਟਿਊਬ ਦਾ ਐਲਗੋਰਿਦਮ ਅਜਿਹਾ ਹੈ ਕਿ ਇੱਕ ਬੱਚਾ ਇਸ ਨੂੰ ਆਸਾਨੀ ਨਾਲ ਦੇਖ ਸਕਦਾ ਹੈ। ਇਨ੍ਹਾਂ ਲੋਕਾਂ ਵਿੱਚ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਹੈ। ਮੈਨੂੰ ਇਹ ਦੇਖ ਕੇ ਕੋਈ ਹੈਰਾਨੀ ਨਹੀਂ ਹੋਈ ਕਿ ਡੈਸਕ 'ਤੇ ਬੈਠੇ ਚਾਰ ਲੋਕ ਅਤੇ ਦਰਸ਼ਕਾਂ 'ਚ ਬੈਠੇ ਬਹੁਤ ਸਾਰੇ ਲੋਕ ਇਸ 'ਤੇ ਹੱਸ ਰਹੇ ਸਨ।"

"ਦਰਸ਼ਕ ਇਨ੍ਹਾਂ ਗੱਲਾਂ ਨੂੰ ਆਮ ਵਾਂਗ ਸਵੀਕਾਰ ਕਰਦੇ ਹਨ ਅਤੇ ਇਸ ਤਰ੍ਹਾਂ ਦੇ ਲੋਕ ਇਸਦਾ ਜਸ਼ਨ ਮਨਾਉਂਦੇ ਹਨ।''

ਅਜਿਹੇ ਸ਼ੋਅ ਦੇ ਨਿਰਮਾਤਾ ਆਮਦਨ ਦੀ ਖ਼ਾਤਰ ਸਭ ਤੋਂ ਹੇਠਲੇ ਪੱਧਰ 'ਤੇ ਝੁਕ ਰਹੇ ਹਨ। ਭਾਰਤੀ ਦਰਸ਼ਕ ਅਤੇ ਪਲੇਟਫਾਰਮ ਇਸ ਨੂੰ ਉਤਸ਼ਾਹਿਤ ਨਹੀਂ ਕਰਦੇ ਹਨ। ਉਹ ਰਚਨਾਤਮਕਤਾ ਦੇ ਨਾਮ 'ਤੇ ਕੁਝ ਵੀ ਕਹਿ ਰਹੇ ਹਨ।"

ਸੰਸਦ ਦੀ ਸਥਾਈ ਕਮੇਟੀ ਅੱਗੇ 'ਸ਼ੋਅ' ਨੂੰ ਲੈ ਕੇ ਜਾਣ ਦੀ ਦਿੱਤੀ ਚੇਤਾਵਨੀ

ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਿਵ ਸੈਨਾ (ਊਧਵ ਠਾਕਰੇ ਧੜੇ) ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਇਸ ਮੁੱਦੇ ਨੂੰ ਸੰਸਦ ਦੀ ਸਥਾਈ ਕਮੇਟੀ ਕੋਲ ਲਿਜਾਣ ਦੀ ਚਿਤਾਵਨੀ ਦਿੱਤੀ ਹੈ

ਇਸ ਦੌਰਾਨ, ਸ਼ਿਵ ਸੈਨਾ (ਊਧਵ ਠਾਕਰੇ ਧੜੇ) ਦੀ ਰਾਜ ਸਭਾ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਚੇਤਾਵਨੀ ਦਿੱਤੀ ਹੈ ਕਿ ਉਹ 'ਇੰਡੀਆਜ਼ ਗੋਟ ਲੇਟੈਂਟ' ਸ਼ੋਅ ਨੂੰ ਆਈਟੀ ਅਤੇ ਸੰਚਾਰ ਬਾਰੇ ਸੰਸਦ ਦੀ ਸਥਾਈ ਕਮੇਟੀ ਕੋਲ ਲੈ ਕੇ ਜਾਵੇਗੀ।

ਉਨ੍ਹਾਂ ਲਿਖਿਆ, "ਕਾਮੇਡੀ ਦੇ ਨਾਂ 'ਤੇ ਜਿਸ ਤਰ੍ਹਾਂ ਦੀਆਂ ਅਸ਼ਲੀਲ ਅਤੇ ਅਪਮਾਨਜਨਕ ਗੱਲਾਂ ਕੀਤੀਆਂ ਜਾਂਦੀਆਂ ਹਨ। ਸਾਨੂੰ ਇੱਕ ਸੀਮਾ ਤੈਅ ਕਰਨੀ ਪਵੇਗੀ ਕਿਉਂਕਿ ਅਜਿਹੇ ਸ਼ੋਅ ਨੌਜਵਾਨਾਂ ਦੇ ਮਨਾਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਅਜਿਹੇ ਸ਼ੋਅ ਪੂਰੀ ਤਰ੍ਹਾਂ ਨਾਲ ਮਾੜਾ ਕੰਟੈਂਟ ਪ੍ਰਦਾਨ ਕਰਦੇ ਹਨ।"

ਕਾਮੇਡੀ 'ਚ ਅਪਸ਼ਬਦਾਂ ਦੀ ਵਰਤੋਂ 'ਤੇ ਜਾਵੇਦ ਅਖਤਰ ਨੇ ਕੀ ਕਿਹਾ?

ਗੀਤਕਾਰ ਜਾਵੇਦ ਅਖਤਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੀਤਕਾਰ ਜਾਵੇਦ ਅਖਤਰ ਦਾ ਮੰਨਣਾ ਹੈ ਕਿ ਭਾਸ਼ਾ ਵਿੱਚ ਤਾਕਤ ਨਾ ਹੋਵੇ ਤਾਂ ਲੋਕ ਗਾਲ੍ਹਾਂ ਕੱਢਦੇ ਹਨ

ਕਵੀ, ਗੀਤਕਾਰ ਅਤੇ ਪਟਕਥਾ ਲੇਖਕ ਜਾਵੇਦ ਅਖਤਰ ਨੇ ਸਪਨ ਵਰਮਾ, ਬਿਸਵਾ ਕਲਿਆਣ ਰਥ, ਸ਼੍ਰੀਜਾ ਚਤੁਰਵੇਦੀ ਦੇ ਸ਼ੋਅ 'ਚਿੱਲ ਸੇਸ਼' ਦੇ ਤੀਜੇ ਐਪੀਸੋਡ 'ਚ ਆਪਣੇ ਸ਼ੋਅ 'ਚ ਸਟੈਂਡ-ਅੱਪ ਕਾਮੇਡੀਅਨਾਂ ਵੱਲੋਂ ਗਾਲ੍ਹਾਂ ਅਤੇ ਅਪਸ਼ਬਦ ਦੀ ਵਰਤੋਂ 'ਤੇ ਕਿਹਾ ਸੀ ਕਿ ਗਾਲ੍ਹਾਂ ਭਾਸ਼ਾ 'ਚ ਮਿਰਚ ਵਾਂਗ ਹੁੰਦੀਆਂ ਹਨ।

ਉਨ੍ਹਾਂ ਕਿਹਾ ਸੀ, ''ਉਡੀਸਾ, ਬਿਹਾਰ, ਮੈਕਸੀਕੋ ਜਾਂ ਦੁਨੀਆ 'ਚ ਕਿਤੇ ਵੀ ਗਰੀਬੀ ਹੈ। ਉਥੇ ਲੋਕ ਮਿਰਚਾਂ ਬਹੁਤ ਖਾਂਦੇ ਹਨ। ਉੱਥੇ ਦਾ ਭੋਜਨ ਨਰਮ ਹੁੰਦਾ ਹੈ, ਇਸ ਲਈ ਸੁਆਦ ਵਧਾਉਣ ਲਈ ਉਹ ਮਿਰਚਾਂ ਖਾਂਦੇ ਹਨ।''

''ਗਾਲੀ-ਗਲੋਚ ਭਾਸ਼ਾ ਦਾ ਮਸਾਲਾ ਹੈ। ਜੇ ਤੁਹਾਡੇ ਮਜ਼ਾਕ ਵਿੱਚ ਕੋਈ ਵਜ਼ਨ ਨਹੀਂ ਹੈ ਤਾਂ ਤੁਸੀਂ ਮਿਰਚਾਂ ਦੀ ਵਰਤੋਂ ਕਰੋਗੇ, ਯਾਨਿ ਗਾਲ੍ਹਾਂ ਦੀ ਵਰਤੋਂ ਕਰੋਗੇ। ਨਹੀਂ ਤਾਂ ਤੁਹਾਨੂੰ ਇਸ ਮਿਰਚ ਦੀ ਲੋੜ ਨਹੀਂ ਪਵੇਗੀ।"

"ਜਦੋਂ ਤੁਹਾਡੀ ਗੱਲਬਾਤ ਫਿੱਕੀ ਹੁੰਦੀ ਹੈ, ਤਾਂ ਤੁਹਾਨੂੰ ਉਸ ਨੂੰ ਊਰਜਾ ਦੇਣ ਲਈ ਗਾਲ੍ਹਾਂ ਦੀ ਵਰਤੋਂ ਕਰਨੀ ਪੈਂਦੀ ਹੈ। ਜਿਹੜਾ ਵਿਅਕਤੀ ਗਾਲ੍ਹਾਂ ਕੱਢਦਾ ਹੈ, ਇਸ ਦਾ ਮਤਲਬ ਹੈ ਕਿ ਉਹ ਆਪਣੀ ਭਾਸ਼ਾ ਦੇ ਸ਼ਬਦਾਂ ਨੂੰ ਨਹੀਂ ਜਾਣਦਾ। ਉਸ ਕੋਲ ਸ਼ਬਦਾਂ ਦੀ ਕਮੀ ਹੈ।"

ਪਹਿਲਾਂ ਵੀ ਵਿਵਾਦਾਂ ਵਿੱਚ ਰਿਹਾ ਹੈ ਸ਼ੋਅ

ਇੰਡੀਆਜ਼ ਗੌਟ ਲੇਟੈਂਟ' ਸ਼ੋਅ ਪਹਿਲੀ ਵਾਰ ਵਿਵਾਦਾਂ ਵਿੱਚ ਨਹੀਂ ਆਇਆ, ਇਸ ਤੋਂ ਪਹਿਲਾਂ ਨੀ ਇਤਰਾਜ਼ਯੋਗ ਟਿੱਪਣੀਆਂ ਲਈ ਵਿਵਾਦਾਂ ਵਿੱਚ ਰਹਿ ਚੁੱਕਿਆ ਹੈ।

ਕਾਮੇਡੀਅਨ ਜੇਸੀ ਨਬਾਮ ਨੇ 'ਇੰਡੀਆਜ਼ ਗੌਟ ਲੇਟੈਂਟ' ਸ਼ੋਅ ਵਿੱਚ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਵੱਲੋਂ ਕੁੱਤੇ ਦਾ ਮਾਸ ਖਾਣ ਬਾਰੇ ਟਿੱਪਣੀ ਕੀਤੀ ਸੀ। ਇਸ ਉੱਤੇ ਵਿਵਾਦ ਖੜ੍ਹਾ ਹੋ ਗਿਆ ਸੀ।

ਇਨ੍ਹਾਂ ਟਿੱਪਣੀਆਂ ਉੱਤੇ ਕਾਰਵਾਈ ਦੀ ਮੰਗ ਕਰਦੇ ਹੋਏ 31 ਜਨਵਰੀ 2025 ਨੂੰ ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਜ਼ਿਲ੍ਹੇ ਦੇ ਸੇਪਾ ਨਿਵਾਸੀ ਅਰਮਾਨ ਰਾਮ ਵੇਲੀ ਬਖਾ ਨੇ ਈਟਾਨਗਰ ਵਿੱਚ ਐਫਆਈਆਰ ਦਰਜ ਕਰਵਾਈ ਸੀ।

ਇਸ ਤੋਂ ਇਲਾਵਾ ਇੱਕ ਹੋਰ ਪ੍ਰੋਗਰਾਮ ਵਿੱਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਪ੍ਰੈਗਨੈਂਸੀ ਅਤੇ ਡਿਪ੍ਰੈਸ਼ਨ ਦਾ ਮਜ਼ਾਕ ਬਣਾਇਆ ਗਿਆ ਸੀ। ਇਸ ਤੋਂ ਬਾਅਦ ਸਮਯ ਰੈਣਾ ਨੂੰ ਸੋਸ਼ਲ ਮੀਡੀਆ ਉੱਤੇ ਟ੍ਰੋਲ ਕੀਤਾ ਗਿਆ ਸੀ।

ਕੌਣ ਹੈ ਰਣਵੀਰ ਇਲਾਹਾਬਾਦੀਆ

ਰਣਵੀਰ ਇਲਾਹਾਬਾਦੀਆ

ਤਸਵੀਰ ਸਰੋਤ, @BeerBicepsGuy

ਤਸਵੀਰ ਕੈਪਸ਼ਨ, ਰਣਵੀਰ ਇਲਾਹਾਬਾਦੀਆ ਯੂਟਿਊਬ 'ਤੇ ਕਾਫੀ ਮਸ਼ਹੂਰ ਹਨ

ਰਣਵੀਰ ਇਲਾਹਾਬਾਦੀਆ ਇੱਕ ਯੂਟਿਊਬਰ ਹਨ। ਉਹ 'ਬੀਅਰਬਾਈਸੈਪਸ' ਦੇ ਨਾਮ ਉੱਤੇ ਸ਼ੋਅ ਚਲਾਉਂਦੇ ਹਨ। ਇਸ ਸ਼ੋਅ ਵਿੱਚ ਉਹ ਦੇਸ਼ ਦੀਆਂ ਕਈ ਨਾਮੀ ਹਸਤੀਆਂ ਦਾ ਇੰਟਰਵਿਊ ਕਰ ਚੁੱਕੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਣਵੀਰ ਨੂੰ ਨੈਸ਼ਨਲ ਕ੍ਰਿਏਟਰ ਐਵਾਰਡ ਨਾਲ ਮਾਰਚ 2024 ਵਿੱਚ ਸਨਮਾਨਿਤ ਕੀਤਾ ਗਿਆ ਸੀ।

ਰਣਵੀਰ ਨੇ 22 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਯੂਟਿਊਬ ਚੈਨਲ ਖੋਲ੍ਹਆ ਸੀ। ਹੁਣ ਉਹ 7 ਚੈਨਲ ਚਲਾ ਰਹੇ ਹਨ। ਰਣਵੀਰ ਦੇ ਇੱਕ ਕਰੋੜ ਤੋਂ ਵੱਧ ਸਬਸਕਰਾਈਬਰ ਹਨ।

ਕੌਣ ਹਨ ਸਮਯ ਰੈਣਾ

ਸਮਯ ਰੈਨਾ

ਤਸਵੀਰ ਸਰੋਤ, @ReheSamay

ਤਸਵੀਰ ਕੈਪਸ਼ਨ, ਸਮਯ ਰੈਨਾ ਦੇ ਸੋਸ਼ਲ ਮੀਡੀਆ 'ਤੇ ਫਾਲੋਅਰਜ਼ ਦੀ ਗਿਣਤੀ ਲੱਖਾਂ 'ਚ ਹੈ

ਸਮਯ ਰੈਣਾ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਸਟੈਂਡਅਪ ਕਾਮੇਡੀਅਨ ਹਨ। ਉਹ ਯੂਟਿਊਬ ਉੱਤੇ 'ਇੰਡੀਆਜ਼ ਗੌਟ ਲੇਟੈਂਟ' ਨਾਮ ਦਾ ਸ਼ੋਅ ਚਲਾਉਂਦੇ ਹਨ।

ਮੂਲ ਰੂਪ ਤੋਂ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਸਮਯ ਰੈਣਾ ਦੇ ਯੂਟਿਊਬ ਉੱਤੇ 70 ਲੱਖ ਤੋਂ ਵੱਧ ਫੌਲੋਅਰਜ਼ ਹਨ।

ਸਮਯ ਰੈਣਾ ਦੀ ਕਮਾਈ ਕਰੋੜਾਂ ਵਿੱਚ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)