ਕੌਣ ਹਨ ਭਾਰਤੀ ਮੂਲ ਦੇ ਕਾਸ਼ ਪਟੇਲ ਜੋ ਹੁਣ ਐੱਫ਼ਬੀਆਈ ਦੇ ਡਾਇਰੈਕਟਰ ਬਣੇ ਹਨ

ਤਸਵੀਰ ਸਰੋਤ, Getty Images
- ਲੇਖਕ, ਅਭਿਨਵ ਗੋਇਲ
- ਰੋਲ, ਬੀਬੀਸੀ ਪੱਤਰਕਾਰ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤੀ ਮੂਲ ਦੇ ਕਸ਼ਯਪ ਉਰਫ਼ ਕਾਸ਼ ਪਟੇਲ ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਯਾਨਿ ਐੱਫ਼ਬੀਆਈ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ।
ਕਾਸ਼ ਪਟੇਲ ਨੇ ਇਸ ਨਿਯੁਕਤੀ ਲਈ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਨੇ ਐਕਸ 'ਤੇ ਲਿਖਿਆ, ''ਮੈਂ ਐੱਫ਼ਬੀਆਈ ਦਾ ਨੌਵਾਂ ਡਾਇਰੈਕਟਰ ਬਣ ਕੇ ਬੇਹੱਦ ਮਾਣ ਮਹਿਸੂਸ ਕਰ ਰਿਹਾ ਹਾਂ। "ਮੈਂ ਰਾਸ਼ਟਰਪਤੀ ਟਰੰਪ ਅਤੇ ਅਟਾਰਨੀ ਜਨਰਲ ਬੌਡੀ ਦਾ ਮੇਰੇ 'ਤੇ ਭਰੋਸੇ ਲਈ ਧੰਨਵਾਦ ਕਰਦਾ ਹਾਂ।"
ਕਾਂਗਰਸ ਦੇ ਉਪਰਲੇ ਸਦਨ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਨਾਮਜ਼ਦ ਉਮੀਦਵਾਰ ਕਾਸ਼ ਪਟਲੇ ਨੂੰ 51-49 ਦੇ ਫ਼ਰਕ ਨਾਲ ਮਨਜ਼ੂਰੀ ਦਿੱਤੀ।
ਡੈਮੋਕ੍ਰੇਟਿਕ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੇ ਕਾਸ਼ ਪਟੇਲ ਦੀ ਨਿਯੁਕਤੀ ਦੇ ਖ਼ਿਲਾਫ਼ ਵੋਟ ਕੀਤਾ ਅਤੇ ਰਿਪਬਲਿਕਨ ਪਾਰਟੀ ਦੇ ਦੋ ਸੰਸਦ ਮੈਂਬਰਾਂ ਸੂਜ਼ਨ ਕੋਲਿਨਸ ਅਤੇ ਲੀਜ਼ਾ ਮੁਰਕੋਵਸਕੀ ਨੇ ਵੀ ਉਨ੍ਹਾਂ ਦੇ ਹੱਕ ਵਿੱਚ ਵੋਟ ਨਹੀਂ ਕੀਤਾ।

ਕਾਸ਼ ਪਟੇਲ ਰਾਸ਼ਟਰਪਤੀ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਨਾਲ ਕੰਮ ਕਰ ਚੁੱਕੇ ਹਨ।
44 ਸਾਲਾ ਕਾਸ਼ ਪਟੇਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਵਕੀਲ ਵਜੋਂ ਕੀਤੀ ਸੀ। ਉਹ ਕਤਲ, ਨਸ਼ਿਆਂ ਅਤੇ ਗੁੰਝਲਦਾਰ ਵਿੱਤੀ ਅਪਰਾਧਾਂ ਵਰਗੇ ਕਈ ਮਾਮਲਿਆਂ ਦੀ ਅਦਾਲਤਾਂ ਵਿੱਚ ਪੈਰਵੀ ਕਰ ਚੁੱਕੇ ਹਨ।
ਅਮਰੀਕੀ ਰੱਖਿਆ ਮੰਤਰਾਲੇ ਮੁਤਾਬਕ ਕਾਸ਼ ਪਟੇਲ ਅਮਰੀਕਾ ਦੇ ਕਾਰਜਕਾਰੀ ਰੱਖਿਆ ਸਕੱਤਰ ਕ੍ਰਿਸਟੋਫਰ ਮਿਲਰ ਦੇ ਚੀਫ਼ ਆਫ਼ ਸਟਾਫ ਵਜੋਂ ਕੰਮ ਕਰ ਚੁੱਕੇ ਹਨ।
ਉਹ ਰਾਸ਼ਟਰੀ ਸੁਰੱਖਿਆ ਪਰਿਸ਼ਦ ਵਿੱਚ ਰਾਸ਼ਟਰਪਤੀ ਦੇ ਉਪ ਸਹਾਇਕ ਅਤੇ ਅੱਤਵਾਦ ਰੋਕੂ ਵਿਭਾਗ ਦੇ ਸੀਨੀਅਰ ਨਿਰਦੇਸ਼ਕ ਰਹਿ ਚੁੱਕੇ ਹਨ।

ਤਸਵੀਰ ਸਰੋਤ, Getty Images/BBC
ਕੌਣ ਹਨ ਕਾਸ਼ ਪਟੇਲ?
44 ਸਾਲਾ ਕਾਸ਼ ਪਟੇਲ ਨੂੰ ਡੌਨਲਡ ਟਰੰਪ ਦੇ ਸਭ ਤੋਂ ਵਫ਼ਾਦਾਰ ਲੋਕਾਂ ਵਿੱਚੋਂ ਗਿਣਿਆ ਜਾਂਦਾ ਹੈ।
ਕਾਸ਼ ਪਟੇਲ ਦੇ ਕਾਰਜਕਾਲ ਦੌਰਾਨ, ਆਈਐੱਸਆਈਐੱਸ ਮੁਖੀ ਅਲ ਬਗ਼ਦਾਦੀ ਅਤੇ ਅਲਕਾਇਦਾ ਦੇ ਕਾਸਿਮ ਅਲ ਰਿਮੀ ਮਾਰਨ ਤੋਂ ਇਲਾਵਾ ਅਮਰੀਕੀ ਬੰਧਕਾਂ ਦੀ ਸੁਰੱਖਿਅਤ ਵਾਪਸੀ ਹੋਈ ਸੀ।
ਕਾਸ਼ ਪਟੇਲ ਨੈਸ਼ਨਲ ਇੰਟੈਲੀਜੈਂਸ ਦੇ ਐਕਟਿੰਗ ਡਾਇਰੈਕਟਰ ਦੇ ਪ੍ਰਿੰਸੀਪਲ ਡਿਪਟੀ ਵੀ ਸਨ। ਇਸ ਭੂਮਿਕਾ ਵਿੱਚ ਉਨ੍ਹਾਂ ਨੇ 17 ਖੁਫ਼ੀਆ ਏਜੰਸੀਆਂ ਦੇ ਸੰਚਾਲਨ ਦੀ ਨਿਗਰਾਨੀ ਕੀਤੀ ਅਤੇ ਰਾਸ਼ਟਰਪਤੀ ਨੂੰ ਰੋਜ਼ਾਨਾ ਬ੍ਰੀਫਿੰਗ ਦਿੱਤੀ।

ਤਸਵੀਰ ਸਰੋਤ, Getty Images
ਰਾਸ਼ਟਰੀ ਸੁਰੱਖਿਆ ਪਰਿਸ਼ਦ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਪਟੇਲ ਨੇ ਖ਼ੁਫ਼ੀਆ ਵਿਭਾਗ ਦੀ ਸਥਾਈ ਚੋਣ ਕਮੇਟੀ ਲਈ ਸੀਨੀਅਰ ਸਲਾਹਕਾਰ ਵਜੋਂ ਕੰਮ ਕੀਤਾ ਸੀ।
ਇੱਥੇ ਉਨ੍ਹਾਂ ਨੇ 2016 ਵਿੱਚ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕਥਿਤ ਰੂਸੀ ਮੁਹਿੰਮ ਦੀ ਜਾਂਚ ਦੀ ਅਗਵਾਈ ਕੀਤੀ।
ਕਾਸ਼ ਪਟੇਲ ਨੇ ਇੰਟੈਲੀਜੈਂਸ ਕਮਿਊਨਿਟੀ ਅਤੇ ਯੂਐੱਸ ਸਪੈਸ਼ਲ ਆਪ੍ਰੇਸ਼ਨ ਫੋਰਸ ਲਈ ਸੰਵੇਦਨਸ਼ੀਲ ਪ੍ਰੋਗਰਾਮਾਂ ਦੀ ਦੇਖਰੇਖ ਕੀਤੀ ਹੈ।
ਉਨ੍ਹਾਂ ਨੇ ਦੁਨੀਆਂ ਭਰ ਵਿੱਚ ਇੰਟੈਲੀਜੈਂਸ ਅਤੇ ਕਾਉਂਟਰ ਟੈਰੇਰਿਜ਼ਮ ਨੂੰ ਅਰਬਾਂ ਡਾਲਰ ਫੰਡ ਕਰਨ ਵਾਲੇ ਕਾਨੂੰਨ ਨੂੰ ਬਣਾਉਣ ਵਿੱਚ ਵੀ ਮਦਦ ਕੀਤੀ ਸੀ।
ਖ਼ੁਫ਼ੀਆ ਵਿਭਾਗ ਦੀ ਸਥਾਈ ਚੋਣ ਕਮੇਟੀ ਲਈ ਕੰਮ ਕਰਨ ਤੋਂ ਪਹਿਲਾਂ, ਪਟੇਲ ਅਮਰੀਕੀ ਨਿਆਂ ਵਿਭਾਗ ਵਿੱਚ ਵਕੀਲ ਵਜੋਂ ਕੰਮ ਕਰਦੇ ਸਨ।

ਤਸਵੀਰ ਸਰੋਤ, DEFENSE.GOV
ਕਾਸ਼ ਪਟੇਲ ਦੀ ਨਿੱਜੀ ਜ਼ਿੰਦਗੀ
ਕਾਸ਼ ਪਟੇਲ ਇੱਕ ਭਾਰਤੀ ਪਰਵਾਸੀ ਦੇ ਪੁੱਤਰ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਦਾ ਜਨਮ ਇੱਕ ਗੁਜਰਾਤੀ ਪਰਿਵਾਰ ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਇੱਕ ਅਮਰੀਕੀ ਏਵੀਏਸ਼ਨ ਕੰਪਨੀ ਵਿੱਚ ਕੰਮ ਕਰਦੇ ਸਨ।
ਅਮਰੀਕੀ ਰੱਖਿਆ ਵਿਭਾਗ ਮੁਤਾਬਕ ਪਟੇਲ ਨਿਊਯਾਰਕ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਰਿਚਮੰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਇਸ ਤੋਂ ਬਾਅਦ ਨਿਊਯਾਰਕ ਵਾਪਸ ਆ ਕੇ ਕਾਨੂੰਨ ਦੀ ਡਿਗਰੀ ਹਾਸਲ ਕੀਤੀ।
ਉਨ੍ਹਾਂ ਨੇ ਕੌਮਾਂਤਰੀ ਕਾਨੂੰਨ ਵਿੱਚ ਬ੍ਰਿਟੇਨ ਦੀ ਯੂਨੀਵਰਸਿਟੀ ਕਾਲਜ ਲੰਡਨ ਤੋਂ ਸਰਟੀਫਿਕੇਟ ਵੀ ਲਿਆ ਹੈ। ਉਨ੍ਹਾਂ ਨੂੰ ਆਈਸ ਹਾਕੀ ਖੇਡਣਾ ਬੇਹੱਦ ਪਸੰਦ ਹੈ।
ਕਾਸ਼ ਪਟੇਲ ਤ੍ਰਿਸ਼ੂਲ ਨਾਮ ਦੀ ਕੰਪਨੀ ਚਲਾਉਂਦੇ ਹਨ। ਸਾਲ 2023 ਵਿੱਚ ਇਸ ਕੰਪਨੀ ਨੇ ਟਰੰਪ ਦੀ ਵੈੱਬਸਾਈਟ ਟਰੁੱਥ ਸੋਸ਼ਲ ਤੋਂ ਕਰੀਬ ਇੱਕ ਕਰੋੜ ਰੁਪਏ ਕੰਸਲਟਿੰਗ ਫੀਸ ਵਜੋਂ ਲਏ ਸਨ।
ਤ੍ਰਿਸ਼ੂਲ ਨੇ ਟਰੰਪ ਸਮਰਥਕ ਸੇਵ ਅਮਰੀਕਾ ਯੂਨਿਟ ਦੀ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ ਅਤੇ ਪਿਛਲੇ ਦੋ ਸਾਲਾਂ ਵਿੱਚ ਇੱਥੋਂ ਵੀ ਇੱਕ ਕਰੋੜ ਰੁਪਏ ਤੋਂ ਵੱਧ ਲਏ ਹਨ।
ਆਪਣੀ ਕਿਤਾਬ ʻਗਵਰਨਮੈਂਟ ਗੈਂਗਸਟਰʼ ਵਿੱਚ ਕਾਸ਼ ਪਟੇਲ ਲਿਖਦੇ ਹਨ ਕਿ ਉਨ੍ਹਾਂ ਦਾ ਪਾਲਣ-ਪੋਸ਼ਣ ਅਮਰੀਕਾ ਦੇ ਕਵੀਂਸ ਅਤੇ ਲੌਂਗਸ ਆਈਲੈਂਡ ਵਿੱਚ ਹੋਇਆ।

ਤਸਵੀਰ ਸਰੋਤ, Getty Images
ਉਹ ਲਿਖਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਬਹੁਤੇ ਅਮੀਰ ਨਹੀਂ ਸਨ। ਉਹ ਭਾਰਤ ਤੋਂ ਆਏ ਸਨ ਅਤੇ ਬਚਪਨ ਵਿੱਚ ਡਿਜ਼ਨੀ ਵਰਲਡ ਜਾਣਾ ਉਨ੍ਹਾਂ ਨੂੰ ਅੱਜ ਵੀ ਯਾਦ ਹੈ।
ਉਹ ਲਿਖਦੇ ਹਨ, "ਬਹੁਤ ਸਾਰੇ ਮਾਪਿਆਂ ਵਾਂਗ ਮੇਰੀ ਮਾਂ ਅਤੇ ਪਿਤਾ ਨੇ ਵੀ ਮੈਨੂੰ ਪੜ੍ਹਾਈ ʼਤੇ ਧਿਆਨ ਦੇਣ ਅਤੇ ਆਪਣੇ ਧਰਮ ਤੇ ਵਿਰਾਸਤ ਨੂੰ ਲੈ ਕੇ ਸੁਚੇਤ ਰਹਿਣ ਨੂੰ ਕਿਹਾ। ਇਹੀ ਕਾਰਨ ਹੈ ਕਿ ਭਾਰਤ ਨਾਲ ਮੇਰਾ ਬਹੁਤ ਡੂੰਘਾ ਰਿਸ਼ਤਾ ਰਿਹਾ ਹੈ।"
ਕਾਸ਼ ਲਿਖਦੇ ਹਨ, "ਜਿਵੇਂ ਕਿ ਮੇਰਾ ਪਾਲਣ-ਪੋਸ਼ਣ ਹਿੰਦੂ ਪਰਿਵਾਰ ਵਿੱਚ ਹੋਇਆ, ਇਸ ਲਈ ਮੇਰਾ ਪਰਿਵਾਰ ਮੰਦਿਰ ਜਾਂਦਾ ਸੀ ਅਤੇ ਘਰ ਵਿੱਚ ਬਣੇ ਮੰਦਿਰ ਵਿੱਚ ਪੂਜਾ ਕਰਦਾ ਸੀ।"
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦੀਵਾਲੀ ਅਤੇ ਨਰਾਤੇ ਬਹੁਤ ਚੰਗੀ ਤਰ੍ਹਾਂ ਮਨਾਉਂਦੇ ਹਨ।
ਉਹ ਲਿਖਦੇ ਹਨ, "ਬਚਪਨ ਵਿੱਚ ਮੈਨੂੰ ਵਿਆਹਾਂ ʼਤੇ ਜਾਣਾ ਬਹੁਤ ਯਾਦ ਹੈ, ਜੋ ਦੂਜੀਆਂ ਪਾਰਟੀਆਂ ਤੋਂ ਵੱਖਰੇ ਹੁੰਦੇ ਸਨ। ਉੱਥੇ ਇੱਕ ਹਫ਼ਤੇ ਤੱਕ 500 ਲੋਕਾਂ ਨਾਲ ਜਸ਼ਨ ਮਨਾਉਣਾ ਇੱਕ ਛੋਟੀ ਜਿਹੀ ਗੱਲ ਸਮਝੀ ਜਾਂਦੀ ਸੀ।"
ਕਾਸ਼ ਲਿਖਦੇ ਹਨ, "ਮਾਂ ਘਰ ਵਿੱਚ ਮੀਟ ਨਹੀਂ ਲਿਆਉਣ ਦਿੰਦੇ ਸਨ ਅਤੇ ਸ਼ਾਕਾਹਾਰੀ ਭੋਜਨ ਪਰੋਸਿਆ ਜਾਂਦਾ ਸੀ, ਜਿਸ ਕਾਰਨ ਮੈਨੂੰ ਅਤੇ ਮੇਰੇ ਪਿਤਾ ਨੂੰ ਕਈ ਵਾਰ ਖਾਣਾ ਖਾਣ ਲਈ ਬਾਹਰ ਜਾਣਾ ਪੈਂਦਾ ਸੀ।"
ਕਾਸ਼ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਬਟਰ ਚਿਕਨ ਖਾਣਾ ਚਾਹੁੰਦਾ ਸੀ ਤਾਂ ਉਹ ਬਾਹਰ ਜਾਂਦੇ ਸਨ ਪਰ ਇਸ ਗੱਲ ਦਾ ਪਤਾ ਉਨ੍ਹਾਂ ਦੀ ਮਾਂ ਨੂੰ ਲੱਗ ਜਾਂਦਾ ਸੀ।

ਤਸਵੀਰ ਸਰੋਤ, THEKASHFOUNDATION
ਕਾਸ਼ ਫਾਊਂਡੇਸ਼ਨ
ਕਾਸ਼ ਪਟੇਲ ਕਾਸ਼ ਫਾਊਂਡੇਸ਼ਨ ਨਾਮ ਦੀ ਇੱਕ ਐੱਨਜੀਓ ਵੀ ਚਲਾਉਂਦੇ ਹਨ। ਇਹ ਐੱਨਜੀਓ ਫੌਜੀ ਕਰਮਚਾਰੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਿੱਤੀ ਮਦਦ ਪ੍ਰਦਾਨ ਕਰਦੀ ਹੈ।
ਇਹ ਐੱਨਜੀਓ ਅਮਰੀਕੀ ਬੱਚਿਆਂ ਦੀ ਪੜ੍ਹਾਈ ਲਈ ਵਜ਼ੀਫ਼ੇ 'ਤੇ ਅਤੇ ਵ੍ਹਿਸਲਬਲੋਅਰਜ਼ ਦੀ ਮਦਦ ਲਈ ਪੈਸੇ ਖਰਚ ਕਰਦੀ ਹੈ।
ਇਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਸੀ ਕਿ ਇਹ ਐੱਨਜੀਓ ਉਨ੍ਹਾਂ ਲੋਕਾਂ ਦੀ ਵੀ ਮਦਦ ਕਰ ਰਹੀ ਹੈ, ਜਿਨ੍ਹਾਂ 'ਤੇ ਸਾਲ 2021 'ਚ ਕੈਪੀਟਲ ਹਿੱਲ 'ਚ ਹੋਏ ਦੰਗਿਆਂ ਦਾ ਇਲਜ਼ਾਮ ਹੈ।
ਨਵੰਬਰ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਉਲਟਾਉਣ ਦੀ ਹਾਕ ਮਾਰਦੇ ਹੋਏ ਟਰੰਪ ਦੇ ਸਮਰਥਕਾਂ ਨੇ ਕੈਪੀਟਲ ਹਿੱਲ 'ਤੇ ਚੜ੍ਹਾਈ ਕਰ ਦਿੱਤੀ ਸੀ।
ਭੀੜ ਸੈਨੇਟ ਦੇ ਚੈਂਬਰ ਤੱਕ ਵੀ ਪਹੁੰਚ ਗਈ ਸੀ ਜਿੱਥੇ ਕੁਝ ਮਿੰਟ ਪਹਿਲਾਂ ਹੀ ਚੋਣ ਨਤੀਜੇ ਪ੍ਰਮਾਣਿਤ ਕੀਤੇ ਗਏ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












