ਪੰਜਾਬ ਦੇ ਚੰਗੇ ਘਰਾਂ ਦੇ ਨੌਜਵਾਨਾਂ ਵਿੱਚ ਵੀ ਅਮਰੀਕਾ ਜਾਣ ਦੀ ਹੋੜ ਕਿਉਂ ਹੈ, ਹੁਣ ਪਰਵਾਸ ਦੇ ਕਿਹੜੇ ਤਰੀਕੇ ਬਦਲੇ

ਤਸਵੀਰ ਸਰੋਤ, Getty Images
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਅਕਤੂਬਰ ਵਿੱਚ, ਯੂਐੱਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸ) ਨੇ ਭਾਰਤੀ ਨਾਗਰਿਕਾਂ ਨੂੰ ਘਰ ਵਾਪਸ ਭੇਜਣ ਲਈ ਇੱਕ ਚਾਰਟਰਡ ਫਲਾਈਟ ਭੇਜੀ।
ਅਮਰੀਕਾ ਦੀ ਇਹ ਕਾਰਵਾਈ ਭਾਰਤ ਵਿੱਚ ਦੇਸ਼ ਛੱਡ ਕੇ ਅਮਰੀਕਾ ਜਾਣ ਵਾਲਿਆਂ ਦੇ ਰੁਝਾਨ ਨੂੰ ਦਰਸਾਉਂਦਾ ਹੈ।
ਇਹ ਕੋਈ ਆਮ ਉਡਾਣ ਨਹੀਂ ਸੀ, ਇਹ ਇਸ ਸਾਲ ਭੇਜੀਆਂ ਗਈਆਂ ਕਈ ਵੱਡੇ ਪੈਮਾਨੇ ਦੀਆਂ "ਦੇਸ਼ ਵਿੱਚੋਂ ਬਾਹਰ ਕੱਢਣ ਲਈ ਉਡਾਣਾਂ" ਵਿੱਚੋਂ ਇੱਕ ਸੀ। ਇੱਕ ਫਲਾਈਟ ਵਿੱਚ ਆਮ ਤੌਰ 'ਤੇ 100 ਤੋਂ ਵੱਧ ਯਾਤਰੀ ਸਵਾਰ ਹੁੰਦੇ ਹਨ।
ਉਡਾਣਾਂ ਰਾਹੀਂ ਅਮਰੀਕਾ ਭਾਰਤੀ ਪਰਵਾਸੀਆਂ ਦੇ ਉਨ੍ਹਾਂ ਸਮੂਹਾਂ ਨੂੰ ਵਾਪਸ ਭੇਜ ਰਿਹਾ ਹੈ, ਜਿਨ੍ਹਾਂ ਨੇ "ਅਮਰੀਕਾ ਵਿੱਚ ਰਹਿਣ ਲਈ ਕੋਈ ਕਾਨੂੰਨੀ ਅਧਾਰ ਸਥਾਪਤ ਨਹੀਂ ਕੀਤਾ।"
ਅਮਰੀਕੀ ਅਧਿਕਾਰੀਆਂ ਅਨੁਸਾਰ, ਹਾਲ ਹੀ ਦੀ ਇੱਕ ਫਲਾਈਟ ਪੰਜਾਬ ਵਿੱਚ ਉਤਰੀ ਹੈ ਪਰ ਵਿਭਾਗ ਕੋਲ ਇਸ ਬਾਰੇ ਸਟੀਕ ਜਾਣਕਾਰੀ ਨਹੀਂ ਹੈ ਕੌਣ-ਕਿਸ ਸੂਬੇ ਦਾ ਸੀ।
ਯੂਐੱਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਦੇ ਸਹਾਇਕ ਸਕੱਤਰ ਰਾਇਸ ਬਰਨਸਟਾਈਨ ਮੁਰੇ ਦੇ ਅਨੁਸਾਰ, ਸਤੰਬਰ ਵਿੱਚ ਖ਼ਤਮ ਹੋਏ ਅਮਰੀਕੀ ਵਿੱਤੀ ਸਾਲ 2024 ਵਿੱਚ 1,000 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਚਾਰਟਰ ਅਤੇ ਵਪਾਰਕ ਉਡਾਣਾਂ ਦੁਆਰਾ ਵਾਪਸ ਭੇਜਿਆ ਗਿਆ ਹੈ।

ਮੁਰੇ ਨੇ ਮੀਡੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, "ਵਿੱਤੀ ਸਾਲ 2024 ਵਿੱਚ, ਯੂਐੱਸ ਨੇ 1100 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਹੈ। ਹਾਲ ਹੀ ਦੇ ਸਾਲਾਂ ਇਸ ਵਿੱਚ ਲਗਾਤਾਰ ਵਾਧਾ ਹੋਇਆ ਹੈ।
ਇਹ ਇੱਕ ਰੁਝਾਨ ਹੈ ਜੋ ਅਮਰੀਕੀ ਸਰਹੱਦਾਂ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਪਰਵਾਸ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਅਮਰੀਕੀ ਅਧਿਕਾਰੀਆਂ ਵੱਲੋਂ ਫੜ੍ਹੇ ਜਾਣ ਦੀ ਗਿਣਤੀ ਬਾਰੇ ਦੱਸਦਾ ਹੈ।
ਜਿਵੇਂ-ਜਿਵੇਂ ਅਮਰੀਕਾ ਭਾਰਤੀ ਨਾਗਰਿਕਾਂ ਦੀ ਘਰ ਵਾਪਸੀ ਕਰ ਰਿਹਾ ਹੈ, ਇਸ ਬਾਰੇ ਚਿੰਤਾਵਾਂ ਵਧ ਰਹੀਆਂ ਹਨ ਕਿ ਚੁਣੇ ਗਏ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਉਨ੍ਹਾਂ 'ਤੇ ਕੀ ਅਸਰ ਪਵੇਗਾ। ਟਰੰਪ ਪਹਿਲਾਂ ਹੀ ਇਤਿਹਾਸ ਵਿੱਚ ਪਰਵਾਸੀਆਂ ਦੇ ਸਭ ਤੋਂ ਵੱਡੇ ਦੇਸ਼ ਨਿਕਾਲੇ ਦਾ ਵਾਅਦਾ ਕਰ ਚੁੱਕੇ ਹਨ।
ਅਕਤੂਬਰ 2020 ਤੋਂ ਅਮਰੀਕਾ ਦੇ ਕਸਟਮ ਅਤੇ ਸਰਹੱਦ ਸੁਰੱਖਿਆ (ਸੀਪੀਬੀ) ਅਧਿਕਾਰੀਆਂ ਨੇ ਉੱਤਰੀ ਅਤੇ ਦੱਖਣੀ ਦੋਵਾਂ ਸਰਹੱਦਾਂ ʼਤੇ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਕਰੀਬ 1,70,000 ਭਾਰਤੀ ਪਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਵਾਸ਼ਿੰਗਟਨ ਸਥਿਤ ਥਿੰਕ ਟੈਂਕ ਨਿਸਕੈਨਨ ਸੈਂਟਰ ਦੇ ਪਰਵਾਸੀ ਸਬੰਧੀ ਵਿਸ਼ਲੇਸ਼ਕਾਂ ਗਿਲ ਗੁਏਰਾ ਅਤੇ ਸਨੇਹਾ ਪੁਰੀ ਦਾ ਕਹਿਣਾ ਹੈ, "ਹਾਲਾਂਕਿ ਲੈਟਿਨ ਅਮਰੀਕਾ ਅਤੇ ਕੈਰੀਬੀਅਨ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੈ ਪਰ ਸੀਪੀਬੀ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਪੱਛਮੀ ਗੋਲਾਰਧ ਦੇ ਬਾਹਰੋਂ ਆਉਣ ਵਾਲੇ ਪਰਵਾਸੀਆਂ ਵਿੱਚ ਭਾਰਤੀ ਨਾਗਰਿਕਾਂ ਦੀ ਗਿਣਤੀ ਸਭ ਤੋਂ ਵੱਧ ਹੈ।"

ਤਸਵੀਰ ਸਰੋਤ, AFP
ਕੌਣ ਕਰਦੇ ਹਨ ਪਰਵਾਸ
ਪਿਊ ਰਿਸਰਚ ਸੈਂਟਰ ਦੇ ਨਵੇਂ ਡੇਟਾ ਅਨੁਸਾਰ, 2022 ਤੱਕ, ਅੰਦਾਜ਼ਨ 7,25,000 ਭਾਰਤੀ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਦਾਖ਼ਲ ਹੋਏ ਸਨ, ਜੋ ਮੈਕਸੀਕੋ ਅਤੇ ਐੱਲ ਸੈਲਵਾਡੋਰ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਸਮੂਹ ਹੈ।
ਕੁੱਲ ਮਿਲਾ ਕੇ ਗ਼ੈਰ-ਕਾਨੂੰਨੀ ਪਰਵਾਸੀ ਅਮਰੀਕਾ ਦੀ ਕੁੱਲ ਆਬਾਦੀ ਦਾ 3 ਫੀਸਦ ਅਤੇ ਵਿਦੇਸ਼ ਵਿੱਚ ਜੰਮੇ ਲੋਕਾਂ ਦੀ ਆਬਾਦੀ ਦਾ 22 ਫੀਸਦ ਹਿੱਸਾ ਹੈ।
ਡੇਟਾ ਨੂੰ ਦੇਖਦੇ ਹੋਏ ਗੁਏਰਾ ਅਤੇ ਪੁਰੀ ਨੇ ਭਾਰਤੀਆਂ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਰੁਝਾਨ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਹੈ।
ਇੱਕ ਗੱਲ ਇਹ ਹੈ ਕਿ ਇਹ ਪਰਵਾਸੀ ਆਰਥਿਕ ਤੌਰ ʼਤੇ ਹੇਠਲੇ ਤਬਕੇ ʼਚੋਂ ਨਹੀਂ ਹਨ ਪਰ ਉਹ ਅਕਸਰ ਘੱਟ ਸਿੱਖਿਆ ਜਾਂ ਅੰਗਰੇਜ਼ੀ ਦੀ ਘੱਟ ਮੁਹਾਰਤ ਕਾਰਨ ਸੰਯੁਕਤ ਰਾਜ ਅਮਰੀਕਾ ਲਈ ਟੂਰਿਸਟ ਜਾਂ ਵਿਦਿਆਰਥੀ ਵੀਜ਼ਾ ਹਾਸਿਲ ਨਹੀਂ ਕਰ ਸਕਦੇ ਸਨ।
ਇਸ ਦੀ ਬਜਾਏ, ਉਹ ਉਨ੍ਹਾਂ ਏਜੰਸੀਆਂ 'ਤੇ ਨਿਰਭਰ ਕਰਦੇ ਹਨ ਜੋ 1,00,000 ਡਾਲਰ ਤੱਕ ਦੀ ਫੀਸ ਵਸੂਲਦੀਆਂ ਹਨ, ਕਈ ਵਾਰ ਸਰਹੱਦੀ ਰੋਕਾਂ ਨੂੰ ਚਕਮਾ ਦੇਣ ਲਈ ਬਣਾਏ ਗਏ ਲੰਬੇ ਅਤੇ ਵਧੇਰੇ ਔਖੇ ਰੂਟਾਂ ਦੀ ਵਰਤੋਂ ਕਰਦੀਆਂ ਹਨ।

ਤਸਵੀਰ ਸਰੋਤ, Getty Images
ਕਿਉਂ ਹੁੰਦਾ ਹੈ ਪਰਵਾਸ
ਅਮਰੀਕਾ ਜਾਣ ਲਈ ਜ਼ਰੂਰੀ ਪੈਸਿਆਂ ਲਈ ਬਹੁਤ ਸਾਰੇ ਲੋਕ ਆਪਣੀਆਂ ਜ਼ਮੀਨਾਂ ਵੇਚ ਦਿੰਦੇ ਹਨ ਜਾਂ ਕਰਜ਼ਾ ਲੈਂਦੇ ਹਨ। ਹੈਰਾਨੀ ਦੀ ਗੱਲ ਨਹੀਂ ਹੈ ਕਿ 2024 ਵਿੱਚ ਅਮਰੀਕੀ ਇਮੀਗ੍ਰੇਸ਼ਨ ਅਦਾਲਤਾਂ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜ਼ਿਆਦਾਤਰ ਭਾਰਤੀ ਪਰਵਾਸੀ 18-34 ਸਾਲ ਦੀ ਉਮਰ ਦੇ ਪੁਰਸ਼ ਸਨ।
ਦੂਜਾ, ਉੱਤਰੀ ਸਰਹੱਦ 'ਤੇ ਸਥਿਤ ਕੈਨੇਡਾ, ਭਾਰਤੀਆਂ ਲਈ ਵਧੇਰੇ ਪਹੁੰਚਯੋਗ ਪਰਵੇਸ਼ ਪੁਆਇੰਟ ਬਣ ਗਿਆ ਹੈ, ਜਿਸ ਵਿੱਚ ਵਿਜ਼ਟਰ ਵੀਜ਼ਾ ਦਾ ਪ੍ਰੋਸੈਸਿੰਗ ਸਮਾਂ 76 ਦਿਨ ਹੈ ਜਦਕਿ ਭਾਰਤ ਵਿੱਚ ਅਮਰੀਕਾ ਦੇ ਵੀਜ਼ੇ ਲਈ ਇੱਕ ਸਾਲ ਦਾ ਸਮਾਂ ਲੱਗਦਾ ਹੈ।
ਖੋਜਕਰਤਾਵਾਂ ਨੇ ਸਿੱਟਾ ਕੱਢਿਆ ਕਿ ਸਵਾਂਟਨ ਸੈਕਟਰ, ਜੋ ਵਰਮੋਂਟ ਅਤੇ ਨਿਊਯਾਰਕ ਦੀ ਕਾਊਂਟੀਜ਼ ਅਤੇ ਨਿਊ ਹੈਂਪਸ਼ਾਇਰ ਸਟੇਟ ਨੂੰ ਕਵਰ ਕਰਦਾ ਹੈ, ਵਿੱਚ ਸਾਲ ਦੀ ਸ਼ੁਰੂਆਤ ਵਿੱਚ ਭਾਰਤੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਐਂਟਰੀ ਤੋਂ ਰੋਕਣ ਦੀਆਂ ਘਟਨਾਵਾਂ ਵਿੱਚ ਅਚਾਨਕ ਵਾਧਾ ਹੋਇਆ ਹੈ, ਜੋ ਜੂਨ ਵਿੱਚ 2,715 ਤੱਕ ਪਹੁੰਚ ਗਿਆ ਹੈ।
ਪਹਿਲਾਂ, ਜ਼ਿਆਦਾਤਰ ਭਾਰਤੀ ਪਰਵਾਸੀ ਮੈਕਸੀਕੋ ਦੇ ਨਾਲ ਲਗਦੀ ਤੇ ਕਾਫੀ ਮਸਰੂਫ਼ ਦੱਖਣੀ ਸਰਹੱਦ ਰਾਹੀਂ ਐੱਲ ਸੈਲਵਾਡੋਰ ਜਾਂ ਨਿਕਾਰਾਗੁਆ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੁੰਦੇ ਸਨ, ਇਹ ਦੋਵੇਂ ਪਰਵਾਸ ਦੀ ਸਹੂਲਤ ਦਿੰਦੇ ਹਨ।
ਪਿਛਲੇ ਸਾਲ ਨਵੰਬਰ ਤੱਕ ਭਾਰਤੀ ਨਾਗਰਿਕਾਂ ਨੂੰ ਐੱਲ ਸੈਲਵਾਡੋਰ ਵਿੱਚ ਵੀਜ਼ਾ-ਮੁਕਤ ਯਾਤਰਾ ਦੀ ਸਹੂਲਤ ਸੀ।

ਤਸਵੀਰ ਸਰੋਤ, AFP
ਗੁਏਰਾ ਅਤੇ ਪੁਰੀ ਦਾ ਕਹਿਣਾ ਹੈ, "ਅਮਰੀਕਾ-ਕੈਨੇਡਾ ਦੀ ਸਰਹੱਦ, ਅਮਰੀਕਾ-ਮੈਕਸੀਕੋ ਦੀ ਸਰਹੱਦ ਨਾਲੋਂ ਲੰਬੀ ਹੈ ਅਤੇ ਉੱਥੇ ਨਿਗਰਾਨੀ ਵੀ ਕਾਫੀ ਘੱਟ ਹੈ। ਹਾਲਾਂਕਿ, ਇਹ ਸੁਰੱਖਿਅਤ ਵੀ ਨਹੀਂ ਹੈ ਪਰ ਇੱਥੇ ਅਪਰਾਧਿਕ ਸਮੂਹਾਂ ਦੀ ਮੌਜੂਦਗੀ ਓਨੀ ਜ਼ਿਆਦਾ ਨਹੀਂ ਹੈ ਜਿੰਨੀ ਦੱਖਣੀ ਅਤੇ ਮੱਧ ਅਮਰੀਕਾ ਵਿੱਚ ਹੈ।
ਤੀਸਰਾ, ਜ਼ਿਆਦਾਤਰ ਪਰਵਾਸੀ ਸਿੱਖ ਬਹੁਗਿਣਤੀ ਵਾਲੇ ਭਾਰਤੀ ਸੂਬੇ ਪੰਜਾਬ ਅਤੇ ਗੁਆਂਢੀ ਹਰਿਆਣਾ ਤੋਂ ਆਉਂਦੇ ਹਨ, ਜਿੱਥੋਂ ਲੋਕ ਰਵਾਇਤੀ ਤੌਰ 'ਤੇ ਵਿਦੇਸ਼ ਜਾਂਦੇ ਰਹੇ ਹਨ। ਦੂਜਾ ਪਰਵਾਸੀਆਂ ਦਾ ਮੂਲ ਸਰੋਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੱਦੀ ਸੂਬਾ ਗੁਜਰਾਤ ਹੈ।
ਪੰਜਾਬ, ਜਿੱਥੋਂ ਵੱਡੀ ਗਿਣਤੀ ਵਿੱਚ ਗ਼ੈਰ-ਕਾਨੂੰਨੀ ਪਰਵਾਸੀ ਆਉਂਦੇ ਹਨ, ਉਹ ਉੱਚ ਬੇਰੁਜ਼ਗਾਰੀ, ਖੇਤੀਬਾੜੀ ਸੰਕਟ ਅਤੇ ਵਧ ਰਹੀ ਨਸ਼ੇ ਦੀ ਸਮੱਸਿਆ ਸਮੇਤ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ।
ਪੰਜਾਬ ਵਿੱਚ ਨਵਜੋਤ ਕੌਰ, ਗਗਨਪ੍ਰਤੀ ਕੌਰ ਅਤੇ ਲਵਜੀਤ ਕੌਰ ਵੱਲੋਂ 120 ਲੋਕਾਂ ʼਤੇ ਕੀਤੇ ਗਏ ਹਾਲ ਦੇ ਅਧਿਐਨ ਵਿੱਚ ਦੇਖਿਆ ਗਿਆ ਹੈ ਕਿ 56 ਫੀਸਦ ਲੋਕ 18-28 ਸਾਲ ਦੀ ਉਮਰ ਵਿਚਾਲੇ ਅਕਸਰ ਸੈਕੰਡਰੀ ਸਿੱਖਿਆ ਤੋਂ ਬਾਅਦ, ਪਰਵਾਸ ਕਰ ਗਏ ਹਨ।
ਕਈ ਲੋਕਾਂ ਨੇ ਇਸ ਲਈ ਗ਼ੈਰ-ਸੰਸਥਾਗਤ ਕਰਜ਼ੇ ਚੁੱਕੇ ਅਤੇ ਬਾਅਦ ਵਿੱਚ ਆਪਣੇ ਪਰਿਵਾਰ ਵਾਲਿਆਂ ਨੂੰ ਕਰਜ਼ੇ ਦੀ ਅਦਾਇਗੀ ਲਈ ਪੈਸੇ ਭੇਜੇ।

ਜੋਖ਼ਮ ਕੀ ਚੁੱਕਦੇ ਹਨ
ਪੰਜਾਬ ਵਿੱਚ ਵੱਖਵਾਦੀ ਖ਼ਾਲਿਸਤਾਨ ਅੰਦੋਲਨ ਨੂੰ ਲੈ ਕੇ ਵੀ ਤਣਾਅ ਵਧਿਆ, ਜੋ ਸਿੱਖਾਂ ਲਈ ਇੱਕ ਅਜ਼ਾਦ ਮੁਲਕ ਸਥਾਪਿਤ ਕਰਨਾ ਚਾਹੁੰਦੇ ਹਨ।
ਪੁਰੀ ਕਹਿੰਦੇ ਹਨ, "ਇਸ ਨਾਲ ਭਾਰਤ ਵਿੱਚ ਕੁਝ ਸਿੱਖਾਂ ਵਿੱਚ ਅਧਿਕਾਰੀਆਂ ਜਾਂ ਆਗੂਆਂ ਵੱਲੋਂ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਏ ਜਾਣ ਦਾ ਡਰ ਪੈਦਾ ਹੋ ਗਿਆ ਹੈ। ਇਹ ਡਰ ਤਸ਼ੱਦਦ ਦੇ ਦਾਅਵਿਆਂ ਲਈ ਇੱਕ ਭਰੋਸੇਯੋਗ ਆਧਾਰ ਵੀ ਦੇ ਸਕਦਾ ਹੈ, ਜਿਸ ਰਾਹੀਂ ਉਨ੍ਹਾਂ ਨੂੰ ਸ਼ਰਨ ਮਿਲ ਸਕਦੀ ਹੈ, ਭਾਵੇਂ ਉਹ ਹਾਲਾਤ ਅਸਲ ਵਿੱਚ ਹੋਣ ਜਾਂ ਨਾਂਹ।"
ਪਰ ਪਰਵਾਸ ਦੇ ਸਹੀ ਕਾਰਨਾਂ ਦਾ ਪਤਾ ਲਗਾਉਣਾ ਚੁਣੌਤੀਪੂਰਨ ਹੈ।
ਪੁਰੀ ਕਹਿੰਦੀ ਹੈ, "ਹਾਲਾਂਕਿ ਵਿਦੇਸ਼ ਜਾਣ ਲਈ ਪ੍ਰੇਰਣਾਵਾਂ ਵੱਖੋ-ਵੱਖਰੀਆਂ ਹੁੰਦੀਆਂ ਹਨ ਪਰ ਆਰਥਿਕ ਮੌਕੇ ਮੁੱਖ ਪ੍ਰੇਰਣਾ ਸ਼ਕਤੀ ਬਣਦੇ ਹਨ। ਇਸ ਦੇ ਨਾਲ ਹੀ ਸਮਾਜਿਕ ਤੌਰ ʼਤੇ ਰੁਤਬੇ ਅਤੇ ਪਰਿਵਾਰ ਦੇ ਮੈਂਬਰਾਂ ਦੇ ਅਮਰੀਕਾ ਵਿੱਚ ʻਵਸਣʼ ʼਤੇ ਮਾਣ ਦੀ ਭਾਵਨਾ ਨਾਲ ਬਲ ਮਿਲਦਾ ਹੈ।"
ਚੌਥਾ, ਖੋਜਕਰਤਾਵਾਂ ਨੇ ਦੇਖਿਆ ਕਿ ਸਰਹੱਦ 'ਤੇ ਭਾਰਤੀ ਨਾਗਰਿਕਾਂ ਦੀ ਪਰਿਵਾਰ ਸਮੇਤ ਪਹੁੰਚਣ ਦੀ ਗਿਣਤੀ ਵਿੱਚ ਬਦਲਾਅ ਆਇਆ ਹੈ।
ਜ਼ਿਆਦਾਤਰ ਪਰਿਵਾਰ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 2021 ਵਿੱਚ, ਬਹੁਤ ਸਾਰੇ ਬਾਲਗਾਂ ਨੂੰ ਦੋਵਾਂ ਸਰਹੱਦਾਂ 'ਤੇ ਨਜ਼ਰਬੰਦ ਕੀਤਾ ਗਿਆ ਸੀ। ਹੁਣ, ਦੋਵਾਂ ਸਰਹੱਦਾਂ 'ਤੇ ਨਜ਼ਰਬੰਦ ਕੀਤੇ ਗਏ ਲੋਕਾਂ ਵਿੱਚੋਂ 16-18% ਪੂਰੇ-ਪੂਰੇ ਪਰਿਵਾਰ ਹੀ ਹਨ।
ਇਸ ਕਾਰਨ ਅਕਸਰ ਦੁਖਦਾਈ ਸਿੱਟੇ ਨਿਕਲਦੇ ਹਨ। ਜਨਵਰੀ 2022 ਵਿੱਚ, ਚਾਰ ਜੀਆਂ ਦਾ ਇੱਕ ਭਾਰਤੀ ਪਰਿਵਾਰ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਕੈਨੇਡਾ ਵਿੱਚ ਸਰਹੱਦ ਤੋਂ ਸਿਰਫ਼ 12 ਮੀਟਰ (39 ਫੁੱਟ) ਦੀ ਦੂਰੀ 'ਤੇ ਠੰਢ ਵਿੱਚ ਜੰਮਣ ਕਾਰਨ ਖ਼ਤਮ ਹੋ ਗਿਆ।
ਇਹ ਪਰਿਵਾਰ ਗੁਜਰਾਤ ਦੇ 11 ਲੋਕਾਂ ਦੇ ਇੱਕ ਸਮੂਹ ਦਾ ਇੱਕ ਹਿੱਸਾ ਸੀ।

ਤਸਵੀਰ ਸਰੋਤ, Getty Images
ਵਰਮੌਂਟ ਯੂਨੀਵਰਸਿਟੀ ਦੇ ਮਾਈਗ੍ਰੇਸ਼ਨ ਅਤੇ ਸ਼ਹਿਰੀ ਅਧਿਐਨ ਦੇ ਮਾਹਿਰ ਪਾਬਲੋ ਬੋਸ ਦਾ ਕਹਿਣਾ ਹੈ ਕਿ ਭਾਰਤੀ ਵਧੇਰੇ ਆਰਥਿਕ ਮੌਕਿਆਂ ਕਾਰਨ ਅਮਰੀਕਾ ਜਾਂਦੇ ਹਨ।
ਬੋਸ ਕਹਿੰਦੇ ਹਨ ਕਿ ਭਾਰਤੀਆਂ ਵਿੱਚ ਅਮਰੀਕੀ ਸ਼ਹਿਰਾਂ ਦੀ ਗ਼ੈਰ-ਰਸਮੀਂ ਅਰਥਵਿਵਸਥਾਵਾਂ ਵਿੱਚ ਦਾਖ਼ਲ ਹੋਣ ਦੀ ਵਧੇਰੇ ਸਮਰੱਥਾ ਹੁੰਦੀ ਹੈ, ਖਾਸਕਾਰ ਨਿਊਯਾਰਕ ਤੇ ਬੋਸਟਰ ਵਰਗੇ ਸ਼ਹਿਰਾਂ ਵਿੱਚ।
ਬੋਸ ਨੇ ਬੀਬੀਸੀ ਨੂੰ ਦੱਸਿਆ, "ਜੋ ਮੈਂ ਜਾਣਦਾ ਹਾਂ ਅਤੇ ਜੋ ਇੰਟਰਵਿਊਜ਼ ਮੈਂ ਕੀਤੇ ਹਨ, ਉਸ ਤੋਂ ਇਹ ਸਮਝ ਪੈਂਦੀ ਹੈ ਕਿ ਜ਼ਿਆਦਾਤਰ ਭਾਰਤੀ ਵਰਮੌਂਟ ਜਾਂ ਨਿਊਯਾਰਕ ਦੇ ਉੱਪਰਲੇ ਹਿੱਸੇ ਵਰਗੇ ਪੇਂਡੂ ਖੇਤਰਾਂ ਵਿੱਚ ਨਹੀਂ ਰਹਿ ਰਹੇ ਹਨ। ਜ਼ਿਆਦਾਤਰ ਭਾਰਤੀ ਜਿੰਨੀ ਜਲਦੀ ਹੋ ਸਕੇ ਸ਼ਹਿਰਾਂ ਵਿੱਚ ਜਾ ਰਹੇ ਹਨ।"
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉੱਥੇ ਜ਼ਿਆਦਾਤਰ ਗ਼ੈਰ-ਰਸਮੀ ਕੰਮ ਕਰ ਰਹੇ ਹਨ, ਜਿਵੇਂ ਕਿ ਮਜ਼ਦੂਰੀ ਅਤੇ ਰੈਸਟੋਰੈਂਟਾਂ ਵਿੱਚ ਕੰਮ ਕਰਨਾ।
ਜਲਦੀ ਹੀ ਹਾਲਾਤ ਹੋਰ ਵੀ ਮੁਸ਼ਕਲ ਹੋ ਸਕਦੇ ਹਨ। ਤਜਰਬੇਕਾਰ ਇਮੀਗ੍ਰੇਸ਼ਨ ਅਧਿਕਾਰੀ ਟੌਮ ਹੋਮਨ ਨੇ ਕਿਹਾ ਹੈ ਕਿ ਕੈਨੇਡਾ ਦੇ ਨਾਲ ਉੱਤਰੀ ਸਰਹੱਦ ਇੱਕ ਤਰਜੀਹ ਹੈ ਕਿਉਂਕਿ ਇਸ ਖੇਤਰ ਵਿੱਚ ਗ਼ੈਰ-ਕਾਨੂੰਨੀ ਪਰਵਾਸ ਇੱਕ "ਵੱਡਾ ਰਾਸ਼ਟਰੀ ਸੁਰੱਖਿਆ ਦਾ ਮੁੱਦਾ" ਹੈ।
ਜ਼ਿਕਰਯੋਗ ਹੈ ਕਿ ਹੋਮਨ ਜਨਵਰੀ ਵਿੱਚ ਟਰੰਪ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਦੇਸ਼ ਦੀਆਂ ਸਰਹੱਦਾਂ ਦੇ ਇੰਚਾਰਜ ਹੋਣਗੇ।
ਇਹ ਸਪੱਸ਼ਟ ਨਹੀਂ ਹੈ ਕਿ ਅੱਗੇ ਕੀ ਹੋਵੇਗਾ। ਪੁਰੀ ਕਹਿੰਦੀ ਹੈ, "ਇਹ ਦੇਖਣਾ ਬਾਕੀ ਹੈ ਕਿ ਕੀ ਕੈਨੇਡਾ ਆਪਣੀਆਂ ਸਰਹੱਦਾਂ ਪਾਰ ਕਰ ਕੇ ਅਮਰੀਕਾ ਵਿੱਚ ਜਾਣ ਵਾਲੇ ਲੋਕਾਂ ਨੂੰ ਰੋਕਣ ਲਈ ਅਜਿਹੀਆਂ ਨੀਤੀਆਂ ਲਾਗੂ ਕਰੇਗਾ ਜਾਂ ਨਹੀਂ।"
"ਜੇਕਰ ਅਜਿਹਾ ਹੁੰਦਾ ਹੈ, ਤਾਂ ਅਸੀਂ ਸਰਹੱਦ 'ਤੇ ਭਾਰਤੀ ਨਾਗਰਿਕਾਂ ਦੀ ਨਜ਼ਰਬੰਦੀ ਵਿੱਚ ਕਮੀ ਦੀ ਉਮੀਦ ਕਰ ਸਕਦੇ ਹਾਂ।"
ਜੋ ਵੀ ਹੋਵੇ, ਹਜ਼ਾਰਾਂ ਹਤਾਸ਼ ਭਾਰਤੀਆਂ ਦੇ ਅਮਰੀਕਾ ਵਿੱਚ ਵਧੀਆ ਭਵਿੱਖ ਤਲਾਸ਼ਣ ਦੇ ਸੁਪਨੇ ਫਿੱਕੇ ਪੈਣ ਵਾਲੇ ਨਹੀਂ ਹਨ, ਬੇਸ਼ੱਕ ਹੀ ਅੱਗੇ ਦਾ ਰਸਤਾ ਹੋਰ ਵੀ ਖ਼ਤਰਨਾਕ ਹੋਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












