ਅਮਰੀਕਾ ਨੇ 1100 ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜਿਆ, ਜਾਣੋ ਕਿਹੜੇ ਰੂਟਾਂ ਰਾਹੀਂ ਲੋਕ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੁੰਦੇ

ਤਸਵੀਰ ਸਰੋਤ, Getty Images
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਸਹਿਯੋਗੀ
ਅਮਰੀਕਾ ਨੇ ਹਾਲ ਹੀ ਵਿੱਚ ਇੱਕ ਚਾਰਟਰ ਜਹਾਜ਼ ਰਾਹੀਂ 1100 ਭਾਰਤੀਆਂ ਨੂੰ ਭਾਰਤ ਵਾਪਸ ਭੇਜੇ ਜਾਣ ਦੀ ਗੱਲ ਆਖੀ ਹੈ।
ਅਮਰੀਕਾ ਦੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ (ਡੀਐੱਚਐੱਸ) ਨੇ ਹਾਲ ਹੀ ਵਿੱਚ ਇੱਕ ਚਾਰਟਰਡ ਡਿਪੋਰਟੇਸ਼ਨ ਫਲਾਈਟ ਚਲਾਈ ਸੀ ਜਿਸ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ ʼਤੇ ਰਹਿ ਰਹੇ 1100 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ।
ਬਾਰਡਰ ਅਤੇ ਇਮੀਗ੍ਰੇਸ਼ਨ ਨੀਤੀ ਦੇ ਸਹਾਇਕ ਸਕੱਤਰ, ਰੌਇਸ ਬਰਨਸਟਾਈਨ ਮੁਰੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਨਿਯਮਿਤ ਪਰਵਾਸ, ਮਨੁੱਖੀ ਤਸਕਰੀ ਅਤੇ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਪਰਵੇਸ਼ ਨੂੰ ਰੋਕਣ ਲਈ ਭਾਰਤ ਨਾਲ ਹੋਰ ਰਹੇ ਡੀਐੱਚਐੱਸ ਦੇ ਸਹਿਯੋਗ ਦਾ ਵੇਰਵਾ ਦਿੱਤਾ।
ਦਰਅਸਲ, ਭਾਰਤ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਵੱਖ-ਵੱਖ ਤਰੀਕਿਆਂ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੁੰਦੇ ਹਨ।
ਕਈ ਤਾਂ ਉੱਥੇ ਜਾ ਕੇ ਵੀਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣ ਲੱਗ ਜਾਂਦੇ ਹਨ ਜਾਂ ਫਿਰ ਕਈ ਤਾਂ ਜੋਖ਼ਮ ਭਰੇ ਰਾਹਾਂ ਤੋਂ ਹੁੰਦੇ ਹੋਏ ਡੰਕੀ ਲਗਾ ਕੇ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੁੰਦੇ ਹਨ।
ਸਭ ਤੋਂ ਵੱਧ ਗ਼ੈਰ-ਕਾਨੂੰਨੀ ਢੰਗ ਨਾਲ ਐਂਟਰੀ ਅਮਰੀਕਾ-ਮੈਕਸੀਕੋ ਸਰਹੱਦ ਰਾਹੀਂ ਹੁੰਦੀ ਮੰਨੀ ਜਾਂਦੀ ਹੈ।


ਤਸਵੀਰ ਸਰੋਤ, Getty Images
ਡੀਐੱਚਐੱਸ ਨੇ ਅੱਗੇ ਕੀ ਕਿਹਾ
ਮੁਰੇ ਨੇ ਪ੍ਰਕਿਰਿਆ ਬਾਰੇ ਦੱਸਦੇ ਹੋਏ ਕਿਹਾ, "ਬਾਹਰ ਕੱਢੇ ਗਏ ਲੋਕ ਜਾਂ ਤਾਂ ਸਰਹੱਦ ਟੱਪ ਕੇ ਬਿਨਾਂ ਕਾਨੂੰਨੀ ਵੀਜ਼ਾ ਤੋਂ ਆਏ ਸਨ ਜਾਂ ਵੀਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਉੱਥੇ ਰਹਿ ਰਹੇ ਸਨ।"
ਉਨ੍ਹਾਂ ਨੇ ਅੱਗੇ ਦੱਸਿਆ, "ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੇ ਸਿੱਟੇ ਬੇਹੱਦ ਸਖ਼ਤ ਹਨ, ਦੇਸ਼ ਨਿਕਾਲਾ, ਘੱਟੋ-ਘੱਟ ਪੰਜ ਸਾਲ ਦੀ ਮੁੜ-ਪ੍ਰਵੇਸ਼ ʼਤੇ ਪਾਬੰਦੀ ਅਤੇ ਅਜਿਹਾ ਹੀ ਮੁੜ ਕਰਨ ਵਾਲੇ ਲੋਕਾਂ ਲਈ ਸਜ਼ਾ ਦੀ ਤਜਵੀਜ਼ ਹੈ।"
"ਜਿਹੜੇ ਲੋਕ ਅਮਰੀਕਾ-ਮੈਕਸੀਕੋ ਸਰਹੱਦ 'ਤੇ ਰਾਹੀਂ ਦਾਖ਼ਲ ਹੋ ਕੇ ਸ਼ਰਨ ਲੈਣਾ ਚਾਹੁੰਦੇ ਹਨ ਉਹ ਵੀ ਸ਼ਰਨ ਯੋਗਤਾ ਨੂੰ ਸੀਮਤ ਕਰਨ ਵਾਲੀਆਂ ਹਾਲੀਆ ਨੀਤੀਆਂ ਤਹਿਤ ਸਖ਼ਤੀਆਂ ਦਾ ਸਾਹਮਣਾ ਕਰ ਸਕਦੇ ਹਨ। ਇਸ ਨਾਲ ਗ਼ੈਰ-ਕਾਨੂੰਨੀ ਲਾਂਘੇ ਨੂੰ 55 ਫੀਸਦ ਤੋਂ ਵੱਧ ਘਟਾਉਣ ਵਿੱਚ ਮਦਦ ਮਿਲਦੀ ਹੈ।"
ਡੀਐੱਚਐੱਸ ਨੇ ਵਪਾਰਕ ਅਤੇ ਚਾਰਟਰ ਦੋਵਾਂ ਹੀ ਤਰੀਕਿਆਂ ਦੀਆਂ ਉਡਾਣਾਂ ਰਾਹੀਂ ਭਾਰਤੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਆਪਣੇ ਯਤਨਾਂ ਨੂੰ ਤੇਜ਼ ਕਰ ਦਿੱਤਾ ਹੈ।
ਇਹ ਇੱਕ ਰੁਝਾਨ ਜੋ ਅਮਰੀਕੀ ਸਰਹੱਦਾਂ 'ਤੇ ਭਾਰਤੀ ਨਾਗਰਿਕਾਂ ਨਾਲ ਟਾਕਰੇ ਵਿੱਚ ਵਾਧੇ ਨੂੰ ਵੀ ਦਰਸਾਉਂਦਾ ਹੈ।
ਮੁਰੇ ਦੱਸਦੇ ਹਨ, "ਵਿੱਤੀ ਸਾਲ 2024 ਵਿੱਚ, ਯੂਐੱਸ ਨੇ 1100 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ, ਜੋ ਕਿ ਹਾਲ ਹੀ ਦੇ ਸਾਲਾਂ ਵਿੱਚ ਲਗਾਤਾਰ ਵਾਧਾ ਹੈ।"
ਮੁਰੇ ਨੇ ਕਿਹਾ ਕਿ ਹਾਲੀਆ ਫੇਰੀਆਂ ਦੌਰਾਨ ਦੇਖਿਆ ਗਿਆ ਹੈ ਕਿ ਭਾਰਤ ਲਈ ਨਵੀਨਤਮ ਚਾਰਟਰ ਉਡਾਣਾਂ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਗ਼ੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਅਮਰੀਕੀ ਸਰਕਾਰ ਦੀ ਵਚਨਬੱਧਤਾ ਨੂੰ ਪੇਸ਼ ਕਰਦਾ ਹੈ।
ਡਿਪੋਰਟ ਕੀਤੇ ਗਏ ਵਿਅਕਤੀ ਕਿੱਥੋਂ ਹਨ ਇਸ ਬਾਰੇ ਦੱਸਦੇ ਹੋਏ, ਮੁਰੇ ਨੇ ਕਿਹਾ ਕਿ ਹਾਲ ਹੀ ਦੀ ਇੱਕ ਫਲਾਈਟ ਪੰਜਾਬ ਵਿੱਚ ਉਤਰੀ ਹੈ ਪਰ ਵਿਭਾਗ ਕੋਲ ਇਸ ਬਾਰੇ ਸਟੀਕ ਜਾਣਕਾਰੀ ਨਹੀਂ ਹੈ ਕੌਣ-ਕਿਸ ਸੂਬੇ ਦਾ ਸੀ।

ਤਸਵੀਰ ਸਰੋਤ, Getty Images
ਡੀਐੱਚਐੱਸ ਨਾਗਰਿਕਤਾ ਦੀ ਪਛਾਣ ਕਰਨ ਲਈ ਭਾਰਤ ਨਾਲ ਨੇੜਿਓਂ ਕੰਮ ਕਰ ਰਿਹਾ ਹੈ ਕਿਉਂਕਿ ਮਨੁੱਖੀ ਤਸਕਰੀ ਦੇ ਨੈੱਟਵਰਕਾਂ ਨਾਲ ਨਜਿੱਠਣ ਲਈ ਭਾਰਤ ਦੇ ਨਾਲ ਸਹਿਯੋਗ ਮਹੱਤਵਪੂਰਨ ਰਿਹਾ ਹੈ।
ਸੰਯੁਕਤ ਰਾਜ ਅਮਰੀਕਾ ਵਿੱਚ ਭੇਜਣ ਦੇ ਝੂਠੇ ਵਾਅਦਿਆਂ ਨਾਲ ਕਮਜ਼ੋਰ ਪਰਵਾਸੀਆਂ ਦਾ ਸ਼ੋਸ਼ਣ ਹੁੰਦਾ ਹੈ।
ਮੁਰੇ, ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲੇ ਲਈ ਜਨਤਕ ਜਾਗਰੂਕਤਾ ਉੱਤੇ ਜ਼ੋਰ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗ਼ਲਤ ਜਾਣਕਾਰੀ ਦੇ ਆਧਾਰ ਕਮਜ਼ੋਰ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਡੀਐੱਚਐੱਸ ਭਾਰਤੀ ਅਧਿਕਾਰੀਆਂ ਦੇ ਸਹਿਯੋਗ ਨਾਲ ਗ਼ੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਾ ਪ੍ਰਸਾਰ ਕਰ ਰਿਹਾ ਹੈ, ਖ਼ਾਸ ਤੌਰ 'ਤੇ ਅਮਰੀਕਾ ਵਿੱਚ ਪੜ੍ਹਾਈ ਜਾਂ ਕੰਮ ਕਰਨ ਦੇ ਚਾਹਵਾਨ ਨੌਜਵਾਨਾਂ ਵਿੱਚ।
ਸਹਾਇਕ ਸਕੱਤਰ ਮੁਰੇ ਨੇ ਸਾਂਝੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਮਜ਼ਬੂਤ ਅਮਰੀਕਾ-ਭਾਰਤ ਸਹਿਯੋਗ ਦੀ ਮਹੱਤਤਾ ਨੂੰ ਇੱਕ ਵਾਰ ਦੁਹਰਾਇਆ।
ਹਾਲਾਂਕਿ ਉਨ੍ਹਾਂ ਨੇ ਸੁਰੱਖਿਆ ਕਾਰਨਾਂ ਕਰਕੇ ਫਲਾਈਟ ਦੇ ਰਵਾਨਗੀ ਸਥਾਨ ਬਾਰੇ ਖ਼ਾਸ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਦੌਰਾਨ ਉਨ੍ਹਾਂ ਨੇ ਭਾਰਤ ਤੋਂ ਅੱਗੇ ਵੀ ਸਮਰਥਨ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਬਰਕਰਾਰ ਰੱਖਣ ਵਿੱਚ ਨਿਰੰਤਰ ਸਹਿਯੋਗ ਲਈ ਆਸ ਪ੍ਰਗਟਾਈ।

ਡੰਕੀ ਦਾ ਰੂਟ
ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਵਾਲੇ ਨੌਜਵਾਨਾਂ ਨੂੰ ਏਜੰਟ ਕਈ ਰਸਤਿਆਂ ਰਾਹੀਂ ਅਮਰੀਕਾ ਲੈ ਕੇ ਜਾਂਦੇ ਹਨ।
ਸਭ ਤੋਂ ਪਹਿਲਾਂ ਇਨ੍ਹਾਂ ਨੂੰ ਲਾਤੀਨੀ ਅਮਰੀਕੀ ਦੇਸ਼ਾਂ ਤੱਕ ਪਹੁੰਚਾਇਆ ਜਾਂਦਾ ਹੈ, ਇਸ ਦਾ ਕਾਰਨ ਹੈ ਇਨ੍ਹਾਂ ਦੇਸ਼ਾਂ ਦੀ ਸੌਖੀ ਵੀਜ਼ਾ ਪ੍ਰਣਾਲੀ।
ਡੰਕੀ ਰਾਹੀਂ ਅਮਰੀਕਾ ਪਹੁੰਚੇ ਅਤੇ ਫਿਰ ਉੱਥੋਂ ਡਿਪੋਰਟ ਹੋਏ ਇੱਕ ਨੌਜਵਾਨ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਬੀਬੀਸੀ ਪੱਤਰਕਾਰ ਨੂੰ ਸਾਲ 2023 ਵਿੱਚ ਦੱਸਿਆ ਕਿ ਏਜੰਟ ਕੁਝ ਨੂੰ ਪਹਿਲਾਂ ਏਕਵਾਡੋਰ ਲੈ ਕੇ ਜਾਂਦੇ ਹਨ, ਉੱਥੋਂ ਡੌਂਕੀ ਰਾਹੀਂ ਕੋਲੰਬੀਆ ਅਤੇ ਫਿਰ ਪਨਾਮਾ।
ਪਨਾਮਾ ਦਾ ਖ਼ਤਰਨਾਕ ਜੰਗਲ ਪਾਰ ਕਰਨ ਤੋਂ ਬਾਅਦ ਕੋਸਟਾ ਰੀਕਾ ਅਤੇ ਇੱਥੋਂ ਨਿਕਾਰਾਗੁਆ ਪਹੁੰਚਿਆ ਜਾਂਦਾ ਹੈ।
ਨਿਕਾਰਾਗੁਆ ਤੋਂ ਹੌਂਡੂਰਸ ਵਿੱਚ ਐਂਟਰੀ ਕਰਵਾਈ ਜਾਂਦੀ ਹੈ। ਇੱਥੋਂ ਫਿਰ ਗੁਆਟੇਮਾਲਾ ਤੇ ਮੈਕਸੀਕੋ ਪਹੁੰਚਿਆ ਜਾਂਦਾ ਹੈ।
ਮੈਕਸੀਕੋ ਪਹੁੰਚਣ ਤੋਂ ਬਾਅਦ ਸਰਹੱਦ ਪਾਰ ਕਰ ਕੇ ਨੌਜਵਾਨ ਅਮਰੀਕਾ ਵਿੱਚ ਦਾਖਲ ਹੁੰਦੇ ਹਨ।
ਕੁਝ ਏਜੰਟ ਬ੍ਰਾਜ਼ੀਲ ਅਤੇ ਵੈਨੇਜ਼ੁਏਲਾ ਰਾਹੀਂ ਵੀ ਨੌਜਵਾਨਾਂ ਨੂੰ ਮੈਕਸੀਕੋ ਲੈ ਕੇ ਜਾਂਦੇ ਹਨ।
ਡੰਕੀ ਦਾ ਪੈਂਡਾ ਇਸ ਗੱਲ ਉੱਤੇ ਵੀ ਨਿਰਭਰ ਕਰਦਾ ਹੈ ਕਿ ਡੰਕਰ ਦੀ ਸੈਟਿੰਗ ਅਤੇ ਉਸ ਦਾ ਨੈੱਟਵਰਕ ਕਿਸ ਦੇਸ਼ ਵਿੱਚ ਚੰਗਾ ਹੈ।
ਡੰਕਰ ਸ਼ਬਦ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਨੌਜਵਾਨਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਪਹੁੰਚਾਉਣ ਵਿੱਚ ਮਦਦ ਕਰਦਾ ਹੈ।

ਤਸਵੀਰ ਸਰੋਤ, Getty Images
ਮੈਕਸੀਕੋ–ਅਮਰੀਕਾ ਸਰਹੱਦ
ਅਮਰੀਕਾ ਅਤੇ ਮੈਕਸੀਕੋ ਦਾ ਬਾਰਡਰ ਕਰੀਬ 3,140 ਕਿਲੋਮੀਟਰ ਲੰਬਾ ਹੈ। ਇੱਥੇ ਅਮਰੀਕਾ ਨੇ ਕੰਡਿਆਲੀ ਤਾਰ ਅਤੇ ਲੋਹੇ ਦੀਆਂ ਗਰਿੱਲਾਂ ਦੀ ਦੀਵਾਰ ਬਣਾਈ ਹੋਈ ਹੈ।
ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਵਾਲੇ ਨੌਜਵਾਨ ਅਕਸਰ ਮੈਕਸੀਕੋ ਵਾਲੇ ਪਾਸੇ ਤੋਂ ਇਸ ਦੀਵਾਰ ਨੂੰ ਪਾਰ ਕਰਦੇ ਹਨ ਅਤੇ ਅਮਰੀਕਾ ਵਿੱਚ ਐਂਟਰੀ ਕਰਦੇ ਹਨ।
ਇਸ ਤੋਂ ਇਲਾਵਾ ਕੁਝ ਥਾਵਾਂ ਤੋਂ ਏਜੰਟ ਇਸ ਦੀਵਾਰ ਦੇ ਨਾਲ ਬਣਾਈ ਸੁਰੰਗ ਰਾਹੀਂ ਵੀ ਅਮਰੀਕਾ ਵਿੱਚ ਐਂਟਰੀ ਕਰਵਾਉਂਦੇ ਹਨ।
ਅਮਰੀਕਾ ਵਿੱਚ ਦਾਖ਼ਲੇ ਤੋਂ ਬਾਅਦ ਏਜੰਟ ਦਾ ਕੰਮ ਖ਼ਤਮ ਹੋ ਜਾਂਦਾ ਹੈ। ਕਈ ਵਾਰ ਅਮਰੀਕਾ ਵਿੱਚ ਦਾਖ਼ਲੇ ਤੋਂ ਬਾਅਦ ਅਮਰੀਕੀ ਬਾਰਡਰ ਏਜੰਸੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ ਅਤੇ ਕੈਂਪਾਂ ਵਿੱਚ ਰੱਖਦੀ ਹੈ।

ਅਮਰੀਕਾ ਜਾਣ ਦਾ ਦੂਜਾ ਰੂਟ
ਇਸ ਤੋਂ ਇਲਾਵਾ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਦਾ ਇੱਕ ਹੋਰ ਰੂਟ ਯੂਰਪ ਤੋਂ ਹੋ ਕੇ ਵੀ ਜਾਂਦਾ ਹੈ।
ਇਸ ਰੂਟ ਤਹਿਤ ਏਜੰਟ ਨੌਜਵਾਨਾਂ ਨੂੰ ਪਹਿਲਾਂ ਸਪੇਨ ਜਾਂ ਫਿਰ ਹਾਲੈਂਡ ਪਹੁੰਚਾਉਂਦੇ ਹਨ।
ਇੱਥੋਂ ਫਲਾਈਟ ਰਾਹੀਂ ਨੌਜਵਾਨਾਂ ਨੂੰ ਨਿਕਾਰਾਗੁਆ ਪਹੁੰਚਿਆ ਜਾਂਦਾ ਹੈ। ਇੱਥੋਂ ਫਿਰ ਏਜੰਟ ਸਥਾਨਕ ਡੌਂਕਰਾਂ ਨਾਲ ਮਿਲ ਕੇ ਮੈਕਸੀਕੋ ਲੈ ਕੇ ਜਾਂਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












