ਅਮਰੀਕੀ ਸਰਹੱਦ ’ਤੇ ਮਰਨ ਵਾਲੇ ਭਾਰਤੀ ਪਰਿਵਾਰ ਦੇ ਪਿੰਡ ’ਚ ਢਾਈ ਸਾਲ ਬਾਅਦ ਲੋਕ ਪਰਵਾਸ ਬਾਰੇ ਕੀ ਸੋਚਦੇ

ਡਿੰਗੁਚਾ ਪਿੰਡ ਦੇ ਚਾਰ ਜੀਅ, ਜਿਨ੍ਹਾਂ ਦੀ ਮੌਤ ਹੋ ਗਈ ਸੀ।

ਤਸਵੀਰ ਸਰੋਤ, BHARGAV PARIKH/BBC

ਤਸਵੀਰ ਕੈਪਸ਼ਨ, ਇਕੋ ਪਰਿਵਾਰ ਦੇ ਚਾਰ ਜੀਆਂ ਦੀ ਅਮਰੀਕਾ ਸਰਹੱਦ ’ਤੇ ਠੰਢ ਕਾਰਨ ਮੌਤ ਹੋ ਗਈ ਸੀ
    • ਲੇਖਕ, ਭਾਰਗਵ ਪਾਰਿਖ
    • ਰੋਲ, ਬੀਬੀਸੀ ਸਹਿਯੋਗੀ

ਜੇ ਤੁਸੀਂ ਅਹਿਮਦਾਬਾਦ ਤੋਂ ਕਲੋਲ ਤੱਕ ਹਾਈਵੇਅ ’ਤੇ ਸਫਰ ਕਰੋਗੇ ਤਾਂ ਤੁਹਾਨੂੰ ਹਲਚਲ ਭਰਿਆ ਹਾਈਵੇਅ ਮਿਲੇਗਾ।

ਪਰ ਨੰਦਾਸਨ ਦੀ ਤਰ੍ਹਾਂ, ਜਿਵੇਂ-ਜਿਵੇਂ ਤੁਸੀਂ ਡਿੰਗੁਚਾ ਪਿੰਡ ਵੱਲ ਵਧਦੇ ਜਾਓਗੇ, ਟਰੈਫਿਕ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ ਅਤੇ ਝੂਲਾਸਨ (ਸੁਨਿਤਾ ਵਿਲੀਅਮਜ਼ ਦਾ ਪਿੰਡ) ਪਹੁੰਚਣ ’ਤੇ ਇੱਕਾ-ਦੁੱਕਾ ਗੱਡੀਆ ਰਹਿ ਜਾਂਦੀਆਂ ਹਨ।

ਉਥੋਂ ਅੱਗੇ ਵਧਦੇ ਹੋਏ ਤੁਸੀਂ ਡਿੰਗੁਚਾ ਪਿੰਡ ਦੇ ਕਰੀਬ ਪਹੁੰਚਦੇ ਹੋ ਤਾਂ ਤੁਹਾਨੂੰ ਬੰਜਰ ਖੇਤ ਅਤੇ ਉਬੜ-ਖਾਬੜ ਸੜਕਾਂ ਨਜ਼ਰ ਆਉਂਦੀਆਂ ਹਨ।

ਤੁਸੀਂ ਦਿਨੇ ਜਾਂ ਰਾਤ ਨੂੰ ਕਦੇ ਵੀ ਡਿੰਗੁਚਾ ਪਿੰਡ ’ਚ ਦਾਖਲ ਹੋਵੋ, ਇੱਥੇ ਤੁਹਾਨੂੰ ਸੰਨਾਟਾ ਮਿਲੇਗਾ।

ਸੰਨਾਟੇ ਦਾ ਕਾਰਨ ਇਹ ਹੈ ਕਿ ਇਸ ਪਿੰਡ ਦੇ ਬਹੁਤੇ ਪਰਿਵਾਰ ਵਿਦੇਸ਼ ਵਿੱਚ ਰਹਿੰਦੇ ਹਨ। ਪਿੰਡ ਵਿੱਚ ਬਹੁਤ ਸਾਰੇ ਬੁੱਢੇ ਲੋਕ ਹਨ ਅਤੇ ਪਿੰਡ ਦੇ ਹਰ ਘਰ ਵਿੱਚੋਂ ਕੋਈ ਨਾ ਕੋਈ ਮੈਂਬਰ ਵਿਦੇਸ਼ ਵਿੱਚ ਰਹਿੰਦਾ ਹੈ।

ਮਹਿਜ਼ ਪਿੰਡ ਹੀ ਨਹੀਂ, ਡਿੰਗੁਚਾ ਦਾ ਅਧੁਨਿਕ ਪੰਚਾਇਤ ਭਵਨ ਵੀ ਹਮੇਸ਼ਾ ਸ਼ਾਂਤੀ ਨਾਲ ਭਰਿਆ ਰਹਿੰਦਾ ਹੈ। ਜਦੋਂ ਬੀਬੀਸੀ ਦੀ ਟੀਮ ਡਿੰਗੁਚਾ ਪਹੁੰਚੀ ਤਾਂ ਵੀ ਇਹ ਸੰਨਾਟਾ ਸਾਫ਼ ਦਿਖਾਈ ਦੇ ਰਿਹਾ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਐੱਨਆਰਆਈਜ਼ ਦੇ ਪਿੰਡ ਵੱਜੋਂ ਜਾਣਿਆਂ ਜਾਂਦਾ ਡਿੰਗੁਚਾ ਜਨਵਰੀ, 2022 ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ ਜਦੋਂ ਵਿਦੇਸ਼ ਜਾਣ ਦੀ ਹੋੜ ਦਾ ਮਾੜਾ ਪ੍ਰਭਾਵ ਪਿੰਡ ਦੇ ਇੱਕ ਪਰਿਵਾਰ ਨੇ ਹੰਢਾਇਆ ਤੇ ਅੱਜ ਵੀ ਇਸ ਦਾ ਅਸਰ ਪਿੰਡ ’ਤੇ ਸਪੱਸ਼ਟ ਦੇਖਿਆ ਜਾ ਸਕਦਾ ਹੈ।

19 ਜਨਵਰੀ, 2022 ਨੂੰ ਕੈਨੇਡਾ-ਅਮਰੀਕਾ ਸਰਹੱਦ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ। ਸਰਹੱਦ ਪਾਰ ਕਰਦੇ ਸਮੇਂ ਮਾਈਨਸ 35 ਡਿਗਰੀ ਤਾਪਮਾਨ ਵਿੱਚ ਠੰਢ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ।

ਮ੍ਰਿਤਕਾਂ ਦੀ ਪਛਾਣ ਜਗਦੀਸ਼ ਪਟੇਲ, ਵੈਸ਼ਾਲੀ ਪਟੇਲ, ਵਿਹਾਂਗੀ ਪਟੇਲ ਅਤੇ ਧਾਰਮਿਕ ਪਟੇਲ ਵਾਸੀ ਪਿੰਡ ਡਿੰਗੁਚਾ, ਮੋਹਸਾਣਾ ਵਜੋਂ ਹੋਈ ਸੀ।

ਇਸ ਤੋਂ ਬਾਅਦ ਪਿਛਲੇ ਢਾਈ ਸਾਲ ਤੋਂ ਡਿੰਗੁਚਾ ਪਿੰਡ ਲਗਾਤਾਰ ਚਰਚਾ ਵਿੱਚ ਹੈ। ਜਦੋਂ ਵੀ ਅਮਰੀਕਾ ਵਿੱਚ ਗੈਰ-ਕਾਨੂੰਨੀ ਪਰਵਾਸ ਦੀ ਗੱਲ ਆਉਂਦੀ ਹੈ ਤਾਂ ਡਿੰਗੁਚਾ ਦੇ ਵਸਨੀਕਾਂ ਨਾਲ ਹੋਈ ਇਸ ਘਟਨਾ ਦੀ ਚਰਚਾ ਹਮੇਸ਼ਾ ਹੁੰਦੀ ਹੈ।

ਹਾਲ ਹੀ 'ਚ ਅਮਰੀਕੀ ਅਦਾਲਤ ਨੇ ਜਗਦੀਸ਼ ਪਟੇਲ ਅਤੇ ਉਨ੍ਹਾਂ ਦੇ ਪਰਿਵਾਰ ਦੀ ਮੌਤ ਦੇ ਮਾਮਲੇ 'ਚ ਦੋ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਹੁਣ ਦੋਵਾਂ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ।

ਸਰਕਾਰੀ ਪੱਖ ਨੇ ਆਪਣੀ ਦਲੀਲ ਵਿੱਚ ਕਿਹਾ ਕਿ ਜਾਨਲੇਵਾ ਠੰਡ ਦੇ ਬਾਵਜੂਦ ਦੋਵਾਂ ਮੁਲਜ਼ਮਾਂ ਨੇ ਲੋੜੀਂਦੇ ਕਦਮ ਨਹੀਂ ਚੁੱਕੇ ਅਤੇ ਮਨੁੱਖੀ ਜਾਨਾਂ ਨਾਲੋਂ ਮੁਨਾਫ਼ੇ ਨੂੰ ਪਹਿਲ ਦਿੱਤੀ।

ਜਗਦੀਸ਼ ਪਟੇਲ ਦੇ ਪਿੰਡ ਡਿੰਗੁਚਾ ਵਿੱਚ ਦਾਖ਼ਲ ਹੋਣ ’ਤੇ ਬੰਦ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਇੱਕ ਬਜ਼ੁਰਗ ਬਾਹਰ ਆਏ, ਜਿਨ੍ਹਾਂ ਨੇ ਸਾਨੂੰ ਚਾਹ-ਪਾਣੀ ਬਾਰੇ ਪੁੱਛਿਆ। ਪਰ ਜਿਵੇਂ ਹੀ ਅਸੀਂ ਜਗਦੀਸ ਪਟੇਲ ਜਾਂ ਉਨ੍ਹਾਂ ਦੇ ਪਰਿਵਾਰ ਬਾਰੇ ਗੱਲ ਕਰਨੀ ਸ਼ੁਰੂ ਕੀਤੀ, ਉਨ੍ਹਾਂ ਨੇ ਚੁੱਪ ਧਾਰ ਲਈ।

ਇੰਨਾ ਹੀ ਨਹੀਂ ਜੇ ਕੋਈ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪਿੰਡ ਵਾਲੇ ਫ਼ੌਰਨ ਘਰ ਦਾ ਦਰਵਾਜ਼ਾ ਬੰਦ ਕਰ ਲੈਂਦੇ ਹਨ।

ਮ੍ਰਿਤਕ ਦੇ ਪਿਤਾ ਦਾ ਪਿੰਡ ਛੱਡ ਜਾਣਾ

ਡਿੰਗੁਚਾ ਪਿੰਡ

ਤਸਵੀਰ ਸਰੋਤ, BHARGAV PARIKH/BBC

ਤਸਵੀਰ ਕੈਪਸ਼ਨ, ਡਿੰਗੁਚਾ ਇੱਕ ਐੱਨਆਰਆਈ ਪਿੰਡ ਹੈ

ਜਗਦੀਸ਼ ਪਟੇਲ ਦੇ ਪਿਤਾ ਬਲਦੇਵ ਪਟੇਲ ਪਹਿਲਾਂ ਇਸੇ ਪਿੰਡ ਵਿੱਚ ਰਹਿੰਦੇ ਸਨ।

ਡਿੰਗੁਚਾ ਦੇ ਪਿੰਡ ਵਾਸੀ ਉਨ੍ਹਾਂ ਬਾਰੇ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਰਹੇ ਹਨ ਕਿ ਉਹ ਹੁਣ ਕਿੱਥੇ ਰਹਿੰਦੇ ਹਨ।

ਪਿੰਡ ਦੇ ਕਿਨਾਰੇ ’ਤੇ ਸਥਿਤ ਬਲਦੇਵ ਦੇ ਖੇਤ ਵਿੱਚ ਇਸ ਵੇਲੇ ਕੋਈ ਫ਼ਸਲ ਨਹੀਂ ਬੀਜੀ ਜਾ ਰਹੀ।

ਹਾਲਾਂਕਿ ਕੁਝ ਮੁਸ਼ੱਕਤ ਕਰਨ ਮਗਰੋਂ ਬੀਬੀਸੀ ਦੀ ਟੀਮ ਬਲਦੇਵ ਦੇ ਦੋਸਤ 70 ਸਾਲਾ ਨਟੂਭਾਈ ਨੂੰ ਲੱਭਣ ਵਿੱਚ ਕਾਮਯਾਬ ਰਹੀ।

ਜਦੋਂ ਅਸੀਂ ਨਟੂਭਾਈ ਦੇ ਘਰ ਪਹੁੰਚੇ ਤਾਂ ਆਂਢ-ਗੁਆਂਢ ਦੇ ਘਰਾਂ ਦੀਆਂ ਖਿੜਕੀਆਂ 'ਚੋਂ ਗੁਆਂਢੀਆਂ ਦੀਆਂ ਨਜ਼ਰਾਂ ਸਾਡੇ ’ਤੇ ਹੀ ਟਿਕੀਆਂ ਹੋਈਆਂ ਸਨ।

ਉਹ ਪ੍ਰਹਿਲਾਦਨਗਰ ਇਲਾਕੇ ਵਿੱਚ ਆਪਣੇ ਘਰ ਵਿੱਚ ਗੱਲ ਕਰਨ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ ਸਾਨੂੰ ਪਾਦਰ ਪਿੰਡ ਨੇੜੇ ਬਾਂਕਾ ਵਿੱਚ ਮਿਲਣ ਲਈ ਕਿਹਾ।

ਇਸ ਤੋਂ ਬਾਅਦ ਅਸੀਂ ਕਾਫੀ ਦੇਰ ਤੱਕ ਪਿੰਡ ਤੋਂ ਦੂਰ ਉਨ੍ਹਾਂ ਦੀ ਉਡੀਕ ਕਰਦੇ ਰਹੇ। ਆਖਿਰਕਾਰ ਨਟੂਭਾਈ ਉੱਥੇ ਆਏ ਅਤੇ ਉਨ੍ਹਾਂ ਨੇ ਗੱਲਬਾਤ ਸ਼ੁਰੂ ਕੀਤੀ।

ਬੀਬੀਸੀ ਨਾਲ ਗੱਲ ਕਰਦਿਆਂ ਨਟੂਭਾਈ ਪਟੇਲ ਨੇ ਕਿਹਾ, "ਜਦੋਂ ਬਲਦੇਵ ਭਾਈ ਦਾ ਬੇਟਾ ਜਗਦੀਸ਼, ਉਨ੍ਹਾਂ ਦੀ ਪਤਨੀ ਵੈਸ਼ਾਲੀ, ਬੇਟੀ ਵਿਹਾਂਗੀ ਅਤੇ ਬੇਟਾ ਧਾਰਮਿਕ ਅਮਰੀਕਾ ਲਈ ਰਵਾਨਾ ਹੋਏ ਤਾਂ ਉਹ ਕਿਸੇ ਨੂੰ ਦੱਸੇ ਬਿਨਾਂ ਚਲੇ ਗਏ। ਉਹ ਇੱਥੇ ਸਿਰਫ ਇਹ ਕਹਿ ਕੇ ਗਏ ਸਨ ਕਿ ਉਨ੍ਹਾਂ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਹੈ।"

70 ਸਾਲਾ ਨਟੂਭਾਈ ਪਟੇਲ

ਤਸਵੀਰ ਸਰੋਤ, BHARGAV PARIKH/BBC

ਤਸਵੀਰ ਕੈਪਸ਼ਨ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਿਤਾ ਇੱਥੋਂ ਘਰ ਛੱਡ ਕੇ ਚਲੇ ਗਏ ਸਨ

ਉਹ ਕਹਿੰਦੇ ਹਨ,“ਬਲਦੇਵ ਭਾਈ ਦੇ ਕੋਲ 20 ਬਿੱਘੇ ਜ਼ਮੀਨ ਸੀ, ਜਦੋਂਕਿ ਉਨ੍ਹਾਂ ਦਾ ਪੁੱਤਰ ਜਗਦੀਸ਼ ਕਲੋਲ ਵਿੱਚ ਮੌਸਮੀ ਵਸਤਾਂ ਵੇਚਣ ਦਾ ਕਾਰੋਬਾਰ ਕਰਦਾ ਸੀ।”

ਉਹ ਕਹਿੰਦੇ ਹਨ,“ਸਾਡੇ ਪਿੰਡ ਦੇ ਕਈ ਲੋਕ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਂਦੇ ਹਨ। ਉਹ ਵੀ ਉਹੀ ਰਾਸਤੇ ਗਏ ਪਰ ਜਾਨਲੇਵਾ ਠੰਢ ਨੇ ਉਨ੍ਹਾਂ ਦੀ ਜਾਨ ਲੈ ਲਈ।”

"ਫ਼ਿਰ ਗੁਜਰਾਤ ਅਤੇ ਗੁਜਰਾਤ ਤੋਂ ਬਾਹਰੋਂ ਪੁਲਿਸ ਸਾਡੇ ਪਿੰਡ ਆਉਣ ਲੱਗੀ ਅਤੇ ਜਿਸ ਤੋਂ ਬਾਅਦ ਉਹ ਲੋਕ ਆਪਣਾ ਘਰ ਛੱਡ ਕੇ ਚਲੇ ਗਏ। ਇਥੋਂ ਤੱਕ ਕਿ ਉਨ੍ਹਾਂ ਦੇ ਖੇਤਾਂ ਵਿੱਚ ਵੀ ਲੰਬੇ ਸਮੇਂ ਤੋਂ ਵਾਹੀ ਨਹੀਂ ਹੋਈ।"

ਪਿੰਡ ਵਾਸੀਆਂ ’ਚ ਵਿਦੇਸ਼ ਜਾਣ ਦੀ ਚਾਅ ਹਾਲੇ ਵੀ ਬਰਕਰਾਰ

ਸੋਮਾਭਾਈ 25 ਸਾਲ ਪਹਿਲਾਂ ਆਪਣੇ ਬੇਟੇ ਨਾਲ ਅਮਰੀਕਾ ਗਏ ਸਨ

ਤਸਵੀਰ ਸਰੋਤ, BHARGAV PARIKH/BBC

ਤਸਵੀਰ ਕੈਪਸ਼ਨ, ਸੋਮਾਭਾਈ ਨੇ ਅਮਰੀਕਾ ਤੋਂ ਆ ਕੇ ਖੇਤੀ ਕਰਨੀ ਸ਼ੁਰੂ ਕੀਤੀ

ਹਾਲਾਂਕਿ ਨਟੂਭਾਈ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ 'ਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਤੋਂ ਬਾਅਦ ਵੀ ਲੋਕਾਂ ਦੀ ਵਿਦੇਸ਼ ਜਾਣ ਦੀ ਇੱਛਾ ਘੱਟ ਨਹੀਂ ਹੋਈ ਹੈ।

ਉਹ ਕਹਿੰਦੇ ਹਨ,“ਸਾਡੇ ਪਿੰਡ ਦੇ ਲੋਕ ਹਾਲੇ ਵੀ ਵਿਦੇਸ਼ ਜਾਂਦੇ ਹਨ। ਮੇਰੇ ਜਵਾਈ, ਨੂੰਹ ਸਾਰੇ ਅਮਰੀਕਾ ਅਤੇ ਕੈਨੇਡਾ ਵਿੱਚ ਹਨ। ਹਾਲਾਂਕਿ, ਉਹ ਕਾਨੂੰਨੀ ਵੀਜ਼ਾ ਲੈ ਕੇ ਗਏ ਹਨ।”

ਡਿੰਗੁਚਾ ਦਾ ਵਿਦੇਸ਼, ਖ਼ਾਸਕਰ ਅਮਰੀਕਾ-ਕੈਨੇਡਾ ਜਾਣ ਦਾ ਚਲਣ ਕੋਈ ਨਵਾਂ ਨਹੀਂ ਹੈ।

ਨਟੂਭਾਈ ਕਹਿੰਦੇ ਹਨ, "ਇਥੋਂ ਦੇ ਲੋਕਾਂ ਵਿੱਚ ਅਮਰੀਕਾ ਜਾਣ ਦੀ ਖਿੱਚ 1975 ਤੋਂ ਸ਼ੁਰੂ ਹੋਈ। ਹੌਲੀ-ਹੌਲੀ ਅਸੀਂ ਹੀ ਨਹੀਂ, ਸਗੋਂ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਪੈਸੇ ਕਮਾਉਣ ਲਈ ਵਿਦੇਸ਼ ਜਾਣ ਲੱਗੇ।"

"ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਇਕੱਠੇ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਕਈ ਲੋਕ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਂਦੇ ਹੋਏ ਮਰ ਚੁੱਕੇ ਹਨ ਪਰ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਉਹ ਇੱਕ-ਦੂਜੇ ਨੂੰ ਜਾਣਦੇ ਹਨ।"

“ਪਹਿਲਾਂ ਇਹ ਵਰਤਾਰਾ ਪਾਟੀਦਾਰ ਭਾਈਚਾਰੇ ਤੱਕ ਸੀਮਿਤ ਸੀ ਪਰ ਹੁਣ ਪਾਟੀਦਾਰਾਂ ਤੋਂ ਇਲਾਵਾ ਹੋਰ ਜਾਤਾਂ ਦੇ ਲੋਕ ਵੀ ਵਿਦੇਸ਼ ਜਾਣ ਲੱਗੇ ਹਨ। ਇਸ ਲਈ ਰੌਲਾ ਹੋਰ ਵੱਧ ਗਿਆ ਹੈ ਅਤੇ ਮਾਮਲਾ ਪੁਲਿਸ ਕੇਸ ਤੱਕ ਪਹੁੰਚ ਜਾਂਦਾ ਹੈ। ਪਹਿਲਾਂ ਅਜਿਹਾ ਨਹੀਂ ਹੁੰਦਾ ਸੀ।"

ਪੰਚਾਇਤ ਅਫਸਰ ਨੇ ਕੀ ਕਿਹਾ?

ਬੀਡੀਪੀਓ ਜੈਏਸ਼ ਚੌਧਰੀ

ਤਸਵੀਰ ਸਰੋਤ, BHARGAV PARIKH/BBC

ਤਸਵੀਰ ਕੈਪਸ਼ਨ, ਬੀਡੀਪੀਓ ਜੈਏਸ਼ ਚੌਧਰੀ ਮੁਤਾਬਕ ਡਿੰਗੁਚਾ ਵਿੱਚ ਹੁਣ ਜ਼ਿਆਦਾਤਰ ਬਜ਼ੁਰਗ ਹੀ ਰਹਿ ਗਏ ਹਨ

ਬੀਬੀਸੀ ਨੇ ਡਿੰਗੂਚਾ ਇਲਾਕੇ ਦੇ ਬਲਾਕ ਡਿਵੈਲਪਮੈਂਟ ਤੇ ਪੰਚਾਇਤ ਅਫ਼ਸਰ (ਬੀਡੀਪੀਓ) ਨਾਲ ਵੀ ਸੰਪਰਕ ਕੀਤਾ।

ਬੀਡੀਪੀਓ ਜੈਏਸ਼ ਚੌਧਰੀ ਨੇ ਕਿਹਾ, “ਇਹ ਇੱਕ ਐੱਨਆਰਆਈ ਪਿੰਡ ਹੈ ਅਤੇ ਪਿੰਡ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ ਵਿੱਚ ਹਨ ਅਤੇ ਵੱਡੀ ਗਿਣਤੀ ਲੋਕ ਸ਼ਹਿਰਾਂ ਵਿੱਚ ਵਸ ਗਏ ਹਨ। ਇਸੇ ਕਰਕੇ ਇਨ੍ਹਾਂ ਪਿੰਡਾਂ ਵਿੱਚ ਬਹੁਤੇ ਬਜ਼ੁਰਗ ਹੀ ਰਹਿੰਦੇ ਹਨ।”

“ਇਸ ਇਲਾਕੇ ਵਿੱਚ ਕਈ ਲੋਕ ਬਚੇ ਹਨ ਜੋ ਖੇਤੀ ਕਰ ਰਹੇ ਹਨ ਪਰ ਇੱਥੇ ਇਹ ਕਿੱਤਾ ਮੌਨਸੂਨ ਉੱਤੇ ਹੀ ਨਿਰਭਰ ਹੈ।”

ਉਹ ਕਹਿੰਦੇ ਹਨ, “ਸਾਡੇ ਕੋਲ ਇਸ ਗੱਲ ਦਾ ਰਿਕਾਰਡ ਨਹੀਂ ਹੈ ਕਿ ਪਿੰਡ ਦੇ ਲੋਕ ਕਿੱਥੇ ਕਿੱਥੇ ਜਾ ਕੇ ਵਸੇ ਹਨ। ਦੀਵਾਲੀ ਦੌਰਾਨ ਦੇਸ਼-ਵਿਦੇਸ਼ ਅਤੇ ਹੋਰ ਸ਼ਹਿਰਾਂ ਤੋਂ ਲੋਕ ਪਿੰਡ ਆਉਂਦੇ ਹਨ।”

ਗੈਰ-ਕਾਨੂੰਨੀ ਪਰਵਾਸ ਕਰਵਾਉਣ ਵਾਲਿਆਂ ਦਾ ਰੈਕੇਟ ਕਿਵੇਂ ਕੰਮ ਕਰਦਾ ਹੈ?

ਮਹਿਸਾਣਾ ਵਿੱਚ ਚੱਲ ਰਹੇ ਪੂਰੇ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਘੁਟਾਲੇ ਬਾਰੇ ਗੱਲ ਕਰਦੇ ਹੋਏ, ਇਲਾਕੇ ਦੇ ਇੱਕ ਸਮਾਜਿਕ ਕਾਰਕੁੰਨ ਡੀਕੇ ਪਟੇਲ ਨੇ ਬੀਬੀਸੀ ਨੂੰ ਦੱਸਿਆ, “ਮਹਿਸਾਣਾ ਜ਼ਿਲ੍ਹੇ ਵਿੱਚ ਪਰਵਾਸ ਨੂੰ ਲੈਕੇ ਲੋਕ ਬਹੁਤ ਉਤਸ਼ਾਹਿਤ ਰਹਿੰਦੇ ਹਨ। ਇੱਥੇ ਹਰ ਪਿੰਡ ਵਿੱਚ ਏਜੰਟ ਰਹਿੰਦੇ ਹਨ।"

ਉਹ ਅੱਗੇ ਕਹਿੰਦੇ ਹਨ, “ਏਜੰਟ ਪਿੰਡਾਂ ਵਿੱਚ ਬੇਰੁਜ਼ਗਾਰ ਜਾਂ ਛੋਟੀਆਂ ਨੌਕਰੀਆਂ ਕਰਨ ਵਾਲੇ ਲੋਕਾਂ ਦੀ ਭਾਲ ਕਰਦੇ ਹਨ, ਤਾਂ ਜੋ ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਿਆ ਜਾ ਸਕੇ। ਉਹ ਉਨ੍ਹਾਂ ਤੋਂ ਕਮਿਸ਼ਨ ਵਜੋਂ ਲੱਖਾਂ ਰੁਪਏ ਲੈਂਦੇ ਹਨ।”

“ਛੋਟੇ ਪੱਧਰ ਉੱਤੇ ਕੰਮ ਕਰਨ ਵਾਲੇ ਏਜੰਟ ਉਨ੍ਹਾਂ ਨੂੰ ਅਹਿਮਦਾਬਾਦ ਦੇ ਇੱਕ ਵੱਡੇ ਏਜੰਟ ਕੋਲ ਲੈ ਜਾਂਦੇ ਹਨ। ਅਹਿਮਦਾਬਾਦ ਦੇ ਏਜੰਟ ਉਨ੍ਹਾਂ ਦਾ ਰਾਬਤਾ ਮੁੰਬਈ ਅਤੇ ਦਿੱਲੀ ਦੇ ਏਜੰਟਾਂ ਨਾਲ ਕਰਵਾਉਂਦਾ ਹੈ।"

ਡਿੰਗੁਚਾ ਪਿੰਡ

ਤਸਵੀਰ ਸਰੋਤ, BHARGAV PARIKH/BBC

ਤਸਵੀਰ ਕੈਪਸ਼ਨ, ਡਿੰਗੁਚਾ ਵਿੱਚ ਅਕਸਰ ਸੰਨਾਟਾ ਰਹਿੰਦਾ ਹੈ

“ਅਮਰੀਕਾ ਜਾਣ ਤੋਂ ਬਾਅਦ, ਛੋਟੇ ਏਜੰਟ ਨੂੰ ਉਸਦੀ ਪੂਰੀ ਅਦਾਇਗੀ ਮਿਲਦੀ ਹੈ।”

“ਦੂਜੇ ਸ਼ਬਦਾਂ ਵਿੱਚ, ਜੇਕਰ ਇੱਕ ਪਿੰਡ ਵਿੱਚ ਰਹਿਣ ਵਾਲਾ ਇੱਕ ਛੋਟਾ ਏਜੰਟ ਇੱਕ ਸਾਲ ਵਿੱਚ ਦੋ ਲੋਕਾਂ ਨੂੰ ਵੀ ਵਿਦੇਸ਼ ਭੇਜਦਾ ਹੈ, ਤਾਂ ਉਹ ਇੱਕ ਵਾਰ ਵਿੱਚ 10 ਲੱਖ ਰੁਪਏ ਕਮਾ ਸਕਦਾ ਹੈ। ਇਸ ਲਈ ਛੋਟੇ ਏਜੰਟਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।"

ਡੀ.ਕੇ. ਪਟੇਲ ਕਹਿੰਦੇ ਹਨ, “ਇੱਥੇ ਲੋਕ ਗ਼ੈਰ-ਕਾਨੂੰਨੀ ਢੰਗ ਨਾਲ ਜਾਣ ਲਈ ਦੋ ਰਸਤਿਆਂ ਦੀ ਵਰਤੋਂ ਕਰਦੇ ਹਨ। ਜੇ ਉਹ ਨੌਜਵਾਨ ਹਨ, ਤਾਂ ਉਨ੍ਹਾਂ ਨੂੰ ਕੈਨੇਡਾ ਦਾ ਵਿਦਿਆਰਥੀ ਵੀਜ਼ਾ ਦਿਵਾ ਕੇ ਭੇਜਿਆ ਜਾਂਦਾ ਹੈ।”

“ਜੇ ਉਹ ਵੱਡੀ ਉਮਰ ਦੇ ਹਨ, ਇਸ ਲਈ ਉਹ ਦੁਬਈ ਤੋਂ ਵਿਨੀਪੈਗ ਲਈ ਇੱਕ ਜਹਾਜ਼ ਕਿਰਾਏ 'ਤੇ ਲੈਂਦੇ ਹਨ ਅਤੇ ਉਨ੍ਹਾਂ ਨੂੰ ਸਰਹੱਦ ਪਾਰ ਲੈ ਜਾਂਦੇ ਹਨ।"

ਉਹ ਅੱਗੇ ਦੱਸਦੇ ਹਨ, “ਜੋ ਲੋਕ ਸਰਹੱਦ ਪਾਰ ਕਰਕੇ ਅਮਰੀਕਾ ਪਹੁੰਚਦੇ ਹਨ, ਉੱਥੋਂ ਦੇ ਏਜੰਟ ਉਨ੍ਹਾਂ ਨੂੰ ਕਾਰਾਂ 'ਚ ਬਿਠਾ ਕੇ ਸ਼ਿਕਾਗੋ, ਲਾਸ ਏਂਜਲਸ ਵਰਗੀਆਂ ਥਾਵਾਂ 'ਤੇ ਲੈ ਜਾਂਦੇ ਹਨ ਅਤੇ ਵੀਡੀਓ ਕਾਲ ਕਰ ਕੇ ਪੁਸ਼ਟੀ ਕਰਦੇ ਹਨ ਕਿ ਉਹ ਪਹੁੰਚ ਗਏ ਹਨ।”

“ਹਾਲਾਂਕਿ, ਹਰ ਕੋਈ ਇਸ ਤਰ੍ਹਾਂ ਸਰਹੱਦ ਪਾਰ ਨਹੀਂ ਕਰ ਪਾਉਂਦਾ। ਇਸ ਤੋਂ ਪਹਿਲਾਂ ਵੀ ਕਈ ਲੋਕ ਫੜੇ ਜਾ ਚੁੱਕੇ ਹਨ।”

ਡੀਕੇ ਪਟੇਲ ਕਹਿੰਦੇ ਹਨ, ''ਇਸ ਤਰ੍ਹਾਂ ਫੜੇ ਜਾਣ ਵਾਲੇ ਲੋਕਾਂ ਨਾਲ ਅਕਸਰ ਬੁਰਾ ਸਲੂਕ ਕੀਤਾ ਜਾਂਦਾ ਹੈ, ਇੱਥੋਂ ਤੱਕ ਕਿ ਤਸੀਹੇ ਤੱਕ ਵੀ ਦਿੱਤੇ ਜਾਂਦੇ ਹਨ। ਫਿਰ ਵੀ ਇੱਥੋਂ ਦੇ ਲੋਕ ਪੁਲਿਸ ਕੋਲ ਸ਼ਿਕਾਇਤ ਨਹੀਂ ਕਰਦੇ।”

“ਮਹਿਸਾਣਾ ਦੇ ਕਈ ਪਿੰਡ ਅਜਿਹੇ ਹਨ ਜਿੱਥੋਂ ਦੇ ਲੋਕ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਂਦੇ ਹਨ। ਪਰ ਧੋਖਾ ਖਾਣ ਤੋਂ ਬਾਅਦ ਵੀ ਉਹ ਅਜਿਹਾ ਨਹੀਂ ਕਰਦੇ।"

ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਏ ਹਨ

ਏਜੰਟ ਪਿੰਡਾਂ ਵਿੱਚ ਬੇਰੁਜ਼ਗਾਰ ਨੌਜਵਾਨਾਂ ਦੀ ਭਾਲ ਵਿੱਚ ਰਹਿੰਦੇ ਹਨ

ਤਸਵੀਰ ਸਰੋਤ, BHARGAV PARIKH/BBC

ਤਸਵੀਰ ਕੈਪਸ਼ਨ, ਏਜੰਟ ਪਿੰਡਾਂ ਵਿੱਚ ਬੇਰੁਜ਼ਗਾਰ ਨੌਜਵਾਨਾਂ ਦੀ ਭਾਲ ਵਿੱਚ ਰਹਿੰਦੇ ਹਨ

ਨੌਕਰੀ ਦੀ ਭਾਲ ਵਿੱਚ ਅਮਰੀਕਾ ਗਏ ਚਿੰਤਨ ਪ੍ਰਜਾਪਤੀ ਨੂੰ ਪਾਲਨਪੁਰ ਵਿੱਚ ਇੱਕ ਏਜੰਟ ਨੇ ਠੱਗੀ ਮਾਰੀ।

ਪਾਲਨਪੁਰ ਨੇੜਲੇ ਪਿੰਡ ਚਿਤਰਾਸਣ ਦੇ ਰਹਿਣ ਵਾਲੇ ਚਿੰਤਨ ਪ੍ਰਜਾਪਤੀ ਮਕੈਨੀਕਲ ਇੰਜੀਨੀਅਰ ਹਨ।

ਪਰ ਯੋਗ ਨੌਕਰੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਵਿਦੇਸ਼ ਜਾਣ ਦਾ ਫ਼ੈਸਲਾ ਲੈਣਾ ਪਿਆ। ਚਿੰਤਨ ਦੇ ਪਿਤਾ ਕੇਤਨਭਾਈ ਪ੍ਰਜਾਪਤੀ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ।

ਆਪਣੇ ਪੁੱਤਰ ਦੇ ਭਵਿੱਖ ਲਈ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲਏ ਅਤੇ ਉਸ ਨੂੰ ਵਿਦੇਸ਼ ਭੇਜਣ ਦੀ ਤਿਆਰੀ ਕਰ ਲਈ।

ਇੱਕ ਏਜੰਟ ਨੇ ਭਰੋਸਾ ਦਿੱਤਾ ਕਿ ਉਹ ਪਹਿਲਾਂ ਇਸ ਨੂੰ ਸਿੰਗਾਪੁਰ ਲੈ ਜਾਵੇਗਾ ਅਤੇ ਫਿਰ ਸਿੰਗਾਪੁਰ ਦੀ ਇੱਕ ਕੰਪਨੀ ਤੋਂ ਟਰਾਂਸਫ਼ਰ ਲੈਟਰ ਲੈ ਕੇ ਅਮਰੀਕਾ ਭੇਜ ਦੇਵੇਗਾ।

ਬੀਬੀਸੀ ਨਾਲ ਗੱਲ ਕਰਦਿਆਂ ਚਿੰਤਨ ਪ੍ਰਜਾਪਤੀ ਨੇ ਦੱਸਿਆ, ''ਇਹ ਏਜੰਟ ਸਾਨੂੰ ਪਹਿਲਾਂ ਮਲੇਸ਼ੀਆ ਲੈ ਗਿਆ ਅਤੇ ਉੱਥੋਂ ਸਿੰਗਾਪੁਰ। ਅਸੀਂ ਇੱਕ ਹਫ਼ਤਾ ਇੱਥੇ ਰਹੇ।”

“ਉਨ੍ਹਾਂ ਕਿਹਾ ਕਿ ਸਾਨੂੰ ਵਰਕ ਪਰਮਿਟ ਨਹੀਂ ਮਿਲਿਆ। ਇਸ ਲਈ ਉਹ ਸਾਨੂੰ ਭਾਰਤ ਵਾਪਸ ਲੈ ਆਏ ਅਤੇ ਇੱਕ ਹਫ਼ਤਾ ਮੁੰਬਈ ਵਿੱਚ ਰੱਖਿਆ।"

ਉਹ ਦੱਸਦੇ ਹਨ, “ਸਾਨੂੰ ਇਹ ਵੀ ਕਿਹਾ ਗਿਆ ਸੀ ਕਿ ਅਸੀਂ ਪਰਿਵਾਰ ਨੂੰ ਨਾ ਦੱਸੀਏ ਕਿ ਅਸੀਂ ਭਾਰਤ ਵਾਪਸ ਆ ਗਏ ਹਾਂ, ਨਹੀਂ ਤਾਂ ਸਾਨੂੰ ਵਰਕ ਪਰਮਿਟ ਨਹੀਂ ਮਿਲੇਗਾ।”

“ਜਦੋਂ ਅਸੀਂ ਏਜੰਟ 'ਤੇ ਦਬਾਅ ਪਾਇਆ ਤਾਂ ਉਸ ਨੇ ਸਾਡੇ ਲਈ ਫਰਜ਼ੀ ਵਰਕ ਪਰਮਿਟ ਬਣਾਏ ਅਤੇ ਸਾਨੂੰ ਵਾਪਸ ਸਿੰਗਾਪੁਰ ਲੈ ਗਿਆ।”

“ਉੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਸਾਡੇ ਕੋਲ ਅਸਲ ਵਿੱਚ ਵਰਕ ਪਰਮਿਟ ਨਹੀਂ ਸੀ, ਬਲਕਿ ਸਿਰਫ਼ ਇੱਕ ਵਿਜ਼ਟਰ ਵੀਜ਼ਾ ਸੀ। ਜਦੋਂ ਅਸੀਂ ਏਜੰਟ ਨਾਲ ਬਹਿਸ ਕੀਤੀ ਤਾਂ ਉਸ ਨੇ ਹੱਥ ਖੜ੍ਹੇ ਕਰ ਦਿੱਤੇ।"

“ਇਸ ਲਈ ਮੈਂ ਭਾਰਤ ਵਾਪਸ ਆ ਗਿਆ ਅਤੇ ਆਪਣੇ ਪਿਤਾ ਨਾਲ ਗੱਲ ਕੀਤੀ।”

ਚਿੰਤਨ ਪ੍ਰਜਾਪਤੀ ਦੇ ਪਿਤਾ ਕੇਤਨ ਪ੍ਰਜਾਪਤੀ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਪੈਸੇ ਡੁੱਬ ਗਏ। ਅਸੀਂ ਉਧਾਰ ਲਿਆ ਪੈਸਾ ਮੋੜਨਾ ਸੀ ਅਤੇ ਸੋਨਾ ਗਹਿਣੇ ਰੱਖ ਕੇ ਲੋਕਾਂ ਦੇ ਪੈਸੇ ਮੋੜੇ।”

“ਪਰ ਫਿਰ ਅਸੀਂ ਹਿੰਮਤ ਕੀਤੀ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਅਜੇ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।"

ਜਦੋਂ ਇਕ ਹੋਰ ਪਰਿਵਾਰ ਨਾਲ ਵਾਪਰਿਆ ਹਾਦਸਾ

ਪਰਿਵਾਰ ਦੇ ਖੇਤਾਂ ਵਿੱਚ ਕੋਈ ਵੀ ਫਸਲ ਨਹੀਂ ਬੀਜੀ ਹੋਈ ਹੈ

ਤਸਵੀਰ ਸਰੋਤ, BHARGAV PARIKH/BBC

ਤਸਵੀਰ ਕੈਪਸ਼ਨ, ਪਰਿਵਾਰ ਦੇ ਖੇਤਾਂ ਵਿੱਚ ਕੋਈ ਵੀ ਫਸਲ ਨਹੀਂ ਬੀਜੀ ਹੋਈ ਹੈ

ਇੱਕ ਹੋਰ ਦਿਲ ਦਹਿਲਾਉਣ ਵਾਲਾ ਮਾਮਲਾ ਬੀਜਾਪੁਰ ਪਿੰਡ ਦਾ ਹੈ।

ਬੀਜਾਪੁਰ ਦੇ ਕਿਸਾਨ ਪ੍ਰਵੀਨ ਚੌਧਰੀ ਅਤੇ ਉਨ੍ਹਾਂ ਦੀ ਪਤਨੀ ਵਿਧੀ ਚੌਧਰੀ ਨੂੰ ਇੱਕ ਏਜੰਟ ਨੇ ਭਾਰਤ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦਾ ਲਾਰਾ ਲਾਇਆ ਸੀ।

ਪ੍ਰਵੀਨ ਚੌਧਰੀ ਦਾ ਬੇਟਾ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ।

ਇਸ ਲਈ ਪ੍ਰਵੀਨ ਅਤੇ ਵਿਧੀ ਨੇ ਅਮਰੀਕਾ ਜਾ ਕੇ ਵਸਣ ਦਾ ਫ਼ੈਸਲਾ ਲਿਆ ਅਤੇ ਸੋਚਿਆ ਕਿ ਬੇਟੇ ਨੂੰ ਬਾਅਦ ਵਿੱਚ ਬੁਲਾ ਲੈਣਗੇ।

ਪ੍ਰਵੀਨ ਚੌਧਰੀ ਨੇ ਆਪਣੇ ਭਰਾ ਅਸ਼ਵਿਨ ਚੌਧਰੀ ਨੂੰ ਵੱਟਸਐਪ 'ਤੇ ਮੈਸੇਜ ਭੇਜਿਆ ਸੀ ਕਿ ਏਜੰਟ ਉਸ ਨੂੰ ਖ਼ਰਾਬ ਮਾਹੌਲ 'ਚ ਅਮਰੀਕਾ ਲੈ ਗਿਆ ਅਤੇ ਕੈਨੇਡਾ ਜਾਣ ਤੋਂ ਬਾਅਦ ਉਨ੍ਹਾਂ ਨੂੰ ਖਾਣਾ ਵੀ ਨਹੀਂ ਦਿੱਤਾ।

ਅਚਾਨਕ ਪ੍ਰਵੀਨ ਤੇ ਉਨ੍ਹਾਂ ਦੀ ਪਤਨੀ ਦੇ ਫ਼ੋਨ ਬੰਦ ਹੋ ਗਏ ਅਤੇ ਇਸ ਤੋਂ ਬਾਅਦ ਅਗਲੀ ਖ਼ਬਰ ਪਰਿਵਾਰ ਨੂੰ ਦੋਵਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਮਿਲੀ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਤਰੀਕੇ ਨਾਲ ਸਰਹੱਦ ਪਾਰ ਕਰਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ ਸੀ।

ਅਸ਼ਵਿਨ ਚੌਧਰੀ ਨੇ ਏਜੰਟ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਫਿਲਹਾਲ ਇਹ ਮਾਮਲਾ ਮਹਿਸਾਣਾ ਦੀ ਅਦਾਲਤ 'ਚ ਚੱਲ ਰਿਹਾ ਹੈ।

ਮਹਿਸਾਣਾ ਦੇ ਮੁੱਖ ਸਰਕਾਰੀ ਵਕੀਲ ਅਮਿਤ ਬਾਰੋਟ ਨੇ ਬੀਬੀਸੀ ਨੂੰ ਦੱਸਿਆ, "ਮਾਮਲਾ ਅਦਾਲਤ ਵਿੱਚ ਹੈ। ਹੁਣ ਤੱਕ ਤਕਰੀਬਨ ਸਾਰੇ ਮਾਮਲਿਆਂ ਵਿੱਚ ਗਵਾਹਾਂ ਦੇ ਬਿਆਨ ਦਰਜ ਹੋ ਚੁੱਕੇ ਹਨ ਅਤੇ ਮਾਮਲੇ ਦੀ ਅਗਲੀ ਸੁਣਵਾਈ ਦਸੰਬਰ ਵਿੱਚ ਹੋਵੇਗੀ।”

ਅਮਰੀਕਾ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਕਿੰਨੀ ਹੈ?

ਵਾਸ਼ਿੰਗਟਨ ਡੀਸੀ ਸਥਿਤ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ 2021 ਦੀ ਰਿਪੋਰਟ ਦੇ ਅਨੁਸਾਰ, ਭਾਰਤੀਆਂ ਤੋਂ ਇਲਾਵਾ ਅਮਰੀਕਾ ਵਿੱਚ ਦਾਖਲਾ ਲੈਣ ਦੇ ਚਾਹਵਾਨ ਨਾਗਰਿਕਾਂ ਦੀ ਗਿਣਤੀ ਲਗਾਤਾਰ ਵਧੀ ਹੈ।

ਸੰਸਥਾ ਦੇ ਮੁਤਾਬਕ ਅਕਤੂਬਰ 2022 ਤੱਕ ਮੈਕਸੀਕਨ ਬਾਰਡਰ 'ਤੇ 18 ਹਜ਼ਾਰ 300 ਭਾਰਤੀ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਫੜੇ ਗਏ ਸਨ।

ਇੱਕ ਪਾਸੇ ਜਿੱਥੇ ਇਸ ਸਾਲ 59 ਹਜ਼ਾਰ ਤੋਂ ਵੱਧ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਹੈ। ਦੂਜੇ ਪਾਸੇ ਸਾਲ 2022-23 'ਚ ਇਸ ਤੋਂ ਦੁੱਗਣੇ 96 ਹਜ਼ਾਰ 917 ਭਾਰਤੀ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੁੰਦੇ ਫੜੇ ਗਏ।

ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਵਿੱਚ ਇਹ ਖੁਲਾਸਾ ਹੋਇਆ ਹੈ।

ਅੰਦਾਜ਼ਿਆਂ ਮੁਤਾਬਕ (2019 ਤੱਕ), ਲਗਭਗ 1.1 ਕਰੋੜ ਲੋਕ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਹਨ,

ਜਿਨ੍ਹਾਂ ਵਿੱਚ ਭਾਰਤੀਆਂ ਦੀ ਗਿਣਤੀ 5.53 ਲੱਖ ਹੈ। ਜੋ ਕੁੱਲ ਗੈਰ ਕਾਨੂੰਨੀ ਲੋਕਾਂ ਦਾ ਪੰਜ ਫ਼ੀਸਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)