ਇੱਕ ਮਾਂ ਨੇ ਕਿਵੇਂ ਬੱਚੀ ਨੂੰ ਤਿੰਨ ਸਾਲ ਤੱਕ ਦਰਾਜ਼ ’ਚ ਬੰਦ ਰੱਖਿਆ, ਬੱਚੀ ਜ਼ਿੰਦਾ ਕਿਵੇਂ ਰਹੀ

ਤਸਵੀਰ ਸਰੋਤ, CPS
ਉਹ ਮਾਂ ਜਿਸ ਨੇ ਆਪਣੀ ਨਵਜੰਮੀ ਧੀ ਨੂੰ ਉਸ ਦੇ ਜੀਵਨ ਦੇ ਪਹਿਲੇ ਤਿੰਨ ਸਾਲਾਂ ਤੱਕ ਇੱਕ ਦਰਾਜ਼ ਵਿੱਚ ਛੁਪਾਈ ਰੱਖਿਆ, ਨੂੰ ਇਸ ‘ਵੱਡੀ ਅਣਗਹਿਲੀ’ ਦੇ ਦੋਸ਼ ਵਿੱਚ ਸਾਢੇ ਸੱਤ ਸਾਲ ਦੀ ਜੇਲ੍ਹ ਹੋਈ ਹੈ।
ਲੜਕੀ ਦੇ ਵਕੀਲਾਂ ਨੇ ਕਿਹਾ, “ਉਸ ਥਾਂ ’ਤੇ ਕਦੇ ਵੀ ਦਿਨ ਦੀ ਰੋਸ਼ਨੀ ਜਾਂ ਤਾਜ਼ੀ ਹਵਾ ਨਹੀਂ ਪਹੁੰਚੀ ਸੀ, ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਚੇਸ਼ਾਇਰ ਵਿੱਚ ਉਨ੍ਹਾਂ ਦੇ ਘਰ ਆਏ ਇੱਕ ਮਹਿਮਾਨ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ।”
ਲੜਕੀ ਦੀ ਸੁਰੱਖਿਆ ਲਈ ਉਸਦੇ ਪਰਿਵਾਰ ਦੇ ਮੈਂਬਰਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ।
ਯੂਕੇ ਦੇ ਚੈਸਟਰ ਕਰਾਊਨ ਕੋਰਟ ਵਿੱਚ ਲੜਕੀ ਦੀ ਮਾਂ ਨੂੰ ਸਜ਼ਾ ਸੁਣਾਈ ਗਈ ਸੀ, ਜਿਸ ਨੇ ਪਿਛਲੀ ਸੁਣਵਾਈ ਦੌਰਾਨ ਬੱਚੇ ਨਾਲ ਬੇਰਹਿਮੀ ਦੇ ਚਾਰ ਦੋਸ਼ਾਂ ਨੂੰ ਸਵੀਕਾਰ ਕੀਤਾ ਸੀ।
ਜੱਜ ਸਟੀਵਨ ਐਵਰੇਟ ਨੇ ਕਿਹਾ, “ਔਰਤ ਨੇ ਬੱਚੀ ਨੂੰ ਕਦੇ ਪਿਆਰ ਨਹੀਂ ਦਿੱਤਾ, ਉਚਿਤ ਖੁਰਾਕ ਨਹੀਂ ਦਿੱਤੀ, ਉਸ ਦੀ ਜ਼ਰੂਰੀ ਦੇਖਭਾਲ ਨਹੀਂ ਕੀਤੀ, ਜ਼ਰੂਰੀ ਡਾਕਟਰੀ ਸਹਾਇਤਾ ਤੋਂ ਦੂਰ ਰੱਖਿਆ।”

ਉਨ੍ਹਾਂ ਅੱਗੇ ਕਿਹਾ,“ਇੱਕ ਬੁੱਧੀਮਾਨ ਛੋਟੀ ਬੱਚੀ ਹੁਣ ਹੌਲੀ-ਹੌਲੀ ਅਸਲ ਜੀਵਨ ਵਿੱਚ ਆ ਰਹੀ ਹੈ, ਜੋ ਕਮਰੇ ਵਿੱਚ ਲਗਭਗ ਇੱਕ ਜ਼ਿੰਦਾ ਲਾਸ਼ ਬਣ ਗਈ ਸੀ।”
ਅਦਾਲਤ ਨੂੰ ਦੱਸਿਆ ਗਿਆ ਕਿ ਉਕਤ ਮਾਂ ਨੇ ਆਪਣੇ ਭੈਣ-ਭਰਾਵਾਂ ਤੋਂ ਬੱਚੀ ਨੂੰ ਛੁਪਾ ਕੇ ਦੀਵਾਨ ਬੈੱਡ ਦੇ ਦਰਾਜ਼ ਵਿੱਚ ਰੱਖਿਆ। ਉਸ ਨੇ ਆਪਣੇ ਸਾਥੀ ਤੋਂ ਵੀ ਇਸ ਨੂੰ ਗੁਪਤ ਰੱਖਿਆ, ਜੋ ਅਕਸਰ ਘਰ ਵਿੱਚ ਰਹਿੰਦਾ ਸੀ।
ਕਰਾਊਨ ਪ੍ਰੌਸੀਕਿਊਸ਼ਨ ਸਰਵਿਸ ਦੀ ਰੇਚਲ ਵਰਥਿੰਗਟਨ ਨੇ ਦੱਸਿਆ ਕਿ ਜਦੋਂ ਬੱਚੀ ਨੂੰ ਲੱਭਿਆ ਗਿਆ ਤਾਂ ਉਹ ਆਪਣਾ ਨਾਂ ਪੁੱਛਣ ’ਤੇ ਕੋਈ ਪ੍ਰਤੀਕਿਰਿਆ ਨਹੀਂ ਸੀ ਦਿੰਦੀ ਅਤੇ ਉਸ ਨੂੰ ਲੋੜੀਂਦੇ ਭੋਜਨ ਤੋਂ ਲੰਬੇ ਸਮੇਂ ਤੱਕ ਦੂਰ ਕਰ ਕੇ ਇਕੱਲਾ ਛੱਡ ਦਿੱਤਾ ਜਾਂਦਾ ਸੀ।
ਬੇਹੱਦ ਘਣੌਨੀ ਘਟਨਾ

ਤਸਵੀਰ ਸਰੋਤ, PA Media
ਅਦਾਲਤ ਨੂੰ ਦੱਸਿਆ ਗਿਆ ਕਿ ਬੱਚੀ ਗੰਭੀਰ ਕੁਪੋਸ਼ਣ ਦੀ ਸ਼ਿਕਾਰ ਹੋ ਗਈ ਸੀ। ਉਸ ਦੀ ਹਾਲਤ ਇੱਥੋਂ ਤੱਕ ਮਾੜੀ ਹੋ ਗਈ ਸੀ ਕਿ ਉਸ ਨੂੰ ਦੇਖਣ ’ਤੇ ਉਹ ਸੱਤ ਮਹੀਨਿਆਂ ਦੀ ਬੱਚੀ ਲੱਗ ਰਹੀ ਸੀ ਨਾ ਕਿ ਤਿੰਨ ਸਾਲ ਦੀ ਲੜਕੀ।
ਉਸ ਨੂੰ ਸਰਿੰਜ ਰਾਹੀਂ ਦੁੱਧ ਵਾਲਾ ਵੀਟਾਬਿਕਸ ਖੁਆਇਆ ਜਾਂਦਾ ਸੀ।
ਬੱਚੀ ਦੇ ਤਾਲੂਏ ਵਿੱਚ ਦਰਾਰ ਪਈ ਹੋਈ ਸੀ ਤੇ ਉਸ ਨੂੰ ਹੋਰ ਵੀ ਕਈ ਸਿਹਤ ਸਬੰਧੀ ਪ੍ਰੇਸ਼ਾਨੀਆਂ ਸਨ, ਜਿਸ ਬਾਰੇ ਉਸ ਦੀ ਮਾਂ ਨੇ ਕਦੇ ਡਾਕਟਰੀ ਸਲਾਹ ਨਹੀਂ ਲਈ ਸੀ।
ਇਹ ਜੁਰਮ 2020 ਦੀ ਸ਼ੁਰੂਆਤ ਤੋਂ 2023 ਦੇ ਸ਼ੁਰੂ ਤੱਕ ਦੇ ਸਮੇਂ ਤੱਕ ਕੀਤਾ ਗਿਆ, ਜਦੋਂ ਘਰ ਆਏ ਇੱਕ ਮਹਿਮਾਨ ਨੇ ਲੜਕੀ ਦਾ ਰੌਲਾ ਸੁਣਨ ’ਤੇ ਉਸ ਨੂੰ ਬੈੱਡ ਵਿੱਚੋਂ ਲੱਭਿਆ।
ਬੱਚੀ ਨੂੰ ਲੱਭਣ ਤੋਂ ਬਾਅਦ ਇੱਕ ਸਮਾਜ ਸੇਵੀ ਨੂੰ ਘਰ ਬੁਲਾਇਆ ਗਿਆ ਅਤੇ ਉਸ ਨੇ ਘਰ ਆ ਕੇ ਦੇਖੀ ਇਸ ‘ਬੇਹੱਦ ਘਣੌਨੀ’ ਘਟਨਾ ਬਾਰੇ ਵਰਣਨ ਕੀਤਾ।
ਬੱਚੀ ਉਲਝੇ ਹੋਏ ਵਾਲਾਂ, ਧੱਫੜਾਂ ਤੇ ਬੇਹੱਦ ਗੰਭੀਰ ਹਾਲਤ ਵਿੱਚ ਪਾਈ ਗਈ ਸੀ।
ਸਮਾਜ ਸੇਵੀ ਨੇ ਦੱਸਿਆ,“ਮੈਂ ਉਸ ਦੀ ਮਾਂ ਵੱਲ ਦੇਖਿਆ ਤੇ ਪੁੱਛਿਆ ਕਿ ਤੁਸੀਂ ਇਸ ਨੂੰ ਇੱਥੇ ਰੱਖਦੇ ਸੀ ਤਾਂ ਮਾਂ ਨੇ ਜਵਾਬ ਦਿੱਤਾ ਕਿ ਹਾਂ ਉਹ ਉਸ ਨੂੰ ਇੱਥੇ ਦਰਾਜ਼ ਵਿੱਚ ਰੱਖਦੀ ਸੀ।”
“ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਉਸ ਦੀ ਮਾਂ ਨੇ ਕੋਈ ਵੀ ਭਾਵਨਾ ਨਹੀਂ ਦਿਖਾਈ।”
“ਉਸ ਲੜਕੀ ਲਈ ਇਹ ਹੋਰ ਵੀ ਡਰਾਉਣਾ ਬਣ ਗਿਆ ਜਦੋਂ ਉਸ ਨੇ ਆਪਣੀ ਮਾਂ ਤੋਂ ਇਲਾਵਾ ਮੇਰਾ ਚਿਹਰਾ ਦੇਖਿਆ।”
“ਉਹ ਪਰਿਵਾਰ ਦਾ ਹਿੱਸਾ ਨਹੀਂ”

ਤਸਵੀਰ ਸਰੋਤ, CPS
ਅਦਾਲਤ ਨੂੰ ਬੱਚੇ ਵਿੱਚ ਆਏ ਗੰਭੀਰ ਵਿਗਾੜਾਂ ਬਾਰੇ ਦੱਸਿਆ ਗਿਆ ਸੀ, ਜਿਸ ਦਾ ਹੁਣ ਸਹੀ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ।
ਪੁਲਿਸ ਨੂੰ ਦਿੱਤੇ ਇੰਟਰਵਿਊ ਵਿੱਚ ਔਰਤ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਹ ਗਰਭਵਤੀ ਹੈ ਅਤੇ ਜਦੋਂ ਉਸ ਨੇ ਬੱਚੇ ਨੂੰ ਜਨਮ ਦਿੱਤਾ ਤਾਂ ਉਹ “ਬਹੁਤ ਜ਼ਿਆਦਾ ਡਰ” ਗਈ ਸੀ।
ਉਸ ਨੇ ਦੱਸਿਆ ਕਿ ਬੱਚੇ ਨੂੰ ਹਰ ਸਮੇਂ ਬੈੱਡ ਦੇ ਦਰਾਜ਼ ਵਿੱਚ ਨਹੀਂ ਰੱਖਿਆ ਜਾਂਦਾ ਸੀ ਅਤੇ ਦਰਾਜ਼ ਹਮੇਸ਼ਾ ਲਈ ਬੰਦ ਨਹੀਂ ਕੀਤਾ ਜਾਂਦਾ ਸੀ।
ਉਸ ਨੇ ਅਧਿਕਾਰੀਆਂ ਨੂੰ ਦੱਸਿਆ, “ਬੱਚਾ ਪਰਿਵਾਰ ਦਾ ਹਿੱਸਾ ਨਹੀਂ ਸੀ।”
ਮਾਂ ਨੇ ਹੰਝੂ ਪੂੰਜਦੇ ਹੋਏ ਦੱਸਿਆ ਕਿ ਜਿਹੜੇ ਬੱਚਿਆਂ ਦੀ ਉਸ ਨੇ ਚੰਗੀ ਤਰ੍ਹਾਂ ਦੇਖਭਾਲ ਕੀਤੀ ਸੀ, ਉਹ ਹੁਣ ਉਸ ਦੇ ਨਾਲ ਨਹੀਂ ਰਹਿੰਦੇ।
ਜੱਜ ਐਵਰੇਟ ਨੇ ਕਿਹਾ ਕਿ ਔਰਤ ਨੇ “ਭਰੋਸੇ ਦੀ ਪੂਰੀ ਤਰ੍ਹਾਂ ਉਲੰਘਣਾ” ਕੀਤੀ ਹੈ।
ਉਨ੍ਹਾਂ ਕਿਹਾ,“ਤੁਸੀਂ ਬੜੀ ਸੋਝੀ ਨਾਲ ਇਸ ਘਟਨਾ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਸੰਜੋਗ ਨਾਲ ਤੁਹਾਡਾ ਇਹ ਭਿਆਨਕ ਰਾਜ਼ ਉਜਾਗਰ ਹੋ ਗਿਆ।”
“ਮੈਂ ਆਪਣੇ 46 ਸਾਲਾਂ ਦੇ ਕਰੀਅਰ ਵਿੱਚ ਇੰਨਾ ਭਿਆਨਕ ਕੇਸ ਨਹੀਂ ਦੇਖਿਆ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












