ਪਾਕਿਸਤਾਨ ਤੋਂ ਲੰਡਨ ਜਾਣ ਵਾਲੀ ਸੜਕ, ਜੋ ਗੈਰ-ਕਨੂੰਨੀ ਪਰਵਾਸ ਲਈ 'ਡੰਕੀ ਰੂਟ' ਬਣ ਗਈ

- ਲੇਖਕ, ਸਹਰ ਬਲੋਚ
- ਰੋਲ, ਬੀਬੀਸੀ ਉਰਦੂ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਬੰਜਰ ਪਹਾੜਾਂ ਵਿੱਚੋਂ ਲੰਘਦੀ ‘ਲੰਡਨ ਰੋਡ’ ਨੂੰ ਵੇਖ ਕੇ ਪਹਿਲੀ ਨਜ਼ਰ ’ਚ ਸ਼ਾਇਦ ਹੀ ਕੋਈ ਯਕੀਨ ਕਰੇ ਕਿ ਕੁਝ ਦਹਾਕੇ ਪਹਿਲਾਂ ਤੱਕ ਯੂਰਪ ਤੋਂ ਆਉਣ ਵਾਲੇ ਸੈਲਾਨੀਆਂ ਲਈ ਇਹ ਪਾਕਿਸਤਾਨ ਪਹੁੰਚਣ ਦਾ ਅਹਿਮ ਰਾਹ ਹੁੰਦੀ ਸੀ।
ਮੈਂ ਖੁਦ ਵੀ ਬਲੋਚਿਸਤਾਨ ਦੇ ਨੋਸ਼ਾਕੀ ਜ਼ਿਲ੍ਹੇ ਨੂੰ ਇਰਾਨ ਦੀ ਸਰਹੱਦ ਨਾਲ ਜੋੜਨ ਵਾਲੀ ਇਸ ਸੜਕ ’ਤੇ ਕਈ ਵਾਰ ਸਫ਼ਰ ਕੀਤਾ ਹੈ, ਪਰ ਮੈਂ ਇਸ ਦੇ ਇਤਿਹਾਸ ਤੋਂ ਅਣਜਾਣ ਰਹੀ।
ਅੱਜ ਕੱਲ੍ਹ ਇਸ ਸੜਕ ਨੂੰ ‘ਡੰਕੀ ਰੂਟ’ ਵੱਜੋਂ ਜ਼ਿਆਦਾ ਜਾਣਿਆ ਜਾਂਦਾ ਹੈ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਇਹ ਰਸਤਾ ਗੈਰ-ਕਾਨੂੰਨੀ ਢੰਗ ਨਾਲ ਪਾਕਿਸਤਾਨ ਤੋਂ ਯੂਰਪ ਜਾਣ ਵਾਲੇ ਲੋਕਾਂ ਦੇ ਕਾਰਨ ਵੀ ਸੁਰਖੀਆਂ ’ਚ ਰਿਹਾ ਹੈ।
ਇੱਕ ਸਮਾਂ ਅਜਿਹਾ ਵੀ ਸੀ ਜਦੋਂ ਸੈਂਕੜੇ ਯੂਰਪੀ ਯਾਤਰੀ ਬੱਸਾਂ ਅਤੇ ਮੋਟਰਸਾਈਕਲਾਂ ਰਾਹੀਂ ਇਸ ਰਸਤੇ ਜ਼ਰੀਏ ਪਾਕਿਸਤਾਨ ਆਉਂਦੇ ਸਨ।

ਇਹ ਲੰਡਨ ਰੋਡ ਅਸਲ ’ਚ ਹੈ ਕੀ?
ਇਸ ਸੜਕ ਦੀ ਕਹਾਣੀ ਬਹੁਤ ਹੀ ਪੁਰਾਣੀ ਹੈ ਅਤੇ ਇਸ ਕਹਾਣੀ ਨੂੰ ਦੁਹਰਾਉਣ ਤੋਂ ਪਹਿਲਾਂ ਇਤਿਹਾਸ ’ਤੇ ਥੋੜ੍ਹੀ ਝਾਤ ਮਾਰ ਲੈਂਦੇ ਹਾਂ।
ਜੇਕਰ ਇਸ ਸੜਕ ਦੇ ਰੂਟ ਨੂੰ ਵੇਖੀਏ ਤਾਂ ਇਹ ਰਸਤਾ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਤੋਂ ਲੈ ਕੇ ਤਫ਼ਤਾਨ ਤੱਕ ਪਾਕਿਸਤਾਨ ਦੀ ਹਦੂਦ ’ਚ ਸਥਿਤ ਹੈ।
ਇਸ ਤੋਂ ਅੱਗੇ ਇਹ ਇਰਾਨ, ਤੁਰਕੀ, ਯੂਨਾਨ ਅਤੇ ਯੂਰਪੀ ਦੇਸ਼ਾਂ ਤੋਂ ਹੁੰਦੇ ਹੋਏ ਬ੍ਰਿਟੇਨ ਤੱਕ ਪਹੁੰਚ ਜਾਂਦਾ ਹੈ ਅਤੇ ਇਸ ਦੀ ਅੰਤਿਮ ਮੰਜ਼ਿਲ ਹੋਣ ਦੇ ਕਾਰਨ ਹੀ ਇਸ ਨੂੰ ਲੰਡਨ ਰੋਡ ਦਾ ਨਾਮ ਦਿੱਤਾ ਗਿਆ ਹੈ।
ਇਤਿਹਾਸਕਾਰ ਦੱਸਦੇ ਹਨ ਕਿ ਅੰਗਰੇਜ਼ਾਂ ਨੂੰ ਇਸ ਸੜਕ ਦੀ ਰੱਖਿਆਤਮਕ ਮਹੱਤਤਾ ਦਾ ਅਹਿਸਾਸ 19ਵੀਂ ਸਦੀ ਦੇ ਸ਼ੁਰੂ ’ਚ ਉਸ ਸਮੇਂ ਹੋਇਆ ਜਦੋਂ ਰੂਸ ਨੇ ਦੱਖਣੀ ਹਿੱਸੇ ’ਚ ਆਪਣੀਆ ਰੱਖਿਆਤਮਕ ਸ਼ਕਤੀਆਂ ਵਧਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਸਨ।
ਇਤਿਹਾਸਕਾਰ ਅਤੇ ਖੋਜਕਰਤਾ ਯਾਰਜਾਨ ਬਾਦੀਨੀ ਦੱਸਦੇ ਹਨ ਕਿ ਇਸ ਗੱਲ ਦਾ ਜ਼ਿਕਰ ਸ਼ਾਹ ਮੁਹੰਮਦ ਹਨੀਫ਼ੀ ਨੇ ਆਣੀ ਕਿਤਾਬ ‘ਮਾਊਂਟਸਟੁਅਰਟ ਐਲਫਿੰਸਟਨ ਇਨ ਸਾਊਥ ਏਸ਼ੀਆ’ ’ਚ ਵੀ ਕੀਤਾ ਹੈ।

ਹਨੀਫ਼ੀ ਆਪਣੀ ਕਿਤਾਬ ’ਚ ਲਿਖਦੇ ਹਨ ਕਿ ਇਸ ਸਮੇਂ ਦੌਰਾਨ ਬਲੋਚਿਸਤਾਨ ਦੇ ਖੇਤਰ ਬਾਰੇ ਜ਼ਿਆਦਾਤਰ ਲੋਕ ਨਹੀਂ ਜਾਣਦੇ ਸਨ, ਕਿਉਂਕਿ ਇਹ ਕਈ ਸਦੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਸ਼ਾਸਨਿਕ ਪ੍ਰਣਾਲੀ ਦੇ ਅਧੀਨ ਨਹੀਂ ਰਿਹਾ ਸੀ।
ਉਹ ਦੱਸਦੇ ਹਨ ਕਿ ਬਰਤਾਨਵੀ ਰਾਜ ਨੂੰ ਇੱਕ ਪਾਸੇ ਰੂਸੀਆਂ ਅਤੇ ਦੂਜੇ ਪਾਸੇ ਤੋਂ ਨੈਪੋਲੀਅਨ ਵੱਲੋਂ ਭਾਰਤ ’ਤੇ ਕਬਜ਼ੇ ਦਾ ਡਰ ਸਤਾ ਰਿਹਾ ਸੀ, ਜਿਸ ਦੇ ਨਤੀਜੇ ਵਜੋਂ 1809 ’ਚ ਉਨ੍ਹਾਂ ਨੇ ਭਾਰਤ ਅਤੇ ਪਰਸ਼ੀਆ ਦੇ ਦਰਮਿਆਨ ਬਲੋਚਿਸਤਾਨ ’ਚ ਕਈ ਏਜੰਟਾਂ ਨੂੰ ਜਾਣਕਾਰੀ ਹਾਸਲ ਕਰਨ ਲਈ ਭੇਜਿਆ ਸੀ।
ਇਨ੍ਹਾਂ ਏਜੰਟਾਂ ਨੂੰ ਉਨ੍ਹਾਂ ਜੰਗਲਾਂ ਦੇ ਇਤਿਹਾਸ, ਲੋਕਾਂ ਦੇ ਰਹਿਣ-ਸਹਿਣ ਅਤੇ ਮਾਲ-ਡੰਗਰ ਦੇ ਬਾਰੇ ’ਚ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਗਿਆ ਸੀ।
ਇਸ ਕਿਤਾਬ ਦੇ ਅਨੁਸਾਰ ਜਿਨ੍ਹਾਂ ਦੋ ਏਜੰਟਾਂ ਨੂੰ ਬਲੋਚਿਸਤਾਨ ਭੇਜਿਆ ਗਿਆ ਸੀ, ਉਨ੍ਹਾਂ ’ਚ ਲੈਫਟੀਨੈਂਟ ਹੈਨਰੀ ਪੋਟਿੰਗਰ ਅਤੇ ਚਾਰਲਸ ਕ੍ਰਿਸਟੀ ਸ਼ਾਮਲ ਸਨ।
ਪੋਟਿੰਗਰ ਬਲੋਚਿਸਤਾਨ ਘੋੜੇ ਵੇਚਣ ਵਾਲੇ ਵਪਾਰੀ ਦੇ ਰੂਪ ’ਚ ਆਏ ਸਨ ਅਤੇ ਇਸ ਤੋਂ ਬਾਅਦ ਉਹ ਇਰਾਨ ਅਤੇ ਤੁਰਕੀ ਗਏ।

ਇਹ ਉਸ ਜ਼ਮਾਨੇ ਦਾ ਪਹਿਲਾਂ ਅਜਿਹਾ ਸਫ਼ਰ ਮੰਨਿਆ ਜਾਂਦਾ ਹੈ, ਜੋ ਕਿ ਭਾਰਤ ਤੋਂ ਬਲੋਚਿਸਤਾਨ, ਇਰਾਨ ਅਤੇ ਉਸਮਾਨੀਆ ਸਲਤਨਤ ਤੱਕ ਦਾ ਸੀ।
ਬਲੋਚਿਸਤਾਨ ਦੇ ਸਾਬਕਾ ਮੁੱਖ ਸਕੱਤਰ ਅਹਿਮਦ ਬਖ਼ਸ਼ ਲਹਿਰੀ ਦੱਸਦੇ ਹਨ ਕਿ ਇਹੀ ਲੰਡਨ ਰੋਡ ਬ੍ਰਿਟਿਸ਼ ਕਾਲ ਤੋਂ ਪਹਿਲਾਂ ਮੁਗ਼ਲ ਦੌਰ ’ਚ ਰੱਖਿਆ ਉਦੇਸ਼ਾਂ ਦੇ ਲਈ ਵਰਤੀ ਜਾਂਦੀ ਸੀ।
ਜਿੱਥੇ ਮੁਗ਼ਲਾਂ ਅਤੇ ਅੰਗਰੇਜ਼ਾਂ ਨੇ ਇਸ ਸੜਕ ਦੀ ਵਰਤੋਂ ਰੱਖਿਆ ਉਦੇਸ਼ਾਂ ਲਈ ਕੀਤੀ ਉੱਥੇ ਹੀ ਭਾਰਤ ਦੀ ਵੰਡ ਤੋਂ ਬਾਅਦ ਦੇ ਦਹਾਕਿਆਂ ’ਚ ਇਹ ਯੂਰਪ ਅਤੇ ਪਾਕਿਸਤਾਨ ਦਰਮਿਆਨ ਸੰਪਰਕ ਦਾ ਇੱਕ ਜ਼ਰੀਆ ਬਣ ਕੇ ਸਾਹਮਣੇ ਆਈ।
ਪਹਿਲਾਂ ਜਿੱਥੇ ਘੋੜਿਆਂ ਦੀ ਵਰਤੋਂ ਕਰਕੇ ਇਸ ਸਫ਼ਰ ਨੂੰ ਤੈਅ ਕੀਤਾ ਜਾਂਦਾ ਸੀ , ਉੱਥੇ ਹੀ ਹੁਣ ਇਹ ਸਫ਼ਰ ਬੱਸਾਂ ਅਤੇ ਮੋਟਰਸਾਈਕਲਾਂ ਦੇ ਜ਼ਰੀਏ ਲੰਡਨ ਤੋਂ ਕਵੇਟਾ ਤੱਕ ਸ਼ੁਰੂ ਹੋਇਆ।
ਜਾਂਚ ਕਰਨ ਦੌਰਾਨ ਮੈਨੂੰ ਕੁਝ ਅਜਿਹੀਆਂ ਤਸਵੀਰਾਂ ਮਿਲੀਆਂ ਜੋ ਕਿ 1960 ਤੋਂ 1970 ਦੇ ਦਹਾਕੇ ਦੀਆਂ ਸਨ। ਇਨ੍ਹਾਂ ਤਸਵੀਰਾਂ ’ਚ ਅੰਗਰੇਜ਼ ਸੈਲਾਨੀ ਕਵੇਟਾ ਦੇ ਨਜ਼ਦੀਕ ਇਸ ਲੰਡਨ ਰੋਡ ’ਤੇ ਕਈ ਮੀਲ ਪੱਥਰਾਂ ਦੇ ਕੋਲ ਖੜ੍ਹੇ ਹਨ ਜਾਂ ਫਿਰ ਕਿਸੇ ਡਬਲ ਡੈਕਰ ਬੱਸ ਦੀ ਫੋਟੋ ਹੈ, ਜਿਸ ’ਚ ਲੋਕ ਸੜਕ ਕੰਢੇ ਪਿਕਨਿਕ ਮਨਾ ਰਹੇ ਹਨ।
ਖੋਜਕਾਰ ਯਾਰਜਾਨ ਬਾਦੀਨੀ ਇਨ੍ਹਾਂ ਤਸਵੀਰਾਂ ਦੀ ਪੁਸ਼ਟੀ ਕਰਦੇ ਹੋਏ ਕਹਿੰਦੇ ਹਨ ਕਿ ਉਸ ਜ਼ਮਾਨੇ ’ਚ ਆਮ ਹੀ ਯੂਰਪੀ ਮੁਲਕਾਂ ਦੇ ਲੋਕ ਬੱਸਾਂ ਰਾਹੀਂ ਸਫ਼ਰ ਕਰਕੇ ਕਵੇਟਾ ਪਹੁੰਚਦੇ ਸਨ ਅਤੇ ਫਿਰ ਇੱਥੋਂ ਉਨ੍ਹਾਂ ਦਾ ਰੁਖ ਭਾਰਤ ਵੱਲ ਨੂੰ ਹੋ ਜਾਂਦਾ ਸੀ।

ਇਸ ਸੜਕ ’ਤੇ ਸਫ਼ਰ ਕਰਦਿਆਂ ਰਸਤੇ ’ਚ ਕਈ ਸਰਾਵਾਂ ਅਤੇ ਚਾਹ ਦੀਆਂ ਦੁਕਾਨਾਂ ਵੀ ਨਜ਼ਰ ਆਉਂਦੀਆਂ ਹਨ। ਬਾਦੀਨੀ ਅੱਗੇ ਦੱਸਦੇ ਹਨ ਕਿ ਇਹ ਸਰਾਵਾਂ ਸ਼ਰਧਾਲੂਆਂ ਜਾਂ ਆਮ ਯਾਤਰੀਆਂ ਲਈ ਤਿਆਰ ਕੀਤੀਆਂ ਗਈਆਂ ਸਨ।
ਅਜਿਹੀ ਹੀ ਇੱਕ ਚਾਹ ਦੀ ਦੁਕਾਨ ਤਾਜ ਮੁਹੰਮਦ ਦੀ ਹੈ, ਜੋ ਕਿ 1970 ਦੇ ਦਹਾਕੇ ’ਚ ਖੋਲ੍ਹੀ ਗਈ ਸੀ।
ਉਨ੍ਹਾਂ ਦੇ ਪੁੱਤਰ ਮੁਮਤਾਜ਼ ਅਹਿਮਦ ਨੇ ਦੱਸਿਆ ਕਿ ਸ਼ੁਰੂ ’ਚ ਤਾਂ ਇਹ ਇੱਕ ਸਰਾਂ ਸੀ, ਜਿੱਥੇ ਰਾਤ ਦੇ ਸਮੇਂ ਯਾਤਰੀਆਂ ਨੂੰ ਠਹਿਰਣ ਦੀ ਸਹੂਲਤ ਦਿੱਤੀ ਜਾਂਦੀ ਸੀ। ਪਰ 1999 ’ਚ ਉਨ੍ਹਾਂ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਇਹ ਸਰਾਂ ਚਾਹ ਦੀ ਦੁਕਾਨ ’ਚ ਤਬਦੀਲ ਹੋ ਗਈ।
ਮੁਮਤਾਜ਼ ਅਹਿਮਦ ਨੇ ਦੱਸਿਆ, “ ਹੁਣ ਬਹੁਤੇ ਲੋਕ ਨਹੀਂ ਆਉਂਦੇ ਹਨ ਕਿਉਂਕਿ ਜ਼ਿਆਦਾਤਰ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਹਵਾਈ ਜਹਾਜ਼ ਰਾਹੀਂ ਸਫ਼ਰ ਕਰਕੇ ਆਪਣੀ ਮੰਜ਼ਿਲ ’ਤੇ ਜਲਦੀ ਪਹੁੰਚ ਜਾਣ। ਹੁਣ ਕੁਝ ਮੋਟਰਸਾਈਕਲ ਵਾਲੇ ਆਉਂਦੇ ਹਨ, ਜਿਨ੍ਹਾਂ ਨੂੰ ਸਿਰਫ਼ ਚਾਹ ਹੀ ਚਾਹੀਦੀ ਹੁੰਦੀ ਹੈ।”
ਇੱਥੇ ਹੀ ਮੈਨੂੰ ਅਸ਼ਫਾਕ ਨਾਮ ਦੇ ਅਧਿਆਪਕ ਵੀ ਮਿਲੇ, ਜਿਨ੍ਹਾਂ ਦੀਆਂ ਇਸ ਸੜਕ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਇਸ ਸੜਕ ਨੂੰ ਐਨ40 ਵੀ ਕਿਹਾ ਜਾਂਦਾ ਹੈ ਅਤੇ ਇਸ ਦੀ ਵਪਾਰਕ ਮਹੱਤਤਾ ਇਹ ਹੈ ਕਿ ਕਵੇਟਾ ਤੋਂ ਫਲ, ਸਬਜ਼ੀਆਂ ਅਤੇ ਦੂਜੀਆਂ ਚੀਜ਼ਾਂ ਇਸੇ ਲੰਡਨ ਰੋਡ ਰਾਹੀਂ ਹੀ ਈਰਾਨ ਤੱਕ ਜਾਂਦੀਆਂ ਹਨ।
ਅਸ਼ਫਾਕ ਦਾ ਕਹਿਣਾ ਸੀ, “ ਮੈਂ ਆਪਣੇ ਬਚਪਨ ’ਚ ਕਈ ਵਾਰ ਅਜਿਹੀਆਂ ਡਬਲ ਡੈਕਰ ਬੱਸਾਂ ਵੇਖੀਆਂ ਹਨ, ਜਿਨ੍ਹਾਂ ’ਤੇ ਅੰਗਰੇਜ਼ ਕਵੇਟਾ ਤੱਕ ਆਇਆ ਕਰਦੇ ਸਨ। ਮੇਰੇ ਮਾਤਾ-ਪਿਤਾ ਨੂੰ ਅੰਗਰੇਜ਼ੀ ਭਾਸ਼ਾ ਤਾਂ ਨਹੀਂ ਆਉਂਦੀ ਸੀ, ਪਰ ਉਹ ਇਸ਼ਾਰਿਆਂ ਨਾਲ ਉਨ੍ਹਾਂ ਯਾਤਰੀਆਂ ਨੂੰ ਆਪਣੇ ਘਰ ’ਚ ਕੁਝ ਸਮੇਂ ਲਈ ਬੁਲਾ ਲਿਆ ਕਰਦੇ ਸਨ।”
ਉਸ ਸਮੇਂ ਇਸ ਰਸਤੇ ਰਾਹੀਂ ਕਵੇਟਾ ਪਹੁੰਚਣ ਵਾਲਿਆਂ ਦੇ ਲਈ ਜੋ ਹੋਟਲ ਬਣਾਏ ਗਏ ਸਨ, ਉਨ੍ਹਾਂ ’ਚ ਲੋਡਜ਼ ਅਤੇ ਬਲੂਮਸਟਾਰ ਹੋਟਲ ਸਮੇਤ ਹੋਰ ਕਈ ਛੋਟੇ ਹੋਟਲ ਵੀ ਸ਼ਾਮਲ ਹਨ।
ਕਿਹਾ ਜਾਂਦਾ ਹੈ ਕਿ ਲੋਡਜ਼ ਹੋਟਲ 1935 ’ਚ ਬਣਾਇਆ ਗਿਆ ਸੀ ਅਤੇ ਇਸ ਦੇ ਮਾਲਕ ਫਿਰੋਜ਼ ਮਹਿਤਾ ਇੱਕ ਪਾਰਸੀ ਸਨ।
ਇੱਕ ਸਮਾਂ ਸੀ ਜਦੋਂ ਇਸ ਹੋਟਲ ’ਚ ਵਿਦੇਸ਼ੀਆਂ ਦੀ ਭੀੜ ਹੁੰਦੀ ਸੀ, ਪਰ ਹੁਣ ਛਾਉਣੀ ਦੀ ਹੱਦ ਅੰਦਰ ਆਉਣ ਕਰਕੇ ਇਸ ਹੋਟਲ ’ਚ ਆਉਣ ਵਾਲਿਆਂ ਨੂੰ ਸਖ਼ਤ ਸੁਰੱਖਿਆ ਜਾਂਚ ਦਾ ਸਾਹਮਣਾ ਕਰਨਾ ਪੈੰਦਾ ਹੈ, ਜਿਸ ਕਰਕੇ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਕਾਫੀ ਘੱਟ ਗਈ ਹੈ।
ਹੋਟਲ ਲੋਡਜ਼ ਦੇ ਮਾਲਕ ਵੀ ਹੁਣ ਪਾਕਿਸਤਾਨ ’ਚ ਨਹੀਂ ਰਹਿੰਦੇ ਹਨ ਅਤੇ ਇਸ ਹੋਟਲ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਡਾਰ ਸਾਹਿਬ ਨਾਮ ਦੇ ਇੱਕ ਮੈਨੇਜਰ ਦੇ ਹੱਥਾਂ ’ਚ ਹੈ, ਜੋ ਕਿ ਸਾਡੇ ਨਾਲ ਗੱਲਬਾਤ ਕਰਨ ਤੋਂ ਕਤਰਾਉਂਦੇ ਰਹੇ।
ਡਾਰ ਸਾਹਿਬ ਦੇ ਉਲਟ ਬਲੂਮਸਟਾਰ ਹੋਟਲ ਦੇ ਮਾਲਕ ਫ਼ਹੀਮ ਖ਼ਾਨ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਨੇ 1970 ਦੇ ਦਹਾਕੇ ’ਚ ਇਸ ਹੋਟਲ ਦੀ ਬੁਨਿਆਦ ਰਖੀ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਉਨ੍ਹਾਂ ਦੇ ਹੋਟਲ ’ਚ ਆਉਂਦੇ ਰਹੇ ਹਨ ਅਤੇ ਅੱਜ ਵੀ ਰਜਿਸਟ੍ਰੇਸ਼ਨ ਫਾਰਮ ’ਤੇ ਉਨ੍ਹਾਂ ਦੇ ਨਾਮ ਅਤੇ ਉਨ੍ਹਾਂ ਦੇ ਦੇਸ਼ ਬਾਰੇ ਜਾਣਕਾਰੀ ਮਿਲ ਸਕਦੀ ਹੈ।
ਉਨ੍ਹਾਂ ਨੇ ਕਿਹਾ, “ ਇੱਕ ਸਮਾਂ ਅਜਿਹਾ ਵੀ ਸੀ, ਜਦੋਂ ਇੱਥੇ ਪੈਰ ਰਖਣ ਤੱਕ ਦੀ ਵੀ ਥਾਂ ਨਹੀਂ ਹੁੰਦੀ ਸੀ। ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਪਹੁੰਚ ਹੀ ਜਾਂਦੇ ਸਨ।”

ਫ਼ਹੀਮ ਖ਼ਾਨ ਨੇ ਵੀ ਕਿਹਾ ਸੁਰੱਖਿਆ ਜਾਂਚ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਇੱਕ ਸਮੱਸਿਆ ਹੈ।
“ ਇੱਥੇ ਕੋਈ ਯੂਰਪ ਤੋਂ ਆਏ ਅਤੇ ਉਸ ਨੂੰ ਥਾਂ-ਥਾਂ ’ਤੇ ਐਨਓਸੀ ਵਿਖਾਉਣੀ ਪਵੇ ਜਾਂ ਹੋਟਲ ’ਚ ਬੈਠ ਕੇ ਐਨਓਸੀ ਮਿਲਨ ਦੀ ਉਡੀਕ ਕਰਨੀ ਪਵੇ ਤਾਂ ਲੋਕ ਤੰਗ-ਪਰੇਸ਼ਾਨ ਹੋਣਗੇ ਹੀ। ਇਸੇ ਕਰਕੇ ਹੀ ਜ਼ਿਆਦਾਤਰ ਯੂਰਪੀਅਨ ਲੋਕ ਪਾਕਿਸਤਾਨ ’ਚ ਸਿਰਫ਼ ਤਿੰਨ ਜਾਂ ਪੰਜ ਦਿਨ ਪਰ ਭਾਰਤ ’ਚ 6-6 ਮਹੀਨਿਆਂ ਤੱਕ ਰਹਿੰਦੇ ਹਨ।”
ਸਮੇਂ ਦੇ ਨਾਲ-ਨਾਲ ਜਿੱਥੇ ਰਾਜਨੀਤਿਕ ਸਥਿਤੀ ਅਤੇ ਅਮਨ-ਕਾਨੂੰਨ ਦੀ ਵਿਵਸਥਾ ਦੀ ਸਥਿਤੀ ਦੇ ਕਾਰਨ ਯੂਰਪ ਤੋਂ ਇੱਥੇ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਗਈ ਹੈ, ਉੱਥੇ ਹੀ ਇਹ ਸੜਕ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਯਾਤਰਾ ਕਰਨ ਵਾਲਿਆਂ ਲਈ ਆਸਾਨ ਰਸਤੇ ਵਜੋਂ ਬਦਨਾਮ ਹੋ ਗਈ ਹੈ।
ਅਜਿਹੀਆਂ ਘਟਨਾਵਾਂ ਦੀ ਕੋਈ ਕਮੀ ਨਹੀਂ ਹੈ, ਜਦੋਂ ਮਨੁੱਖੀ ਤਸਕਰਾਂ ਨੇ ਯੂਰਪ ’ਚ ਸੁਨਹਿਰੇ ਭਵਿੱਖ ਦਾ ਸੁਪਨਾ ਵਿਖਾ ਕੇ ਪਾਕਿਸਤਾਨੀ ਨੌਜਵਾਨਾਂ ਨੂੰ ਇਸੇ ਰਸਤੇ ਪਹਿਲਾਂ ਇਰਾਨ ਅਤੇ ਫਿਰ ਤੁਰਕੀ ਰਸਤੇ ਯੂਰਪ ਲੈ ਜਾਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਇਹ ਨੌਜਵਾਨ ਉਨ੍ਹਾਂ ਦੇਸ਼ਾਂ ਦੀ ਬਾਰਡਰ ਪੁਲਿਸ ਦੇ ਹੱਥੇ ਚੜ੍ਹ ਗਏ ਜਾਂ ਫਿਰ ਗੋਲੀਬਾਰੀ ਦਾ ਸ਼ਿਕਾਰ ਹੋ ਗਏ।
ਪਰ ‘ਡੰਕੀ ਰੂਟ’ ਦੀ ਕਹਾਵਤ ਜੁੜਨ ਦੇ ਬਾਵਜੂਦ ਅਜਿਹੇ ਲੋਕਾਂ ਦੀ ਕੋਈ ਘਾਟ ਨਹੀਂ ਹੈ ਜੋ ਕਿ ਇਸ ਰਸਤੇ ਦੀ ਇਤਿਹਾਸਕ ਮਹੱਤਤਾ ਨੂੰ ਜਾਣਦੇ ਹੋਏ, ਇਸ ’ਤੇ ਸਫ਼ਰ ਕਰਨ ਦੀ ਇੱਛਾ ਰੱਖਦੇ ਹਨ।
ਕਵੇਟਾ ਨਾਲ ਸਬੰਧ ਰੱਖਣ ਵਾਲੇ ਫੋਟੋਗ੍ਰਾਫਰ ਦਾਨਿਆਲ ਸ਼ਾਹ ਵੀ ਉਨ੍ਹਾਂ ਲੋਕਾਂ ’ਚੋਂ ਇੱਕ ਹਨ, ਜਿਨ੍ਹਾਂ ਨੇ ਕਈ ਸਾਲ ਪਹਿਲਾਂ ਇਸ ਰੂਟ ’ਤੇ ਸਫ਼ਰ ਕਰਨ ਦਾ ਜੋ ਇਰਾਦਾ ਕੀਤਾ ਸੀ, ਉਹ ਹੁਣ ਹਾਲ ਹੀ ’ਚ ਮੁਕੰਮਲ ਹੋਇਆ ਹੈ।

ਦਾਨਿਆਲ ਹੁਣ ਬੈਲਜੀਅਮ ’ਚ ਪੜ੍ਹਾਈ ਕਰ ਰਹੇ ਹਨ। ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਉਨ੍ਹਾਂ ਨੇ ਤੈਅ ਕੀਤਾ ਸੀ ਕਿ ਉਹ ਲੰਡਨ ਤੋਂ ਕਵੇਟਾ ਤੱਕ ਦਾ ਸਫ਼ਰ ਕਰਨਗੇ ਅਤੇ ਇਸ ’ਚ ਉਨ੍ਹਾਂ ਨੂੰ 2 ਮਹੀਨੇ ਦਾ ਸਮਾਂ ਲੱਗਿਆ।
ਗੱਲਬਾਤ ਦੌਰਾਨ ਉਹ ਇਸ ਰੂਟ ਨੂੰ ‘ਡੰਕੀ ਰੂਟ’ ਹੀ ਕਹਿੰਦੇ ਹਨ ਅਤੇ ਉਨ੍ਹਾਂ ਦੇ ਅਨੁਸਾਰ ਗੈਰ-ਕਾਨੂੰਨੀ ਸ਼ਰਨਾਰਥੀਆਂ ਵੱਲੋਂ ਇਸ ਸੜਕ ਦੀ ਜ਼ਿਆਦਾ ਵਰਤੋਂ ਦੇ ਕਰਕੇ ਹੀ ਉਨ੍ਹਾਂ ਨੂੰ ਯੂਰਪੀ ਦੇਸ਼ਾਂ ਦੀਆਂ ਕੁਝ ਸੁਰੱਖਿਆ ਚੌਕੀਆਂ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਅੱਗੇ ਕਿਹਾ , “ ਸ਼ਫ਼ਰ ਸ਼ੁਰੂ ਕਰਨ ’ਤੇ ਮੈਨੂੰ ਸਮਝ ਆ ਗਿਆ ਕਿ ਇੱਕ ਪਾਕਿਸਤਾਨੀ ਅਤੇ ਇੱਕ ਅੰਗਰੇਜ਼ ਵਲੋਂ ਇਸ ਸੜਕ ’ਤੇ ਸਫ਼ਰ ਕਰਨ ’ਚ ਜ਼ਮੀਨ-ਆਸਮਾਨ ਦਾ ਅੰਤਰ ਹੋ ਸਕਦਾ ਹੈ। ਸਾਨੂੰ ਸੁਰੱਖਿਆ ਜਾਂਚ ਚੌਕੀਆਂ ’ਤੇ ਜਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ, ਉਹ ਯੂਰਪੀ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਨਹੀਂ ਕਰਨਾ ਪੈਂਦਾ।”
ਦਾਨਿਆਲ ਨੇ ਉਦਾਹਰਨ ਦਿੰਦੇ ਹੋਏ ਦੱਸਿਆ ਕਿ ਕਰੋਸ਼ੀਆ ’ਚ ਉਨ੍ਹਾਂ ਨੂੰ ਦੂਜੇ ਯਾਤਰੀਆਂ ਤੋਂ ਵੱਖ ਕਰਕੇ, ਉਨ੍ਹਾਂ ਨਾਲ ਬਦਤਮੀਜ਼ੀ ਕੀਤੀ ਗਈ। “ ਇਸ ਦਾ ਇੱਕ ਕਾਰਨ ਇਸ ਰੂਟ ਦੀ ਗੈਰ-ਕਾਨੂੰਨੀ ਵਰਤੋਂ ਹੈ।”
ਦਾਨਿਆਲ ਕਹਿੰਦੇ ਹਨ ਕਿ ਜੋ ਲੋਕ ਪਾਕਿਸਤਾਨ ਪਹੁੰਚਦੇ ਵੀ ਹਨ, ਉਨ੍ਹਾਂ ਨੂੰ ਸੁਰੱਖਿਆ ਦੇ ਨਾਲ ਘੁੰਮਣਾ ਪੈਂਦਾ ਹੈ, ਜੋ ਕਿ ਇੱਥੇ ਪਹੁੰਚਣ ਦੇ ਤਜ਼ਰਬੇ ਨੂੰ ਕੁਝ ਹੱਦ ਤੱਕ ਖਰਾਬ ਕਰ ਦਿੰਦਾ ਹੈ, “ ਪਰ ਕੀ ਕਰੀਏ, ਯੂਰਪੀਅਨ ਯਾਤਰੀਆਂ ਦੀ ਸੁਰੱਖਿਆ ਵੀ ਜ਼ਰੂਰੀ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












