ਲਾਹੌਰ ’ਚ ਪ੍ਰਦੂਸ਼ਣ: ਲਹਿੰਦੇ ਪੰਜਾਬ ਦੀ ਸਰਕਾਰ ਭਾਰਤੀ ਪੰਜਾਬ ਤੋਂ ਕੀ ਮੰਗ ਰਹੀ ਹੈ

ਤਸਵੀਰ ਸਰੋਤ, Getty Images
- ਲੇਖਕ, ਉਮਰ ਦਰਾਜ ਨੰਗਿਆਣਾ
- ਰੋਲ, ਬੀਬੀਸੀ ਪੱਤਰਕਾਰ, ਲਾਹੌਰ
ਪਾਕਿਸਤਾਨ ਦੇ ਲਾਹੌਰ ਸ਼ਹਿਰ ਨੂੰ ਪਿਛਲੇ ਕੁਝ ਦਿਨਾਂ ਤੋਂ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਜਾਂ ਫੈਲੇ ਧੂੰਏ ਦਾ ਪੱਧਰ ਚਿੰਤਾਜਨਕ ਤੌਰ 'ਤੇ ਵੱਧ ਗਿਆ ਹੈ ਅਤੇ ਸੋਮਵਾਰ ਨੂੰ ਇਹ ਰਿਕਾਰਡ 700 ਏਕਿਊਆਈ ਨੂੰ ਪਾਰ ਕਰ ਗਿਆ।
ਇਸ ਤੋਂ ਪਹਿਲਾਂ ਲਾਹੌਰ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਕਦੇ ਵੀ ਇਸ ਹੱਦ ਤੱਕ ਨਹੀਂ ਵਧਿਆ ਸੀ।
ਹਵਾ ਪ੍ਰਦੂਸ਼ਣ ਸੂਚਕ ਅੰਕ ਜਾਂ ਏਕਿਊਆਈ ਬੁੱਧਵਾਰ ਨੂੰ ਲਗਭਗ 200 ਤੱਕ ਘੱਟ ਗਿਆ ਪਰ ਅਧਿਕਾਰੀਆਂ ਮੁਤਾਬਕ ਇਸ ਦੇ ਦੁਬਾਰਾ ਵਧਣ ਦੀ ਸੰਭਾਵਨਾ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਧੂੰਆਂ ਪੈਦਾ ਕਰਨ ਵਾਲੇ ਤੱਤ ਅਜੇ ਵੀ ਵਾਯੂਮੰਡਲ ਵਿੱਚ ਮੌਜੂਦ ਹਨ।
ਪਾਕਿਸਤਾਨ ਦੀ ਪੰਜਾਬ ਸਰਕਾਰ ਅਨੁਸਾਰ, ਲਾਹੌਰ ਨੂੰ ਪ੍ਰਭਾਵਿਤ ਕਰਨ ਵਾਲੇ ਧੂੰਏਂ ਦਾ ਵੱਡਾ ਹਿੱਸਾ ਭਾਰਤ ਤੋਂ ਆ ਰਿਹਾ ਹੈ।
ਸਥਾਨਕ ਪੱਧਰ 'ਤੇ ਲੋਕਾਂ ਨੂੰ ਹਵਾ ਪ੍ਰਦੂਸ਼ਣ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਾਉਣ ਅਤੇ ਏਕਿਊਆਈ ਨੂੰ ਹੇਠਾਂ ਲਿਆਉਣ ਲਈ, ਪੰਜਾਬ ਦੀ ਸੂਬਾ ਸਰਕਾਰ ਨੇ ਲਾਹੌਰ ਦੇ ਘੱਟੋ-ਘੱਟ 10 ਖੇਤਰਾਂ ਵਿੱਚ 'ਗਰੀਨ ਲੌਕਡਾਊਨ' ਲਗਾਉਣ ਦਾ ਐਲਾਨ ਕੀਤਾ ਹੈ।

ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਗਰੀਨ ਲੌਕਡਾਊਨ ਵਾਲੇ ਖੇਤਰਾਂ ਵਿੱਚ 'ਚਿੰਗ ਚੀ' ਰਿਕਸ਼ਾ ਅਤੇ ਹੈਵੀ ਟ੍ਰੈਫਿਕ ਦੀ ਆਵਾਜਾਈ ’ਤੇ ਪਾਬੰਦੀ ਹੋਵੇਗੀ।
ਇਨ੍ਹਾਂ ਖੇਤਰਾਂ ਤੋਂ ਮੋਟਰਸਾਈਕਲਾਂ, ਸਰਕਾਰੀ ਅਤੇ ਨਿੱਜੀ ਅਦਾਰਿਆਂ ਦੇ ਵਾਹਨਾਂ ਨੂੰ ਹਟਾ ਦਿੱਤਾ ਜਾਵੇਗਾ।
ਜਿੱਥੋਂ ਤੱਕ ਦਫ਼ਤਰਾਂ ਦੀ ਗੱਲ ਹੈ 'ਹਾਈਬ੍ਰਿਡ ਵਰਕਿੰਗ' ਯਾਨਿ ਘਰੋਂ ਕੰਮ ਕਰਨ ਦੇ ਸਿਧਾਂਤਾਂ ਨੂੰ ਲਾਗੂ ਕੀਤਾ ਜਾਵੇਗਾ।
ਪੰਜਾਬ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਲਾਹੌਰ ਅਤੇ ਪੰਜਾਬ ਦੇ ਕੁਝ ਹੋਰ ਸ਼ਹਿਰਾਂ ਵਿੱਚ ਵੀ ਘੱਟੋ-ਘੱਟ 30 ਫੀਸਦ ਧੂੰਏਂ ਦਾ ਹਿੱਸਾ ਹੈ, ਜੋ ਭਾਰਤ ਦੇ ਪੰਜਾਬ ਤੋਂ ਆਈਆਂ ਹਵਾਵਾਂ ਰਾਹੀਂ ਪਾਕਿਸਤਾਨ ਵਿੱਚ ਪਹੁੰਚਦਾ ਹੈ ਅਤੇ ਇਹ ਇੱਕ ਸਾਲਾਨਾ ਵਰਤਾਰਾ ਹੈ।
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕਿਹਾ ਹੈ ਕਿ ਉਹ ਧੂੰਏਂ ਦੀ ਸਮੱਸਿਆ ਨਾਲ ਨਜਿੱਠਣ ਲਈ ਭਾਰਤ ਨਾਲ 'ਜਲਵਾਯੂ ਕੂਟਨੀਤੀ' ਚਾਹੁੰਦੇ ਹਨ।
ਇਸ ਸਬੰਧੀ ਉਨ੍ਹਾਂ ਨੇ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਖ਼ਤ ਵੀ ਲਿਖਿਆ ਹੈ।
ʻਵਾਤਾਵਰਨ ਕੂਟਨੀਤੀʼ ਕੀ ਹੈ?

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਪੰਜਾਬ ਸੂਬੇ 'ਚ ਹਵਾ ਪ੍ਰਦੂਸ਼ਣ ਜਾਂ ਧੂੰਏਂ ਦੀ ਰੋਕਥਾਮ ਲਈ ਜ਼ਿੰਮੇਵਾਰ ਸੰਸਥਾਵਾਂ ਦੇ ਅਧਿਕਾਰੀ ਇਸ ਪ੍ਰਦੂਸ਼ਣ ਦਾ ਕੁਝ ਹਿੱਸਾ ਭਾਰਤੀ ਪੰਜਾਬ ਤੋਂ ਆਉਣ ਦਾ ਦਾਅਵਾ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਦੇ ਰਿਕਾਰਡ ਅਤੇ ਤੁਲਨਾ ਤੋਂ ਪਤਾ ਲੱਗਦਾ ਹੈ ਕਿ ਸਾਲ ਦੇ ਇਨ੍ਹਾਂ ਦਿਨਾਂ 'ਚ ਲਾਹੌਰ ਅਤੇ ਇਸ ਦੇ ਆਲੇ-ਦੁਆਲੇ 'ਚ ਧੂੰਆਂ ਪੈਦਾ ਹੁੰਦਾ ਹੈ। ਇਸ ਦਾ ਕੁਝ ਹਿੱਸਾ ਭਾਰਤੀ ਪੰਜਾਬ ਤੋਂ ਪਾਕਿਸਤਾਨ ਵਿੱਚ ਦਾਖ਼ਲ ਹੁੰਦਾ ਹੈ।
ਪੰਜਾਬ ਦੇ ਵਾਤਾਵਰਨ ਮੰਤਰਾਲੇ ਦੇ ਸਕੱਤਰ ਰਾਜਾ ਜਹਾਂਗੀਰ ਅਨਵਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੋਲ ਅਮਰੀਕੀ ਪੁਲਾੜ ਏਜੰਸੀ 'ਨਾਸਾ' ਦੇ ਸੈਟੇਲਾਈਟ ਡੇਟਾ ਅਤੇ ਮੌਸਮ ਵਿਭਾਗ ਦੇ ਅੰਕੜਿਆਂ ਤੇ ਜਾਣਕਾਰੀ ਦੇ ਆਧਾਰ 'ਤੇ ਸਬੂਤ ਵੀ ਮੌਜੂਦ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਹਵਾਵਾਂ ਦਾ ਪੂਰਬੀ ਗਲਿਆਰਾ ਭਾਰਤੀ ਪੰਜਾਬ ਵਿੱਚ ਪੈਦਾ ਹੋਏ ਹਵਾ ਪ੍ਰਦੂਸ਼ਣ ਦਾ ਵੱਡਾ ਹਿੱਸਾ ਪਾਕਿਸਤਾਨ ਵੱਲ ਧੱਕਦਾ ਹੈ।
"ਇਸ ਲਈ ਅਸੀਂ ਦੇਖਦੇ ਹਾਂ ਕਿ ਜਦੋਂ ਹਵਾਵਾਂ ਉਲਟ ਦਿਸ਼ਾ ਵੱਲ ਵਗਦੀਆਂ ਹਨ ਤਾਂ ਲਾਹੌਰ ਵਿੱਚ ਏਕਿਉਆਈ ਘੱਟ ਕੇ 200 ਦੇ ਨੇੜੇ ਹੋ ਪਹੁੰਚ ਗਿਆ।
ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਹਵਾ ਪ੍ਰਦੂਸ਼ਣ ਦਾ ਇਹ ਪੱਧਰ ਮਨੁੱਖੀ ਸਿਹਤ ਲਈ ਵੀ ਹਾਨੀਕਾਰਕ ਮੰਨਿਆ ਜਾਂਦਾ ਹੈ।
ਰਾਜਾ ਜਹਾਂਗੀਰ ਅਨਵਰ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਧੂੰਏਂ ਦੇ ਮੁੱਦੇ 'ਤੇ ਭਾਰਤ ਤੋਂ ਜੋ ਵਾਤਾਵਰਨ ਕੂਟਨੀਤੀ ਚਾਹੁੰਦੇ ਹਨ, ਉਹ ਪੰਜਾਬ ਦੀ ਨੀਤੀ ਦੇ ਮੁਤਾਬਕ ਹੋਵੇ।
ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਾਰਕ ਅਤੇ ਖੇਤੀਬਾੜੀ ਸਬੰਧੀ ਆਦਤਾਂ ਦੋਵਾਂ ਦੇਸ਼ਾਂ ਖ਼ਾਸ ਕਰਕੇ ਪੰਜਾਬ ਦੇ ਦੋਵਾਂ ਹਿੱਸਿਆਂ ਵਿੱਚ ਇੱਕੋ ਜਿਹੀਆਂ ਹਨ।
ਉਹ ਕਹਿੰਦੇ ਹਨ, "ਭਾਰਤੀ ਪੰਜਾਬ 'ਚ ਵੀ ਸਾਡੇ ਇਧਰ ਵਾਂਗ ਪਰਾਲੀ ਫੂਕੀ ਜਾਂਦੀ ਹੈ, ਉੱਥੇ ਵੀ ਓਵੇਂ ਹੀ ਟ੍ਰੈਫਿਕ ਸਮੱਸਿਆਵਾਂ ਹਨ, ਜਿਵੇਂ ਸਾਡੀਆਂ ਹਨ। ਇਸ ਲਈ ਤੁਸੀਂ ਦੇਖਿਆ ਹੋਵੇਗਾ ਕਿ ਕਦੇ ਲਾਹੌਰ ਤੇ ਕਦੇ ਦਿੱਲੀ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੁੰਦੇ ਹਨ।"
ਭਾਰਤ ਨਾਲ ਇਸ ਸਾਂਝੀ ਸਮੱਸਿਆ ਦੇ ਹੱਲ ਲਈ ਲਾਹੌਰ ਦੇ ਅਧਿਕਾਰੀ ਗੱਲਬਾਤ ਕਰਨ ਦਾ ਸੱਦਾ ਦੇ ਰਹੇ ਹਨ।
ਗੌਰਤਲਬ ਹੈ ਕਿ ਪਿਛਲੇ ਸਮੇਂ ਵਿੱਚ ਵੀ ਪਾਕਿਸਤਾਨੀ ਪੰਜਾਬ ਦੇ ਅਧਿਕਾਰੀ ਭਾਰਤ ਨਾਲ ਇਸ ਮਾਮਲੇ 'ਤੇ ਗੱਲਬਾਤ ਕਰਨ ਦੀ ਤਜਵੀਜ਼ ਦਿੰਦੇ ਰਹੇ ਹਨ ਪਰ ਇਸ ʼਤੇ ਕੋਈ ਖ਼ਾਸ ਪ੍ਰਤੀਕਿਰਿਆ ਨਹੀਂ ਆਈ।
'ਗਰੀਨ ਲੌਕਡਾਊਨ' ਕੀ ਹੈ

ਤਸਵੀਰ ਸਰੋਤ, Getty Images
ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਲਾਹੌਰ ਦੇ ਉਨ੍ਹਾਂ ਖੇਤਰਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਹਵਾ ਪ੍ਰਦੂਸ਼ਣ ਸਭ ਤੋਂ ਵੱਧ ਮਾੜਾ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ 'ਗਰੀਨ ਲੌਕਡਾਊਨ' ਲਗਾਇਆ ਜਾ ਰਿਹਾ ਹੈ।
ਨੋਟੀਫਿਕੇਸ਼ਨ ਮੁਤਾਬਕ ਪਹਿਲੇ ਪੜਾਅ 'ਚ ਇਸ ਦੀ ਸ਼ੁਰੂਆਤ ਸਭ ਤੋਂ ਪ੍ਰਦੂਸ਼ਿਤ ਖੇਤਰ ਸ਼ਿਮਲਾ ਪਹਾੜੀ ਤੋਂ ਹੋਵੇਗੀ।
ਸ਼ਿਮਲਾ ਪਹਾੜੀ ਦੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਰਾਤ 8 ਵਜੇ ਤੋਂ ਬਾਅਦ ਹਰ ਤਰ੍ਹਾਂ ਦੇ ਨਿਰਮਾਣ ਕਾਰਜ, ਚੁੰਗ ਚੀ ਰਿਕਸ਼ਾ ਦੇ ਪ੍ਰਵੇਸ਼, ਵਪਾਰਕ ਜਨਰੇਟਰਾਂ ਦੀ ਵਰਤੋਂ, ਬਾਰਬੀਕਿਊ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਇਸ ਦੇ ਨਾਲ ਹੀ ਸਾਰੇ ਵਿਆਹ ਵਾਲੇ ਹਾਲ ਰਾਤ 10 ਵਜੇ ਬੰਦ ਕਰ ਦਿੱਤੇ ਜਾਣਗੇ ਅਤੇ ਹੋਟਲਾਂ ਤੇ ਰੈਸਟੋਰੈਂਟਾਂ ਦੀਆਂ ਰਸੋਈਆਂ ਵਿੱਚ ਕੋਲੇ, ਲੱਕੜ ਜਾਂ ਚਾਰਕੋਲ ਦੀ ਮਦਦ ਨਾਲ ਖਾਣਾ ਬਣਾਉਣ 'ਤੇ ਮੁਕੰਮਲ ਪਾਬੰਦੀ ਹੋਵੇਗੀ।
ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ 4 ਅਕਤੂਬਰ ਤੋਂ ‘ਹੌਟਸਪੌਟ’ ਐਲਾਨੇ ਗਏ ਖੇਤਰਾਂ ਦੇ ਸਾਰੇ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿੱਚ 50 ਫੀਸਦੀ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਨੀਤੀ ਲਾਗੂ ਕੀਤੀ ਜਾਵੇਗੀ।
ਇਨ੍ਹਾਂ ਖੇਤਰਾਂ ਵਿੱਚ ਧੂੰਆਂ ਛੱਡਣ ਵਾਲੇ ਭਾਰੀ ਅਤੇ ਛੋਟੇ ਵਾਹਨਾਂ ਦੇ ਦਾਖਲੇ ’ਤੇ ਮਨਾਹੀ ਹੋਵੇਗੀ ਅਤੇ ਸਿਟੀ ਟਰੈਫਿਕ ਪੁਲਿਸ ਇਸ ਸਬੰਧੀ ਨੀਤੀ ਨੂੰ ਲਾਗੂ ਕਰੇਗੀ।
ਇਨ੍ਹਾਂ ਇਲਾਕਿਆਂ ਵਿੱਚ ਹਰ ਤਰ੍ਹਾਂ ਦੇ ਕਬਜ਼ੇ ਹਟਾਏ ਜਾਣਗੇ ਅਤੇ ਟਰੈਫਿਕ ਪੁਲਿਸ ਦੀ ਨੀਤੀ ਅਨੁਸਾਰ ਵਾਹਨਾਂ ਨੂੰ ਪਾਰਕਿੰਗ ਵਿੱਚ ਲਗਾਇਆ ਜਾਵੇਗਾ।
ਲਾਹੌਰ ਵਿੱਚ ਹਵਾ ਪ੍ਰਦੂਸ਼ਣ ਦੇ ਹੌਟਸਪੌਟਸ ਵਿੱਚ ਡੇਵਿਸ ਰੋਡ, ਐਗਰਟਨ ਰੋਡ, ਡੁਰੰਡ ਰੋਡ, ਕਸ਼ਮੀਰ ਰੋਡ, ਸ਼ਿਮਲਾ ਪਹਾੜੀ ਤੋਂ ਗੋਲਸਤਾਨ ਸਿਨੇਮਾ ਤੱਕ ਐਬਟ ਰੋਡ, ਸ਼ਿਮਲਾ ਪਹਾੜੀ ਤੋਂ ਰੇਲਵੇ ਹੈੱਡਕੁਆਰਟਰ ਤੱਕ ਐਂਪ੍ਰੈਸ ਰੋਡ ਸ਼ਾਮਲ ਹਨ।
ਇਸ ਖੇਤਰ ਵਿੱਚ ਕੁਈਨ ਮੈਰੀ ਰੋਡ ਤੋਂ ਡੁਰੰਡ ਰੋਡ ਤੋਂ ਅੱਲਾਮਾ ਇਕਬਾਲ ਰੋਡ ਅਤੇ ਆਲੇ-ਦੁਆਲੇ ਦੇ ਇਲਾਕੇ ਸ਼ਾਮਲ ਹਨ।
ਸਰਕਾਰ ਦੀ ‘ਗ੍ਰੀਨ ਰਿੰਗ’ ਯੋਜਨਾ

ਤਸਵੀਰ ਸਰੋਤ, Getty Images
ਪੰਜਾਬ ਦੇ ਵਾਤਾਵਰਨ ਮੰਤਰਾਲੇ ਦੇ ਸਕੱਤਰ ਰਾਜਾ ਜਹਾਂਗੀਰ ਅਨਵਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਗ੍ਰੀਨ ਰਿੰਗ’ ਯੋਜਨਾ ਵਿੱਚ ਵੱਧ ਪ੍ਰਦੂਸ਼ਣ ਵਾਲੇ ਹੌਟ ਸਪੋਟਾਂ ਦੀ ਪਛਾਣ ਕਰ ਕੇ ਉਥੇ ਗ੍ਰੀਨ ਲੌਕਡਾਊਨ ਨੂੰ ਲਾਗੂ ਕਰਨ ਵਰਗੇ ਉਪਾਅ ਸ਼ਾਮਲ ਹਨ।
ਇਸ ਦੇ ਨਾਲ ਹੀ ਇਨ੍ਹਾਂ ਖੇਤਰਾਂ ਵਿੱਚ ਮਿਆਵਾਕੀ ਵਿਧੀ ਨਾਲ ਜੰਗਲ ਅਤੇ ਰੁੱਖ ਲਗਾਉਣ ਦੇ ਉਪਾਅ ਵੀ ਸ਼ਾਮਲ ਹਨ। ਇਨ੍ਹਾਂ ਉਪਾਆਂ ਨੂੰ ਲਾਹੌਰ ਦੇ ਹੋਰ ਖੇਤਰਾਂ ਵਿੱਚ ਹੌਲੀ-ਹੌਲੀ ਵਧਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਖੇਤਰਾਂ ਦੀ ਪਛਾਣ ਕੀਤੀ ਹੈ ਜਿੱਥੇ ਏਕਿਊਆਈ ਦਾ ਪੱਧਰ ਵੱਧ ਰਿਹਾ ਹੈ।
ਇਸ ਦੇ ਕਾਰਨਾਂ ਦਾ ਜਦੋਂ ਪਤਾ ਲਗਾਇਆ ਤਾਂ ਸਾਹਮਣੇ ਆਇਆ ਕਿ ਇਨ੍ਹਾਂ ਇਲਾਕਿਆਂ ਵਿੱਚ ਵੱਡੀ ਗਿਣਤੀ ਸਰਕਾਰੀ ਤੇ ਨਿੱਜੀ ਦਫ਼ਤਰ ਹਨ, ਜਿਨ੍ਹਾਂ ਕਾਰਨ ਇਥੇ ਬਹੁਤ ਜ਼ਿਆਦਾ ਆਵਾਜਾਈ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਸ਼ਿਮਲਾ ਪਹਾੜੀ ਇਲਾਕੇ ਵਿੱਚ ਨਾਦਰਾ ਦਾ ਦਫ਼ਤਰ 24 ਘੰਟੇ ਖੁੱਲ੍ਹਾ ਰਹਿੰਦਾ ਹੈ, ਜਿਸ ਵਿੱਚ ਰੋਜ਼ਾਨਾ ਕਰੀਬ 16,000 ਮੋਟਰਸਾਈਕਲ ਪਾਰਕ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਇਲਾਕੇ ਵਿੱਚ ਵੱਡੇ-ਵੱਡੇ ਨਿੱਜੀ ਅਤੇ ਸਰਕਾਰੀ ਦਫ਼ਤਰਾਂ ਦੀਆਂ ਇਮਾਰਤਾਂ ਹਨ, ਜਿੱਥੇ ਕਮਰਸ਼ੀਅਲ ਜਨਰੇਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਰਾਜਾ ਜਹਾਂਗੀਰ ਅਨਵਰ ਦੇ ਅਨੁਸਾਰ ਗ੍ਰੀਨ ਰਿੰਗ ਦੇ ਤਹਿਤ ਜਿਨ੍ਹਾਂ ਖੇਤਰਾਂ ਨੂੰ ਹੌਟਸਪੌਟ ਐਲਾਨਿਆ ਗਿਆ ਹੈ, ਉਥੋਂ ਪ੍ਰਦੂਸ਼ਣ ਵਾਲੇ ਤੱਤ ਖਤਮ ਕੀਤੇ ਜਾਣਗੇ।
ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਮਲਾ ਪਹਾੜੀ ਦੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਵੱਡੀ ਗਿਣਤੀ ਦਰੱਖ਼ਤ ਲਗਾਏ ਜਾਣਗੇ, ਜਦੋਂਕਿ ਪਾਕਿਸਤਾਨ ਰੇਡਿਓ, ਪਾਕਿਸਤਾਨ ਟੈਲੀਵਿਜ਼ਨ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਮਿਆਵਾਕੀ ਜੰਗਲ ਲਗਾਏ ਜਾਣਗੇ।
ਉਨ੍ਹਾਂ ਅਨੁਸਾਰ ਮਿਆਵਾਕੀ ਜੰਗਲ ਨੂੰ ਨਹਿਰ ਵਾਲੀ ਥਾਂ ’ਤੇ ਆਸਾਨੀ ਨਾਲ ਲਾਇਆ ਜਾ ਸਕਦਾ ਹੈ।
‘ਧੂੰਏਂ ਦੀ ਸਮੱਸਿਆ ਨੂੰ ਕਾਨੂੰਨ ਅਤੇ ਭਾਈਚਾਰਕ ਸਹਿਯੋਗ ਨਾਲ ਹੱਲ ਕੀਤਾ ਜਾਵੇ’

ਤਸਵੀਰ ਸਰੋਤ, climatefinance/Instagram
ਪੰਜਾਬ ਦੇ ਲਾਹੌਰ ਸ਼ਹਿਰ ਵਿੱਚ ਜਦੋਂ ਧੂੰਏਂ ਦੀ ਚਾਦਰ ਪੈਣੀ ਸ਼ੁਰੂ ਹੋਈ ਤਾਂ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਇਹ ਮੁੱਦਾ ਚੁੱਕਣਾ ਸ਼ੁਰੂ ਕਰ ਦਿੱਤਾ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲੋਕਾਂ ਨੇ ਧੂੰਏਂ ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਅਤੇ ਲਿਖਿਆ ਕਿ ਇਸ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਲੰਬੇ ਸਮੇਂ ਤੱਕ ਚੱਲਣ ਵਾਲੀ ਟਿਕਾਊ ਰਣਨੀਤੀ ਦੀ ਸਖ਼ਤ ਲੋੜ ਹੈ।
ਸ਼ਮਸੁਲ ਇਸਲਾਮ ਖਾਨ ਨਾਂ ਦੇ ਇੱਕ ਵਰਤੋਂਕਾਰ ਨੇ ਐਕਸ ’ਤੇ ਲਿਖਿਆ ਕਿ ਧੂੰਆਂ ਕੇਵਲ ਭਾਰਤ ਅਤੇ ਪਾਕਿਸਤਾਨ ਦੀ ਸਮੱਸਿਆ ਨਹੀਂ ਹੈ। ਦੁਨੀਆ ਦੇ ਹੋਰ ਵੀ ਕਈ ਦੇਸ਼ ਧੂੰਏਂ ਤੋਂ ਪ੍ਰਭਾਵਿਤ ਹਨ।
ਕੁਝ ਥਾਵਾਂ ’ਤੇ ਜ਼ਹਿਰੀਲਾ ਧੂੰਆਂ ਗਰਮ ਮੌਸਮ ਵਿੱਚ ਅਤੇ ਕੁਝ ਥਾਵਾਂ ’ਤੇ ਠੰਢੇ ਮੌਸਮ ਵਿੱਚ ਗੰਭੀਰ ਹੋ ਜਾਂਦਾ ਹੈ।
ਉਨ੍ਹਾਂ ਅੱਗੇ ਲਿਖਿਆ ਕਿ ਸਮੱਸਿਆ ਨੂੰ ਕਾਨੂੰਨ ਅਤੇ ਭਾਈਚਾਰਕ ਸਹਿਯੋਗ ਰਾਹੀਂ ਹੱਲ ਕੀਤਾ ਜਾ ਸਕਦਾ ਹੈ।
ਪੈਟਰੋਲ ’ਤੇ ਚੱਲਣ ਵਾਲੀ ਚੁੰਗ ਚੀ ਗਰੀਬ ਆਦਮੀ ਦੀ ਸਵਾਰੀ ਹੈ, ਇਸ ’ਤੇ ਪਾਬੰਦੀ ਲਗਾਉਣਾ ਧੂੰਏਂ ਦਾ ਹੱਲ ਨਹੀਂ ਹੈ।
ਇਕ ਹੋਰ ਵਰਤੋਂਕਾਰ ਸੱਜਾਦ ਮੁਸਤਫਾ ਨੇ ਐਕਸ ’ਤੇ ਲਿਖਿਆ, “ਕੀ ਸਰਕਾਰ ਨੇ ਧੂੰਏਂ ਦੇ ਹੱਲ ਲਈ ਕੋਈ ਲੈਬ ਟੈਸਟ ਕੀਤੇ ਹਨ, ਧੂੰਆਂ ਕਿਉਂ ਹੋ ਰਿਹਾ ਹੈ ਅਤੇ ਇਸ ਵਿੱਚ ਕਿਹੜੇ ਕਾਰਕ ਹਨ? ਜੇਕਰ ਅੱਜ ਤੱਕ ਅਜਿਹੀ ਕੋਈ ਰਿਪੋਰਟ ਤਿਆਰ ਕੀਤੀ ਗਈ ਹੈ ਤਾਂ ਉਸ ਦੇ ਵਿਗਿਆਨਕ ਨਤੀਜੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਜਨਤਕ ਕੀਤੇ ਜਾਣ।”
ਪੰਜਾਬ ਸਰਕਾਰ ਵੱਲੋਂ ਗ੍ਰੀਨ ਲੌਕਡਾਊਨ ਦੇ ਐਲਾਨ ਦਾ ਜਿੱਥੇ ਧੂੰਏਂ ਤੋਂ ਪੀੜਤ ਜ਼ਿਆਦਾਤਰ ਨਾਗਰਿਕਾਂ ਨੇ ਸਵਾਗਤ ਕੀਤਾ, ਉੱਥੇ ਹੀ ਕੁਝ ਨੇ ਭਾਰਤੀ ਅਧਿਕਾਰੀਆਂ ਨੂੰ ਪੱਤਰ ਲਿਖਣ ਦਾ ਅਹਿਦ ਲਿਆ।
ਕਿਸੇ ਨੇ ਐਕਸ ’ਤੇ ਲਿਖਿਆ. “ਭਾਰਤੀ ਪੰਜਾਬ ਦੇ ਮੁੱਖ ਮੰਤਰੀ ਨੇ ਧੂੰਏਂ ਵਿਰੁੱਧ ਕਾਰਵਾਈ ਕਦੋਂ ਕਰਨੀ ਸੀ, ਪਰ ਉਹ ਅਜੇ ਵੀ ਮਰੀਅਮ ਦੀ ਚਿੱਠੀ ਦੀ ਉਡੀਕ ਕਰ ਰਹੇ ਹਨ?”
ਉਨ੍ਹਾਂ ਅੱਗੇ ਲਿਖਿਆ, “ਬਾਕੀ ਜਦੋਂ ਦੋਵੇਂ ਮੁੱਖ ਮੰਤਰੀ ਧੂੰਏਂ ਦੇ ਮੁੱਦੇ ’ਤੇ ਇਕੱਠੇ ਪੱਤਰ ਵਿਹਾਰ ਕਰਨਗੇ, ਉਦੋਂ ਭਾਵੇਂ ਧੂੰਆਂ ਖਤਮ ਹੋਵੇ ਜਾਂ ਨਾ ਪਰ ਲੋਕ ਜ਼ਰੂਰ ਨੇੜੇ ਆਉਣਗੇ।”
ਏਕਿਊਆਈ ਇੰਡੈਕਸ ਕੀ ਹੈ?

ਤਸਵੀਰ ਸਰੋਤ, Getty Images
ਮਾਹਿਰਾਂ ਅਨੁਸਾਰ ਹਵਾ ਵਿੱਚ ਪ੍ਰਦੂਸ਼ਣ ਦੇ ਅਨੁਪਾਤ ਨੂੰ ਮਾਪਣ ਲਈ ਏਏਕਿਊਆਈ ਜਾਂ ‘ਏਅਰ ਕੁਆਲਿਟੀ ਇੰਡੈਕਸ’ ਇਕ ਸਾਧਨ ਹੈ। ਇਸ ਦੀ ਵਰਤੋਂ ਨਾਲ ਇਹ ਦੱਸਿਆ ਜਾਂਦਾ ਹੈ ਕਿ ਕਿਸੇ ਸਥਾਨ ਦੀ ਹਵਾ ਕਿੰਨੀ ਸਾਫ਼ ਹੈ ਜਾਂ ਕਿੰਨੀ ਪ੍ਰਦੂਸ਼ਿਤ ਹੈ।
ਕਿਸੇ ਇਲਾਕੇ ਦਾ ਏਕਿਊਆਈ ਮਾਪਣ ਲਈ ਉਸ ਨੂੰ ਉਥੇ ਸਥਾਪਤ ਕੀਤਾ ਜਾਂਦਾ ਹੈ।
ਵੱਖ-ਵੱਖ ਦੇਸ਼ਾਂ ਕੋਲ ਹਵਾ ਦੇ ਪ੍ਰਦੂਸ਼ਣ ਨੂੰ ਪਰਖਣ ਲਈ ਵੱਖ-ਵੱਖ ਤਰੀਕੇ ਜਾਂ ਸਾਧਨ ਵਰਤੇ ਜਾਂਦੇ ਹਨ ਪਰ ਕੌਮਾਂਤਰੀ ਪੱਧਰ ’ਤੇ ਸਥਾਪਤ ਮਾਪਦੰਡਾਂ ਦੇ ਅਨੁਸਾਰ ਏਆਈਕਿਊਆਈ ਨੂੰ ਛੇ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।
ਇਨ੍ਹਾਂ ਸ਼੍ਰੇਣੀਆਂ ਦੇ ਅਨੁਸਾਰ:
- ਏਕਿਊਆਈ 0 ਤੋਂ 50 ਨੂੰ ਸਾਫ਼ ਹਵਾ ਮੰਨਿਆ ਜਾਂਦਾ ਹੈ, ਜੋ ਮਨੁੱਖੀ ਸਿਹਤ ਲਈ ਕੋਈ ਖ਼ਤਰਾ ਨਹੀਂ ਹੁੰਦੀ।
- ਏਕਿਊਆਈ 51 ਤੋਂ 100 ਨੂੰ ਵੀ ਮਨੁੱਖੀ ਸਿਹਤ ਲਈ ਖਤਰਾ ਨਹੀਂ ਮੰਨਿਆ ਜਾਂਦਾ।
- ਜਦੋਂ ਇਹ ਏਕਿਊਆਈ 101 ਤੋਂ 150 ਵਿੱਚ ਸ਼ਾਮਲ ਹੁੰਦਾ ਹੈ ਤਾਂ ਉਦੋਂ ਇਹ ਕਮਜ਼ੋਰ ਤੇ ਬਿਮਾਰ ਲੋਕਾਂ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ।
- ਏਕਿਊਆਈ ਦੇ 151 ਤੋਂ ਵਧਣ ਨਾਲ ਆਮ ਜਨਤਾ ਲਈ ਖਤਰਾ ਵੱਧ ਜਾਂਦਾ ਹੈ
- ਜਦੋਂ ਏਕਿਊਆਈ 201 ਤੋਂ 300 ਵਿਚਾਲੇ ਹੁੰਦਾ ਹੈ ਤਾਂ ਇਹ ਹਵਾ ਪ੍ਰਦੂਸ਼ਿਤ ਕਣਾਂ ਨਾਲ ਭਰੀ ਹੁੰਦੀ ਹੈ, ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਮੰਨੀ ਜਾਂਦੀ ਹੈ।
ਇਸ ਸ਼੍ਰੇਣੀ ਨੂੰ ‘ਸਿਹਤ ਚਿਤਾਵਨੀ’ ਮੰਨਿਆ ਜਾਂਦਾ ਹੈ, ਜਿਸਦਾ ਮਤਲਬ ਇਹ ਹਰ ਕਿਸੇ ਦੀ ਸਿਹਤ ਲਈ ਖਤਰਾ ਹੈ।
ਜਦੋਂ ਏਕਿਊਆਈ 300 ਤੋਂ ਵੱਧ ਜਾਂਦਾ ਹੈ ਤਾਂ ਉਸ ਹਵਾ ਨੂੰ ‘ਬਹੁਤ ਖਤਰਨਾਕ’ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਐਮਰਜੈਂਸੀ ਸਿਹਤ ਚਿਤਾਵਨੀ ਜਾਰੀ ਕੀਤੀ ਜਾਂਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












