ਇੰਦਰਾ ਗਾਂਧੀ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ 'ਤੇ ਚੀਕਿਆ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ 31 ਅਕਤੂਬਰ 1984 ਨੂੰ ਉਨ੍ਹਾਂ ਦੇ ਦੋ ਬਾਡੀਗਾਰਡਾਂ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਕਤਲ ਕਰ ਦਿੱਤਾ ਸੀ।
ਇੰਦਰਾ ਗਾਂਧੀ ਦੇ ਕਤਲ ਦੀ ਸ਼ਾਮ ਨੂੰ ਕੀ-ਕੀ ਵਾਪਰਿਆ ਸੀ?
ਭੁਵਨੇਸ਼ਵਰ ਨਾਲ ਇੰਦਰਾ ਗਾਂਧੀ ਦੀਆਂ ਕਈ ਯਾਦਾਂ ਜੁੜੀਆਂ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਸੁਖਦ ਨਹੀਂ ਹਨ।
ਇਸੇ ਸ਼ਹਿਰ ਵਿੱਚ ਉਨ੍ਹਾਂ ਦੇ ਪਿਤਾ ਜਵਾਹਰ ਲਾਲ ਨਹਿਰੂ ਪਹਿਲੀ ਵਾਰ ਗੰਭੀਰ ਰੂਪ ’ਚ ਬਿਮਾਰ ਹੋਏ ਸੀ ਜਿਸ ਕਾਰਨ 1964 ਵਿੱਚ ਉਨ੍ਹਾਂ ਦੀ ਮੌਤ ਹੋਈ।
ਇਸੇ ਸ਼ਹਿਰ ਵਿੱਚ 1967 ਦੇ ਚੋਣ ਪ੍ਰਚਾਰ ਦੌਰਾਨ ਇੰਦਰਾ 'ਤੇ ਪੱਥਰ ਸੁੱਟਿਆ ਗਿਆ ਅਤੇ ਉਨ੍ਹਾਂ ਦੀ ਨੱਕ ਦੀ ਹੱਡੀ ਟੁੱਟ ਗਈ ਸੀ।
30 ਅਕਤੂਬਰ 1984 ਦੀ ਦੁਪਹਿਰ ਇੰਦਰਾ ਗਾਂਧੀ ਨੇ ਜੋ ਭਾਸ਼ਣ ਦਿੱਤਾ, ਉਸ ਨੂੰ ਹਮੇਸ਼ਾ ਵਾਂਗ ਉਨ੍ਹਾਂ ਦੇ ਸੂਚਨਾ ਸਲਾਹਕਾਰ ਐੱਚ.ਵਾਈ ਸ਼ਾਰਦਾ ਪ੍ਰਸਾਦ ਨੇ ਤਿਆਰ ਕੀਤਾ ਸੀ।
ਪਰ ਅਚਾਨਕ ਇੰਦਰਾ ਨੇ ਤਿਆਰ ਭਾਸ਼ਣ ਤੋਂ ਵੱਖ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਤੇਵਰ ਵੀ ਬਦਲ ਗਏ।

ਇੰਦਰਾ ਗਾਂਧੀ ਦਾ ਖ਼ਦਸ਼ਾ
ਇੰਦਰਾ ਗਾਂਧੀ ਬੋਲੀ, "ਮੈਂ ਅੱਜ ਇੱਥੇ ਹਾਂ। ਕੱਲ੍ਹ ਸ਼ਾਇਦ ਨਾ ਹੋਵਾਂ। ਮੈਨੂੰ ਚਿੰਤਾ ਨਹੀਂ ਕਿ ਮੈਂ ਰਹਾਂ ਜਾਂ ਨਾ ਰਹਾਂ। ਮੇਰਾ ਜੀਵਨ ਲੰਬਾ ਰਿਹਾ ਹੈ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਆਪਣਾ ਪੂਰਾ ਜੀਵਨ ਲੋਕਾਂ ਦੀ ਸੇਵਾ ’ਚ ਲਾਇਆ ਹੈ।''
"ਮੈਂ ਆਪਣੇ ਆਖ਼ਰੀ ਸਾਹ ਤੱਕ ਇਹੀ ਕਰਦੀ ਰਹਾਂਗੀ ਅਤੇ ਜਦੋਂ ਮੈਂ ਮਰਾਂਗੀ ਤਾਂ ਮੇਰੇ ਖ਼ੂਨ ਦਾ ਇੱਕ-ਇੱਕ ਕਤਰਾ ਭਾਰਤ ਨੂੰ ਮਜ਼ਬੂਤ ਕਰਨ ’ਚ ਲੱਗੇਗਾ।''
ਕਦੇ-ਕਦੇ ਹੋਣੀ ਸ਼ਬਦਾਂ ਦਾ ਰੂਪ ਲੈ ਕੇ ਭਵਿੱਖ ਵੱਲ ਇਸ਼ਾਰਾ ਕਰਦੀ ਹੈ।
ਭਾਸ਼ਣ ਤੋਂ ਬਾਅਦ ਉਹ ਰਾਜਭਵਨ ਪਰਤੇ ਤਾਂ ਰਾਜਪਾਲ ਬਿਸ਼ੰਭਰਨਾਥ ਪਾਂਡੇ ਨੇ ਕਿਹਾ, “ਤੁਸੀਂ ਹਿੰਸਕ ਮੌਤ ਦਾ ਜ਼ਿਕਰ ਕਰ ਕੇ ਮੈਨੂੰ ਹਿਲਾ ਕੇ ਰੱਖ ਦਿੱਤਾ।”
ਇੰਦਰਾ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੇ ਆਪਣੀ ਗੱਲ ਤੱਥਾਂ ਦੇ ਆਧਾਰ 'ਤੇ ਕਹੀ ਸੀ।

ਤਸਵੀਰ ਸਰੋਤ, PIB
ਇੰਦਰਾ ਗਾਂਧੀ ਪੂਰੀ ਰਾਤ ਨਹੀਂ ਸੁੱਤੇ
ਉਸ ਰਾਤ ਇੰਦਰਾ ਜਦੋਂ ਦਿੱਲੀ ਪਰਤੇ ਤਾਂ ਕਾਫ਼ੀ ਥੱਕ ਗਏ ਸਨ। ਬਹੁਤ ਘੱਟ ਸੁੱਤੇ।
ਸਾਹਮਣੇ ਦੇ ਕਮਰੇ ’ਚ ਸੌਂ ਰਹੀ ਸੋਨੀਆ ਗਾਂਧੀ ਜਦੋਂ ਸਵੇਰੇ ਚਾਰ ਵਜੇ ਆਪਣੇ ਦਮੇ ਦੀ ਦਵਾਈ ਲੈਣ ਦੇ ਲਈ ਉੱਠ ਕੇ ਬਾਥਰੂਮ ਵੱਲ ਗਏ ਤਾਂ ਇੰਦਰਾ ਉਸ ਵੇਲੇ ਜਾਗ ਰਹੇ ਸਨ।
ਸੋਨੀਆ ਦੀ ਕਿਤਾਬ ‘ਰਾਜੀਵ’ ਮੁਤਾਬਕ ਇੰਦਰਾ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਬਾਥਰੂਮ ਵਿੱਚ ਆ ਗਏ ਅਤੇ ਦਵਾਈ ਲੱਭਣ ਵਿੱਚ ਉਨ੍ਹਾਂ ਦੀ ਮਦਦ ਕਰਨ ਲੱਗੇ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਤੁਹਾਡੀ ਤਬੀਅਤ ਫ਼ਿਰ ਵਿਗੜੇ ਤਾਂ ਮੈਨੂੰ ਆਵਾਜ਼ ਦੇ ਦੇਣਾ, ਮੈਂ ਜਾਗ ਰਹੀ ਹਾਂ।

ਤਸਵੀਰ ਸਰੋਤ, Getty Images
ਇੰਦਰਾ ਗਾਂਧੀ ਨੇ ਹਲਕਾ ਨਾਸ਼ਤਾ
ਸਵੇਰੇ 7.30 ਵਜੇ ਤੱਕ ਇੰਦਰਾ ਗਾਂਧੀ ਤਿਆਰ ਹੋ ਚੁੱਕੇ ਸਨ। ਉਨ੍ਹਾਂ ਨੇ ਕੇਸਰੀਆ ਰੰਗ ਦੀ ਸਾੜੀ ਪਾਈ ਹੋਈ ਸੀ।
ਇਸ ਦਿਨ ਉਨ੍ਹਾਂ ਦੀ ਪਹਿਲੀ ਮੁਲਾਕਾਤ ਪੀਟਰ ਉਸਤੀਨੋਵ ਦੇ ਨਾਲ ਤੈਅ ਸੀ ਜੋ ਇੰਦਰਾ ਗਾਂਧੀ 'ਤੇ ਇੱਕ ਦਸਤਾਵੇਜ਼ੀ ਫਿਲਮ ਬਣਾ ਰਹੇ ਸੀ।
ਉਹ ਇੱਕ ਦਿਨ ਪਹਿਲਾਂ ਉੜੀਸਾ ਦੌਰੇ ਦੌਰਾਨ ਵੀ ਉਨ੍ਹਾਂ ਨੂੰ ਸ਼ੂਟ ਕਰ ਰਹੇ ਸੀ।
ਦੁਪਹਿਰ ਵੇਲੇ ਉਨ੍ਹਾਂ ਨੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਜੇਮਜ਼ ਕੈਲੇਘਨ ਅਤੇ ਮਿਜ਼ੋਰਮ ਦੇ ਇੱਕ ਆਗੂ ਨਾਲ ਮਿਲਣਾ ਸੀ।
ਸ਼ਾਮ ਨੂੰ ਉਨ੍ਹਾਂ ਨੇ ਬ੍ਰਿਟੇਨ ਦੀ ਰਾਜਕੁਮਾਰੀ ਐਨ ਨੂੰ ਖਾਣੇ 'ਤੇ ਸੱਦਿਆ ਸੀ। ਉਸ ਦਿਨ ਨਾਸ਼ਤੇ ਵਿੱਚ ਉਨ੍ਹਾਂ ਨੇ ਦੋ ਟੋਸਟ, ਸੰਤਰੇ ਦਾ ਜੂਸ ਅਤੇ ਆਂਡੇ ਖਾਦੇ।
ਨਾਸ਼ਤੇ ਤੋਂ ਬਾਅਦ ਜਦੋਂ ਮੇਕਅਪ-ਮੈਨ ਉਨ੍ਹਾਂ ਦੇ ਚਿਹਰੇ 'ਤੇ ਪਾਊਡਰ ਅਤੇ ਬਲਸ਼ਰ ਲਗਾ ਰਿਹਾ ਸੀ ਤਾਂ ਉਨ੍ਹਾਂ ਦੇ ਡਾਕਟਰ ਕੇ.ਪੀ. ਮਾਥੂਰ ਉੱਥੇ ਪਹੁੰਚ ਗਏ। ਉਹ ਰੋਜ਼ ਇਸੇ ਸਮੇਂ ਉਨ੍ਹਾਂ ਨੂੰ ਦੇਖਣ ਪਹੁੰਚਦੇ ਸੀ।
ਉਨ੍ਹਾਂ ਨੇ ਡਾਕਟਰ ਮਾਥੁਰ ਨੂੰ ਵੀ ਅੰਦਰ ਬੁਲਾ ਲਿਆ ਅਤੇ ਦੋਵੇਂ ਗੱਲਾਂ ਕਰਨ ਲੱਗੇ।
ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਲੋੜ ਤੋਂ ਵੱਧ ਮੇਕਅਪ ਕਰਨ ਅਤੇ ਉਨ੍ਹਾਂ ਦੇ 80 ਸਾਲ ਦੀ ਉਮਰ ਵਿੱਚ ਵੀ ਕਾਲੇ ਵਾਲ ਹੋਣ ਬਾਰੇ ਮਜ਼ਾਕ ਵੀ ਕੀਤਾ।

ਇੰਦਰਾ ਗਾਂਧੀ ਬਾਰੇ ਸੰਖੇਪ ਜਾਣਕਾਰੀ
- ਇੰਦਰਾ ਗਾਂਧੀ ਭਾਰਤ ਦੀ ਪਹਿਲੀ ਤੇ ਹੁਣ ਤੱਖ ਆਖਰੀ ਮਹਿਲਾ ਪ੍ਰਧਾਨ ਮੰਤਰੀ ਸੀ
- ਉਨ੍ਹਾਂ ਦਾ ਜਨਮ 19 ਨਵੰਬਰ 1917 ਨੂੰ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਘਰ ਹੋਇਆ
- ਉਹ ਜਨਵਰੀ 1966 ਤੋਂ ਮਾਰਚ 1977 ਅਤੇ ਫੇਰ 1980 ਤੋਂ 1984 ਤੱਕ ਪ੍ਰਧਾਨ ਮੰਤਰੀ ਰਹੀ
- ਉਹ 1959 ਵਿਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਵੀ ਬਣੀ ਸੀ
- ਨਹਿਰੂ ਦੀ ਮੌਤ ਤੋਂ ਬਾਅਦ ਉਹ 1964 ਵਿਚ ਰਾਜ ਸਭਾ ਮੈਂਬਰ ਨਾਮਜ਼ਦ ਹੋਈ ਸੀ
- ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਦੇ ਮੰਤਰੀ ਮੰਡਲ ਵਿਚ ਸ਼ਾਮਲ ਕੀਤੀ ਗਈ
- ਉਨ੍ਹਾਂ ਨੂੰ ਭਾਰਤ ਵਿਚ ਸੱਤਾ ਦੇ ਕੇਂਦਰੀ ਕਰਨ ਅਤੇ ਪਾਕਿਸਤਾਨ ਖਿਲਾਫ਼ ਜੰਗ ਦੌਰਾਨ ਸ਼ਕਤੀਸ਼ਾਲੀ ਆਗੂ ਵਜੋਂ ਜਾਣਿਆ ਗਿਆ
- ਆਪਣੀ ਸੱਤਾ ਬਚਾਉਣ ਲਈ ਮੁਲਕ ਵਿਚ ਐਂਮਰਜੈਂਸੀ ਲਾਉਣ ਦਾ ਫੈਸਲਾ ਉਨ੍ਹਾਂ ਦਾ ਵਿਵਾਦਤ ਕਦਮ ਸੀ
- 1984 ਵਿਚ ਦਰਬਾਰ ਸਾਹਿਬ ਕੰਪਲੈਕਸ ਉੱਤੇ ਫੌਜੀ ਹਮਲਾ ਉਨ੍ਹਾਂ ਦੀ ਜਿੰਦਗੀ ਦੀ ਵੱਡੀ ਗਲਤੀ ਮੰਨੀ ਜਾਂਦੀ ਹੈ
- 31 ਅਕਤੂਬਰ 1984 ਨੂੰ ਉਨ੍ਹਾ ਦੇ ਦੋ ਬਾਡੀਗਾਰਡਾਂ ਨੇ ਉਨ੍ਹਾਂ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ


ਅਚਾਨਕ ਫਾਇਰਿੰਗ
9 ਵੱਜ ਕੇ 10 ਮਿੰਟ 'ਤੇ ਜਦੋਂ ਇੰਦਰਾ ਗਾਂਧੀ ਬਾਹਰ ਆਏ ਤਾਂ ਖੁਸ਼ਨੁਮਾ ਧੁੱਪ ਖਿੜੀ ਹੋਈ ਸੀ।
ਉਨ੍ਹਾਂ ਨੂੰ ਧੁੱਪ ਤੋਂ ਬਚਾਉਣ ਲਈ ਸਿਪਾਹੀ ਨਾਰਾਇਣ ਸਿੰਘ ਕਾਲੀ ਛੱਤਰੀ ਲੈ ਕੇ ਉਨ੍ਹਾਂ ਦੇ ਨਾਲ ਚੱਲ ਰਹੇ ਸੀ।
ਉਨ੍ਹਾਂ ਤੋਂ ਕੁਝ ਕਦਮ ਪਿੱਛੇ ਸਨ ਆਰ.ਕੇ. ਧਵਨ। ਉਨ੍ਹਾਂ ਦੇ ਵੀ ਪਿੱਛੇ ਸਨ ਇੰਦਰਾ ਦੇ ਨਿੱਜੀ ਸੇਵਕ ਨਾਥੂ ਰਾਮ।
ਸਭ ਤੋਂ ਪਿੱਛੇ ਸਨ ਉਨ੍ਹਾਂ ਦੇ ਨਿੱਜੀ ਸੁਰੱਖਿਆ ਅਫ਼ਸਰ, ਸਬ-ਇੰਸਪੈਕਟਰ ਰਾਮੇਸ਼ਵਰ ਦਿਆਲ।
ਇਸ ਵਿਚਾਲੇ ਇੱਕ ਮੁਲਾਜ਼ਮ ਭਾਂਡੇ ਲੈ ਕੇ ਸਾਹਮਣਿਓਂ ਲੰਘਿਆ ਜਿਨ੍ਹਾਂ ’ਚ ਉਸਤੀਨੋਵ ਨੂੰ ਚਾਹ ਸਰਵ ਕੀਤੀ ਜਾਣੀ ਸੀ।
ਇੰਦਰਾ ਨੇ ਉਸਨੂੰ ਬੁਲਾ ਕੇ ਕਿਹਾ, "ਉਸਤੀਨੋਵ ਦੇ ਲਈ ਦੂਜਾ ਟੀ-ਸੈਟ ਕੱਢੋ।''
ਜਦੋਂ ਇੰਦਰਾ ਗਾਂਧੀ 1, ਅਕਬਰ ਰੋਡ, ਨੂੰ ਉਨ੍ਹਾਂ ਦੀ ਰਿਹਾਇਸ਼ 1, ਸਫ਼ਦਰਜੰਗ ਰੋਡ, ਨਾਲ ਜੋੜਨ ਵਾਲੇ ਗੇਟ 'ਤੇ ਪਹੁੰਚੇ ਤਾਂ ਉਹ ਧਵਨ ਨਾਲ ਗੱਲਾਂ ਕਰ ਰਹੇ ਸਨ।
ਧਵਨ ਉਨ੍ਹਾਂ ਨੂੰ ਦੱਸ ਰਹੇ ਸੀ ਕਿ ਉਨ੍ਹਾਂ ਦੇ ਹੁਕਮਾਂ ਮੁਤਾਬਕ ਯਮਨ ਦੇ ਦੌਰੇ 'ਤੇ ਗਏ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਸੰਦੇਸ਼ ਭੇਜ ਦਿੱਤਾ ਹੈ ਕਿ ਉਹ 7 ਵਜੇ ਤੱਕ ਦਿੱਲੀ ਲੈਂਡ ਕਰ ਜਾਣ।
ਉਨ੍ਹਾਂ ਨੂੰ ਪਾਲਮ ਹਵਾਈ ਅੱਡੇ 'ਤੇ ਰਿਸੀਵ ਕਰਨ ਤੋਂ ਬਾਅਦ ਇੰਦਰਾ ਨੇ ਬ੍ਰਿਟੇਨ ਦੀ ਰਾਜਕੁਮਾਰੀ ਐਨ ਨੂੰ ਦਿੱਤੀ ਜਾਣ ਵਾਲੀ ਪਾਰਟੀ ’ਚ ਸ਼ਾਮਲ ਹੋਣਾ ਸੀ।
ਅਚਾਨਕ ਉੱਥੇ ਤਾਇਨਾਤ ਸੁਰੱਖਿਆ ਅਫ਼ਸਰ ਬੇਅੰਤ ਸਿੰਘ ਨੇ ਰਿਵਾਲਵਰ ਕੱਢ ਕੇ ਇੰਦਰਾ ਗਾਂਧੀ 'ਤੇ ਫਾਇਰ ਕੀਤਾ। ਗੋਲੀ ਇੰਦਰਾ ਦੇ ਢਿੱਡ ’ਚ ਵੱਜੀ।
ਇੰਦਰਾ ਨੇ ਚਿਹਰਾ ਬਚਾਉਣ ਦੇ ਲਈ ਆਪਣਾ ਸੱਜਾ ਹੱਥ ਚੁੱਕਿਆ ਪਰ ਉਸੇ ਵੇਲੇ ਬੇਅੰਤ ਨੇ ਬਿਲਕੁਲ ਪੁਆਇੰਟ ਬਲੈਂਕ ਰੇਜ ਤੋਂ ਦੋ ਫਾਇਰ ਹੋਰ ਕੀਤੇ।
ਇਹ ਗੋਲੀਆਂ ਉਨ੍ਹਾਂ ਦੇ ਸੀਨੇ ਅਤੇ ਕਮਰ ਵਿੱਚ ਲੱਗੀਆਂ।

ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ’ਤੇ ਚੀਕਿਆ
ਉੱਥੋਂ ਪੰਜ ਫੁੱਟ ਦੀ ਦੂਰੀ 'ਤੇ ਸਤਵੰਤ ਸਿੰਘ ਆਪਣੀ ਆਟੋਮੈਟਿਕ ਕਾਰਬਾਈਨ ਦੇ ਨਾਲ ਖੜ੍ਹਾ ਸੀ।
ਇੰਦਰਾ ਗਾਂਧੀ ਨੂੰ ਡਿੱਗਦੇ ਦੇਖ ਉਹ ਦਹਿਸ਼ਤ ਵਿੱਚ ਆ ਗਿਆ, ਆਪਣੀ ਥਾਂ ਤੋਂ ਹਿੱਲਿਆ ਤੱਕ ਨਹੀਂ । ਬੇਅੰਤ ਨੇ ਉਸ ਨੂੰ ਜ਼ੋਰ ਦੀ ਆਵਾਜ਼ ਵਿੱਚ ਕਿਹਾ, ਗੋਲੀ ਚਲਾਓ।
ਸਤਵੰਤ ਨੇ ਫੌਰਨ ਆਪਣੀ ਆਟੋਮੈਟਿਕ ਕਾਰਬਾਈਨ ਦੀਆਂ 25 ਗੋਲੀਆਂ ਇੰਦਰਾ ਗਾਂਧੀ 'ਤੇ ਚਲਾ ਦਿੱਤੀਆਂ।
ਬੇਅੰਤ ਦਾ ਪਹਿਲਾ ਫਾਇਰ ਹੋਏ 25 ਸਕਿੰਟ ਬੀਤ ਚੁੱਕੇ ਸਨ ਅਤੇ ਹੇਰ ਮੁਲਾਜ਼ਮਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਸੀ।
ਹੁਣ ਸਤਵੰਤ ਫਾਇਰ ਕਰ ਰਿਹਾ ਸੀ। ਰਾਮੇਸ਼ਵਰ ਦਿਆਲ ਨੇ ਅੱਗੇ ਦੌੜਨਾ ਸ਼ੁਰੂ ਕੀਤਾ ਪਰ ਇੰਦਰਾ ਤੱਕ ਪਹੁੰਚਣ ਤੋਂ ਪਹਿਲਾਂ ਸਤਵੰਤ ਵੱਲੋਂ ਚਲਾਈਆਂ ਗੋਲੀਆਂ ਉਨ੍ਹਾਂ ਦੇ ਪੱਟ ਅਤੇ ਪੈਰ ਵਿੱਚ ਲੱਗੀਆਂ ਅਤੇ ਉਹ ਉੱਥੇ ਹੀ ਢੇਰ ਹੋ ਗਏ।
ਇੰਦਰਾ ਗਾਂਧੀ ਨਾਲ ਕੰਮ ਕਰਦੇ ਲੋਕਾਂ ਨੇ ਉਨ੍ਹਾਂ ਦੇ ਜ਼ਖ਼ਮੀ ਸਰੀਰ ਨੂੰ ਦੇਖਿਆ ਤਾਂ ਇੱਕ-ਦੂਜੇ ਨੂੰ ਹੁਕਮ ਦੇਣ ਲੱਗੇ।
1, ਅਕਬਰ ਰੋਡ, ਤੋਂ ਇੱਕ ਪੁਲਿਸ ਅਫ਼ਸਰ ਦਿਨੇਸ਼ ਕੁਮਾਰ ਭੱਟ ਇਹ ਦੇਖਣ ਲਈ ਬਾਹਰ ਆਏ ਕਿ ਸ਼ੋਰ ਕਿਵੇਂ ਪੈ ਰਿਹਾ ਹੈ।

ਤਸਵੀਰ ਸਰੋਤ, Getty Images
ਨਹੀਂ ਸੀ ਐਂਬੁਲੈਂਸ
ਉਸ ਸਮੇਂ ਬੇਅੰਤ ਤੇ ਸਤਵੰਤ ਨੇ ਆਪਣੇ ਹਥਿਆਰ ਸੁੱਟ ਦਿੱਤੇ।
ਬੇਅੰਤ ਨੇ ਕਿਹਾ, "ਅਸੀਂ ਜੋ ਕੁਝ ਕਰਨਾ ਸੀ, ਅਸੀਂ ਕਰ ਦਿੱਤਾ। ਹੁਣ ਤੁਸੀਂ ਜੋ ਕਰਨਾ ਹੈ, ਕਰੋ।''
ਉਸੇ ਵੇਲੇ ਨਾਰਾਇਣ ਸਿੰਘ ਨੇ ਬੇਅੰਤ ਨੂੰ ਜ਼ਮੀਨ ’ਤੇ ਸੁੱਟ ਲਿਆ।
ਨੇੜੇ ਗਾਰਡ ਰੂਮ ਤੋਂ ਆਈਟੀਬੀਪੀ ਦੇ ਜਵਾਨ ਦੌੜਦੇ ਹੋਏ ਆਏ ਅਤੇ ਉਨ੍ਹਾਂ ਨੇ ਸਤਵੰਤ ਨੂੰ ਵੀ ਘੇਰੇ ਵਿੱਚ ਲੈ ਲਿਆ।
ਉੱਥੇ ਹਰ ਸਮੇਂ ਐਂਬੂਲੈਂਸ ਖੜ੍ਹੀ ਰਹਿੰਦੀ ਸੀ ਪਰ ਉਸ ਦਿਨ ਉਸ ਦਾ ਡਰਾਈਵਰ ਨਦਾਰਦ ਸੀ।
ਇੰਨੀ ਦੇਰ ’ਚ ਇੰਦਰਾ ਦੇ ਸਿਆਸੀ ਸਲਾਹਾਕਾਰ ਮਾਖਨ ਲਾਲ ਫੋਤੇਦਾਰ ਨੇ ਚੀਕ ਕੇ ਕਾਰ ਕੱਢਣ ਨੂੰ ਕਿਹਾ।
ਇੰਦਰਾ ਗਾਂਧੀ ਨੂੰ ਜ਼ਮੀਨ ਤੋਂ ਆਰ.ਕੇ. ਧਵਨ ਤੇ ਸੁਰੱਖਿਆ ਮੁਲਾਜ਼ਮ ਦਿਨੇਸ਼ ਭੱਟ ਨੇ ਚੁੱਕ ਕੇ ਚਿੱਟੀ ਐਂਮਬੈਸਡਰ ਕਾਰ ਦੀ ਪਿਛਲੀ ਸੀਟ 'ਤੇ ਰੱਖਿਆ।
ਅੱਗੇ ਦੀ ਸੀਟ 'ਤੇ ਧਵਨ, ਫੋਤੇਦਾਰ ਅਤੇ ਡਰਾਈਵਰ ਬੈਠੇ। ਜਿਵੇਂ ਹੀ ਕਾਰ ਚੱਲਣ ਲੱਗੀ, ਸੋਨੀਆ ਗਾਂਧੀ ਨੰਗੇ ਪੈਰੀਂ ਆਪਣੇ ਡ੍ਰੈਸਿੰਗ ਗਾਊਨ ’ਚ “ਮੰਮੀ-ਮੰਮੀ” ਬੋਲਦਿਆਂ ਭੱਜਦੇ ਹੋਏ ਆਏ।
ਇੰਦਰਾ ਦੀ ਹਾਲਤ ਦੇਖ ਕੇ ਉਹ ਉਸੀ ਹਾਲ ਵਿੱਚ ਕਾਰ ਦੀ ਪਿੱਛੇ ਦੀ ਸੀਟ 'ਤੇ ਬੈਠ ਗਏ। ਉਨ੍ਹਾਂ ਨੇ ਖੂਨ ਨਾਲ ਲਥਪਥ ਇੰਦਰਾ ਗਾਂਧੀ ਦਾ ਸਿਰ ਆਪਣੀ ਗੋਦ ’ਚ ਲੈ ਲਿਆ।
ਕਾਰ ਬਹੁਤ ਤੇਜ਼ੀ ਨਾਲ ਏਮਸ ਹਸਪਤਾਲ ਵੱਲ ਵਧੀ। ਚਾਰ ਕਿਲੋਮੀਟਰ ਦੇ ਸਫ਼ਰ ਦੌਰਾਨ ਕੋਈ ਕੁਝ ਨਹੀਂ ਬੋਲਿਆ। ਸੋਨੀਆ ਦਾ ਗਾਊਨ ਇੰਦਰਾ ਦੇ ਖੂਨ ਨਾਲ ਭਿੱਜ ਚੁੱਕਿਆ ਸੀ।

ਤਸਵੀਰ ਸਰੋਤ, Getty Images
ਸਟ੍ਰੈਚਰ ਵੀ ਨਹੀਂ ਸੀ ਮੌਜੂਦ
ਕਾਰ 9 ਵੱਜ ਕੇ 32 ਮਿੰਟ 'ਤੇ ਏਮਸ ਪਹੁੰਚੀ। ਉੱਥੇ ਇੰਦਰਾ ਦੇ ਬਲੱਡ ਗਰੁੱਪ ਓ-ਆਰਐੱਚ-ਨੈਗੇਟਿਵ ਦਾ ਕਾਫ਼ੀ ਸਟਾਕ ਸੀ।
ਪਰ ਘਰੋਂ ਕਿਸੇ ਨੇ ਵੀ ਏਮਸ ਫ਼ੋਨ ਕਰ ਕੇ ਨਹੀਂ ਦੱਸਿਆ ਸੀ ਕਿ ਇੰਦਰਾ ਨੂੰ ਗੰਭੀਰ ਹਾਲਤ ਵਿੱਚ ਉੱਥੇ ਲਿਆਇਆ ਜਾ ਰਿਹਾ ਹੈ।
ਐਮਰਜੈਂਸੀ ਵਾਰਡ ਦਾ ਗੇਟ ਖੋਲ੍ਹਣ ਅਤੇ ਇੰਦਰਾ ਨੂੰ ਕਾਰ ਤੋਂ ਉਤਾਰਨ ਵਿੱਚ 3 ਮਿੰਟ ਲੱਗ ਗਏ। ਉੱਥੇ ਇੱਕ ਸਟ੍ਰੈਚਰ ਵੀ ਮੌਜੂਦ ਨਹੀਂ ਸੀ।
ਕਿਸੇ ਤਰ੍ਹਾਂ ਇੱਕ ਸਟ੍ਰੈਚਰ ਦਾ ਇੰਤਜ਼ਾਮ ਕੀਤਾ ਗਿਆ। ਜਦੋਂ ਉਨ੍ਹਾਂ ਨੂੰ ਕਾਰ ਤੋਂ ਉਤਾਰਿਆ ਗਿਆ ਤਾਂ ਇੰਦਰਾ ਨੂੰ ਇਸ ਹਾਲਤ ਵਿੱਚ ਦੇਖ ਕੇ ਉੱਥੇ ਤਾਇਨਾਤ ਡਾਕਟਰ ਘਬਰਾ ਗਏ।
ਉਨ੍ਹਾਂ ਨੇ ਫ਼ੌਰਨ ਫੋਨ ਕਰ ਏਮਸ ਦੇ ਸੀਨੀਅਰ ਕਾਰਡੀਓਲੋਜਿਸਟ ਨੂੰ ਇਸ ਦੀ ਸੂਚਨਾ ਦਿੱਤੀ।
ਮਿੰਟਾਂ ਵਿੱਚ ਉੱਥੇ ਡਾਕਟਰ ਗੁਲੇਰੀਆ, ਡਾਕਟਰ ਐੱਮ.ਐੱਮ. ਕਪੂਰ ਤੇ ਡਾਕਟਰ ਐੱਸ. ਬਾਲਾਰਾਮ ਪਹੁੰਚ ਗਏ।

ਤਸਵੀਰ ਸਰੋਤ, Getty Images
ਟੈਸਟ ਵਿੱਚ ਇੰਦਰਾ ਦੇ ਦਿਲ ਦੀ ਮਾਮੂਲੀ ਹਰਕਤ ਦਿਖਾਈ ਦੇ ਰਹੀ ਸੀ ਪਰ ਨਾੜੀ ਵਿੱਚ ਕੋਈ ਧੜਕਨ ਨਹੀਂ ਮਿਲ ਰਹੀ ਸੀ।
ਉਨ੍ਹਾਂ ਦੀਆਂ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ। ਜੋ ਇਸ ਵੱਲ ਇਸ਼ਾਰਾ ਸੀ ਕਿ ਉਨ੍ਹਾਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਹੈ।
ਇੱਕ ਡਾਕਟਰ ਨੇ ਉਨ੍ਹਾਂ ਦੇ ਮੂੰਹ ਜ਼ਰੀਏ ਉਨ੍ਹਾਂ ਦੀ ਸਾਹ ਦੀ ਨਲੀ ਵਿੱਚ ਇੱਕ ਟਿਊਬ ਵਾੜੀ, ਤਾਂ ਜੋ ਫੇਫੜਿਆਂ ਤੱਕ ਆਕਸੀਜਨ ਪਹੁੰਚ ਸਕੇ ਅਤੇ ਦਿਮਾਗ਼ ਨੂੰ ਜ਼ਿੰਦਾ ਰੱਖਿਆ ਜਾ ਸਕੇ।
ਇੰਦਰਾ ਨੂੰ 80 ਬੋਤਲ ਖ਼ੂਨ ਦਿੱਤਾ ਗਿਆ ਜੋ ਉਨ੍ਹਾਂ ਦੇ ਸਰੀਰ ਦੇ ਖ਼ੂਨ ਤੋਂ ਪੰਜ ਗੁਣਾ ਸੀ।
ਡਾ. ਗੁਲੇਰੀਆ ਦੱਸਦੇ ਹਨ, "ਮੈਨੂੰ ਤਾਂ ਦੇਖ ਕੇ ਹੀ ਲੱਗ ਗਿਆ ਸੀ ਕਿ ਉਹ ਇਸ ਦੁਨੀਆਂ ਤੋਂ ਜਾ ਚੁੱਕੇ ਹਨ।''
"ਉਸ ਦੇ ਬਾਅਦ ਅਸੀਂ ਇਸ ਦੀ ਤਸਦੀਕ ਲਈ ਈਸੀਜੀ ਕੀਤਾ। ਫ਼ਿਰ ਅਸੀਂ ਉੱਥੇ ਮੌਜੂਦ ਸਿਹਤ ਮੰਤਰੀ ਸ਼ੰਕਰਾਨੰਦ ਤੋਂ ਪੁੱਛਿਆ - ਹੁਣ ਕੀ ਕਰਨਾ ਹੈ, ਕੀ ਅਸੀਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦੇਈਏ?''
"ਉਨ੍ਹਾਂ ਨੇ ਕਿਹਾ - ਨਹੀਂ। ਫ਼ਿਰ ਅਸੀਂ ਉਨ੍ਹਾਂ ਨੂੰ ਆਪਰੇਸ਼ਨ ਥਿਏਟਰ ਵੱਲ ਲੈ ਗਏ।''

ਤਸਵੀਰ ਸਰੋਤ, Getty Images
ਸਿਰਫ਼ ਦਿਲ ਸਲਾਮਤ ਸੀ
ਡਾਕਟਰਾਂ ਨੇ ਉਨ੍ਹਾਂ ਦੇ ਸਰੀਰ ਨੂੰ ਹਾਰਟ ਐਂਡ ਲੰਗ ਮਸ਼ੀਨ ਨਾਲ ਜੋੜ ਦਿੱਤਾ, ਜੋ ਕਿ ਉਨ੍ਹਾਂ ਦੇ ਖ਼ੂਨ ਨੂੰ ਸਾਫ਼ ਕਰਨ ਦਾ ਕੰਮ ਕਰਨ ਲੱਗੀ, ਜਿਸ ਦੇ ਕਾਰਨ ਉਨ੍ਹਾਂ ਦੇ ਖ਼ੂਨ ਦਾ ਤਾਪਮਾਨ 37 ਡਿਗਰੀ ਦੇ ਆਮ ਤਾਪਮਾਨ ਤੋਂ ਘੱਟ ਕੇ 31 ਹੋ ਗਿਆ।
ਇਹ ਸਾਫ਼ ਸੀ ਕਿ ਇੰਦਰਾ ਇਸ ਦੁਨੀਆਂ ਤੋਂ ਜਾ ਚੁੱਕੇ ਸਨ ਪਰ ਫਿਰ ਵੀ ਉਨ੍ਹਾਂ ਨੂੰ ਏਮਸ ਦੀ ਅੱਠਵੀਂ ਮੰਜ਼ਿਲ ਦੇ ਆਪਰੇਸ਼ਨ ਥਿਏਟਰ ਵਿੱਚ ਲਿਜਾਇਆ ਗਿਆ।
ਡਾਕਟਰਾਂ ਨੇ ਦੇਖਿਆ ਕਿ ਗੋਲੀਆਂ ਨੇ ਉਨ੍ਹਾਂ ਦੇ ਲੀਵਰ ਦੇ ਸੱਜੇ ਹਿੱਸੇ ਨੂੰ ਛੱਲਣੀ ਕਰ ਦਿੱਤਾ ਸੀ। ਉਨ੍ਹਾਂ ਦੀ ਅੰਤੜੀ ਵਿੱਚ ਘੱਟੋ-ਘੱਟ 12 ਸੁਰਾਖ਼ ਹੋ ਗਏ ਸਨ।
ਉਨ੍ਹਾਂ ਦੇ ਇੱਕ ਫੇਫੜੇ ਵਿੱਚ ਵੀ ਗੋਲੀ ਲੱਗੀ ਸੀ ਅਤੇ ਰੀੜ੍ਹ ਦੀ ਹੱਡੀ ਵੀ ਗੋਲੀਆਂ ਕਰਕੇ ਟੁੱਟ ਚੁੱਕੀ ਸੀ। ਸਿਰਫ਼ ਉਨ੍ਹਾਂ ਦਾ ਦਿਲ ਸਲਾਮਤ ਸੀ।

ਤਸਵੀਰ ਸਰੋਤ, Getty Images
ਯੋਜਨਾ ਬਣਾ ਕੇ ਨਾਲ ਡਿਊਟੀ
ਆਪਣੇ ਅੰਗ ਰੱਖਿਅਕਾਂ ਵੱਲੋਂ ਗੋਲੀ ਮਾਰੇ ਜਾਣ ਦੇ ਤਕਰੀਬਨ ਚਾਰ ਘੰਟਿਆਂ ਬਾਅਦ 2 ਵੱਜ ਕੇ 23 ਮਿੰਟ 'ਤੇ ਇੰਦਰਾ ਗਾਂਧੀ ਨੂੰ ਮ੍ਰਿਤਕ ਐਲਾਨਿਆ ਗਿਆ।
ਸਰਕਾਰੀ ਏਜੰਸੀਆਂ ਨੇ ਐਲਾਨ ਸ਼ਾਮ 6 ਵਜੇ ਤੱਕ ਨਹੀਂ ਕੀਤਾ।
ਇੰਦਰਾ ਗਾਂਧੀ ਦੀ ਜੀਵਨੀ ਲਿਖਣ ਵਾਲੇ ਇੰਦਰ ਮਲਹੌਤਰਾ ਨੇ ਦੱਸਿਆ ਸੀ ਕਿ ਖ਼ੁਫੀਆ ਏਜੰਸੀਆਂ ਨੂੰ ਖਦਸ਼ਾ ਸੀ ਕਿ ਇੰਦਰਾ ਗਾਂਧੀ 'ਤੇ ਇਸ ਤਰੀਕੇ ਦਾ ਹਮਲਾ ਹੋ ਸਕਦਾ ਹੈ।
ਉਨ੍ਹਾਂ ਨੇ ਸਿਫ਼ਾਰਿਸ਼ ਕੀਤੀ ਸੀ ਸਾਰੇ ਸਿੱਖ ਮੁਲਾਜ਼ਮਾਂ ਨੂੰ ਇੰਦਰਾ ਦੇ ਨਿਵਾਸ ਸਥਾਨ ਤੋਂ ਹਟਾ ਲਿਆ ਜਾਏ।
ਪਰ ਜਦੋਂ ਫਾਇਲ ਇੰਦਰਾ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਬਹੁਤ ਗੁੱਸੇ ਵਿੱਚ ਉਸ 'ਤੇ ਤਿੰਨ ਸ਼ਬਦ ਲਿੱਖੇ, "ਆਰ ਵੀ ਸੈਕੁਲਰ?''(ਕੀ ਅਸੀਂ ਧਰਮ ਨਿਰਪੱਖ ਹਾਂ?)
ਉਸ ਤੋਂ ਬਾਅਦ ਤੈਅ ਕੀਤਾ ਗਿਆ ਕਿ ਇੱਕੋ ਨਾਲ ਦੋ ਸਿੱਖ ਮੁਲਾਜ਼ਮਾਂ ਦੀ ਉਨ੍ਹਾਂ ਦੇ ਨੇੜੇ ਡਿਊਟੀ ਨਾ ਲਗਾਈ ਜਾਏ।
31 ਅਕਤੂਬਰ ਦੇ ਦਿਨ ਸਤਵੰਤ ਸਿੰਘ ਨੇ ਬਹਾਨਾ ਕੀਤਾ ਕਿ ਉਨ੍ਹਾਂ ਦਾ ਪੇਟ ਖ਼ਰਾਬ ਹੈ। ਇਸ ਲਈ ਉਸ ਨੂੰ ਪਖਾਣੇ ਦੇ ਨੇੜੇ ਤਾਇਨਾਤ ਕੀਤਾ ਜਾਏ।
ਇਸ ਤਰ੍ਹਾਂ ਬੇਅੰਤ ਤੇ ਸਤਵੰਤ ਇੱਕੋ ਨਾਲ ਤਾਇਨਾਤ ਹੋਏ ਅਤੇ ਉਨ੍ਹਾਂ ਨੇ ਇੰਦਰਾ ਗਾਂਧੀ ਤੋਂ ਆਪਰੇਸ਼ਨ ਬਲੂਸਟਾਰ ਦਾ ਬਦਲਾ ਲੈ ਲਿਆ।
(ਇਹ ਕਹਾਣੀ ਪਹਿਲੀ ਵਾਰ 31 ਅਕਤੂਬਰ 2017 ਨੂੰ ਛਾਪੀ ਗਈ ਸੀ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












