ਗੂਗਲ ਨੂੰ 2.4 ਅਰਬ ਪੌਂਡ ਦਾ ਜੁਰਮਾਨਾ ਕਰਵਾਉਣ ਵਾਲੇ ਜੋੜੇ ਦੀ ਕਹਾਣੀ - ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, Getty Images
- ਲੇਖਕ, ਸਿਮੋਨ ਟੁਲੇਟ
- ਰੋਲ, ਬੀਬੀਸੀ ਪੱਤਰਕਾਰ
"ਗੂਗਲ ਨੇ ਸਾਨੂੰ ਇੰਟਰਨੈਟ ਤੋਂ ਗਾਇਬ ਹੀ ਕਰ ਦਿੱਤਾ ਸੀ।", ਇਹ ਕਹਿਣਾ ਹੈ ਸ਼ਿਵੌਨ ਰਾਫ਼ ਅਤੇ ਉਨ੍ਹਾਂ ਦੇ ਪਤੀ ਐਡਮ ਰਾਫ਼ ਦਾ।
2006 ਵਿੱਚ, ਜੋੜੇ ਨੇ ਆਪਣੀਆਂ ਚੰਗੀਆਂ ਤਨਖਾਹ ਵਾਲੀਆਂ ਨੌਕਰੀਆਂ ਛੱਡ ਦਿੱਤੀਆਂ ਅਤੇ ਪ੍ਰਾਈਸ ਕੰਪੈਰੀਜ਼ਨ (ਇੱਕ ਕੀਮਤ ਤੁਲਨਾ) ਵਾਲੀ ਵੈਬਸਾਈਟ, ਫਾਊਂਡੇਮ ਦੀ ਸ਼ੁਰੂਆਤ ਕੀਤੀ ਸੀ।
ਪਰ, ਫਿਰ ਫ਼ਾਊਂਡੇਮ ’ਤੇ ਸਰਚ ਇੰਜਣ ਦੇ ਇੱਕ ਆਟੋਮੈਟਿਕ ਸਪੈਮ ਫਿਲਟਰਜ਼ ਕਾਰਨ ਗੂਗਲ ਸਰਚ ਪੈਨਲਟੀ ਲਗਾਈ ਗਈ, ਜਿਸ ਦਾ ਅਸਰ ਵੈੱਬਸਾਈਟ ਦੇ ਕਾਰੋਬਾਰ ’ਤੇ ਪਿਆ।
ਦਰਅਸਲ, ਇਸ ਜੁਰਮਾਨੇ ਦੇ ਕਾਰਨ, ਫਾਊਂਡੇਮ ਕੰਪਨੀ ਇੰਟਰਨੈਟ 'ਤੇ 'ਪ੍ਰਾਈਮ ਕੰਪੈਰੀਜ਼ਨ' ਅਤੇ 'ਕੰਪੈਰੀਜ਼ਨ ਸ਼ਾਪਿੰਗ' ਵਰਗੇ ਸਰਚ ਨਤੀਜਿਆਂ ਦੀ ਸੂਚੀ ਵਿੱਚ ਬਹੁਤ ਪਿੱਛੇ ਰਹਿ ਗਈ ਸੀ।
ਹਾਲਾਂਕਿ, ਸਟਾਰਟਅਪ ਸ਼ੁਰੂ ਕਰਨ ਵਾਲੇ ਸੰਸਥਾਪਕਾਂ ਲਈ, ਸਟਾਰਟਅਪ ਦੀ ਸ਼ੁਰੂਆਤ ਦਾ ਪਹਿਲਾ ਦਿਨ ਉਤਸ਼ਾਹ ਅਤੇ ਚਿੰਤਾਵਾਂ ਨਾਲ ਭਰਿਆ ਹੋਇਆ ਹੈ। ਪਰ, ਸ਼ਿਵੋਨ ਅਤੇ ਐਡਮ ਲਈ ਇਹ ਹੋਰ ਵੀ ਬੁਰਾ ਸਾਬਤ ਹੋਇਆ ਸੀ।
ਕਿਉਂਕਿ, ਜਦੋਂ ਦੋਵਾਂ ਨੇ ਫ਼ਾਊਂਡੇਮ ਦੀ ਵੈੱਬਸਾਈਟ ਸ਼ੁਰੂ ਕੀਤੀ ਸੀ, ਉਸ ਸਮੇਂ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜਾ ਨਹੀਂ ਸੀ ਕਿ ਆਉਣ ਵਾਲਾ ਸਮਾਂ ਉਨ੍ਹਾਂ ਦੇ ਸਟਾਰਟਅਪ ਲਈ ਚੰਗਾ ਸਾਬਤ ਨਹੀਂ ਹੋਣ ਵਾਲਾ।
ਦਰਅਸਲ, ਫਾਊਂਡੇਮ 'ਤੇ ਗੂਗਲ ਸਰਚ ਪੈਨਲਟੀ ਕਾਰਨ ਰਾਫ਼ ਜੋੜੇ ਦੀ ਵੈੱਬਸਾਈਟ ਨੂੰ ਪੈਸਾ ਕਮਾਉਣਾ ਕਾਫੀ ਮੁਸ਼ਕਲ ਹੋ ਰਿਹਾ ਸੀ।
ਫਾਊਂਡੇਮ ਦਾ ਰੈਵੇਨਿਊ ਮਾਡਲ ਅਜਿਹਾ ਸੀ ਕਿ ਜਦੋਂ ਕੋਈ ਗਾਹਕ ਕਿਸੇ ਹੋਰ ਵੈੱਬਸਾਈਟ ਜ਼ਰੀਏ ਉਨ੍ਹਾਂ ਦੇ ਉਤਪਾਦਾਂ ਦੀ ਸੂਚੀ 'ਤੇ ਕਲਿੱਕ ਕਰਦਾ ਸੀ, ਇਸ ਲਈ ਜੋੜੇ ਦੀ ਵੈੱਬਸਾਈਟ ਉਨ੍ਹਾਂ ਤੋਂ ਫ਼ੀਸ ਲੈਂਦੀ ਸੀ।

ਗੂਗਲ 'ਤੇ ਲਗਾਇਆ ਗਿਆ ਜੁਰਮਾਨਾ
ਐਡਮ ਕਹਿੰਦੇ ਹਨ, "ਅਸੀਂ ਇਹ ਦੇਖਣ ਲਈ ਆਪਣੇ ਪੇਜ਼ਾਂ ਦੀ ਨਿਗਰਾਨੀ ਕਰ ਰਹੇ ਸੀ ਕਿ ਆਖ਼ਿਰ ਉਨ੍ਹਾਂ ਦੀ ਰੈਂਕਿੰਗ ਕਿਸ ਤਰ੍ਹਾਂ ਦੀ ਹੈ ਅਤੇ ਫਿਰ ਅਸੀਂ ਦੇਖਿਆ ਕਿ ਤਕਰੀਬਨ ਸਾਰੇ ਪੇਜ਼ ਤੁਰੰਤ ਡਿੱਗ ਗਏ ਸਨ।"
ਪਹਿਲਾ ਦਿਨ ਫਾਊਂਡੇਮ ਲਈ ਯੋਜਨਾ ਮੁਤਾਬਿਕ ਨਾ ਰਿਹਾ ਅਤੇ ਇਸ ਨੇ ਕਾਨੂੰਨੀ ਲੜਾਈ ਨੂੰ ਜਨਮ ਦਿੱਤਾ ਜੋ 15 ਸਾਲਾਂ ਤੱਕ ਚੱਲੀ।
ਅੰਤ ਵਿੱਚ ਗੂਗਲ 'ਤੇ 2.4 ਅਰਬ ਪੌਂਡ ਦਾ ਰਿਕਾਰਡ ਜੁਰਮਾਨਾ ਲਗਾਇਆ ਗਿਆ।
ਇਸ ਮਾਮਲੇ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਗੂਗਲ ਨੇ ਆਪਣੇ ਮਾਰਕੀਟ ਦਬਦਬੇ ਦੀ ਦੁਰਵਰਤੋਂ ਕੀਤੀ ਹੈ।
ਇਸ ਮਾਮਲੇ ਨੂੰ ਗੂਗਲ ਦੇ ਗਲੋਬਲ ਰੈਗੂਲੇਸ਼ਨ ਵਿੱਚ ਇੱਕ ਇਤਿਹਾਸਕ ਪਲ ਵਜੋਂ ਦੇਖਿਆ ਗਿਆ।
ਹਾਲਾਂਕਿ, ਗੂਗਲ ਨੇ ਜੂਨ 2017 ਵਿੱਚ ਜਾਰੀ ਕੀਤੇ ਗਏ ਫ਼ੈਸਲੇ ਦੇ ਖ਼ਿਲਾਫ਼ ਸੱਤ ਸਾਲ ਲੰਬੀ ਅਦਾਲਤੀ ਲੜਾਈ ਲੜੀ ਸੀ, ਪਰ ਇਸ ਸਾਲ ਸਤੰਬਰ ਵਿੱਚ, ਯੂਰਪੀਅਨ ਕੋਰਟ ਆਫ਼ ਜਸਟਿਸ ਨੇ ਗੂਗਲ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ।
ਇਸ ਫ਼ੈਸਲੇ ਤੋਂ ਬਾਅਦ ਸ਼ਿਵੋਨ ਅਤੇ ਐਡਮ ਨੇ ਰੇਡੀਓ 4 ਦੇ ‘ਦਿ ਬੌਟਮ ਲਾਈਨ’ ਪ੍ਰੋਗਰਾਮ ਵਿੱਚ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਦੀ ਵੈਬਸਾਈਟ ਦੇ ਲੜਖੜਾਉਂਦੀ ਸ਼ੁਰੂਆਤ ਮਹਿਜ਼ ਇੱਕ ਗਲਤੀ ਸੀ.
55 ਸਾਲਾ ਸ਼ਿਵੌਨ ਨੇ ਕਿਹਾ, "ਸ਼ੁਰੂਆਤ ਵਿੱਚ ਅਸੀਂ ਸੋਚਿਆ ਕਿ ਸਾਡੀ ਵੈਬਸਾਈਟ ਨੂੰ ਸਪੈਮ ਸਮਝਿਆ ਗਿਆ ਹੈ।”
"ਅਸੀਂ ਸੋਚਿਆ ਸੀ ਕਿ ਜੇ ਅਸੀਂ ਸਹੀ ਜਗ੍ਹਾ 'ਤੇ ਸ਼ਿਕਾਇਤ ਕੀਤੀ ਤਾਂ ਇਸ ਗਲਤੀ ਨੂੰ ਸੁਧਾਰ ਲਿਆ ਜਾਵੇਗਾ।"
ਇਸ ਮਾਮਲੇ ਵਿੱਚ, 58 ਸਾਲਾ ਐਡਮ ਨੇ ਕਿਹਾ, "ਜੇਕਰ ਤੁਹਾਨੂੰ ਕਿਸੇ ਤਰ੍ਹਾਂ ਟ੍ਰੈਫ਼ਿਕ ਨਹੀਂ ਮਿਲਦਾ, ਤਾਂ ਤੁਹਾਡਾ ਬਿਜ਼ਨਿਸ ਨਹੀਂ ਹੁੰਦਾ ਯਾਨੀ ਕਾਰੋਬਾਰ ਨਹੀਂ ਚੱਲਦਾ।”
ਜੋੜੇ ਨੇ ਗੂਗਲ ਨੂੰ ਕਈ ਵਾਰ ਇਸ ਪਾਬੰਦੀ ਨੂੰ ਹਟਾਉਣ ਲਈ ਬੇਨਤੀ ਕੀਤੀ।
ਪਰ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਅਤੇ ਗੂਗਲ ਤੋਂ ਕੋਈ ਜਵਾਬ ਨਹੀਂ ਮਿਲਿਆ।
ਸ਼ਿਵੌਨ ਨੇ ਕਿਹਾ ਕਿ ਉਨ੍ਹਾਂ ਦੀ ਵੈੱਬਸਾਈਟ ਦੂਜੇ ਸਰਚ ਇੰਜਣਾਂ 'ਤੇ ਪੂਰੀ ਤਰ੍ਹਾਂ ਨਾਲ ਸਧਾਰਨ ਰੂਪ ਵਿੱਚ ਰੈਂਕ ਕਰ ਰਹੀ ਸੀ, ਪਰ ਇਸ ਨਾਲ ਕੋਈ ਫ਼ਰਕ ਨਹੀਂ ਪਿਆ ਕਿਉਂਕਿ ਜ਼ਿਆਦਾਤਰ ਲੋਕ ਗੂਗਲ ਦੀ ਵਰਤੋਂ ਕਰ ਰਹੇ ਸਨ।
ਹਾਲਾਂਕਿ, ਜੋੜੇ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਦੀ ਵੈੱਬਸਾਈਟ ਇਕੱਲੀ ਨਹੀਂ ਸੀ, ਜਿਸ ਨੂੰ ਗੂਗਲ ਨੁਕਸਾਨ ਪਹੁੰਚਾ ਰਿਹਾ ਸੀ।
ਜਦੋਂ 2017 ਵਿੱਚ ਗੂਗਲ ਨੂੰ ਮੁਲਜ਼ਿਮ ਮੰਨਿਆ ਗਿਆ ਅਤੇ ਜੁਰਮਾਨਾ ਲਗਾਇਆ ਗਿਆ, ਫਿਰ ਪਤਾ ਲੱਗਿਆ ਕਿ ਉਨ੍ਹਾਂ ਤੋਂ ਇਲਾਵਾ ਕੇਲਕੂ, ਟ੍ਰਿਵਾਗੋ ਅਤੇ ਯੈਲਪੋ ਸਣੇ 20 ਅਜਿਹੇ ਦਾਅਵੇਦਾਰ ਸਨ ਜੋ ਗੂਗਲ ਦਾ ਸ਼ਿਕਾਰ ਹੋਏ ਸਨ।

ਤਸਵੀਰ ਸਰੋਤ, Getty Images
ਯੂਰਪੀਅਨ ਕਮਿਸ਼ਨ ਨੇ ਕੀ ਕਿਹਾ?
ਐਡਮ ਨੇ ਆਪਣਾ ਕਰੀਅਰ ਸੁਪਰਕੰਪਿਊਟਿੰਗ ਵਿੱਚ ਬਣਾਇਆ।
ਉਨ੍ਹਾਂ ਦਾ ਕਹਿਣਾ ਹੈ ਕਿ ਫ਼ਾਊਂਡੇਮ ਬਣਾਉਣ ਦਾ ਵਿਚਾਰ ਉਨ੍ਹਾਂ ਆਪਣੇ ਪਿਛਲੇ ਦਫਤਰ ਦੇ ਬਾਹਰ ਸਿਗਰਟ ਪੀਂਦਿਆਂ ਆਇਆ ਸੀ।
ਇਹ ਉਹ ਸਮਾਂ ਸੀ ਜਦੋਂ ਕੀਮਤਾਂ ਦੀ ਤੁਲਨਾ ਕਰਨ ਵਾਲੀਆਂ ਵੈੱਬਸਾਈਟਾਂ ਆਪਣੇ ਸ਼ੁਰੂਆਤੀ ਦੌਰ ਵਿੱਚ ਸਨ।
ਉਸ ਸਮੇਂ ਹਰ ਵੈੱਬਸਾਈਟ ਇੱਕ ਖ਼ਾਸ ਉਤਪਾਦ ਵਿੱਚ ਮੁਹਾਰਤ ਰੱਖਦੀ ਸੀ ਪਰ ਫਾਊਂਡੇਮ ਇਨ੍ਹਾਂ ਸਭ ਤੋਂ ਵੱਖਰੀ ਸੀ।
ਇੱਥੇ ਗਾਹਕਾਂ ਨੂੰ ਕੱਪੜੇ ਤੋਂ ਲੈ ਕੇ ਉਡਾਣਾਂ ਤੱਕ ਦੀਆਂ ਕੀਮਤਾਂ ਦੀ ਤੁਲਨਾ ਕਰਨ ਦਾ ਮੌਕਾ ਮਿਲਿਆ।
ਸ਼ਿਵੌਨ ਨੇ ਖ਼ੁਦ ਕਈ ਗਲੋਬਲ ਬ੍ਰਾਂਡਜ਼ ਲਈ ਸਾਫਟਵੇਅਰ ਸਲਾਹਕਾਰ ਵਜੋਂ ਕੰਮ ਕੀਤਾ ਹੈ।
ਉਹ ਮੁਸਕਰਾਉਂਦਿਆਂ ਕਹਿੰਦੇ ਹਨ, "ਹੋਰ ਕੋਈ ਵੀ ਸਾਡੀ ਵੈੱਬਸਾਈਟ ਦੇ ਨੇੜੇ-ਤੇੜੇ ਨਹੀਂ ਸੀ।"
ਯੂਰਪੀਅਨ ਕਮਿਸ਼ਨ ਨੇ ਆਪਣੇ 2017 ਦੇ ਫ਼ੈਸਲੇ ਵਿੱਚ ਕਿਹਾ ਕਿ ਉਨ੍ਹਾਂ ਨੇ ਪਾਇਆ ਹੈ ਕਿ ਗੂਗਲ ਨੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਸਰਚ ਰਿਜ਼ਲਟਜ਼ ਵਿੱਚ ਆਪਣੀਆਂ ਕੰਮਪੈਰੀਜ਼ਨ ਸ਼ਾਪਿੰਗ ਸਰਵਿਸਜ਼ ਨੂੰ ਉਤਸ਼ਾਹਿਤ ਕੀਤਾ ਸੀ ਅਤੇ ਮੁਕਾਬਲੇ ਵਾਲੀਆਂ ਵੈੱਬਸਾਈਟਾਂ ਨੂੰ ਪਿੱਛੇ ਧੱਕ ਦਿੱਤਾ ਹੈ।
ਦਸ ਸਾਲ ਪਹਿਲਾਂ ਜਦੋਂ ਫ਼ਾਊਂਡੇਮ ਦੀ ਸਥਾਪਨਾ ਹੋਈ ਸੀ ਤਾਂ ਉਸ ਸਮੇਂ ਨੂੰ ਯਾਦ ਕਰਦਿਆਂ ਐਡਮ ਕਹਿੰਦੇ ਹਨ ਕਿ ਉਨ੍ਹਾਂ ਕੋਲ ਉਦੋਂ ਇਹ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਸੀ ਕਿ ਗੂਗਲ ਜਾਣਬੁੱਝ ਕੇ ਆਨਲਾਈਨ ਖਰੀਦਦਾਰੀ ਦੇ ਮਾਮਲੇ ਵਿੱਚ ਇੱਕ ਵਿਰੋਧੀ ਰਵੱਈਆ ਅਪਣਾ ਰਿਹਾ ਸੀ ਅਤੇ ਫਿਰ ਅਸੀਂ ਇਸ ਖੇਤਰ ਵਿੱਚ ਵੱਡੇ ਖਿਡਾਰੀ ਨਹੀਂ ਸੀ।

ਤਸਵੀਰ ਸਰੋਤ, Getty Images
ਜੋੜੇ ਨੂੰ ਸ਼ੱਕ ਕਿਵੇਂ ਹੋਇਆ?
2008 ਦੇ ਅੰਤ ਤੱਕ, ਜੋੜੇ ਨੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਕਿ ਕੁਝ ਗਲਤ ਸੀ। ਕ੍ਰਿਸਮਸ ਤੋਂ ਤਿੰਨ ਹਫ਼ਤੇ ਪਹਿਲਾਂ ਜੋੜੇ ਨੂੰ ਇੱਕ ਮੈਸੇਜ ਮਿਲਿਆ ਸੀ।
ਇਸ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਵੈਬਸਾਈਟ ਅਚਾਨਕ ਲੋਡ ਹੋਣ ਵਿੱਚ ਹੌਲੀ ਹੋ ਗਈ ਸੀ।
ਐਡਮ ਨੇ ਹੱਸਦੇ ਹੋਏ ਇਸ ਬਾਰੇ ਕਿਹਾ, ''ਪਹਿਲਾਂ ਤਾਂ ਉਨ੍ਹਾਂ ਨੂੰ ਲੱਗਾ ਕਿ ਇਹ ਸਾਈਬਰ ਹਮਲਾ ਹੈ।
"ਪਰ ਅਸਲ ਵਿੱਚ ਇਹ ਇਸ ਤਰ੍ਹਾਂ ਸੀ ਜਿਵੇਂ ਹਰ ਕੋਈ ਸਾਡੀ ਵੈਬਸਾਈਟ 'ਤੇ ਆ ਰਿਹਾ ਹੋਵੇ।"
ਫਾਊਂਡੇਮ ਨੂੰ ਚੈਨਲ 5 ਦੇ ‘ਦਿ ਗੈਜੇਟ ਸ਼ੋਅ’ 'ਤੇ ਲੰਡਨ ਦੀ ਸਭ ਤੋਂ ਵਧੀਆ ਕੰਪੈਰੀਜ਼ਨ ਵੈੱਬਸਾਈਟ ਦੱਸਿਆ ਗਿਆ ਸੀ।
ਸ਼ਿਵੌਨ ਦੱਸਦੇ ਹਨ, ''ਇਹ ਸੱਚਮੁੱਚ ਅਹਿਮ ਸੀ। ਕਿਉਂਕਿ ਉਸ ਤੋਂ ਬਾਅਦ ਅਸੀਂ ਗੂਗਲ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਦੇਖੋ, ਗੂਗਲ ਯੂਜ਼ਰਸ ਨੂੰ ਸਾਡੀ ਵੈੱਬਸਾਈਟ ਲੱਭਣ ਦਾ ਕੋਈ ਫਾਇਦਾ ਨਹੀਂ ਮਿਲ ਰਿਹਾ, ਕਿਉਂਕਿ ਤੁਸੀਂ ਯੂਜ਼ਰਜ਼ ਲਈ ਸਾਨੂੰ ਲੱਭਣਾ ਅਸੰਭਵ ਬਣਾ ਦਿੱਤਾ ਹੈ।"
ਐਡਮ ਕਹਿੰਦੇ ਹਨ, "ਫਿਰ ਵੀ, ਗੂਗਲ ਨੇ ਸਾਡੀ ਗੱਲ ਨਹੀਂ ਸੁਣੀ। ਇਹ ਉਹ ਪਲ ਸੀ ਜਦੋਂ ਸਾਨੂੰ ਅਹਿਸਾਸ ਹੋਇਆ ਕਿ ਹੁਣ ਸਾਨੂੰ ਲੜਨਾ ਪਵੇਗਾ।"
ਜੋੜੇ ਨੇ ਪ੍ਰੈਸ ਕੋਲ ਜਾ ਕੇ ਆਪਣੀ ਗੱਲ ਰੱਖੀ। ਪਰ ਉਸ ਨੂੰ ਸੀਮਤ ਸਫਲਤਾ ਮਿਲੀ।
ਇਸ ਤੋਂ ਬਾਅਦ ਉਨ੍ਹਾਂ ਨੇ ਬ੍ਰਿਟੇਨ, ਅਮਰੀਕਾ ਅਤੇ ਬ੍ਰਸੇਲਸ ਦੇ ਰੈਗੂਲੇਟਰਜ਼ ਦੇ ਸਾਹਮਣੇ ਆਪਣਾ ਮਾਮਲਾ ਰੱਖਿਆ।
ਫ਼ਿਰ ਇਹ ਮਸਲਾ ਯੂਰਪੀਅਨ ਕਮਿਸ਼ਨ ਕੋਲ ਅੱਗੇ ਵਧਿਆ। ਸਾਲ 2010 ਵਿੱਚ ਜਾਂਚ ਸ਼ੁਰੂ ਕੀਤੀ ਗਈ ਸੀ।
ਜੋੜੇ ਨੇ ਫਿਰ ਬ੍ਰਸੇਲਜ਼ ਵਿੱਚ ਇੱਕ ਕੈਬਿਨ ਵਿੱਚ ਰੈਗੂਲੇਟਰਜ਼ ਨਾਲ ਆਪਣੀ ਪਹਿਲੀ ਮੁਲਾਕਾਤ ਕੀਤੀ।
ਉਸ ਸਮੇਂ ਨੂੰ ਯਾਦ ਕਰਦਿਆਂ ਸ਼ਿਵੌਨ ਕਹਿੰਦੇ ਹਨ, "ਇੱਕ ਗੱਲ ਜੋ ਰੈਗੂਲੇਟਰ ਨੇ ਮੈਨੂੰ ਕਹੀ ਸੀ, ਉਹ ਇਹ ਸੀ ਕਿ ਜੇਕਰ ਇਹ ਇੱਕ ਸਿਸਟਮ ਸਮੱਸਿਆ ਹੈ, ਤਾਂ ਤੁਸੀਂ ਸ਼ਿਕਾਇਤ ਕਰਨ ਵਾਲੇ ਤੁਸੀਂ ਪਹਿਲੇ ਹੋਵੋਗੇ।"
ਉਨ੍ਹਾਂ ਕਿਹਾ, “ਅਸੀਂ ਕਿਹਾ ਸੀ ਕਿ ਸਾਨੂੰ 100 ਫੀਸਦੀ ਯਕੀਨ ਨਹੀਂ ਹੈ। ਪਰ ਸਾਨੂੰ ਸ਼ੱਕ ਹੈ ਕਿ ਲੋਕ ਡਰਦੇ ਹਨ।”
"ਕਿਉਂਕਿ ਇੰਟਰਨੈਟ 'ਤੇ ਸਾਰੇ ਕਾਰੋਬਾਰ ਨਿਸ਼ਚਿਤ ਤੌਰ' ਤੇ ਗੂਗਲ ਦੇ ਟ੍ਰੈਫਿਕ 'ਤੇ ਨਿਰਭਰ ਹਨ।"

ਤਸਵੀਰ ਸਰੋਤ, Getty Images
"ਸਾਨੂੰ ਧਮਕਾਉਣ ਵਾਲੇ ਪਸੰਦ ਨਹੀਂ"
ਇਹ ਜੋੜਾ ਬ੍ਰਸੇਲਜ਼ ਦੇ ਇੱਕ ਹੋਟਲ ਦੇ ਕਮਰੇ ਵਿੱਚ ਠਹਿਰਿਆ ਹੋਇਆ ਸੀ। ਜੋ ਕਿ ਕਮਿਸ਼ਨ ਦੀ ਇਮਾਰਤ ਤੋਂ ਸੌ ਗਜ਼ ਦੀ ਦੂਰੀ 'ਤੇ ਸਥਿਤ ਹੈ।
ਇਹ ਉਹ ਸਮਾਂ ਸੀ ਜਦੋਂ ਕੰਪੀਟੀਸ਼ਨ ਕਮਿਸ਼ਨਰ ਮਾਰਗਰੇਥ ਵੇਸਟੇਗਰ ਨੇ ਆਖਰਕਾਰ ਇਹ ਫ਼ੈਸਲਾ ਸੁਣਾਇਆ ਸੀ।
ਸ਼ਿਵੌਨ ਅਤੇ ਐਡਮ ਤੋਂ ਇਲਾਵਾ ਹੋਰ ਸ਼ਾਪਿੰਗ ਵੈੱਬਸਾਈਟਾਂ ਵੀ ਇਸ ਦਾ ਇੰਤਜ਼ਾਰ ਕਰ ਰਹੀਆਂ ਸਨ।
ਫ਼ੈਸਲਾ ਆਉਣ ਤੋਂ ਬਾਅਦ ਸਾਰਿਆਂ ਦਾ ਧਿਆਨ ਜਸ਼ਨ ਮਨਾਉਣ ਦੀ ਬਜਾਇ ਇਸ ਪਾਸੇ ਕੇਂਦਰਿਤ ਸੀ ਕਿ ਯੂਰਪੀਅਨ ਕਮਿਸ਼ਨ ਆਪਣੇ ਫ਼ੈਸਲੇ ਨੂੰ ਜਲਦੀ ਲਾਗੂ ਕਰਵਾਏ।
ਸ਼ਿਵੌਨ ਕਹਿੰਦੇ ਹਨ, "ਇਹ ਗੂਗਲ ਲਈ ਮੰਦਭਾਗਾ ਹੈ ਕਿ ਉਨ੍ਹਾਂ ਨੇ ਸਾਡੇ ਨਾਲ ਅਜਿਹਾ ਕੀਤਾ।"
ਉਨ੍ਹਾਂ ਨੇ ਕਿਹਾ, "ਅਸੀਂ ਦੋਵੇਂ ਸ਼ਾਇਦ ਅਜਿਹੇ ਭਰਮਾਂ ਨਾਲ ਵੱਡੇ ਹੋਏ ਹਾਂ, ਜਿੱਥੇ ਅਸੀਂ ਸੋਚਿਆ ਕਿ ਅਸੀਂ ਇੱਕ ਬਦਲਾਅ ਲਿਆ ਸਕਦੇ ਹਾਂ ਅਤੇ ਅਸੀਂ ਅਸਲ ਵਿੱਚ ਧਮਕਾਉਣ ਵਾਲਿਆਂ ਨੂੰ ਪਸੰਦ ਨਹੀਂ ਕਰਦੇ।"
ਪਿਛਲੇ ਮਹੀਨੇ ਗੂਗਲ ਦੀ ਹਾਰ ਦੇ ਬਾਵਜੂਦ ਇਸ ਜੋੜੇ ਦੀ ਲੜਾਈ ਅਜੇ ਖ਼ਤਮ ਨਹੀਂ ਹੋਈ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਗੂਗਲ ਦਾ ਰਵੱਈਆ ਅਜੇ ਵੀ ਵਿਰੋਧੀ ਹੈ ਅਤੇ ਯੂਰਪੀ ਕਮਿਸ਼ਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਇਸ ਸਾਲ ਮਾਰਚ ਵਿੱਚ, ਕਮਿਸ਼ਨ ਨੇ ਆਪਣੇ ਨਵੇਂ ਡਿਜੀਟਲ ਮਾਰਕੀਟ ਐਕਟ ਦੇ ਤਹਿਤ ਗੂਗਲ ਦੀ ਮੂਲ ਕੰਪਨੀ ਅਲਫਾਬੈਟ ਦੇ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ।
ਇਸ ਦਾ ਮਕਸਦ ਇਹ ਜਾਣਨਾ ਸੀ ਕਿ ਕੀ ਗੂਗਲ ਅਜੇ ਵੀ ਸਰਚ ਨਤੀਜਿਆਂ 'ਚ ਆਪਣੀਆਂ ਸੇਵਾਵਾਂ ਨੂੰ ਤਰਜ਼ੀਹ ਦੇ ਰਿਹਾ ਹੈ।

ਤਸਵੀਰ ਸਰੋਤ, Getty Images
ਗੂਗਲ ਨੇ ਕੀ ਕਿਹਾ
ਗੂਗਲ ਦੇ ਬੁਲਾਰੇ ਨੇ ਕਿਹਾ, "ਯੂਰਪੀਅਨ ਕੋਰਟ ਆਫ਼ ਜਸਟਿਸ ਦਾ ਫ਼ੈਸਲਾ ਮਹਿਜ਼ ਇਸ ਗੱਲ ਨਾਲ ਸਬੰਧਿਤ ਹੈ ਕਿ ਅਸੀਂ 2008 ਅਤੇ 2017 ਦੇ ਵਿਚਕਾਰ ਉਤਪਾਦ ਦੇ ਨਤੀਜੇ ਕਿਵੇਂ ਪ੍ਰਦਰਸ਼ਿਤ ਕੀਤੇ।"
ਉਨ੍ਹਾਂ ਨੇ ਅੱਗੇ ਕਿਹਾ, "ਯੂਰਪੀਅਨ ਕਮਿਸ਼ਨ ਦੇ ਫ਼ੈਸਲੇ ਦੀ ਪਾਲਣਾ ਕਰਨ ਲਈ ਅਸੀਂ 2017 ਵਿੱਚ ਜੋ ਬਦਲਾਅ ਕੀਤੇ ਸਨ, ਉਨ੍ਹਾਂ ਨੇ 7 ਸਾਲਾਂ ਤੋਂ ਵੱਧ ਸਮੇਂ ਤੱਕ ਚੰਗਾ ਕੰਮ ਕੀਤਾ ਸੀ।”
“800 ਤੋਂ ਵੱਧ ਕੰਪੈਰੀਜ਼ਨ ਸ਼ਾਪਿੰਗ ਸੇਵਾਵਾਂ ਦੀਆਂ ਵੈੱਬਸਾਈਟਾਂ ਨੇ ਇਸ ਰਾਹੀਂ ਅਰਬਾਂ ਕਲਿੱਕਸ ਹਾਸਿਲ ਕੀਤੇ ਹਨ।"
ਉਨ੍ਹਾਂ ਨੇ ਕਿਹਾ, “ਇਸ ਕਾਰਨ, ਅਸੀਂ ਫਾਊਂਡੇਮ ਦੇ ਦਾਅਵਿਆਂ ਦਾ ਜ਼ੋਰਦਾਰ ਵਿਰੋਧ ਕਰਨਾ ਜਾਰੀ ਰੱਖਾਂਗੇ ਅਤੇ ਅਜਿਹਾ ਉਦੋਂ ਵੀ ਕਰੇਗਾ ਜਦੋਂ ਅਦਾਲਤ ਇਸ ਮਾਮਲੇ 'ਤੇ ਵਿਚਾਰ ਕਰੇਗੀ।
ਰਾਫ਼ ਜੋੜਾ ਗੂਗਲ ਦੇ ਖ਼ਿਲਾਫ਼ ਸਿਵਲ ਮੁਕੱਦਮਾ ਵੀ ਦਾਇਰ ਕਰ ਰਿਹਾ ਹੈ। ਜਿਸ ਦੀ ਸੁਣਵਾਈ 2026 ਦੇ ਪਹਿਲੇ ਅੱਧ ਵਿੱਚ ਹੋਣ ਜਾ ਰਹੀ ਹੈ।
ਪਰ ਜੇ ਜੋੜੇ ਨੂੰ ਇਹ ਆਖਰੀ ਜਿੱਤ ਹਾਸਿਲ ਹੋ ਵੀ ਜਾਂਦੀ ਹੈ ਤਾਂ ਇਸ ਨਾਲ ਉਨ੍ਹਾਂ ਨੂੰ ਕੋਈ ਵਧੇਰੇ ਫ਼ਾਇਦਾ ਨਹੀਂ ਹੋਵੇਗਾ।
ਕਿਉਂਕਿ ਇਸ ਕਾਰਨ ਉਨ੍ਹਾਂ ਨੂੰ ਸਾਲ 2016 ਵਿੱਚ ਫਾਊਂਡੇਮ ਬੰਦ ਕਰਨਾ ਪਿਆ ਸੀ।
ਗੂਗਲ ਦੇ ਖ਼ਿਲਾਫ਼ ਇਹ ਲੰਬੀ ਲੜਾਈ ਇਸ ਜੋੜੇ ਲਈ ਵੀ ਔਖੀ ਰਹੀ ਹੈ।
ਐਡਮ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਜੇ ਸਾਨੂੰ ਪਤਾ ਹੁੰਦਾ ਕਿ ਇਹ ਲੜਾਈ ਇੰਨੇ ਸਾਲਾਂ ਤੱਕ ਜਾਰੀ ਰਹੇਗੀ, ਤਾਂ ਸ਼ਾਇਦ ਅਸੀਂ ਅਜਿਹਾ ਕਰਨ ਦਾ ਫ਼ੈਸਲਾ ਕਰਦੇ ਹੀ ਨਾ। ”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












