ਕੰਪਿਊਟਰ ਦੇ ਕਚਰੇ ਵਿੱਚੋਂ ਸੋਨਾ ਕਿਵੇਂ ਕੱਢਦੇ ਹਨ ਕਰਾਚੀ ਦੇ ਕਾਰੀਗਰ

ਤਸਵੀਰ ਸਰੋਤ, Getty Images
- ਲੇਖਕ, ਅਹਿਸਾਨ ਸਬਜ਼
- ਰੋਲ, ਪੱਤਰਕਾਰ, ਕਰਾਚੀ
ਤੇਜ਼ਾਬ ਨਾਲ ਫੁਕੇ ਹੱਥਾਂ ਵਾਲੇ ਚਾਚਾ ਸਿਰਾਜ ਨੂੰ ਕਚਰੇ ਵਿੱਚੋਂ ‘ਸ਼ੁੱਧ ਸੋਨਾ’ ਬਣਾਉਣਾ ਸਿਖਾ ਰਹੇ ਸਨ। ਇਹ ਕਰਾਚੀ ਵਿੱਚ ਸ਼ੇਰਸ਼ਾਹ ਕਬਾੜੀ ਮਾਰਕਿਟ ਦਾ ਇਲਾਕਾ ਹੈ ਜਿੱਥੇ ਖ਼ੈਬਰ ਪਖ਼ੂਤਨਖਵਾ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਸਿਰਾਜ ਵੱਡੇ-ਵੱਡੇ ਸੁਫ਼ਨੇ ਲੈ ਕੇ ਆਇਆ ਸੀ।
ਸਿਰਾਜ ਆਪਣੇ ਪਿੰਡ ਤੋਂ ਇਹ ਤੈਅ ਕਰਕੇ ਨਿਕਲਿਆ ਸੀ ਕਿ ਕਰਾਚੀ ਪਹੁੰਚ ਕੇ ਜੋ ਵੀ ਕੰਮ ਸਿੱਖੇਗਾ, ਉਸ ਵਿੱਚ ਮੁਹਾਰਤ ਹਾਸਲ ਕਰਕੇ ਹੀ ਵਾਪਸ ਪਰਤੇਗਾ ਅਤੇ ਦੋਸਤਾਂ ਨੂੰ ਵੀ ਉਹੀ ਕੰਮ ਸਿਖਾਏਗਾ।
ਕਰੋੜਾਂ ਦੀ ਭੀੜ ਵਾਲੇ ਸ਼ਹਿਰ ਵਿੱਚ ਖ਼ਰਖੇਲ ਦੇ ਸਿਰਾਜ ਨੂੰ ਇੱਕ ਵੱਖਰਾ ਕੰਮ ਮਿਲ ਵੀ ਗਿਆ, ਜਿਸ ਬਾਰੇ ਉਸ ਨੇ ਪਹਿਲੀ ਵਾਰ ਬਚਪਨ ਵਿੱਚ ਸੁਣਿਆ ਸੀ। ਇੱਕ ਜ਼ਮਾਨੇ ਵਿੱਚ ਕਰਾਚੀ ਦੇ ਨੇਪਾ ਫਲਾਈਓਵਰ ਤੋਂ ਗੁਜ਼ਰਦੇ ਹੋਏ ਥੱਲੇ ਖੱਬੇ ਹੱਥ ਇੱਕ ਵੱਡਾ ਮੈਦਾਨ ਨਜ਼ਰ ਆਉਂਦਾ ਸੀ।
ਇਸ ਤੋਂ ਠੀਕ ਵਿਚਕਾਰ ਸੋਨੇ ਅਤੇ ਚਾਂਦੀ ਦੇ ਰੰਗਾਂ ਦੇ ਡੱਬਿਆਂ ਵਰਗੇ ਇਮਾਰਤੀ ਢਾਂਚੇ ਬਣੇ ਹੋਏ ਸਨ। ਇਨ੍ਹਾਂ ਉੱਤੇ ਵੱਡੇ-ਵੱਡੇ ਬੈਨਰ ਲੱਗੇ ਸਨ, ਜਿਨ੍ਹਾਂ ਉੱਤੇ ਲਿਖਿਆ ਸੀ, “ਕਚਰਾ ਦਿਓ ਸੋਨਾ ਲਓ।”
ਇਹ ਨਾਅਰਾ ਗੁਲ ਬਹਾਵ ਟਰੱਸਟ ਨਾਮ ਦੀ ਇੱਕ ਗੈਰ ਸਰਕਾਰੀ ਸੰਸਥਾ ਨੇ ਲਾਇਆ ਸੀ ਜੋ ਉਸ ਜ਼ਮਾਨੇ ਵਿੱਚ ਆਪਣੇ ਨਵੇਕਲ਼ੇਪਣ ਕਰਕੇ ਬਹੁਤ ਮਸ਼ਹੂਰ ਹੋਇਆ ਸੀ।
ਕਚਰੇ ਤੋਂ ਮਤਲਬ ਸੀ ਹਰ ਦਿਨ ਘਰਾਂ ਵਿੱਚ ਜਮ੍ਹਾਂ ਹੋਣ ਵਾਲਾ ਕੂੜਾ-ਕਰਕਟ ਅਤੇ ਕਾਰਖ਼ਾਨਿਆਂ ਦੇ ਵੇਸਟ ਅਤੇ ਸੋਨੇ ਤੋਂ ਮਤਲਬ ਸੀ ਨਿਰਮਾਣ ਢਾਂਚੇ ਜੋ ਗੁਲ ਬਹਾਵ ਉਸ ਕਚਰੇ ਦੀ ਮਦਦ ਨਾਲ ਬਣਾ ਕੇ ਦੇ ਰਿਹਾ ਸੀ।
ਉਸ ਜ਼ਮਾਨੇ ਵਿੱਚ ਸਿਰਾਜ ਪਹਿਲੀ ਵਾਰ ਕਰਾਚੀ ਆਇਆ ਸੀ ਅਤੇ ਸਿਰਫ਼ ਅੱਠ ਸਾਲ ਦਾ ਸੀ।
ਉਦੋਂ ਉਸ ਨੇ ਇੱਕ ਦਿਨ ਪਹਿਲਵਾਨ ਗੋਠ ਜਾਂਦੇ ਹੋਏ ਇੱਕ ਗੁਲਿਸਤਾਨ ਕੋਚ ਦੀ ਖਿੜਕੀ ਵਿੱਚੋਂ ਇਹ ਬੈਨਰ ਪੜ੍ਹਿਆ ਸੀ ਅਤੇ ਬਹੁਤ ਹੈਰਾਨ ਹੋਇਆ ਸੀ ਕਿ ਆਖ਼ਰ ਕਚਰਾ ਦੇਣ ਨਾਲ ਸੋਨਾ ਕਿਵੇਂ ਮਿਲ ਸਕਦਾ ਹੈ।
ਉਸ ਸਮੇਂ ਤਾਂ ਸਿਰਾਜ ਪਿੰਡ ਵਾਪਸ ਆ ਗਿਆ ਲੇਕਿਨ ਕੁਝ ਸਾਲ ਬਾਅਦ ਉਸਦੀ ਆਪਣੇ ਚਚੇਰੇ ਭਰਾ ਸ਼ਾਹਿਦ ਨਾਲ ਫੋਨ ਉੱਤੇ ਗੱਲ ਹੋਈ, ਜਿਸ ਨੇ ਦੱਸਿਆ ਕਿ ਉਹ ਕਰਾਚੀ ਵਿੱਚ ਕਚਰੇ ਤੋਂ ਸੋਨਾ ਬਣਾਉਂਦਾ ਹੈ।
ਸਿਰਾਜ ਇਹ ਗੱਲ ਸੁਣਕੇ ਉਛਲ ਪਿਆ। ਕਚਰਾ ਦਿਓ ਸੋਨਾ ਲਓ ਦਾ ਬੈਨਰ ਉਸਦੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗਿਆ। ਕੁਝ ਹੀ ਦਿਨਾਂ ਬਾਅਦ ਉਹ ਆਪਣੇ ਚਾਚਾ ਅਲੀ ਗੁਲ ਦੇ ਘਰ ਕਰਾਚੀ ਵਿੱਚ ਸੀ।
ਸਿੱਧੇ-ਸਾਧੇ ਮਸੂਮ ਸਿਰਾਜ ਦੇ ਦਿਲ ਵਿੱਚ ਇਹ ਖਿਆਲ ਸੀ ਕਿ ਉਹ ਕਚਰਾ ਜਮ੍ਹਾਂ ਕਰੇਗਾ, ਢੇਰ ਸਾਰਾ ਕਚਰਾ ਅਤੇ ਬਦਲੇ ਵਿੱਚ ਸੋਨੇ ਦੀ ਇੱਟ ਲਵੇਗਾ। ਉਸ ਨੂੰ ਤੋੜ ਕੇ ਪਿੰਡ ਵਾਲਿਆਂ ਵਿੱਚ ਬਰਾਬਰ ਵੰਡ ਦੇਵੇਗਾ। ਲੇਕਿਨ ਇਹ ਮਸਲਾ ਇੰਨਾ ਸਿੱਧਾ ਨਹੀਂ ਸੀ।

ਤਸਵੀਰ ਸਰੋਤ, Gul Bahav Trust
ਸ਼ੇਰਸ਼ਾਹ ਕਬਾੜੀ ਮਾਰਕਿਟ
ਸਿਰਾਜ ਨਾਲ ਮੇਰੀ ਮੁਲਾਕਾਤ ਸ਼ੇਰਸ਼ਾਹ ਕਬਾੜੀ ਮਾਰਕਿਟ ਦੀਆਂ ਭੁਲਾਵੀਆਂ ਗਲੀਆਂ ਦੇ ਇੱਕ ਗੋਦਾਮ ਵਿੱਚ ਹੋਈ। ਮੈਨੂੰ ਵੀ ਉਸੇ ਸੋਨੇ ਦੀ ਤਲਾਸ਼ ਸੀ ਜਿਸ ਦੇ ਸੁਫ਼ਨੇ ਦੇਖਦਾ ਹੋਇਆ ਸਿਰਾਜ ਕਰਾਚੀ ਆਇਆ ਸੀ।
ਇੱਥੇ ਹੀ ਸਿਰਾਜ ਦੇ ਚਚੇਰੇ ਭਰਾ ਸ਼ਾਹਿਦ ਅਤੇ ਉਨ੍ਹਾਂ ਦੇ ਉਸਤਾਦ ਚਾਚਾ ਨਾਲ ਗੱਲ ਹੋਈ। ਲੇਕਿਨ ਉਨ੍ਹਾਂ ਦੇ ਕਹਿਣ ਉੱਤੇ ਕਹਾਣੀ ਵਿੱਚ ਉਨ੍ਹਾਂ ਦੇ ਅਸਲੀ ਨਾਮ ਨਹੀਂ ਵਰਤੇ ਜਾ ਰਹੇ ਹਨ।
ਪਤਾ ਨਹੀਂ ਕਿਉਂ ਲੇਕਿਨ ਉਹ ਆਪਣੇ ਨਾਮ ਦੇ ਮਸਲੇ ਵਿੱਚ ਸੰਵੇਦਨਾਸ਼ੀਲ ਸਨ ਅਤੇ ਉਹ ਵੀ ਇੰਨੇ ਕਿ ਆਪਣੀ ਤਸਵੀਰ ਵੀ ਨਹੀਂ ਲਾਹੁਣ ਦਿੱਤੀ ਅਤੇ ਨਾਮ ਨਾ ਦੱਸਣ ਦੀ ਸ਼ਰਤ ਉੱਤੇ ਗੱਲ ਕੀਤੀ।
ਅਸੀਂ ਤਾਂ ਸਿਰਫ ਇਹ ਜਾਨਣਾ ਚਾਹੁੰਦੇ ਸੀ ਕਿ ਸ਼ੇਰਸ਼ਾਹ ਮਾਰਕਿਟ ਵਿੱਚ ਕੰਪਿਊਟਰ ਦੇ ਕਚਰੇ ਵਿੱਚੋਂ ਸੋਨਾ ਕਿਵੇਂ ਨਿਕਲਦਾ ਹੈ ਅਤੇ ਇਹ ਕੰਮ ਕਿਵੇਂ ਹੁੰਦਾ ਹੈ।
ਇੱਥੇ ਤੱਕ ਪਹੁੰਚਣਾ ਵੀ ਸੌਖਾ ਨਹੀਂ ਸੀ। ਬਹੁਤ ਸਾਰੀਆਂ ਕੱਚੀਆਂ ਸੜਕਾਂ, ਗੋਦਾਮਾਂ ਅਤੇ ਟੁੱਟੇ-ਭੱਜੇ ਰਾਹਾਂ ਵਿੱਚੋਂ ਹੁੰਦੇ ਹੋਏ ਇੱਕ ਸ਼ਟਰ ਵਾਲੀ ਦੁਕਾਨ ਸੀ ਜਿਸ ਦੇ ਅੰਦਰ ਇੱਕ ਕੱਚਾ-ਪੱਕਾ ਪਰ ਵੱਡਾ ਗੋਦਾਮ ਸੀ।
ਇੱਕ ਵੱਡੀ ਸਾਰੀ ਚਿਮਨੀ ਛੱਤ ਤੋਂ ਲਮਕ ਰਹੀ ਸੀ ਜਿਸ ਦੇ ਥੱਲੇ ਮਿੱਟੀ ਅਤੇ ਡਰੱਮਾਂ ਦੇ ਚੁੱਲ੍ਹੇ ਬਣੇ ਹੋਏ ਸਨ। ਇੱਕ ਬਾਰੇ ਵਿੱਚ ਬਹੁਤ ਸਾਰੀਆਂ ਢੋਲੀਆਂ ਪਈਆਂ ਸਨ ਅਤੇ ਉਨ੍ਹਾਂ ਦੇ ਕੋਲ ਬਾਲਣ ਦੀਆਂ ਲੱਕੜਾਂ ਦਾ ਢੇਰ ਸੀ।
ਇਸ ਕਾਠ ਕਬਾੜ ਦੇ ਨਾਲ ਹੀ ਸੈਂਕੜੇ ਰੰਗ-ਬਿਰੰਗੇ ਪਲਾਸਟਿਕ ਦੇ ਟੁਕੜਿਆਂ ਦਾ ਢੇਰ ਪਿਆ ਸੀ। ਇਹ ਟੁਕੜੇ ਜ਼ਿਆਦਾਤਰ ਹਰੇ ਅਤੇ ਨੀਲੇ ਰੰਗ ਦੇ ਸਨ। ਪਲਾਸਟਿਕ ਦੇ ਇਹ ਟੁਕੜੇ ਵਰਤੇ ਹੋਏ ਕੰਪਿਊਟਰਾਂ ਦੇ ਮਦਰ ਬੋਰਡ ਸਨ।
ਇੱਥੇ ਹੀ ਸਿਰਾਜ ਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਕਚਰੇ ਵਿੱਚੋਂ ਸੋਨਾ ਕਿਵੇਂ ਨਿਕਲਦਾ ਹੈ।
ਕਰਾਚੀ ਦੇ ਇਲਾਕੇ ਸ਼ੇਰਸ਼ਾਹ ਵਿੱਚ ਵੈਸੇ ਤਾਂ ਵੱਖ-ਵੱਖ ਤਰ੍ਹਾਂ ਦੀ ਸਨਅਤੀ ਸਮਗਰੀ ਅਤੇ ਵਰਤਿਆ ਹੋਇਆ ਕਾਫ਼ੀ ਸਮਾਨ ਮਿਲਦਾ ਹੈ ਲੇਕਿਨ ਇਹ ਥਾਂ ਵਿਕਸਿਤ ਦੇਸ਼ਾਂ ਤੋਂ ਮੰਗਵਾਏ ਗਏ ਪੁਰਾਣੇ ਅਤੇ ਬੇਕਾਰ ਕੰਪਿਊਟਰਾਂ ਦਾ ਟਿਕਾਣਾ ਵੀ ਹੈ।

ਇਨ੍ਹਾਂ ਕੰਪਿਊਟਰਾਂ ਵਿੱਚੋਂ ਵਰਤੇ ਗਏ ਪਰ ਕੁਝ ਹੱਦ ਤੱਕ ਨਵੇਂ ਕੰਪਿਊਟਰ ਵੱਖ ਕਰ ਲਏ ਜਾਂਦੇ ਹਨ ਅਤੇ ਮੁਰੰਮਤ ਅਤੇ ਜੋੜ-ਤੋੜ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਕੇਂਦਰਾਂ ਵਿੱਚ ਵੇਚਿਆ ਜਾਂਦਾ ਹੈ।
ਲੇਕਿਨ ਖੇਪ ਦੇ ਪੁਰਾਣੇ ਅਤੇ ਵਰਤਨਯੋਗ ਨਾ ਰਹੇ ਕੰਪਿਊਟਰਾਂ ਦੀ ਮੰਜ਼ਿਲ ਸ਼ੇਰਸ਼ਾਹ ਦੇ ਗੋਦਾਮ ਹੁੰਦੇ ਹਨ।
ਅਜਿਹੇ ਹੀ ਗੋਦਾਮ ਵਿੱਚ ਕੰਪਿਊਟਰ ਖੋਲ੍ਹ ਕੇ ਉਨ੍ਹਾਂ ਦੇ ਪੁਰਜ਼ੇ ਵੱਖ ਕੀਤੇ ਜਾਂਦੇ ਹਨ। ਫਿਰ ਉਨ੍ਹਾਂ ਪੁਰਜ਼ਿਆਂ ਨੂੰ ਤੋੜ ਕੇ ਉਨ੍ਹਾਂ ਵਿੱਚੋਂ ਤਾਂਬਾ, ਲੋਹਾ, ਸੋਨਾ ਅਤੇ ਦੂਜੀਆਂ ਧਾਤਾਂ ਕੱਢੀਆਂ ਜਾਂਦੀਆਂ ਹਨ।
ਕੰਪਿਊਟਰ ਵਿੱਚੋਂ ਸੋਨਾ ਕਿਵੇਂ ਨਿਕਲਦਾ ਹੈ
ਜਿਸ ਗੋਦਾਮ ਵਿੱਚ ਸਿਰਾਜ ਨੂੰ ਕੰਮ ਮਿਲਿਆ ਉੱਥੇ ਇੱਕ ਉਸਤਾਦ, ਜਿਨ੍ਹਾਂ ਨੂੰ ਉਹ ਸਿਰਫ਼ ਚਾਚਾ ਦੇ ਨਾਮ ਨਾਲ ਪੁਕਾਰਦਾ ਹੈ, ਇਸ ਕੰਮ ਦੇ ਮਾਹਰ ਹਨ।
ਉਹ ਕੰਪਿਊਟਰ ਦੇ ਪੁਰਾਣੇ ਮਦਰ ਬੋਰਡ ਚੁੱਕਦੇ ਹਨ ਅਤੇ ਤੇਜ਼ ਅੱਗ ਨਾਲ ਗਰਮ ਕਰਕੇ ਉਨ੍ਹਾਂ ਉੱਤੇ ਚਿਪਕੀਆਂ ਹੋਈਆਂ ਤਾਰਾਂ, ਪਿੰਨ ਅਤੇ ਪੁਰਜ਼ੇ ਨਰਮ ਕਰਕੇ ਪਲਾਸ ਨਾਲ ਖਿੱਚ ਕੇ ਵੱਖ ਕਰ ਦਿੰਦੇ ਹਨ।

ਇਹ ਕੰਮ ਕਿੰਨਾ ਤਕਲੀਫ਼ ਦੇਣ ਵਾਲਾ ਸੀ ਇਸਦਾ ਅੰਦਾਜ਼ਾ ਚਾਚਾ ਦੇ ਹੱਥ ਦੇਖ ਕੇ ਹੋ ਰਿਹਾ ਸੀ, ਜਿਨ੍ਹਾਂ ਉੱਤੇ ਥਾਂ-ਥਾਂ ਸੜਨ ਦੇ ਨਿਸ਼ਾਨ ਸਨ।
ਦੋ ਘੰਟਿਆਂ ਵਿੱਚ ਚਾਚਾ ਨੇ ਲਗਭਗ ਡੇਢ ਸੌ ਮਦਰ ਬੋਰਡ ਸਾੜ ਕੇ ਅਤੇ ਖੁਰਚ ਕੇ ਬਿਲਕੁਲ ਸਾਫ਼ ਕਰ ਦਿੱਤੇ ਅਤੇ ਉਨ੍ਹਾਂ ਦੇ ਇੱਕ ਪਾਸੇ ਪੱਟੀਆਂ ਹੋਈਆਂ ਪਿੰਨਾਂ, ਆਈਸੀ, ਟ੍ਰਾਂਜ਼ਿਸਟਰ ਅਤੇ ਚਿੱਪਾਂ ਦਾ ਢੇਰ ਇਕੱਠਾ ਹੋ ਗਿਆ ਸੀ।
ਚਾਚਾ ਨੇ ਫਿਰ ਉਸ ਢੇਰ ਦੀ ਛਾਂਟੀ ਸ਼ੁਰੂ ਕਰ ਦਿੱਤੀ। ਹਰ ਪਿੰਨ ਅਤੇ ਪੁਰਜ਼ਾ ਜਿਸ ਉੱਤੇ ਸੁਨਹਿਰੀ ਰੰਗ ਸੀ, ਚਾਚਾ ਉਸ ਨੂੰ ਵੱਖ ਕਰ ਰਹੇ ਸਨ।
ਕੁਝ ਪੁਰਜ਼ਿਆਂ ਵਿੱਚੋਂ ਉਨ੍ਹਾਂ ਨੂੰ ਸੁਨਹਿਰੀ ਰੰਗ ਦੇ ਵਾਲ ਵਰਗੇ ਬਰੀਕ ਤਾਰ ਵੀ ਵੱਖਰੇ ਕਰਨੇ ਪਏ। ਇਸ ਤਰ੍ਹਾਂ ਹੁੰਦੇ-ਹੁੰਦੇ ਇਨ੍ਹਾਂ ਸੁਨਹਿਰੀ ਤਾਰਾਂ ਅਤੇ ਬਰੀਕ ਪੱਟੀਆਂ ਦੀ ਢੇਰੀ ਜਿਹੀ ਬਣ ਗਈ।
ਇੰਨੇ ਵਿੱਚ ਸ਼ਾਹਿਦ ਕੱਪੜੇ ਨਾਲ ਢਕਿਆ ਇੱਕ ਬਿਜਲੀ ਵਾਲਾ ਕੰਡਾ ਲੈ ਆਇਆ। ਤੋਲਣ ਉੱਤੇ ਇਸਦਾ ਭਾਰ ਚਾਰ ਕਿੱਲੋ ਤੋਂ ਜ਼ਿਆਦਾ ਨਿਕਲਿਆ।
ਹੁਣ ਵਾਰੀ ਸੀ ਚੁੱਲ੍ਹਿਆਂ ਵਿੱਚ ਅੱਗ ਮਚਾਉਣ ਦੀ। ਚਾਚਾ ਦੇ ਕਹਿਣ ਉੱਤੇ ਸਿਰਾਜ ਅਤੇ ਸ਼ਾਹਿਦ ਦੋਵੇਂ ਲੱਕੜ ਦੇ ਮੋਟੇ-ਮੋਟੇ ਗੁਟਕੇ ਚੁੱਕ ਕੇ ਲਿਆਏ।
ਲੱਕੜ ਦੇ ਇਹ ਗੁਟਕੇ ਚੁੱਲ੍ਹਿਆਂ ਦੇ ਆਲੇ-ਦੁਆਲੇ ਰੱਖ ਦਿੱਤੇ ਗਏ। ਅੱਗ ਨੂੰ ਹਵਾ ਦੇਣ ਦੇ ਲਈ ਪ੍ਰੈਸ਼ਰ ਫੈਨ ਚਲਾਇਆ ਗਿਆ ਤਾਂ ਲੱਕੜਾਂ ਪਲਾਂ ਵਿੱਚ ਹੀ ਦਹਿਕਣ ਲੱਗ ਪਈਆਂ।

ਤਸਵੀਰ ਸਰੋਤ, Ehsaan Sabz
ਇੰਨੇ ਵਿੱਚ ਚਾਚਾ ਨੇ ਅਵਾਜ਼ ਲਾਈ, ‘ਹਟੋ ਬੇਟਾ’। ਸ਼ਾਹਿਦ ਦੇ ਚਾਚਾ ਦੇ ਹੱਥ ਵਿੱਚ ਸਿੱਕਾ ਨਾਮ ਦੀ ਧਾਤੂ ਸੀ ਜੋ ਉਨ੍ਹਾਂ ਨੇ ਗਰਮ ਅੱਡਿਆਂ ਵਿੱਚ ਉਲਟਣੀ ਸ਼ੁਰੂ ਕਰ ਦਿੱਤੀ।
ਚੁੱਲ੍ਹੇ ਇੰਨੇ ਗਰਮ ਹੋ ਚੁੱਕੇ ਸਨ ਕਿ ਸਿੱਕਾ ਚੁੱਲ੍ਹਿਆਂ ਵਿੱਚ ਪੈਣ ਸਾਰ ਉਬਲਣ ਲੱਗ ਪਿਆ। ਪੁੱਛਣ ਉੱਤੇ ਸਿਰਫ ਇੰਨਾ ਪਤਾ ਲੱਗਿਆ ਕਿ ਇਹ ਇੱਕ ਕੈਮੀਕਲ ਹੈ, ਜਿਸ ਨੂੰ ‘ਸੋਨਾ ਬਣਾਉਣ ਦਾ ਤੇਲ’ ਕਹਿੰਦੇ ਹਨ।
ਹੁਣ ਇਸ ਉਬਲਦੇ ਹੋਏ ਤਰਲ ਪਦਾਰਥ ਵਿੱਚ ਚਾਚਾ ਨੇ ਸਾਰੇ ਦਿਨ ਦੀ ਮਿਹਨਤ ਨਾਲ ਜਮ੍ਹਾਂ ਕੀਤਾ ਸਾਰਾ ਸੁਨਹਿਰੀ ਕਚਰਾ ਪਾ ਦਿੱਤਾ।
ਲਗਭਗ ਅੱਧੇ ਘੰਟੇ ਤੱਕ ਇਹ ਲਾਲ ਲਾਵਾ ਦਹਿਕਦਾ ਰਿਹਾ। ਇਸ ਦੌਰਾਨ ਇੱਕ ਅਜੀਬ ਜਿਹੀ ਮਹਿਕ ਉੱਠੀ। ਅੱਡਿਆਂ ਜਾਣੀ ਚੁੱਲ੍ਹਿਆਂ ਤੋਂ ਉੱਠ ਰਿਹਾ ਧੂਆਂ ਲਗਾਤਾਰ ਰੰਗ ਬਦਲਦਾ ਰਿਹਾ।
ਚਾਚਾ ਨੇ ਇੱਕ ਅੱਡੇ ਵਿੱਚ ਚਿਮਟਾ ਪਾਕੇ ਜੋ ਫੜਿਆ ਤਾਂ ਸੁਨਹਿਰੀ ਕਚਰਾ ਚੁੱਲ੍ਹੇ ਦੀ ਸਤਹਿ ਦੀ ਸ਼ਕਲ ਵਿੱਚ ਢਲ ਕੇ ਇੱਕ ਪਲੇਟ ਵਰਗਾ ਬਣ ਚੁੱਕਿਆ ਸੀ, ਜਿਸ ਉੱਤੇ ਸੁਆਹ ਲੱਗੀ ਹੋਈ ਸੀ।
ਇਸ ਦਹਿਕਦੀ ਪਲੇਟ ਨੂੰ ਚਾਚਾ ਨੇ ਜਿਵੇਂ ਹੀ ਕੋਲ ਪਏ ਪਾਣੀ ਦੇ ਭਾਂਡੇ ਵਿੱਚ ਭਿਉਂਇਆ ਤਾਂ ਸ਼ਰਰਰ...ਸ਼ਰਰਰ ਦੀ ਅਵਾਜ਼ ਦੇ ਨਾਲ ਬਹੁਤ ਸਾਰੀ ਭਾਫ ਉੱਠਣ ਲੱਗੀ। ਅਜਿਹਾ ਲੱਗ ਰਿਹਾ ਸੀ ਜਿਵੇ ਗਰਮ ਤੇਲ ਵਿੱਚ ਪਾਣੀ ਮਿਲੇ ਪਿਆਜ਼ ਸੁੱਟ ਦਿੱਤੇ ਗਏ ਹੋਣ।
ਵਾਪਸ ਕੱਢਿਆ ਤਾਂ ਪਲੇਟ ਸੁਆਹ ਨਾਲੋਂ ਵੱਖ ਹੋ ਕੇ ਕੁਝ ਸਾਫ਼ ਲੱਗ ਰਹੀ ਸੀ। ਚਾਚਾ ਨੇ ਕਿਹਾ, “ਸਿਰਾਜ ਦੇਖੋ ਚੱਕੀ ਤਿਆਰ ਹੋ ਗਈ।”
ਸ਼ਾਹਿਦ ਇੱਕ ਕਾਲੇ ਰੰਗ ਦੀ ਬੋਤਲ ਵਰਗੀ ਢੋਲੀ ਦੋਵਾਂ ਹੱਥਾਂ ਨਾਲ ਫੜ ਕੇ ਬੜੇ ਧਿਆਨ ਨਾਲ ਨਾਲੀ ਕੋਲ ਲੈ ਆਇਆ ਜੋ ਚੁੱਲ੍ਹਿਆਂ ਤੋਂ ਕੁਝ ਦੂਰ ਪਾਣੀ ਦੀਆਂ ਟੂਟੀਆਂ ਦੇ ਨਾਲ ਹੀ ਬਣੀ ਹੋਈ ਸੀ।
ਚਾਚਾ ਨੇ ਚੱਕੀ ਨੂੰ ਸਟੀਲ ਦੀ ਟਰੇ ਵਿੱਚ ਰੱਖਿਆ। ਪੁੱਛਣ ਉੱਤੇ ਪਤਾ ਲੱਗਿਆ ਕਿ ਚੱਕੀ ਨੂੰ ਤੇਜ਼ਾਬ ਨਾਲ ਸਟੀਲ ਦੀ ਟਰੇ ਵਿੱਚ ਇਸ ਲਈ ਧੋਣਾ ਪਵੇਗਾ ਕਿਉਂਕਿ ਸਟੀਲ ਨੂੰ ਲੂਣ ਤੋਂ ਸਿਵਾ ਹੋਰ ਕੋਈ ਕੈਮੀਕਲ ਨੁਕਸਾਨ ਨਹੀਂ ਕਰਦਾ।
ਅਸਲੀ ਤੇ ਸ਼ੁੱਧ ਸੋਨਾ

ਤਸਵੀਰ ਸਰੋਤ, Ehsaan Sabz
ਜਿਵੇਂ-ਜਿਵੇਂ ਚੱਕੀ ਉੱਤੇ ਧੂਆਂ ਛੱਡਦਾ ਸ਼ੋਰੇ ਦਾ ਤੇਜ਼ਾਬ (ਨਾਈਟ੍ਰਿਕ ਐਸਿਡ) ਪਿਆ, ਉਹ ਪਿਘਲ ਕੇ ਤਰਲ ਬਣਨ ਲੱਗੀ। ਟਰੇ ਵਿੱਚੋਂ ਉੱਠਦੇ ਧੂਏਂ ਦਾ ਰੰਗ ਵੀ ਬਦਲ ਰਿਹਾ ਸੀ ਅਤੇ ਇਸ ਵਾਰ ਮਹਿਕ ਵੀ ਤੇਜ਼ ਸੀ ਜੋ ਸਿਰਾਜ ਦੀਆਂ ਨਾਸਾਂ ਵਿੱਚ ਮਹਿਸੂਸ ਹੋ ਰਹੀ ਸੀ।
ਚਾਚਾ ਨੇ ਕੋਲ ਬੁਲਾ ਕੇ ਦਿਖਾਇਆ ਕਿ ਕਿਵੇਂ ਹੁਣ ਸੋਨੇ ਦੇ ਕਣ ਸਟੀਲ ਦੀ ਟਰੇ ਦੀ ਤਹਿ ਵਿੱਚ ਬੈਠ ਰਹੇ ਸਨ ਅਤੇ ਬਾਕੀ ਧਾਤੂਆਂ ਚੱਕੀ ਦੇ ਉੱਪਰ ਹੀ ਚਿਪਕੀਆਂ ਹੋਈਆਂ ਸਨ। ਇਹ ਪਹਿਲਾ ਮੌਕਾ ਸੀ ਜਦੋਂ ਸਿਰਾਜ ਨੇ ਪਹਿਲੀ ਵਾਰ ਝਿਲਮਿਲ ਕਰਦਾ ਸ਼ੁੱਧ ਸੋਨਾ ਦੇਖਿਆ ਸੀ।
ਇਸ ਤੋਂ ਮਗਰਲਾ ਕੰਮ ਸ਼ਾਹਿਦ ਨੇ ਸੰਭਾਲ ਲਿਆ। ਉਸਨੇ ਪਾਣੀ ਦੇ ਜ਼ਰੀਏ ਤਰਲ ਬਣ ਚੁੱਕੇ ਇੱਕ ਹਿੱਸੇ ਨੂੰ ਨਾਲੀ ਵਿੱਚ ਬਹਾ ਦਿੱਤਾ ਅਤੇ ਬਾਕੀ ਟੁਕੜਾ ਇੱਕ ਪਾਸੇ ਰੱਖ ਦਿੱਤਾ। ਉਸ ਟੁਕੜੇ ਵਿੱਚੋਂ ਹੋਰ ਵੀ ਧਾਤਾਂ ਕੱਢੀਆਂ ਜਾਣਗੀਆਂ, ਉਹ ਵੀ ਕੀਮਤੀ ਹੋਣਗੀਆਂ ਪਰ ਸੋਨੇ ਜਿੰਨੀਆਂ ਨਹੀਂ।
ਖੈਰ, ਹੁਣ ਟਰੇ ਵਿੱਚ ਸੁਨਹਿਰੇ ਕਣ ਸਾਫ਼ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਇਨ੍ਹਾਂ ਕਣਾਂ ਨੂੰ ਦੋ-ਤਿੰਨ ਰੰਗ-ਬਿਰੰਗੇ ਰਸਾਇਣਾਂ ਵਿੱਚੋਂ ਧੋਤਾ ਗਿਆ ਲੇਕਿਨ ਬਹੁਤ ਧਿਆਨ ਨਾਲ।
ਇਸਦਾ ਧਿਆਨ ਰੱਖਿਆ ਗਿਆ ਕਿ ਕਿਤੇ ਨਾਲੀ ਵਿੱਚ ਵਹਾਉਣ ਦੌਰਾਨ ਇੱਕ ਵੀ ਕਣ ਰਸਾਇਣ ਦੇ ਨਾਲ ਰੁੜ ਨਾ ਜਾਵੇ। ਹਰ ਵਾਰ ਇਹ ਕਣ ਜ਼ਿਆਦਾ ਸੁਨਹਿਰੇ ਤੇ ਚਮਕਦਾਰ ਹੁੰਦੇ ਗਏ।
ਇਸ ਤੋਂ ਬਾਅਦ ਚਾਚਾ ਇੱਕ ਛੋਟੀ ਜਿਹੀ ਪਿਆਲੀ ਜਿਹੀ ਲੈ ਕੇ ਆਏ ਜਿਸ ਵਿੱਚ ਸੋਨੇ-ਚਾਂਦੀ ਵਰਗੀਆਂ ਧਾਤਾਂ ਪਿਘਲਾਈਆਂ ਜਾਂਦੀਆਂ ਹਨ। ਇਹ ਪਿਆਲੀ ਜਾਨਵਰਾਂ ਦੇ ਖੁਰਾਂ, ਹੱਡੀਆਂ ਅਤੇ ਰਾਖ ਜਾਂ ਚੀਕਣੀ ਮਿੱਟੀ ਤੋਂ ਬਣਦੀ ਹੈ, ਜੋ ਕਾਫ਼ੀ ਤਾਪਮਾਨ ਉੱਤੇ ਵੀ ਪਿਘਲਦੀ ਨਹੀਂ ਹੈ।

ਤਸਵੀਰ ਸਰੋਤ, Ehsaan Sabz
ਸ਼ਾਹਿਦ ਤੋਂ ਲੈ ਕੇ ਸੋਨੇ ਦੇ ਕਣ ਧਿਆਨ ਨਾਲ ਪਿਆਲੀ ਵਿੱਚ ਪਾ ਦਿੱਤੇ ਗਏ ਅਤੇ ਲਗਭਗ 20 ਮਿੰਟ ਤੇਜ਼ ਸੇਕ ਉੱਤੇ ਦਹਿਕਾਉਂਦੇ ਰਹੇ।
ਇਸ ਦੌਰਾਨ ਉਹ ਵਾਰ ਵਾਰ ਚਿਮਟੀ ਦੀ ਮਦਦ ਨਾਲ ਪਿਆਲੀ ਬਾਹਰ ਕੱਢਦੇ ਅਤੇ ਉਸ ਉੱਤੇ ਲੂਣ ਪਾਉਂਦੇ ਤਾਂ ਜੋ ਸੋਨੇ ਦੇ ਕਣ ਇਸ ਨਾਲ ਚਿਪਕ ਨਾ ਜਾਣ।
ਅੱਗ ਬਹੁਤ ਤੇਜ਼ ਹੋ ਚੁੱਕੀ ਸੀ। ਕੁਝ ਹੋਰ ਮਿੰਟਾਂ ਮਗਰੋਂ ਦਹਿਕਦੇ ਸ਼ੋਅਲਿਆਂ ਦੇ ਵਿੱਚ ਗਾਇਬ ਹੋ ਜਾਣ ਵਾਲੀ ਪਿਆਲੀ ਨੂੰ ਚਾਚਾ ਨੇ ਚਿਮਟੀ ਨਾਲ ਚੁੱਕ ਕੇ ਬਾਹਰ ਕੱਢ ਲਿਆ ਅਤੇ ਇੱਕ ਗਮਲੇ ਵਰਗੇ ਬਰਤਨ ਵਿੱਚ ਪਲਟ ਦਿੱਤਾ।
ਇੱਕ ਚਮਕਦਾ-ਦਮਕਦਾ ਆਂਡੇ ਵਰਗਾ ਟੁਕੜਾ ਭਾਂਡੇ ਵਿੱਚ ਡਿੱਗਿਆ ਜੋ ਦਹਿਕ ਰਿਹਾ ਸੀ। ਚਾਚ ਨੇ ਇਹ ਟੁਕੜਾ ਉਸੇ ਚਿਮਟੀ ਨਾਲ ਪਾਣੀ ਦੇ ਡੌਂਗੇ ਵਿੱਚ ਪਾ ਕੇ ਠੰਢਾ ਕਰ ਦਿੱਤਾ।
ਇਹ ਸੀ ਅਸਲੀ ... ਸ਼ੁੱਧ ਸੋਨਾ ਜੋ ਕਚਰੇ ਵਿੱਚੋਂ ਨਿਕਲਿਆ ਸੀ। ਸਿਰਾਜ ਦੀਆਂ ਅੱਖਾਂ ਸਾਹਮਣੇ ਨਿਕਲਿਆ ਸੀ। ਸਿਰਾਜ ਨੂੰ ਇਹ ਕੰਮ ਵਧੀਆ ਲੱਗਿਆ।
ਉਹ ਚਾਚਾ ਦੇ ਨਾਲ ਹਰ ਰੋਜ਼ ਗੋਦਾਮ ਆ ਕੇ ਇਹ ਕੰਮ ਕਰਨਾ ਚਾਹੁੰਦਾ ਹੈ ਪਰ ਜਾਣਦਾ ਹੈ ਕਿ ਇਹ ਕੰਮ ਪਿੰਡ ਵਿੱਚ ਨਹੀਂ ਹੋ ਸਕਦਾ। ਪਿੰਡ ਵਿੱਚ ਸਭ ਕੁਝ ਹੈ ਪਰ ਮਦਰ ਬੋਰਡ ਨਹੀਂ ਹੈ। ਸੋਨਾ ਬਣਾਉਣ ਵਾਲਾ ਕਚਰਾ ਨਹੀਂ ਹੈ।
ਕਰਾਚੀ ਵਿੱਚ ਈ-ਵੇਸਟ ਤੋਂ ਸੋਨਾ ਕੱਢਣ ਵਾਲੇ ਲੋਕਾਂ ਦਾ ਸੁਨਿਆਰਿਆਂ ਨਾਲ ਮਜ਼ਬੂਤ ਨੈਟਵਰਕ ਹੈ।
ਸੁਨਿਆਰ ਇਨ੍ਹਾਂ ਫੈਕਟਰੀਆਂ ਵਿੱਚੋਂ ਨਿਕਲੇ ਸੋਨੇ ਦਾ ਆਂਕਲਨ ਕਰਦੇ ਹਨ ਕਿ ਇਹ ਕਿੰਨੇ ਕੈਰਟ ਦਾ ਹੈ। ਇਸ ਤੋਂ ਬਾਅਦ ਉਸ ਦਿਨ ਦੇ ਸੋਨੇ ਦੇ ਰੇਟ ਦੇ ਹਿਸਾਬ ਨਾਲ ਸੌਦਾ ਹੋ ਜਾਂਦਾ ਹੈ।
ਇਸ ਸੌਦੇ ਤੋਂ ਮਿਲਣ ਵਾਲੀ ਰਕਮ ਵਿੱਚੋਂ ਮਾਲਕ ਆਪਣਾ ਹਿੱਸਾ ਰੱਖ ਕੇ ਬਾਕੀ ਮਜ਼ਦੂਰਾਂ ਵਿੱਚ ਦਿਹਾੜੀ ਦੇ ਹਿਸਾਬ ਨਾਲ ਵੰਡ ਦਿੰਦੇ ਹਨ। ਜਦਕਿ ਇੱਕ ਹਿੱਸਾ ਕੱਚਾ ਮਾਲ, ਰਸਾਇਣ ਅਤੇ ਲੱਕੜ ਖ਼ਰੀਦਣ ਦੇ ਲਈ ਵੱਖਰਾ ਰੱਖ ਦਿੱਤਾ ਜਾਂਦਾ ਹੈ।
ਮਦਰ ਬੋਰਡ ਕਿੱਥੋਂ ਆਉਂਦੇ ਹਨ?

ਤਸਵੀਰ ਸਰੋਤ, Ehsaan Sabz
ਪਾਕਿਸਤਾਨ ਵਿੱਚ ਹਰ ਸਾਲ ਔਸਤ 954 ਕਿੱਲੋ ਟਨ ਈ-ਵੇਸਟ ਦੀ ਆਮਦ ਹੁੰਦੀ ਹੈ। ਜਦਕਿ 433 ਕਿੱਲੋ ਟਨ ਈ-ਵੇਸਟ ਦੇਸ ਦੇ ਅੰਦਰੋਂ ਹੀ ਪੈਦਾ ਹੁੰਦਾ ਹੈ।
ਵਿਕਸਿਤ ਦੇਸਾਂ ਜਿਵੇਂ ਬ੍ਰਿਟੇਨ, ਅਮਰੀਕਾ ਕੈਨੇਡਾ, ਆਸਟ੍ਰੇਲੀਆ, ਯੂਏਈ, ਈਰਾਨ, ਹਾਂਗ-ਕਾਂਗ, ਜਰਮਨੀ, ਸਪੇਨ, ਕੋਰੀਆ, ਥਾਈਲੈਂਡ ਅਤੇ ਕੁਝ ਅਰਬ ਦੇਸਾਂ ਵਿੱਚ ਈ-ਵੇਸਟ ਦੀ ਨੀਲਾਮੀ ਹੁੰਦੀ ਹੈ।
ਇਸ ਤੋਂ ਬਾਅਦ ਵਿਕਾਸਸ਼ੀਲ ਦੇਸ ਜਿਵੇਂ ਪਾਕਿਸਤਾਨ, ਭਾਰਤ, ਬੰਗਲਾਦੇਸ ਅਤੇ ਕੁਝ ਅਫ਼ਰੀਕੀ ਦੇਸਾਂ ਵਿੱਚ ਭੇਜ ਦਿੱਤਾ ਜਾਂਦਾ ਹੈ।
ਯੂਰੋਪ, ਬ੍ਰਿਟੇਨ, ਯੂਏਈ, ਈਰਾਨ ਅਤੇ ਸਾਊਦੀ ਅਰਬ ਤੋਂ ਪੋਰਟ ਦੇ ਜ਼ਰੀਏ ਆਉਣ ਵਾਲੇ ਇਸ ਸਮਾਨ ਨੂੰ ਪਾਕਿਸਤਾਨ ਲਿਆਉਣ ਲਈ ਸਰਕਾਰ ਤੋਂ ਕੋਈ ਇਤਰਾਜ਼ ਨਹੀਂ ਦਾ ਸਰਟੀਫਿਕੇਟ ਲੈਣਾ ਪੈਂਦਾ ਹੈ।
ਇਸ ਤੋਂ ਬਾਅਦ ਇਹ ਸਮਾਨ ਕਰਾਚੀ ਦੇ ਇੰਟਰਨੈਸ਼ਨਲ ਟਰਮੀਨਲ ਪੋਰਟ ਪਹੁੰਚਦਾ ਹੈ। ਟਰਮੀਨਲ ਤੋਂ ਕੰਟੇਨਰਾਂ ਦੇ ਰਾਹੀਂ ਇਹ ਸਮਾਨ ਸ਼ੇਰਸ਼ਾਹ ਕਬਾੜੀ ਮਾਰਕਿਟ ਅਤੇ ਫਿਰ ਉੱਥੋਂ ਸ਼ਹਿਰ ਦੇ ਵੱਖ-ਵੱਖ ਥਾਂ ਬਣੇ ਬਜ਼ਾਰਾਂ ਤੱਕ ਪਹੁੰਚਦਾ ਹੈ।
ਜਾਂਚ ਤੋਂ ਬਾਅਦ ਆਏ ਸਮਾਨ ਨੂੰ ਚਾਰ ਵਰਗਾਂ ਵਿੱਚ ਵੰਡਿਆ ਜਾਂਦਾ ਹੈ- ਏ, ਬੀ, ਸੀ ਅਤੇ ਡੀ।
ਏ ਅਤੇ ਬੀ ਵਰਗ ਵਿੱਚ ਪੂਰੀ ਤਰ੍ਹਾਂ ਚਾਲੂ ਸਥਿਤੀ ਵਾਲੇ ਉਪਕਰਣ ਹੁੰਦੇ ਹਨ ਜੋ ਉਸੇ ਸਥਿਤੀ ਵਿੱਚ ਲੇਕਿਨ ਸਸਤੀਆਂ ਕੀਮਤਾਂ ਉੱਤੇ ਵੇਚ ਦਿੱਤੇ ਜਾਂਦੇ ਹਨ।
ਸੀ ਕੈਟੇਗਰੀ ਵਿੱਚ ਉਹ ਉਪਕਰਣ ਹੁੰਦੇ ਹਨ ਜਿਨ੍ਹਾਂ ਨੂੰ ਮੁਰੰਮਤ ਦੀ ਲੋੜ ਹੁੰਦੀ ਹੈ। ਜਦਕਿ ਡੀ-ਵਰਗ ਵਿੱਚ ਅਜਿਹੇ ਉਪਕਰਣ ਹੁੰਦੇ ਹਨ ਜਿਨ੍ਹਾਂ ਵਿੱਚ ਸਿਰਫ ਕੀਮਤੀ ਸਮਾਨ ਕੱਢਿਆ ਜਾ ਸਕਦਾ ਹੈ ਅਤੇ ਬਾਕੀ ਕਬਾੜ ਦੇ ਵਾਪਾਰੀ ਲੈ ਜਾਂਦੇ ਹਨ।
ਇਹੀ ਡੀ-ਵਰਗ ਅਸਲ ਵਿੱਚ ਈ-ਵੇਸਟ ਦੇ ਰੂਪ ਵਿੱਚ ਵੇਚਿਆ ਜਾਂਦਾ ਹੈ।
ਈ-ਵੇਸਟ ਦਾ ਕਾਰੋਬਾਰ ਕਿੰਨਾ ਵੱਡਾ ਹੈ?

ਤਸਵੀਰ ਸਰੋਤ, Ehsaan Sabz
ਪਾਕਿਸਤਾਨ ਵਿੱਚ ਈ-ਵੇਸਟ ਦੀ ਗੈਰ-ਕਨੂੰਨੀ ਆਮਦ, ਗੈਰ ਸੰਗਠਿਤ ਰੀਸਾਈਕਲਿੰਗ ਅਤੇ ਅਸੁਰੱਖਿਅਤ ਪ੍ਰੋਸੈਸਿੰਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਕਰਾਚੀ, ਲਾਹੌਰ, ਪੇਸ਼ਾਵਰ, ਰਾਵਲਪਿੰਡੀ ਅਤੇ ਫੈਸਲਾਬਾਦ ਵਿੱਚ ਈ-ਵੇਸਟ ਦੀ ਰੀਸਾਈਕਲਿੰਗ ਅਤੇ ਡੰਪਿੰਗ ਲਗਾਤਾਰ ਕੀਤੀ ਜਾ ਰਹੀ ਹੈ।
ਕਰਾਚੀ ਦੇ ਇੱਕ ਸਥਾਨਕ ਈ-ਵੇਸਟ ਡੀਲਰ ਦੇ ਮੁਤਾਬਕ ਸ਼ੇਰਸ਼ਾਹ ਮਾਰਕਿਟ ਦਾ ਕੰਮ ਕਰਨ ਵਾਲਿਆਂ ਦੀ ਸੰਖਿਆ ਦਰਜਣਾਂ ਵਿੱਚ ਹੈ ਅਤੇ ਇਹ ਲਗਾਤਾਰ ਵੱਧ ਰਹੇ ਹਨ।
ਇਹ ਰੁਝਾਨ ਜ਼ਾਹਿਰ ਕਰਦਾ ਹੈ ਕਿ ਈ-ਵੇਸਟ ਦੀ ਰੀ-ਸਾਈਕਲਿੰਗ ਇੱਕ ਵੱਡਾ ਉਦਯੋਗ ਬਣ ਚੁੱਕੀ ਹੈ।
ਲੇਕਿਨ ਈ-ਵੇਸਟ ਦੀ ਰੀ-ਸਾਈਕਲਿੰਗ ਦੀ ਕੋਈ ਸੰਗਿਠਿਤ ਸੰਸਥਾ ਮੌਜੂਦ ਨਹੀਂ ਹੈ। ਇੱਕ ਡੀਲਰ ਨੇ ਦੱਸਿਆ ਕਿ ਕਰਾਚੀ ਤੋਂ ਬਾਅਦ ਪੇਸ਼ਾਵਰ,ਗੁੱਜਰਾਂਵਾਲਾ, ਲਹੌਰ ਅਤੇ ਫੈਸਲਾਬਾਦ ਈ-ਵੇਸਟ ਦੇ ਬਜ਼ਾਰ ਵਜੋਂ ਉੱਭਰ ਰਹੇ ਹਨ।
ਸ਼ੇਰਸ਼ਾਹ ਮਾਰਕਿਟ ਦੇ ਹੀ ਇੱਕ ਈ-ਵੇਸਟ ਡੀਲਰ ਨੇ ਦੱਸਿਆ ਕਿ ਇਸ ਕੰਮ ਵਿੱਚ ਛੋਟੇ ਡੀਲਰਾਂ ਤੋਂ ਲੈ ਕੇ ਵੱਡੀਆਂ ਕੰਪਨੀਆਂ ਤੱਕ ਸ਼ਾਮਲ ਹਨ।
ਡੀਲਰ ਅਤੇ ਗੋਦਾਮ ਮਾਲਕ ਇਸ ਧੰਦੇ ਵਿੱਚ ਆਪਣੇ ਨਾਮ ਦੇ ਨਾਲ ਆਉਂਦੇ ਹਨ ਲੇਕਿਨ ਪਿੱਛੇ ਕਈ ਵਾਰ ਵੱਡੇ ਕਾਰੋਬਾਰੀ ਗਰੁੱਪ ਹੁੰਦੇ ਹਨ ਜੋ ਕਨੂੰਨ ਦੇ ਮੁਤਾਬਕ ਡੰਪਿੰਗ ਦੇ ਖ਼ਰਚੇ ਤੋਂ ਬਚਣ ਲਈ ਇਨ੍ਹਾਂ ਦੀ ਮਦਦ ਲੈਂਦੇ ਹਨ।
ਇੱਕ ਹੋਰ ਅਹਿਮ ਗੱਲ ਇਹ ਵੀ ਹੈ ਕਿ ਈ-ਵੇਸਟ ਦੀਆਂ ਸਸਤੀਆਂ ਦਰਾਂ ਉੱਤੇ ਉਪਲਬਧੀ ਨੇ ਵੀ ਬਹੁਤ ਸਾਰੇ ਬਿਨਾਂ ਸਿਖਲਾਈ ਵਾਲੇ ਲੋਕਾਂ ਅਤੇ ਕਬਾੜ ਦਾ ਕੰਮ ਕਰਨ ਵਾਲੇ ਗੋਦਾਮ ਮਾਲਕਾਂ ਨੂੰ ਇਸ ਪਾਸੇ ਖਿੱਚਿਆ ਹੈ।
ਉਹ ਦੂਜੇ ਕੰਮ ਛੱਡ ਕੇ ਇਸ ਕੰਮ ਵੱਲ ਖਿੱਚੇ ਚਲੇ ਆ ਰਹੇ ਹਨ, ਜਿਸ ਵਿੱਚ ਮੁਨਾਫ਼ਾ ਨਾ ਸਿਰਫ਼ ਜ਼ਿਆਦਾ ਸਗੋਂ ਤੁਰੰਤ ਵੀ ਮਿਲ ਜਾਂਦਾ ਹੈ।
ਲੇਕਿਨ ਇੱਕ ਸਮੱਸਿਆ ਈ-ਵੇਸਟ ਨਾਲ ਜੁੜੇ ਨੁਕਸਾਨ ਵੀ ਹਨ।
ਈ-ਵੇਸਟ: ਕਾਰੋਬਾਰ, ਸਿਹਤ ਅਤੇ ਵਾਤਾਵਰਨ ਉੱਤੇ ਅਸਰ

ਤਸਵੀਰ ਸਰੋਤ, Ehsaan Sabz
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਈ-ਵੇਸਟ ਦੀ ਰੀ-ਸਾਈਕਲਿੰਗ ਦੇ ਦੌਰਾਨ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ, ਰਸਾਇਣ ਅਤੇ ਆਰਸੈਨਿਕ, ਸੀਸਾ, ਰਿਯਮ ਆਕਸਾਈਡ, ਫਾਸਫੋਰਸ ਅਤੇ ਨਿਕਲ ਵਰਗੀਆਂ ਧਾਤਾਂ ਅਤੇ ਦੂਜੇ ਜ਼ਹਿਰੀਲੇ ਪਦਾਰਥ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ ਹਨ।
ਕਰਾਚੀ ਦੇ ਸਥਾਨਕ ਡਾਕਟਰ ਮੰਸੂਰ ਅਲਵੀ ਦੇ ਮੁਤਾਬਕ ਈ-ਵੇਸਟ ਕਾਰਨ ਕਈ ਬੀਮਾਰੀਆਂ ਹੁੰਦੀਆਂ ਹਨ। ਜਿਵੇਂ-ਦਮਾ, ਫੇਫੜਿਆਂ ਦੀਆਂ ਬੀਮਾਰੀਆਂ, ਬੱਚਿਆਂ ਦੇ ਸਰੀਰਕ ਵਿਕਾਸ ਵਿੱਚ ਕਮੀ, ਮਾਸਪੇਸ਼ੀਆਂ ਦੀ ਸਮੱਸਿਆ, ਆਂਦਰਾਂ ਦੀ ਸੋਜ, ਸਾਹ ਦੀ ਸਮੱਸਿਆ, ਚਮੜੀ ਦੀਆਂ ਬੀਮਾਰੀਆਂ, ਢਿੱਡ ਦੇ ਰੋਗ ਅਤੇ ਅੱਖਾਂ ਦੀ ਇਨਫੈਕਸ਼ਨ।
ਇਸੇ ਤਰ੍ਹਾਂ ਈ-ਵੇਸਟ ਤੋਂ ਨਿਕਲਣ ਵਾਲੇ ਤੱਤ ਗਰਭਵਤੀ ਔਰਤਾਂ ਲਈ ਵੀ ਖ਼ਤਰਨਾਕ ਹਨ। ਇਨ੍ਹਾਂ ਬੀਮਾਰੀਆਂ ਦੇ ਸ਼ਿਕਾਰ ਆਮ ਤੌਰ ਉੱਤੇ ਮਜ਼ਦੂਰ ਅਤੇ ਵਿਸ਼ੇਸ਼ ਤੌਰ ਉੱਤੇ ਬੱਚੇ ਹੁੰਦੇ ਹਨ ਜੋ ਅਸੰਗਿਠਤ ਰੀ-ਸਾਈਕਲਿੰਗ ਦੇ ਕੰਮ ਵਿੱਚ ਸਿੱਧੇ ਸ਼ਾਮਲ ਹੁੰਦੇ ਹਨ।
ਡਾਕਟਰ ਅਲਵੀ ਦੇ ਮੁਤਾਬਕ ਇਸ ਕੰਮ ਦੇ ਦੌਰਾਨ ਕੈਂਸਰ ਦਾ ਖ਼ਤਰਾ ਵੀ ਵਧ ਜਾਂਦਾ ਹੈ। ਜ਼ਿਆਦਾਤਰ ਮਜ਼ਦੂਰ ਵਰਗ ਬੀਮਾਰੀਆਂ ਦਾ ਸ਼ਿਕਾਰ ਹੁੰਦਾ ਹੈ ਕਿਉਂਕਿ ਉਸ ਨੂੰ ਪਹਿਲਾਂ ਹੀ ਪੀਣ ਲਈ ਸਾਫ਼ ਪਾਣੀ ਅਤੇ ਚੰਗੀ ਗੁਣਵੱਤਾ ਵਾਲਾ ਖਾਣਾ ਨਹੀਂ ਮਿਲਦਾ। ਈ-ਵੇਸਟ ਵਿੱਚ ਜ਼ਹਿਰੀਲੇ ਅਤੇ ਕੀਮਤੀ ਦੋਵੇਂ ਤੱਤ ਸ਼ਾਮਲ ਹੁੰਦੇ ਹਨ ਲੇਕਿਨ ਕੀਮਤੀ ਤੱਤਾਂ ਨੂੰ ਕੱਢਣ ਦੀ ਕੀਮਤ ਇਨਸਾਨੀ ਜ਼ਿੰਦਗੀ ਹੈ।
ਵਾਤਾਵਰਣ ਮਾਹਰ ਅਹਸਨ ਤਨਵੀਰ ਕਹਿੰਦੇ ਹਨ ਕਿ ਈ-ਵੇਸਟ ਦੀ ਪ੍ਰੋਸੈਸਿੰਗ ਵਿੱਚ ਜੋ ਆਮ ਅਤੇ ਇੱਕ ਤਰ੍ਹਾਂ ਨਾਲ ਗੈਰ-ਕਨੂੰਨੀ ਤਕਨੀਕ ਦੀ ਵਰਤੋਂ ਹੋ ਰਹੀ ਹੈ। ਇਸ਼ ਵਿੱਚ ਓਪਨ ਬਰਨਿੰਗ ਜਾਂ ਖੁੱਲ੍ਹੇ ਥਾਂ ਸਾੜਨਾ ਅਤੇ ਐਸਿਡ ਲੀਚਿੰਗ (ਤੇਜ਼ਾਬ ਵਿੱਚ ਗਲਾਉਣਾ) ਬੇਹੱਦ ਖ਼ਤਰਨਾਕ ਹੈ।
ਉਨ੍ਹਾਂ ਦੇ ਅਨੁਸਾਰ ਇਸ ਨਾਲ ਨਾ ਸਿਰਫ਼ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਸਗੋਂ ਕਿਸੇ ਤਰ੍ਹਾਂ ਦੀ ਕੁਤਾਹੀ ਕਾਰਨ ਧਮਾਕੇ ਦਾ ਖ਼ਤਰਾ ਵੀ ਰਹਿੰਦਾ ਹੈ।
ਭਾਰੀ ਧਾਤੂਆਂ ਜਿਵੇਂ ਸੀਸਾ (ਲੈਡ) ਅਤੇ ਜਿੰਕ ਹਵਾ ਵਿੱਚ ਧੂਆਂ ਬਣ ਕੇ ਉੱਡਦੀ ਹੈ ਅਤੇ ਸਾਹ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦੀ ਹੈ, ਜੋ ਸਿਹਤ ਲਈ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਖਾਸ ਤੌਰ ਉੱਤੇ ਮਜ਼ਦੂਰ ਅਤੇ ਬੱਚੇ ਜੋ ਲਗਾਤਾਰ ਇਸ ਮਾਹੌਲ ਵਿੱਚ ਰਹਿੰਦੇ ਹਨ, ਉਹ ਇਨ੍ਹਾਂ ਗੈਸਾਂ ਦੇ ਸਭ ਤੋਂ ਜ਼ਿਆਦਾ ਸ਼ਿਕਾਰ ਹੁੰਦੇ ਹਨ।

ਅਹਿਸਾਨ ਤਨਵੀਰ ਨੇ ਦੱਸਿਆ ਕਿ ਕਰਚੀ ਵਿੱਚ ਕੀਤੇ ਗਏ ਕੁਝ ਸਰਵੇਖਣਾਂ ਤੋਂ ਪਤਾ ਲਗਦਾ ਹੈ ਕਿ ਹਵਾ ਅਤੇ ਮਿੱਟੀ ਵਿੱਚ ਜ਼ਿੰਕ ਅਤੇ ਸੀਸੇ ਵਰਗੀਆਂ ਧਾਤਾਂ ਦੀ ਮਾਤਰਾ ਖ਼ਤਰਨਾਕ ਪੱਧਰ ਤੱਕ ਜ਼ਿਆਦਾ ਹੈ।
“ਇਨ੍ਹਾਂ ਧਾਤਾਂ ਦੀ ਵਜ੍ਹਾ ਤੋਂ ਨਾ ਸਿਰਫ ਆਮ ਲੋਕਾਂ ਦਾ ਸਿਹਤ ਪ੍ਰਭਾਵਿਤ ਹੋ ਰਿਹਾ ਹੈ ਸਗੋਂ ਇਹ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਾ ਰਹੀਆਂ ਹਨ। ਹਵਾ ਵਿੱਚ ਇਨ੍ਹਾਂ ਧਾਤਾਂ ਦੀ ਜ਼ਿਆਦਾ ਮਾਤਰਾ ਕਿਸੇ ਹੱਦ ਤੱਕ ਮੌਸਮ ਉੱਤੇ ਵੀ ਅਸਰ ਪਾ ਰਹੀ ਹੈ।”
ਲੇਕਿਨ ਸਿਰਾਜ ਅਤੇ ਸ਼ਾਹਿਦ ਇਸ ਕੰਮ ਨਾਲ ਵਾਬਸਤਾ ਸਿਹਤ ਸੰਬੰਧੀ ਖ਼ਤਰਿਆਂ ਅਤੇ ਇਸਦੀ ਗੰਭੀਰਤਾ ਤੋਂ ਅਨਜਾਣ ਹਨ। ਆਰਥਿਕ ਮਜ਼ਬੂਰੀਆਂ ਦੇ ਕਾਰਨ ਉਹ ਇਹ ਖ਼ਤਰੇ ਮੁੱਲ ਲੈਣ ਨੂੰ ਤਿਆਰ ਰਹਿੰਦੇ ਹਨ।
ਸਿਰਾਜ ਨੇ ਕਿਹਾ, “ਸਾਨੂੰ ਕੋਈ ਫ਼ਰਕ ਨਹੀਂ ਪੈਂਦਾ, ਕੁਝ ਨਹੀਂ ਹੋਵੇਗਾ। ਜੇ ਕੁਝ ਹੋਣਾ ਹੁੰਦਾ ਤਾਂ ਸ਼ਾਹਿਦ ਜਾਂ ਚਾਚਾ ਨੂੰ ਕਦੋਂ ਦਾ ਹੋ ਚੁੱਕਿਆ ਹੁੰਦਾ, ਉਹ ਦੋਵੇਂ ਠੀਕ ਹਨ ਕਿ ਨਹੀਂ? ਤੁਸੀਂ ਦੱਸੋ! ਚਾਚਾ ਨੂੰ ਜ਼ਖ਼ਮ ਹੁੰਦਾ ਹੈ ਲੇਕਿਨ ਜਦੋਂ ਉਹ ਹੱਥ ਉੱਤੇ ਮੱਲ੍ਹਮ ਲਾਉਂਦਾ ਹੈ ਤਾਂ ਅਰਾਮ ਮਿਲ ਜਾਂਦਾ ਹੈ ਅਤੇ ਜਦੋਂ ਜ਼ਿਆਦਾ ਧੂਆਂ ਹੁੰਦਾ ਹੈ ਤਾਂ ਅਸੀਂ ਮੂੰਹ ਬੰਨ੍ਹ ਲੈਂਦੇ ਹਾਂ।”
“ਹੁਣ ਜੇ ਮੈਂ ਬਾਹਰ ਜਾ ਕੇ ਕੋਈ ਹੋਰ ਕੰਮ ਕਰਾਂਗਾ ਤਾਂ ਖ਼ਰਚਾ ਵੱਖਰਾ ਹੋਵੇਗਾ। ਆਉਣ-ਜਾਣ ਦਾ ਕਿਰਾਇਆ ਵੀ ਲੱਗੇਗਾ। ਵੈਸੇ ਵੀ ਦਿਹਾੜੀ ਉੱਤੇ ਕੰਮ ਮੁਸ਼ਕਿਲ ਨਾਲ ਮਿਲਦਾ ਹੈ। ਪੂਰਾ ਸ਼ਹਿਰ ਮਜ਼ਦੂਰਾਂ ਨਾਲ ਭਰਿਆ ਹੋਇਆ ਹੈ। ਇਹ ਹੁਨਰ ਹੈ, ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਅਤੇ ਫਿਰ ਮੈਂ ਇੱਥੇ ਆਪਣਿਆਂ ਦੇ ਨਾਲ ਹਾਂ।”
“ਜਦੋਂ ਕੰਮ ਚੰਗੀ ਤਰ੍ਹਾਂ ਸਿੱਖ ਜਾਵਾਂਗਾ ਤਾਂ ਮਜ਼ਦੂਰੀ ਨਾਲੋਂ ਜ਼ਿਆਦਾ ਪੈਸੇ ਕਮਾ ਲਵਾਂਗਾ, ਬਾਕੀ ਅਸੀਂ ਤਾਂ ਠੰਢੇ ਇਲਾਕੇ ਦੇ ਜੁਝਾਰੂ ਲੋਕ ਹਾਂ, ਇਹ ਧੂਆਂ ਸਾਡਾ ਕੁਝ ਨਹੀਂ ਵਿਗਾੜ ਸਕਦਾ।”
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












