ਭਾਰਤ ਦੇ ਇੱਕ ਸੂਬੇ ਵਿੱਚ ਮਿਲਿਆ ਇੱਕ ਪੱਥਰ ਕਿਵੇਂ ਵਿਗਿਆਨੀਆਂ ਨੂੰ ਖ਼ਾਸ ਲਗ ਰਿਹਾ ਹੈ

ਪੱਥਰ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਸੁੰਦਰ ਰਾਜੂ ਨੇ ਦੱਸਿਆ ਕਿ ਕੁਰਨੂਲ ਜ਼ਿਲੇ ਦੇ ਜੂਨਾਗਿਰੀ ਖੇਤਰ 'ਚ ਮਿਲੇ ਪੱਥਰ ਦੇ ਉਲਕਾ ਹੋਣ ਦੀ ਪੁਸ਼ਟੀ ਹੋਈ ਹੈ
    • ਲੇਖਕ, ਅਮਰੇਂਦਰਾ ਯਰਲਾਗਡਾ
    • ਰੋਲ, ਬੀਬੀਸੀ ਪੱਤਰਕਾਰ

ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਵਿੱਚ ਨੈਸ਼ਨਲ ਜਿਓਫਿਜ਼ੀਕਲ ਰਿਸਰਚ ਇੰਸਟੀਚਿਊਟ (ਐੱਨਜੀਆਰਆਈ) ਦੇ ਸਾਇੰਸਦਾਨਾਂ ਨੂੰ ਇੱਕ ਪੱਥਰ ਮਿਲਿਆ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਪੱਥਰ ਉੱਤੇ ਕਈ ਟੈਸਟ ਕੀਤੇ ਗਏ ਹਨ, ਉਸ ਦੀ ਪਛਾਣ ਉਲਕਾ ਵਜੋਂ ਕੀਤੀ ਗਈ ਹੈ ਜੋ ਅਸਮਾਨੋਂ ਡਿੱਗਿਆ ਸੀ।

ਐੱਨਜੀਆਰਆਈ ਦੇ ਮੁਖੀ ਸਾਇੰਸਦਾਨ ਪੀਵੀ ਸੁੰਦਰ ਰਾਜੂ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਪਹਿਲਾਂ ਨਹੀਂ ਲੱਗਦਾ ਸੀ ਕਿ ਇਹ ਉਲਕਾ ਹੈ। ਇਹ ਪੱਥਰ, ਉੱਥੇ ਮੌਜੂਦ ਪੱਥਰਾਂ ਨਾਲੋਂ ਵੱਖਰਾ ਨਜ਼ਰ ਆ ਰਿਹਾ ਸੀ, ਇਸ ਲਈ ਇਸ ਨੂੰ ਚੁੱਕਿਆ ਅਤੇ ਇਸ ʼਤੇ ਟੈਸਟ ਕੀਤੇ।"

"ਇਸ ਵਿੱਚ ਉਲਕਾ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਹਨ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਉਲਕਾ ਪਿੰਡ ਧਰਤੀ ʼਤੇ ਕਿਵੇਂ ਡਿੱਗਦੇ ਹਨ

ਕੁਝ ਉਲਕਾ ਪਿੰਡ ਪੁਲਾੜ ਤੋਂ ਟੁੱਟ ਕੇ ਧਰਤੀ ਦੀ ਗੁਰੁਤਾਕਰਸ਼ਨ ਕਾਰਨ ਧਰਤੀ ਵੱਲ ਆ ਡਿੱਗਦੇ ਹਨ। ਪਰ ਇਹ ਆਮ ਤੌਰ 'ਤੇ ਧਰਤੀ ਦੇ ਵਾਯੂਮੰਡਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਸੜ੍ਹ ਜਾਂਦੇ ਹਨ। ਸਿਰਫ਼ ਕੁਝ ਮਾਮਲਿਆਂ ਵਿੱਚ ਹੀ ਉਹ ਜ਼ਮੀਨ ਤੱਕ ਪਹੁੰਚਦੇ ਹਨ।

ਸੁੰਦਰ ਰਾਜੂ ਦੱਸਦੇ ਹਨ ਕਿ ਪੁਲਾੜ ਤੋਂ ਧਰਤੀ ਤੱਕ ਪਹੁੰਚਣ ਦੀ ਯਾਤਰਾ ਤੋਂ ਪਹਿਲਾਂ ਕਈ ਬਦਲਾਅ ਹੁੰਦੇ ਹਨ।

ਉਹ ਕਹਿੰਦੇ ਹਨ, "ਧਰਤੀ ਦੇ ਵਾਯੂਮੰਡਲ ਵਿੱਚ ਦਾਖ਼ਲ ਹੋਣ ʼਤੇ ਉਲਕਾ ਪਿੰਡ ਦੇ ਆਕਾਰ ਅਤੇ ਸ਼ਕਲ ਵਿੱਚ ਕਈ ਬਦਲਾਅ ਹੁੰਦੇ ਹਨ। ਕਈ ਵਾਰ ਵੱਡੇ ਉਲਕਾ ਪਿੰਡ ਛੋਟੇ-ਛੋਟੇ ਪੱਥਰਾਂ ਵਿੱਚ ਬਦਲ ਜਾਂਦੇ ਹਨ। ਇਹ ਕਿੱਥੇ ਡਿੱਗਦੇ ਹਨ ਇਸ ਦੇ ਆਧਾਰ 'ਤੇ ਉਨ੍ਹਾਂ ਦਾ ਪਤਾ ਲਗਾਉਣਾ ਮੁਸ਼ਕਲ ਹੈ।"

ਸੁੰਦਰ ਰਾਜੂ ਦੱਸਦੇ ਹਨ ਕਿ ਜੇਕਰ ਉਲਕਾ ਰੇਗਿਸਤਾਨ ਅਤੇ ਬਰਫੀਲੇ ਇਲਾਕਿਆਂ ਵਿੱਚ ਡਿੱਗਦੇ ਹਨ ਤਾਂ ਉਨ੍ਹਾਂ ਦੀ ਪਛਾਣ ਕਰਨਾ ਆਸਾਨ ਹੁੰਦਾ ਹੈ ਪਰ ਜੇਕਰ ਉਹ ਪਥਰੀਲੀ ਜ਼ਮੀਨ ʻਤੇ ਡਿੱਗਦੇ ਹਨ ਤਾਂ ਉਨ੍ਹਾਂ ਦੀ ਦੂਜੀਆਂ ਚੱਟਾਨਾਂ ਨਾਲ ਮਿਲਣ ਕਾਰਨ ਪਛਾਣ ਮੁਸ਼ਕਲ ਹੁੰਦੀ ਹੈ।

ਆਂਧਰਾ ਪ੍ਰਦੇਸ਼

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਲਕਾ ਪਿੰਡ ਸੜ੍ਹ ਜਾਂਦੇ ਹਨ

ʻਅਸੀਂ ਕਾਲਾ ਪੱਥਰ ਪਛਾਣਿਆʼ

ਸੁੰਦਰ ਰਾਜੂ ਅਤੇ ਉਨ੍ਹਾਂ ਦੇ ਵਿਦਿਆਰਥੀ ਲਿੰਗਾਰਾਜੂ ਨੂੰ ਕੁਰਨੂਲ ਦੇ ਜੂਨਾਗਿਰੀ ਇਲਾਕੇ ਵਿੱਚ ਕਾਲੇ ਪੱਥਰ ਮਿਲੇ।

ਸੁੰਦਰ ਰਾਜੂ ਦੀ ਟੀਮ ਨੇ ਸੋਨੇ ਦੀਆਂ ਖਾਨਾਂ ਦੇ ਵਿਸ਼ਲੇਸ਼ਣ ਸਬੰਧੀ ਜੁਲਾਈ ਵਿੱਚ ਜੂਨਾਗਿਰੀ ਦਾ ਦੌਰਾ ਕੀਤਾ।

ਲਿੰਗਾਰਾਜੂ ਦੱਸਦੇ ਹਨ ਕਿ ਉਸ ਵੇਲੇ ਜੂਨਾਗਿਰੀ ਇਲਾਕੇ ਵਿੱਚ ਸਥਾਨਵਾਸੀ ਹੀਰਿਆਂ ਦੀ ਭਾਲ ਕਰ ਰਹੇ ਸਨ।

ਲਿੰਗਾਰਾਜੂ ਨੇ ਬੀਬੀਸੀ ਨੂੰ ਦੱਸਿਆ, "ਆਮ ਤੌਰ ʼਤੇ ਜਦੋਂ ਮੀਂਹ ਪੈਂਦਾ ਹੈ ਤਾਂ ਸਥਾਨਕ ਲੋਕ ਜੂਨਾਗਿਰੀ ਦੇ ਨੇੜਲੇ ਇਲਾਕਿਆਂ ਵਿੱਚ ਹੀਰਿਆਂ ਦੀ ਭਾਲ ਕਰਦੇ ਹਨ।"

"ਜਦੋਂ ਅਸੀਂ ਗਏ ਸੀ ਤਾਂ ਉਦੋਂ ਵੀ ਕੁਝ ਲੋਕ ਅਜਿਹਾ ਕਰ ਰਹੇ ਸੀ। ਜਦੋਂ ਇਲਾਕੇ ਦੇ ਨੇੜੇ ਪਹੁੰਚੇ ਤਾਂ ਅਸੀਂ ਉੱਥੇ ਕਾਲਾ ਪੱਥਰ ਦੇਖਿਆ, ਜਿਸ ਭਾਰ ਕੋਈ 73.36 ਗ੍ਰਾਮ ਸੀ।"

ਕਾਲਾ ਪੱਥਰ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਆਂਧਰਾ ਪ੍ਰਦੇਸ਼ ਵਿੱਚ ਕੁਰਨੂਲ ਜ਼ਿਲ੍ਹੇ ਦੇ ਜੂਨਾਗਿਰੀ ਇਲਾਕੇ ਵਿੱਚ ਇੱਕ ਕਾਲਾ ਪੱਥਰ ਮਿਲਿਆ ਹੈ

ਉਸ ਦੀ ਪਛਾਣ ਇੱਕ ਉਲਕਾ ਦੇ ਰੂਪ ਵਿੱਚ ਕਿਵੇਂ ਹੋਈ

ਉਲਕਾਪਿੰਡ ਵਿੱਚ ਖਣਿਜਾਂ ਦੀ ਫੀਸਦ ਆਮ ਚੱਟਾਨਾਂ ਦੇ ਮੁਕਾਬਲੇ ਵੱਖਰੀ ਹੁੰਦੀ ਹੈ। ਉਨ੍ਹਾਂ ਦੀ ਪਛਾਣ ਕਰਨ ਲਈ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ।

ਸੁੰਦਰ ਰਾਜੂ ਨੇ ਕਿਹਾ ਕਿ ਜੂਨਾਗਿਰੀ ਵਿੱਚ ਮਿਲੇ ਪੱਥਰ ਮਿਲੇ ਦੀ ਜਾਂਚ ਅਤੇ ਵਿਸ਼ਲੇਸ਼ਣ ਤੋਂ ਬਾਅਦ ਤਸਦੀਕ ਕੀਤੀ ਗਈ ਕਿ ਉਹ ਉਲਕਪਿੰਡ ਹੈ।

ਉਨ੍ਹਾਂ ਨੇ ਦੱਸਿਆ, "ਅਸੀਂ ਸਭ ਤੋਂ ਪਹਿਲਾਂ ਪੱਥਰ ਦੀ ਚੁੰਬਕੀ ਵਿਸ਼ੇਸ਼ਤਾ ਦੀ ਖੋਜ ਕੀਤੀ। ਘਣਤਾ ਦੀ ਗਣਨਾ ਕੀਤੀ। ਇੱਕ ਮਾਈਕਰੋਸਕੋਪ ਦੀ ਮਦਦ ਨਾਲ ਪਤਲੇ ਭਾਗ ਦਾ ਵਿਸ਼ਲੇਸ਼ਣ ਕੀਤਾ ਗਿਆ।"

"ਇੱਕ ਵਿਡਮੈਨਸਟੈਟੇਨ ਸ਼ੈਲੀ (ਇੱਕ ਵਿਲੱਖਣ ਰੇਖਾ-ਵਰਗੇ ਡਿਜ਼ਾਈਨ) ਦਿਖਾਈ ਦਿੱਤੇ। ਇਹ ਉਲਕਾ ਪਿੰਡ ਦੀ ਮੁੱਖ ਵਿਸ਼ੇਸ਼ਤਾ ਹੁੰਦੀ ਹੈ। ਐਕਸਾ-ਡੀ ਦੇ ਵਿਸ਼ਲੇਸ਼ਣ ਨਾਲ ਫਾਈਲਾਈਟ ਨਾਮਕ ਖਣਿਜ ਦੀ ਮੌਜੂਦਗੀ ਦਾ ਪਤਾ ਲੱਗਾ।"

"ਇਸ ਦੇ ਨਾਲ ਹੀ ਪਿਛਲੇ ਮੌਸਮ ਵਿਗਿਆਨ ਦੇ ਅੰਕੜਿਆਂ ਨਾਲ ਵੀ ਇਸ ਦੀ ਤੁਲਨਾ ਕੀਤੀ ਗਈ। ਅਸੀਂ ਸਾਰੇ ਤੱਤਾਂ ਦੀ ਜਾਂਚ ਕੀਤੀ ਹੈ ਅਤੇ ਪੁਸ਼ਟੀ ਕੀਤੀ ਹੈ ਕਿ ਸਾਨੂੰ ਜੋ ਪੱਥਰ ਮਿਲਿਆ ਹੈ, ਉਹ ਇੱਕ ਉਲਕਾ ਪਿੰਡ ਹੈ।"

ਪੱਥਰ ਦੀ ਸ਼ੈਲੀ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਪੱਥਰ ਵਿੱਚ ਵਿਡਮੈਨਸਟੈਟੇਨ ਵਰਗੀ ਸ਼ੈਲੀ ਦਿਖਾਈ ਦਿੱਤੀ

ਸੁੰਦਰਰਾਜੂ ਕਹਿੰਦੇ ਹਨ ਕਿ ਪੱਥਰ ʼਤੇ ਖੋਜ ਦੌਰਾਨ ਕਾਰਬਨ, ਨਾਈਟ੍ਰੋਜਨ, ਸਿਲੀਕੋਨ, ਫਸਾਫੋਰਸ, ਸਲਫਰ, ਟਾਈਟੇਨੀਅਮ, ਵੈਨੇਡੀਅਮ, ਕ੍ਰੋਮੀਅਮ, ਮੈਂਗਨੀਜ਼, ਲੋਹਾ, ਕੋਬਾਲਟ, ਤਾਂਬਾ ਅਤੇ ਜਸਤਾ ਮਿਲਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਰੇ ਉਲਕਾ ਪਿੰਡ ਵਿੱਚ ਮੌਜੂਦ ਸਨ ਅਤੇ ਉਲਕਾ ਪਿੰਡ ਵਿੱਚ ਲੋਹੇ ਦੀ ਫੀਸਦ ਜ਼ਿਆਦਾ ਹੁੰਦੀ ਹੈ।

ਸੁੰਦਰ ਰਾਜੂ ਦਾ ਕਹਿਣਾ ਹੈ, "ਇਹ ਕਹਿਣਾ ਮੁਸ਼ਕਲ ਹੈ ਕਿ ਕੁਰਨੂਲ ਵਿੱਚ ਮਿਲਿਆ ਉਲਕਾ ਪਿੰਡ ਕਦੋਂ ਡਿੱਗਿਆ ਸੀ। ਮੰਨਿਆ ਜਾ ਰਿਹਾ ਹੈ ਇਹ ਕਾਫੀ ਸਮਾਂ ਪਹਿਲਾਂ ਡਿੱਗਿਆ ਹੋਵੇਗਾ।"

"ਇਸ ਦੀ ਉਮਰ ਪਤਾ ਕਰਨ ਲਈ ਰਸਾਇਣਕ ਵਿਸ਼ਲੇਸ਼ਣ ਦੀ ਲੋੜ ਹੁੰਦੀ ਹੈ। ਪਰ, ਭਾਰਤੀ ਭੂ-ਵਿਗਿਆਨ ਸਰਵੇਖਣ (ਜੀਐੱਸਆਈ) ਉਲਕਾ ਦਾ ਰਖਵਾਲਾ ਹੈ। ਇਸ ਲਈ ਅਸੀਂ ਇਸ ਨੂੰ ਉਨ੍ਹਾਂ ਦਾ ਹਵਾਲੇ ਕਰ ਦਿੱਤਾ ਹੈ।"

ਐੱਨਜੀਆਰ ਦੇ ਮੁੱਖ ਸਾਇੰਸਦਾਨ ਪੀਵੀ ਸੁੰਦਰੀ ਰਾਜੂ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਐੱਨਜੀਆਰ ਦੇ ਮੁੱਖ ਸਾਇੰਸਦਾਨ ਪੀਵੀ ਸੁੰਦਰੀ ਰਾਜੂ

ਜੇਕਰ ਤੁਹਾਨੂੰ ਉਲਕਾ ਪਿੰਡ ਮਿਲਦਾ ਹੈ ਤਾਂ ਕੀ ਕਰੀਏ

ਐੱਨਜੀਆਰਆਈ ਸਾਇੰਸਦਾਨ ਸੁੰਦਰ ਰਾਜੂ ਨੇ ਉਲਕਾ ਪਿੰਡ ਮੰਨਿਆ ਜਾ ਰਿਹਾ ਪੱਥਰ ਜੀਓਲਾਜੀਕਲ ਸਰਵੇ ਆਫ ਇੰਡੀਆ (ਜੀਐੱਸਆਈ) ਕੋਲਾਕਾਤਾ ਨੂੰ ਸੌਂਪ ਦਿੱਤਾ ਹੈ।

ਸਾਲ 2018 ਵਿੱਚ ਕੇਂਦਰੀ ਸਰਕਾਰ ਦੇ ਗਜ਼ਟ ਵਿੱਚ ਕਿਹਾ ਗਿਆ ਸੀ ਕਿ ਕੀਤਾ ਕਿ ਭਾਰਤ ਵਿੱਚ ਭੂ-ਵਿਗਿਆਨਕ ਸਰਵੇਖਣ ਭਾਰਤ ਵਿੱਚ ਉਲਕਾ ਪਿੰਡਾਂ ਲਈ ਨੋਡਲ ਏਜੰਸੀ ਹੋਵੇਗੀ।

ਇਸ ਲਈ ਜੀਐੱਸਆਈ ਨੈਸ਼ਨਲ ਮਿਟੀਓਰਾਈਟ ਰਿਪੋਜ਼ੀਟਰੀ ਆਫ ਇੰਡੀਆ ਨਾਮ ਨਾਲ ਇੱਕ ਮਿਊਜ਼ੀਅਮ ਚਲਾ ਰਹੀ ਹੈ।

ਸੁੰਦਰ ਰਾਜੂ ਦੀ ਟੀਮ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਜੁਲਾਈ ਵਿਚ ਸੁੰਦਰ ਰਾਜੂ ਦੀ ਟੀਮ ਨੇ ਜੂਨਾਗਿਰੀ ਦਾ ਦੌਰਾ ਕੀਤਾ

ਸੁੰਦਰ ਰਾਜੂ ਦੱਸਦੇ ਹਨ, "ਅਸੀਂ ਜਿਓਲਾਜੀਕਲ ਸਰਵੇ ਆਫ ਇੰਡੀਆ ਨੂੰ ਇੱਕ ਚਿੱਠੀ ਲਿਖੀ ਕਿ ਸਾਡੀ ਖੋਜ ਵਿੱਚ ਇਹ ਉਲਕਾ ਪਿੰਡ ਨਿਕਲਿਆ ਹੈ। ਉਨ੍ਹਾਂ ਨੇ ਭਰਨ ਲਈ ਇੱਕ ਸੈਂਪਲ ਫਾਰਮ ਭੇਜਿਆ ਅਤੇ ਉਸੇ ਸੈਂਪਲ ਨਾਲ ਭੇਜਣ ਲਈ ਕਿਹਾ। ਇਸੇ ਅਨੁਸਾਰ ਮੈਂ ਉਨ੍ਹਾਂ ਨੂੰ ਇੱਕ ਸੈਂਪਲ ਭੇਜਿਆ।"

ਜੀਐੱਸਆਈ ਮੁਤਾਬਕ, ਭਾਰਤ ਵਿੱਚ ਇਸਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਭਗ 700 ਵੱਖ-ਵੱਖ ਕਿਸਮਾਂ ਦੇ ਉਲਕਾ ਪਿੰਡਾਂ ਦੀ ਪਛਾਣ ਕੀਤੀ ਗਈ ਹੈ।

ਜੀਐੱਸਆਈ ਦਾ ਕਹਿਣਾ ਹੈ ਕਿ 105 ਪ੍ਰਕਾਰ ਦੇ ਉਲਕਾ ਪਿੰਡ ਦੇਸ਼ ਵਿੱਚ ਮਿਲੇ ਹਨ ਅਤੇ ਪੂਰੀ ਦੁਨੀਆਂ ਵਿੱਚ ਵੱਖ-ਵੱਖ ਸਰੋਤਾਂ ਦੀ ਮਦਦ ਨਾਲ ਮਿਲ 384 ਉਲਕਾ ਪਿੰਡ ਮਿਊਜ਼ੀਅਮ ਵਿੱਚ ਸਾਂਭ ਕੇ ਰੱਖੇ ਹੋਏ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)