ਅਮਰੀਕਾ 'ਚ ਪਰਵਾਸੀਆਂ ਦੀ ਕੀ ਭੂਮਿਕਾ ਹੈ? ਕੁਝ ਅਰਥ ਸ਼ਾਸਤਰੀਆਂ ਨੇ ਪਰਵਾਸ ਜਾਰੀ ਰੱਖਣ ਦਾ ਸੁਝਾਅ ਕਿਉਂ ਦਿੱਤਾ ਹੈ

ਪਰਵਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਚੋਣਾਂ 'ਚ ਰਿਪਬਲਿਕਨ ਅਤੇ ਡੈਮੋਕ੍ਰੇਟ ਦੋਵਾਂ ਪਾਰਟੀਆਂ ਲਈ ਪਰਵਾਸ ਇੱਕ ਅਹਿਮ ਮੁੱਦਾ ਹੈ
    • ਲੇਖਕ, ਲੁਈਸ ਬਰੁਚੋ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕੀ ਚੋਣਾਂ ਵਿੱਚ ਰਿਪਬਲਿਕਨ ਅਤੇ ਡੈਮੋਕ੍ਰੇਟ ਦੋਵਾਂ ਪਾਰਟੀਆਂ ਲਈ ਪਰਵਾਸ ਇੱਕ ਅਹਿਮ ਮੁੱਦਾ ਹੈ। ਦੋਵਾਂ ਪਾਰਟੀਆਂ ਦੇ ਉਮੀਦਵਾਰ, ਦੇਸ਼ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲੇ ਲੋਕਾਂ ਲਈ ਨਿਯਮ ਸਖ਼ਤ ਕਰਨ ਦੀ ਲੋੜ ਉੱਤੇ ਜ਼ੋਰ ਦੇ ਰਹੇ ਹਨ, ਖ਼ਾਸ ਕਰਕੇ ਮੈਕਸੀਕੋ ਵਾਲੇ ਪਾਸੇ ਤੋਂ ਦਾਖ਼ਲ ਹੋਣ ਵਾਲਿਆਂ 'ਤੇ।

ਡੌਨਲਡ ਟਰੰਪ ਨੇ ਲਗਾਤਾਰ ਪਰਵਾਸੀਆਂ ਦੇ “ਗੈਰ ਕਾਨੂੰਨੀ ਦਾਖ਼ਲੇ” ਬਾਰੇ ਸਾਵਧਾਨ ਕੀਤਾ ਹੈ ਅਤੇ ਬਿਨਾਂ ਦਸਤਾਵੇਜ਼ ਵਾਲੇ ਪਰਵਾਸੀਆਂ ਨੂੰ ਵੱਡੇ ਪੈਮਾਨੇ 'ਤੇ ਵਾਪਸ ਭੇਜਣ ਦੀ ਗੱਲ ਕੀਤੀ ਹੈ।

ਉਨ੍ਹਾਂ ਦੀ ਡੈਮੇਕ੍ਰੇਟ ਮੁਕਾਬਲੇਬਾਜ਼ ਕਮਲਾ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਉੱਤੇ ਪਰਵਾਸ ਦੇ ਮੁੱਦੇ 'ਤੇ “ਭੈਅ ਅਤੇ ਫੁੱਟ ਨੂੰ ਹਵਾ ਦੇਣ ਦੇ ਇਲਜ਼ਾਮ ਲਾਏ ਹਨ”।

ਬੀਬੀਸੀ ਪੰਜਾਬੀ ਦਾ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਰ ਉਨ੍ਹਾਂ ਨੇ ਸਰਹੱਦੀ ਸੁਰੱਖਿਆ ਬਾਰੇ ਲਿਆਂਦੇ ਜਾਣ ਵਾਲੇ ਕਿਸੇ ਵੀ ਬਿਲ ਦੀ ਹਮਾਇਤ ਦਾ ਵੀ ਭਰੋਸਾ ਦਿੱਤਾ ਹੈ, ਜਿਸ ਵਿੱਚ ਲੱਖਾਂ ਡਾਲਰ ਨਾਲ ਮੈਕਸੀਕੋ ਦੀ ਸਰਹੱਦ 'ਤੇ ਕੰਧ ਦੀ ਉਸਾਰੀ ਸ਼ਾਮਲ ਹੋਵੇਗੀ।

ਪਰ ਪਰਵਾਸ ਅਮਰੀਕਾ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਂਦਾ ਹੈ ? ਅਮਰੀਕਾ ਦੁਨੀਆਂ ਭਰ 'ਚ ਵਿਦੇਸ਼ ਵਿੱਚ ਪੈਦਾ ਹੋਈ ਸਭ ਤੋਂ ਵੱਡੀ ਆਬਾਦੀ ਦਾ ਘਰ ਹੈ ਅਤੇ ਜੇ ਇੱਥੇ ਪਰਵਾਸੀ ਹੀ ਨਾ ਰਹੇ ਤਾਂ ਇਹ ਕਿਸ ਤਰ੍ਹਾਂ ਦਾ ਲੱਗੇਗਾ?

ਪਰਵਾਸੀਆਂ ਤੋਂ ਬਿਨਾਂ ਅਮਰੀਕਾ ਦੀ ਆਬਾਦੀ 'ਚ ਨਾਟਕੀ ਕਮੀ ਆ ਜਾਵੇਗੀ

ਪਰਵਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਅਰਥ ਸ਼ਾਸਤਰੀ ਅਤੇ ਪਰਵਾਸ ਪੱਖੀ ਸਮੂਹਾਂ ਦੀ ਰਾਇ ਹੈ ਕਿ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਪਰਵਾਸ ਜਾਰੀ ਰਹਿਣ ਦੇਣਾ ਚਾਹੀਦਾ ਹੈ

ਪਰਵਾਸੀਆਂ ਤੋਂ ਬਿਨਾਂ ਅਮਰੀਕਾ ਦੀ ਜਨ ਸੰਖਿਆ ਵਿੱਚ ਨਾਟਕੀ ਕਮੀ ਆ ਜਾਵੇਗੀ।

ਸਾਲ 2023 ਵਿੱਚ ਵਿਦੇਸ਼ਾਂ 'ਚ ਜੰਮੇ ਲੋਕਾਂ ਦੀ ਆਬਾਦੀ ਆਪਣੇ ਸਭ ਤੋਂ ਉੱਚੇ ਪੱਧਰ 47.8 ਮਿਲੀਅਨ 'ਤੇ ਸੀ। ਜੋ ਕਿ ਕੁੱਲ ਆਬਾਦੀ ਦਾ 14.3% ਹੈ। ਇਸ ਵਿੱਚ 10.6 ਮਿਲੀਅਨ ਲੋਕ ਮੈਕਸੀਕੋ ਤੋਂ, 2.8 ਮਿਲੀਅਨ ਭਾਰਤ ਤੋਂ ਅਤੇ 2.5 ਮਿਲੀਅਨ ਚੀਨ ਤੋਂ ਹਨ।

ਇਸੇ ਦੌਰਾਨ ਭਾਵੇਂ ਅਮਰੀਕਾ ਦੀ ਆਬਾਦੀ ਪਰਵਾਸ ਦੀ ਬਦੌਲਤ ਲਗਾਤਾਰ ਵੱਧ ਰਹੀ ਹੈ, ਉੱਥੇ ਹੀ ਇੱਥੋਂ ਦੀ ਮੂਲ ਜਨ ਸੰਖਿਆ ਜਨਮ ਦਰ ਵਿੱਚ ਆਏ ਨਿਘਾਰ ਕਾਰਨ ਲਗਾਤਾਰ ਘੱਟ ਰਹੀ ਹੈ।

ਅਮਰੀਕਾ ਵਿੱਚ 1930 ਦੇ ਦਹਾਕੇ ਤੋਂ ਬਾਅਦ ਸਾਲ 2010 ਤੋਂ 2020 ਦੇ ਦੌਰਾਨ ਸਭ ਤੋਂ ਹੌਲੀ ਜਨਮ ਦਰ ਵੇਖੀ ਗਈ। 1930 ਦੇ ਦਹਾਕੇ ਦੌਰਾਨ ਗੰਭੀਰ ਮੰਦੀ ਕਾਰਨ ਜਨਮ ਦਰ ਵਿੱਚ ਨਿਘਾਰ ਕਮੀ ਆਈ ਸੀ।

ਇਸ ਦਾ ਅਰਥ ਹੈ ਕਿ ਅਮਰੀਕਾ ਵੀ, ਕਈ ਹੋਰ ਦੇਸ਼ਾਂ ਵਾਂਗ ਬੁੱਢੀ ਹੁੰਦੀ ਜਾ ਰਹੀ ਵਸੋਂ ਦੇ ਸੰਕਟ ਦੀਆਂ ਬਰੂਹਾਂ ਉੱਤੇ ਖੜ੍ਹਾ ਹੈ। ਇਸ ਦੇ ਨਾਲ ਹੀ ਸਿਹਤ ਸਹੂਲਤਾਂ ਮਹਿੰਗੀਆਂ ਹੋ ਰਹੀਆਂ ਹਨ ਅਤੇ ਵਸੋਂ ਦਾ ਉਹ ਹਿੱਸਾ ਜੋ ਕੰਮ ਕਰ ਸਕਣ ਯੋਗ ਹੈ ਉਹ ਲਗਾਤਾਰ ਘੱਟਦਾ ਜਾ ਰਿਹਾ ਹੈ।

ਅਮਰੀਕੀ ਸੰਸਦ ਦੇ ਬਜਟ ਮੰਤਰਾਲੇ ਮੁਤਾਬਕ ਸਾਲ 2024 ਵਿੱਚ ਇੱਕ ਸਮਾਂ ਅਜਿਹਾ ਆਵੇਗਾ ਜਦੋਂ ਮੌਤ ਦਰ, ਜਨਮ ਦਰ ਨੂੰ ਪਾਰ ਕਰ ਜਾਵੇਗੀ ਅਤੇ ਪਰਵਾਸ ਹੀ ਜਨ ਸੰਖਿਆ ਦੇ ਸਾਰੇ ਵਾਧੇ ਲਈ ਜ਼ਿੰਮੇਵਾਰ ਹੋਵੇਗਾ।

ਨਤੀਜੇ ਵਜੋਂ ਕੁਝ ਅਰਥ ਸ਼ਾਸਤਰੀ ਅਤੇ ਪਰਵਾਸ ਪੱਖੀ ਸਮੂਹਾਂ ਦੀ ਰਾਇ ਹੈ ਕਿ ਆਰਥਿਕ ਲੋੜਾਂ ਪੂਰੀਆਂ ਕਰਨ ਲਈ, ਖ਼ਾਸ ਕਰਕੇ ਪੇਂਡੂ ਇਲਾਕੇ ਵਿੱਚ, ਪਰਵਾਸ ਜਾਰੀ ਰਹਿਣ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ:-

ਪਰਵਾਸੀਆਂ ਤੋਂ ਬਿਨਾਂ ਅਮਰੀਕੀ ਅਰਥਚਾਰੇ ਕੀ ਨੁਕਸਾਨ ਪਹੁੰਚੇਗਾ

ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਵਿਚਕਾਰ ਪਹਿਲੀ ਬਹਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰੋਫ਼ੈਸਰ ਤਾਰਿਕ ਹਸਨ ਮੁਤਾਬਕ ਪਰਵਾਸੀਆਂ ਤੋਂ ਬਿਨਾਂ ਅਮਰੀਕੀ ਅਰਥਚਾਰੇ ਨੂੰ ਨੁਕਸਾਨ ਪਹੁੰਚੇਗਾ

ਬੋਸਟਨ ਯੂਨੀਵਰਸਿਟੀ ਵਿੱਚ ਇਕਨਾਮਿਕਸ ਦੇ ਪ੍ਰੋਫ਼ੈਸਰ ਤਾਰਿਕ ਹਸਨ ਮੁਤਾਬਕ ਪਰਵਾਸੀਆਂ ਤੋਂ ਬਿਨਾਂ ਅਮਰੀਕੀ ਅਰਥਚਾਰੇ ਨੂੰ ਨੁਕਸਾਨ ਪਹੁੰਚੇਗਾ।

ਉਹ ਕਹਿੰਦੇ ਹਨ, “ਜੇ ਤੁਸੀਂ ਪਰਵਾਸੀਆਂ ਨੂੰ ਪੂਰੀ ਤਰ੍ਹਾਂ ਹਟਾ ਦਿਓ ਤਾਂ ਤੁਸੀਂ ਪ੍ਰਤੀ ਜੀਅ ਸਕਲ ਘਰੇਲੂ ਉਤਪਾਦ ਵਿੱਚ 5 ਤੋਂ 10% ਦੇ ਘਾਟੇ ਦੀ ਗੱਲ ਕਰ ਰਹੇ ਹੋ। ਇਸਦਾ ਅਰਥ ਹੋਵੇਗਾ ਕਿ ਪ੍ਰਤੀ ਵਿਅਕਤੀ ਧਨ ਵਿੱਚ ਕਮੀ ਆਵੇਗੀ ਅਤੇ ਕੁੱਲ ਜੀਡੀਪੀ ਲੋਕ ਘੱਟ ਹੋਣ ਕਾਰਨ ਹੋਰ ਵੀ ਘੱਟ ਹੋਵੇਗੀ।”

ਹਸਨ ਦੱਸਦੇ ਹਨ ਕਿ ਉਨ੍ਹਾਂ ਦੇ ਅਧਿਐਨ ਮੁਤਾਬਕ ਪਰਵਾਸ, “ਨਵੀਨਤਾ ਨੂੰ ਵਧਾਉਂਦਾ ਹੈ ਜੋ ਉਤਪਾਦਕਤਾ ਨੂੰ ਸਾਰੇ ਪਾਸੇ ਹੁੰਗਾਰਾ ਦਿੰਦੀ ਹੈ। ਇਸ ਲਈ ਇਹ ਕਿਸੇ ਇੱਕ ਖੇਤਰ ਤੱਕ ਸੀਮਤ ਨਹੀਂ ਹੈ। ਉਹ ਅਮਰੀਕੀ ਅਰਥਚਾਰੇ ਦੀ ਸਮੁੱਚੀ ਨਵੀਨ ਸਮਰੱਥਾ ਨੂੰ ਵਧਾਉਂਦੀ ਹੈ।”

ਅਮਰੀਕਾ ਦੇ ਬਿਊਰੋ ਆਫ਼ ਲੇਬਰ ਸਟੈਟਿਸਟਿਕਸ ਮੁਤਾਬਕ (ਜੋ ਕਿ ਇੱਕ ਸਰਕਾਰੀ ਅਦਾਰਾ ਹੈ) ਪਰਵਾਸੀਆਂ ਦੇ ਕੰਮ ਕਰਨ ਯੋਗ ਉਮਰ ਵਿੱਚ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਉਹ ਅਮਰੀਕੀ ਵਸੋਂ ਦੇ ਕਰੀਬ 14% ਹੀ ਹਨ ਪਰ ਨਾਗਰਿਕ ਕਾਰਜ ਸ਼ਕਤੀ ਦਾ 19%- 31 ਮਿਲੀਅਨ ਕਾਮੇ ਹਨ।

ਉਨ੍ਹਾਂ ਦੀ ਕਾਰਜ ਸ਼ਕਤੀ ਵਿੱਚ ਹਿੱਸੇਦਾਰੀ ਵੀ ਅਮਰੀਕਾ ਵਿੱਚ ਪੈਦਾ ਹੋਏ ਲੋਕਾਂ ਦੇ ਮੁਕਾਬਲੇ ਜ਼ਿਆਦਾ ਹੈ।

ਕਾਂਗਰਸ ਦੇ ਬਜਟ ਮੰਤਰਾਲੇ ਮੁਤਾਬਕ 2022 ਤੋਂ 2034 ਦਰਮਿਆਨ ਕਰੀਬ 91% ਪਰਵਾਸੀ ਅਮਰੀਕਾ ਆਉਣ ਸਮੇਂ 16 ਸਾਲ ਜਾਂ ਉਸ ਤੋਂ ਵੱਡੇ ਹੋਣਗੇ।

ਆਰਥਿਕਤਾ ਦੇ ਕੁਝ ਖੇਤਰ, ਜਿਵੇਂ ਕਿ ਖੇਤੀਬਾੜੀ ਵਿਸ਼ੇਸ਼ ਤੌਰ ਉੱਤੇ ਪਰਵਾਸੀ ਮਜ਼ਦੂਰਾਂ ਉੱਤੇ ਨਿਰਭਰ ਹੈ।

ਅਮਰੀਕਾ ਦੇ ਕਿਰਤ ਮੰਤਰਾਲੇ ਦੇ ਖੇਤੀ ਕਾਮਿਆਂ ਬਾਰੇ ਨੈਸ਼ਨਲ ਸਰਵੇ ਮੁਤਾਬਕ ਭਾਵੇਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਬਿਨਾਂ ਦਸਤਾਵੇਜ਼ ਦੇ ਸਨ ਪਰ 70% ਖੇਤ ਕਾਮੇ ਪਰਵਾਸੀ ਹਨ।

ਨਾਨ ਵੂ ਜੋ ਕਿ ਅਮਰੀਕਨ ਇਮੀਗ੍ਰੇਸ਼ਨ ਕਾਊਂਸਲ ਦੇ ਖੋਜ ਨਿਰਦੇਸ਼ਕ ਹਨ, ਜੋ ਕਿ ਇੱਕ ਪਰਵਾਸ ਪੱਖੀ ਗਰੁੱਪ ਹੈ।

ਉਹ ਕਹਿੰਦੇ ਹਨ, “ਜੇਕਰ ਪਰਵਾਸੀ ਮਜ਼ਦੂਰ ਨਹੀਂ ਹੋਣਗੇ ਤਾਂ ਸੀਜ਼ਨ ਦੌਰਾਨ ਅਮਰੀਕਾ ਦੇ ਖੇਤ ਮਾਲਕਾਂ ਨੂੰ ਫਸਲਾਂ ਦੀ ਬਿਜਾਈ ਕਟਾਈ ਲਈ ਲੋੜੀਂਦੇ ਮਜ਼ਦੂਰ ਨਹੀਂ ਮਿਲਣਗੇ।”

ਪਰਵਾਸ ਦੇ ਆਲੋਚਕਾਂ ਵੱਲੋਂ ਅਕਸਰ ਦਿੱਤੀ ਜਾਣ ਵਾਲੀ ਇੱਕ ਦਲੀਲ ਇਹ ਕਿ ਘੱਟ ਉਜਰਤ ਉੱਤੇ ਕੰਮ ਲਈ ਤਿਆਰ ਵਿਦੇਸ਼ੀ ਕਾਮਿਆਂ ਦੇ ਆਉਣ ਨਾਲ ਮੂਲ ਵਸੋਂ ਲਈ ਦਿਹਾੜੀ ਭੱਤੇ ਸੁੰਗੜ ਜਾਂਦੇ ਹਨ।

ਪਰ ਪਰਵਾਸ ਦੇ ਅਸਰ ਬਾਰੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਡੇਵਿਸ ਵੱਲੋਂ ਕੀਤੇ ਗਏ 27 ਅਧਿਐਨਾਂ ਦੇ ਮੈਟਾ-ਆਨੈਲਿਸਸ ਮੁਤਾਬਕ ਪਰਵਾਸੀ ਕਾਮਿਆਂ ਦਾ ਮੂਲ ਨਿਵਾਸੀਆਂ ਦੇ ਭੱਤਿਆਂ ਉੱਤੇ ਪੈਣ ਵਾਲਾ ਅਸਰ ਲਗਭਗ ਸਿਫ਼ਰ ਸੀ।

ਈਸਟਰਨ ਇਲਿਨੌਇਸ ਯੂਨੀਵਰਸਿਟੀ ਦੇ ਤਾਜ਼ਾ ਅਧਿਐਨ ਵਿੱਚ ਵਿੱਚ ਪਰਵਾਸੀਆਂ ਦੀ ਜਨ ਸੰਖਿਆ ਵਿੱਚ ਵਾਧੇ ਦਾ ਸਗੋਂ “ਹਾਂ- ਮੁਖੀ ਪਰੰਤੂ ਅੰਕੜਾ ਵਿਗਿਆਨਕ ਤੌਰ ਉੱਤੇ ਗੈਰ-ਸਾਰਥਕ ਅਸਰ ਦੇਖਿਆ ਗਿਆ”।

ਟੈਕਸ ਇਕੱਠਾ ਕਰਨ ਉੱਤੇ ਕੀ ਅਸਰ ਪਵੇਗਾ

ਅਮਰੀਕਾ ਦਾ ਵੀਜ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਊ ਰਿਸਰਚ ਸੈਂਟਰ ਮੁਤਾਬਕ ਕਰੀਬ 11 ਮਿਲੀਅਨ ਦੀ ਸੰਖਿਆ ਦੇ ਨਾਲ ਬਿਨਾਂ ਦਸਤਾਵੇਜ਼ਾਂ ਵਾਲੇ ਪਰਵਾਸੀ ਕੁੱਲ ਪਰਵਾਸੀ ਵਸੋਂ ਦੇ 23% ਹਨ

ਏਆਈਸੀ ਦੇ ਵਿਸ਼ਲੇਸ਼ਣ ਮੁਤਾਬਕ ਪਰਵਾਸੀ ਪਰਿਵਾਰਾਂ ਨੇ ਸਾਲ 2022 ਵਿੱਚ ਇਕੱਠੇ ਕੀਤੇ ਗਏ ਕੁੱਲ ਟੈਕਸ ਵਿੱਚ ਛੇਵੇਂ ਹਿੱਸੇ ਦਾ ਯੋਗਦਾਨ ਪਾਇਆ। ਲਗਭਗ 580 ਬਿਲੀਅਨ ਅਮਰੀਕੀ ਡਾਲਰ।

ਵੂ ਦਾ ਕਹਿਣਾ ਹੈ ਕਿ ਟੈਕਸ ਵਿੱਚ ਯੋਗਦਾਨ ਸਿਰਫ਼ ਕਾਨੂੰਨੀ ਤੌਰ ਉੱਤੇ ਅਮਰੀਕਾ ਆਏ ਪਰਵਾਸੀ ਹੀ ਯੋਗਦਾਨ ਨਹੀਂ ਦਿੰਦੇ।

ਪਿਊ ਰਿਸਰਚ ਸੈਂਟਰ ਦੇ ਵਿਸ਼ਲੇਸ਼ਣ ਮੁਤਾਬਕ ਕਰੀਬ 11 ਮਿਲੀਅਨ ਦੀ ਸੰਖਿਆ ਦੇ ਨਾਲ ਬਿਨਾਂ ਦਸਤਾਵੇਜ਼ਾਂ ਵਾਲੇ ਪਰਵਾਸੀ ਕੁੱਲ ਪਰਵਾਸੀ ਵਸੋਂ ਦੇ 23% ਹਨ। ਇਨ੍ਹਾਂ ਵਿੱਚੋਂ ਕਰੀਬ 11 ਮਿਲੀਅਨ ਮੈਕਸੀਕੋ ਤੋਂ ਹਨ।

ਇਸੇ ਤਰ੍ਹਾਂ ਇੰਸਟੀਚਿਊਟ ਆਫ਼ ਟੈਕਸੇਸ਼ਨ ਅਤੇ ਇਕਨਾਮਿਕ ਪੌਲਿਸੀ ਦੇ ਇੱਕ ਅਧਿਐਨ ਮੁਤਾਬਕ ਬਿਨਾਂ ਦਸਤਾਵੇਜ਼ਾਂ ਵਾਲੇ ਪਰਵਾਸੀਆਂ ਨੇ ਸਾਲ 2022 ਵਿੱਚ ਕਰੀਬ 100 ਬਿਲੀਅਨ ਡਾਲਰ ਦੇ ਸੰਘੀ, ਸੂਬਾਈ ਅਤੇ ਸਥਾਨਕ ਟੈਕਸ ਭਰੇ ਸਨ।

ਹਾਲਾਂਕਿ ਇਕਨਾਮਿਕ ਪੁਲਿਸ ਇੰਸਟੀਚਿਊਟ ਦੇ ਇਮੀਗ੍ਰੇਸ਼ਨ ਲਾਅ ਅਤੇ ਪੌਲਿਸੀ ਰਿਸਰਚ ਦੇ ਨਿਰਦੇਸ਼ਕ ਡੇਨੀਅਲ ਕੋਸਟਾ ਦਾ ਕਹਿਣਾ ਹੈ ਕਿ ਭਾਵੇਂ ਪਰਵਾਸ ਦਾ ਦੇਸ ਵਿਆਪੀ ਪ੍ਰਭਾਵ ਹਾਂ-ਪੱਖੀ ਹੀ ਹੋਵੇ ਲੇਕਿਨ ਕੁਝ ਸੂਬਿਆਂ ਵਿੱਚ ਇਹ ਭਾਵੇਂ ਥੋੜ੍ਹੇ ਸਮੇਂ ਲਈ ਹੀ ਸਹੀ ਪਰ ਨਕਾਰਤਾਮਿਕ ਹੈ।

ਇੱਕ ਤਾਜ਼ਾਂ ਅਧਿਐਨ ਵਿੱਚ ਉਨ੍ਹਾਂ ਨੇ ਅਤੇ ਟੀਮ ਨੇ ਮਿਸਾਲ ਦਿੱਤੀ ਹੈ ਕਿ ਵੱਡੀ ਸੰਖਿਆ ਵਿੱਚ ਆਏ ਪਰਵਾਸੀ ਭਾਵੇਂ ਘੱਟ ਉਜਰਤ ਹਾਸਲ ਕਰਦੇ ਹਨ ਲੇਕਿਨ ਉਹ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਵਿੱਤੀ ਲਾਭਾਂ ਦੇ ਯੋਗ ਹੋ ਜਾਂਦੇ ਹਨ।

ਇਸ ਕਾਰਨ ਉਨ੍ਹਾਂ ਦੀ ਟੀਮ ਸੰਘੀ ਅਤੇ ਸੂਬਾਈ ਪੱਧਰ ਉੱਤੇ ਫੰਡਾਂ ਦੀ ਮੁੜ ਵੰਡ ਦਾ ਸੁਝਾਅ ਦਿੰਦੇ ਹਨ। ਉਹ ਕਹਿੰਦੇ ਹਨ ਕਿ ਜਿਹੜੇ ਖੇਤਰਾਂ ਵਿੱਚ ਪਰਵਾਸ ਜ਼ਿਆਦਾ ਹੁੰਦਾ ਹੈ ਉਨ੍ਹਾਂ ਇਲਾਕਿਆਂ ਨੂੰ ਜ਼ਿਆਦਾ ਪੈਸਾ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਇਸ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕਰ ਸਕਣ।

ਪ੍ਰੋਫ਼ੈਸਰ ਜਿਓਵਨਾਨੀ ਪੈਰੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਤੋਂ ਇੱਕ ਉੱਘੇ ਇਮੀਗ੍ਰੇਸ਼ਨ ਮਾਹਰ ਹਨ ਅਤੇ ਅਰਥ ਸ਼ਾਸਤਰੀ ਹਨ।

ਉਹ ਕਹਿੰਦੇ ਹਨ ਕਿ ਪਰਵਾਸੀਆਂ ਕਾਰਨ ਸਮੁਦਾਇਆਂ ਉੱਤੇ ਪੈਣ ਵਾਲਾ ਦਬਾਅ ਅਮਰੀਕਾ ਵਿੱਚ ਪੈਦਾ ਹੋਣ ਵਾਲਿਆਂ ਦੀ ਸੰਖਿਆ ਵੱਧਣ ਨਾਲ ਪੈਣ ਵਾਲੇ ਦਬਾਅ ਵਰਗਾ ਹੀ ਹੋ ਸਕਦਾ ਹੈ।

ਉਹ ਕਹਿੰਦੇ ਹਨ, “ਜੇ ਉਸਾਰੀ ਇਸ ਮੁਤਾਬਤ ਢਲਦੀ ਨਹੀਂ ਹੈ ਤਾਂ ਇਹ ਸੇਵਾਵਾਂ ਅਤੇ ਰਿਹਾਇਸ਼ ਉੱਤੇ ਵੀ ਦਬਾਅ ਬਣਾਏਗੀ।ਪਰਵਾਸੀਆਂ ਨੂੰ ਅਲਹਿਦਾ ਕਰਕੇ ਦਿਖਾਉਣਾ ਬਸ ਸੌਖਾ ਹੈ।”

ਕਿੰਨੇ ਫੀਸਦ ਪਰਵਾਸੀ ਵੱਡੀਆਂ ਕੰਪਨੀਆਂ ਦੇ ਮੋਢੀ

ਸਟੀਵ ਜੌਬਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਰਵਾਸੀਆਂ ਨੇ ਅਮਰੀਕਾ ਦੇ ਸਟਾਰਟ-ਅੱਪਸ ਵਿੱਚੋਂ ਇੱਕ ਬਿਲੀਅਨ ਦੇ 55% ਨਵੇਂ ਕਾਰੋਬਾਰ ਸ਼ੁਰੂ ਕੀਤੇ ਹਨ

ਅਮਰੀਕਾ ਵਿੱਚ ਪਰਵਾਸੀਆਂ ਦੀ ਜਨ ਸੰਖਿਆ ਦੇ ਵੱਡੇ ਹਿੱਸੇ ਜਾਂ ਉਨ੍ਹਾਂ ਦੀਆਂ ਸੰਤਾਨਾਂ ਇੱਥੋਂ ਦੀਆਂ ਮੋਹਰੀ ਉੱਦਮੀ ਬਣ ਗਈਆਂ ਹਨ।

ਰੈਵਨਿਊ ਦੇ ਹਿਸਾਬ ਨਾਲ ਅਮਰੀਕਾ ਦੀਆਂ 500 ਵੱਡੀਆਂ ਕੰਪਨੀਆਂ ਦੀ ਹਰ ਸਾਲ ਜਾਰੀ ਕੀਤੀ ਜਾਣ ਵਾਲੀ ਸੂਚੀ- ਫਾਰਚੂਨ 500 ਦੀ ਸੂਚੀ ਵਿੱਚੋਂ 45% ਦੇ ਮੋਢੀ ਪਰਵਾਸੀ ਜਾਂ ਉਨ੍ਹਾਂ ਦੀਆਂ ਸੰਤਾਨਾਂ ਸਨ। ਪਰਵਾਸੀਆਂ ਨੇ ਅਮਰੀਕਾ ਦੇ ਸਟਾਰਟ-ਅੱਪਸ ਵਿੱਚੋਂ ਇੱਕ ਬਿਲੀਅਨ ਦੇ 55% ਨਵੇਂ ਕਾਰੋਬਾਰ ਸ਼ੁਰੂ ਕੀਤੇ ਹਨ।

ਅਮਰੀਕਾ ਵਿੱਚ ਵਿਦਿਆਰਥੀਆਂ ਵਜੋਂ ਆਉਣ ਵਾਲੇ ਪਰਵਾਸੀਆਂ ਵਿੱਚੋਂ ਕਈਆਂ ਨੇ ਵਿਸ਼ਵ ਪੱਧਰ ਉੱਤੇ ਵੀ ਤਕਨੀਕੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਐਸੋਸੀਏਸ਼ਨ ਆਫ਼ ਇੰਟਰਨੈਸ਼ਨਲ ਐਜੂਕੇਟਰਜ਼ ਮੁਤਾਬਕ ਸਾਲ 2022-2023 ਦੇ ਅਕਾਦਮਿਕ ਸਾਲ ਦੌਰਾਨ 10 ਲੱਖ ਤੋਂ ਜ਼ਿਆਦਾ ਕੌਮਾਂਤਰੀ ਵਿਦਿਆਰਥੀ ਅਮਰਕੀ ਆਏ ਜਿਨ੍ਹਾਂ ਨੇ ਦੇਸ ਦੀ ਆਰਥਿਕਤਾ ਵਿੱਚ 40 ਬਿਲੀਅਨ ਅਮਰੀਕੀ ਡਾਲਰ ਤੋਂ ਜ਼ਿਆਦਾ ਦਾ ਯੋਗਦਾਨ ਦਿੱਤਾ ਅਤੇ ਟਿਊਸ਼ਨ ਅਤੇ ਰਹਿਣ-ਸਹਿਣ ਦੇ ਖ਼ਰਚੇ ਰਾਹੀਂ 368,000 ਨੌਕਰੀਆਂ ਪੈਦਾ ਕੀਤੀਆਂ।

ਕਿੰਨੇ ਫੀਸਦ ਅਮਰੀਕੀ ਪਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੇ ਪੱਖ ਵਿੱਚ ਹਨ

ਪਰਵਾਸ ਵਿਰੋਧੀ ਕਾਰਕੁੰਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਰਵਾਸ ਵਿਰੋਧੀ ਕਾਰਕੁੰਨ

ਅਮਰੀਕੀ ਅਰਥਵਿਵਸਥਾ 'ਚ ਪਰਵਾਸੀਆਂ ਦੀ ਭੂਮਿਕਾ ਦੇ ਬਾਵਜੂਦ, ਤਾਜ਼ਾ ਗੈਲਪ ਪੋਲ ਵਿੱਚ ਸਾਹਮਣੇ ਆਇਆ ਕਿ 55 ਫੀਸਦੀ ਅਮਰੀਕੀ ਪਰਵਾਸ ਨੂੰ ਘਟਾਉਣ ਦੇ ਹੱਕ ਵਿੱਚ ਹਨ।

ਇਸ 'ਤੇ ਵਿਆਪਕ ਸਿਆਸੀ ਸਹਿਮਤੀ ਵੀ ਹੈ ਕਿ ਪਰਵਾਸ 'ਤੇ ਕਾਬੂ ਕਰਨ ਲਈ ਸਖ਼ਤੀ ਕੀਤੀ ਜਾਣੀ ਚਾਹੀਦੀ ਹੈ, ਖ਼ਾਸ ਕਰ ਕੇ ਜਦੋਂ ਮੈਕਸੀਕੋ ਦੀ ਸਰਹੱਦ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਪਾਰ ਕਰਨ ਦੀ ਗੱਲ ਆਉਂਦੀ ਹੈ।

ਪ੍ਰੋਫ਼ੈਸਰ ਪੈਰੀ ਕਹਿੰਦੇ ਹਨ, ਕਿ ਕੁਝ ਸਿਆਸਤਦਾਨ ਅਤੇ ਪ੍ਰੈੱਸ ਪਰਵਾਸ ਨੂੰ 'ਸਰਹੱਦ 'ਤੇ ਤਣਾਅ ਦੀ ਸਥਿਤੀ' ਦੇ ਬਰਾਬਰ ਦਰਸਾਉਂਦੇ ਹਨ, ਉਨ੍ਹਾਂ ਦਾ ਧਿਆਨ ਵੱਡੇ ਪੱਧਰ 'ਤੇ ਪਰਵਾਸ ਦੇ ਪ੍ਰਭਾਵਾਂ ਬਾਰੇ ਗੱਲ ਕਰਨ ਦੀ ਥਾਂ ਗ਼ੈਰ-ਕਾਨੂੰਨੀ ਪ੍ਰਵੇਸ਼ ਦੀਆਂ ਕਹਾਣੀਆਂ 'ਤੇ ਕੇਂਦਰਿਤ ਹੁੰਦਾ ਹੈ।

ਉਹ ਅੱਗੇ ਕਹਿੰਦੇ ਹਨ, "ਲੋਕ ਦੱਖਣੀ ਸਰਹੱਦ ਤੋਂ ਅਕਸਰ ਪਰਵਾਸ ਨੂੰ 'ਹੜ੍ਹ' ਦੇ ਰੂਪ ਵਿੱਚ ਸੁਣਦੇ ਹਨ, ਜਿਸ ਕਰਕੇ ਉਹ ਸੋਚਦੇ ਹਨ ਕਿ ਇਹ ਹੱਦ ਤੋਂ ਵੱਧ ਅਤੇ ਨੁਕਸਾਨਦੇਹ ਹੈ। ਪਰ ਅਰਥਵਿਵਸਥਾ ਅਤੇ ਆਬਾਦੀ ਦੀ ਘਾਟ ਨੂੰ ਪੂਰਾ ਕਰਨ ਵਿੱਚ ਪਰਵਾਸੀਆਂ ਦੀ ਭੂਮਿਕਾ ਬਾਰੇ ਕੋਈ ਚਰਚਾ ਨਹੀਂ ਹੁੰਦੀ।"

ਬੋਸਟਨ ਯੂਨੀਵਰਸਿਟੀ ਦੇ ਤਾਰੇਕ ਹਸਨ ਅਨੁਸਾਰ, "ਪਿਛਲੇ ਦੋ ਦਹਾਕਿਆਂ ਵਿੱਚ, ਪਰਵਾਸ ਖਾਸ ਤੌਰ 'ਤੇ ਵਧਿਆ ਹੈ, ਜੋ ਨਵੇਂ ਆਉਣ ਵਾਲਿਆਂ ਨੂੰ ਇੱਕਜੁੱਟ ਕਰਨ ਦੀ ਸਮਾਜਿਕ ਸਮਰੱਥਾ 'ਤੇ ਦਬਾਅ ਪਾ ਸਕਦਾ ਹੈ।"

ਉਹ ਦੱਸਦੇ ਹਨ, "ਜਦੋਂ ਪਰਵਾਸ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਖੇਤਰਾਂ 'ਤੇ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ, ਤਾਂ ਉੱਥੇ ਅਜਿਹੇ ਪਹਿਲੂ ਵੀ ਹੋ ਸਕਦੇ ਹਨ ਜਿਨ੍ਹਾਂ ਨਾਲ ਲੋਕ ਸਹਿਮਤ ਨਾ ਹੋਣ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)