ਕੈਨੇਡਾ ਸਰਕਾਰ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਧਾਉਣ ਲਈ ਇਹ ਨਵੇਂ ਕਦਮ ਕਿਉਂ ਚੁੱਕ ਰਹੀ ਹੈ

ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਨੇ ਸੈਲਾਨੀਆਂ ਨੂੰ ਆਪਣੇ ਦੇਸ਼ ਵੱਲ ਖਿੱਚਣ ਦੇ ਲਈ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ।
    • ਲੇਖਕ, ਮੇਗਨ ਲਾਟਨ
    • ਰੋਲ, ਬੀਬੀਸੀ ਸਹਿਯੋਗੀ

ਕੈਨੇਡਾ ਨੇ ਸੈਲਾਨੀਆਂ ਨੂੰ ਆਪਣੇ ਦੇਸ਼ ਵੱਲ ਖਿੱਚਣ ਦੇ ਲਈ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਭਾਵੇਂ ਕਾਮਿਆਂ ਦੀ ਕਮੀ, ਜੰਗਲਾਂ ਵਿੱਚ ਲੱਗਦੀਆਂ ਅੱਗਾਂ, ਚੀਨ ਨਾਲ ਤਣਾਅ ਇਸ ਟੀਚੇ ਨੂੰ ਮੁਸ਼ਕਲ ਬਣਾ ਸਕਦਾ ਹੈ।

ਟੂਰ ਗਾਈਡ ਜੈਕ ਰਿਵਰਜ਼ ਕਹਿੰਦੇ ਹਨ, “ਤੁਸੀਂ ਕੁਦਰਤ, ਇੱਥੋਂ ਦੇ ਮੂਲ ਸੱਭਿਆਚਾਰ ਅਤੇ ਸਾਡੇ ਇਤਿਹਾਸ ਬਾਰੇ ਜਾਣ ਸਕਦੇ ਹੋ।”

ਜੈਕ ਮੁਤਾਬਕ ਇਹ ਤਿੰਨ ਮੁੱਖ ਕਾਰਨ ਹਨ ਜਿਨ੍ਹਾਂ ਕਰਕੇ ਲੋਕਾਂ ਨੂੰ ਕੈਨੇਡਾ ਵਿੱਚ ਛੁੱਟੀਆਂ ਮਨਾਉਣ ਬਾਰੇ ਸੋਚਣਾ ਚਾਹੀਦਾ ਹੈ।

ਜੈਕ ਇੱਥੋਂ ਦੇ ਮੂਲ ਨਿਵਾਸੀ ਹਨ, ਜੋ ਓਨਟਾਰੀਓ ਦੇ ਮੈਨੀਟਾਓਲਿਨ ਦੀਪ ਅਤੇ ਵਿਕਵੈਮੇਕੌਂਗ ਦੇ ਟੂਰ ਗਾਈਡ ਵਜੋਂ ਸੈਰ ਕਰਵਾਉਂਦੇ ਹਨ।

ਇਹ ਇਲਾਕਾ ਅਜੇ ਸਾਂਭਿਆ ਹੋਇਆ ਹੈ, ਜਿੱਥੇ ਹੂਰੋਨ ਝੀਲ ਦੇ ਨੇੜੇ ਸੰਘਣੇ ਜੰਗਲ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸੈਰ-ਸਪਾਟੇ ਦੇ ਰੈਵੇਨਿਊ ਨੂੰ ਵਧਾਉਣਾ ਦਾ ਟੀਚਾ

 ਜੈਕ ਰਿਵਰਜ਼
ਤਸਵੀਰ ਕੈਪਸ਼ਨ, ਟੂਰ ਗਾਈਡ ਜੈਕ ਰਿਵਰਜ਼

ਵਿਕਵੈਮੇਕੌਂਗ ਟੂਰੀਜ਼ਮ ਵੱਲੋਂ ਸੈਰਾਂ ਕਰਵਾਈਆਂ ਜਾਂਦੀਆਂ ਹਨ। ਇਹ ਸੰਸਥਾ ਸੈਲਾਨੀਆਂ ਨੂੰ ਇੱਕ ਖੇਤਰ ਦੇ ਮੂਲ ਇਤਿਹਾਸ ਬਾਰੇ ਜਾਣੂ ਕਰਵਾਉਂਦੀ ਹੈ।

ਜੈਕ ਨੂੰ ਆਪਣਾ ਕੰਮ ਪਸੰਦ ਹੈ ਪਰ ਉਹ ਮੰਨਦੇ ਹਨ ਕਿ ਇਹ ਸਾਰਿਆਂ ਦੇ ਲਈ ਨਹੀਂ ਹੈ। ਉਹ ਕਹਿੰਦੇ ਹਨ, “ਇਹ 8 ਤੋਂ 4 ਦੀ ਨੌਕਰੀ ਨਹੀਂ ਹੈ। ਇਸ ਦੇ ਵਿੱਚ ਵੀਕੈਂਡਾਂ ਉੱਤੇ ਕੰਮ ਕਰਨਾ ਪੈਂਦਾ ਹੈ ਅਤੇ ਪਰਿਵਾਰ ਤੋਂ ਵੀ ਦੂਰ ਰਹਿਣਾ ਪੈਂਦਾ ਹੈ।”

ਇਹੀ ਕਾਰਨ ਹੈ ਕਿ ਵਿਕਵੈਮੇਕੌਂਗ ਟੂਰੀਜ਼ਮ ਕੋਲ ਸਟਾਫ ਨੂੰ ਇੱਥੇ ਰੋਕੇ ਰੱਖਣਾ ਇੱਕ ਚੁਣੌਤੀ ਬਣਿਆ ਰਹਿੰਦਾ ਹੈ। ਪੂਰੇ ਕੈਨੇਡਾ ਦੀ ਸੈਰ-ਸਪਾਟੇ ਦੀ ਸਨਅਤ ਸੈਂਕੜੇ ਕਾਮਿਆਂ ਦੀ ਕਮੀ ਨਾਲ ਜੂਝ ਰਹੀ ਹੈ।

ਜੇ ਕੈਨੇਡਾ ਦੀ ਸਰਕਾਰ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਕਾਮਿਆਂ ਦੀ ਘੱਟ ਗਿਣਤੀ ਦੀ ਸਮੱਸਿਆ ਵੱਧ ਧਿਆਨ ਦੇਣਾ ਪਵੇਗਾ।

ਸਰਕਾਰੀ ਅਦਾਰਾ ਡੈਸਟੀਨੇਸ਼ਨ ਕੈਨੇਡਾ ਵੱਲੋਂ ਭਾਵੇਂ ਇਸ ਬਾਰੇ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਅਜੇ ਤੱਕ ਕੈਨੇਡਾ ਕੋਵਿਡ ਤੋਂ ਪਹਿਲਾਂ 2019 ਵਿੱਚ ਆਏ 2.2 ਕਰੋੜ ਸੈਲਾਨੀਆਂ ਦੇ ਟੀਚੇ ਤੱਕ ਨਹੀਂ ਪਹੁੰਚ ਸਕਿਆ ਹੈ।

ਬੀਤੇ ਸਾਲ ਇੱਕ ਕਰੋੜ 83 ਲੱਖ ਸੈਲਾਨੀ ਆਏ ਸੀ ਜੋ 17 ਫੀਸਦ ਘੱਟ ਹੈ। ਸਰਕਾਰ ਵੱਲੋਂ ਇੱਕ ਨਵੀਂ ਨੀਤੀ ਬਣਾਈ ਗਈ ਹੈ ਜਿਸ ਨੂੰ ‘ਵਰਲਡ ਆਫ ਓਪਰਚਿਊਨਿਟੀ’ ਨਾਮ ਦਿੱਤਾ ਗਿਆ ਹੈ।

ਇਸ ਦਾ ਮਕਸਦ ਹੈ ਕਿ ਕੈਨੇਡਾ ਦੇ ਸੈਰ-ਸਪਾਟੇ ਦੇ ਸੈਕਟਰ ਦੇ ਰੈਵੇਨਿਊ ਨੂੰ 109 ਬਿਲੀਅਨ ਕੈਨੇਡੀਅਨ ਡਾਲਰ ਤੋਂ 160 ਬਿਲੀਅਨ ਕੈਨੇਡੀਅਨ ਡਾਲਰ ਤੱਕ 2030 ਤੱਕ ਪਹੁੰਚਾਇਆ ਜਾਵੇ।

ਇਨ੍ਹਾਂ ਦਾ ਟੀਚਾ ਕੈਨੇਡਾ ਨੂੰ ਦੁਨੀਆਂ ਦਾ ਸੱਤਵਾਂ ਸਭ ਤੋਂ ਵੱਧ ਸੈਰ-ਸਪਾਟੇ ਵਾਲਾ ਦੇਸ਼ ਬਣਾਉਣਾ ਹੈ। ਇਸ ਵੇਲੇ ਕੈਨੇਡਾ 13ਵੇਂ ਨੰਬਰ ਉੱਤੇ ਹੈ।

ਜੰਗਲਾਂ ਦੀ ਅੱਗ ਦਾ ਖ਼ਤਰਾ

ਕੈਨੇਡਾ

ਤਸਵੀਰ ਸਰੋਤ, Getty Images

ਮੈਨੀਟਾਓਲਿਨ ਦੀਪ ਦੇ ਪੱਛਮ ਵੱਲ 3000 ਕਿਲੋਮੀਟਰ ਤੋਂ ਵੱਧ ਦੂਰੀ ਉੱਤੇ ਮਸ਼ਹੂਰ ਸੈਰ ਸਪਾਟੇ ਦਾ ਸ਼ਹਿਰ ਜੈਸਪਰ ਐਲਬਰਟਾ ਰੌਕੀ ਪਰਬਤਾਂ ’ਤੇ ਸਥਿਤ ਹੈ।

ਜੁਲਾਈ ਵਿੱਚ ਭਿਆਨਕ ਜੰਗਲ ਵਿੱਚ ਫੈਲੀ ਅੱਗ ਜਿਸ ਨੂੰ ਬੀਤੇ 100 ਸਾਲ ਦੀ ਇਸ ਖੇਤਰ ਦੀ ਸਭ ਤੋਂ ਵੱਡੀ ਅੱਗ ਕਿਹਾ ਗਿਆ, ਨੇ ਸ਼ਹਿਰ ਦੀਆਂ ਇੱਕ ਤਿਹਾਈ ਇਮਾਰਤਾਂ ਨੂੰ ਸੁਆਹ ਕਰ ਦਿੱਤਾ।

ਇਸ ਭਿਆਨਕ ਅੱਗ ਵਿੱਚ 1960ਵਿਆਂ ਵਿੱਚ ਬਣੇ ਮੈਲੀਗਨ ਲੌਜ ਨੂੰ ਵੀ ਨੁਕਸਾਨ ਪਹੁੰਚਿਆ। ਇਸ ਲੌਜ ਦੀ ਮਾਲਿਕਨ ਕੈਰੀਨ ਡਿਕੋਰ ਨੇ ਕਿਹਾ ਕਿ ਅੱਗ ਬੇਹੱਦ ਖ਼ਤਰਨਾਕ ਸੀ।

ਉਨ੍ਹਾਂ ਕਿਹਾ, “ਹੁਣ ਬਹੁਤ ਕੁਝ ਕਰਨ ਦੀ ਲੋੜ ਹੈ। ਮੈਂ ਇਸ ਵੇਲੇ ਸੋਚ ਰਹੀ ਹਾਂ ਕਿ ਮੈਨੂੰ ਅੱਜ ਕੀ ਕਰਨਾ ਚਾਹੀਦਾ ਹੈ। ਕੱਲ੍ਹ ਦੀ ਮੈਂ ਕੱਲ੍ਹ ਉੱਤੇ ਹੀ ਛੱਡ ਦਿੱਤੀ ਹੈ।”

ਇਹ ਸ਼ੁਕਰ ਹੈ ਕਿ ਕੈਰੀਨ ਦੇ ਇਸ ਲੌਜ ਦਾ ਬੀਮਾ ਹੋਇਆ ਸੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੀਆਂ ਗਰਮੀਆਂ ਤੋਂ ਪਹਿਲਾਂ ਇਸ ਦੀ ਮੁੜ ਉਸਾਰੀ ਮੁਕੰਮਲ ਹੋ ਜਾਵੇਗੀ।

ਜੰਗਲ ਦੀ ਅੱਗ

ਤਸਵੀਰ ਸਰੋਤ, Karyn Decore

ਤਸਵੀਰ ਕੈਪਸ਼ਨ, ਜੰਗਲ ਦੀ ਅੱਗ ਨੇ ਜੈਸਪਰ ਸ਼ਹਿਰ ਦੀਆਂ ਕਈ ਇਮਾਰਤਾਂ ਨੂੰ ਸੁਆਹ ਕਰ ਦਿੱਤਾ ਸੀ

ਪਰ ਇੱਥੇ ਮੌਜੂਦ ਹੋਰ ਹੋਟਲ ਕਦੋਂ ਤੱਕ ਖੁੱਲ੍ਹਣਗੇ?

ਉਹ ਕਹਿੰਦੇ ਹਨ, “ਜੈਸਪਰ ਸੈਰ-ਸਪਾਟੇ ਦਾ ਮੁੱਖ ਕੇਂਦਰ ਹੈ। 1 ਜੂਨ ਤੋਂ ਅਕਤੂਬਰ ਦੇ ਅੱਧ ਵਿਚਾਲੇ ਤੱਕ ਇੱਥੇ 100 ਫੀਸਦੀ ਬੁਕਿੰਗ ਰਹਿੰਦੀ ਹੈ। ਅਸੀਂ ਅਗਲੀਆਂ ਗਰਮੀਆਂ ਤੱਕ ਲਈ ਵੀ ਪੂਰੇ ਤਰੀਕੇ ਨਾਲ ਬੁੱਕ ਹਾਂ।

ਚੁਣੌਤੀ ਤਾਂ ਇਸ ਬਾਰੇ ਹੈ ਕਿ ਜਦੋਂ ਤੱਕ ਸਾਰੇ ਹੋਟਲ ਦੁਬਾਰਾ ਉਸਾਰੇ ਨਹੀਂ ਜਾਂਦੇ ਉਦੋਂ ਤੱਕ ਜ਼ਿਆਦਾ ਲੋਕ ਜੈਸਪਰ ਵਿੱਚ ਜ਼ਿਆਦਾ ਲੋਕ ਨਹੀਂ ਆ ਸਕਦੇ ਹਨ। ਸਾਨੂੰ ਨਹੀਂ ਪਤਾ ਇਹ ਕੰਮ ਕਦੋਂ ਤੱਕ ਪੂਰਾ ਹੋਵੇਗਾ।”

ਚੀਨੀ ਸੈਲਾਨੀਆਂ ਦੀ ਗਿਣਤੀ ਵਿੱਚ ਗਿਰਾਵਟ

ਕੈਨੇਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਵਿੱਚ ਚੀਨੀ ਸੈਲਾਨੀਆਂ ਦੀ ਗਿਣਤੀ ਵਿੱਚ ਗਿਰਾਵਟ ਆ ਰਹੀ ਹੈ

ਕੈਨੇਡਾ ਦੀ ਸੈਰ-ਸਪਾਟੇ ਦੀ ਸਨਅਤ ਵਾਸਤੇ ਇੱਕ ਹੋਰ ਚੁਣੌਤੀ ਹੈ ਚੀਨੀ ਸੈਲਾਨੀਆਂ ਦੀ ਗਿਣਤੀ ਵਿੱਚ ਗਿਰਾਵਟ ਹੋਣਾ।

ਦੋਵਾਂ ਦੇਸਾਂ ਵਿਚਾਲੇ ਸਾਲ 2018 ਤੋਂ ਕੂਟਨੀਤਕ ਤਣਾਅ ਚੱਲ ਰਿਹਾ ਹੈ। ਉਸ ਸਾਲ ਚੀਨ ਦੀ ਟੈਲੀਕਾਮ ਫਰਮ ਹੁਵਾਏ ਦੇ ਚੀਫ ਫਾਇਨੈਨਸ਼ੀਅਲ ਅਫ਼ਸਰ ਨੂੰ ਅਮਰੀਕੀ ਵਾਰੰਟ ਲਈ ਕੈਨੇਡਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਚੀਨ ਨੇ ਵੀ ਜਵਾਬੀ ਕਾਰਵਾਈ ਵਿੱਚ ਜਸੂਸੀ ਦੇ ਇਲਜ਼ਾਮਾਂ ਤਹਿਤ ਦੋ ਕੈਨੇਡੀਆਈ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਹ ਤਿੰਨੋ ਸਾਲ 2021 ਤੱਕ ਛੱਡੇ ਨਹੀਂ ਗਏ ਸਨ।

ਕੁਝ ਮਾਹਿਰ ਮੰਨਦੇ ਹਨ ਕਿ ਇਹ ਕੂਟਨੀਤਕ ਮਸਲਾ ਸਭ ਤੋਂ ਵੱਡਾ ਕਾਰਨ ਹੈ ਕਿ ਕੋਵਿਡ ਤੋਂ ਬਾਅਦ ਵੀ ਚੀਨ ਨੇ ਕੈਨੇਡਾ ਨੂੰ ਉਨ੍ਹਾਂ ਦੇਸਾਂ ਦੀ ਲਿਸਟ ਵਿੱਚ ਮੁੜ ਨਹੀਂ ਪਾਇਆ ਹੈ ਜਿਨ੍ਹਾਂ ਲਈ ਉਨ੍ਹਾਂ ਦੇ ਨਾਗਰਿਕਾਂ ਨੂੰ ਜਾਣ ਦੀ ਪ੍ਰਵਾਨਗੀ ਹੈ।

ਕੈਨੇਡੀਆਈ ਅਖ਼ਬਾਰ ਗਲੋਬ ਐਂਡ ਮੇਲ ਦੇ ਪੱਤਰਕਾਰ ਜੇਮਜ਼ ਗ੍ਰਿਫਟਜ਼ ਕਹਿੰਦੇ ਹਨ, “ਕੈਨੇਡਾ ਤੇ ਚੀਨ ਦੇ ਰਿਸ਼ਤਿਆਂ ਵਿਚਾਲੇ ਤਣਾਅ ਅਜੇ ਤੱਕ ਖ਼ਤਮ ਨਹੀਂ ਹੋਇਆ ਹੈ।”

ਉਹ ਕਹਿੰਦੇ ਹਨ ਕਿ ਰੂਸ ਦੇ ਯੂਕਰੇਨ ਉੱਤੇ ਹਮਲੇ ਦਾ ਅਸਰ ਵੀ ਹੈ ਕਿਉਂਕਿ ਪੱਛਮ ਦੇਸ਼ਾਂ ਦੇ ਹਵਾਈ ਜਹਾਜ਼ ਰੂਸ ਦੇ ਏਅਰ ਸਪੇਸ ਵਿੱਚ ਨਹੀਂ ਉੱਡ ਸਕਦੇ ਹਨ।

ਜੇਮਜ਼ ਕਹਿੰਦੇ ਹਨ, “ਕਈ ਉੱਤਰੀ ਅਮਰੀਕੀ ਏਅਰਲਾਈਨਜ਼ ਤੇ ਯੂਰਪੀ ਏਅਰਲਾਈਨਜ਼ ਨੂੰ ਰੂਸ ਦੇ ਏਅਰ ਸਪੇਸ ਵਿੱਚ ਪਾਬੰਦੀਆਂ ਹੋਣ ਕਰਕੇ ਚੀਨ ਲਈ ਰੂਟ ਬਣਾਉਣ ਵਿੱਚ ਕਾਫੀ ਦਿੱਕਤ ਆਉਂਦੀ ਹੈ। ਉਨ੍ਹਾਂ ਲਈ ਤਿੰਨ ਘੰਟਿਆਂ ਦਾ ਸਫ਼ਰ ਵੱਧ ਜਾਂਦਾ ਹੈ, ਜੋ ਏਅਰਲਾਈਨਜ਼ ਤੇ ਯਾਤਰੀਆਂ ਦੋਵਾਂ ਲਈ ਮਹਿੰਗਾ ਪੈਂਦਾ ਹੈ।”

ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਸਰਕਾਰ ਕੀ ਕਰ ਰਹੀ ਹੈ

ਨਿਆਗਰਾ ਫਾਲਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨੀ ਸੈਲਾਨੀ ਕੈਨੇਡਾ ਵਿੱਚ ਨਿਆਗਰਾ ਫਾਲਸ ਵਰਗੀਆਂ ਥਾਵਾਂ ਦੇਖਣ ਲਈ ਆਉਂਦੇ ਹਨ

ਕੈਨੇਡਾ ਦੀ ਸੈਰ-ਸਪਾਟਾ ਮੰਤਰੀ ਸੋਰਾਇਆ ਮਾਰਟੀਨੇਜ਼ ਫਰਾਡਾ, ਉਹ ਸਿਆਸਤਦਾਨ ਹਨ, ਜੋ ਦੇਸ਼ ਵਿੱਚ ਵਧੇਰੇ ਸੈਲਾਨੀਆਂ ਨੂੰ ਲਿਆਉਣ ਦੇ ਇੰਚਾਰਜ ਹਨ। ਉਹ ਬੀਬੀਸੀ ਨੂੰ ਦੱਸਦੇ ਹਨ ਕਿ ਉਹ ਇਹ ਵੀ ਚਾਹੁੰਦੇ ਹਨ ਕਿ ਲੋਕ “ਲੰਬੇ ਸਮੇਂ ਤੱਕ ਇੱਥੇ ਰਹਿਣ” ਅਤੇ “ਹੋਰ ਪੈਸਾ ਖ਼ਰਚ ਕਰਨ”।

ਚੀਨੀ ਸੈਲਾਨੀਆਂ ਦੀ ਗਿਣਤੀ ਘੱਟ ਹੋਣ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਕੈਨੇਡਾ ਆਪਣੇ ਸਭ ਤੋਂ ਵੱਡੇ ਬਾਜ਼ਾਰ ਯੂਰਪ ਅਤੇ ਅਮਰੀਕਾ ’ਤੇ ਕੇਂਦਰਿਤ ਹੈ।

ਉਹ ਕਹਿੰਦੇ ਹਨ,“ਹਾਲਾਂਕਿ ਅਸੀਂ ਦੇਖਦੇ ਹਾਂ ਕਿ ਕੈਨੇਡਾ ਦੀ ਚੀਨੀ ਸੈਲਾਨੀਆਂ ਵਿੱਚ ਹਾਲੇ ਵੀ ਦਿਲਚਸਪੀ ਹੈ।”

ਜਲਵਾਯੂ ਪਰਿਵਰਤਨ ਨਾਲ ਨਜਿੱਠਣਾ ਸਰਕਾਰ ਦੀਆਂ ਤਰਜੀਹਾਂ ਵਿੱਚੋਂ ਇੱਕ ਹੈ।

ਮਾਰਟੀਨੇਜ਼ ਇਸ ਗੱਲ ਨੂੰ ਸਵਿਕਾਰ ਦੇ ਹੋਏ ਕਹਿੰਦੇ ਹਨ,“ਕੈਨੇਡੀਅਨ ਸੈਰ-ਸਪਾਟੇ ਲਈ ਇਹ ਇੱਕ ਖ਼ਤਰਾ ਹੈ।”

ਉਹ ਕਹਿੰਦੇ ਹਨ,“ਕੈਨੇਡਾ ਇੱਕ ਵੱਡਾ ਦੇਸ਼ ਹੈ ਪਰ ਪੂਰਾ ਦੇਸ਼ ਅੱਗ ਦੇ ਘੇਰੇ ਵਿੱਚ ਨਹੀਂ ਹੈ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸੈਲਾਨੀ ਸਮਝਦੇ ਹਨ ਕਿ ਜਲਵਾਯੂ ਪਰਿਵਰਤਨ ਕਾਰਨ ਆਲੇ-ਦੁਆਲੇ ਖ਼ਤਰੇ ਹੋ ਸਕਦੇ ਹਨ ਪਰ ਇਥੇ ਸੈਰ-ਸਪਾਟੇ ਲਈ ਹੋਰ ਬਹੁਤ ਥਾਵਾਂ ਹਨ, ਜੋ ਇਸ ਨਾਲ ਪ੍ਰਭਾਵਿਤ ਨਹੀਂ ਹੁੰਦੀਆਂ ਹਨ।”

ਵਿਕਵੈਮੇਕੌਂਗ ਟੂਰਿਜ਼ਮ ਵਰਗੀਆਂ ਫਰਮਾਂ ਵਿੱਚ ਸਟਾਫ ਦੀ ਘਾਟ ਵੱਡੀ ਸਮੱਸਿਆ ਹੈ। ਉਹ ਮੰਨਦੇ ਹਨ,“ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਕਿਤੇ ਅਤੇ ਸਾਡੇ ਕੋਲ ਮੌਜੂਦ ਕਰੀਅਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਬਿਹਤਰ ਕੰਮ ਕਰਨ ਦੀ ਲੋੜ ਹੈ।”

“ਮੈਨੂੰ ਲੱਗਦਾ ਹੈ ਕਿ ਇਸ ਲਈ ਤੁਹਾਡੇ ਕੋਲ ਪੂਰੀ ਸਿਖਲਾਈ ਹੋਣੀ ਮਹੱਤਵਪੂਰਨ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)