ਰੋਹਿਤ ਬੱਲ: ਮਾਂ ਦੇ ਸ਼ਾਲ ਅਤੇ ਸਾੜੀਆਂ ਤੋਂ ਕੱਪੜੇ ਦੀ ਪਰਖ ਕਰਨਾ ਸਿੱਖ ਇੰਝ ਬਣੇ ਮਸ਼ਹੂਰ ਫੈਸ਼ਨ ਡਿਜ਼ਾਇਨਰ

ਰੋਹਿਤ ਬੱਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਬੱਲ ਦਾ 63 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ
    • ਲੇਖਕ, ਸੁਧਾ ਜੀ ਤਿਲਕ
    • ਰੋਲ, ਸੀਨੀਅਰ ਪੱਤਰਕਾਰ

ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਬੱਲ ਦਾ ਦੇਹਾਂਤ ਹੋ ਗਿਆ ਹੈ। ਉਹ 63 ਸਾਲਾਂ ਦੇ ਸਨ ਅਤੇ ਲੰਬੇ ਸਮੇਂ ਤੋਂ ਉਹ ਬਿਮਾਰ ਸਨ।

ਫੈਸ਼ਨ ਡਿਜ਼ਾਈਨ ਕੌਂਸਲ ਆਫ਼ ਇੰਡੀਆ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਜ਼ਰੀਏ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕੰਮ ਨੇ ਭਾਰਤੀ ਫੈਸ਼ਨ ਨੂੰ 'ਨਵੇਂ ਸਿਰੇ ਤੋਂ ਪਰਿਭਾਸ਼ਿਤ' ਕੀਤਾ ਹੈ।

ਰੋਹਿਤ ਭਾਰਤ ਵਿੱਚ ਪਹਿਲੇ ਕੁਝ ਫੈਸ਼ਨ ਡਿਜ਼ਾਈਨਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਫੈਸ਼ਨ ਡਿਜ਼ਾਈਨਿੰਗ ਨੂੰ ਦੇਸ਼ ਵਿੱਚ ਇੱਕ ਵਿਹਾਰਕ ਅਤੇ ਗਲੈਮਰਸ ਪੇਸ਼ੇ ਵਜੋਂ ਮਸ਼ਹੂਰ ਕਰਨ ਵਿੱਚ ਅਹਿਮ ਯੋਗਦਾਨ ਪਾਇਆ।

ਇਸ ਤੋਂ ਬਾਅਦ ਇਸ ਖੇਤਰ ਵਿੱਚ ਆਉਣ ਵਾਲੇ ਕਈ ਲੋਕਾਂ ਨੇ ਆਪਣੀ ਕਾਮਯਾਬੀ ਦਾ ਸਿਹਰਾ ਉਨ੍ਹਾਂ ਨੂੰ ਦਿੱਤਾ।

ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੇ ਕੰਮਕਾਜ ਤੋਂ ਲੰਬਾ ਸਮਾਂ ਦੂਰੀ ਬਣਾਈ ਰੱਖੀ ਸੀ ਪਰ ਉਹ ਕੁਝ ਹਫ਼ਤੇ ਪਹਿਲਾਂ ਹੀ ਆਪਣੇ ਕੰਮਕਾਜੀ ਜੀਵਨ ਵਿੱਚ ਵਾਪਸ ਆਏ ਸਨ। ਉਨ੍ਹਾਂ ਲਈ ਇਹ ਭਾਵੁਕ ਪਲ ਸੀ।

ਬੱਲ ਦੇ ਦਿਹਾਂਤ 'ਤੇ ਇੰਡੀਅਨ ਐਕਸਪ੍ਰੈਸ ਨੇ ਇੱਕ ਲੇਖ ਵਿੱਚ ਲਿਖਿਆ,"ਫੈਸ਼ਨ ਡਿਜ਼ਾਈਨਿੰਗ ਵਿੱਚ ਜਦੋਂ-ਜਦੋਂ ਕਲਾਸੀਕਲ ਖ਼ੂਬਸੂਰਤੀ ਦਿਖਾਉਣੀ ਦੀ ਗੱਲ ਹੋਵੇਗੀ, ਸਾਨੂੰ ਰੋਹਿਤ ਬੱਲ ਦੀ ਲੋੜ ਪਵੇਗੀ।”

“ਉਨ੍ਹਾਂ ਦੀ ਇਹ ਖ਼ਾਸੀਅਤ ਫ਼ੈਸ਼ਨ ਦੀ ਮੁਰੀਦ ਹਰ ਪੀੜ੍ਹੀ ਦੇ ਜ਼ਿਹਨ ਵਿੱਚ ਘਰ ਕਰਦੀ ਹੈ।"

ਹਾਲ ਹੀ 'ਚ ਜਦੋਂ ਬੱਲ ਆਪਣੀ ਬੀਮਾਰੀ ਤੋਂ ਠੀਕ ਹੋਏ ਸਨ ਤਾਂ ਉਹ ਕਮਜ਼ੋਰ ਨਜ਼ਰ ਆ ਰਹੇ ਸਨ, ਪਰ ਉਹ ਖੁਸ਼ ਸਨ।

ਅਕਤੂਬਰ ਵਿੱਚ ਕਰਵਾਏ ਗਏ ਇੰਡੀਆ ਫੈਸ਼ਨ ਵੀਕ ਦੇ ਗ੍ਰੈਂਡ ਫਿਨਾਲੇ ਵਿੱਚ ਆਪਣੇ ਮਾਡਲਾਂ ਨਾਲ ਖੜ੍ਹ ਕੇ ਆਪਣੇ ਕੰਮ 'ਤੇ ਰਸ਼ਕ ਮਹਿਸੂਸ ਕਰਦੇ ਨਜ਼ਰ ਆਏ ਸਨ।

ਫੈਸ਼ਨ ਦੀ ਦੁਨੀਆਂ ਵਿੱਚ, ਉਨ੍ਹਾਂ ਦੇ ਵਿਲੱਖਣ ਡਿਜ਼ਾਈਨ ਕੀਤੇ ਕੱਪੜੇ ਕਈ ਹਾਲੀਵੁੱਡ ਸਿਤਾਰਿਆਂ ਅਤੇ ਸੁਪਰਮਾਡਲਾਂ ਨੇ ਪਹਿਨੇ ਹਨ।

ਬੱਲ ਮੌਜੂਦਾ ਸਮਕਾਲੀ ਫੈਸ਼ਨ ਅਤੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਮੇਲ ਦਾ ਸਮਾਨਾਰਥੀ ਬਣ ਚੁੱਕੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸ਼ੁਰੂਆਤੀ ਜ਼ਿੰਦਗੀ

ਬੱਲ ਦਾ ਜਨਮ ਸ਼੍ਰੀਨਗਰ, ਜੰਮੂ ਅਤੇ ਕਸ਼ਮੀਰ ਵਿੱਚ ਹੋਇਆ ਸੀ। ਉਨ੍ਹਾਂ ਨੇ ਸੇਂਟ ਸਟੀਫਨ ਕਾਲਜ, ਦਿੱਲੀ ਤੋਂ ਇਤਿਹਾਸ ਵਿੱਚ ਆਨਰਜ਼ ਦੀ ਡਿਗਰੀ ਹਾਸਿਲ ਕੀਤੀ ਸੀ।

ਪੜ੍ਹਾਈ ਤੋਂ ਬਾਅਦ ਉਹ ਕੁਝ ਸਾਲ ਪਰਿਵਾਰ ਦੇ ਐਕਸਪੋਰਟ ਦੇ ਕਾਰੋਬਾਰ ਨਾਲ ਜੁੜ ਗਏ ਸਨ। ਉੱਥੇ ਹੀ ਉਨ੍ਹਾਂ ਨੇ ਵਪਾਰ ਦੇ ਗੁਰ ਸਿੱਖੇ ਸਨ।

ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ, ਜਾਂ ਐੱਨਆਈਐੱਫ਼ਟੀ, ਦਿੱਲੀ ਵਿੱਚ ਫੈਸ਼ਨ ਡਿਜ਼ਾਈਨਿੰਗ ਵਿੱਚ ਆਪਣੀ ਰਸਮੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਬੱਲ ਇੱਕ ਅਜਿਹੇ ਸਫ਼ਰ ਉੱਤੇ ਨਿਕਲ ਤੁਰੇ, ਜੋ ਬਾਅਦ ਵਿੱਚ ਭਾਰਤੀ ਫੈਸ਼ਨ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਯਾਤਰਾ ਸਾਬਿਤ ਹੋਇਆ।

ਬੱਲ ਨੇ 1990 ਵਿੱਚ ਆਪਣੇ ਖ਼ੁਦ ਦੇ ਲੇਬਲ ਅਤੇ ਡਿਜ਼ਾਈਨਰ ਲਾਈਨ ਦੀ ਸ਼ੁਰੂਆਤ ਕੀਤੀ ਅਤੇ ਭਾਰਤ ਵਿੱਚ ਹੀ ਵੱਸ ਗਏ। ਹਾਲਾਂਕਿ ਉਨ੍ਹਾਂ ਨੇ ਮੱਧ ਪੂਰਬ ਅਤੇ ਯੂਰਪ ਵਿੱਚ ਕਈ ਸਟੋਰ ਖੋਲ੍ਹੇ।

ਬੱਲ ਨੇ ਆਪਣੀ ਵੈੱਬਸਾਈਟ ਉੱਤੇ ਆਪਣੇ ਆਪ ਨੂੰ ਡਿਜ਼ਾਈਨਰ ਦੱਸਦਿਆਂ ਲਿਖਿਆ ਹੈ, “ਜੋ ਇਤਿਹਾਸ, ਲੋਕਧਾਰਾ, ਪੇਂਡੂ ਸ਼ਿਲਪਕਾਰੀ ਅਤੇ ਲੁਪਤ ਹੋ ਰਹੀਆਂ ਕਲਾਵਾਂ ਨੂੰ ਜੋੜ ਕੇ ਕੈਟਵਾਕ ਅਤੇ ਫੈਸ਼ਨ ਟਾਕ ਲਈ ਕਲਪਨਾਤਮਕ ਅਤੇ ਵਿਲੱਖਣ ਰਚਨਾਵਾਂ ਬਣਾਉਂਦਾ ਹੈ।"

ਰੋਹਿਤ ਬੱਲ

ਤਸਵੀਰ ਸਰੋਤ, FDCI/Instagram

ਤਸਵੀਰ ਕੈਪਸ਼ਨ, 1996 ਵਿੱਚ, ਟਾਈਮ ਮੈਗਜ਼ੀਨ ਨੇ ਰੋਹਿਤ ਨੂੰ ਆਪਣੀ ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।

'ਮਾਸਟਰ ਆਫ਼ ਫ਼ੈਬਰਿਕ ਐਂਡ ਫ਼ੈਂਟੇਸੀ'

1996 ਵਿੱਚ, ਟਾਈਮ ਮੈਗਜ਼ੀਨ ਨੇ ਰੋਹਿਤ ਨੂੰ ਆਪਣੀ ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ। ਮੈਗਜ਼ੀਨ ਨੇ ਉਨ੍ਹਾਂ ਨੂੰ ਭਾਰਤ ਦਾ 'ਮਾਸਟਰ ਆਫ਼ ਫੈਬਰਿਕ ਐਂਡ ਫ਼ੈਂਟਸੀ' ਦੱਸਿਆ ਸੀ।

ਬੱਲ ਦੇ ਡਿਜ਼ਾਈਨ ਦੁਨੀਆਂ ਭਰ ਵਿੱਚ ਸਲਾਘਾ ਹਾਸਲ ਕਰ ਗਏ। ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਉਮਾ ਥੁਰਮਨ, ਸੁਪਰ ਮਾਡਲ ਸਿੰਡੀ ਕ੍ਰਾਫੋਰਡ, ਨਾਓਮੀ ਕੈਂਪਬੈਲ ਅਤੇ ਪਾਮੇਲਾ ਐਂਡਰਸਨ ਵਰਗੀਆਂ ਗਲੈਮਰਸ ਹਸਤੀਆਂ ਨੇ ਉਨ੍ਹਾਂ ਦੇ ਡਿਜ਼ਾਈਨ ਕੀਤੇ ਕੱਪੜੇ ਪਹਿਨੇ ਸਨ।

2001 ਵਿੱਚ, ਟੈਨਿਸ ਸਟਾਰ ਅੰਨਾ ਕੋਰਨੀਕੋਵਾ ਨੇ ਪੈਰਿਸ ਫੈਸ਼ਨ ਵਿੱਚ ਬੱਲ ਦੇ ਡਿਜ਼ਾਈਨ ਕੀਤੇ ਕੱਪੜੇ ਪਾ ਕੇ ਰੈਂਪ ਵਾਕ ਕੀਤੀ ਸੀ।

ਬੱਲ ਨੂੰ ਕਮਲ ਅਤੇ ਮੋਰ ਦੇ ਡਿਜ਼ਾਈਨਾਂ ਲਈ ਸਭ ਤੋਂ ਵੱਧ ਜਾਣਿਆ ਗਿਆ, ਇਨ੍ਹਾਂ ਕਰਕੇ ਹੀ ਉਨ੍ਹਾਂ ਨੂੰ ਦੁਨੀਆਂ ਭਰ ਵਿੱਚ ਭਾਰਤੀ ਸੁਰ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ।

ਬੱਲ ਨੇ ਮਖ਼ਮਲ ਅਤੇ ਬਰੋਕੇਡ ਵਰਗੇ ਚਮਕਦਾਰ ਕੱਪੜਿਆਂ ਦੀ ਵਰਤੋਂ ਕੀਤੀ।

ਉਨ੍ਹਾਂ ਦੇ ਡਿਜ਼ਾਈਨ ਹਰ ਚੀਜ਼ ਨੂੰ ਵਿਸਥਾਰ ਨਾਲ ਦਰਸਾਉਂਦੇ ਸਨ। ਪੋਸ਼ਾਕਾਂ ਰਵਾਇਤੀ ਭਾਰਤੀ ਸ਼ਾਨ ਅਤੇ ਸ਼ਾਹੀ ਇਤਿਹਾਸ ਦੀ ਝਲਕ ਪਾਉਂਦੀਆਂ ਸਨ।

ਰੋਹਿਤ ਬੱਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਪਣੇ ਲੇਬਲ ਲਈ ਕੱਪੜੇ ਡਿਜ਼ਾਈਨ ਕਰਨ ਦੇ ਨਾਲ-ਨਾਲ ਰੋਹਿਤ ਬੱਲ ਨੇ ਜੁੱਤੀਆਂ ਲਈ ਇਸ਼ਤਿਹਾਰਬਾਜ਼ੀ ਵੀ ਕਰਦੇ ਰਹੇ ਸਨ

ਮਸ਼ਹੂਰ ਹਸਤੀਆਂ ਲਈ ਤਿਆਰ ਕੀਤੇ ਗਏ ਕੱਪੜੇ

ਆਪਣੇ ਲੇਬਲ ਲਈ ਕੱਪੜੇ ਡਿਜ਼ਾਈਨ ਕਰਨ ਦੇ ਨਾਲ-ਨਾਲ ਰੋਹਿਤ ਬੱਲ ਨੇ ਜੁੱਤੀਆਂ ਅਤੇ ਲਿਨਨ ਬ੍ਰਾਂਡਾਂ ਲਈ ਇਸ਼ਤਿਹਾਰਬਾਜ਼ੀ ਵੀ ਕਰਦੇ ਰਹੇ ਹਨ।

ਉਨ੍ਹਾਂ ਦਾ ਆਦਿਤਿਆ ਬਿਰਲਾ ਗਰੁੱਪ ਵਰਗੇ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਗਠਜੋੜ ਸੀ। ਉਹ ਬਾਅਦ ਵਿੱਚ ਗਹਿਣਿਆਂ ਅਤੇ ਲਗਜ਼ਰੀ ਘੜੀਆਂ ਦੀ ਡਿਜ਼ਾਈਨਿੰਗ ਦੇ ਖੇਤਰ ਵਿੱਚ ਵੀ ਉੱਤਰੇ।

ਉਨ੍ਹਾਂ ਨੇ ਬੱਚਿਆਂ ਲਈ ਵੀ ਡਿਜ਼ਾਈਨਰ ਲਾਈਨ ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਸ਼ਹਿਰੀ ਬੱਚੇ ਵੱਡੇ ਖਪਤਕਾਰ ਵਜੋਂ ਉੱਭਰ ਕੇ ਸਾਹਮਣੇ ਆਏ ਹਨ।

ਬੱਲ ਨੇ ਅਮਿਤਾਭ ਬੱਚਨ ਵਰਗੀਆਂ ਹਸਤੀਆਂ ਲਈ ਕੱਪੜੇ ਡਿਜ਼ਾਈਨ ਕੀਤੇ ਸਨ।

ਉਨ੍ਹਾਂ ਨੇ ਬ੍ਰਿਟਿਸ਼ ਏਅਰਵੇਜ਼ ਦੇ ਚਾਲਕ ਦਲ ਦੇ ਮੈਂਬਰਾਂ ਲਈ ਵੀ ਕੱਪੜੇ ਤਿਆਰ ਕੀਤੇ ਸਨ।

ਇਹ ਵੀ ਪੜ੍ਹੋ-
ਰੋਹਿਤ ਬੱਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2015 ਵਿੱਚ ਭਾਰਤੀ ਫੈਸ਼ਨ ਵੀਕ ਦੇ ਫਾਈਨਲ ਦੌਰਾਨ, ਮਾਡਲ ਬੱਲ ਦੇ ਡਿਜ਼ਾਈਨ ਕੀਤੇ ਕੱਪੜੇ ਪ੍ਰਦਰਸ਼ਿਤ ਕਰਦੇ ਹੋਏ

'ਕੱਪੜਿਆਂ ਨੂੰ ਮਹਿਸੂਸ ਕਰਦੇ ਸਨ ਬੱਲ'

2014 ਵਿੱਚ, ਉਨ੍ਹਾਂ ਨੇ ਆਨਲਾਈਨ ਰਿਟੇਲਰ ਜਬੋਂਗ ਲਈ ਆਪਣੀ ਪਹਿਲੀ ਪ੍ਰੇਟ ਲਾਈਨ (ਪਹਿਨਣ ਲਈ ਤਿਆਰ) ਦੀ ਸ਼ੁਰੂਆਤ ਕੀਤੀ ਸੀ।

ਬੱਲ ਨੇ ਉਸ ਸਮੇਂ ਮਿੰਟ ਅਖਬਾਰ ਦੀ ਸ਼ੈਫਾਲੀ ਵਾਸੂਦੇਵ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ, ''ਮੈਂ ਰੋਹਿਤ ਬੱਲ ਅਤੇ 'ਹਾਊਸ ਆਫ਼ ਬੱਲ' ਨੂੰ ਵੱਖ-ਵੱਖ ਰੱਖਣਾ ਚਾਹੁੰਦਾ ਹਾਂ।”

ਉਨ੍ਹਾਂ ਨੇ ਕਿਹਾ ਸੀ, “ਰੋਹਿਤ ਬੱਲ ਸਟੋਰ ਕੁਝ ਖ਼ਾਸ ਹੋਣਗੇ। ਲੋਕ ਮੇਰੇ ਕੋਲ ਖ਼ਾਸ ਚੀਜ਼ਾਂ ਲਈ ਹੀ ਆਉਂਦੇ ਹਨ।”

“ਲੋਕ ਅਜਿਹੇ ਕੱਪੜੇ ਚਾਹੁੰਦੇ ਹਨ ਜੋ ਹੱਥਾਂ ਨਾਲ ਬਣਾਈਆਂ ਗਈਆਂ ਕਲਾਕ੍ਰਿਤੀਆਂ ਵਾਂਗ ਹੋਣ। ਮੈਂ ਸੰਤੁਲਨ ਬਣਾਈ ਰੱਖਣਾ ਹੈ।”

“ਆਪਣੀ ਰਚਨਾਤਮਕਤਾ ਅਤੇ ਕਾਰੋਬਾਰੀ ਝੁਕਾਅ ਦਰਮਿਆਨ ਸੰਤੁਲਨ ਬਣਾਉਣਾ ਮੇਰੇ ਲਈ ਮਹੱਤਵਪੂਰਨ ਹੈ।"

ਰੋਹਿਤ ਬੱਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1996 ਵਿੱਚ ਦਿੱਲੀ ਵਿੱਚ ਇੱਕ ਸ਼ੋਅ ਦੌਰਾਨ ਰੋਹਿਤ ਬੱਲ

ਸ਼ੈਫਾਲੀ ਵਾਸੂਦੇਵ ਕਹਿੰਦੇ ਹਨ ,"ਕਈ ਸਾਲ ਪਹਿਲਾਂ, ਜਦੋਂ ਮੈਂ ਬੱਲ ਦੇ ਸਟੂਡੀਓ ਵਿੱਚ ਉਨ੍ਹਾਂ ਨੂੰ ਮਿਲੀ ਸੀ, ਤਾਂ ਉਨ੍ਹਾਂ ਦੇ ਚਮਕਦਾਰ ਜ਼ਰਦੋਜ਼ੀ ਨਾਲ ਜੜੇ ਨੀਓਨ ਰੰਗ ਦੇ ਰੇਸ਼ਮੀ ਕੱਪੜਿਆਂ ਵਿੱਚ ਉਨ੍ਹਾਂ ਦੀ ਕਲਾ ਦੀ ਖ਼ਾਸੀਅਤ ਰਹੀ ਤੜਕ-ਭੜਕ ਸਾਫ਼ ਨਜ਼ਰ ਆਉਂਦੀ ਸੀ।"

ਉਨ੍ਹਾਂ ਦੇ ਡਿਜ਼ਾਇਨ ਕੀਤੇ ਰੇਸ਼ਮ ਦੇ ਬਲਾਊਜ਼, ਸਕਰਟ, ਟੇਫ਼ੇਟਾ ਸਕਰਟ ਅਤੇ ਨੈੱਟ ਬਲਾਊਜ਼ਾਂ ਵਿੱਚ ਸ਼ੋਖੀ ਸੀ, ਚਟਖਦਾਰ ਦੇ ਨਾਲ ਹੀ ਅੱਖਾਂ ਨੂੰ ਸਕੂਲ ਦੇਣ ਵਾਲੇ ਰੰਗ ਵੀ ਨਜ਼ਰ ਆਉਂਦੇ ਸਨ।

ਬੱਲ ਕਹਿੰਦੇ ਸਨ, “ਗਾਰਮੈਂਟ ਡਿਜ਼ਾਈਨਿੰਗ ਲਈ ਕੱਪੜਾ ਹੀ ਮੂਲ ਤੱਤ ਹੁੰਦਾ ਹੈ। ਇਹ ਫੈਸ਼ਨ ਦੇ ਰਗਾਂ ਵਿੱਚ ਦੌੜਦੇ ਲਹੂ ਵਰਗਾ ਹੁੰਦਾ ਹੈ। ਇਹੀ ਇਸ ਨੂੰ ਜ਼ਿੰਦਾ ਰੱਖਦਾ ਹੈ।"

ਉਨ੍ਹਾਂ ਨੇ ਆਪਣੀਆਂ ਮੁੱਢਲੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਕੱਪੜਿਆਂ ਨੂੰ ਮਹਿਸੂਸ ਕੀਤਾ ਸੀ। ਉਨ੍ਹਾਂ ਨੂੰ ਸ਼੍ਰੀਨਗਰ ਸਥਿਤ ਉਨ੍ਹਾਂ ਦੇ ਘਰ ਤੋਂ ਜਮਾਵਰ ਸ਼ਾਲ ਅਤੇ ਮਾਂ ਦੀਆਂ ਤੂਸ਼ ਦੀਆਂ ਸਾੜ੍ਹੀਆਂ ਦਾ ਕੋਮਲ ਅਹਿਸਾਸ ਯਾਦ ਸੀ।

ਰੋਹਿਤ ਬੱਲ

ਉਹ ਸ੍ਰੀਨਗਰ ਵਿੱਚ ਆਪਣੇ ਬਚਪਨ ਦੀਆਂ ਯਾਦਾਂ ਵਿੱਚ ਡੁੱਬ ਗਏ ਸਨ। ਉਹ ਉੱਥੇ ਦੀ ਸ਼ਾਂਤਮਈ ਜ਼ਿੰਦਗੀ ਨੂੰ ਪਸੰਦ ਕਰਦੇ ਸਨ ਜਿਸ ਵਿੱਚ ਹਿੰਸਾ ਕਾਰਨ ਵਿਘਨ ਪਿਆ ਸੀ।

ਇਸ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਸ੍ਰੀਨਗਰ ਛੱਡ ਕੇ ਦਿੱਲੀ ਆਉਣਾ ਪਿਆ ਸੀ।

ਬੱਲ ਨੇ ਪਹਿਲੀ ਵਾਰ ਸਿਲਾਈ ਕੀਤੇ ਹੋਏ ਕੱਪੜਿਆਂ ਦੀ ਦੁਨੀਆਂ ਵਿੱਚ ਕਦਮ ਰੱਖੇ ਜਾਣ ਨੂੰ ਯਾਦ ਕੀਤਾ ਸੀ ਜਦੋਂ ਉਨ੍ਹਾਂ ਨੇ ਆਪਣੇ ਪਿਤਾ ਨਾਲ ਟੇਲਰ ਦੀ ਦੁਕਾਨ 'ਤੇ ਜਾ ਕੇ ਕਾਓਬੁਆਏ ਪੈਂਟ ਬਣਾਉਣ ਲਈ ਜ਼ੋਰ ਪਾਇਆ ਸੀ।

ਉਸ ਨੇ ਆਪਣੇ ਕਾਓਬੁਆਏ ਪੈਂਟ ਵਿੱਚ ਰੰਗੀਨ ਝਾਲਰਾਂ ਲਵਾਈਆਂ ਸਨ।

ਰੋਹਿਤ ਬੱਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਹਿਤ ਬੱਲ ਨੇ ਦਿੱਲੀ ਵਿੱਚ ਆਪਣਾ ਰੈਸਟੋਰੈਂਟ ਖੋਲ੍ਹਿਆ ਸੀ

ਕੌਣ ਸੀ 'ਅਸਲੀ' ਰੋਹਿਤ ਬੱਲ?

ਬੱਲ ਨੇ ਬਾਅਦ ਵਿੱਚ ਆਪਣੇ ਕਾਰੋਬਾਰ ਵਿੱਚ ਹੋਰ ਵਿਭਿੰਨਤਾ ਲਿਆਂਦੀ ਅਤੇ ਰੈਸਟੋਰੈਂਟ ਦੇ ਕਾਰੋਬਾਰ ਵਿੱਚ ਉੱਤਰੇ।

ਉਨ੍ਹਾਂ ਨੇ ਦਿੱਲੀ ਦੇ ਪੌਸ਼ ਰੈਸਟੋਰੈਂਟ 'ਵੇਦਾ' ਦਾ ਇੰਟੀਰੀਅਰ ਡਿਜ਼ਾਈਨ ਕੀਤਾ ਸੀ।

ਭਾਰਤੀ ਮੀਡੀਆ ਵਿੱਚ ਵੇਦ ਦੇ ਅੰਦਰੂਨੀ ਹਿੱਸੇ ਦੀ ਸ਼ਾਨਦਾਰ ਅਤੇ ਵਿਲੱਖਣ ਦਿੱਖ ਦੀ ਖ਼ੂਬ ਚਰਚਾ ਹੋਈ ਸੀ।

ਉਨ੍ਹਾਂ ਨੇ ਕਿਹਾ ਸੀ, "ਜੇਕਰ ਅਰਮਾਨੀ ਅਤੇ ਹਿਲਫਿਗਰ ਵਰਗੇ ਵਿਦੇਸ਼ੀ ਬ੍ਰਾਂਡ ਭਾਰਤ ਦੇ ਹਾਈ ਸਟਰੀਟ ਸਪੇਸ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਮੈਂ ਭਾਰਤੀ ਡਿਜ਼ਾਈਨ ਨਾਲ ਜੋ ਕੰਮ ਕਰਦਾ ਹਾਂ ਉਹ ਅਜਿਹਾ ਕੰਮ ਨਹੀਂ ਕਰ ਸਕਣਗੇ।”

ਉਨ੍ਹਾਂ ਦੇ ਭੜਕੀਲੇ ਡਿਜ਼ਾਈਨਾਂ ਕਾਰਨ ਰੋਹਿਤ ਨੂੰ ਭਾਰਤੀ ਮੀਡੀਆ ਵਿੱਚ 'ਬੈਡ ਬੁਆਏ ਆਫ਼ ਫੈਸ਼ਨ' ਵੀ ਕਿਹਾ ਜਾਂਦਾ ਸੀ।

ਬੱਲ ਨੇ ਆਪਣੇ ਇੱਕ ਇੰਟਰਵਿਊ ਵਿੱਚ ਆਪਣੀ ਸ਼ਖਸੀਅਤ ਬਾਰੇ ਦੱਸਿਆ ਸੀ।

ਉਨ੍ਹਾਂ ਨੇ ਸ਼ੈਫਾਲੀ ਵਾਸੂਦੇਵ ਨੂੰ ਕਿਹਾ ਸੀ, ''ਸੁੰਦਰ ਮਾਡਲਾਂ ਨਾਲ ਘਿਰੀਆਂ ਮੇਰੀਆਂ ਤਸਵੀਰਾਂ ਦੇਖ ਕੇ ਲੋਕ ਸੋਚਦੇ ਹਨ ਕਿ ਮੈਂ ਇੱਕ ਸਨੌਬ ਅਤੇ ਹਾਈ ਮੈਂਟੇਨੈਂਸ ਡਿਜ਼ਾਈਨਰ ਹਾਂ ਜੋ ਸਿਰਫ ਸੁੰਦਰਤਾ ਅਤੇ ਲਗਜ਼ਰੀ ਨਾਲ ਭਰੀ ਜ਼ਿੰਦਗੀ ਲਈ ਤਲਬਦਾਰ ਹੈ।”

“ਅਸਲ ਵਿੱਚ ਜਦੋਂ ਉਹ ਮੈਨੂੰ ਮਿਲਦੇ ਹਨ, ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਮੇਰੇ ਬਾਰੇ ਉਨ੍ਹਾਂ ਦੀਆਂ ਧਾਰਨਾਵਾਂ ਕਿੰਨੀਆਂ ਗ਼ਲਤ ਸਨ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)