ਭਾਰਤ ਦੀਆਂ ਸਭ ਤੋਂ ਅਮੀਰ ਔਰਤਾਂ ਕੌਣ ਹਨ, ਜਾਣੋ ਇਸ ਸੂਚੀ ਰਾਹੀਂ

ਭਾਰਤ ਦੀਆਂ ਅਮੀਰ ਔਰਤਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਸ਼ਨੀ ਨਾਦਰ ਮਲਹੋਤਰਾ ਚੇਅਰਪਰਸਨ ਐੱਚਸੀਐੱਲ ਤਕਨਾਲੋਜੀ

ਭਾਰਤ ਵਿੱਚ ਸਿਖਰ ਦੀ ਆਈਟੀ ਕੰਪਨੀ ਐੱਚਸੀਐੱਲ ਤਕਨਾਲੋਜੀ ਦੀ ਚੇਅਰਪਰਸਨ ਰੋਸ਼ਨੀ ਨਾਦਰ ਮਲਹੋਤਰਾ ਦੇਸ਼ ਦੀ ਸਭ ਤੋਂ ਅਮੀਰ ਔਰਤ ਹਨ। ਨਿਵੇਸ਼ ਬੈਂਕਿੰਗ ਕਰੀਅਰ ਛੱਡ ਕੇ ਬਿਊਟੀ ਬ੍ਰਾਂਡ ਨਾਇਕਾ ਸ਼ੁਰੂ ਕਰਨ ਵਾਲੀ ਫਾਲਗੁਨੀ ਨਾਇਰ ਆਪਣੇ ਦਮ 'ਤੇ ਸਭ ਤੋਂ ਅਮੀਰ ਔਰਤਾਂ 'ਚ ਚੋਟੀ ਵਿੱਚ ਹਨ।

ਕੋਟਕ ਪ੍ਰਾਈਵੇਟ ਬੈਂਕਿੰਗ-ਹੁਰੂਨ ਨੇ ਭਾਰਤ ਦੀਆਂ ਸਭ ਤੋਂ ਅਮੀਰ ਔਰਤਾਂ ਦੀ ਸੂਚੀ ਜਾਰੀ ਕੀਤੀ ਹੈ। ਇਹ ਰਿਪੋਰਟ 31 ਦਸੰਬਰ 2021 ਤੱਕ ਔਰਤਾਂ ਦੀ ਕੁੱਲ ਜਾਇਦਾਦ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ।

ਰੋਸ਼ਨੀ ਨਾਦਰ ਦੀ ਕੁੱਲ ਜਾਇਦਾਦ 54 ਫ਼ੀਸਦੀ ਵਧ ਕੇ 84 ਹਜ਼ਾਰ 330 ਕਰੋੜ ਹੋ ਗਈ ਹੈ। ਇਸ ਦੇ ਨਾਲ ਹੀ ਫਾਲਗੁਨੀ ਨਾਇਰ (59) ਦੀ ਕੁੱਲ ਜਾਇਦਾਦ ਹੁਣ 57 ਹਜ਼ਾਰ 520 ਕਰੋੜ ਰੁਪਏ ਹੋ ਗਈ ਹੈ। ਇਸ ਰਿਪੋਰਟ ਮੁਤਾਬਕ ਨਾਇਰ ਦੀ ਜਾਇਦਾਦ 'ਚ 963 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਇਸ ਸੂਚੀ ਵਿੱਚ ਭਾਰਤ 'ਚ ਜੰਮੀਆਂ ਅਤੇ ਪਲੀਆਂ 100 ਮਹਿਲਾ ਕਾਰੋਬਾਰੀਆਂ ਨੂੰ ਥਾਂ ਦਿੱਤੀ ਗਈ ਹੈ। ਇਹਨਾਂ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਪਰਿਵਾਰ ਦੇ ਕਾਰੋਬਾਰ ਨੂੰ ਚਲਾ ਰਹੀਆਂ ਹਨ ਜਾਂ ਜਿਨ੍ਹਾਂ ਨੇ ਆਪਣਾ ਕਾਰੋਬਾਰ ਸਥਾਪਤ ਕੀਤਾ ਹੈ।

ਇੱਕ ਸਾਲ ਵਿੱਚ ਇਹਨਾਂ ਸਾਰੀਆਂ 100 ਔਰਤਾਂ ਦੀ ਕੁੱਲ ਜਾਇਦਾਦ ਵਿੱਚ 53% ਦਾ ਵਾਧਾ ਹੋਇਆ ਹੈ। ਸਾਲ 2020 ਵਿੱਚ ਇਹ 2.72 ਲੱਖ ਕਰੋੜ ਸੀ ਜੋ 2021 ਵਿੱਚ ਵੱਧ ਕੇ 4.16 ਲੱਖ ਕਰੋੜ ਹੋ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਦੇਸ਼ ਦੇ ਔਸਤ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿੱਚ ਇਨ੍ਹਾਂ ਔਰਤਾਂ ਦੀ ਹਿੱਸੇਦਾਰੀ 2 ਫ਼ੀਸਦੀ ਹੋ ਗਈ ਹੈ।

ਸੂਚੀ ਵਿੱਚ ਕਿਸ-ਕਿਸ ਦਾ ਨਾਂ ਸ਼ਾਮਿਲ ਹੈ

ਰੋਸ਼ਨੀ ਨਾਦਰ ਅਤੇ ਫਾਲਗੁਨੀ ਨਾਇਰ ਤੋਂ ਬਾਅਦ ਬਾਇਓਕਾਨ ਦੀ ਸੰਸਥਾਪਕ ਅਤੇ ਸੀਈਓ ਕਿਰਨ ਮਜ਼ੂਮਦਾਰ ਸ਼ੌ ਸਭ ਤੋਂ ਅਮੀਰ ਔਰਤਾਂ ਦੀ ਸੂਚੀ ਵਿੱਚ ਤੀਜੇ ਨੰਬਰ 'ਤੇ ਹਨ।

ਭਾਰਤ ਦੀਆਂ ਅਮੀਰ ਔਰਤਾਂ

ਇਸ ਤੋਂ ਬਾਅਦ ਡਿਵੀ ਲੈਬਾਰਟਰੀਜ਼ ਦੀ ਡਾਇਰੈਕਟਰ ਨੀਲਿਮਾ ਮੋਟਾਪਾਰਤੀ, ਜ਼ੋਹੋ ਦੀ ਸੰਸਥਾਪਕ ਰਾਧਾ ਵੇਂਬੂ, ਫਾਰਮਾਸਿਊਟੀਕਲ ਕੰਪਨੀ ਯੂਐਸਵੀ ਪ੍ਰਾਈਵੇਟ ਲਿਮਟਿਡ ਦੀ ਚੇਅਰਪਰਸਨ ਲੀਨਾ ਗਾਂਧੀ ਤਿਵਾਰੀ, ਥਰਮੈਕਸ ਦੇ ਨਿਰਦੇਸ਼ਕ ਅਨੂ ਆਗਾ ਅਤੇ ਮੇਹਰ ਪਦਮਜੀ, ਡਾਟਾ ਸਟ੍ਰੀਮਿੰਗ ਦੀ ਸਹਿ-ਸੰਸਥਾਪਕ ਨੇਹਾ ਨਰਖੇੜੇ ਸ਼ਾਮਿਲ ਸਨ। ਇਸ ਤੋਂ ਇਲਾਵਾ ਡਾ. ਲਾਲ ਪੈਥਲੈਬਸ ਦੀ ਨਿਰਦੇਸ਼ਕ ਵੰਦਨਾ ਲਾਲ ਅਤੇ ਹੀਰੋ ਫਿਨਕਾਰਪ ਦੀ ਮੈਨੇਜਿੰਗ ਡਾਇਰੈਕਟਰ ਰੇਣੂ ਮੁੰਜਾਲ ਚੋਟੀ ਦੀਆਂ 10 ਸਭ ਤੋਂ ਅਮੀਰ ਔਰਤਾਂ ਵਿੱਚ ਸ਼ਾਮਲ ਹਨ।

ਇਸ ਸੂਚੀ 'ਚ ਇੱਕ ਨਾਂ ਕਨਿਕਾ ਟੈਕਰੀਵਾਲ ਦਾ ਹੈ ਜੋ ਸਿਖਰ ਦੇ 10 ਨਾਵਾਂ ਵਿੱਚ ਨਾ ਹੋਣ ਦੇ ਬਾਵਜੂਦ ਚਰਚਾ 'ਚ ਹੈ। ਦਰਅਸਲ ਕਨਿਕਾ ਸਭ ਤੋਂ ਛੋਟੀ ਉਮਰ ਦੀ ਹੋ ਕੇ ਸਭ ਤੋਂ ਅਮੀਰ ਔਰਤਾਂ ਵਿੱਚ ਸ਼ਾਮਲ ਹੋ ਗਈ ਹੈ।

ਇਹ ਵੀ ਪੜ੍ਹੋ:

ਕੌਣ ਹੈ ਕਨਿਕਾ ਟੈਕਰੀਵਾਲ

'ਜੈੱਟ ਸੈੱਟ ਗੋ' ਨਾਂ ਦੀ ਕੰਪਨੀ ਸ਼ੁਰੂ ਕਰਨ ਵਾਲੀ ਕਨਿਕਾ ਟੈਕਰੀਵਾਲ ਨੇ ਹਵਾਬਾਜ਼ੀ ਖੇਤਰ ਵਿੱਚ ਆਪਣੀ ਪਛਾਣ ਬਣਾਈ ਹੈ। ਇਸ ਖੇਤਰ ਵਿੱਚ ਆਮ ਤੌਰ 'ਤੇ ਮਰਦਾਂ ਦਾ ਦਬਦਬਾ ਮੰਨਿਆ ਜਾਂਦਾ ਹੈ।

33 ਸਾਲਾਂ ਦੀ ਕਨਿਕਾ ਨੇ ਹਵਾਬਾਜ਼ੀ ਖੇਤਰ ਵਿੱਚ ਅਜਿਹਾ ਕੰਮ ਸ਼ੁਰੂ ਕੀਤਾ ਜਿਸ ਬਾਰੇ ਲੋਕ ਜ਼ਿਆਦਾ ਨਹੀਂ ਜਾਣਦੇ। ਕਨਿਕਾ ਦੀ ਕੰਪਨੀ ਲੋਕਾਂ ਨੂੰ ਪ੍ਰਾਈਵੇਟ ਜੈੱਟ ਅਤੇ ਹੈਲੀਕਾਪਟਰ ਮੁਹੱਈਆ ਕਰਵਾਉਂਦੀ ਹੈ। ਇਥੇਂ ਕੋਈ ਵੀ ਪ੍ਰਾਈਵੇਟ ਏਅਰਕ੍ਰਾਫਟ, ਹੈਲੀਕਾਪਟਰ ਅਤੇ ਏਅਰ ਐਂਬੂਲੈਂਸ ਨੂੰ ਆਨਲਾਈਨ ਆਸਾਨੀ ਨਾਲ ਬੁੱਕ ਕਰ ਸਕਦਾ ਹੈ।

ਭਾਰਤ ਦੀਆਂ ਅਮੀਰ ਔਰਤਾਂ
ਤਸਵੀਰ ਕੈਪਸ਼ਨ, ਆਪਣੇ ਉਪਰ ਭਰੋਸਾ ਰੱਖਣ ਵਾਲੀ ਕਨਿਕਾ ਟੈਕਰੀਵਾਲ ਦੀ ਸੰਪਤੀ 'ਚ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਹੁਣ ਉਨ੍ਹਾਂ ਦੀ ਕੁੱਲ ਜਾਇਦਾਦ 420 ਕਰੋੜ ਹੈ।

ਆਪਣੇ ਉਪਰ ਭਰੋਸਾ ਰੱਖਣ ਵਾਲੀ ਕਨਿਕਾ ਟੈਕਰੀਵਾਲ ਦੀ ਸੰਪਤੀ 'ਚ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਹੁਣ ਉਨ੍ਹਾਂ ਦੀ ਕੁੱਲ ਜਾਇਦਾਦ 420 ਕਰੋੜ ਹੈ।

ਦੂਰਦਰਸ਼ਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਨਿਕਾ ਨੇ ਦੱਸਿਆ ਸੀ ਕਿ ਕਿਵੇਂ ਉਸਨੇ 17 ਸਾਲ ਦੀ ਉਮਰ ਵਿੱਚ ਇੱਕ ਹਵਾਬਾਜ਼ੀ ਕੰਪਨੀ ਵਿੱਚ ਕੰਮ ਕੀਤਾ ਜਿੱਥੋਂ ਉਸਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਪ੍ਰੇਰਣਾ ਮਿਲੀ।

ਕਨਿਕਾ ਨੂੰ 20 ਸਾਲ ਦੀ ਉਮਰ ਵਿੱਚ ਕੈਂਸਰ ਨਾਲ ਲੜਨਾ ਪਿਆ ਪਰ ਇਸ ਬਿਮਾਰੀ ਨੇ ਉਸ ਨੂੰ ਪਹਿਲਾਂ ਨਾਲੋਂ ਮਜ਼ਬੂਤ ਬਣਾ ਦਿੱਤਾ।

ਕਨਿਕਾ ਕਹਿੰਦੇ ਹਨ ਕਿ ਜੇਕਰ ਕੋਈ ਵੀ ਚੀਜ਼ ਜ਼ਿੰਦਗੀ ਵਿੱਚ ਅਸਾਨੀ ਨਾਲ ਮਿਲ ਜਾਵੇ ਤਾਂ ਇਸ ਦਾ ਅਰਥ ਹੈ ਕਿ ਇਹ ਪੂਰੀ ਨਹੀਂ ਮਿਲੀ।

ਲੋਕਾਂ ਨੇ ਉਹਨਾਂ ਦੇ ਕਾਰੋਬਾਰ ਦੇ ਤਰੀਕੇ ਦਾ ਮਜ਼ਾਕ ਵੀ ਬਣਾਇਆ। ਦੂਰਦਰਸ਼ਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਨਿਕਾ ਨੇ ਕਿਹਾ, ''ਮੈਂ 24 ਸਾਲ ਦੀ ਉਮਰ ਵਿੱਚ ਇਕੱਲੇ ਕੰਪਨੀ ਸ਼ੁਰੂ ਕੀਤੀ ਸੀ। ਗਾਹਕਾਂ ਨਾਲ ਮੈਂ ਨਾਮ ਬਦਲ ਬਦਲਕੇ ਗੱਲ ਕਰਦੀ ਸੀ। ਹੌਲੀ-ਹੌਲੀ ਮੇਰੀ ਕੰਪਨੀ ਵੱਡੀ ਹੋ ਗਈ।''

ਬੇਪ੍ਰਵਾਹ ਵਿਦਿਆਰਥਣ ਤੋਂ ਕਿਵੇਂ ਅਮੀਰ ਔਰਤ ਬਣੀ ਫਾਲਗੁਨੀ ਨਾਇਰ

ਆਪਣੇ ਦਮ 'ਤੇ ਅਮੀਰ ਔਰਤਾਂ ਦੀ ਸੂਚੀ ਵਿੱਚ ਫਾਲਗੁਨੀ ਨਾਇਰ ਪਹੁੰਚੀ ਹੈ ਪਰ ਉਹਨਾਂ ਦਾ ਬਚਪਨ ਵਿੱਚ ਅਜਿਹਾ ਕੋਈ ਇਰਾਦਾ ਨਹੀਂ ਸੀ।

ਇਸ ਸਾਲ ਮਹਿਲਾ ਦਿਵਸ 'ਤੇ ਇੱਕ ਗੱਲਬਾਤ ਦੌਰਾਨ ਫਾਲਗੁਨੀ ਨਾਇਰ ਨੇ ਦੱਸਿਆ ਸੀ ਕਿ ਕਿਵੇਂ ਬਿਨ੍ਹਾਂ ਮਿਹਨਤ ਦੇ ਉਹਨਾਂ ਨੂੰ ਚੰਗਾ ਸਕੂਲ ਮਿਲਿਆ ਸੀ ਅਤੇ ਉਹ ਪੜ੍ਹਾਈ ਨੂੰ ਲੈ ਕੇ ਬੇਪ੍ਰਵਾਹ ਸਨ। ਉਹਨਾਂ ਦੇ ਜੀਵਨ ਦਾ ਕੋਈ ਮਕਸਦ ਨਹੀਂ ਸੀ।

ਇਸ ਸਾਲ ਹੀ ਫਾਲਗੁਨੀ ਨਾਇਰ ਨੇ ਬਿਊਟੀ ਸਟਾਰਟਅੱਪ ਨਾਇਕਾ ਦੇ ਸ਼ੇਅਰਾਂ ਦੇ ਬਜ਼ਾਰ ਵਿੱਚ ਧਮਾਕੇਦਾਰ ਸ਼ੁਰੂਆਤ ਕੀਤੀ ਸੀ।

ਭਾਰਤ ਦੀਆਂ ਅਮੀਰ ਔਰਤਾਂ

ਤਸਵੀਰ ਸਰੋਤ, PUNIT PARANJPE

ਤਸਵੀਰ ਕੈਪਸ਼ਨ, ਫਾਲਗੁਨੀ ਨਾਇਰ

ਫਾਲਗੁਨੀ ਨੇ 2012 ਵਿੱਚ ਨਾਇਕਾ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਕੰਪਨੀ ਨੇ ਬਿਉਟੀ ਪਰੋਡਕਟਸ ਦੇ ਨਾਲ ਬਜ਼ਾਰ ਵਿੱਚ ਕਦਮ ਰੱਖਿਆ ਸੀ। ਹੁਣ ਨਾਇਕਾ 'ਤੇ ਫ਼ੈਸ਼ਨ ਨਾਲ ਜੁੜੇ ਅਲੱਗ-ਅਲੱਗ ਉਤਪਾਦ ਮੌਜੂਦ ਹਨ।

ਆਪਣੇ ਪਰਿਵਾਰ ਦੇ ਮਹੌਲ ਬਾਰੇ ਉਹ ਦੱਸਦੇ ਹਨ, ''ਮੇਰੀ ਮਾਂ ਸਾਨੂੰ ਹਮੇਸ਼ਾਂ ਅੱਗੇ ਪੜ੍ਹਨ ਲਈ ਕਹਿੰਦੀ ਸੀ। ਜੇਕਰ ਮੈਂ 99 ਨੰਬਰ ਲੈ ਆਉਂਦੀ ਸੀ ਤਾਂ ਘਰ ਵਿੱਚ ਖੁਸ਼ੀ ਮਨਾਉਣ ਦੀ ਥਾਂ ਇਹ ਪੁੱਛਿਆ ਜਾਂਦਾ ਸੀ ਕਿ ਇੱਕ ਨੰਬਰ ਘੱਟ ਕਿਉਂ ਹੈ। ਇਸ ਲਈ ਮੈਨੂੰ ਹਮੇਸ਼ਾ ਇੱਕ ਭਾਵਨਾ ਰਹਿੰਦੀ ਸੀ ਕਿ ਕੁਝ ਚੰਗਾ ਕਰਨਾ ਹੈ।''

''ਗੀਤਾ ਦਾ ਸਾਡੇ ਪਰਿਵਾਰ ਉਪਰ ਬਹੁਤ ਪ੍ਰਭਾਵ ਹੈ। ਇਸ ਲਈ ਮੈਂ ਹਮੇਸ਼ਾ ਫ਼ਲ ਦੀ ਚਿੰਤਾ ਕੀਤੇ ਬਿਨਾਂ ਕੰਮ ਕੀਤਾ।''

ਹੁਰੂਨ ਦੀ ਸੂਚੀ ਵਿੱਚ ਸ਼ਾਮਿਲ ਹੋਣ ਲਈ ਪਹਿਲਾਂ 100 ਕਰੋੜ ਦੀ ਸ਼ਰਤ ਸੀ ਪਰ ਇਸ ਵਾਰ ਉਹਨਾਂ ਨੂੰ ਥਾਂ ਦਿੱਤੀ ਗਈ ਹੈ ਜਿੰਨ੍ਹਾਂ ਕੋਲ 300 ਕਰੋੜ ਰੁਪਏ ਦੀ ਜਾਇਦਾਦ ਹੈ। ਅੰਤ ਵਿੱਚ 10 ਔਰਤ ਵਪਾਰੀਆਂ ਵਿੱਚ ਇਹ ਕੱਟ-ਆਫ਼ 6620 ਕਰੋੜ ਰੁਪਏ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 10 ਫ਼ੀਸਦੀ ਵਧੀ ਹੈ।

ਇਸ ਸੂਚੀ ਵਿੱਚ ਸਭ ਤੋਂ ਵੱਧ 25 ਨਾਮ ਦਿੱਲੀ-ਐਨਆਰਸੀ ਤੋਂ ਹਨ। ਇਸ ਦੇ ਨਾਲ ਹੀ ਮੁੰਬਈ ਤੋਂ 21 ਅਤੇ ਹੈਦਰਾਬਾਦ ਤੋਂ ਵੀ 12 ਨਾਮ ਸ਼ਾਮਿਲ ਹਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)