ਯੂਰਪੀ ਦੇਸਾਂ ਦੀ ਪਰਵਾਸ ਪ੍ਰਤੀ ਸਖ਼ਤੀ ਦਾ ਸ਼ੈਨਗਨ ਖੇਤਰ ਉੱਤੇ ਕੀ ਅਸਰ ਪੈ ਰਿਹਾ ਹੈ

ਸ਼ੈਨਗਨ

ਤਸਵੀਰ ਸਰੋਤ, Getty Images

    • ਲੇਖਕ, ਕ੍ਰਿਸਟੀਨਾ ਜੇ. ਔਰਗੇਜ਼
    • ਰੋਲ, ਬੀਬੀਸੀ ਨਿਊਜ਼ ਵਰਲਡ

“ਹੁਣ ਯੂਰਪੀ ਯੂਨੀਅਨ ਦਾ ਹਰ ਦੇਸ ਆਪਣੀ ਮਨ ਮਰਜ਼ੀ ਕਰ ਰਿਹਾ ਹੈ।”

ਇਹ ਸ਼ਬਦ ਇੱਕ ਟਰੱਕ ਅਪਰੇਟਰ ਦੇ ਹਨ ਜੋ ਆਏ ਦਿਨ ਵੱਖ-ਵੱਖ ਯੂਰਪੀ ਦੇਸਾਂ ਵਿੱਚ ਆਪਣਾ ਟਰੱਕ ਲਿਜਾਣ ਲਈ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਦਾ ਹੈ।

ਜਰਮਨੀ ਨੇ ਇਸੇ ਮਹੀਨੇ ਆਪਣੀ 4000 ਕਿਲੋਮੀਟਰ ਲੰਬੀ ਜ਼ਮੀਨੀ ਸਰਹੱਦ ਨੂੰ ਸੁਰੱਖਿਅਤ ਕਰਨ ਦਾ ਫੈਸਲਾ ਲਿਆ ਹੈ। ਪਿਛਲੇ ਛੇ ਮਹੀਨਿਆਂ ਦੌਰਾਨ ਇੱਕ ਤੋਂ ਦੂਜੇ ਦੇਸ ਜਾਣ ਵਾਲਿਆਂ ਨੂੰ ਸਥਾਈ ਜਾਂ ਮੋਬਾਈਲ ਪੁਲਿਸ ਕੰਟਰੋਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਬਿਨਾਂ ਮੁਕੰਮਲ ਦਸਤਾਵੇਜ਼ ਦੇ ਦੇਸ ਵਿੱਚ ਵੜਨ ਦੀ ਕੋਸ਼ਿਸ਼ ਕਰਨ ਵਾਲੇ ਪਰਵਾਸੀਆਂ ਦੀ ਜਾਂਚ ਕਰਦੇ ਹਨ।

ਜਰਮਨੀ ਵਿੱਚ ਚਾਂਸਲਰ ਓਲੇਫ਼ ਸਕੋਲਜ਼ ਦੀ ਅਗਵਾਈ ਵਾਲੀ ਸਰਕਾਰ ਮੁਤਾਬਕ ਇਹ ਕਦਮ ਗੈਰ-ਨਿਯੰਤਰਿਤ ਪਰਵਾਸ ਉੱਤੇ ਕੰਟਰੋਲ, ਅੰਦਰੂਨੀ ਸੁਰੱਖਿਆ, ਦਹਿਸ਼ਤਗਰਦੀ ਅਤੇ ਕੌਮਾਂਤਰੀ ਅਪਰਾਧ ਨੂੰ ਰੋਕਣ ਲਈ ਚੁੱਕੇ ਗਏ ਹਨ।

ਇਕੱਲੇ ਜਰਮਨੀ ਕੋਲ ਪਨਾਹ ਲਈ ਇੰਨੀਆਂ ਅਰਜ਼ੀਆਂ ਵਿਚਾਰ ਪਈਆਂ ਹਨ ਜਿੰਨੀਆਂ ਫਰਾਂਸ ਅਤੇ ਇਟਲੀ ਕੋਲ ਸੰਯੁਕਤ ਰੂਪ ਵਿੱਚ ਹਨ।

ਸੰਯੁਕਤ ਰਾਸ਼ਟਰ ਦੀ ਰਿਫਿਊਜੀ ਸੰਸਥਾ ਮੁਤਾਬਕ 2015 ਦੀਆਂ ਗਰਮੀਆਂ ਦੌਰਾਨ ਲਗਭਗ 8,90,000 ਲੋਕ ਸੀਰੀਆ, ਇਰਾਕ ਤੇ ਅਫ਼ਗਾਨਿਸਤਾਨ ਵਰਗੇ ਦੇਸਾਂ ਤੋਂ ਯੂਰਪੀ ਯੂਨੀਅਨ ਵਿੱਚ ਦਾਖਲ ਹੋਏ ਹਨ।

ਯੂਕਰੇਨ ਦੀ ਜੰਗ ਨੇ ਵੀ ਯੂਰਪ ਵਿੱਚ ਸ਼ਰਣਾਰਥੀਆਂ ਦੇ ਦਾਖਲੇ ਨੂੰ ਹਵਾ ਦਿੱਤੀ ਹੈ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜਰਮਨੀ ਦੇ ਸਰਕਾਰੀ ਡੇਟਾ ਮੁਤਾਬਕ ਇਸੇ ਸਾਲ ਮਾਰਚ ਵਿੱਚ ਯੂਕਰੇਨੀ ਨਾਗਰਿਕਤਾ ਵਾਲੇ ਲਗਭਗ 13 ਲੱਖ ਲੋਕ, ਉੱਥੇ ਰਹਿ ਰਹੇ ਸਨ। ਕਈ ਤਾਂ ਬੇਰੁਜ਼ਗਾਰੀ ਸਮੇਤ ਕੁਝ ਹੋਰ ਨਾਗਰਿਕ ਲਾਭ ਵੀ ਲੈ ਰਹੇ ਸਨ। ਸੱਜੇ ਪੱਖੀ ਪਾਰਟੀਆਂ ਸਰਕਾਰ ਉੱਤੇ ਪਰਵਾਸੀਆਂ ਦੇ ਲਾਭਾਂ ਨੂੰ ਸੀਮਤ ਕਰਨ ਲਈ ਦਬਾਅ ਬਣਾ ਰਹੀਆਂ ਹਨ।

ਜਰਮਨੀ ਵਿੱਚ ਦਾਖਲ ਹੋ ਰਹੇ ਪਰਵਾਸੀਆਂ ਵਿੱਚ ਹੋਏ ਵਾਧੇ ਕਾਰਨ ਜਰਮਨੀ ਵਿੱਚ ਸੱਜੇ ਪੱਖੀ ਬਦਲ ਅਲਟਰਨੇਟਿਵ ਫਾਰ ਜਰਮਨੀ ਅਤੇ ਇੱਕ ਧੁਰ ਖੱਬੇ ਪੱਖੀ ਪਾਰਟੀ ਨੂੰ ਲੋਕ-ਇਮਦਾਦ ਵਿੱਚ ਵਾਧਾ ਹੋਇਆ ਹੈ।

ਸੱਜੇ ਪੱਖੀਆਂ ਨੂੰ ਖੁਸ਼ ਕਰਨ ਦੀ ਕਵਾਇਦ

ਆਈ.ਈ.ਐੱਸ.ਈ. ਵਿੱਚ ਇਕਨਾਮਿਕਸ ਦੇ ਪ੍ਰੋਫੈਸਰ ਜੇਵੀਅਰ ਡਿਆਜ਼ ਗਿਮਿਨੇਜ਼ ਦੱਸਦੇ ਹਨ, “ਸਰਹੱਦੀ ਕੰਟਰੋਲ ਸਪਸ਼ਟ ਰੂਪ ਵਿੱਚ ਪਿਛਲੇ ਹਫ਼ਤੇ ਦੀਆਂ ਚੋਣਾਂ ਦੇ ਨਤੀਜਿਆਂ ਦੇ ਦਬਾਅ ਨੂੰ ਮੁਖਾਤਿਬ ਹਨ। ਲੇਕਿਨ ਜੇ ਯੂਰਪ ਵਾਕਈ ਏਕੀਕਰਨ ਚਾਹੁੰਦਾ ਹੈ, ਤਾਂ ਇਸ ਨੂੰ ਹੁਣ ਤੱਕ ਦੀਆਂ ਆਪਣੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।”

“ਇਹ ਇੱਕ ਪੇਚੀਦਾ ਮਸਲਾ ਹੈ ਜੋ ਅਕਸਰ ਵਿਰੋਧੀ ਭਾਵ ਜਗਾਉਂਦਾ ਹੈ। ਯੂਰਪ ਨੂੰ ਮਾਨਵੀ ਸ਼ਕਤੀ ਦੀ ਲੋੜ ਹੈ ਅਤੇ ਇਸ ਕਮੀ ਨੂੰ ਪੂਰਾ ਕਰਨ ਦੇ ਕਈ ਤਰੀਕੇ ਹਨ।”

ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਰਪੀ ਦੇ ਘੱਟੋ-ਘੱਟ 7 ਮੁਲਕਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਦੇ ਸਰਹੱਦੀ ਕੰਟਰੋਲ ਲਾਗੂ ਕੀਤੇ ਹਨ

ਫਰੰਟੈਕਸ, ਯੂਰਪੀ ਸਰਹੱਦ ਅਤੇ ਕੋਸਟ ਗਾਰਡ ਏਜੰਸੀ ਦੇ ਡੇਟਾ ਮੁਤਾਬਕ 2024 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਯੂਰਪੀ ਯੂਨੀਅਨ ਦੀ ਪੂਰਬੀ ਸਰਹੱਦ ਵੱਲੋਂ ਯੂਰਪ ਵਿੱਚ ਦਾਖਲ ਹੋਣ ਵਾਲਿਆਂ ਵਿੱਚ 148% ਵਾਧਾ ਹੋਇਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਯੂਕਰੇਨ ਦੀ ਨਾਗਰਿਕਤਾ ਵਾਲੇ ਸਨ।

ਇਸ ਪ੍ਰਸੰਗ ਵਿੱਚ ਬਰਲਿਨ ਨੇ 2015 ਤੋਂ ਆਸਟਰੀਆ ਨਾਲ ਅਤੇ ਫਿਰ ਪਿਛਲੇ ਸਾਲ ਤੋਂ ਪੋਲੈਂਡ, ਚੈਕ ਗਣਰਾਜ ਅਤੇ ਸਵਿਟਜ਼ਰਲੈਂਡ ਲਗਦੇ ਬਾਰਡਰਾਂ ਅਤੇ ਅਤੇ ਫਿਰ ਅੱਗੇ ਫਰਾਂਸ, ਲਗਜ਼ਮਬਰਗ, ਬੈਲਜੀਅਮ, ਨੀਦਰਲੈਂਡਸ ਅਤੇ ਡੈਨਮਾਰਕ ਨਾਲ ਚੌਕਸੀ ਵਧਾਈ ਹੈ।

ਜਰਮਨੀ ਨੂੰ ਯੂਰਪ ਦਾ ਦਿਲ ਕਿਹਾ ਜਾਂਦਾ ਹੈ। ਜਰਮਨੀ ਯੂਰਪ ਦਾ ਆਰਥਿਕ ਇੰਜਣ ਹੀ ਨਹੀਂ ਹੈ ਸਗੋਂ ਇਸਦੀ ਸਰਹੱਦ ਸਭ ਤੋਂ ਜ਼ਿਆਦਾ ਯੂਰਪੀ ਦੇਸਾਂ ਨੂੰ ਛੂਹੰਦੀ ਹੈ। ਮਾਹਿਰਾਂ ਮੁਤਾਬਕ ਇਨ੍ਹਾਂ ਕਦਮਾਂ ਤੋਂ ਪੂਰੀ ਯੂਰਪੀ ਯੂਨੀਅਨ ਪ੍ਰਭਾਵਿਤ ਹੋਵੇਗੀ।

ਜਰਮਨੀ ਦੇ ਇਸ ਇੱਕ ਪਾਸੜ ਫੈਸਲੇ ਕਾਰਨ ਯੂਰਪੀ ਦੇ ਫਾਊਂਡਿੰਗ ਪਿੱਲਰ ਮੰਨੇ ਜਾਂਦੇ— ਸ਼ੈਨਗਨ ਖੇਤਰ ਉੱਤੇ ਵੀ ਅਸਰ ਪੈਣਾ ਲਾਜ਼ਮੀ ਹੈ। ਸ਼ੈਨਗਨ ਤਹਿਤ ਲੋਕ ਅਤੇ ਵਸਤੂਆਂ ਨੂੰ ਬਿਨਾਂ ਦਸਤਾਵੇਜ਼ਾਂ ਦੇ ਹੀ ਆਵਾਜਾਈ ਕਰ ਸਕਦੇ ਹਨ। ਸ਼ੈਨਗਨ ਖੇਤਰ ਵਿੱਚ ਯੂਰਪ ਦੀਆਂ 27 ਵਿੱਚੋਂ 25 ਦੇਸ ਸ਼ਾਮਿਲ ਹਨ।

ਸ਼ੈਨਗਨ ਸੰਧੀ ਦੇ ਨਿਯਮਾਂ ਮੁਤਾਬਕ, ਸੰਬੰਧਿਤ ਦੇਸ ਵਿਸ਼ੇਸ਼ ਸਥਿਤੀਆਂ ਵਿੱਚ ਸਿਰਫ਼ ਵੱਧ-ਤੋਂ-ਵੱਧ ਛੇ ਮਹੀਨਿਆਂ ਲਈ ਬਾਰਡਰ ਕੰਟਰੋਲ ਲਾਗੂ ਕਰ ਸਕਦੇ ਹਨ।

ਆਈ.ਈ. ਯੂਨੀਵਰਸਿਟੀ ਵਿੱਚ ਸੈਂਟਰ ਫਾਰ ਯੂਰਪ ਦੇ ਨਿਰਦੇਸ਼ਕ ਮੈਰੀ-ਜੋਸ ਗਰੂਟ ਦੱਸਦੇ ਹਨ, ‘ਯੂਰਪੀ ਯੂਨੀਅਨ ਵਿੱਚ ਮੁਕਤ ਆਵਾਜਾਈ ਦੇ ਹੱਕ ਦੀ ਯੂਰਪੀ ਨਾਗਰਿਕ ਸਭ ਤੋਂ ਜ਼ਿਆਦਾ ਕਦਰ ਕਰਦੇ ਹਨ। ਯੂਰਪੀ ਸੰਸਦ ਦੇ ਮੁਤਾਬਕ ਸ਼ੈਨਗਨ ਖੇਤਰ ਵਿੱਚ ਕਰੀਬ 1,250 ਮਿਲੀਅਲ ਫੇਰੀਆਂ ਪੈਂਦੀਆਂ ਹਨ।’

ਲੇਕਿਨ ਅਜਿਹੇ ਕਦਮਾਂ ਨੂੰ ਲਾਗੂ ਕਰਨ ਵਾਲਾ ਜਰਮਨੀ ਇਕੱਲਾ ਦੇਸ ਨਹੀਂ ਹੈ।

ਫਰਾਂਸ, ਇਟਲੀ ਅਤੇ ਨਾਰਵੇ ਵੀ

ਬਸ ਵਿੱਚ ਸਵਾਰੀਆਂ ਦੇ ਦਸਤਾਵੇਜ਼ਾਂ ਦੀ ਜਾਂਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੁਨੀਆਂ ਦੇ ਕਈ ਦੇਸਾਂ ਵਿੱਚ ਸੱਜੇ ਪੱਖੀ ਸਿਆਸਤ ਨੇ ਲੋਕਾਂ ਵਿੱਚ ਡਰ ਪੈਦਾ ਕੀਤਾ ਹੈ ਕਿ ਪਰਵਾਸੀ ਉਨ੍ਹਾਂ ਦੀਆਂ ਨੌਕਰੀਆਂ ਤੇ ਵਸੀਲੇ ਖੋਹ ਲੈਣਗੇ

ਆਸਟਰੀਆ ਨੇ “ਪਰਵਾਸੀਆਂ ਦੇ ਦਬਾਅ” ਅਤੇ ਦਹਿਸ਼ਤਗਰਦੀ ਨਾਲ ਲੜਾਈ ਦਾ ਹਵਾਲਾ ਦਿੰਦਿਆਂ ਆਪਣੇ ਗੁਆਂਢੀ ਚੈਕ ਗਣਰਾਜ, ਸਲੋਵੇਨੀਆ ਅਤੇ ਹੰਗਰੀ ਨਾਲ ਲਗਦੇ ਬਾਰਡਰਾਂ ਉੱਤੇ ਸਖ਼ਤੀ ਵਧਾਈ ਹੈ। ਆਸਟਰੀਆ ਨੇ ਵੀ ਕਿਹਾ ਹੈ ਕਿ ਜਰਮਨੀ ਦੇ ਬਾਰਡਰਾਂ ਉੱਤੇ ਰੱਦ ਕੀਤੇ ਗਏ ਪਰਵਾਸੀ ਉਹ ਸਵੀਕਾਰ ਨਹੀਂ ਕਰੇਗਾ।

ਡੈਨਮਾਰਕ ਨੇ ਵੀ ਆਪਣੀਆਂ ਸਾਰੀਆਂ ਅੰਦਰੂਨੀ ਖਾਸ ਕਰ, ਜਰਮਨੀ ਨਾਲ ਲਗਦੀਆਂ ਸਰਹੱਦਾਂ ਉੱਤੇ ਚੌਕਸੀ ਵਧਾਈ ਹੈ। ਪਹਿਲਾਂ ਇਹ ਇੱਕ ਆਰਜ਼ੀ ਕਦਮ ਸੀ ਪਰ 2016 ਤੋਂ ਬਾਅਦ ਇਸਦੀ ਮਿਆਦ ਕਈ ਵਾਰ ਵਧਾਈ ਜਾ ਚੁੱਕੀ ਹੈ। ਬੇਲਾਰੂਸ ਨੇ ਇਨ੍ਹਾਂ ਵਾਧਿਆਂ ਨੂੰ ਚੁਣੌਤੀ ਦਿੱਤੀ ਹੈ।

ਇਸ ਤੋਂ ਇਲਾਵਾ ਵੱਡੇ ਕੌਮਾਂਤਰੀ ਇਕੱਠ ਜਿਵੇਂ ਫਰਾਂਸ ਵਿੱਚ ਹੋਈਆਂ ਓਲੰਪਿਕ ਖੇਡਾਂ ਅਤੇ ਇਟਲੀ ਵਿੱਚ ਹੋਇਆ ਜੀ-7 ਸਿਖਰ ਸੰਮੇਲਨ, ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਸੁਰੱਖਿਆ ਇੰਤਜ਼ਾਮ ਦੀ ਲੋੜ ਪੈਂਦੀ ਹੈ। ਅਜਿਹੇ ਆਰਜ਼ੀ ਕਦਮਾਂ ਦਾ ਸਮਾਂ ਵਧਾਉਣ ਬਹਾਨੇ ਦਾ ਕੰਮ ਕੀਤਾ ਹੈ।

ਇਨ੍ਹਾਂ ਦੇਸਾਂ ਨੇ ਦਹਿਸ਼ਤਗਰਦ ਧਮਕੀਆਂ ਅਤੇ ਪਰਵਾਸੀ ਦਬਾਅ ਅਤੇ ਯੂਕਰੇਨ ਅਤੇ ਗਾਜ਼ਾ ਦੀ ਜੰਗ ਨੂੰ ਵੀ ਇੱਕ ਬਹਾਨਾ ਬਣਾਇਆ ਹੈ।

ਸਲੋਵੇਨੀਆ ਨੇ ਆਪਣੇ ਗੁਆਂਢੀ ਦੇਸਾਂ ਕੋਰੇਸ਼ੀਆ ਅਤੇ ਹੰਗਰੀ ਨਾਲ ਅਤੇ ਨਾਰਵੇ ਨੇ ਵੀ ਸ਼ੈਨਗਨ ਖੇਤਰ ਵਿੱਚ ਆਪਣੇ ਐਂਟਰੀ ਪੁਆਇੰਟ ਸੀਮਤ ਕੀਤੇ ਹਨ। ਨਾਰਵੇ ਖ਼ੁਦ ਸ਼ੈਨਗਰ ਖੇਤਰ ਦਾ ਹਿੱਸਾ ਨਹੀਂ ਹੈ।

ਨਾਰਵੇ ਨੇ ਕਿਹਾ ਹੈ ਕਿ ਉਸ ਨੌਰਡ ਸਟਰੀਮ ਗੈਸ ਪਾਈਪਲਾਈਨ ਦੇ ਟੁੱਟਣ ਦੀ ਘਟਨਾ ਤੋਂ ਬਾਅਦ ਉਸ ਨੂੰ ਆਪਣੇ ਤੇਲ ਅਤੇ ਗੈਸ ਦੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਵਧਾਉਣ ਦੀ ਲੋੜ ਦਾ ਅਹਿਸਾਸ ਹੋਇਆ ਹੈ।

ਕਿਸੇ ਯੂਰਪੀ ਬਾਰਡਰ ਉੱਤੇ ਕਾਰ ਰੋਕ ਕੇ ਪੁੱਛ ਗਿੱਛ ਕਰਦੇ ਪੁਲਿਸ ਕਰਮੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸਟਰੀਆ, ਡੈਨਮਾਰਕ, ਫਰਾਂਸ, ਇਟਲੀ, ਸਵੀਡਨ, ਸਲੋਵੇਨੀਆ ਅਤੇ ਨਾਰਵੇ ਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਦੇ ਸਰਹੱਦੀ ਕੰਟਰੋਲ ਲਾਗੂ ਕੀਤੇ ਹਨ

ਕਈ ਯੂਰਪੀ ਸਿਆਸਤਦਾਨਾਂ ਦੀ ਰਾਇ ਹੈ ਕਿ ਗੈਰ ਕਨੂੰਨੀ ਪਰਵਾਸ ਨਾਲ ਲੜਾਈ ਘੱਟ ਗੰਭੀਰ ਕਦਮਾਂ ਨਾਲ ਵੀ ਲੜੀ ਜਾ ਸਕਦੀ ਹੈ। ਲੇਕਿਨ ਯੂਰਪ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ, ਮਾਲ-ਵਾਹਕ ਟਰਾਂਸਪੋਰਟ ਸਭ ਤੋਂ ਪਹਿਲਾਂ ਇਸ ਤੋਂ ਪ੍ਰਭਾਵਿਤ ਹੋਵੇਗਾ।

ਜਰਮਨੀ ਵੱਲੋਂ ਆਪਣੀਆਂ ਸਰਹੱਦਾਂ ਉੱਤੇ ਲਾਏ ਕੰਟਰੋਲ ਜ਼ਿਆਦਾ ਰੁਕਾਵਟ ਨਹੀਂ ਬਣ ਰਹੇ ਹਨ। ਇਹ ਕਦੇ-ਕਦਾਈਂ ਲੱਗਣ ਵਾਲੇ ਟਰੈਫ਼ਿਕ ਜਾਮ ਹਨ। ਜ਼ਿਆਦਾ ਸ਼ਿਕਾਇਤ ਤਾਂ ਮੁਕਤ ਆਵਾਜਾਈ ਨੂੰ ਪੈਣ ਵਾਲੀ ਰੁਕਾਵਟ ਤੋਂ ਹੈ।

ਵੱਖਰੇ- ਵੱਖਰੇ ਨਿਯਮ

ਟੀ.ਸੀ.ਆਰ ਗਰੁੱਪ, ਇੱਕ ਕੌਮਾਂਤਰੀ ਟਰਾਂਸਪੋਰਟ ਏਜੰਸੀ ਹੈ। ਇਸਦੇ ਸੀਈਓ ਸਮੂਏਲ ਰੀਕੋ ਕਹਿੰਦੇ ਹਨ, “ਇਹ ਆਮ ਨਹੀਂ ਹੈ ਕਿ ਯੂਰਪੀ ਯੂਨੀਅਨ ਅਤੇ ਸਪੇਨ ਇੱਕ ਪਾਸੇ ਜਾ ਰਹੇ ਹਨ। ਜਰਮਨੀ ਨੇ ਰੋਕਾਂ ਲਾਈਆਂ ਹਨ, ਫਰਾਂਸ ਨੇ ਵੀ ਅਜਿਹਾ ਹੀ ਕੀਤਾ ਹੈ। ਯੂਰਪ ਪਾਰ ਕਰਨ ਲਈ ਟਰੱਕਾਂ ਨੂੰ ਬਹੁਤ ਸਾਰੇ ਕਾਗਜ਼ ਚਾਹੀਦੇ ਹੁੰਦੇ ਹਨ ਜੋ ਦੇਸ ਦੇ ਮੁਤਾਬਕ ਵੱਖ-ਵੱਖ ਹੁੰਦੇ ਹਨ। ਅਜਿਹਾ ਨਹੀਂ ਹੋ ਸਕਦਾ।”

ਪ੍ਰੋਫੈਸਰ ਜੇਵੀਅਰ ਡਿਆਜ਼ ਗਿਮਿਨੇਜ਼ ਮੁਤਾਬਕ ‘ਇਹ ਮਸਲੇ ਪੰਚਾਇਤੀ ਰੂਪ ਵਿੱਚ ਸੁਲਝਾਏ ਜਾਣ ਵਾਲੇ ਹਨ ਨਾ ਕਿ ਵਿਅਕਤੀਗਤ ਰੂਪ ਵਿੱਚ।’

ਕੋਮਿਲਾਸ ਪੋਂਟੀਫਿਕਲ ਯੂਨੀਵਰਸਿਟੀ ਤੋਂ ਕੌਮਾਂਤਰੀ ਪਰਵਾਸ ਅਤੇ ਵਿਕਾਸ ਸਹਿਯੋਗ ਵਿੱਚ ਪੀਐੱਚਡੀ ਐਲਬਰਟੋ ਏਰਿਸ ਮਾਟਿਓਸ ਉਨ੍ਹਾਂ ਨਾਲ ਸਹਿਮਤ ਹਨ।

ਪੁਲਿਸ ਕਰਮਚਾਰੀ, ਇੱਕ ਟਰੱਕ ਦੀ ਜਾਂਚ ਕਰਦੇ ਹੋਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਟਰੱਕਾਂ ਨੂੰ ਰੋਕ ਕੇ ਪਰਵਾਸੀਆਂ ਲਈ ਤਲਾਸ਼ੀ ਲੈਂਦੀ ਹੈ

ਉਹ ਕਹਿੰਦੇ ਹਨ,“ਪੱਛਮੀ ਦੇਸਾਂ ਨੇ ਸਾਡੀਆਂ ਸਰਹੱਦਾਂ ਤੋਂ ਹੋਣ ਵਾਲੇ ਅਨਿਯਮਿਤ ਦਾਖਲਿਆਂ ਉੱਤੇ ਧਿਆਨ ਦਿੱਤਾ ਹੈ। ਇਹ ਯੂਰਪ ਦੀਆਂ ਸੱਜੇ ਪੱਖੀ ਪਾਰਟੀਆਂ ਦੇ ਦਬਾਅ ਦਾ ਨਤੀਜਾ ਹੈ। ਜਿਨ੍ਹਾਂ ਨੇ ਸਮੁੱਚੇ ਸਮਾਜਿਕ ਅਤੇ ਸਿਆਸੀ ਮਾਹੌਲ ਵਿੱਚ ਡਰ ਭਰਿਆ ਹੈ।”

ਆਰਥਿਕਤਾ ਬਨਾਮ ਸੁਰੱਖਿਆ

ਭਾਵੇਂ ਜਰਮਨੀ ਤੇ ਯੂਰਪੀ ਯੂਨੀਅਨ ਆਰਥਿਕ ਕਮਜ਼ੋਰੀ ਦੇ ਦੌਰ ਵਿੱਚ ਲੰਘ ਰਹੇ ਹਨ। ਫਿਰ ਵੀ ਇਨ੍ਹਾਂ ਨੇ ਆਰਥਿਕਤਾ ਤੋਂ ਉੱਪਰ ਸੁਰੱਖਿਆ ਨੂੰ ਰੱਖਿਆ ਹੈ।

ਬਰਟਲਸਮੈਨ ਫਾਊਂਡੇਸ਼ਨ ਦੀ 2016 ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਅੰਦਰੂਨੀ ਸਰਹੱਦੀ ਰੋਕ-ਟੋਕ ਕਾਰਨ ਯੂਰਪ ਨੂੰ ਅਗਲੇ ਦਸ ਸਾਲਾਂ ਦੌਰਾਨ ਵਿਕਾਸ ਵਿੱਚ 4,70,000 ਮਿਲੀਅਨ ਯੂਰੋ ਦਾ ਨੁਕਸਾਨ ਹੋਵੇਗਾ।

ਡੱਚ ਮਾਲ-ਵਾਹਕਾਂ ਦੀ ਐਸੋਸੀਏਸ਼ਨ ਮੁਤਾਬਕ ਇਨ੍ਹਾਂ ਕੰਟਰੋਲਾਂ ਕਾਰਨ ਸਰਹੱਦਾਂ ਉੱਤੇ ਲੱਗਦੇ ਜਾਮ ਕਾਰਨ ਪੂਰਤੀ ਲੜੀ ਟੁੱਟਦੀ ਹੈ ਜਿਸ ਕਾਰਨ 2024 ਦੌਰਾਨ ਕਈ ਕਰੋੜਾਂ ਮਿਲੀਅਨ ਯੂਰੋ ਦਾ ਨੁਕਸਾਨ ਹੋਵੇਗਾ। ਖਾਸ ਕਰਕੇ ਤਾਜ਼ੇ ਉਤਪਾਦਾਂ ਅਤੇ ਫੌਰੀ ਲੋੜ ਵਾਲੀਆਂ ਵਸਤੂਆਂ ਦੀ ਪੂਰਤੀ ਵਿੱਚ ਰੁਕਾਵਟ ਆਏਗੀ।

ਭਾਵੇਂ ਕਿ ਇਹ ਸਰਹੱਦਾਂ ਬਿਲਕੁਲ ਹੀ ਸੀਲ ਬੰਦ ਨਹੀਂ ਕੀਤੀਆਂ ਗਈਆਂ ਹਨ। ਇਸਦਾ ਮਤਲਬ ਇਹ ਨਹੀਂ ਕਿ ਕੌਮਾਂਤਰੀ ਸਿਆਸਤ ਦਾ ਲੈਂਡ-ਸਕੇਪ ਖੰਡਿਤ ਹੋ ਗਿਆ ਹੈ ਅਤੇ ਦੇਸ ਆਪੋ ਵਿੱਚ ਸੀਮਤ ਹੋ ਰਹੇ ਹਨ। ਲੇਕਿਨ ਜਰਮਨੀ ਅਤੇ ਹੋਰ ਦੇਸਾਂ ਵੱਲੋਂ ਆਪਣੀਆਂ ਸਰਹੱਦਾਂ ਉੱਤੇ ਵਧਾਈ ਗਈ ਸਖ਼ਤੀ ਇੱਕ ਰੁਝਾਨ ਦਿੰਦੀ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)