ਗਰਭ ਨਿਰੋਧਕ ਗੋਲ਼ੀਆਂ ਲੈਣ ਵਿੱਚ ਛੋਟੀ ਉਮਰ ਦੀਆਂ ਕੁੜੀਆਂ ਲਈ ਕੀ ਜੋਖਮ ਹੈ, ਕੀ ਇਹ ਤਣਾਅ ਵਧਾਉਂਦੀਆਂ ਹਨ

ਤਸਵੀਰ ਸਰੋਤ, Dempsey Ewan
- ਲੇਖਕ, ਸੈਂਡੀ ਓਂਗ
ਦੁਨੀਆਂ ਭਰ ਦੀਆਂ ਬਹੁਤ ਸਾਰੀਆਂ ਔਰਤਾਂ ਇਸ ਬਾਰੇ ਚਿੰਤਤ ਹਨ ਕਿ ਗਰਭ ਨਿਰੋਧਕ ਗੋਲੀਆਂ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਕਿਵੇਂ ਪ੍ਰਭਾਵਤ ਕਰ ਸਕਦੀਆਂ ਹਨ। ਔਰਤਾਂ ਦੇ ਗੋਲ਼ੀਆਂ ਨਾਲ ਜੁੜੇ ਅਜਿਹੇ ਡਰਾਂ ਦੇ ਕੋਈ ਸਬੂਤ ਵੀ ਹਨ?
ਬਹੁਤ ਸਾਰੀਆਂ ਨੌਜਵਾਨ ਔਰਤਾਂ ਵਾਂਗ, ਸਾਰਾਹ ਈ ਹਿੱਲ ਨੇ ਵੀ ਆਪਣੀ ਕਿਸ਼ੋਰ ਅਵਸਥਾ ਅਤੇ ਆਪਣੇ ਵੀਹਵਿਆਂ ਦਾ ਜ਼ਿਆਦਾਤਰ ਸਮਾਂ ਗਰਭ ਨਿਰੋਧਕ ਗੋਲੀ 'ਤੇ ਬਿਤਾਇਆ।
ਸਾਰਾਹ ਹੁਣ ਟੈਕਸਾਸ ਕ੍ਰਿਸ਼ਚੀਅਨ ਯੂਨੀਵਰਸਿਟੀ ਵਿੱਚ ਵਿਕਾਸਵਾਦੀ ਮਨੋਵਿਗਿਆਨ ਪੜ੍ਹਾਉਂਦੇ ਹਨ, ਜੋ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਈਸਾਈ ਚਰਚ ਨਾਲ ਜੁੜੀ ਹੋਈ ਇੱਕ ਸੰਸਥਾ ਹੈ।
ਜਦੋਂ ਸਾਰਾਹ ਨੇ ਗਰਭ ਨਿਰੋਧਕ ਗੋਲ਼ੀਆਂ ਲੈਣਾ ਸ਼ੁਰੂ ਕਰਨ ਤੋਂ 12 ਸਾਲ ਬਾਅਦ, ਗਰਭ ਨਿਰੋਧਕ ਬਦਲਣ ਬਾਰੇ ਸੋਚਿਆ ਤਾਂ ਉਦੋਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ "ਮੈਂ ਇਸ ਬਾਰੇ ਕਦੇ ਇੱਕ ਤੋਂ ਦੂਜੀ ਵਾਰ ਸੋਚਿਆ ਹੀ ਨਹੀਂ।''
ਉਹ ਕਹਿੰਦੇ ਹਨ, "ਮੇਰੀ ਜ਼ਿੰਦਗੀ ਚਮਕਦਾਰ ਅਤੇ ਵਧੇਰੇ ਦਿਲਚਸਪ ਮਹਿਸੂਸ ਹੋਈ, ਜਿਵੇਂ ਮੈਂ ਇੱਕ 2ਡੀ ਬਲੈਕ ਐਂਡ ਵਾਈਟ ਫਿਲਮ ਤੋਂ ਬਾਹਰ ਇੱਕ ਰੰਗੀਨ, 3ਡੀ ਅਰਥ-ਭਰਪੂਰ ਹਕੀਕਤ ਵਿੱਚ ਚਲੀ ਗਈ ਸੀ।
ਗਰਭ ਨਿਰੋਧਕ ਗੋਲ਼ੀ ਲੈਣ ਦੇ ਉਨ੍ਹਾਂ ਦੇ ਤਜ਼ਰਬਿਆਂ ਨੇ ਉਸਨੂੰ ਇਸ ਵਿੱਚ ਸ਼ਾਮਲ ਵਿਗਿਆਨ ਦਾ ਅਧਿਐਨ ਕਰਨ ਲਈ ਅਤੇ ਫਿਰ ਸਾਲ 2019 ਵਿੱਚ ਇਸੇ ਬਾਰੇ ਇੱਕ ਕਿਤਾਬ ਲਿਖਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਦੀ ਕਿਤਾਬ ਨਾ ਨਾਮ ਹੈ - ਹਾਉ ਦ ਪਿਲ ਚੇਂਜਿਸ ਐਵਰੀਥਿੰਗ

ਹਾਲ ਹੀ ਦੇ ਸਾਲਾਂ ਵਿੱਚ, ਬਹੁਤ ਸਾਰੀਆਂ ਮਹਿਲਾਵਾਂ ਨੇ ਗੋਲ਼ੀਆਂ ਦੇ ਮਾੜੇ ਪ੍ਰਭਾਵਾਂ ਬਾਰੇ ਚਿੰਤਾ ਪ੍ਰਗਟਾਈ ਹੈ - ਖਾਸ ਕਰਕੇ ਉਨ੍ਹਾਂ ਦੇ ਮੂਡ ਅਤੇ ਮਾਨਸਿਕ ਸਿਹਤ 'ਤੇ।
ਦਰਅਸਲ, ਹੁਣ ਇਸ 'ਤੇ ਪ੍ਰਤੀਕਿਰਿਆ ਵੀ ਵਧ ਰਹੀ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਸਪੱਸ਼ਟ ਹੈ ਜਿੱਥੇ #quittingbirthcontrol ਵਰਗੇ ਹੈਸ਼ਟੈਗਾਂ ਨੂੰ ਲੱਖਾਂ ਵਾਰ ਦੇਖਿਆ ਜਾ ਰਿਹਾ ਹੈ।
ਬਹੁਤ ਸਾਰੇ ਵਿਕਸਤ ਦੇਸ਼ਾਂ ਵਿੱਚ ਹੁਣ ਇਨ੍ਹਾਂ ਗੋਲ਼ੀਆਂ ਦੀ ਡਾਕਟਰੀ ਸਲਾਹ ਘਟੀ ਹੈ। ਇੰਗਲੈਂਡ ਦੀਆਂ ਜਿਨਸੀ ਅਤੇ ਪ੍ਰਜਨਨ ਸਿਹਤ ਸੇਵਾਵਾਂ ਨੇ ਰਿਪੋਰਟ ਦਿੱਤੀ ਹੈ ਕਿ ਖਾਣ ਵਾਲੀਆਂ ਗਰਭ ਨਿਰੋਧਕ ਗੋਲ਼ੀਆਂ ਦੀ ਵਰਤੋਂ 2020-2021 ਵਿੱਚ 39% ਤੋਂ ਘਟ ਕੇ 2021-2022 ਵਿੱਚ 27% ਹੋ ਗਈ ਸੀ।
ਇਸ ਦੌਰਾਨ, ਅਮਰੀਕਾ ਵਿੱਚ ਅਜਿਹੀਆਂ ਗੋਲ਼ੀਆਂ ਦੀ ਵਰਤੋਂ ਕਰਨ ਵਾਲੀਆਂ ਮਹਿਲਾਵਾਂ ਦੀ ਗਿਣਤੀ 2002 ਵਿੱਚ 31% ਤੋਂ ਘਟ ਕੇ 2017 ਅਤੇ 2019 ਦੇ ਵਿਚਕਾਰ 24% ਰਹਿ ਗਈ ਸੀ।
ਜਦਕਿ ਕੈਨੇਡਾ ਅਤੇ ਆਸਟ੍ਰੇਲੀਆ ਨੇ ਰਿਪੋਰਟ ਕੀਤੀ ਸੀ ਕਿ 2006-2016 ਅਤੇ 2008-2016 ਵਿੱਚ ਗੋਲ਼ੀਆਂ ਦੀ ਵਰਤੋਂ ਕ੍ਰਮਵਾਰ 23% ਤੋਂ ਘਟ ਕੇ 11% ਰਹਿ ਗਈ।
ਜਾਇਜ਼ ਚਿੰਤਾਵਾਂ 'ਤੇ ਚਰਚਾ ਕਰਨ ਤੋਂ ਇਲਾਵਾ, ਸੋਸ਼ਲ ਮੀਡੀਆ ਇੰਫਲੂਐਂਸਰ ਗਰਭ ਨਿਰੋਧਕ ਗੋਲ਼ੀਆਂ ਦੇ ਮਾਨਸਿਕ ਅਤੇ ਸਰੀਰਕ ਦੋਵਾਂ ਤਰ੍ਹਾਂ ਦੇ ਮਾੜੇ ਪ੍ਰਭਾਵਾਂ ਬਾਰੇ ਗਲਤ ਜਾਣਕਾਰੀ ਫੈਲਾ ਰਹੇ ਹਨ।
ਅਜਿਹੇ ਇੰਫਲੂਐਂਸਰਾਂ ਕੋਲ ਡਾਕਟਰੀ ਤਜ਼ਰਬੇ ਵੀ ਨਹੀਂ ਹਨ ਅਤੇ ਫਿਰ ਵੀ ਉਹ ਔਰਤਾਂ ਨੂੰ ਗਰਭ ਨਿਰੋਧਕ ਗੋਲ਼ੀਆਂ ਨੂੰ ਪੂਰੀ ਤਰ੍ਹਾਂ ਨਾਲ ਛੱਡਣ ਲਈ ਉਤਸ਼ਾਹਿਤ ਕਰ ਰਹੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਯੂਕੇ ਵਿੱਚ ਇਨ੍ਹਾਂ ਗੋਲ਼ੀਆਂ ਖ਼ਿਲਾਫ਼ ਬਣ ਰਹੇ ਨਜ਼ਰੀਏ ਪਿੱਛੇ ਸ਼ਾਇਦ ਇਹੀ ਰੁਝਾਨ ਹੈ।
ਦੁਨੀਆਂ ਦੀਆਂ ਲਗਭਗ 150 ਮਿਲੀਅਨ ਔਰਤਾਂ ਕਰਦੀਆਂ ਹਨ ਸੇਵਨ

ਤਸਵੀਰ ਸਰੋਤ, Getty Images
ਪਰ ਕੀ ਅਜਿਹੀਆਂ ਗੋਲ਼ੀਆਂ ਸੱਚਮੁੱਚ ਕਿਸੇ ਦੇ ਸੁਭਾਅ ਅਤੇ ਜ਼ਿੰਦਗੀ ਪ੍ਰਤੀ ਨਜ਼ਰੀਏ ਨੂੰ ਬਦਲ ਸਕਦੀਆਂ ਹਨ?
ਕੀ ਇਹ ਚਿੰਤਾ ਅਤੇ ਡਿਪਰੈਸ਼ਨ ਵਰਗੀਆਂ ਗੰਭੀਰ ਮਾਨਸਿਕ ਸਿਹਤ ਸਥਿਤੀਆਂ ਪੈਦਾ ਕਰ ਸਕਦੀਆਂ ਹਨ, ਜਾਂ ਬਹੁਤ ਜ਼ਿਆਦਾ ਮਾਮਲਿਆਂ ਵਿੱਚ ਖੁਦਕੁਸ਼ੀ ਵੱਲ ਵੀ ਲੈ ਕੇ ਜਾ ਸਕਦੀਆਂ ਹਨ?
ਇੰਝ ਲੱਗਦਾ ਹੈ ਕਿ ਇਸ ਸਵਾਲ ਦਾ ਜਵਾਬ ਅਜੇ ਸਪਸ਼ਟ ਨਹੀਂ ਹੈ।
ਜਦੋਂ 1960 ਵਿੱਚ ਇਹ ਗੋਲ਼ੀ ਅਮਰੀਕਾ ਵਿੱਚ ਪਹਿਲੀ ਵਾਰ ਆਈ ਸੀ, ਤਾਂ ਦੋ ਸਾਲਾਂ ਦੇ ਅੰਦਰ ਹੀ ਇਸਦੇ 1.2 ਮਿਲੀਅਨ ਉਪਭੋਗਤਾ ਹੋ ਗਏ ਸਨ।
ਨਿੱਕੀਆਂ-ਨਿੱਕੀਆਂ ਇਹ ਗੋਲ਼ੀਆਂ ਜਨਮ ਨਿਯੰਤਰਣ ਲਈ ਇੱਕ ਅਸਰਦਾਰ ਵਿਕਲਪ ਵਜੋਂ ਸਾਹਮਣੇ ਆਈਆਂ। ਔਰਤਾਂ ਨੇ ਵੀ ਇਨ੍ਹਾਂ ਨੂੰ ਖੂਬ ਸਰਾਹਿਆ ਕਿਉਂਕਿ ਇਹ ਗੋਲ਼ੀਆਂ ਉਨ੍ਹਾਂ ਨੂੰ ਅਣਚਾਹੇ ਗਰਭ ਤੋਂ ਬਚਾਉਂਦਿਆਂ ਹਨ ਅਤੇ ਆਪਣੇ ਕਰੀਅਰ ਜਾਂ ਨੌਕਰੀ 'ਤੇ ਧਿਆਨ ਦੇਣ ਵਿੱਚ ਬੇਹੱਦ ਸਹਾਈ ਹੋਈਆਂ।
ਅੱਜ, ਦੁਨੀਆਂ ਭਰ ਵਿੱਚ ਲਗਭਗ 150 ਮਿਲੀਅਨ ਔਰਤਾਂ ਇਨ੍ਹਾਂ ਗੋਲ਼ੀਆਂ ਨੂੰ ਖਾਣਾ ਪਸੰਦ ਕਰਦੀਆਂ ਹਨ। ਇਸ ਦਾ ਮਤਲਬ ਹੈ ਕਿ ਦੁਨੀਆਂ ਦੀ ਆਬਾਦੀ ਜੋ ਗਰਭ ਨਿਰੋਧਕਾਂ ਦਾ ਇਸਤੇਮਾਲ ਕਰਦੀ ਹੈ, ਉਨ੍ਹਾਂ ਵਿੱਚੋਂ ਲਗਭਗ 16% ਨੂੰ ਇਹ ਖਾਣ ਵਾਲੀਆਂ ਗੋਲ਼ੀਆਂ ਵਧੇਰੇ ਠੀਕ ਲੱਗਦੀਆਂ ਹਨ।
ਇਨ੍ਹਾਂ ਗੋਲ਼ੀਆਂ ਦੀ ਅਸਫਲਤਾ ਦਰ ਸਿਰਫ 1% ਹੈ (ਅਜਿਹੇ ਮਾਮਲਿਆਂ ਵਿੱਚ ਜਿੱਥੇ ਔਰਤਾਂ ਕਦੇ-ਕਦਾਈਂ ਇਸਦੀ ਖੁਰਾਕ ਨੂੰ ਲੈਣਾ ਭੁੱਲ ਜਾਂਦੀਆਂ ਹਨ, ਇਸ ਦੀ ਅਸਫਲਤਾ ਡਰ 9%)।
ਗਰਭ ਨਿਰੋਧਕ ਗੋਲ਼ੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ

ਤਸਵੀਰ ਸਰੋਤ, Dempsey Ewan
ਗਰਭ ਨਿਰੋਧਕ ਗੋਲ਼ੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਅਤੇ ਦੋਵੇਂ ਹੀ ਨਕਲੀ ਸੈਕਸ ਹਾਰਮੋਨਾਂ ਤੋਂ ਬਣੀਆਂ ਹੁੰਦੀਆਂ ਹਨ।
1. ਪਹਿਲੀ ਅਤੇ ਸਭ ਤੋਂ ਜ਼ਿਆਦਾ ਪ੍ਰਚਲਿਤ ਹੈ ਸੰਯੁਕਤ ਗੋਲ਼ੀ - ਜਿਸ ਵਿੱਚ ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਦੇ ਸਿੰਥੈਟਿਕ ਸੰਸਕਰਣ ਹੁੰਦੇ ਹਨ।
2. ਦੂਜੀ ਹੈ ਪ੍ਰੋਜੈਸਟੋਜਨ-ਓਨਲੀ ਗੋਲ਼ੀ ਜਾਂ "ਮਿੰਨੀ ਗੋਲ਼ੀ''।
ਦੋਵੇਂ ਗੋਲ਼ੀਆਂ ਕਈ ਤਰੀਕਿਆਂ ਨਾਲ ਗਰਭ ਅਵਸਥਾ ਨੂੰ ਰੋਕਣ ਦਾ ਕੰਮ ਕਰਦੀਆਂ ਹਨ, ਜਿਸ ਵਿੱਚ ਓਵੂਲੇਸ਼ਨ ਨੂੰ ਦਬਾਉਣਾ ਅਤੇ ਸਰਵਾਈਕਲ ਤਰਲ ਨੂੰ ਗਾੜ੍ਹਾ ਕਰਨਾ ਸ਼ਾਮਲ ਹੈ, ਜਿਸ ਨਾਲ ਸ਼ੁਕਰਾਣੂਆਂ ਲਈ ਅੰਡੇ ਤੱਕ ਪਹੁੰਚਣਾ ਅਤੇ ਅੰਦਰ ਜਾਣਾ ਮੁਸ਼ਕਲ ਹੋ ਜਾਂਦਾ ਹੈ।
ਹਾਲਾਂਕਿ, ਮੌਖਿਕ ਗਰਭ ਨਿਰੋਧਕਾਂ ਵਿੱਚ ਮੌਜੂਦ ਹਾਰਮੋਨ ਸਿਰਫ਼ ਸਰੀਰ ਨੂੰ ਹੀ ਪ੍ਰਭਾਵਿਤ ਨਹੀਂ ਕਰਦੇ, ਸਗੋਂ ਇਹ ਇੱਕ ਔਰਤ ਦੇ ਦਿਮਾਗ 'ਤੇ ਵੀ ਵੱਡਾ ਪ੍ਰਭਾਵ ਪਾ ਸਕਦੇ ਹਨ।
ਮਾਨਸਿਕ ਸਿਹਤ ਦਾ ਮੁੱਦਾ

ਤਸਵੀਰ ਸਰੋਤ, Getty Images
ਸਵਿਟਜ਼ਰਲੈਂਡ ਦੇ ਯੂਨੀਵਰਸਿਟੀ ਹਸਪਤਾਲ ਬਾਸੇਲ ਵਿਖੇ ਇੱਕ ਪ੍ਰਸੂਤੀ-ਗਾਇਨੀਕੋਲੋਜਿਸਟ (OBGYN) ਅਤੇ ਮਨੋਵਿਗਿਆਨੀ, ਜੋਹਾਨਸ ਬਿਟਜ਼ਰ ਕਹਿੰਦੇ ਹਨ ਕਿ "ਦਿਮਾਗ 'ਤੇ ਹਾਰਮੋਨਸ ਦੇ ਪ੍ਰਭਾਵ ਗੁੰਝਲਦਾਰ ਹੁੰਦੇ ਹਨ।"
ਉਹ ਕਹਿੰਦੇ ਹਨ, "ਕੁਝ ਵਿਅਕਤੀਆਂ ਲਈ, ਮਾਨਸਿਕ ਸਿਹਤ 'ਤੇ ਗੋਲ਼ੀ ਦਾ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਜਦਕਿ ਦੂਜਿਆਂ ਵਿੱਚ, ਇਹ ਬੇਚੈਨੀ ਅਤੇ ਚਿੰਤਾ ਦਾ ਕਾਰਨ ਵੀ ਬਣ ਸਕਦੀ ਹੈ।"
ਗੋਲ਼ੀ ਦੇ 65 ਸਾਲਾਂ ਦੇ ਇਤਿਹਾਸ ਦੌਰਾਨ ਇਸ ਬਾਰੇ ਡਾਕਟਰੀ ਚੇਤਾਵਨੀਆਂ ਬਹੁਤ ਘੱਟ ਰਹੀਆਂ ਹਨ। ਯੂਕੇ ਅਤੇ ਯੂਐਸ ਵਿੱਚ ਕੁਝ ਜਿਨਸੀ ਸਿਹਤ ਪ੍ਰਦਾਤਾ ਆਪਣੀਆਂ ਵੈੱਬਸਾਈਟਾਂ 'ਤੇ ਗੋਲ਼ੀ ਦੇ ਮਾਨਸਿਕ ਰੂਪ ਨਾਲ ਮਾੜੇ ਪ੍ਰਭਾਵਾਂ ਦਾ ਕੋਈ ਜ਼ਿਕਰ ਹੀ ਨਹੀਂ ਕਰਦੇ ਹਨ।
ਬਿਟਜ਼ਰ ਲਗਭਗ 40 ਸਾਲਾਂ ਤੋਂ ਇਸ ਖੇਤਰ ਵਿੱਚ ਹਨ ਅਤੇ ਕਹਿੰਦੇ ਕਿ "ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ OBGYN ਸਿਖਲਾਈ ਵਿੱਚ ਮਾਨਸਿਕ ਸਿਹਤ ਵਿਸ਼ਾ ਹੀ ਨਹੀਂ ਹੈ। ਇਹ ਮਨੋਵਿਗਿਆਨੀਆਂ ਲਈ ਹੈ।"
ਉਨ੍ਹਾਂ ਮੁਤਾਬਕ, ''ਚੀਜ਼ਾਂ ਹੌਲੀ-ਹੌਲੀ ਬਦਲ ਰਹੀਆਂ ਹਨ, ਪਰ ਪਹਿਲਾਂ ਜਦੋਂ ਅਸੀਂ ਗੋਲ਼ੀ ਬਾਰੇ ਚਰਚਾ ਕੀਤੀ ਸੀ, ਅਸੀਂ ਥ੍ਰੋਮਬੋਸਿਸ, ਕੈਂਸਰ, ਅਨਿਯਮਿਤ ਖੂਨ ਵਗਣ, ਭਾਰ ਵਧਣ ਆਦਿ ਬਾਰੇ ਗੱਲ ਕੀਤੀ ਸੀ। ਮਾਨਸਿਕ ਸਿਹਤ ਦਾ ਮੁੱਦਾ ਦਾ ਨਾਂਹ ਦੇ ਬਰਾਬਰ ਸੀ।''
ਖੋਜਕਰਤਾਵਾਂ ਦੁਆਰਾ ਗੋਲ਼ੀ ਦੇ ਸੰਭਾਵੀ ਮਾਨਸਿਕ ਮਾੜੇ ਪ੍ਰਭਾਵਾਂ ਦੀ ਵੀ ਜ਼ਿਆਦਾ ਜਾਂਚ ਨਹੀਂ ਕੀਤੀ ਗਈ। ਪਰ ਬਿਟਜ਼ਰ ਕਹਿੰਦੇ ਹਨ ਕਿ ਇੱਕ ਬਦਲਾਅ 2016 ਵਿੱਚ ਸ਼ੁਰੂ ਹੋਇਆ, ਜਦੋਂ ਇੱਕ ਡੈਨਿਸ਼ ਸਮੂਹ ਨੇ ਇਸ ਵਿਸ਼ੇ 'ਤੇ ਇੱਕ ਮਹੱਤਵਪੂਰਨ ਪੇਪਰ ਪ੍ਰਕਾਸ਼ਿਤ ਕੀਤਾ, ਜਿਸ ਨਾਲ ਅਗਲੇ ਸਾਲਾਂ ਵਿੱਚ ਇਸ ਸਬੰਧੀ ਹੋਰ ਖੋਜ ਨੂੰ ਹੁਲਾਰਾ ਮਿਲਿਆ।
ਮੂਲ ਡੈਨਿਸ਼ ਅਧਿਐਨ ਵਿੱਚ, ਖੋਜਕਰਤਾਵਾਂ ਨੇ 14 ਸਾਲਾਂ ਦੀ ਮਿਆਦ ਵਿੱਚ 15 ਤੋਂ 34 ਸਾਲ ਦੀ ਉਮਰ ਦੀਆਂ 10 ਲੱਖ ਤੋਂ ਵੱਧ ਔਰਤਾਂ ਦੀ ਮਾਨਸਿਕ ਸਿਹਤ ਨੂੰ ਟਰੈਕ ਕਰਨ ਲਈ ਦੇਸ਼ ਦੇ ਕੌਮੀ ਸਿਹਤ ਡੇਟਾਬੇਸ ਵਿੱਚ ਖੋਜ ਕੀਤੀ।
ਇਸ ਦੌਰਾਨ ਉਨ੍ਹਾਂ ਪਾਇਆ ਕਿ ਜਿਨ੍ਹਾਂ ਔਰਤਾਂ ਨੇ ਸੰਯੁਕਤ-ਗੋਲ਼ੀ ਲੈਣੀ ਸ਼ੁਰੂ ਕੀਤੀ ਸੀ, ਉਨ੍ਹਾਂ ਨੂੰ ਛੇ ਮਹੀਨਿਆਂ ਬਾਅਦ ਐਂਟੀ ਡਿਪ੍ਰੈਸੈਂਟਸ (ਜੋ ਦਵਾਈਆਂ ਵਿਅਕਤੀ ਨੂੰ ਬਿਹਤਰ ਮਹਿਸੂਸ ਕਰਵਾਉਂਦੀਆਂ ਹਨ) ਦਿੱਤੇ ਜਾਣ ਦੀ ਸੰਭਾਵਨਾ 70% ਵੱਧ ਸੀ, ਜਦਕਿ ਜਿਨ੍ਹਾਂ ਨੇ ਅਜਿਹੀ ਗੋਲ਼ੀ ਨਹੀਂ ਲਈ ਸੀ, ਉਨ੍ਹਾਂ ਵਿੱਚ ਅਜਿਹੀ ਸੰਭਾਵਨਾ ਬਹੁਤ ਘੱਟ ਸੀ।
ਇਸੇ ਤਰ੍ਹਾਂ, ਜਿਨ੍ਹਾਂ ਔਰਤਾਂ ਨੇ ਮਿੰਨੀ-ਪਿਲ ਲੈਣੀ ਸ਼ੁਰੂ ਕੀਤੀ, ਉਨ੍ਹਾਂ ਲਈ ਇਹ ਜੋਖਮ 80% ਸੀ।
2023 ਵਿੱਚ, ਖੋਜਕਰਤਾਵਾਂ ਦੇ ਇੱਕ ਵੱਖਰੇ ਸਮੂਹ ਨੇ ਯੂਕੇ ਬਾਇਓਬੈਂਕ, ਜੋ ਕਿ ਜੈਨੇਟਿਕ ਅਤੇ ਡਾਕਟਰੀ ਜਾਣਕਾਰੀ ਦਾ ਇੱਕ ਵਿਸ਼ਾਲ ਭੰਡਾਰ ਹੈ, ਵਿੱਚ ਇੱਕ ਚੌਥਾਈ ਮਿਲੀਅਨ ਔਰਤਾਂ ਦੇ ਸਿਹਤ ਰਿਕਾਰਡਾਂ ਦਾ ਵਿਸ਼ਲੇਸ਼ਣ ਕੀਤਾ ਕਰਦੇ ਸਮੇਂ ਵੀ ਇਸੇ ਤਰ੍ਹਾਂ ਦੇ ਨਤੀਜੇ ਪ੍ਰਾਪਤ ਕੀਤੇ।
ਉਨ੍ਹਾਂ ਨੇ ਪਾਇਆ ਕਿ ਗਰਭ ਨਿਰੋਧਕ ਸ਼ੁਰੂ ਕਰਨ ਤੋਂ ਦੋ ਸਾਲ ਬਾਅਦ, ਜਿਨ੍ਹਾਂ ਔਰਤਾਂ ਨੇ ਗੋਲ਼ੀ ਦੀ ਵਰਤੋਂ ਕੀਤੀ ਸੀ, ਉਨ੍ਹਾਂ ਵਿੱਚ ਉਨ੍ਹਾਂ ਔਰਤਾਂ ਨਾਲੋਂ ਉਦਾਸ ਹੋਣ ਦੀ ਸੰਭਾਵਨਾ 71% ਜ਼ਿਆਦਾ ਸੀ ਜਿਨ੍ਹਾਂ ਨੇ ਕਦੇ ਗੋਲੀ ਦੀ ਵਰਤੋਂ ਨਹੀਂ ਕੀਤੀ ਸੀ।

ਤਸਵੀਰ ਸਰੋਤ, Getty Images
ਕੋਪਨਹੇਗਨ ਯੂਨੀਵਰਸਿਟੀ ਵਿੱਚ ਪ੍ਰਸੂਤੀ ਅਤੇ ਗਾਇਨੀਕੋਲੋਜੀ ਵਿੱਚ ਮਾਹਰ ਅਤੇ ਮੈਡੀਕਲ ਮਹਾਂਮਾਰੀ ਵਿਗਿਆਨੀ, ਓਜਵਿੰਡ ਲਿਡੇਗਾਰਡ ਨੇ ਉਸ ਡੈਨਿਸ਼ ਅਧਿਐਨ ਦੀ ਅਗਵਾਈ ਕੀਤੀ ਸੀ।
ਉਹ ਕਹਿੰਦੇ ਹਨ "ਇਨ੍ਹਾਂ ਉਤਪਾਦਾਂ ਦੀ ਵਰਤੋਂ ਸ਼ੁਰੂ ਕਰਨ ਅਤੇ ਫਿਰ ਤਣਾਅ ਦੇ ਲੱਛਣਾਂ ਦੇ ਵਿਕਾਸ ਦਰਮਿਆਨ ਇੱਕ ਠੋਸ ਅਸਥਾਈ ਸਬੰਧ ਹੈ।''
ਹਾਲਾਂਕਿ, ਇਹ ਦੋਵੇਂ ਅਧਿਐਨ "ਸਮੂਹਿਕ ਅਧਿਐਨ" ਸਨ, ਜਿਨ੍ਹਾਂ ਵਿੱਚ ਔਰਤਾਂ ਦੇ ਵੱਡੇ ਸਮੂਹਾਂ ਦੇ ਡੇਟਾ ਦਾ ਵਿਸ਼ਲੇਸ਼ਣ ਕਰਕੇ ਅਤੇ ਮੌਖਿਕ ਗਰਭ ਨਿਰੋਧਕ ਲੈਣ ਵਾਲੀਆਂ ਔਰਤਾਂ ਦੇ ਮਾਨਸਿਕ ਸਿਹਤ ਨਤੀਜਿਆਂ ਦੀ ਤੁਲਨਾ ਉਨ੍ਹਾਂ ਔਰਤਾਂ ਨਾਲ ਕੀਤੀ ਗਈ ਸੀ ਜੋ ਗੋਲ਼ੀਆਂ ਨਹੀਂ ਲੈ ਰਹੀਆਂ ਸਨ।
ਇਸਦਾ ਮਤਲਬ ਹੈ ਕਿ ਵਿਗਿਆਨੀ ਇਹ ਪਛਾਣਨ ਦੇ ਯੋਗ ਤਾਂ ਸਨ ਕਿ ਕੀ ਇਹਨਾਂ ਦੋ ਚੀਜ਼ਾਂ ਵਿਚਕਾਰ ਕੋਈ ਸਬੰਧ ਸੀ, ਪਰ ਇਹ ਪਤਾ ਨਹੀਂ ਲਗਾ ਸਕੇ ਕਿ ਇਸ ਦੇ ਕੀ ਕਾਰਨ ਅਤੇ ਪ੍ਰਭਾਵ ਸਨ।
ਮਿਸਾਲ ਵਜੋਂ, ਔਰਤਾਂ ਦੇ ਸਮੂਹਾਂ ਵਿੱਚ ਕੁਝ ਪਹਿਲਾਂ ਤੋਂ ਮੌਜੂਦ ਅੰਤਰ ਹੋ ਸਕਦੇ ਹਨ ਜੋ ਨਤੀਜਿਆਂ ਨੂੰ ਪ੍ਰਭਾਵਿਤ ਕਰਦੇ ਹਨ।
ਵੱਖੋ-ਵੱਖਰੇ ਨਤੀਜੇ

ਤਸਵੀਰ ਸਰੋਤ, Dempsey Ewan
ਇੰਝ ਜਾਪਦਾ ਹੈ ਕਿ ਕੁਝ ਅਧਿਐਨ, ਕੁਝ ਮਾਨਸਿਕ ਸਿਹਤ ਸਥਿਤੀਆਂ ਅਤੇ ਮੌਖਿਕ ਗਰਭ ਨਿਰੋਧਕ ਦੀ ਵਰਤੋਂ ਵਿਚਕਾਰ ਸਬੰਧ ਨੂੰ ਖਾਰਿਜ ਵੀ ਕਰਦੇ ਹਨ।
ਮਿਸਾਲ ਵਜੋਂ, ਜਦੋਂ ਓਹੀਓ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਹਿਲਾਂ ਹੋ ਚੁੱਕੇ 26 ਅਧਿਐਨਾਂ ਦੀ ਸਮੀਖਿਆ ਕੀਤੀ, ਤਾਂ ਉਨ੍ਹਾਂ ਨੂੰ ਪ੍ਰੋਜੈਸਟੋਜਨ-ਓਨਲੀ ਗਰਭ ਨਿਰੋਧਕ ਤਰੀਕਿਆਂ ਅਤੇ ਤਣਾਅ ਵਿਚਕਾਰ "ਘੱਟੋ-ਘੱਟ" ਸਿਰਫ਼ ਇੱਕ ਸਬੰਧ ਮਿਲਿਆ।
ਇਸ ਤੋਂ ਇਲਾਵਾ, ਸਵੀਡਨ ਵਿੱਚ ਦੋ ਕਲੀਨਿਕਲ ਅਜ਼ਮਾਇਸ਼ਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਕ੍ਰਮਵਾਰ 200 ਤੋਂ 340 ਔਰਤਾਂ ਸ਼ਾਮਲ ਸਨ। ਇਸ ਦੌਰਾਨ, ਖੋਜਕਰਤਾਵਾਂ ਨੇ ਸਿੱਟਾ ਕੱਢਿਆ ਕਿ ਸੰਯੁਕਤ ਗੋਲੀ ਨਾਲ ਤਣਾਅ ਜਾਂ ਮੂਡ ਸਵਿੰਗ ਦੀ ਸਥਿਤੀ 'ਤੇ ਮਾੜਾ ਪ੍ਰਭਾਵ ਨਹੀਂ ਪਿਆ ਸੀ।
ਦਿਲਚਸਪ ਗੱਲ ਇਹ ਹੈ ਕਿ ਕੁਝ ਖੋਜਾਂ ਦੇ ਅਨੁਸਾਰ, ਮੌਖਿਕ ਗਰਭ ਨਿਰੋਧਕਾਂ ਤੋਂ "ਬ੍ਰੇਕ" ਲੈਣਾ - ਜਿਵੇਂ ਕਿ ਕਈ ਕਿਸਮਾਂ ਦੀਆਂ ਸੰਯੁਕਤ ਗੋਲ਼ੀਆਂ ਖਾਂਦੇ ਸਮੇਂ ਹਰ ਮਹੀਨੇ ਸੱਤ ਦਿਨਾਂ ਲਈ ਇਨ੍ਹਾਂ ਦਾ ਸੇਵਨ ਬੰਦ ਕਰਨਾ ਜ਼ਰੂਰੀ ਹੁੰਦਾ ਹੈ ਜੋ ਮੂਡ ਨੂੰ ਵਿਗੜ ਸਕਦਾ ਹੈ।
2023 ਵਿੱਚ, ਆਸਟਰੀਆ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਗੋਲ਼ੀਆਂ ਲੈਣ ਵਾਲੀਆਂ 120 ਔਰਤਾਂ, ਜਿਨ੍ਹਾਂ ਵਿੱਚੋਂ ਕੁਝ ਲੰਬੇ ਸਮੇਂ ਤੋਂ ਗੋਲ਼ੀਆਂ ਲੈ ਰਹੀਆਂ ਸਨ, ਨੂੰ ਸ਼ਾਮਲ ਕੀਤਾ ਗਿਆ ਸੀ।
ਇਸ ਦੌਰਾਨ ਭਾਗੀਦਾਰਾਂ ਵਿੱਚੋਂ ਕੁਝ ਔਰਤਾਂ ਵਿਚ ਗੋਲ਼ੀ ਬੰਦ ਕਰਨ ਦੌਰਾਨ ਉਨ੍ਹਾਂ ਨੇ ਚਿੰਤਾ ਵਿੱਚ 7% ਵਾਧਾ ਮਹਿਸੂਸ ਕੀਤਾ, ਨਾਲ ਹੀ ਉਨ੍ਹਾਂ ਵਿੱਚ ਨਕਾਰਾਤਮਕ ਭਾਵਨਾਵਾਂ ਅਤੇ ਮਾਨਸਿਕ ਸਿਹਤ ਦੇ ਲੱਛਣਾਂ ਵਿੱਚ ਕ੍ਰਮਵਾਰ 13% ਅਤੇ 24% ਵਾਧਾ ਹੋਇਆ।

ਤਸਵੀਰ ਸਰੋਤ, Getty Images
ਬੇਲਿੰਦਾ ਪਲੈਟਜ਼ਰ, ਸਾਲਜ਼ਬਰਗ ਯੂਨੀਵਰਸਿਟੀ ਦੇ ਇੱਕ ਬੋਧਾਤਮਕ ਨਿਊਰੋਸਾਇੰਟਿਸਟ ਹਨ ਅਤੇ ਔਰਤਾਂ ਦੇ ਦਿਮਾਗ 'ਤੇ ਹਾਰਮੋਨਲ ਗਰਭ ਨਿਰੋਧਕਾਂ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਲਈ ਇੱਕ ਈਯੂ-ਫੰਡ ਪ੍ਰਾਪਤ ਪ੍ਰੋਜੈਕਟ ਦੀ ਅਗਵਾਈ ਕਰ ਰਹੇ ਹਨ।
ਉਹ ਕਹਿੰਦੇ ਹਨ ਕਿ "ਇਸ ਲਈ ਮਾਨਸਿਕ ਸਿਹਤ ਦੇ ਦ੍ਰਿਸ਼ਟੀਕੋਣ ਤੋਂ, ਗਰਭ ਨਿਰੋਧਕ ਉਪਭੋਗਤਾਵਾਂ ਲਈ ਇਸ ਦਾ ਲਗਾਤਾਰ ਉਪਯੋਗ ਵਧੇਰੇ ਲਾਭਦਾਇਕ ਹੋ ਸਕਦਾ ਹੈ।"
ਹਾਲਾਂਕਿ, ਪਲੈਟਜ਼ਰ ਇਸ ਤੱਥ ਤੋਂ ਵੀ ਇਨਕਾਰ ਨਹੀਂ ਕਰਦੇ ਕਿ ਕੁਝ ਔਰਤਾਂ ਅਜਿਹੀ ਗੋਲ਼ੀ ਖਾਣ ਮਗਰੋਂ ਮਾਨਸਿਕ ਤੌਰ 'ਤੇ ਬਦਤਰ ਮਹਿਸੂਸ ਕਰਦੀਆਂ ਹਨ, ਅਤੇ ਇਨ੍ਹਾਂ ਲੱਛਣਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
ਪਰ ਉਹ ਕਹਿੰਦੇ ਹਨ ਕਿ "ਇਹ ਔਰਤਾਂ ਦਾ ਇੱਕ ਛੋਟਾ ਜਿਹਾ ਪ੍ਰਤੀਸ਼ਤ ਹੈ।''
ਸਵੀਡਨ ਵਿੱਚ ਸਟਾਕਹੋਮ ਨੇੜੇ ਡੈਂਡਰੀਡ ਹਸਪਤਾਲ ਦੀ ਇੱਕ OBGYN (ਪ੍ਰਸੂਤੀ ਅਤੇ ਮਹਿਲਾ ਰੋਗ ਮਾਹਿਰ), ਹੇਲੇਨਾ ਕੋਪ ਕਲਨਰ ਕਹਿੰਦੇ ਹਨ ਕਿ ਮਾਨਸਿਕ ਸਿਹਤ ਦੀ ਸਥਿਤੀ ਨੂੰ ਅਕਸਰ ਵਿਅਕਤੀਗਤ ਤੌਰ 'ਤੇ ਮਾਪਿਆ ਜਾਂਦਾ ਹੈ, ਅਤੇ ਇਸਦਾ ਅਧਿਐਨ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।
ਉਹ ਕਹਿੰਦੇ ਹਨ ਕਿ ਇਸ ਤੋਂ ਇਲਾਵਾ, ਗੋਲ਼ੀਆਂ ਦੀਆਂ ਬਹੁਤ ਸਾਰੀਆਂ ਵੱਖ-ਵੱਖ ਕਿਸਮਾਂ ਹਨ (ਸੰਯੁਕਤ ਗੋਲੀ ਦੇ 30 ਤੋਂ ਵੱਧ ਬ੍ਰਾਂਡ ਮੌਜੂਦ ਹਨ), ਤਾਂ ਹੋ ਸਕਦਾ ਹੈ ਕਿ ਵਿਗਿਆਨੀ ਦੋ ਵੱਖ-ਵੱਖ ਪ੍ਰਕਾਰਾਂ ਦੀ ਤੁਲਨਾ ਕਰ ਰਹੇ ਹੋਣ, ਮਿਸਾਲ ਵਜੋਂ ਸੇਬ ਅਤੇ ਸੰਤਰੇ ਦੀ ਤੁਲਨਾ ਕਰਨਾ।
ਇਸ ਤੋਂ ਇਲਾਵਾ, ਵੱਖ-ਵੱਖ ਅਧਿਐਨਾਂ ਵਿੱਚ ਵੱਖ-ਵੱਖ ਤਰੀਕੇ ਵੀ ਅਪਣਾਏ ਜਾਂਦੇ ਹਨ।
ਬਿਟਜ਼ਰ ਕਹਿੰਦੇ ਹਨ ਕਿ ਖੋਜਕਰਤਾ ਆਪਣੇ ਅਧਿਐਨ ਦੇ ਅੰਤ ਵਿੱਚ ਜੋ ਦੇਖਦੇ ਹਨ, ਉਹ ਉਨ੍ਹਾਂ ਦੇ ਸਿੱਟਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਉਦਾਹਰਨ ਲਈ, ਡੈਨਿਸ਼ ਅਧਿਐਨ ਵਿੱਚ, "ਇਹ ਤੱਥ ਕਿ ਤੁਹਾਨੂੰ ਐਂਟੀ ਡਿਪ੍ਰੈਸੈਂਟਸ ਦਿੱਤੇ ਜਾਂਦੇ ਹਨ, ਜ਼ਰੂਰੀ ਨਹੀਂ ਕਿ ਉਹ ਤਣਾਅ ਦੇ ਇਲਾਜ ਲਈ ਹੀ ਦਿੱਤੇ ਗਏ ਹੋਣ, ਉਸ ਦੇ ਕੁਝ ਹੋਰ ਕਾਰਨ ਵੀ ਹੋ ਸਕਦੇ ਹਨ ਅਤੇ ਇਸ ਤਰ੍ਹਾਂ ਨਾਲ ਜੋ ਨਤੀਜੇ ਖੋਜ ਨੇ ਕੱਢੇ ਹਨ, ਉਨ੍ਹਾਂ ਵਿੱਚ ਦਿੱਕਤ ਹੈ।''
ਗੋਟੇਨਬਰਗ, ਸਵੀਡਨ ਵਿੱਚ ਰਹਿਣ ਵਾਲੇ ਇੱਕ ਡਾਕਟਰ ਸੋਫੀਆ ਜ਼ੇਟਰਮਾਰਕ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਨਿਰੀਖਣ ਅਧਿਐਨਾਂ ਤੋਂ ਕਾਰਨ-ਅਤੇ-ਪ੍ਰਭਾਵ ਦੇ ਸਬੰਧਾਂ ਨੂੰ ਸਾਬਤ ਕਰਨਾ ਵੀ ਮੁਸ਼ਕਲ ਹੁਣ ਹੈ, ਕਿਉਂਕਿ ਹੋਰ ਕਾਰਕ ਵੀ ਹੋ ਸਕਦੇ ਹਨ - ਜਿਵੇਂ ਕਿ ਜੈਨੇਟਿਕਸ ਅਤੇ ਵਾਤਾਵਰਣ ਸਬੰਧੀ ਕਾਰਨ - ਜੋ ਨਤੀਜਿਆਂ ਨੂੰ ਪ੍ਰਭਾਵਤ ਕਰ ਸਕਦੇ ਹਨ।
ਮਿਸਾਲ ਵਜੋਂ, ਜਦੋਂ ਉਨ੍ਹਾਂ ਨੇ ਰਾਸ਼ਟਰੀ ਸਵੀਡਿਸ਼ ਰਜਿਸਟਰੀ ਵਿੱਚ ਲਗਭਗ 10 ਲੱਖ ਔਰਤਾਂ ਦੇ ਸਿਹਤ ਰਿਕਾਰਡਾਂ ਦਾ ਵਿਸ਼ਲੇਸ਼ਣ ਕੀਤਾ, ਤਾਂ ਉਨ੍ਹਾਂ ਨੇ ਪਾਇਆ ਕਿ ਘੱਟ ਆਮਦਨੀ ਵਾਲੀਆਂ ਅਤੇ ਪਰਵਾਸੀ ਪਿਛੋਕੜ ਵਾਲੀਆਂ ਔਰਤਾਂ ਹਾਰਮੋਨਲ ਗਰਭ ਨਿਰੋਧਕ ਲੈਂਦੇ ਸਮੇਂ ਮੂਡ ਵਿੱਚ ਤਬਦੀਲੀਆਂ ਦਾ ਅਨੁਭਵ ਕਰਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਸਨ।
ਫਾਇਦਾ ਵੱਧ ਤੇ ਨੁਕਸਾਨ ਘੱਟ?

ਤਸਵੀਰ ਸਰੋਤ, Getty Images
ਲਿਡਗਾਰਡ, ਸਪਸ਼ਟ ਕਰਦੇ ਹਨ ਕਿ ਉਨ੍ਹਾਂ ਦੇ ਅਧਿਐਨ ਨੂੰ ਇੱਕ ਵਿਸ਼ਾਲ ਸੰਦਰਭ ਵਿੱਚ ਸਮਝਿਆ ਜਾਣਾ ਚਾਹੀਦਾ ਹੈ।
ਲਿਡਗਾਰਡ ਕਹਿੰਦੇ ਹਨ ਕਿ "ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਔਰਤਾਂ ਜੋ ਹਾਰਮੋਨਲ ਗਰਭ ਨਿਰੋਧਕ ਦੀ ਵਰਤੋਂ ਸ਼ੁਰੂ ਕਰਦੀਆਂ ਹਨ, ਉਨ੍ਹਾਂ ਦੀ ਮਾਨਸਿਕ ਸਿਹਤ ਵਿੱਚ ਗੰਭੀਰ ਬਦਲਾਅ ਆਉਂਦੇ ਹਨ।''
"ਹਾਲਾਂਕਿ, ਇਹ ਸਮਝਣਾ ਵੀ ਮਹੱਤਵਪੂਰਨ ਹੈ ਕਿ ਸਿਰਫ਼ 7 ਤੋਂ 8% ਔਰਤਾਂ ਨੂੰ ਹੀ ਇੰਨੀਆਂ ਗੰਭੀਰ ਮਨੋਵਿਗਿਆਨਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਨ੍ਹਾਂ ਨੂੰ ਆਪਣੀਆਂ ਦਵਾਈਆਂ ਲੈਣਾ ਬੰਦ ਕਰਨਾ ਪੈਂਦਾ ਹੈ... ਇਹ ਦਵਾਈਆਂ ਲੈਣ ਵਾਲੀਆਂ ਜ਼ਿਆਦਾਤਰ ਔਰਤਾਂ ਨੂੰ ਕੋਈ ਗੰਭੀਰ ਮਨੋਵਿਗਿਆਨਕ ਪਰੇਸ਼ਾਨੀ ਨਹੀਂ ਹੁੰਦੀ।"
ਬੇਸ਼ੱਕ, ਕੁਝ ਔਰਤਾਂ ਲਈ ਖਾਣ ਵਾਲੇ ਗਰਭ ਨਿਰੋਧਕ ਦੇ ਇੰਨੇ ਨੁਕਸਾਨ ਨਹੀਂ ਹੁੰਦੇ ਜਿੰਨਾ ਉਨ੍ਹਾਂ ਨੂੰ ਫਾਇਦਾ ਹੁੰਦਾ ਹੈ। ਪ੍ਰਭਾਵਸ਼ਾਲੀ ਢੰਗ ਨਾਲ ਗਰਭ ਨਿਰੋਧ ਪ੍ਰਦਾਨ ਕਰਨ ਤੋਂ ਇਲਾਵਾ, ਇਹ ਸੰਯੁਕਤ ਅਤੇ ਛੋਟੀ-ਗੋਲੀ ਦੇ ਕਈ ਹੋਰ ਸਕਾਰਾਤਮਕ ਸਰੀਰਕ ਪ੍ਰਭਾਵ ਵੀ ਹੋ ਸਕਦੇ ਹਨ।
ਕੂਪ ਕਾਲਨੇਰ ਕਹਿੰਦੇ ਹਨ ਕਿ "ਜੇਕਰ ਤੁਹਾਨੂੰ ਐਂਡੋਮੈਟਰੀਓਸਿਸ, ਭਾਰੀ ਖੂਨ ਵਗਣਾ ਜਾਂ PMDD [ਪ੍ਰੀਮੇਂਸਟਰੂਅਲ ਡਿਸਫੋਰਿਕ ਡਿਸਆਰਡਰ, PMS ਦਾ ਇੱਕ ਬਹੁਤ ਹੀ ਅਤੇ ਕਮਜ਼ੋਰ ਰੂਪ] ਹੈ, ਤਾਂ ਇਹ ਗੋਲ਼ੀ ਸੱਚਮੁੱਚ ਇਸਨੂੰ ਸੁਧਾਰਨ ਵਿੱਚ ਮਦਦ ਕਰ ਸਕਦੀ ਹੈ।''
ਗਰਭ ਅਵਸਥਾ ਵਿੱਚ ਵੀ ਸਿਹਤ ਨਾਲ ਜੁੜੀਆਂ ਕਈ ਮੁਸ਼ਕਿਲਾਂ ਹੋ ਸਕਦੀਆਂ ਹਨ, ਖਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਵਿੱਚ। ਇਸ ਦੌਰਾਨ, ਕਈ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਅਣਚਾਹੀ ਗਰਭ ਅਵਸਥਾ ਅਤੇ ਤਣਾਅ ਦੇ ਉੱਚ ਜੋਖਮ ਵਿਚਕਾਰ ਸਬੰਧ ਹੁੰਦਾ ਹੈ।
ਦਿਮਾਗ ਦੇ ਰਸਾਇਣ ਵਿੱਚ ਬਦਲਾਅ

ਤਸਵੀਰ ਸਰੋਤ, Getty Images
ਪਰ ਜਦੋਂ ਮਾਨਸਿਕ ਸਿਹਤ 'ਤੇ ਪ੍ਰਭਾਵਾਂ ਦੀ ਗੱਲ ਆਉਂਦੀ ਹੈ ਤਾਂ ਇਹ ਅਸਲ ਵਿੱਚ ਕਿਵੇਂ ਹੁੰਦਾ ਹੈ?
ਅਜਿਹੇ ਕਈ ਤਰੀਕੇ ਹੋ ਸਕਦੇ ਹਨ, ਜਿਨ੍ਹਾਂ ਨਾਲ ਗਰਭ ਨਿਰੋਧਕ ਗੋਲ਼ੀਆਂ ਔਰਤਾਂ ਦੇ ਮੂਡ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਗਰਭ ਨਿਰੋਧਕ ਗੋਲ਼ੀ ਦਾ ਇੱਕ ਮਾੜਾ ਪ੍ਰਭਾਵ ਇਹ ਹੈ ਕਿ ਇਹ ਕੁਦਰਤੀ ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਦੇ ਉਤਪਾਦਨ ਨੂੰ ਪ੍ਰਭਾਵਿਤ ਕਰਦੀ ਹੈ। ਇਹ ਉਹ ਹਾਰਮੋਨ ਹੁੰਦੇ ਹਨ, ਜੋ ਦਿਮਾਗ ਵਿੱਚ ਸ਼ਕਤੀਸ਼ਾਲੀ ਭੂਮਿਕਾ ਨਿਭਾਉਂਦੇ ਹਨ। ਅਤੇ ਨਾਲ ਹੀ ਦਿਮਾਗ ਵਿੱਚ ਖੂਨ ਦੇ ਪ੍ਰਵਾਹ, ਸੋਜਸ਼ ਅਤੇ ਸੰਕੇਤ ਪ੍ਰਾਪਤ ਕਰਨ ਨੂੰ ਨਿਯਮਤ ਕਰਨ ਸਮੇਤ ਨਿਊਰੋਪ੍ਰੋਟੈਕਟਿਵ ਪ੍ਰਭਾਵ ਵਿੱਚ ਵੀ ਸ਼ਾਮਲ ਹੁੰਦੇ ਹਨ।
ਇਸ ਦੀ ਬਜਾਏ, ਸੰਯੁਕਤ ਅਤੇ ਛੋਟੀਆਂ-ਗੋਲੀਆਂ ਦੇ ਨਾਲ-ਨਾਲ ਹਾਰਮੋਨ ਰਿਪਲੇਸਮੈਂਟ ਥੈਰੇਪੀ (ਐਚਆਰਟੀ) ਵਿੱਚ ਇਨ੍ਹਾਂ ਹਾਰਮੋਨਾਂ ਦੇ ਸਿੰਥੈਟਿਕ ਸੰਸਕਰਣ ਹੁੰਦੇ ਹਨ ਜੋ ਮਾਹਵਾਰੀ ਚੱਕਰ ਦੀ ਕੁਦਰਤੀ ਪ੍ਰਗਤੀ ਵਿੱਚ ਵਿਘਨ ਪਾਉਂਦੇ ਹਨ।
ਇਸ ਵਿੱਚ ਪ੍ਰੋਜੈਸਟਿਨ ਸ਼ਾਮਲ ਹਨ, ਜੋ ਕਿ ਨਕਲੀ ਪ੍ਰੋਜੈਸਟੋਜਨ ਹਾਰਮੋਨਾਂ ਦਾ ਇੱਕ ਸਮੂਹ ਹੈ ਜੋ ਕਈ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ, ਹਾਲਾਂਕਿ ਜ਼ਿਆਦਾਤਰ ਟੈਸਟੋਸਟੀਰੋਨ ਤੋਂ ਬਣੇ ਹੁੰਦੇ ਹਨ। ਨਾ ਤਾਂ ਸਿੰਥੈਟਿਕ ਐਸਟ੍ਰੋਜਨ ਅਤੇ ਨਾ ਹੀ ਪ੍ਰੋਜੈਸਟਿਨ, ਸਰੀਰ ਦੁਆਰਾ ਕੁਦਰਤੀ ਤੌਰ 'ਤੇ ਪੈਦਾ ਕੀਤੇ ਗਏ ਹਾਰਮੋਨਾਂ ਨਾਲ ਰਸਾਇਣਕ ਤੌਰ 'ਤੇ ਮੇਲ ਖਾਂਦੇ ਹਨ।
ਮੰਨਿਆ ਜਾਂਦਾ ਹੈ ਕਿ ਇਸਦੇ ਕਈ ਨਤੀਜੇ ਹਨ। ਇੱਕ ਇਹ ਹੈ ਕਿ, ਗਰਭ ਨਿਰੋਧਕ ਗੋਲ਼ੀ ਲੈਣ ਵਾਲੀਆਂ ਔਰਤਾਂ ਵਿੱਚ ਨਿਊਰੋਟ੍ਰਾਂਸਮੀਟਰ ਸੇਰੋਟੋਨਿਨ - ਜਿਸਨੂੰ ਅਕਸਰ ਦਿਮਾਗ ਦਾ ਕੁਦਰਤੀ "ਮੂਡ-ਬੂਸਟਰ" ਕਿਹਾ ਜਾਂਦਾ ਹੈ - ਨਾਲ ਜੁੜੇ ਰਸਤੇ ਵਿੱਚ ਵਿਘਨ ਪੈ ਸਕਦਾ ਹੈ।

ਤਸਵੀਰ ਸਰੋਤ, Getty Images
ਡੈਨਿਸ਼ ਖੋਜਕਰਤਾਵਾਂ ਦੇ ਇੱਕ ਸਮੂਹ ਨੇ ਇੱਕ ਅਧਿਐਨ ਵਿੱਚ ਸੇਰੋਟੋਨਿਨ ਪ੍ਰਣਾਲੀ ਦੀ ਗਤੀਵਿਧੀ ਦਾ ਮੁਲਾਂਕਣ ਕਰਨ ਲਈ 53 ਸਿਹਤਮੰਦ ਔਰਤਾਂ ਦੇ ਦਿਮਾਗ ਦੇ ਸਕੈਨ ਦਾ ਵਿਸ਼ਲੇਸ਼ਣ ਕੀਤਾ। ਇਨ੍ਹਾਂ ਔਰਤਾਂ ਵਿੱਚੋਂ 16 ਔਰਤਾਂ ਖਾਣ ਵਾਲੇ ਗਰਭ ਨਿਰੋਧਕ ਲੈ ਰਹੀਆਂ ਸਨ।
ਉਨ੍ਹਾਂ ਨੇ ਪਾਇਆ ਕਿ ਅਜਿਹੇ ਗਰਭ ਨਿਰੋਧਕ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਵਿੱਚ ਇੱਕ ਖਾਸ ਕਿਸਮ ਦੇ ਸੇਰੋਟੋਨਿਨ ਸਿਗਨਲਿੰਗ ਦਾ ਪੱਧਰ ਉਨ੍ਹਾਂ ਔਰਤਾਂ ਨਾਲੋਂ 9-12% ਘੱਟ ਸੀ, ਜੋ ਇਹ ਦਵਾਈਆਂ ਨਹੀਂ ਲੈ ਰਹੀਆਂ ਸਨ।
ਖੋਜਕਰਤਾਵਾਂ ਦਾ ਅੰਦਾਜ਼ਾ ਹੈ ਕਿ ਇਹ ਖਾਣ ਵਾਲੇ ਗਰਭ ਨਿਰੋਧਕਾਂ ਅਤੇ ਤਣਾਅ ਵਿਚਕਾਰ ਸਬੰਧ ਲਈ ਜ਼ਿੰਮੇਵਾਰ ਹੋ ਸਕਦਾ ਹੈ।
ਇਸ ਗੱਲ ਦੇ ਵੀ ਕੁਝ ਸਬੂਤ ਹਨ ਕਿ ਗਰਭ ਨਿਰੋਧਕ ਗੋਲਿਆਂ ਵਿੱਚ ਨਕਲੀ ਐਸਟ੍ਰੋਜਨ ਅਤੇ ਪ੍ਰੋਜੈਸਟਿਨ, ਐਲੋਪਰੇਗਨਾਨੋਲੋਨ ਦੇ ਉਤਪਾਦਨ ਵਿੱਚ ਵਿਘਨ ਪਾ ਸਕਦੇ ਹਨ। ਐਲੋਪਰੇਗਨਾਨੋਲੋਨ ਇੱਕ ਹੋਰ ਹਾਰਮੋਨ ਹੁੰਦਾ ਹੈ ਜੋ ਦਿਮਾਗ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ - ਖਾਸ ਕਰਕੇ ਮੂਡ ਨੂੰ ਠੀਕ ਰੱਖਣ ਅਤੇ ਸਰੀਰ ਦੀ ਤਣਾਅ ਪ੍ਰਤੀ ਪ੍ਰਤੀਕਿਰਿਆ ਵਿੱਚ।
2019 ਵਿੱਚ ਅਮਰੀਕਾ ਵਿੱਚ ਇਸ ਹਾਰਮੋਨ ਦੇ ਇੱਕ ਫਾਰਮਾਸਿਊਟੀਕਲ ਸੰਸਕਰਣ ਨੂੰ ਪੋਸਟਪਾਰਟਮ ਡਿਪਰੈਸ਼ਨ (ਮਾਂ ਬਣਨ ਤੋਂ ਬਾਅਦ ਹੋਣ ਵਾਲਾ ਤਣਾਅ) ਦੇ ਇਲਾਜ ਲਈ ਮਨਜ਼ੂਰੀ ਦਿੱਤੀ ਗਈ ਸੀ।
ਜਿਹੜੀਆਂ ਔਰਤਾਂ ਨਕਲੀ ਸੈਕਸ ਹਾਰਮੋਨ ਨਹੀਂ ਲੈਂਦੀਆਂ, ਉਨ੍ਹਾਂ ਵਿੱਚ ਪ੍ਰੋਜੇਸਟ੍ਰੋਨ, ਐਲੋਪ੍ਰੈਗਨਾਨੋਲੋਨ ਵਿੱਚ ਬਦਲ ਸਕਦਾ ਹੈ। ਪਰ ਮੰਨਿਆ ਜਾਂਦਾ ਹੈ ਕਿ ਗਰਭ ਨਿਰੋਧਕ ਗੋਲ਼ੀ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਵਿੱਚ ਇਸ ਪ੍ਰਕਿਰਿਆ ਵਿੱਚ ਵਿਘਨ ਪੈਂਦਾ ਹੈ: ਪ੍ਰੋਜੇਸਟ੍ਰੋਨ ਐਲੋਪ੍ਰੈਗਨਾਨੋਲੋਨ ਵਿੱਚ ਨਹੀਂ ਟੁੱਟਦੇ, ਭਾਵ ਉਹ ਔਰਤਾਂ ਇਸਦੇ ਕੁਝ ਚਿੰਤਾ-ਵਿਰੋਧੀ ਅਤੇ ਐਂਟੀ ਡਿਪ੍ਰੈਸੈਂਟ ਪ੍ਰਭਾਵਾਂ ਤੋਂ ਖੁੰਝ ਸਕਦੀਆਂ ਹਨ।
ਚੂਹਿਆਂ 'ਤੇ ਕੀਤੇ ਅਧਿਐਨ ਵਿੱਚ ਕੀ ਪਤਾ ਲੱਗਿਆ

ਤਸਵੀਰ ਸਰੋਤ, Getty Images
ਚੂਹਿਆਂ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਖਾਣ ਵਾਲੀਆਂ ਗਰਭ ਨਿਰੋਧਕ ਗੋਲ਼ੀਆਂ ਲੈਣ ਵਾਲਿਆਂ ਦੇ ਦਿਮਾਗ ਵਿੱਚ ਐਲੋਪ੍ਰੈਗਨਾਨੋਲੋਨ ਦਾ ਗਾੜ੍ਹਾਪਣ ਘੱਟ ਸੀ।
ਚੂਹਿਆਂ 'ਤੇ ਹੀ ਕੀਤੇ ਗਏ ਇੱਕ ਹੋਰ ਅਧਿਐਨ ਵਿੱਚ ਪਾਇਆ ਗਿਆ ਕਿ ਇਸ ਨਾਲ ਸਮਾਜਿਕ ਵਿਵਹਾਰ ਅਤੇ ਜਿਨਸੀ ਰੁਚੀਆਂ ਵਿੱਚ ਕਮੀ ਆਈ ਸੀ।
ਇਨ੍ਹਾਂ ਅਧਿਐਨਾਂ ਦੇ ਲੇਖਕਾਂ ਦਾ ਮੰਨਣਾ ਹੈ ਕਿ ਇਸ ਸਾਰੇ ਮਾੜੇ ਪ੍ਰਭਾਵ ਮੌਖਿਕ ਗਰਭ ਨਿਰੋਧਕ ਲੈਣ ਵਾਲੀਆਂ ਔਰਤਾਂ ਨਾਲ ਸੰਬੰਧਿਤ ਹੋ ਸਕਦੇ ਹਨ। ਹਾਲਾਂਕਿ, ਜਾਨਵਰਾਂ ਦੇ ਅਧਿਐਨਾਂ ਦੇ ਨਤੀਜੇ ਹਮੇਸ਼ਾ ਮਨੁੱਖਾਂ ਵਿੱਚ ਉਸੇ ਤਰ੍ਹਾਂ ਸਾਹਮਣੇ ਆਉਣ, ਇਹ ਜ਼ਰੂਰੀ ਨਹੀਂ ਹੁੰਦਾ।
ਇੱਕ ਹੋਰ ਗੱਲ ਜੋ ਇਸ ਮਾਮਲੇ ਨੂੰ ਹੋਰ ਵੀ ਮਾੜਾ ਬਣਾ ਦਿੰਦੀ ਹੈ ਉਹ ਇਹ ਹੈ ਕਿ ਅਜਿਹੀ ਗੋਲ਼ੀ ਇੱਕ ਔਰਤ ਦੀ ਤਣਾਅ ਵਾਲੀ ਪ੍ਰਤੀਕ੍ਰਿਆ ਨੂੰ ਬਦਤਰ ਕਰ ਸਕਦੀ ਹੈ। ਇਹ ਸੰਭਵ ਤੌਰ 'ਤੇ ਔਰਤ ਨੂੰ ਚਿੰਤਾ ਅਤੇ ਉਦਾਸੀ ਵੱਲ ਲੈ ਕੇ ਜਾ ਸਕਦੀ ਹੈ।
ਹਿਲ ਦੱਸਦੇ ਹਨ ਕਿ "ਖੋਜਕਰਤਾਵਾਂ ਨੇ ਜੋ ਪਾਇਆ ਹੈ ਉਹ ਇਹ ਹੈ ਕਿ ਤੁਹਾਨੂੰ ਤਣਾਅ ਪ੍ਰਤੀ ਕੋਰਟੀਸੋਲ ਪ੍ਰਤੀਕ੍ਰਿਆ ਦਾ ਇੱਕ ਧੁੰਦਲਾਪਣ ਮਿਲਦਾ ਹੈ ਜੋ ਜ਼ਿਆਦਾਤਰ ਕੁਦਰਤੀ ਤੌਰ 'ਤੇ ਸਾਈਕਲ ਚਲਾਉਣ ਵਾਲੀਆਂ ਔਰਤਾਂ ਅਨੁਭਵ ਕਰਦੀਆਂ ਹਨ।"
"ਜੇ ਕੋਰਟੀਸੋਲ ਨਹੀਂ ਤਾਂ ਚਿੰਤਾ ਨਹੀਂ - ਸੁਣਨ ਵਿੱਚ ਇਹ ਗੱਲ ਚੰਗੀ ਲੱਗ ਸਕਦੀ ਹੈ। ਪਰ ਅਸਲ ਵਿੱਚ ਇਹ ਇਸ ਤਰ੍ਹਾਂ ਕੰਮ ਨਹੀਂ ਕਰਦਾ - ਕੋਰਟੀਸੋਲ ਖੁਦ ਤਣਾਅ ਪੈਦਾ ਨਹੀਂ ਕਰ, ਇਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸਾਡਾ ਸਰੀਰ ਤਣਾਅ ਨਾਲ ਸਿੱਝਣ ਅਤੇ ਠੀਕ ਹੋਣ ਵਿੱਚ ਮਦਦ ਕਰਦਾ ਹੈ।"
ਛੋਟੀ ਉਮਰ ਵਾਲੀਆਂ ਕੁੜੀਆਂ ਲਈ ਜੋਖਮ

ਤਸਵੀਰ ਸਰੋਤ, Getty Images
ਖਾਸ ਤੌਰ 'ਤੇ ਇੱਕ ਸਮੂਹ ਜਿਸ ਬਾਰੇ ਲਿਡੇਗਾਰਡ ਚਿੰਤਤ ਹਨ : ਉਹ ਹਨ ਕਿਸ਼ੋਰ ਜਾਂ ਛੋਟੀ ਉਮਰ ਵਾਲੀਆਂ ਕੁੜੀਆਂ।
ਉਨ੍ਹਾਂ ਦੇ ਅਧਿਐਨ ਤੋਂ ਪਤਾ ਲੱਗਿਆ ਹੈ ਕਿ 15 ਤੋਂ 19 ਸਾਲ ਦੀ ਉਮਰ ਦੀਆਂ ਕੁੜੀਆਂ ਵਿੱਚ ਸੰਯੁਕਤ ਗੋਲੀ ਸ਼ੁਰੂ ਕਰਨ ਤੋਂ ਬਾਅਦ ਡਾਕਟਰ ਵੱਲੋਂ ਐਂਟੀ ਡਿਪ੍ਰੈਸੈਂਟ ਲੈਣ ਦੀ ਸਲਾਹ ਮਿਲਣ ਦੀ ਸੰਭਾਵਨਾ ਜ਼ਿਆਦਾ ਸੀ। ਇਹ ਸੰਭਾਵਨਾ ਗੌਲ਼ੀ ਨਾ ਲੈਣ ਵਾਲੀਆਂ ਕੁੜੀਆਂ ਦੇ ਮੁਕਾਬਲੇ ਲਗਭਗ ਦੁੱਗਣੀ (1.8 ਗੁਣਾ) ਸੀ।
ਇਸੇ ਤਰ੍ਹਾਂ, ਮਿੰਨੀ-ਗੋਲੀ ਲੈਣ ਵਾਲੀਆਂ ਲਈ ਜੋਖਮ ਦੁੱਗਣੇ ਤੋਂ ਵੀ ਵੱਧ ਸੀ (ਇਸ ਸਮੂਹ ਵਿੱਚ ਗੋਲੀ ਨਾ ਲੈਣ ਵਾਲਿਆਂ ਨਾਲੋਂ ਐਂਟੀ ਡਿਪ੍ਰੈਸੈਂਟਸ ਦਿੱਤੇ ਜਾਣ ਦੀ ਸੰਭਾਵਨਾ 2.2 ਗੁਣਾ ਜ਼ਿਆਦਾ ਸੀ)।
ਜ਼ੇਟਰਮਾਰਕ ਦੇ ਅਧਿਐਨ ਵਿੱਚ ਵੀ ਪਾਇਆ ਗਿਆ ਕਿ ਕਿਸ਼ੋਰ ਕੁੜੀਆਂ ਨੇ ਹਾਰਮੋਨਲ ਗਰਭ ਨਿਰੋਧਕਾਂ ਅਤੇ ਐਂਟੀ ਡਿਪ੍ਰੈਸੈਂਟ ਅਤੇ ਚਿੰਤਾ-ਰੋਕੂ ਦਵਾਈਆਂ ਦੀ ਵਰਤੋਂ ਵਿਚਕਾਰ ਸਭ ਤੋਂ ਮਜ਼ਬੂਤ ਸਬੰਧ ਪ੍ਰਦਰਸ਼ਿਤ ਕੀਤਾ।
ਉਨ੍ਹਾਂ ਦੇ ਅਧਿਐਨ ਮੁਤਾਬਕ, 12 ਤੋਂ 14 ਸਾਲ ਦੀ ਉਮਰ ਦੀਆਂ ਕੁੜੀਆਂ ਨੂੰ ਸੰਯੁਕਤ ਗੋਲੀ ਅਤੇ ਮਿੰਨੀ-ਗੋਲੀ ਸ਼ੁਰੂ ਕਰਨ ਦੇ ਇੱਕ ਸਾਲ ਦੇ ਅੰਦਰ ਕ੍ਰਮਵਾਰ 240% ਅਤੇ 190% ਜ਼ਿਆਦਾ ਦਵਾਈਆਂ ਲਿਖੇ ਜਾਣ ਦੀ ਸੰਭਾਵਨਾ ਸੀ; ਜੇਕਰ ਉਹ ਕੁੜੀਆਂ 15 ਤੋਂ 17 ਸਾਲ ਦੇ ਵਿਚਕਾਰ ਸਨ ਤਾਂ ਇਹ ਸੰਭਾਵਨਾ 52% ਅਤੇ 83% ਸੀ।
ਇੱਕ ਹੋਰ ਅਧਿਐਨ ਵਿੱਚ, ਯੂਕੇ ਬਾਇਓਬੈਂਕ ਨਾਲ ਜੁੜੀਆਂ 264,557 ਔਰਤਾਂ ਦੇ ਅੰਕੜਿਆਂ ਦੇ ਆਧਾਰ 'ਤੇ, ਖੋਜਕਰਤਾਵਾਂ ਨੇ ਪਾਇਆ ਕਿ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਿਸੇ ਸਮੇਂ ਵੀ ਮੌਖਿਕ ਗਰਭ ਨਿਰੋਧਕ ਲਏ ਸਨ, ਉਨ੍ਹਾਂ ਨੂੰ ਆਪਣੇ ਜੀਵਨ ਕਾਲ ਵਿੱਚ ਉਦਾਸੀ ਹੋਣ ਦਾ ਜੋਖਮ ਵਧੇਰੇ ਸੀ, ਪਰ ਇਹ ਜੋਖਮ ਵਰਤੋਂ ਦੇ ਪਹਿਲੇ ਦੋ ਸਾਲਾਂ ਦੌਰਾਨ ਸਭ ਤੋਂ ਵੱਧ ਸਪਸ਼ਟ ਸੀ।
ਪਹਿਲਾਂ ਤੋਂ ਤਣਾਅ ਦੀ ਪਰੇਸ਼ਾਨੀ ਵਾਲਿਆਂ ਲਈ ਕੀ ਖਤਰਾ

ਤਸਵੀਰ ਸਰੋਤ, Getty Images
ਕਿਸ਼ੋਰਾਂ ਤੋਂ ਇਲਾਵਾ, ਇੱਕ ਹੋਰ ਸਮੂਹ ਹੈ ਜਿਨ੍ਹਾਂ ਲਈ ਬਹੁਤ ਸਾਰੇ ਡਾਕਟਰ ਮੌਖਿਕ ਗਰਭ ਨਿਰੋਧਕ ਲਿਖਣ ਤੋਂ ਸਾਵਧਾਨ ਰਹਿੰਦੇ ਹਨ।
ਕੋਪ ਕਾਲਨਰ ਚੇਤਾਵਨੀ ਦਿੰਦੇ ਹਨ ਕਿ "ਜੇ ਤੁਸੀਂ ਪਹਿਲਾਂ ਹੀ ਤਣਾਅ ਵਿੱਚ ਰਹੇ ਹੋ, ਵਾਰ-ਵਾਰ ਚਿੰਤਾ ਕਰਦੇ ਹੋ, ਜਾਂ ਕੋਈ ਮਾਨਸਿਕ ਸਮੱਸਿਆ ਹੈ, ਤਾਂ ਤੁਹਾਨੂੰ ਅਜਿਹੀ ਗੋਲ਼ੀ ਨਾਲ ਤਣਾਅ ਵਧਣ ਦਾ ਜੋਖਮ ਵੱਧ ਹੈ।''
ਕੋਪ ਕਾਲਨਰ ਵਰਗੇ ਮਾਹਰ ਕਹਿੰਦੇ ਹਨ ਕਿ ਸਵੈ-ਜਾਗਰੂਕਤਾ ਸਭ ਤੋਂ ਮੁੱਖ ਹੈ - ਜਦੋਂ ਤੁਸੀਂ ਪਹਿਲੀ ਵਾਰ ਗੋਲ਼ੀ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਕੁਝ ਮਹੀਨਿਆਂ ਲਈ ਆਪਣੇ ਮੂਡ ਦੀ ਨਿਗਰਾਨੀ ਕਰਨੀ ਚਾਹੀਦੀ ਹੈ, ਜਾਂ ਇੱਕ ਬ੍ਰਾਂਡ ਤੋਂ ਦੂਜੇ ਬ੍ਰਾਂਡ ਦਾ ਇਸਤੇਮਾਲ ਕਰਕੇ ਦੇਖਣਾ ਚਾਹੀਦਾ ਹੈ।
ਉਹ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਇਸ ਬਾਰੇ ਚਿੰਤਾਵਾਂ ਹਨ ਕਿ ਤੁਹਾਡਾ ਗਰਭ ਨਿਰੋਧਕ ਤੁਹਾਡੇ ਮੂਡ ਨੂੰ ਕਿਵੇਂ ਪ੍ਰਭਾਵਤ ਕਰ ਰਿਹਾ ਹੈ, ਤਾਂ ਆਪਣੇ ਡਾਕਟਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ।
ਬਿਟਜ਼ਰ ਕਹਿੰਦੇ ਹਨ ਕਿ ਬਹੁਤ ਸਾਰੀਆਂ ਵੱਖ-ਵੱਖ ਕਿਸਮਾਂ ਦੇ ਪ੍ਰੋਜੈਸਟਿਨ ਹਨ ਅਤੇ ਨਕਲੀ ਐਸਟ੍ਰੋਜਨ ਨਾਲ ਇਨ੍ਹਾਂ ਦੇ ਕਈ ਤਰ੍ਹਾਂ ਦੇ ਸੁਮੇਲ ਹਨ, ਵੱਖ-ਵੱਖ ਤਰ੍ਹਾਂ ਦੀਆਂ ਖੁਰਾਕਾਂ ਹਨ ਅਤੇ ਅਜਿਹੀ ਸਥਿਤੀ ਵਿੱਚ ''ਇਹ ਇੱਕ ਕਲਾ ਹੈ'' ਕਿ ਤੁਸੀਂ ਆਪਣੇ ਲਈ ਸਭ ਤੋਂ ਸਹੀ ਗੋਲ਼ੀ ਦੀ ਚੋਣ ਕਰੋਂ। ''ਇਹ ਆਪਣਾ ਇਲਾਜ ਖੁਦ ਕਰਨ ਵਾਲੀ ਗੱਲ ਹੈ।''
ਹਾਲਾਂਕਿ, ਕਈ ਹੋਰ ਕਿਸਮਾਂ ਦੇ ਗਰਭ ਨਿਰੋਧਕ ਉਪਲੱਬਧ ਹਨ ਜਿਨ੍ਹਾਂ ਵਿੱਚ ਜਾਂ ਤਾਂ ਹਾਰਮੋਨ ਸ਼ਾਮਲ ਨਹੀਂ ਹੁੰਦੇ ਜਾਂ ਮੌਖਿਕ ਗਰਭ ਨਿਰੋਧਕਾਂ ਨਾਲੋਂ ਘੱਟ ਹੁੰਦੇ ਹਨ, ਜਿਸ ਵਿੱਚ ਮਰਦ ਅਤੇ ਔਰਤ ਕੰਡੋਮ (ਜੋ ਕਿ ਜਿਨਸੀ ਤੌਰ 'ਤੇ ਸੰਚਾਰਿਤ ਬਿਮਾਰੀਆਂ ਤੋਂ ਬਚਾਅ ਵਿੱਚ ਵੀ ਮਦਦ ਕਰ ਸਕਦੇ ਹਨ), ਵਜਾਇਨਲ ਰਿੰਗ, ਆਈਯੂਐਸ (ਹਾਰਮੋਨਲ ਕੋਇਲ), ਆਈਯੂਡੀ (ਤਾਂਬੇ ਦਾ ਕੋਇਲ), ਅਤੇ ਨਸਬੰਦੀ ਸ਼ਾਮਲ ਹਨ।
ਹਿੱਲ ਮੁਤਾਬਕ, ਗਰਭ ਨਿਰੋਧਕ ਬਦਲਣਾ ਉਨ੍ਹਾਂ ਲਈ ਜੀਵਨ-ਬਦਲਣ ਵਾਲਾ ਸੀ।
ਉਹ ਸਲਾਹ ਦਿੰਦੇ ਹਨ ਕਿ "ਗਰਭ ਅਵਸਥਾ ਸੁਰੱਖਿਆ ਦਾ ਇੱਕ ਅਜਿਹਾ ਢੰਗ ਲੱਭਣ ਲਈ ਸਮਾਂ ਕੱਢੋ ਜੋ ਤੁਹਾਨੂੰ ਉਸ ਵਿਅਕਤੀ ਵਾਂਗ ਮਹਿਸੂਸ ਕਰਵਾਏ ਜੋ ਤੁਸੀਂ ਬਣਨਾ ਚਾਹੁੰਦੇ ਹੋ। ਸਮੇਂ, ਧੀਰਜ ਅਤੇ ਆਪਣੇ ਖੁਦ ਦੇ ਪ੍ਰਤੀ ਨਰਮੀ ਵਰਤਦੇ ਹੋਏ ਤੁਸੀਂ ਕੁਝ ਅਜਿਹਾ ਲੱਭ ਸਕੋਗੇ ਜੋ ਤੁਹਾਡੇ ਲਈ ਕੰਮ ਕਰਦਾ ਹੈ।"
* ਇਸ ਲੇਖ ਵਿੱਚ ਸਾਰੀ ਜਾਣਕਾਰੀ ਸਿਰਫ ਆਮ ਜਾਣਕਾਰੀ ਲਈ ਦਿੱਤੀ ਗਈ ਹੈ ਅਤੇ ਇਸਨੂੰ ਕਿਸੇ ਡਾਕਟਰ ਜਾਂ ਹੋਰ ਸਿਹਤ ਸੰਭਾਲ ਪੇਸ਼ੇਵਰ ਦੀ ਡਾਕਟਰੀ ਸਲਾਹ ਦੇ ਬਦਲ ਵਜੋਂ ਨਹੀਂ ਮੰਨਿਆ ਜਾਣਾ ਚਾਹੀਦਾ। ਇਸ ਸਾਈਟ ਦੀ ਸਮੱਗਰੀ ਦੇ ਆਧਾਰ 'ਤੇ ਕਿਸੇ ਵੀ ਉਪਭੋਗਤਾ ਦੁਆਰਾ ਕੀਤੇ ਗਏ ਕਿਸੇ ਵੀ ਨਿਦਾਨ ਲਈ ਬੀਬੀਸੀ ਜ਼ਿੰਮੇਵਾਰ ਜਾਂ ਜਵਾਬਦੇਹ ਨਹੀਂ ਹੈ। ਬੀਬੀਸੀ, ਸੂਚੀਬੱਧ ਕਿਸੇ ਵੀ ਬਾਹਰੀ ਇੰਟਰਨੈਟ ਸਾਈਟ ਦੀ ਸਮੱਗਰੀ ਲਈ ਜਵਾਬਦੇਹ ਨਹੀਂ ਹੈ, ਅਤੇ ਨਾ ਹੀ ਇਹ ਕਿਸੇ ਵੀ ਸਾਈਟ 'ਤੇ ਜ਼ਿਕਰ ਕੀਤੇ ਜਾਂ ਸਲਾਹ ਦਿੱਤੇ ਗਏ ਕਿਸੇ ਵਪਾਰਕ ਉਤਪਾਦ ਜਾਂ ਸੇਵਾ ਦਾ ਸਮਰਥਨ ਕਰਦਾ ਹੈ। ਜੇਕਰ ਤੁਸੀਂ ਆਪਣੀ ਸਿਹਤ ਬਾਰੇ ਕਿਸੇ ਵੀ ਤਰ੍ਹਾਂ ਚਿੰਤਤ ਹੋ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












