ਕੈਂਸਰ ਦੇ ਮਾਮਲੇ ਨੌਜਵਾਨਾਂ ਵਿੱਚ ਲਗਾਤਾਰ ਵਧ ਰਹੇ ਹਨ, ਆਖ਼ਰ ਕੀ ਹੈ ਕਾਰਨ

ਲੁਇਸਾ

ਤਸਵੀਰ ਸਰੋਤ, Luisa Toscano

ਤਸਵੀਰ ਕੈਪਸ਼ਨ, ਦੋ ਬੱਚਿਆਂ ਦੀ ਮਾਂ ਲੁਇਸਾ ਨੂੰ 38 ਸਾਲ ਦੀ ਉਮਰ ਵਿੱਚ ਛਾਤੀ ਦੇ ਕੈਂਸਰ ਬਾਰੇ ਪਤਾ ਲੱਗਾ ਸੀ
    • ਲੇਖਕ, ਲੁਇਸ ਬੁਰੂਚੋ
    • ਰੋਲ, ਬੀਬੀਸੀ ਪੱਤਰਕਾਰ

ਜਦੋਂ ਲੁਇਸਾ ਟੋਸਕਾਨੋ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਛਾਤੀ ਦਾ ਕੈਂਸਰ ਹੈ, ਤਾਂ ਉਹ ਹੈਰਾਨ ਰਹਿ ਗਏ।

ਬ੍ਰਾਜ਼ੀਲ ਵਿੱਚ ਰਹਿਣ ਵਾਲੀ ਦੋ ਬੱਚਿਆਂ ਦੀ 38 ਸਾਲਾ ਮਾਂ ਟੋਸਕਾਨੋ ਕਹਿੰਦੇ ਹਨ, "ਇਹ ਅਚਾਨਕ ਵਾਪਰਿਆ। ਮੈਂ ਜਵਾਨ, ਸਿਹਤਮੰਦ, ਤੰਦਰੁਸਤ ਸੀ ਅਤੇ ਕੋਈ ਜੋਖ਼ਮ ਵਾਲਾ ਕਾਰਕ ਨਹੀਂ ਸੀ। ਇਹ ਮੇਰੇ ਨਾਲ ਨਹੀਂ ਹੋਣਾ ਚਾਹੀਦਾ ਸੀ। ਮੈਨੂੰ ਭਰੋਸਾ ਹੀ ਨਹੀਂ ਹੋ ਰਿਹਾ ਸੀ। ਕੈਂਸਰ ਮੇਰੀ ਹਕੀਕਤ ਤੋਂ ਬਹੁਤ ਪਰੇ ਸੀ।"

ਲੁਇਸਾ ਨੂੰ ਮਾਰਚ 2024 ਵਿੱਚ ਸਟੇਜ-3 ਦਾ ਕੈਂਸਰ ਹੋਣ ਬਾਰੇ ਪਤਾ ਲੱਗਾ ਸੀ, ਇਸ ਦਾ ਮਤਲਬ ਹੈ ਕਿ ਉਹ ਪਹਿਲਾਂ ਤੋਂ ਐਡਵਾਂਸ ਸਟੇਜ ʼਤੇ ਸੀ।

ਉਨ੍ਹਾਂ ਦੀ ਸਾਢੇ ਚਾਰ ਮਹੀਨਿਆਂ ਤੋਂ ਵੱਧ ਕੀਮੋਥੈਰੇਪੀ ਚੱਲੀ, ਉਸ ਤੋਂ ਬਾਅਦ ਉਨ੍ਹਾਂ ਦੀ ਛਾਤੀ ਦਾ ਕੁਝ ਹਿੱਸਾ ਹਟਾਉਣ ਲਈ ਸਰਜਰੀ ਵੀ ਕੀਤੀ ਗਈ ਅਤੇ ਫਿਰ ਰੇਡੀਓਥੈਰੇਪੀ ਹੋਈ।

ਲੁਇਸਾ ਨੇ ਅਗਸਤ ਵਿੱਚ ਆਪਣਾ ਇਲਾਜ ਪੂਰਾ ਕੀਤਾ, ਪਰ ਅਜੇ ਵੀ ਕੈਂਸਰ ਨੂੰ ਵਾਪਸ ਆਉਣ ਤੋਂ ਰੋਕਣ ਲਈ ਦਵਾਈ ਲੈਣ ਦੀ ਜ਼ਰੂਰਤ ਹੈ।

ਉਹ ਯਾਦ ਕਰਦੇ ਹਨ, "ਕੀਮੋਥੈਰੇਪੀ ਦੀ ਡੋਜ਼ ਕਾਫੀ ਜ਼ਿਆਦਾ ਸੀ, ਪਰ ਮੇਰੇ ਸਰੀਰ ਨੇ ਸਾਥ ਦਿੱਤਾ। ਜਿਸਦਾ ਸਿਹਰਾ ਮੈਂ ਸਰਗਰਮ ਰਹਿਣ ਅਤੇ ਇੱਕ ਜਵਾਨ, ਲਚਕੀਲਾ ਸਰੀਰ ਹੋਣ ਨੂੰ ਦਿੰਦੀ ਹਾਂ। ਫਿਰ ਸਰਜਰੀ ਹੋਈ। "

"ਸ਼ੁਕਰ ਹੈ, ਮੈਨੂੰ ਮੇਰੀ ਸਾਰੀ ਛਾਤੀ ਨਹੀਂ ਹਟਾਉਣੀ ਪਈ। ਸਭ ਤੋਂ ਔਖਾ ਸੀ ਮੇਰੇ ਵਾਲਾਂ ਦਾ ਜਾਣਾ। ਇਹ ਸਭ ਬਹੁਤ ਜਲਦੀ ਅਤੇ ਤੀਬਰਤਾ ਨਾਲ ਹੋਇਆ। ਜਦੋਂ ਮੈਂ ਸ਼ੀਸ਼ਾ ਦੇਖਦੀ ਸੀ, ਤਾਂ ਮੈਂ ਡਰ ਜਾਂਦੀ ਸੀ ਅਤੇ ਇਸ ਦਾ ਮੇਰੇ ਬੱਚਿਆਂ 'ਤੇ ਵੀ ਅਸਰ ਪੈਂਦਾ ਸੀ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਲੁਇਸਾ ਦੀ ਕਹਾਣੀ ਵਿਲੱਖਣ ਨਹੀਂ ਹੈ ਸਗੋਂ ਇੱਕ ਵਧ ਰਹੇ ਵਿਸ਼ਵਵਿਆਪੀ ਰੁਝਾਨ ਨੂੰ ਉਜਾਗਰ ਕਰਦੀ ਹੈ ਕਿ ਜ਼ਿਆਦਾ ਨੌਜਵਾਨਾਂ ਨੂੰ ਕੈਂਸਰ ਦਾ ਪਤਾ ਲੱਗ ਰਿਹਾ ਹੈ ਤੇ ਉਹ ਵੀ ਅਕਸਰ ਬਿਮਾਰੀ ਦੇ ਕਿਸੇ ਪਰਿਵਾਰਕ ਇਤਿਹਾਸ ਤੋਂ ਬਿਨਾਂ।

ਜੈਵਿਕ, ਵਾਤਾਵਰਣ ਅਤੇ ਜੀਵਨ ਸ਼ੈਲੀ ਦੇ ਕਾਰਕਾਂ ਦੇ ਕਾਰਨ ਵੱਡੀ ਉਮਰ ਦੇ ਲੋਕਾਂ ਵਿੱਚ ਕੈਂਸਰ ਵਧੇਰੇ ਆਮ ਹੈ, ਉਦਾਹਰਨ ਵਜੋਂ, ਉਮਰ ਵਧਣ ਨਾਲ ਸੈੱਲਾਂ ਦੀ ਵੰਡ ਵੱਧਦੀ ਹੈ ਜਿਸ ਨਾਲ ਮਿਊਟੇਸ਼ਨ (ਸੈੱਲਾਂ ਵਿੱਚ ਬਦਲਾਅ) ਹੁੰਦਾ ਹੈ, ਅਤੇ ਕੈਂਸਰ ਦਾ ਜੋਖ਼ਮ ਵੱਧ ਜਾਂਦਾ ਹੈ।

ਇਸ ਲਈ, ਓਨਕੋਲੋਜਿਸਟਾਂ ਨੇ ਲੰਬੇ ਸਮੇਂ ਤੋਂ ਛੋਟੀ ਉਮਰ ਦੇ ਲੋਕਾਂ ਵਿੱਚ ਸ਼ੁਰੂਆਤੀ ਕੈਂਸਰ ਦੇ ਨਿਦਾਨ ਨੂੰ ਵਿਰਾਸਤ ਵਿੱਚ ਮਿਲੇ ਜੈਨੇਟਿਕ ਕਾਰਕਾਂ, ਜਿਵੇਂ ਕਿ ਛਾਤੀ ਦੇ ਕੈਂਸਰ ਵਿੱਚ ਬੀਆਰਸੀਏ1 ਅਤੇ ਬੀਆਰਸੀਏ2 ਪਰਿਵਰਤਨ ਨਾਲ ਜੋੜਿਆ ਹੈ।

ਹਾਲਾਂਕਿ, ਲੁਇਸਾ ਵਰਗੇ ਹੋਰ ਮਰੀਜ਼ਾਂ ਵਿੱਚ ਜੈਨੇਟਿਕ ਮਿਊਟੇਸ਼ਨ ਦੇ ਕੋਈ ਲੱਛਣ ਨਹੀਂ ਨਜ਼ਰ ਆ ਰਹੇ ਹਨ।

ਛਾਤੀ ਦਾ ਕੈਂਸਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁਰੂਆਤੀ ਕੈਂਸਰਾਂ ਬਾਰੇ ਇੱਕ ਪ੍ਰਮੁੱਖ ਰਿਪੋਰਟ ਦੇ ਅਨੁਸਾਰ, ਛਾਤੀ ਦੇ ਕੈਂਸਰ ਦੇ ਮਾਮਲਿਆਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ

ਵਧਦੇ ਕੇਸ

ਸ਼ੁਰੂਆਤੀ ਪੜਾਅ ਦੇ ਕੈਂਸਰਾਂ ਬਾਰੇ ਇੱਕ ਪ੍ਰਮੁੱਖ ਰਿਪੋਰਟ ਅਨੁਸਾਰ, ਛਾਤੀ ਦੇ ਕੈਂਸਰ ਦੇ ਮਾਮਲਿਆਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ।

ਬੀਐੱਸਜੇ ਓਨਕੋਲੋਜੀ ਵਿੱਚ ਪ੍ਰਕਾਸ਼ਿਤ ਇੱਕ ਤਾਜ਼ਾ ਅਧਿਐਨ ਵਿੱਚ ਦੇਖਿਆ ਗਿਆ ਹੈ ਕਿ 1990 ਅਤੇ 2019 ਦੇ ਵਿਚਕਾਰ ਦੁਨੀਆ ਭਰ ਵਿੱਚ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਸ਼ੁਰੂਆਤੀ ਕੈਂਸਰ ਦੇ ਮਾਮਲਿਆਂ ਵਿੱਚ 79 ਫੀਸਦ ਦਾ ਵਾਧਾ ਹੋਇਆ ਹੈ, ਜਦਕਿ ਉਸੇ ਸਮੂਹ ਵਿੱਚ ਕੈਂਸਰ ਨਾਲ ਸਬੰਧਤ ਮੌਤਾਂ ਵਿੱਚ 28 ਫੀਸਦ ਦਾ ਵਾਧਾ ਹੋਇਆ ਹੈ।

ਇਸ ਅਧਿਐਨ ਵਿੱਚ 204 ਦੇਸ਼ਾਂ ਵਿੱਚ 29 ਕਿਸਮਾਂ ਦੇ ਕੈਂਸਰ ਦਾ ਵਿਸ਼ਲੇਸ਼ਣ ਕੀਤਾ ਗਿਆ।

ਇਸੇ ਤਰ੍ਹਾਂ, ਦਿ ਲੈਂਸੇਟ ਪਬਲਿਕ ਹੈਲਥ ਦੀ ਇੱਕ ਰਿਪੋਰਟ ਨੇ ਦਿਖਾਇਆ ਹੈ ਕਿ ਅਮਰੀਕਾ ਵਿੱਚ ਸਾਰੀਆਂ ਪੀੜ੍ਹੀਆਂ ਦਰਮਿਆਨ 17 ਕਿਸਮਾਂ ਦੇ ਕੈਂਸਰ ਦੀਆਂ ਦਰਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ, ਖ਼ਾਸ ਕਰਕੇ 1965 ਅਤੇ 1996 ਦੇ ਵਿਚਕਾਰ ਪੈਦਾ ਹੋਏ ਲੋਕਾਂ ਵਿੱਚ।

ਅਮਰੀਕਨ ਕੈਂਸਰ ਸੁਸਾਇਟੀ (ਏਸੀਐੱਸ) ਦੀ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2012 ਅਤੇ 2021 ਦੇ ਵਿਚਕਾਰ 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਮਾਮਲਿਆਂ ਦੀ ਦਰ ਸਾਲਾਨਾ 1.4 ਫੀਸਦ ਵਧੀ ਹੈ।

ਜਦਕਿ 50 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ 0.7 ਫੀਸਦ।

ਬੀਐੱਮਜੇ ਓਨਕੋਲੋਜੀ ਰਿਪੋਰਟ ਕਹਿੰਦੀ ਹੈ ਕਿ ਹੋਰ ਕੈਂਸਰ, ਜਿਵੇਂ ਕਿ ਨੈਸੋਫੈਰਨਜੀਅਲ, ਪੇਟ ਅਤੇ ਕੋਲੋਰੈਕਟਲ ਕੈਂਸਰ, ਦੇ ਕੇਸ ਵੀ ਨੌਜਵਾਨਾਂ ਵਿੱਚ ਵਧੇ ਹਨ।

ਲੁਈਸਾ

ਤਸਵੀਰ ਸਰੋਤ, Luisa Toscano

ਤਸਵੀਰ ਕੈਪਸ਼ਨ, ਲੁਈਸਾ ਮੁਤਾਬਕ ਉਨ੍ਹਾਂ ਦੇ ਪਰਿਵਾਰ ਦੇ ਸਮਰਥਨ ਨੇ ਛਾਤੀ ਦੇ ਕੈਂਸਰ ਵਿਰੁੱਧ ਉਨ੍ਹਾਂ ਦੀ ਲੜਾਈ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ

ਸੰਭਵ ਕਾਰਨ

ਖੋਜਕਾਰ ਕਾਰਨਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੇ ਹਨ। ਦਿ ਲੈਂਸੇਟ ਅਧਿਐਨ ਚੇਤਾਵਨੀ ਦਿੰਦਾ ਹੈ ਕਿ ਕੈਂਸਰ ਦੇ ਕੇਸਾਂ ਲਗਾਤਾਰ ਵਾਧਾ, ਬੀਮਾਰੀ ਦੀ ਰੋਕਥਾਮ ਵਿੱਚ ਦਹਾਕਿਆਂ ਦੀ ਤਰੱਕੀ ਨੂੰ ਉਲਟਾ ਸਕਦਾ ਹੈ।

ਹੁਣ ਤੱਕ, ਬੀਐੱਮਜੇ ਓਨਕੋਲੋਜੀ ਅਤੇ ਲੈਂਸੇਟ ਰਿਪੋਰਟਾਂ ਅਨੁਸਾਰ, ਹੁਣ ਤੱਕ ਖੁਰਾਕ ਸਬੰਧੀ ਕਾਰਕ, ਜਿਵੇਂ ਕਿ ਲਾਲ ਮੀਟ ਅਤੇ ਸੋਡੀਅਮ ਦੀ ਜ਼ਿਆਦਾ ਮਾਤਰਾ ਅਤੇ ਫਲ ਤੇ ਦੁੱਧ ਦੀ ਘੱਟ ਮਾਤਰਾ, ਸ਼ਰਾਬ ਦਾ ਵੱਧ ਸੇਵਨ ਅਤੇ ਤੰਬਾਕੂ ਦੀ ਵਰਤੋਂ ਕੈਂਸਰ ਦੇ ਮੁੱਖ ਕਾਰਨ ਮੰਨੇ ਜਾਂਦੇ ਰਹੇ ਹਨ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੈਂਸਰ ਦੇ ਵੱਧਦੇ ਜੋਖ਼ਮ ਦਾ ਸੰਬੰਧ ਮੋਟਾਪੇ ਨਾਲ ਵੀ ਹੋ ਸਕਦਾ ਹੈ।

ਲੈਂਸੇਟ ਦੀ ਰਿਪੋਰਟ ਕਹਿੰਦੀ ਹੈ ਕਿ ਅਮਰੀਕਾ ਵਿੱਚ ਨੌਜਵਾਨਾਂ ਵਿੱਚ ਵੱਧ ਰਹੇ 17 ਕੈਂਸਰਾਂ ਵਿੱਚੋਂ 10 ਮੋਟਾਪੇ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚ ਗੁਰਦੇ, ਅੰਡਕੋਸ਼, ਜਿਗਰ, ਪੈਨਕ੍ਰੀਆਟਿਕ ਅਤੇ ਪਿੱਤੇ ਦੀ ਥੈਲੀ ਦੇ ਕੈਂਸਰ ਸ਼ਾਮਲ ਹਨ।

ਹਾਲਾਂਕਿ, ਇਹ ਕਾਰਕ ਸਾਰੇ ਮਾਮਲਿਆਂ ਦੇ ਕਾਰਨਾਂ ਦੀ ਵਿਆਖਿਆ ਨਹੀਂ ਕਰਦੇ। ਵਿਗਿਆਨੀ ਹੋਰ ਸੰਭਾਵਿਤ ਕਾਰਨਾਂ ਦੀ ਵੀ ਖੋਜ ਕਰ ਰਹੇ ਹਨ।

ਕੁਝ ਲੋਕਾਂ ਨੇ ਦਲੀਲ ਦਿੱਤੀ ਹੈ ਕਿ ਇਲੈਕਟ੍ਰੋਨਿਕ ਯੰਤਰਾਂ ਜਾਂ ਸਟ੍ਰੀਟ ਲਾਈਟਾਂ ਤੋਂ ਨਕਲੀ ਰੌਸ਼ਨੀ ਦੇ ਲਗਾਤਾਰ ਸੰਪਰਕ ਵਿੱਚ ਆਉਣ ਨਾਲ ਜੈਵਿਕ ਘੜੀ (ਬਾਓਲੋਜੀ ਕਲੌਕ) ਵਿੱਚ ਵਿਘਨ ਪੈਂਦਾ ਹੈ, ਜਿਸ ਨਾਲ ਛਾਤੀ, ਕੋਲਨ, ਅੰਡਕੋਸ਼ ਅਤੇ ਪ੍ਰੋਸਟੇਟ ਵਰਗੇ ਕੈਂਸਰਾਂ ਦਾ ਖ਼ਤਰਾ ਵੱਧ ਸਕਦਾ ਹੈ।

ਹੋਰ ਅਧਿਐਨ ਇਹ ਵੀ ਸੁਝਾਉੰਦੇ ਹਨ ਕਿ ਸ਼ਿਫ਼ਟਾਂ ਵਿੱਚ ਕੰਮ ਕਰਨ ਦੌਰਾਨ, ਰਾਤ ਨੂੰ ਲੰਬੇ ਸਮੇਂ ਤੱਕ ਰੌਸ਼ਨੀ ਦੇ ਸੰਪਰਕ ਵਿੱਚ ਰਹਿਣ ਨਾਲ ਮੈਲਾਟੋਨਿਨ ਦਾ ਪੱਧਰ ਘਟਦਾ ਹੈ, ਜੋ ਕੈਂਸਰ ਦੇ ਜੌਖ਼ਮ ਨੂੰ ਵਧਾ ਸਕਦਾ ਹੈ।

ਜੂਨ 2023 ਵਿੱਚ ਨਿਊਜ਼ੀਲੈਂਡ ਵਿੱਚ ਕੋਲੋਰੈਕਟਲ ਸਰਜਨ ਫਰੈਂਕ ਫ੍ਰਿਜ਼ੇਲ ਨੇ ਅੰਤੜੀਆਂ ਦੇ ਕੈਂਸਰ ਵਿੱਚ ਮਾਈਕ੍ਰੋਪਲਾਸਟਿਕ ਦੀ ਭੂਮਿਕਾ ʼਤੇ ਖੋਜ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਇਹ ਅੰਤੜੀਆਂ ਦੀ ਅੰਦਰੂਨ ਪਰਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਹੋਰ ਖੋਜਕਾਰ ਸੁਝਾਉਂਦੇ ਹਨ ਕਿ ਅਲਟ੍ਰਾ-ਪ੍ਰੋਸੈਸਡ ਐਡਿਟਿਵ, ਜਿਵੇਂ ਕਿ ਇਮਲਸੀਫਾਇਰ ਅਤੇ ਕਲੋਰੈਂਟ, ਅੰਤੜੀਆਂ ਦੀ ਸੋਜਸ਼ ਅਤੇ ਡੀਐੱਨਏ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਅਮਰੀਕਨ ਐਸੋਸੀਏਸ਼ਨ ਫਾਰ ਕੈਂਸਰ ਰਿਸਰਚ ਅਨੁਸਾਰ, ਅੰਤੜੀਆਂ ਵਿੱਚ ਵਿਘਨ ਨਾ ਸਿਰਫ਼ ਕੋਲੋਰੈਕਟਲ ਕੈਂਸਰ ਨਾਲ, ਸਗੋਂ ਛਾਤੀ ਅਤੇ ਖੂਨ ਦੇ ਕੈਂਸਰ ਨਾਲ ਵੀ ਜੁੜੇ ਹੋਏ ਹਨ।

ਕੁਝ ਖੋਜਕਾਰਾਂ ਦਾ ਕਹਿਣਾ ਹੈ ਕਿ ਐਂਟੀਬਾਓਟਿਕ ਦਾ ਇਸਤੇਮਾਲ ਸਾਲ 2000 ਤੋਂ ਹੀ ਵਿਸ਼ਵ ਪੱਧਰ ਉੱਤੇ 45 ਫ਼ੀਸਦ ਵਧਿਆ ਹੈ। ਇਹ ਵੀ ਢਿੱਡ ਵਿੱਚ ਜੀਵਾਣੂਆਂ ਦੀ ਵਿਵਸਥਾ ਵਿੱਚ ਬਦਲਾਅ ਲਿਆਉਣ ਦਾ ਵੱਡਾ ਕਾਰਨ ਹੈ।

ਇਹ ਵੀ ਪੜ੍ਹੋ-

ਇਟਲੀ ਦੇ ਵਿਗਿਆਨੀਆਂ ਦੇ ਇੱਕ ਸਮੂਹ ਅਨੁਸਾਰ ਸਾਲ 2019 ਦੀ ਇੱਕ ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਇਹ ਫੇਫੜਿਆਂ ਦੇ ਕੈਂਸਰ, ਲਿੰਫੋਮਾ, ਪੈਨਕ੍ਰੀਆਟਿਕ ਕੈਂਸਰ, ਗੁਰਦੇ ਦੇ ਸੈੱਲ ਕਾਰਸੀਨੋਮਾ ਅਤੇ ਮਲਟੀਪਲ ਮਾਈਲੋਮਾ ਨਾਲ ਜੁੜਿਆ ਹੋਇਆ ਹੈ।

ਸਕਾਟਲੈਂਡ ਦੀ ਐਡਿਨਬਰਗ ਯੂਨੀਵਰਸਿਟੀ ਵਿੱਚ ਕੋਲੋਪਰੋਕਟੋਲੋਜੀ ਦੇ ਪ੍ਰੋਫੈਸਰ ਅਤੇ ਬੀਐੱਮਜੇ ਓਨਕੋਲੋਜੀ ਰਿਪੋਰਟ ਦੇ ਸਹਿ-ਲੇਖਕ, ਮੈਲਕਮ ਡਨਲੌਪ ਕਹਿੰਦੇ ਹਨ ਕਿ ਇੱਥੋਂ ਤੱਕ ਕਿ ਪੀੜ੍ਹੀਆਂ ਵਿਚਾਲੇ ਵਧਦੀ ਲੰਬਾਈ ਵੀ ਕੈਂਸਰ ਦੀਆਂ ਦਰਾਂ ਵਿੱਚ ਵਾਧਾ ਕਰਨ ਵਿੱਚ ਭੂਮਿਕਾ ਨਿਭਾ ਸਕਦੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਪੂਰੀ ਦੁਨੀਆਂ ਵਿੱਚ ਮਨੁੱਖ ਆਮ ਤੌਰ ʼਤੇ ਲੰਬਾ ਹੋ ਰਿਹਾ ਹੈ ਅਤੇ ਵਧਦੀ ਲੰਬਾਈ ਤੇ ਕਈ ਕੈਂਸਰਾਂ ਵਿਚਾਲੇ ਮਜ਼ਬੂਤ ਸਬੰਧ ਹੈ, ਜਿਵੇਂ ਕਿ ਕੋਲਨ ਕੈਂਸਰ।"

ਉਹ ਕਹਿੰਦੇ ਹਨ ਕਿ ਜ਼ਿਆਦਾ ਕੋਸ਼ਿਕਾਵਾਂ, ਹਾਰਮੋਨ ਵਿੱਚ ਵਾਧਾ ਅਤੇ ਅੰਤੜੀਆਂ ਦੀ ਵੱਧੀ ਸਤਿਹ ਮਿਊਟੇਸ਼ਨ ਨੂੰ ਵੱਧਣ ਦਾ ਮੌਕਾ ਦਿੰਦੀ ਹੈ ਜਿਸ ਨਾਲ ਕੈਂਸਰ ਦਾ ਜੋਖਮ ਵੱਧਦਾ ਹੈ।।

ਦੁਨੀਆ ਦੇ ਪ੍ਰਮੁੱਖ ਕੈਂਸਰ ਜੈਨੇਟਿਕਸ ਮਾਹਿਰਾਂ ਵਿੱਚੋਂ ਇੱਕ, ਡਾ. ਡਨਲੌਪ ਦਾ ਮੰਨਣਾ ਹੈ ਕਿ ਸ਼ੁਰੂਆਤੀ ਕੈਂਸਰ ਇੱਕ ਹੀ ਕਾਰਨ ਦੀ ਬਜਾਏ ਕਈ ਪਰਿਵਰਤਨਸ਼ੀਲ ਕਾਰਕਾਂ ਤੋਂ ਪੈਦਾ ਹੁੰਦੇ ਹਨ, ਪਰ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਨੌਜਵਾਨਾਂ ਵਿੱਚ ਕੈਂਸਰ ਦੇ ਵੱਧਦੇ ਮਾਮਲਿਆਂ ਦੇ ਬਾਵਜੂਦ, ਰਿਸਕ ਘੱਟ ਹੋਣ ਦੇ ਚਲਦੇ, ਉਨ੍ਹਾਂ ਵਿੱਚ ਕੈਂਸਰ ਦੀ ਸਕ੍ਰੀਨਿੰਗ ਘੱਟ ਹੁੰਦੀ ਹੈ।

ਯੂਐੱਸ ਨੈਸ਼ਨਲ ਕੈਂਸਰ ਇੰਸਟੀਚਿਊਟ (ਐੱਨਸੀਆਈ) ਮੁਤਾਬਕ, 80 ਫੀਸਦ ਕੈਂਸਰ ਦੇ ਮਾਮਲੇ 55 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਆਉਂਦੇ ਹਨ।

ਡਾਕਟਰਾਂ ਨੂੰ ਜਾਗਰੂਕ ਕਰਨਾ

ਡਾ. ਅਲੈਗਜ਼ੈਂਡਰ ਜੈਕੋਮ,

ਤਸਵੀਰ ਸਰੋਤ, Brazilian Society of Clinical Oncology

ਤਸਵੀਰ ਕੈਪਸ਼ਨ, ਡਾ. ਅਲੈਗਜ਼ੈਂਡਰ ਜੈਕੋਮ, ਸ਼ੁਰੂਆਤੀ ਕੈਂਸਰਾਂ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਬਾਰੇ ਚਿੰਤਤ ਹਨ

ਹਾਲਾਂਕਿ, ਇਸ ਵਧਦੇ ਮਾਮਲਿਆਂ ਨੇ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ (ਯੂਆਈਸੀਸੀ) ਵਰਗੀਆਂ ਵੱਡੀਆਂ ਸੰਸਥਾਵਾਂ ਨੂੰ ਸ਼ੁਰੂਆਤੀ ਕੈਂਸਰਾਂ ਬਾਰੇ ਆਮ ਪ੍ਰੈਕਟੀਸ਼ਨਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਘੱਟ ਉਮਰ ਦੇ ਮਰੀਜ਼ਾਂ ਵਿੱਚ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ।

ਬ੍ਰਾਜ਼ੀਲੀਅਨ ਸੁਸਾਇਟੀ ਆਫ਼ ਕਲੀਨਿਕਲ ਓਨਕੋਲੋਜੀ ਦੇ ਡਾਇਰੈਕਟਰ ਡਾ. ਅਲੈਗਜ਼ੈਂਡਰ ਜੈਕੋਮ ਦੱਸਦੇ ਹਨ, "ਜੇਕਰ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਟੌਇਲਟ (ਸਟੂਲ) ਵੇਲੇ ਔਖਿਆਈ ਹੁੰਦੀ ਹੈ, ਥਕਾਵਟ ਅਤੇ ਪੇਟ ਫੁੱਲਣ ਵਰਗੀ ਸਮੱਸਿਆ ਆਉਂਦੀ ਹੈ, ਤਾਂ ਡਾਕਟਰ ਇਨ੍ਹਾਂ ਲੱਛਣਾਂ ਨੂੰ ਗੰਭੀਰਤਾ ਨਾਲ ਲੈਂਦੇ ਹਨ ਅਤੇ ਮੁਕੰਮਲ ਜਾਂਚ ਦੀ ਸਿਫਾਰਸ਼ ਕਰਦੇ ਹਨ।"

"ਹਾਲਾਂਕਿ, 30 ਸਾਲ ਦੀ ਉਮਰ ਦੇ ਕਿਸੇ ਵਿਅਕਤੀ ਲਈ ਜੋ ਸਰਗਰਮ ਹੈ ਅਤੇ ਕੋਲੋਰੈਕਟਲ ਕੈਂਸਰ ਦੇ ਆਮ ਪ੍ਰੋਫਾਈਲ ਨਾਲ ਮੇਲ ਨਹੀਂ ਖਾਂਦਾ, ਇਨ੍ਹਾਂ ਲੱਛਣਾਂ ਨੂੰ ਮਾਮੂਲੀ ਦਰਦ ਵਜੋਂ ਖਾਰਜ ਕੀਤਾ ਜਾ ਸਕਦਾ ਹੈ।"

ਉਨ੍ਹਾਂ ਦਾ ਕਹਿਣਾ ਹੈ, "ਇਹ ਲੋਕ ਜੀਵਨ ਦੇ ਸਿਖ਼ਰ ʼਤੇ ਹੁੰਦੇ ਹਨ, ਪਰਿਵਾਰ ਦੀ ਸ਼ੁਰੂਆਤ ਕਰਦੇ ਹਨ, ਜਿਨ੍ਹਾਂ ਲਈ ਜਿਉਣਾ ਸਭ ਕੁਝ ਹੈ। ਕੈਂਸਰ ਦੀ ਜਾਂਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਆਰਿਆਂ ਨੂੰ ਹੈਰਾਨ ਕਰ ਦਿੰਦੀ ਹੈ।"

ਪਰ ਡਾ. ਜੈਕੋਮ ਦਾ ਕਹਿਣਾ ਹੈ ਕਿ ਨੌਜਵਾਨ ਮਰੀਜ਼ਾਂ ਵਿੱਚ ਜਦੋਂ ਪਹਿਲਾਂ ਬਿਮਾਰੀ ਦਾ ਪਤਾ ਲੱਗ ਜਾਂਦਾ ਹੈ ਤਾਂ ਉਹ ਅਕਸਰ ਜੋਖ਼ਮ ਵਾਲਾ ਇਲਾਜ ਵਧੀਆਂ ਤਰੀਕੇ ਨਾਲ ਬਰਦਾਸ਼ਤ ਕਰ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੇ ਠੀਕ ਹੋਣ ਦੀ ਸੰਭਾਵਨਾਂ ਵਧੇਰੇ ਹੁੰਦੀ ਹੈ।

ਡਾ. ਡਨਲੌਪ ਸ਼ੁਰੂਆਤੀ ਕੈਂਸਰ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਬਾਰੇ ਵੀ ਚਿੰਤਾਵਾਂ ਉਠਾਉਂਦੇ ਹਨ।

ਉਹ ਚਿਤਾਵਨੀ ਦਿੰਦੇ ਹਨ, "ਇਨ੍ਹਾਂ ਕੈਂਸਰ ਤੋਂ ਪ੍ਰਭਾਵਿਤ ਨੌਜਵਾਨ ਵਿਅਕਤੀ ਇਸ ਜੋਖ਼ਮ ਨੂੰ ਵੱਡੀ ਉਮਰ ਵਿੱਚ ਵੀ ਲੈ ਜਾ ਸਕਦੇ ਹਨ। ਕੀ ਇਹ ਭਵਿੱਖ ਵਿੱਚ ਚਿੰਤਾਜਨਕ ਵਾਧੇ ਦਾ ਸੰਕੇਤ ਦੇ ਰਿਹਾ ਹੈ, ਜਾਂ ਇਹ ਸਿਰਫ਼ ਇੱਕ ਖ਼ਾਸ ਉਮਰ ਦੇ ਲੋਕਾਂ ਲਈ ਹੈ।"

ਕੈਂਸਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੈਵਿਕ, ਵਾਤਾਵਰਣਕ ਅਤੇ ਜੀਵਨ ਸ਼ੈਲੀ ਦੇ ਕਾਰਕਾਂ ਦੇ ਕਾਰਨ ਬਜ਼ੁਰਗ ਲੋਕਾਂ ਵਿੱਚ ਕੈਂਸਰ ਵਧੇਰੇ ਹੈ

ਜ਼ਿੰਦਗੀ ਨੂੰ ਬਦਲ ਦੇਣ ਵਾਲਾ ਤਜਰਬਾ

ਕੈਂਸਰ ਦੇ ਇਲਾਜ ਨੂੰ ਹੰਡਾ ਚੁੱਕੀ ਲੁਇਸਾ ਦਾ ਕਹਿਣਾ ਹੈ, "ਮੁਸ਼ਕਲ ਅਤੇ ਖੁਸ਼ੀ ਦੇ ਦਿਨਾਂ ਨੂੰ ਬਰਾਬਰੀ ਨਾਲ ਸਵੀਕਾਰ ਕਰੋ। ਜਦੋਂ ਨਕਾਰਾਤਮਕ ਭਾਵਨਾਂ ਆਉਂਦੀਆਂ ਸਨ ਤਾਂ ਮੈਂ ਉਨ੍ਹਾਂ ਨੂੰ ਸਹਿਜ ਹੀ ਆਉਣ ਦਿੰਦੀ ਹਾਂ।"

"ਜਦੋਂ ਮੈਂ ਮਜ਼ਬੂਤ ਮਹਿਸੂਸ ਕਰਦੀ ਸੀ ਤਾਂ ਉਨ੍ਹਾਂ ਪਲ਼ਾਂ ਨੂੰ ਸਾਂਭ ਲੈਂਦੀ ਸੀ, ਇਹ ਜਾਣਦੇ ਹੋਏ ਕਿ ਇਹ ਨਿਕਲ ਜਾਣਗੇ।"

ਉਹ ਹੋਰਨਾਂ ਨੂੰ ਸਲਾਹ ਦਿੰਦੇ ਹਨ, "ਇੱਕ ਪਲ਼ ਨੂੰ ਇੱਕ ਦਿਨ ਵਾਂਗ ਲਓ। ਆਪਣੇ ਸਰੀਰ ਨੂੰ ਸੁਣੋ, ਕੁਝ ਦਿਨਾਂ ਵਿੱਚ ਤੁਸੀਂ ਜੋ ਸਭ ਤੋਂ ਚੰਗਾ ਕਰ ਸਕਦੇ ਹੋ, ਉਹ ਹੈ ਆਰਾਮ ਕਰਨਾ ਅਤੇ ਇਹ ਠੀਕ ਹੈ।"

"ਕੈਂਸਰ ਇੱਕ ਕਲੰਕ, ਇੱਕ ਪਰਛਾਵਾ ਲੈ ਕੇ ਆਉਂਦਾ ਹੈ ਪਰ ਇਹ ਤੁਹਾਨੂੰ ਪਰਿਭਾਸ਼ਤ ਨਹੀਂ ਕਰ ਸਕਦਾ। ਔਖੇ ਤੋਂ ਔਖੇ ਸਮਿਆਂ ਵਿੱਚ ਵੀ ਜ਼ਿੰਦਗੀ, ਵਿਕਾਸ ਅਤੇ ਅਰਥ ਹੁੰਦਾ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)