ਉਹ 'ਅਦਿੱਖ ਕਾਤਲ', ਜੋ ਦਿਲ ਦਾ ਦੌਰਾ, ਸ਼ੂਗਰ ਤੇ ਯਾਦਾਸ਼ਤ ਕਮਜ਼ੋਰ ਕਰਨ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ

ਤਸਵੀਰ ਸਰੋਤ, Getty Images
- ਲੇਖਕ, ਜੇਮਜ਼ ਗੈਲਾਘਰ
- ਰੋਲ, ਬੀਬੀਸੀ ਵਰਲਡ ਸਰਵਿਸ
ਸਾਡੇ ਆਲੇ-ਦੁਆਲੇ ਇੱਕ ਅਦਿੱਖ ਕਾਤਲ ਘੁੰਮਦਾ ਰਹਿੰਦਾ ਹੈ ਅਤੇ ਇਹ ਇੰਨਾ ਆਮ ਹੈ ਕਿ ਸਾਨੂੰ ਇਹ ਅਹਿਸਾਸ ਤੱਕ ਨਹੀਂ ਹੁੰਦਾ ਕਿ ਇਹ ਸਾਡੀ ਜ਼ਿੰਦਗੀ ਨੂੰ ਘਟਾ ਰਿਹਾ ਹੈ।
ਇਸ ਅਦਿੱਖ ਕਾਤਲ ਕਾਰਨ ਦਿਲ ਦੇ ਦੌਰੇ, ਟਾਈਪ-2 ਸ਼ੂਗਰ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ ਅਤੇ ਹੁਣ ਅਧਿਐਨਾਂ ਵਿੱਚ ਪਾਇਆ ਗਿਆ ਹੈ ਇਸ ਦਾ ਸਬੰਧ ਡਿਮੈਂਸ਼ੀਆ ਨਾਲ ਵੀ ਹੈ।
ਡਿਮੈਂਸ਼ੀਆ ਵਿੱਚ ਯਾਦ ਸ਼ਕਤੀ ਕਮਜ਼ੋਰ ਹੋ ਸਕਦੀ ਹੈ ਅਤੇ ਸੋਚਣ-ਸਮਝਣ ਦੀ ਸਮਰਥਾ ਘੱਟ ਸਕਦੀ ਹੈ।
ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਾਤਲ ਕੌਣ ਹੈ?
ਜਵਾਬ ਹੈ- ਸ਼ੋਰ ਜਾਂ ਰੌਲ਼ਾ ਅਤੇ ਮਨੁੱਖੀ ਸਰੀਰ 'ਤੇ ਇਸ ਦਾ ਪ੍ਰਭਾਵ ਸਿਰਫ ਸੁਣਨ ਸ਼ਕਤੀ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦਾ ਸਗੋਂ ਇਸ ਤੋਂ ਕਿਤੇ ਜ਼ਿਆਦਾ ਨੁਕਸਾਨ ਹਨ।
ਲੰਡਨ ਯੂਨੀਵਰਸਿਟੀ ਦੇ ਸੇਂਟ ਜੌਰਜ ਵਿਖੇ ਪ੍ਰੋਫੈਸਰ ਸ਼ਾਰਲਟ ਕਲਾਰਕ ਕਹਿੰਦੇ ਹਨ, "ਇਹ ਇੱਕ ਜਨਤਕ ਸਿਹਤ ਸੰਕਟ ਹੈ, ਸਾਡੇ ਰੋਜ਼ਾਨਾ ਜੀਵਨ ਵਿੱਚ ਬਹੁਤ ਸਾਰੇ ਲੋਕ ਇਸਦੇ ਸੰਪਰਕ ਵਿੱਚ ਆ ਰਹੇ ਹਨ।"
ਇਹ ਇੱਕ ਅਜਿਹਾ ਸੰਕਟ ਹੈ ਜਿਸ ਬਾਰੇ ਅਸੀਂ ਗੱਲ ਹੀ ਨਹੀਂ ਕਰਦੇ।
ਇਸ ਲਈ ਮੈਂ ਪਤਾ ਲਗਾ ਰਿਹਾ ਹਾਂ ਕਿ ਰੌਲਾ ਕਦੋਂ ਖ਼ਤਰਨਾਕ ਹੋ ਜਾਂਦਾ ਹੈ, ਮੈਂ ਉਨ੍ਹਾਂ ਲੋਕਾਂ ਨਾਲ ਗੱਲ ਕਰ ਰਿਹਾ ਹਾਂ ਜਿਨ੍ਹਾਂ ਦੀ ਸਿਹਤ ਵਿਗੜ ਰਹੀ ਹੈ, ਅਤੇ ਦੇਖ ਰਿਹਾ ਹਾਂ ਕਿ ਕੀ ਇਸ ਸ਼ੋਰ-ਸ਼ਰਾਬੇ ਵਾਲੀ ਦੁਨੀਆਂ 'ਤੇ ਕਾਬੂ ਪਾਉਣ ਦਾ ਕੋਈ ਤਰੀਕਾ ਹੈ।

ਇਸ ਸਿਲਸਿਲੇ 'ਚ ਮੈਂ ਪ੍ਰੋਫੈਸਰ ਕਲਾਰਕ ਨੂੰ ਇੱਕ ਬਹੁਤ ਹੀ ਸ਼ਾਂਤ ਆਵਾਜ਼ ਸਬੰਧੀ ਇੱਕ ਪ੍ਰਯੋਗਸ਼ਾਲਾ ਵਿੱਚ ਮਿਲ ਕੇ ਸ਼ੁਰੂਆਤ ਕੀਤੀ। ਅਸੀਂ ਦੇਖਾਂਗੇ ਕਿ ਮੇਰਾ ਸਰੀਰ ਸ਼ੋਰ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦਾ ਹੈ ਅਤੇ ਇਸ ਦੇ ਲਈ ਮੈਨੂੰ ਇੱਕ ਡਿਵਾਈਸ ਦਿੱਤਾ ਜਾਂਦਾ ਹੈ ਜੋ ਇੱਕ ਮੋਟੀ ਸਮਾਰਟਵਾਚ ਵਰਗਾ ਦਿਖਾਈ ਦਿੰਦਾ ਹੈ।
ਇਹ ਮੇਰੇ ਦਿਲ ਦੀ ਧੜਕਣ ਨੂੰ ਮਾਪੇਗਾ ਅਤੇ ਦੇਖੇਗਾ ਕਿ ਮੇਰੀ ਚਮੜੀ ਵਿੱਚੋਂ ਕਿੰਨਾ ਪਸੀਨਾ ਨਿਕਲਦਾ ਹੈ।
ਜੇਕਰ ਤੁਹਾਡੇ ਕੋਲ ਹੈੱਡਫੋਨ ਹਨ, ਤਾਂ ਤੁਸੀਂ ਵੀ ਇਸ ਪ੍ਰਯੋਗ ਵਿੱਚ ਸ਼ਾਮਲ ਹੋ ਸਕਦੇ ਹੋ। ਸੋਚੋ ਕਿ ਇਹ ਪੰਜ ਆਵਾਜ਼ਾਂ ਤੁਹਾਨੂੰ ਕਿਵੇਂ ਮਹਿਸੂਸ ਕਰਵਾਉਂਦੀਆਂ ਹਨ।
ਮੈਨੂੰ ਸਭ ਤੋਂ ਵੱਧ ਤੰਗ ਕਰਨ ਵਾਲੀ ਆਵਾਜ਼ ਢਾਕਾ, ਬੰਗਲਾਦੇਸ਼ ਦੇ ਟ੍ਰੈਫਿਕ ਸ਼ੋਰ ਦੀ ਲੱਗੀ।

ਢਾਕਾ ਨੂੰ ਦੁਨੀਆਂ ਦੇ ਸਭ ਤੋਂ ਵੱਧ ਰੌਲ਼ੇ-ਰੱਪੇ ਵਾਲੇ ਸ਼ਹਿਰ ਦਾ ਦਰਜਾ ਮਿਲਿਆ ਹੋਇਆ ਹੈ। ਇਸ ਨੂੰ ਸੁਣ ਕੇ ਮੈਨੂੰ ਤੁਰੰਤ ਮਹਿਸੂਸ ਹੁੰਦਾ ਹੈ ਕਿ ਮੈਂ ਇੱਕ ਵੱਡੇ, ਤਣਾਅਪੂਰਨ ਟ੍ਰੈਫਿਕ ਜਾਮ ਵਿੱਚ ਫਸ ਗਿਆ ਹਾਂ।
ਅਤੇ ਸੈਂਸਰ ਮੇਰੀ ਚਿੰਤਾ ਨੂੰ ਟ੍ਰੈਕ ਕਰ ਰਹੇ ਹਨ, ਮੇਰੇ ਦਿਲ ਦੀ ਧੜਕਣ ਵਧ ਗਈ ਹੈ ਅਤੇ ਮੇਰੀ ਚਮੜੀ ਤੋਂ ਜ਼ਿਆਦਾ ਪਸੀਨਾ ਨਿਕਲ ਰਿਹਾ ਹੈ।
ਪ੍ਰੋਫੈਸਰ ਕਲਾਰਕ ਅਗਲੀ ਆਵਾਜ਼ ਤਿਆਰ ਕਰਦੇ ਸਮੇਂ ਕਹਿੰਦੇ ਹਨ, "ਇਸ ਗੱਲ ਦੇ ਬਹੁਤ ਚੰਗੇ ਸਬੂਤ ਹਨ ਕਿ ਟ੍ਰੈਫਿਕ ਸ਼ੋਰ ਤੁਹਾਡੀ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਿਰਫ਼ ਖੇਡ ਦੇ ਮੈਦਾਨ ਦੀਆਂ ਖੁਸ਼ੀਆਂ ਭਰੀਆਂ ਆਵਾਜ਼ਾਂ ਹੀ ਮੇਰੇ ਸਰੀਰ 'ਤੇ ਸ਼ਾਂਤ ਪ੍ਰਭਾਵ ਪਾਉਂਦੀਆਂ ਹਨ।"
"ਸਵੇਰੇ-ਸਵੇਰੇ ਕੁੱਤਿਆਂ ਦੇ ਭੌਂਕਣ ਅਤੇ ਗੁਆਂਢੀਆਂ ਦੀ ਪਾਰਟੀ ਦੀ ਆਵਾਜ਼ ਨਾਲ ਵੀ ਨਕਾਰਾਤਮਕ ਪ੍ਰਤੀਕਿਰਿਆ ਦਰਜ ਹੁੰਦੀ ਹੈ।"

ਤਸਵੀਰ ਸਰੋਤ, Getty Images
ਪਰ ਆਵਾਜ਼ ਮੇਰੇ ਸਰੀਰ 'ਚ ਬਦਲਾਅ ਕਿਉਂ ਕਰ ਰਹੀ ਹੈ?
ਪ੍ਰੋਫੈਸਰ ਕਲਾਰਕ ਕਹਿੰਦੇ ਹਨ, "ਆਵਾਜ਼ ਪ੍ਰਤੀ ਤੁਹਾਡੀ ਪ੍ਰਤੀਕਿਰਿਆ ਭਾਵਨਾਤਮਕ ਹੁੰਦੀ ਹੈ।"
ਆਵਾਜ਼ ਕੰਨ ਦੁਆਰਾ ਪਛਾਣੀ ਜਾਂਦੀ ਹੈ ਅਤੇ ਦਿਮਾਗ਼ ਵਿੱਚ ਸੰਚਾਰਿਤ ਹੁੰਦੀ ਹੈ ਅਤੇ ਇੱਕ ਖੇਤਰ – ਐਮੀਗਡਾਲਾ, ਇਸ ਦਾ ਭਾਵਨਾਤਮਕ ਮੁਲਾਂਕਣ ਕਰਦਾ ਹੈ।
ਇਹ ਸਰੀਰ ਦੀ ਉਸ ਪ੍ਰਤੀਕਿਰਿਆ ਦਾ ਹਿੱਸਾ ਹੈ ਜੋ ਸਾਨੂੰ ਝਾੜੀਆਂ ਵਿੱਚੋਂ ਨਿਕਲਦੇ ਸ਼ਿਕਾਰੀ ਜਾਨਵਰ ਵਰਗੀਆਂ ਆਵਾਜ਼ਾਂ ਸੁਣਨ 'ਤੇ ਤੇਜ਼ੀ ਨਾਲ ਪ੍ਰਤੀਕਿਰਿਆ ਕਰਨ ਵਿੱਚ ਮਦਦ ਕਰਨ ਲਈ ਵਿਕਸਤ ਹੋਇਆ ਹੈ।
ਪ੍ਰੋਫੈਸਰ ਕਲਾਰਕ ਨੇ ਮੈਨੂੰ ਦੱਸਿਆ, "ਇਸ ਲਈ ਤੁਹਾਡੇ ਦਿਲ ਦੀ ਧੜਕਣ ਵਧ ਜਾਂਦੀ ਹੈ, ਤੁਹਾਡੀ ਦਿਮਾਗ਼ੀ ਪ੍ਰਣਾਲੀ ਸਰਗਰਮ ਹੋਣ ਲੱਗਦੀ ਹੈ ਅਤੇ ਤੁਸੀਂ ਤਣਾਅ ਦੇ ਹਾਰਮੋਨ ਛੱਡਦੇ ਹੋ।"
ਐਮਰਜੈਂਸੀ ਦੀ ਸਥਿਤੀ ਵਿੱਚ ਇਹ ਸਭ ਚੰਗਾ ਹੈ, ਪਰ ਸਮੇਂ ਦੇ ਨਾਲ ਇਹ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ।
ਪ੍ਰੋਫੈਸਰ ਕਲਾਰਕ ਕਹਿੰਦੇ ਹਨ, "ਜੇ ਤੁਸੀਂ ਕਈ ਸਾਲਾਂ ਤੱਕ ਇਸਦੇ ਸੰਪਰਕ ਵਿੱਚ ਰਹਿੰਦੇ ਹੋ, ਤਾਂ ਤੁਹਾਡਾ ਸਰੀਰ ਹਰ ਸਮੇਂ ਇਸ ਤਰ੍ਹਾਂ ਪ੍ਰਤੀਕਿਰਿਆ ਕਰਦਾ ਹੈ, ਜਿਸ ਨਾਲ ਤੁਹਾਨੂੰ ਦਿਲ ਦਾ ਦੌਰਾ, ਹਾਈ ਬਲੱਡ ਪ੍ਰੈਸ਼ਰ, ਸਟ੍ਰੋਕ ਅਤੇ ਟਾਈਪ 2 ਸ਼ੂਗਰ ਵਰਗੀਆਂ ਸਮੱਸਿਆਵਾਂ ਹੋਣ ਦਾ ਖ਼ਤਰਾ ਵਧ ਜਾਂਦਾ ਹੈ।"
ਇਹ ਉਦੋਂ ਵੀ ਵਾਪਰਦਾ ਹੈ ਜਦੋਂ ਅਸੀਂ ਡੂੰਘੀ ਨੀਂਦ ਵਿੱਚ ਹੁੰਦੇ ਹਾਂ। ਤੁਹਾਨੂੰ ਇੰਝ ਲੱਗ ਸਕਦਾ ਹੈ ਕਿ ਤੁਸੀਂ ਸ਼ੋਰ ਦੇ ਅਨੁਕੂਲ ਜਾਂ ਆਦੀ ਹੋ ਗਏ ਹੋ। ਜਦੋਂ ਮੈਂ ਹਵਾਈ ਅੱਡੇ ਨੇੜੇ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ ਤਾਂ ਮੈਂ ਵੀ ਅਜਿਹਾ ਹੀ ਸਮਝਦਾ ਸੀ। ਪਰ ਜੀਵ ਵਿਗਿਆਨ ਇੱਕ ਵੱਖਰੀ ਕਹਾਣੀ ਦੱਸਦਾ ਹੈ।

ਸ਼ੋਰ, ਇੱਕ ਅਣਚਾਹੀ ਆਵਾਜ਼ ਹੈ
ਪ੍ਰੋਫੈਸਰ ਕਲਾਰਕ ਕਹਿੰਦੇ ਹਨ, "ਤੁਸੀਂ ਕਦੇ ਵੀ ਆਪਣੇ ਕੰਨ ਬੰਦ ਨਹੀਂ ਕਰਦੇ, ਜਦੋਂ ਤੁਸੀਂ ਸੁੱਤੇ ਹੁੰਦੇ ਹੋ ਤਾਂ ਵੀ ਤੁਸੀਂ ਸੁਣ ਰਹੇ ਹੁੰਦੇ ਹੋ। ਇਸ ਲਈ ਪ੍ਰਤੀਕਿਰਿਆਵਾਂ, ਜਿਵੇਂ ਕਿ ਤੁਹਾਡੇ ਦਿਲ ਦੀ ਧੜਕਣ ਵਧਣਾ, ਉਦੋਂ ਵੀ ਹੋ ਰਹੀਆਂ ਹਨ ਜਦੋਂ ਤੁਸੀਂ ਸੌਂ ਰਹੇ ਹੁੰਦੇ ਹੋ।"
ਸ਼ੋਰ, ਇੱਕ ਅਣਚਾਹੀ ਆਵਾਜ਼ ਹੈ। ਆਵਾਜਾਈ, ਵਾਹਨ, ਰੇਲਗੱਡੀਆਂ ਅਤੇ ਜਹਾਜ਼ ਇਸਦੇ ਪ੍ਰਮੁੱਖ ਸਰੋਤ ਹਨ।
ਪਰ ਸਾਡੇ ਮੌਜ-ਮਸਤੀ ਕਰਨ ਦੀਆਂ ਆਵਾਜ਼ਾਂ ਵੀ ਇਸ ਇਸੇ ਸ਼੍ਰੇਣੀ ਵਿੱਚ ਆਉਂਦੀਆਂ ਹਨ। ਇੱਕ ਵਿਅਕਤੀ ਦੀ ਵੱਡੀ ਪਾਰਟੀ ਦੂਜੇ ਵਿਅਕਤੀ ਲਈ ਅਸਹਿਣਯੋਗ ਸ਼ੋਰ ਹੈ।
ਮੈਂ, ਕੋਕੋ ਨੂੰ ਸਪੇਨ ਦੇ ਬਾਰਸੀਲੋਨਾ ਦੇ ਇਤਿਹਾਸਕ ਵਿਲਾ ਡੀ ਗ੍ਰਾਸੀਆ ਖੇਤਰ ਵਿੱਚ ਉਨ੍ਹਾਂ ਦੇ ਚੌਥੀ ਮੰਜ਼ਿਲ ਦੇ ਫਲੈਟ 'ਤੇ ਮਿਲਿਆ।
ਉਨ੍ਹਾਂ ਦੇ ਦਰਵਾਜ਼ੇ 'ਤੇ ਤੋਹਫ਼ੇ ਵਜੋਂ ਦਿੱਤੇ ਗਏ ਤਾਜ਼ੇ ਨਿੰਬੂਆਂ ਦਾ ਇੱਕ ਥੈਲਾ ਬੰਨ੍ਹਿਆ ਹੋਇਆ ਹੈ, ਜੋ ਉਨ੍ਹਾਂ ਦੇ ਗੁਆਂਢੀਆਂ ਨੇ ਤੋਹਫ਼ੇ ਵਜੋਂ ਦਿੱਤੇ ਹਨ।
ਉਨ੍ਹਾਂ ਦੇ ਫਰਿੱਜ ਵਿੱਚ ਇੱਕ ਦੂਜੇ ਗੁਆਂਢੀ ਦੁਆਰਾ ਪਕਾਏ ਗਏ ਟੌਰਟਿਲਾ ਪਏ ਹਨ ਅਤੇ ਉਨ੍ਹਾਂ ਨੇ ਮੈਨੂੰ ਮਜ਼ੇਦਾਰ ਕੇਕ ਦਿੱਤਾ ਜੋ ਉਨ੍ਹਾਂ ਦੇ ਇੱਕ ਤੀਜੇ ਗੁਆਂਢੀ ਨੇ ਬਣਾਇਆ ਸੀ, ਜੋ ਪੇਸਟਰੀ ਬਣਾਉਣ ਦੀ ਸਿਖਲਾਈ ਲੈ ਰਿਹਾ ਹੈ।
ਕੋਕੋ ਦੀ ਬਾਲਕੋਨੀ ਤੋਂ ਤੁਸੀਂ ਸ਼ਹਿਰ ਦੇ ਮਸ਼ਹੂਰ ਗਿਰਜਾਘਰ, ਸਗਰਾਡਾ ਫੈਮਿਲੀਆ ਨੂੰ ਦੇਖ ਸਕਦੇ ਹੋ। ਇਹ ਸਮਝਣਾ ਸੌਖਾ ਹੈ ਕਿ ਕੋਕੋ ਇੱਥੇ ਰਹਿਣਾ ਕਿਉਂ ਪਸੰਦ ਕਰਦੇ ਹਨ, ਪਰ ਇਸ ਦੀ ਲਾਗਤ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇੱਥੋਂ ਮਜਬੂਰੀ ਵੱਸ ਜਾਣਾ ਪਵੇਗਾ।

ਕੋਕੋ ਨੇ ਮੈਨੂੰ ਦੱਸਿਆ, "ਇੱਥੇ ਬਹੁਤ ਰੌਲ਼ਾ ਹੈ... 24 ਘੰਟੇ ਰੌਲ਼ਾ ਰਹਿੰਦਾ ਹੈ।"
ਇੱਥੇ ਕੁੱਤਿਆਂ ਦਾ ਇੱਕ ਪਾਰਕ ਹੈ ਜਿੱਥੇ ਮਾਲਕ ਆਪਣੇ ਕੁੱਤਿਆਂ ਨੂੰ ਘੁੰਮਾ ਸਕਦੇ ਹਨ, ਜੋ "ਸਵੇਰੇ 2, 3, 4, 5 ਵਜੇ ਭੌਂਕਦੇ ਹਨ" ਅਤੇ ਇੱਥੇ ਇੱਕ ਖੁੱਲ੍ਹੀ ਜਨਤਕ ਥਾਂ ਹੈ ਜੋ ਬੱਚਿਆਂ ਦੇ ਜਨਮ ਦਿਨ ਦੀਆਂ ਪਾਰਟੀਆਂ ਤੋਂ ਲੈ ਕੇ ਆਤਿਸ਼ਬਾਜ਼ੀ ਨਾਲ ਖ਼ਤਮ ਹੋਣ ਵਾਲੇ ਤੇ ਪੂਰਾ ਦਿਨ ਚੱਲਣ ਵਾਲੇ ਸੰਗੀਤ ਸਮਾਗਮਾਂ ਤੱਕ ਹਰ ਚੀਜ਼ ਲਈ ਵਰਤੀ ਜਾਂਦੀ ਹੈ।
ਕੋਕੋ ਆਪਣਾ ਫ਼ੋਨ ਕੱਢਦੇ ਹਨ ਅਤੇ ਉੱਚੀ ਆਵਾਜ਼ ਵਿੱਚ ਸੰਗੀਤ ਦੀ ਰਿਕਾਰਡਿੰਗ ਵਜਾਉਂਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਹਿੱਲ ਜਾਂਦੇ ਹਨ।
ਉਨ੍ਹਾਂ ਦਾ ਘਰ ਅਜਿਹਾ ਹੋਣਾ ਚਾਹੀਦਾ ਹੈ ਜਿੱਥੇ ਆ ਕੇ ਬੰਦਾ ਆਪਣੇ ਕੰਮ ਦਾ ਸਾਰਾ ਤਣਾਅ ਭੁੱਲ ਜਾਵੇ ਪਰ ਇਹ ਸ਼ੋਰ-ਸ਼ਰਾਬਾ "ਨਿਰਾਸ਼ਾ ਪੈਦਾ ਕਰ ਰਿਹਾ ਹੈ ਅਤੇ ਮੇਰਾ ਰੋਣ ਦਾ ਮਨ ਕਰਦਾ ਹੈ।"

ਉਹ ਕਹਿੰਦੇ ਹਨ, "ਇਸ 53 ਦਾ ਮਤਲਬ ਹੈ ਕਿ ਸਾਨੂੰ ਇੱਕ ਸ਼ਾਂਤ ਵਾਤਾਵਰਣ ਵਿੱਚ ਰਹਿਣ ਦੀ ਲੋੜ ਹੈ। ਅਤੇ ਇਹ ਸਿਰਫ਼ ਦਿਨ ਵੇਲੇ ਹੁੰਦਾ ਹੈ, ਸੌਣ ਲਈ ਤਾਂ ਸਾਨੂੰ ਹੋਰ ਵੀ ਹੇਠਲੇ ਪੱਧਰ ਦੀ ਲੋੜ ਹੁੰਦੀ ਹੈ। ਰਾਤ ਨੂੰ ਸਾਨੂੰ ਸ਼ਾਂਤੀ ਦੀ ਲੋੜ ਹੁੰਦੀ ਹੈ।"
ਹਾਲਾਂਕਿ ਇਹ ਸਿਰਫ਼ ਆਵਾਜ਼ ਬਾਰੇ ਨਹੀਂ ਹੈ, ਆਵਾਜ਼ ਕਿੰਨੀ ਵਿਘਨਕਾਰੀ ਹੈ ਅਤੇ ਇਸ 'ਤੇ ਤੁਹਾਡਾ ਕਿੰਨਾ ਕੰਟਰੋਲ ਹੈ, ਇਹ ਤੱਥ ਵੀ ਸ਼ੋਰ ਪ੍ਰਤੀ ਸਾਡੀ ਭਾਵਨਾਤਮਕ ਪ੍ਰਤੀਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ।
ਡਾਕਟਰ ਫੋਰੈਸਟਰ ਦਾ ਤਰਕ ਹੈ ਕਿ ਸ਼ੋਰ ਦੇ ਸਿਹਤ 'ਤੇ ਪ੍ਰਭਾਵ "ਹਵਾ ਪ੍ਰਦੂਸ਼ਣ ਵਾਲੇ ਪੱਧਰ 'ਤੇ ਹਨ'', ਪਰ ਇਹ ਸਮਝਣਾ ਬਹੁਤ ਔਖਾ ਹੈ।
ਉਹ ਕਹਿੰਦੇ ਹਨ, "ਅਸੀਂ ਇਹ ਸਮਝਣ ਦੇ ਆਦੀ ਹਾਂ ਕਿ ਰਸਾਇਣ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਉਹ ਜ਼ਹਿਰੀਲੇ ਹਨ, ਪਰ ਇਹ ਸਮਝਣਾ ਇੰਨਾ ਸਧਾਰਨ ਨਹੀਂ ਹੈ ਕਿ ਸ਼ੋਰ ਵਰਗਾ ਭੌਤਿਕ ਕਾਰਕ ਵੀ ਸਾਡੀ ਸੁਣਨ ਦੀ ਸਮਰੱਥਾ ਤੋਂ ਪਰੇ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ।"
ਉੱਚੇ ਸੰਗੀਤ ਵਾਲੀ ਪਾਰਟੀ ਜ਼ਿੰਦਗੀ ਨੂੰ ਖੂਬਸੂਰਤ ਅਤੇ ਜਿਉਣ ਯੋਗ ਬਣਾ ਸਕਦੀ ਹੈ ਅਤੇ ਕਿਸੇ ਹੋਰ ਲਈ ਇਹੀ ਪਾਰਟੀ ਅਸਹਿਣਯੋਗ ਸ਼ੋਰ ਹੁੰਦਾ ਹੈ।

ਪੂਰੇ ਯੂਰਪ ਵਿੱਚ ਸ਼ੋਰ-ਸ਼ਰਾਬੇ ਕਾਰਨ ਹਰ ਸਾਲ 12,000 ਅਣਆਈਆਂ ਮੌਤਾਂ ਹੁੰਦੀਆਂ ਹਨ, ਨਾਲ ਹੀ ਨੀਂਦ ਵਿੱਚ ਵਿਘਨ ਅਤੇ ਗੰਭੀਰ ਸ਼ੋਰ ਦੀ ਸਮੱਸਿਆ ਦੇ ਲੱਖਾਂ ਮਾਮਲੇ ਸਾਹਮਣੇ ਆਉਂਦੇ ਹਨ, ਜੋ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਮੈਂ ਡਾਕਟਰ ਫੋਰੈਸਟਰ ਨੂੰ ਇੱਕ ਕੈਫੇ ਵਿੱਚ ਮਿਲਿਆ, ਜੋ ਬਾਰਸੀਲੋਨਾ ਦੀਆਂ ਸਭ ਤੋਂ ਵਿਅਸਤ ਗਲੀਆਂ ਵਿੱਚੋਂ ਇੱਕ ਤੋਂ, ਇੱਕ ਛੋਟੇ ਪਾਰਕ ਦੁਆਰਾ ਵੱਖ ਕੀਤਾ ਗਿਆ ਸੀ। ਮੇਰਾ ਸਾਊਂਡ ਮੀਟਰ ਦੱਸਦਾ ਹੈ ਕਿ ਇੱਥੇ ਦੂਰ ਦੀ ਟ੍ਰੈਫਿਕ ਤੋਂ ਆਉਣ ਵਾਲਾ ਰੌਲਾ 60 ਡੈਸੀਬਲ ਤੋਂ ਥੋੜ੍ਹਾ ਉੱਪਰ ਹੈ।
ਅਸੀਂ ਇਸ ਸ਼ੋਰ ਦੇ ਬਾਵਜੂਦ ਆਪਣੀ ਆਵਾਜ਼ ਉੱਚੀ ਕੀਤੇ ਬਿਨਾਂ ਆਸਾਨੀ ਨਾਲ ਗੱਲ ਕਰ ਸਕਦੇ ਹਾਂ, ਪਰ ਇਹ ਪਹਿਲਾਂ ਹੀ ਇੱਕ ਗੈਰ-ਸਿਹਤਮੰਦ ਆਵਾਜ਼ ਹੈ।
ਡਾਕਟਰ ਫੋਰੈਸਟਰ ਨੇ ਮੈਨੂੰ ਦੱਸਿਆ ਕਿ ਦਿਲ ਦੀ ਸਿਹਤ ਲਈ 53 ਡੈਸੀਬਲ ਇੱਕ ਚਿੰਤਾਜਨਕ ਨੰਬਰ ਹੈ, ਅਤੇ ਤੁਸੀਂ ਇਸ ਤੋਂ ਜਿੰਨਾ ਉੱਚਾ ਜਾਓਗੇ, ਸਿਹਤ ਦੇ ਜੋਖਮ ਓਨੇ ਹੀ ਵਧ ਜਾਣਗੇ।

ਤਸਵੀਰ ਸਰੋਤ, Getty Images
ਟ੍ਰੈਫਿਕ ਸ਼ੋਰ ਦਾ ਅਸਰ
ਟ੍ਰੈਫਿਕ ਸ਼ੋਰ ਦਾ ਸਿਹਤ 'ਤੇ ਸਭ ਤੋਂ ਵੱਧ ਪ੍ਰਭਾਵ ਪੈਂਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਇਸਦੇ ਸੰਪਰਕ ਵਿੱਚ ਆਉਂਦੇ ਹਨ। ਪਰ ਟ੍ਰੈਫਿਕ ਦਾ ਮਤਲਬ ਕੰਮ 'ਤੇ ਜਾਣਾ, ਖਰੀਦਦਾਰੀ ਕਰਨਾ ਅਤੇ ਬੱਚਿਆਂ ਨੂੰ ਸਕੂਲ ਲੈ ਕੇ ਜਾਣਾ ਵੀ ਹੈ।
ਸ਼ੋਰ ਨਾਲ ਨਜਿੱਠਣ ਦਾ ਮਤਲਬ ਹੈ ਲੋਕਾਂ ਨੂੰ ਆਪਣੀ ਜ਼ਿੰਦਗੀ ਵੱਖਰੇ ਢੰਗ ਨਾਲ ਜਿਉਣ ਲਈ ਕਹਿਣਾ, ਜੋ ਆਪਣੇ ਆਪ ਵਿੱਚ ਸਮੱਸਿਆਵਾਂ ਪੈਦਾ ਕਰਦਾ ਹੈ।
ਬਾਰਸੀਲੋਨਾ ਇੰਸਟੀਚਿਊਟ ਫਾਰ ਗਲੋਬਲ ਹੈਲਥ ਦੇ ਡਾਕਟਰ ਨੈਟਲੀ ਮੂਲਰ ਮੈਨੂੰ ਸ਼ਹਿਰ ਦੇ ਕੇਂਦਰ ਵਿੱਚ ਸੈਰ ਕਰਵਾਉਣ ਲੈ ਜਾਂਦੇ ਹਨ।
ਅਸੀਂ ਇੱਕ ਵਿਅਸਤ ਸੜਕ ਤੋਂ ਸ਼ੁਰੂਆਤ ਕਰਦੇ ਹਾਂ - ਮੇਰਾ ਆਵਾਜ਼ ਮੀਟਰ 80 ਡੈਸੀਬਲ ਤੋਂ ਵੀ ਉੱਪਰ ਚਲਾ ਜਾਂਦਾ ਹੈ, ਫਿਰ ਅਸੀਂ ਇੱਕ ਇਲਾਕੇ ਵਿੱਚ ਚਲੇ ਜਾਂਦੇ ਹਾਂ ਜਿੱਥੇ ਬਹੁਤ ਸਾਰੇ ਰੁੱਖ ਹਨ ਅਤੇ ਇੱਥੇ ਸ਼ੋਰ 50 ਡੈਸੀਬਲ ਤੱਕ ਘੱਟ ਹੋ ਜਾਂਦਾ ਹੈ।
ਪਰ ਇਸ ਗਲੀ ਬਾਰੇ ਇੱਕ ਚੀਜ਼ ਵੱਖਰੀ ਹੈ। ਪਹਿਲਾਂ ਇਹ ਇੱਕ ਮਸਰੂਫ਼ ਸੜਕ ਹੁੰਦੀ ਸੀ, ਪਰ ਹੁਣ ਇਹ ਜਗ੍ਹਾ ਪੈਦਲ ਚੱਲਣ ਵਾਲਿਆਂ, ਕੈਫ਼ੇ ਅਤੇ ਬਗ਼ੀਚਿਆਂ ਨੂੰ ਦੇ ਦਿੱਤੀ ਗਈ ਹੈ। ਹਾਲਾਂਕਿ ਵਾਹਨ ਅਜੇ ਵੀ ਇੱਥੇ ਆ ਸਕਦੇ ਹਨ, ਪਰ ਹੌਲੀ।
ਚੇਤੇ ਕਰੋ, ਪਹਿਲਾਂ ਪ੍ਰਯੋਗਸ਼ਾਲਾ ਵਿੱਚ ਅਸੀਂ ਪਾਇਆ ਸੀ ਕਿ ਕੁਝ ਆਵਾਜ਼ਾਂ ਸਰੀਰ ਨੂੰ ਸ਼ਾਂਤ ਕਰ ਸਕਦੀਆਂ ਹਨ।
ਡਾਕਟਰ ਮੂਲਰ ਕਹਿੰਦੇ ਹਨ, "ਹਾਲਾਂਕਿ ਇਹ ਵੀ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੈ, ਪਰ ਇਹ ਆਵਾਜ਼ ਅਤੇ ਸ਼ੋਰ ਦੀ ਇੱਕ ਵੱਖਰੀ ਧਾਰਨਾ ਹੈ।"
ਮੇਰੇ ਦਿਲ ਦੀ ਧੜਕਣ ਘਟ ਗਈ ਅਤੇ ਮੈਨੂੰ ਪਸੀਨਾ ਆਉਣਾ ਬੰਦ ਹੋ ਗਿਆ।
ਸ਼ੁਰੂਆਤੀ ਯੋਜਨਾ ਇਹ ਸੀ ਕਿ ਅਜਿਹੇ 500 ਤੋਂ ਵੱਧ ਖੇਤਰ ਬਣਾਏ ਜਾਣਗੇ, ਜਿਨ੍ਹਾਂ ਨੂੰ "ਸੁਪਰਬਲਾਕ" ਕਿਹਾ ਜਾਂਦਾ ਹੈ। ਇਸ ਵਿੱਚ ਕਈ ਸ਼ਹਿਰੀ ਬਲਾਕਾਂ ਨੂੰ ਇਕੱਠੇ ਸਮੂਹਬੱਧ ਕਰਕੇ, ਪੈਦਲ ਯਾਤਰੀਆਂ ਦੇ ਅਨੁਕੂਲ ਖੇਤਰ ਬਣਾਇਆ ਜਾਂਦਾ ਹੈ।
ਡਾਕਟਰ ਮੂਲਰ ਨੇ ਇੱਕ ਖੋਜ ਕੀਤੀ ਸੀ, ਜਿਸ ਵਿੱਚ ਅੰਦਾਜ਼ਾ ਲਗਾਇਆ ਗਿਆ ਸੀ ਕਿ ਸ਼ਹਿਰ ਦੇ ਸ਼ੋਰ ਵਿੱਚ 5-10% ਕਮੀ ਹਰ ਸਾਲ "ਸਮੇਂ ਤੋਂ ਪਹਿਲਾਂ ਹੋਣ ਵਾਲੀਆਂ 150 ਮੌਤਾਂ" ਨੂੰ ਰੋਕ ਸਕਦੀ ਹੈ, ਜੋ ਕਿ ਸਿਰਫ਼ ਸ਼ਹਿਰ ਦੇ ਸ਼ੋਰ ਕਾਰਨ ਹੁੰਦੀਆਂ ਹਨ ਅਤੇ ਸ਼ੋਰ ਵਿੱਚ ਇੰਨੀ ਕੁ ਕਮੀ, ਸਿਹਤ ਨੂੰ ਹੋਣ ਵਾਲੇ ਲਾਭਾਂ ਦਾ "ਸਿਰਫ਼ ਇੱਕ ਛੋਟਾ ਜਿਹਾ ਹਿੱਸਾ" ਹੋਵੇਗਾ।
ਪਰ ਅਸਲ ਵਿੱਚ ਸਿਰਫ਼ ਛੇ ਸੁਪਰਬਲਾਕ ਬਣਾਏ ਗਏ ਸਨ। ਇਸ ਸਬੰਧੀ ਨਗਰ ਕੌਂਸਲ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਸ਼ਹਿਰੀਕਰਨ
ਹਾਲਾਂਕਿ, ਸ਼ੋਰ ਸਬੰਧੀ ਖ਼ਤਰੇ ਲਗਾਤਾਰ ਵਧ ਰਹੇ ਹਨ ਫਿਰ ਵੀ ਸ਼ਹਿਰੀਕਰਨ ਕਾਰਨ ਜ਼ਿਆਦਾ ਲੋਕ ਸ਼ੋਰ-ਸ਼ਰਾਬੇ ਵਾਲੇ ਸ਼ਹਿਰਾਂ ਵੱਲ ਜਾ ਰਹੇ ਹਨ।
ਬੰਗਲਾਦੇਸ਼ ਦਾ ਢਾਕਾ ਸ਼ਹਿਰ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਮੈਗਾਸਿਟੀਜ਼ ਵਿੱਚੋਂ ਇੱਕ ਹੈ। ਇਸ ਨਾਲ ਆਵਾਜਾਈ ਵੱਧ ਗਈ ਹੈ ਅਤੇ ਸ਼ਹਿਰ ਵਾਹਨਾਂ ਦੀਆਂ ਅਵਾਜ਼ਾਂ ਅਤੇ ਹਾਰਨਾਂ ਨਾਲ ਗੂੰਜਦਾ ਰਹਿੰਦਾ ਹੈ।
ਕਲਾਕਾਰ ਮੋਮੀਨਾ ਰਮਨ ਰਾਇਲ ਨੂੰ "ਇਕੱਲੇ ਹੀਰੋ" ਦਾ ਖ਼ਿਤਾਬ ਮਿਲਿਆ ਹੈ ਕਿਉਂਕਿ ਉਨ੍ਹਾਂ ਦੇ ਚੁੱਪ ਵਾਲੇ ਵਿਰੋਧ ਨੇ ਸ਼ਹਿਰ ਦੀ ਸ਼ੋਰ ਸਮੱਸਿਆ ਵੱਲ ਸਭ ਦਾ ਧਿਆਨ ਖਿੱਚਿਆ ਹੈ।
ਉਹ ਹਰ ਰੋਜ਼ ਲਗਭਗ 10 ਮਿੰਟਾਂ ਲਈ ਕਿਸੇ ਮਸਰੂਫ਼ ਸੜਕ ਦੇ ਚੌਰਾਹੇ 'ਤੇ ਇੱਕ ਵੱਡਾ ਪੀਲੇ ਰੰਗ ਦਾ ਤਖਤਾ ਲੈ ਕੇ ਖੜ੍ਹੇ ਰਹਿੰਦੇ ਹਨ ਅਤੇ ਉਨ੍ਹਾਂ ਡਰਾਈਵਰਾਂ ਨੂੰ ਮੁਲਜ਼ਮ ਠਹਿਰਾਉਂਦੇ ਹਨ ਜੋ ਉੱਚੀ ਆਵਾਜ਼ ਵਿੱਚ ਹਾਰਨ ਵਜਾਉਂਦੇ ਹਨ ਅਤੇ ਬਹੁਤ ਜ਼ਿਆਦਾ ਪਰੇਸ਼ਾਨੀ ਪੈਦਾ ਕਰਦੇ ਹਨ।
ਮੋਮੀਨਾ ਨੇ ਆਪਣੀ ਧੀ ਦੇ ਜਨਮ ਤੋਂ ਬਾਅਦ ਇਹ ਮਿਸ਼ਨ ਸ਼ੁਰੂ ਕੀਤਾ ਸੀ। ਉਹ ਕਹਿੰਦੇ ਹਨ, "ਮੈਂ ਚਾਹੁੰਦਾ ਹਾਂ ਕਿ ਹਰ ਤਰ੍ਹਾਂ ਦੇ ਹਾਰਨ ਵੱਜਣਾ ਬੰਦ ਹੋ ਜਾਣ, ਨਾ ਸਿਰਫ਼ ਢਾਕਾ 'ਚ ਬਲਕਿ ਬੰਗਲਾਦੇਸ਼ 'ਚ ਵੀ।"
ਉਹ ਕਹਿੰਦੇ ਹਨ, "ਪੰਛੀਆਂ, ਰੁੱਖਾਂ ਜਾਂ ਦਰਿਆਵਾਂ ਨੂੰ ਦੇਖੋ, ਮਨੁੱਖਾਂ ਤੋਂ ਬਿਨਾਂ ਹੋਰ ਕੋਈ ਵੀ ਰੌਲ਼ਾ ਨਹੀਂ ਪਾ ਰਿਹਾ, ਇਸ ਲਈ ਮਨੁੱਖ ਜ਼ਿੰਮੇਵਾਰ ਹਨ।"
ਪਰ ਇੱਥੇ ਸਿਆਸੀ ਕਾਰਵਾਈ ਵੀ ਸ਼ੁਰੂ ਹੋ ਗਈ ਹੈ। ਬੰਗਲਾਦੇਸ਼ ਸਰਕਾਰ ਦੇ ਵਾਤਾਵਰਣ ਸਲਾਹਕਾਰ ਅਤੇ ਮੰਤਰੀ ਸਈਦਾ ਰਿਜ਼ਵਾਨਾ ਹਸਨ ਨੇ ਮੈਨੂੰ ਦੱਸਿਆ ਕਿ ਉਹ ਸ਼ੋਰ ਦੇ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ "ਬਹੁਤ ਚਿੰਤਤ" ਹਨ।
ਸ਼ੋਰ ਦੇ ਪੱਧਰ ਨੂੰ ਘਟਾਉਣ ਲਈ, ਜਾਗਰੂਕ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਮੌਜੂਦਾ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਹਾਰਨ ਵਜਾਉਣ 'ਤੇ ਪਾਬੰਦੀ ਲਗਾਈ ਜਾ ਰਹੀ ਹੈ।
ਉਨ੍ਹਾਂ ਕਿਹਾ, "ਇਹ ਇੱਕ ਜਾਂ ਦੋ ਸਾਲਾਂ ਵਿੱਚ ਕਰਨਾ ਅਸੰਭਵ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਯਕੀਨੀ ਬਣਾਉਣਾ ਸੰਭਵ ਹੈ ਕਿ ਸ਼ਹਿਰ ਵਿੱਚ ਸ਼ੋਰ ਘੱਟ ਹੋਵੇ ਅਤੇ ਜਦੋਂ ਲੋਕਾਂ ਨੂੰ ਇਸਦਾ ਅਹਿਸਾਸ ਹੋਵੇਗਾ ਤਾਂ ਉਹ ਸ਼ੋਰ ਘੱਟ ਹੋਣ ਨਾਲ ਚੰਗਾ ਮਹਿਸੂਸ ਕਰਨਗੇ, ਮੈਨੂੰ ਯਕੀਨ ਹੈ ਕਿ ਉਨ੍ਹਾਂ ਦੀਆਂ ਆਦਤਾਂ ਵੀ ਬਦਲ ਜਾਣਗੀਆਂ।"
ਸ਼ੋਰ ਦੀ ਸਮੱਸਿਆ ਨੂੰ ਹੱਲ ਕਰਨਾ ਔਖਾ, ਗੁੰਝਲਦਾਰ ਅਤੇ ਚੁਣੌਤੀਪੂਰਨ ਹੋ ਸਕਦਾ ਹੈ।
ਹੁਣ ਮੇਰੇ ਕੋਲ ਜੋ ਬਚਿਆ ਹੈ ਉਹ ਹੈ, ਆਪਣੀ ਜ਼ਿੰਦਗੀ 'ਚ ਸ਼ੋਰ ਤੋਂ ਬਚਣ ਲਈ ਕੋਈ ਨਵੀਂ ਥਾਂ ਲੱਭਣ ਦੀ ਚਾਹ, ਕਿਉਂਕਿ ਬੰਗਲਾਦੇਸ਼ ਯੂਨੀਵਰਸਿਟੀ ਆਫ਼ ਪ੍ਰੋਫੈਸ਼ਨਲਜ਼ ਦੇ ਡਾਕਟਰ ਮਸਰੂਰ ਅਬਦੁਲ ਕਾਦਰ ਦੇ ਸ਼ਬਦਾਂ ਵਿੱਚ- ਇਹ "ਇੱਕ ਅਦਿੱਖ ਕਾਤਲ ਅਤੇ ਇੱਕ ਧੀਮਾ ਜ਼ਹਿਰ" ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












