ਉਹ ਦਵਾਈ ਜਿਸ ਦੀ ਖੁਰਾਕ ਕਾਮੁਕ ਇੱਛਾ ਖ਼ਤਰਨਾਕ ਪੱਧਰ ਤੱਕ ਵਧਾ ਦਿੰਦੀ ਹੈ, ਜੂਏ ਦੀ ਲਤ ਤੱਕ ਲਗ ਜਾਂਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਨੋਏਲ ਟਿਥਰੇਜ, ਕਰਟਿਸ ਲੈਂਕੈਸਟਰ
- ਰੋਲ, ਬੀਬੀਸੀ ਨਿਊਜ਼ ਜਾਂਚ ਪੱਤਰਕਾਰ
ਬਹੁਤ ਸਾਰੇ ਲੋਕਾਂ ਨੂੰ ਆਪਣੇ ਪੈਰ ਹਿਲਾਉਣ ਦੀ ਆਦਤ ਹੁੰਦੀ ਹੈ। ਇਸ ਬਿਮਾਰੀ ਨੂੰ ਰੇਸਟਲੇਸ ਲੈਗ ਸਿੰਡਰੋਮ ਕਿਹਾ ਜਾਂਦਾ ਹੈ, ਜਿਸ ਵਿੱਚ ਲੱਤਾਂ ਵਿੱਚ ਬੇਚੈਨੀ ਰਹਿੰਦੀ ਹੈ। ਜਦੋਂ ਇੱਕ ਕੰਪਨੀ ਨੇ ਇਸ ਲਈ ਇੱਕ ਦਵਾਈ ਵਿਕਸਤ ਕੀਤੀ, ਤਾਂ ਇਹ ਦੇਖਿਆ ਗਿਆ ਕਿ ਇਸ ਦਵਾਈ ਨੂੰ ਲੈਣ ਵਾਲੇ ਲੋਕਾਂ ਦੀਆਂ ਜਿਨਸੀ ਆਦਤਾਂ ਅਤੇ ਰਵੱਈਏ ਵਿੱਚ ਖਾਸਾ ਅੰਤਰ ਆਇਆ।
ਇਸ ਦਵਾਈ ਨੂੰ ਕਈ ਤਰ੍ਹਾਂ ਦੀਆਂ ਆਦਤਾਂ ਨਾਲ ਜੋੜਿਆ ਗਿਆ ਹੈ, ਜਿਸ ਵਿੱਚ ਤੀਬਰ ਜਿਨਸੀ ਇੱਛਾਵਾਂ ਤੋਂ ਲੈ ਕੇ ਜੂਏ ਦੀ ਲਤ ਤੱਕ ਸ਼ਾਮਲ ਹਨ। ਇਸ ਤੋਂ ਇਲਾਵਾ, ਅਜਿਹੀਆਂ ਰਿਪੋਰਟਾਂ ਵੀ ਆਈਆਂ ਹਨ ਜਿਸ ਵਿੱਚ ਇੱਕ ਵਿਅਕਤੀ ਨੇ ਸ਼ਰਾਬੀ ਹਾਲਤ ਵਿੱਚ ਇੱਕ ਬੱਚੇ ਨਾਲ ਦੁਰਵਿਵਹਾਰ ਕੀਤਾ।
ਅੱਜਕੱਲ੍ਹ, ਦਵਾਈਆਂ ਦੇ ਮਾੜੇ ਪ੍ਰਭਾਵਾਂ ਕਾਰ ਲੋਕਾਂ ਦੇ ਜੀਵਨ ਕਾਫੀ ਪ੍ਰਭਾਵਿਤ ਹੋ ਰਹੇ ਹਨ। ਕੁਝ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿੱਚ ਜਿਣਸੀ ਰੋਗ, ਜੂਆ ਜਾਂ ਹੋਰ ਨਸ਼ੇ ਸ਼ਾਮਲ ਹਨ। ਇਹ ਦਵਾਈਆਂ ਉਨ੍ਹਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਣ ਦੀ ਬਜਾਏ ਹੋਰ ਵੀ ਮੁਸ਼ਕਲ ਬਣਾ ਦਿੰਦੀਆਂ ਹਨ।
ਅਜਿਹੇ ਹੀ ਕੁਝ ਮਰੀਜ਼ ਹੁਣ ਦਾਅਵਾ ਕਰ ਰਹੇ ਹਨ ਕਿ ਜਿਨ੍ਹਾਂ ਡਾਕਟਰਾਂ ਨੇ ਰੇਸਟਲੇਸ ਲੈਗ ਸਿੰਡਰੋਮ (ਆਰਐਲਐਸ) ਸਮੇਤ ਅਜਿਹੇ ਹੀ ਹੋਰ ਵਿਕਾਰਾਂ ਲਈ ਦਵਾਈਆਂ ਲਿਖੀਆਂ ਹਨ, ਉਨ੍ਹਾਂ ਨੇ ਮਰੀਜ਼ਾਂ ਨੂੰ ਜਿਨਸੀ ਵਿਵਹਾਰ ਨਾਲ ਸਬੰਧਤ ਇਨ੍ਹਾਂ ਦਵਾਈਆਂ ਦੇ ਗੰਭੀਰ ਮਾੜੇ ਪ੍ਰਭਾਵਾਂ ਬਾਰੇ ਚੇਤਾਵਨੀ ਨਹੀਂ ਦਿੱਤੀ।
ਜਿਨ੍ਹਾਂ ਮਰੀਜ਼ਾਂ ਨੂੰ ਮੂਵਮੈਂਟ ਡਿਸਆਰਡਰ, ਜਿਸ ਵਿੱਚ ਰੇਸਟਲੇਸ ਲੇਗ ਸਿੰਡਰੋਮ ਵੀ ਸ਼ਾਮਲ ਹੈ, ਲਈ ਦਵਾਈਆਂ ਦਿੱਤੀਆਂ ਸਨ, ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਗੰਭੀਰ ਮਾੜੇ ਪ੍ਰਭਾਵਾਂ ਬਾਰੇ ਚੇਤਾਵਨੀ ਨਹੀਂ ਦਿੱਤੀ, ਜਿਸ ਕਾਰਨ ਉਹ ਜੋਖਮ ਭਰੇ ਜਿਨਸੀ ਵਿਵਹਾਰ ਦਾ ਸਹਾਰਾ ਲੈਣ ਲਈ ਮਜਬੂਰ ਹੋਏ।

ਪੀੜਤ ਔਰਤਾਂ ਨੇ ਕੀ ਦੱਸਿਆ
ਵੀਹ ਔਰਤਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਰਐਲਐਸ ਲਈ ਦਿੱਤੀਆਂ ਗਈਆਂ ਦਵਾਈਆਂ, ਜਿਸ ਕਾਰਨ ਉਨ੍ਹਾਂ ਨੂੰ ਹਿੱਲਣ-ਜੁੱਲਣ ਦੀ ਬਹੁਤ ਜ਼ਿਆਦਾ ਇੱਛਾ ਹੁੰਦੀ ਹੈ, ਨੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ।
ਬੀਬੀਸੀ ਦੁਆਰਾ ਦੇਖੀ ਗਈ ਫਾਰਮਾਸਿਊਟੀਕਲ ਕੰਪਨੀ ਜੀਐਸਕੇ ਦੀ ਇੱਕ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ 2003 ਵਿੱਚ ਇਸਨੂੰ ਡੋਪਾਮਾਈਨ ਐਗੋਨਿਸਟ ਵਜੋਂ ਜਾਣੀਆਂ ਜਾਂਦੀਆਂ ਦਵਾਈਆਂ ਅਤੇ "ਭਟਕਾਊ" ਜਿਨਸੀ ਵਿਵਹਾਰ ਵਿਚਕਾਰ ਸਬੰਧ ਬਾਰੇ ਪਤਾ ਲੱਗਾ।
ਇਸ ਵਿੱਚ ਇੱਕ ਵਿਅਕਤੀ ਨਾਲ ਜੁੜੇ ਮਾਮਲੇ ਦਾ ਹਵਾਲਾ ਵੀ ਦਿੱਤਾ ਗਿਆ ਸੀ, ਜਿਸਨੇ ਪਾਰਕਿੰਨਸਨ ਲਈ ਦਵਾਈ ਲੈਣ ਦੌਰਾਨ ਇੱਕ ਬੱਚੇ ਦਾ ਜਿਨਸੀ ਸ਼ੋਸ਼ਣ ਕੀਤਾ ਸੀ।
ਹਾਲਾਂਕਿ ਮਰੀਜ਼ਾਂ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਇਸ ਮਾੜੇ ਪ੍ਰਭਾਵ ਦਾ ਕੋਈ ਸਪਸ਼ਟ ਜ਼ਿਕਰ ਨਹੀਂ ਹੈ।
ਯੂਕੇ ਦੇ ਦਵਾਈਆਂ ਦੇ ਰੈਗੂਲੇਟਰ ਨੇ ਸਾਨੂੰ ਦੱਸਿਆ ਕਿ ਇਸ ਵਿੱਚ ਵਧੀ ਹੋਈ ਕਾਮਵਾਸਨਾ ਅਤੇ ਨੁਕਸਾਨਦੇਹ ਵਿਵਹਾਰ ਬਾਰੇ ਇੱਕ ਆਮ ਜਿਹੀ ਚੇਤਾਵਨੀ ਹੈ। ਜੀਐਸਕੇ ਦਾ ਕਹਿਣਾ ਹੈ ਕਿ ਜਾਣਕਾਰੀ ਵਿੱਚ "ਬਦਲੇ" ਜਿਨਸੀ ਰੁਝਾਨ ਦੇ ਜੋਖਮ ਦਾ ਵੀ ਜ਼ਿਕਰ ਹੈ।
ਕੁਝ ਔਰਤਾਂ ਨੇ ਜੋਖਮ ਭਰੇ ਜਿਣਸੀ ਵਿਵਹਾਰ ਵੱਲ ਆਕਰਸ਼ਿਤ ਹੋਣ ਦੀ ਰਿਪੋਰਟ ਕੀਤੀ ਅਤੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਅਜਿਹਾ ਕਿਉਂ ਹੋ ਰਿਹਾ ਹੈ।
ਜਦਕਿ, ਦੂਜਿਆਂ ਨੇ ਕਿਹਾ ਕਿ ਉਹ ਜੂਆ ਖੇਡਣ ਜਾਂ ਖਰੀਦਦਾਰੀ ਕਰਨ ਲਈ ਮਜਬੂਰ ਮਹਿਸੂਸ ਕਰਦੇ ਸਨ ਭਾਵੇਂ ਪਹਿਲਾਂ ਉਨ੍ਹਾਂ ਨੂੰ ਕੋਈ ਅਜਿਹੀ ਆਦਤ ਨਹੀਂ ਸੀ। ਇੱਕ ਆਦਮੀ ਨੇ ਤਾਂ ਖੁਦ 'ਤੇ 150,000 ਪੌਂਡ ਤੋਂ ਵੱਧ ਦਾ ਕਰਜ਼ਾ ਚੜ੍ਹਾ ਲਿਆ।

ਬਹੁਤ ਸਾਰੀਆਂ ਔਰਤਾਂ ਵਾਂਗ, ਕਲੇਅਰ ਨੂੰ ਪਹਿਲੀ ਵਾਰ ਗਰਭ ਅਵਸਥਾ ਦੌਰਾਨ ਆਰਐਲਐਸ ਦਾ ਸਾਹਮਣਾ ਕਰਨਾ ਪਿਆ ਸੀ। ਲਗਾਤਾਰ ਹਿੱਲਣ-ਜੁੱਲਣ ਦੇ ਨਤੀਜੇ ਵਜੋਂ ਅਕਸਰ ਉਨ੍ਹਾਂ ਨੂੰ ਨੀਂਦ ਨੀਂਦ ਨਹੀਂ ਆਉਂਦੀ ਸੀ ਅਤੇ ਚਮੜੀ ਅੰਦਰ ਕੁਝ ਰੇਂਗਣ ਦਾ ਹਿਸਾਸ ਹੁੰਦਾ ਸੀ।
ਉਨ੍ਹਾਂ ਦੀ ਇਹ ਹਾਲਤ ਬੱਚੇ ਦੇ ਜਨਮ ਤੋਂ ਬਾਅਦ ਵੀ ਬਣੀ ਰਹੀ ਅਤੇ ਉਨ੍ਹਾਂ ਡੋਪਾਮਾਈਨ ਐਗੋਨਿਸਟ ਡਰੱਗ ਰੋਪੀਨਿਰੋਲ ਦਿੱਤੀ ਗਈ।
ਕਲੇਅਰ ਦੱਸਦੇ ਹਨ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਕਿਸੇ ਵੀ ਮਾੜੇ ਪ੍ਰਭਾਵਾਂ ਬਾਰੇ ਚੇਤਾਵਨੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਦਵਾਈ ਨੇ ਸ਼ੁਰੂ ਵਿੱਚ ਆਰਐਲਐਸ ਲਈ ਅਚੰਭੇ ਵਾਲਾ ਕੰਮ ਕੀਤਾ, ਪਰ ਸਿਰਫ਼ ਇੱਕ ਸਾਲ ਬਾਅਦ ਹੀ ਉਨ੍ਹਾਂ ਬਹੁਤ ਜ਼ਿਆਦਾ ਜਿਨਸੀ ਇੱਛਾਵਾਂ ਦਾ ਅਨੁਭਵ ਹੋਣ ਲੱਗਾ।
ਉਨ੍ਹਾਂ ਸਾਨੂੰ ਦੱਸਿਆ, "ਮੈਂ ਇਸਨੂੰ ਸਿਰਫ਼ ਭਟਕਾਊ ਹੀ ਕਹਿ ਸਕਦੀ ਹਾਂ।''

ਤਸਵੀਰ ਸਰੋਤ, Getty Images
'ਤੁਸੀਂ ਜਾਣਦੇ ਹੋ ਕਿ ਗਲਤ ਕਰ ਰਹੇ ਹੋ ਪਰ ਰੁਕ ਨਹੀਂ ਪਾਉਂਦੇ'
ਕਲੇਅਰ ਕਹਿੰਦੇ ਹਨ ਕਿ ਉਹ ਸੈਕਸ ਲਈ ਸਵੇਰੇ ਜਲਦੀ ਘਰੋਂ ਨਿਕਲਣ ਲੱਗ ਪਏ ਸਨ। ਉਹ ਅੰਗ ਪ੍ਰਦਰਸ਼ਨ ਵਾਲੇ ਕੱਪੜੇ ਪਹਿਨਦੇ ਅਤੇ ਕਿਸੇ ਵੀ ਆਦਮੀ ਨੂੰ ਆਪਣੀ ਛਾਤੀ ਦਿਖਾਉਣ ਦੀ ਕੋਸ਼ਿਸ਼ ਕਰਦੇ ਸਨ।
ਕਲੇਰ ਕਹਿੰਦੇ ਹਨ ਕਿ ਉਹ ਨਿਯਮਿਤ ਤੌਰ 'ਤੇ ਇਸ ਤਰ੍ਹਾਂ ਕਰਦੇ ਸਨ ਅਤੇ ਜਦਕਿ ਉਨ੍ਹਾਂ ਕੋਲ ਪਹਿਲਾਂ ਹੀ ਇੱਕ ਸਾਥੀ ਸੀ ਫਿਰ ਵੀ ਉਹ ਖਤਰਨਾਕ ਥਾਵਾਂ ਅਤੇ ਪਰਿਸਥਿਤੀਆਂ ਵਿੱਚ ਵੀ ਅਜਿਹਾ ਵਿਵਹਾਰ ਕਰਦੇ ਸਨ।
ਕਲੇਰ ਮੁਤਾਬਕ, "ਤੁਹਾਡੇ ਦਿਮਾਗ ਵਿੱਚ ਇੱਕ ਅਜਿਹਾ ਤੱਤ ਹੈ ਜੋ ਜਾਣਦਾ ਹੈ ਕਿ ਤੁਸੀਂ ਜੋ ਕਰ ਰਹੇ ਹੋ ਉਹ ਗਲਤ ਹੈ, ਪਰ ਇਹ ਤੁਹਾਨੂੰ ਇਸ ਹੱਦ ਤੱਕ ਪ੍ਰਭਾਵਿਤ ਕਰਦਾ ਹੈ ਕਿ ਤੁਹਾਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਤੁਸੀਂ ਇਹ ਕਰ ਰਹੇ ਹੋ।"
ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਸਮਝਣ ਵਿੱਚ ਕਈ ਸਾਲ ਲੱਗ ਗਏ ਕਿ ਇਹ ਵਿਵਹਾਰ ਉਨ੍ਹਾਂ ਦੀ ਦਵਾਈ ਨਾਲ ਜੁੜਿਆ ਹੋ ਸਕਦਾ ਹੈ। ਅਤੇ ਜਦੋਂ ਉਨ੍ਹਾਂ ਨੇ ਦਵਾਈ ਲੈਣੀ ਬੰਦ ਕਰ ਦਿੱਤੀ ਤਾਂ ਅਜਿਹੀਆਂ ਇਛਾਵਾਂ ਜਿਵੇਂ ਅਲੋਪ ਹੋ ਗਈਆਂ। ਉਹ ਆਪਣੇ ਆਪ ਨੂੰ ਜਿਸ ਖ਼ਤਰੇ ਵਿੱਚ ਪਾ ਰਹੇ ਹਨ, ਉਸ ਤੋਂ ਪੂਰੀ ਤਰ੍ਹਾਂ "ਸ਼ਰਮਿੰਦਾ" ਅਤੇ "ਘਿਨਾਉਣਾ" ਮਹਿਸੂਸ ਕਰਦੇ ਹਨ।

ਡੋਪਾਮਾਈਨ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ
ਸਿਹਤ ਮਾਰਗਦਰਸ਼ਨ ਸੰਸਥਾ ਐਨਆਈਸੀਈ ਦੇ ਅਨੁਸਾਰ, ਲੰਬੇ ਸਮੇਂ ਤੋਂ ਡੋਪਾਮਾਈਨ ਐਗੋਨਿਸਟ ਦਵਾਈਆਂ ਦੇ ਮਾੜੇ ਪ੍ਰਭਾਵਾਂ ਵਜੋਂ ਜੂਆ ਖੇਡਣਾ ਅਤੇ ਵਧੀ ਹੋਈ ਸੈਕਸ ਡਰਾਈਵ ਸਮੇਤ ਆਵੇਗਸ਼ੀਲ ਵਿਵਹਾਰ ਸੂਚੀਬੱਧ ਕੀਤੇ ਗਏ ਹਨ - ਅਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਆਰਐਲਐਸ ਲੈਣ ਵਾਲੇ 6% ਤੋਂ 17% ਮਰੀਜ਼ਾਂ ਨੂੰ ਪ੍ਰਭਾਵਿਤ ਕਰਦੇ ਹਨ।
ਨੈਸ਼ਨਲ ਹੈਲਥ ਸਰਵੇ ਦੇ ਅਨੁਸਾਰ, ਕਿਸੇ ਵੀ ਦਵਾਈ ਦਾ "ਆਮ" ਮਾੜਾ ਪ੍ਰਭਾਵ ਇਸ ਨੂੰ ਲੈਣ ਵਾਲੇ ਸਿਰਫ 1% ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਇਹ ਦਵਾਈਆਂ ਡੋਪਾਮਾਈਨ ਦੇ ਵਿਵਹਾਰ ਦੀ ਨਕਲ ਕਰਕੇ ਕੰਮ ਕਰਦੀਆਂ ਹਨ। ਡੋਪਾਮਾਈਨ ਸਾਡੇ ਦਿਮਾਗ ਵਿੱਚ ਮੌਜੂਦ ਇੱਕ ਕੁਦਰਤੀ ਰਸਾਇਣ ਹੈ ਜੋ ਹਰਕਤ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸਨੂੰ "ਖੁਸ਼ੀ ਦਾ ਹਾਰਮੋਨ" ਕਿਹਾ ਜਾਂਦਾ ਹੈ ਕਿਉਂਕਿ ਇਹ ਉਦੋਂ ਕਿਰਿਆਸ਼ੀਲ ਹੁੰਦਾ ਹੈ ਜਦੋਂ ਕੋਈ ਚੀਜ਼ ਸਾਨੂੰ ਖੁਸ਼ੀ ਦਿੰਦੀ ਹੈ ਜਾਂ ਅਸੀਂ ਚੰਗਾ ਮਹਿਸੂਸ ਕਰਦੇ ਹਾਂ।
ਪਰ ਅਕਾਦਮਿਕਾਂ ਦੇ ਅਨੁਸਾਰ, ਐਗੋਨਿਸਟ ਦਵਾਈਆਂ ਇਨ੍ਹਾਂ ਭਾਵਨਾਵਾਂ ਨੂੰ ਬਹੁਤ ਜ਼ਿਆਦਾ ਉਤੇਜਿਤ ਕਰ ਸਕਦੀਆਂ ਹਨ ਅਤੇ ਨਤੀਜਿਆਂ ਦੀ ਸਮਝ ਨੂੰ ਘਟਾ ਸਕਦੀਆਂ ਹਨ, ਜਿਸ ਨਾਲ ਵਿਵਹਾਰ ਵਿੱਚ ਤੇਜ਼ੀ ਆਉਂਦੀ ਹੈ।

ਤਸਵੀਰ ਸਰੋਤ, Getty Images
ਦਵਾਈ, ਵਧਦੀ ਜਿਨਸੀ ਇੱਛਾ ਅਤੇ ਅਪਰਾਧ
2003 ਦੀ ਜੀਐਸਕੇ ਰਿਪੋਰਟ ਵਿੱਚ "ਭਟਕਾਊ ਵਿਵਹਾਰ" ਵਜੋਂ ਜਿਹੜੇ ਮਾਮਲੇ ਦੱਸੇ ਗਏ ਹਨ, ਉਨ੍ਹਾਂ ਵਿੱਚੋਂ ਇੱਕ ਵਿੱਚ ਦੋ ਆਦਮੀ ਸ਼ਾਮਲ ਸਨ ਜਿਨ੍ਹਾਂ ਨੂੰ ਪਾਰਕਿੰਸਨਸ ਬਿਮਾਰੀ ਲਈ ਰੋਪੀਨਿਰੋਲ ਦਵਾਈ ਦਿੱਤੀ ਗਈ ਸੀ।
ਇੱਕ ਮਾਮਲੇ ਵਿੱਚ, ਇੱਕ 63 ਸਾਲਾ ਵਿਅਕਤੀ ਨੇ ਇੱਕ ਸੱਤ ਸਾਲ ਦੀ ਬੱਚੀ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ, ਜਿਸ ਕਾਰਨ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਰੋਪੀਨਿਰੋਲ ਨਾਲ ਇਲਾਜ ਸ਼ੁਰੂ ਕਰਨ ਤੋਂ ਬਾਅਦ ਅਪਰਾਧੀ ਦੀ ਜਿਣਸੀ ਇੱਛਾਵਾਂ ਵਿੱਚ ਕਾਫ਼ੀ ਵਾਧਾ ਹੋਇਆ ਸੀ ਅਤੇ ਉਸਦੀ ਖੁਰਾਕ ਘਟਾਉਣ ਤੋਂ ਬਾਅਦ ਉਸਦੀ "ਜਿਣਸੀ ਇੱਛਾਵਾਂ ਸਬੰਧੀ ਸਮੱਸਿਆਵਾਂ ਹੱਲ ਹੋ ਗਈਆਂ" ਸਨ।
ਦੂਜੇ ਮਾਮਲੇ ਵਿੱਚ, ਇੱਕ 45 ਸਾਲਾ ਆਦਮੀ ਨੇ "ਬੇਕਾਬੂ, ਪ੍ਰਦਰਸ਼ਨਕਾਰੀ ਅਤੇ ਬੇਢੰਗੇ ਢੰਗ ਨਾਲ" ਵਿਵਹਾਰ ਕੀਤਾ ਸੀ। ਰਿਪੋਰਟ ਮੁਤਾਬਕ, ਰੋਪੀਨਿਰੋਲ ਦਵਾਈ ਦੇਣ ਤੋਂ ਪਹਿਲਾਂ ਹੀ ਉਸ ਦੀ ਜਿਣਸੀ ਇੱਛਾ ਵਧ ਗਈ ਸੀ, ਪਰ ਇਲਾਜ ਤੋਂ ਬਾਅਦ ਉਸ ਦੀ ਇੱਛਾ "ਤੇਜ਼" ਹੋ ਗਈ ਸੀ।
ਕੈਂਬਰਿਜ ਯੂਨੀਵਰਸਿਟੀ ਵਿੱਚ ਨਿਊਰੋਸਾਈਕਾਇਟ੍ਰੀ ਦੀ ਪ੍ਰੋਫੈਸਰ ਵੈਲੇਰੀ ਵੂਨ ਦੇ ਅਨੁਸਾਰ, ਜੀਐਸਕੇ ਨੇ ਕਿਹਾ ਕਿ ਨਸ਼ਿਆਂ ਕਾਰਨ ਹੋਣ ਵਾਲੇ "ਭਟਕਾਊ" ਜਿਣਸੀ ਵਿਵਹਾਰ ਦੀ ਵਿਆਪਕਤਾ ਦਰ ਅਣਜਾਣ ਹੈ ਅਤੇ ਜੋ ਲੋਕ ਇਸ ਦਾ ਅਨੁਭਵ ਕਰਦੇ ਹਨ, ਹੋ ਸਕਦੇ ਹਨ ਕਿ ਉਹ ਇਸ ਦੀ ਰਿਪੋਰਟ ਘੱਟ ਕਰਦੇ ਹੋਣ।
ਪ੍ਰੋਫੈਸਰ ਵੂਨ ਮੁਤਾਬਕ, "ਇਸ ਨਾਲ ਬਹੁਤ ਸਾਰੀ ਬਦਨਾਮੀ ਅਤੇ ਸ਼ਰਮਿੰਦਗੀ ਜੁੜੀ ਹੋਈ ਹੈ ਅਤੇ ਲੋਕ ਇਹ ਨਹੀਂ ਸਮਝਦੇ ਕਿ ਇਹ ਦਵਾਈ ਨਾਲ ਜੁੜਿਆ ਹੋਇਆ ਹੈ।''
ਪ੍ਰੋਫੈਸਰ ਵੂਨ ਦਾ ਮੰਨਣਾ ਹੈ ਕਿ ਜੋਖਮ ਭਰੇ ਜਿਣਸੀ ਵਿਵਹਾਰ - ਜੋ ਸਿਰਫ਼ ਕਾਮਵਾਸਨਾ ਵਧਾਉਣ ਤੋਂ ਪਰੇ ਹਨ - ਬਾਰੇ ਐਨਐਚਐਸ ਦੁਆਰਾ ਖਾਸ ਤੌਰ 'ਤੇ ਚੇਤਾਵਨੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਦਾ ਪ੍ਰਭਾਵ "ਵਿਨਾਸ਼ਕਾਰੀ" ਹੋ ਸਕਦਾ ਹੈ।
ਮੰਨਿਆ ਜਾਂਦਾ ਹੈ ਕਿ ਆਰਐਲਐਸ 20 ਵਿੱਚੋਂ ਇੱਕ ਬਾਲਗ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਔਰਤਾਂ ਦੇ ਇਸ ਤੋਂ ਪੀੜਤ ਹੋਣ ਦੀ ਸੰਭਾਵਨਾ ਮਰਦਾਂ ਨਾਲੋਂ ਦੁੱਗਣੀ ਹੁੰਦੀ ਹੈ।

ਤਸਵੀਰ ਸਰੋਤ, Getty Images
ਡਾਕਟਰਾਂ ਵਲੋਂ ਚੇਤਾਵਨੀ ਦੀ ਘਾਟ
ਜਿਨ੍ਹਾਂ 20 ਪੀੜਤਾਂ ਨਾਲ ਅਸੀਂ ਗੱਲ ਕੀਤੀ, ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਨੇ ਨਾ ਸਿਰਫ਼ ਉਨ੍ਹਾਂ ਨੂੰ ਦਵਾਈਆਂ ਦੇ ਸੰਭਾਵੀ ਗੰਭੀਰ ਮਾੜੇ ਪ੍ਰਭਾਵਾਂ ਬਾਰੇ ਨਹੀਂ ਦੱਸਿਆ, ਸਗੋਂ ਉਨ੍ਹਾਂ ਦੇ ਸਰੀਰ 'ਤੇ ਦਵਾਈ ਦੇ ਪ੍ਰਭਾਵਾਂ ਦੀ ਸਮੀਖਿਆ ਵੀ ਨਹੀਂ ਕੀਤੀ।
ਸਾਰਾਹ 50 ਸਾਲਾਂ ਦੇ ਸਨ ਜਦੋਂ ਉਨ੍ਹਾਂ ਨੂੰ ਕਿਸੇ ਹੋਰ ਨਿਰਮਾਤਾ ਦੁਆਰਾ ਤਿਆਰ ਕੀਤੀ ਗਈ ਡੋਪਾਮਾਈਨ ਐਗੋਨਿਸਟ ਦਵਾਈ ਦਿੱਤੀ ਗਈ ਸੀ।
ਉਹ ਦੱਸਦੇ ਹਨ ਕਿ "ਪਹਿਲਾਂ ਜੇ ਬ੍ਰੈਡ ਪਿਟ ਵੀ ਕਮਰੇ ਵਿੱਚ ਨਗਨ ਹੋ ਕੇ ਘੁੰਮਦਾ, ਤਾਂ ਮੈਨੂੰ ਕੋਈ ਦਿਲਚਸਪੀ ਨਾ ਹੁੰਦੀ। ਪਰ ਇਸਨੇ ਮੈਨੂੰ ਇੱਕ ਭਿਆਨਕ ਔਰਤ ਵਿੱਚ ਤਬਦੀਲ ਕਰ ਦਿੱਤਾ ਜੋ ਵੱਧ ਤੋਂ ਵੱਧ ਜਿਣਸੀ ਲਤ ਦਾ ਪਿੱਛਾ ਕਰ ਰਹੀ ਸੀ।"
ਸਾਰਾਹ ਨੇ ਵਰਤੇ ਹੋਏ ਅੰਡਰਵੀਅਰ ਅਤੇ ਸੈਕਸ ਕਿਰਿਆਵਾਂ ਦੇ ਵੀਡੀਓ ਆਨਲਾਈਨ ਵੇਚਣੇ ਸ਼ੁਰੂ ਕਰ ਦਿੱਤੇ ਸਨ ਅਤੇ ਅਜਨਬੀਆਂ ਨਾਲ ਟੈਲੀਫੋਨ ਸੈਕਸ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਬਹੁਤ ਜ਼ਿਆਦਾ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਅੰਤ ਵਿੱਚ ਉਨ੍ਹਾਂ 'ਤੇ 30,000 ਪੌਂਡ ਦਾ ਕਰਜ਼ਾ ਚੜ੍ਹ ਗਿਆ।
ਡੋਪਾਮਾਈਨ ਐਗੋਨਿਸਟਾਂ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ, ਸਾਰਾਹ ਨੇ ਆਪ ਹੀ ਦਰਦ ਤੋਂ ਰਾਹਤ ਪਾਉਣ ਵਾਲੀਆਂ ਓਪੀਔਡਜ਼ ਅਤੇ ਨੀਂਦ ਦੀਆਂ ਗੋਲੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਆਖਰਕਾਰ ਉਨ੍ਹਾਂ ਨੂੰ ਇੱਕ ਰੀਹੈਬ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ। ਪਰ ਇਸ ਸਭ ਕਾਰਨ ਉਨ੍ਹਾਂ ਨੇ ਆਪਣਾ ਡਰਾਈਵਿੰਗ ਲਾਇਸੈਂਸ ਅਤੇ ਨੌਕਰੀ ਗੁਆ ਦਿੱਤੀ।
ਬੀਬੀਸੀ ਨਾਲ ਗੱਲ ਕਰਦਿਆਂ ਸਾਰਾਹ ਨੇ ਦੱਸਿਆ ਕਿ "ਮੈਂ ਉਹ ਕੰਮ ਕੀਤੇ ਜੋ ਸਿਹਤਮੰਦ ਨਹੀਂ ਸਨ। ਮੈਨੂੰ ਪਤਾ ਸੀ ਕਿ ਇਹ ਮੇਰਾ ਵਿਵਹਾਰ ਨਹੀਂ ਸੀ, ਪਰ ਮੈਂ ਇਸਨੂੰ ਕੰਟਰੋਲ ਨਹੀਂ ਕਰ ਸਕਦੀ ਸੀ।''
ਅਜਿਹੀ ਤੀਜੀ ਮਹਿਲਾ ਸੂ ਹਨ ਜੋ ਕਹਿੰਦੇ ਹਨ ਕਿ ਉਨ੍ਹਾਂ ਨੂੰ ਦੋ ਵੱਖ-ਵੱਖ ਡੋਪਾਮਾਈਨ ਐਗੋਨਿਸਟ ਦਵਾਈਆਂ ਦਿੱਤੀਆਂ ਗਈਆਂ ਸਨ, ਪਰ ਦੋਵਾਂ ਮੌਕਿਆਂ 'ਤੇ ਉਨ੍ਹਾਂ ਨੂੰ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਬਾਰੇ ਚੇਤਾਵਨੀ ਨਹੀਂ ਦਿੱਤੀ ਗਈ ਸੀ।
ਸੂ ਕਹਿੰਦੇ ਹਨ ਜਦੋਂ ਉਨ੍ਹਾਂ ਨੂੰ ਦੂਜੀ ਦਵਾਈ ਦਿੱਤੀ ਗਈ ਤਾਂ ਉਨ੍ਹਾਂ ਹਾਲ ਹੀ ਵਿੱਚ ਲੱਗੀ ਆਪਣੀ ਜੂਏ ਦੀ ਆਦਤ ਦਾ ਵੀ ਜ਼ਿਕਰ ਕੀਤਾ। ਸੂ ਉੱਤੇ 80,000 ਪੌਂਡ ਦਾ ਕਰਜ਼ਾ ਚੜ੍ਹ ਗਿਆ।
ਉਨ੍ਹਾਂ ਦੱਸਿਆ, "ਇਸਦਾ ਮੇਰੇ ਪਰਿਵਾਰ 'ਤੇ ਬਹੁਤ ਬੁਰਾ ਪ੍ਰਭਾਵ ਪਿਆ। ਉਹ ਪੈਸਾ ਗੁਆਉਣਾ ਜ਼ਿੰਦਗੀ ਬਦਲ ਦੇਣ ਵਾਲਾ ਸੀ। ਪਰ ਮੈਨੂੰ ਉਸ ਸਮੇਂ ਇਹ ਨਹੀਂ ਪਤਾ ਸੀ ਕਿ ਇਹ ਮੇਰੀ ਗਲਤੀ ਨਹੀਂ ਸੀ।"

ਹੋਰ ਦੇਸ਼ਾਂ ਵਿੱਚ ਇਨ੍ਹਾਂ ਦਵਾਈਆਂ ਬਾਰੇ ਕਿਹੋ-ਜਿਹੇ ਮਾਮਲੇ
ਬੀਬੀਸੀ ਨੂੰ ਪਤਾ ਲੱਗਾ ਹੈ ਕਿ ਪਾਰਕਿੰਸਨਸ ਬਿਮਾਰੀ ਤੋਂ ਪੀੜਤ ਚਾਰ ਲੋਕਾਂ ਨੇ 2011 ਵਿੱਚ ਜੀਐਸਕੇ ਵਿਰੁੱਧ ਇੱਕ ਕਲਾਸ ਐਕਸ਼ਨ ਮੁਕੱਦਮਾ ਦਾਇਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਰੋਪੀਨਿਰੋਲ ਕਾਰਨ ਉਨ੍ਹਾਂ ਉੱਤੇ ਜੂਏ ਦੇ ਕਰਜ਼ੇ ਵਧ ਗਏ ਹਨ ਅਤੇ ਰਿਸ਼ਤੇ ਟੁੱਟ ਗਏ ਹਨ।
ਉਨ੍ਹਾਂ ਇਹ ਵੀ ਸ਼ਿਕਾਇਤ ਕੀਤੀ ਕਿ, 2000 ਦੇ ਸ਼ੁਰੂ ਵਿੱਚ ਡਾਕਟਰੀ ਅਧਿਐਨਾਂ ਦੁਆਰਾ ਅਜਿਹੇ ਵਿਵਹਾਰ ਅਤੇ ਦਵਾਈ ਵਿਚਕਾਰ ਸਬੰਧ ਸਥਾਪਤ ਕਰਨ ਦੇ ਬਾਵਜੂਦ, ਜੀਐਸਕੇ ਨੇ ਮਾਰਚ 2007 ਤੱਕ ਆਪਣੇ ਉਤਪਾਦ ਸਬੰਧੀ ਜਾਣਕਾਰੀ ਵਿੱਚ ਇਹ ਚੇਤਾਵਨੀ ਸ਼ਾਮਲ ਨਹੀਂ ਕੀਤੀ ਸੀ। ਕਲਾਸ ਐਕਸ਼ਨ ਕੇਸ ਦਾ ਨਿਪਟਾਰਾ ਹੋ ਗਿਆ ਪਰ ਜੀਐਸਕੇ ਨੇ ਜ਼ਿੰਮੇਵਾਰੀ ਤੋਂ ਇਨਕਾਰ ਕੀਤਾ ਹੈ।
ਦੂਜੇ ਦੇਸ਼ਾਂ ਵਿੱਚ ਵੀ ਅਜਿਹੇ ਗੰਭੀਰ ਮਾੜੇ ਪ੍ਰਭਾਵਾਂ ਦੇ ਮਾਮਲੇ ਸਾਹਮਣੇ ਆਏ ਹਨ, ਖਾਸ ਕਰਕੇ ਪਾਰਕਿੰਸਨਸ ਰੋਗ ਲਈ ਦਵਾਈਆਂ ਦੀ ਵਰਤੋਂ ਦੇ ਸੰਬੰਧ ਵਿੱਚ।
ਫਰਾਂਸ ਵਿੱਚ, ਇੱਕ ਅਦਾਲਤ ਨੇ ਦੋ ਬੱਚਿਆਂ ਦੇ ਪਿਤਾ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਜਿਸਨੇ ਸ਼ਿਕਾਇਤ ਕੀਤੀ ਸੀ ਕਿ ਰੋਪੀਨਿਰੋਲ ਕਾਰਨ ਉਸ ਨੂੰ ਜਬਰਦਸਤੀ ਸਮਲਿੰਗੀ ਇੱਛਾਵਾਂ ਹੁੰਦੀਆਂ ਹੈ, ਜਦੋਂ ਕਿ ਇੱਕ ਹੋਰ ਵਿਅਕਤੀ ਜਿਸਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ, ਨੇ ਬਿੱਲੀਆਂ ਨੂੰ ਤਸੀਹੇ ਦੇਣਾ ਸ਼ੁਰੂ ਕਰ ਦਿੱਤਾ ਸੀ।
ਅਮਰੀਕਾ ਵਿੱਚ, ਅਮੈਰੀਕਨ ਅਕੈਡਮੀ ਆਫ਼ ਸਲੀਪ ਮੈਡੀਸਨ ਸਿਫ਼ਾਰਸ਼ ਕਰਦੀ ਹੈ ਕਿ ਇਨ੍ਹਾਂ ਦਵਾਈਆਂ ਦੀ ਵਰਤੋਂ ਸਿਰਫ਼ ਥੋੜ੍ਹੇ ਸਮੇਂ ਦੇ ਇਲਾਜ ਲਈ ਕੀਤੀ ਜਾਣੀ ਚਾਹੀਦੀ ਹੈ, ਜਿਵੇਂ ਕਿ ਜੀਵਨ ਦੇ ਅੰਤ ਸਮੇਂ ਵਿੱਚ ਦੇਖਭਾਲ ਦੌਰਾਨ।

ਤਸਵੀਰ ਸਰੋਤ, Getty Images
ਜੀਐਸਕੇ ਦਾ ਕੀ ਕਹਿਣਾ ਹੈ
ਬੀਬੀਸੀ ਨੇ ਜਿਨ੍ਹਾਂ ਔਰਤਾਂ ਨਾਲ ਗੱਲ ਕੀਤੀ, ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਦਵਾਈਆਂ ਦੀ ਲੰਬੇ ਸਮੇਂ ਤੱਕ ਵਰਤੋਂ ਨੇ ਉਨ੍ਹਾਂ ਦੇ ਅੰਦਰ ਆਰਐਲਐਸ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ।
ਇਸਦਾ ਮਤਲਬ ਸੀ ਕਿ ਉਨ੍ਹਾਂ ਦੀ ਖੁਰਾਕ ਵਧਾ ਦਿੱਤੀ ਗਈ ਸੀ, ਜਿਸ ਕਾਰਨ ਉਨ੍ਹਾਂ ਦਾ ਮਜਬੂਰ ਕਰਨ ਵਾਲਾ ਵਿਵਹਾਰ ਹੋਰ ਗੰਭੀਰ ਹੋ ਗਿਆ ਸੀ।
ਸਲਾਹਕਾਰ ਨਿਊਰੋਲੋਜਿਸਟ ਡਾਕਟਰ ਗਾਈ ਲੈਸ਼ਜ਼ੀਨਰ ਕਹਿੰਦੇ ਹਨ ਕਿ ਇਹ ਦਵਾਈਆਂ ਅਜੇ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਫਾਰਮਾਸਿਊਟੀਕਲ ਕੰਪਨੀਆਂ, ਸਿਹਤ ਅਧਿਕਾਰੀਆਂ ਅਤੇ ਡਾਕਟਰਾਂ ਨੂੰ ਮਰੀਜ਼ਾਂ ਨੂੰ ਇਨ੍ਹਾਂ ਮਾੜੇ ਪ੍ਰਭਾਵਾਂ ਬਾਰੇ ਚੇਤਾਵਨੀ ਦੇਣ ਦੀ ਲੋੜ ਹੈ।
ਉਹ ਕਹਿੰਦੇ ਹਨ ਕਿ "ਹਰ ਕੋਈ ਨਹੀਂ ਜਾਣਦਾ ਕਿ ਕਿਸ ਤਰ੍ਹਾਂ ਦੀਆਂ ਨਾਟਕੀ ਤਬਦੀਲੀਆਂ ਆ ਸਕਦੀਆਂ ਹਨ।''
ਜੀਐਸਕੇ ਨੇ ਇੱਕ ਬਿਆਨ ਵਿੱਚ ਬੀਬੀਸੀ ਨੂੰ ਦੱਸਿਆ ਕਿ ਰੋਪਿਨਿਰੋਲ ਨੂੰ 17 ਮਿਲੀਅਨ ਤੋਂ ਵੱਧ ਇਲਾਜਾਂ ਲਈ ਤਜਵੀਜ਼ ਕੀਤਾ ਗਿਆ ਹੈ ਅਤੇ ਇਸਦੀ "ਵਿਆਪਕ ਕਲੀਨਿਕਲ ਜਾਂਚ" ਕੀਤੀ ਗਈ ਹੈ। ਇਹ ਦਵਾਈ ਪ੍ਰਭਾਵਸ਼ਾਲੀ ਸਾਬਤ ਹੋਈ ਹੈ ਅਤੇ ਇਸਦਾ "ਸੁਰੱਖਿਆ ਪ੍ਰੋਫਾਈਲ ਚੰਗਾ" ਹੈ।
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ "ਸਾਰੀਆਂ ਦਵਾਈਆਂ ਵਾਂਗ, ਇਸਦੇ ਸੰਭਾਵੀ ਮਾੜੇ ਪ੍ਰਭਾਵ ਵੀ ਹੁੰਦੇ ਹਨ ਅਤੇ ਇਹ ਦਵਾਈ ਦੀ ਜਾਣਕਾਰੀ ਵਿੱਚ ਸਪਸ਼ਟ ਤੌਰ 'ਤੇ ਦੱਸੇ ਗਏ ਹਨ।"

2003 ਦੀ ਆਪਣੀ ਖੋਜ ਦੇ ਜਵਾਬ ਵਿੱਚ, ਜਿਸ ਵਿੱਚ "ਭਟਕਾਊ' ਜਿਣਸੀ ਵਿਵਹਾਰ ਨਾਲ ਇੱਕ ਸਬੰਧ ਪਾਇਆ ਗਿਆ ਸੀ, ਜੀਐਸਕੇ ਨੇ ਸਾਨੂੰ ਦੱਸਿਆ ਕਿ ਇਹ ਸਿਹਤ ਅਧਿਕਾਰੀਆਂ ਨਾਲ ਸਾਂਝਾ ਕੀਤਾ ਗਿਆ ਸੀ ਅਤੇ ਦਵਾਈ ਬਾਰੇ ਜਾਣਕਾਰੀ ਵਿੱਚ ਜੋੜਿਆ ਗਿਆ ਸੀ। ਜੋ ਕਿ ਹੁਣ "ਬਦਲੀ ਅਤੇ ਵਧੀ ਹੋਈ ਜਿਣਸੀ ਦਿਲਚਸਪੀ" ਅਤੇ "ਮਹੱਤਵਪੂਰਨ ਚਿੰਤਾ" ਦੇ ਵਿਵਹਾਰ ਨੂੰ ਮਾੜੇ ਪ੍ਰਭਾਵਾਂ ਵਜੋਂ ਸੂਚੀਬੱਧ ਕਰਦੀ ਹੈ।
ਰੋਪੀਨਿਰੋਲ ਲਈ ਮੌਜੂਦਾ ਜਾਣਕਾਰੀ ਵਿੱਚ ਪੰਜ ਮੌਕਿਆਂ 'ਤੇ ਜਿਣਸੀ ਦਿਲਚਸਪੀ ਵਿੱਚ ਤਬਦੀਲੀਆਂ ਦਾ ਖਾਸ ਹਵਾਲਾ ਦਿੱਤਾ ਗਿਆ ਹੈ। ਇੱਥੇ "ਅਸਾਧਾਰਨ ਤੌਰ 'ਤੇ ਉੱਚ", "ਬਹੁਤ ਜ਼ਿਆਦਾ" ਜਾਂ "ਵਧੀ ਹੋਈ" ਜਿਣਸੀ ਦਿਲਚਸਪੀ ਬਾਰੇ ਚੇਤਾਵਨੀ ਦਿੱਤੀ ਗਈ ਹੈ।
ਬ੍ਰਿਟੇਨ ਦੀ ਦਵਾਈਆਂ ਅਤੇ ਸਿਹਤ ਸੰਭਾਲ ਉਤਪਾਦ ਰੈਗੂਲੇਟਰੀ ਏਜੰਸੀ ਨੇ ਕਿਹਾ ਕਿ ਹਾਲਾਂਕਿ ਚੇਤਾਵਨੀਆਂ ਵਿੱਚ "ਭਟਕਾਊ" ਜਿਣਸੀ ਵਿਵਹਾਰ ਦਾ ਖਾਸ ਹਵਾਲਾ ਸ਼ਾਮਲ ਨਹੀਂ ਹੈ, ਪਰ ਅਜਿਹੇ ਪ੍ਰਭਾਵ ਵੱਖੋ-ਵੱਖਰੇ ਹੁੰਦੇ ਹਨ। ਨਾਲ ਹੀ, ਨੁਕਸਾਨਦੇਹ ਹੋ ਸਕਦੀਆਂ ਗਤੀਵਿਧੀਆਂ ਬਾਰੇ ਆਮ ਚੇਤਾਵਨੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਹਤ ਮਾਹਿਰਾਂ ਲਈ ਮਰੀਜ਼ਾਂ ਨੂੰ ਸੰਭਾਵੀ ਜੋਖਮਾਂ ਬਾਰੇ ਦੱਸਣਾ ਮਹੱਤਵਪੂਰਨ ਹੈ ਅਤੇ ਹਰ ਕੋਈ ਅਜਿਹੇ ਮਾੜੇ ਪ੍ਰਭਾਵਾਂ ਦਾ ਅਨੁਭਵ ਨਹੀਂ ਕਰਦਾ।
ਇਸ ਮਾਮਲੇ ਵਿੱਚ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
(ਇਸ ਲੇਖ ਵਿੱਚ ਕੁਝ ਲੋਕਾਂ ਦੇ ਨਾਮ ਬਦਲੇ ਗਏ ਹਨ ਤਾਂ ਜੋ ਉਨ੍ਹਾਂ ਦੀ ਪਛਾਣ ਸੁਰੱਖਿਅਤ ਰੱਖੀ ਜਾ ਸਕੇ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












