ਅਮਰੀਕਾ ਵਿੱਚ ਸ਼ਟਡਾਊਨ ਕੀ ਹੁੰਦਾ ਹੈ, ਇਸ ਦਾ ਟਰੰਪ ਸਰਕਾਰ ਉੱਤੇ ਕੀ ਅਸਰ ਪੈ ਸਕਦਾ ਹੈ

ਤਸਵੀਰ ਸਰੋਤ, Getty Images
ਵਾਸ਼ਿੰਗਟਨ ਡੀਸੀ ਵਿੱਚ ਅੱਧੀ ਰਾਤ ਹੋ ਗਈ ਅਤੇ ਅਮਰੀਕੀ ਸੰਘੀ ਸਰਕਾਰ ਦਾ ਸ਼ਟਡਾਊਨ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਿਆ ਹੈ।
ਇਸ ਨਾਲ ਹੁਣ ਲੱਖਾਂ ਕਾਮੇ ਬਿਨ੍ਹਾਂ ਤਨਖਾਹ ਵਾਲੀ ਛੁੱਟੀ 'ਤੇ ਰਹਿਣਗੇ ਅਤੇ ਬਹੁਤ ਸਾਰੇ ਸਰਕਾਰੀ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਰੋਕ ਦਿੱਤਾ ਜਾਵੇਗਾ।
ਇਹ ਸ਼ਟਡਾਊਨ ਰਿਪਬਲਿਕਨ-ਨਿਯੰਤਰਿਤ ਸੈਨੇਟ ਵੱਲੋਂ ਸਰਕਾਰੀ ਖਰਚ ਬਿੱਲ ਪਾਸ ਕਰਨ ਵਿੱਚ ਅਸਫ਼ਲ ਰਹਿਣ ਤੋਂ ਕੁਝ ਘੰਟਿਆਂ ਬਾਅਦ ਸ਼ੁਰੂ ਹੋਇਆ ਹੈ।
ਇਹ 2018 ਤੋਂ ਬਾਅਦ ਪਹਿਲਾ ਸਰਕਾਰੀ ਸ਼ਟਡਾਊਨ ਹੈ ਅਤੇ ਇਸ ਵਿੱਚ ਗੈਰ-ਜ਼ਰੂਰੀ ਕਰਮਚਾਰੀਆਂ ਨੂੰ ਬਗ਼ੈਰ ਤਨਖਾਹ ਦੀ ਛੁੱਟੀ 'ਤੇ ਰੱਖਿਆ ਜਾਵੇਗਾ।
ਸ਼ਟਡਾਊਨ ਕੀ ਹੈ?

ਤਸਵੀਰ ਸਰੋਤ, Getty Images
ਅਮਰੀਕੀ ਸਰਕਾਰ ਨੂੰ ਚਲਾਉਣ ਲਈ ਹਰ ਸਾਲ ਇੱਕ ਬਜਟ ਪਾਸ ਕਰਨਾ ਪੈਂਦਾ ਹੈ। ਜੇਕਰ ਸੈਨੇਟ ਅਤੇ ਹਾਊਸ ਫੰਡਿੰਗ ਬਿੱਲ 'ਤੇ ਅਸਹਿਮਤ ਹੁੰਦੇ ਹਨ, ਤਾਂ ਸਰਕਾਰੀ ਏਜੰਸੀਆਂ ਦੇ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਸਕਦੀਆਂ।
ਨਤੀਜੇ ਵਜੋਂ, 'ਗੈਰ-ਜ਼ਰੂਰੀ' ਸੇਵਾਵਾਂ ਅਤੇ ਦਫ਼ਤਰ ਬੰਦ ਹੋ ਜਾਂਦੇ ਹਨ। ਇਸੇ ਨੂੰ ਫੈਡਰਲ ਸ਼ਟਡਾਊਨ ਕਿਹਾ ਜਾਂਦਾ ਹੈ।
ਸਮੱਸਿਆ ਕੀ ਹੈ ਅਤੇ ਹਾਲਾਤ ਇੱਥੇ ਕਿਵੇਂ ਪਹੁੰਚੇ?

ਤਸਵੀਰ ਸਰੋਤ, Getty Images
ਰਿਪਬਲਿਕਨ ਸਰਕਾਰ ਨੂੰ ਬਿਨ੍ਹਾਂ ਕਿਸੇ ਹੋਰ ਪਹਿਲਕਦਮੀ ਦੇ ਫੰਡ ਰਿਲੀਜ਼ ਕਰਨ ਵਾਲਾ ਬਿੱਲ ਪਾਸ ਕਰਨ ਲਈ ਜ਼ੋਰ ਪਾ ਰਹੇ ਹਨ, ਜਿਸਨੂੰ ਕਲੀਨ ਸੀਆਰ ਜਾਂ ਨਿਰੰਤਰ ਮਤਾ ਕਿਹਾ ਜਾਂਦਾ ਹੈ।
ਪਰ ਉਨ੍ਹਾਂ ਕੋਲ ਸੈਨੇਟ ਵਿੱਚ ਸਿਰਫ਼ 53 ਸੀਟਾਂ ਹਨ ਅਤੇ ਅਜਿਹਾ ਬਿੱਲ ਪਾਸ ਕਰਨ ਲਈ ਉਨ੍ਹਾਂ ਨੂੰ 60 ਵੋਟਾਂ ਦੀ ਲੋੜ ਹੁੰਦੀ ਹੈ।
ਇਸ ਲਈ, ਉਨ੍ਹਾਂ ਨੂੰ ਡੈਮੋਕਰੇਟਸ ਦੀ ਲੋੜ ਹੈ ਅਤੇ ਡੈਮੋਕਰੇਟ ਇਹ ਜਾਣਦੇ ਹਨ। ਉਹ ਸਿਹਤ ਸੰਭਾਲ ਵਿੱਚ ਆਪਣੇ ਨੀਤੀਗਤ ਟੀਚਿਆਂ ਨੂੰ ਅੱਗੇ ਵਧਾਉਣ ਲਈ ਇਸ ਦਾ ਲਾਭ ਉਠਾ ਰਹੇ ਹਨ। ਉਨ੍ਹਾਂ ਦੇ ਟੀਚਿਆਂ ਵਿੱਚ ਦੋ ਪੱਖ ਸ਼ਾਮਲ ਹਨ।
- ਇਹ ਯਕੀਨੀ ਬਣਾਉਣਾ ਕਿ ਘੱਟ ਆਮਦਨ ਵਾਲੇ ਲੋਕਾਂ ਲਈ ਸਿਹਤ ਬੀਮੇ ਲਈ ਸਬਸਿਡੀਆਂ ਦੀ ਮਿਆਦ ਖ਼ਤਮ ਨਾ ਹੋਵੇ
- ਟਰੰਪ ਪ੍ਰਸ਼ਾਸਨ ਵੱਲੋਂ ਮੈਡੀਕੇਡ ਵਿੱਚ ਕਟੌਤੀਆਂ ਨੂੰ ਉਲਟਾਇਆ ਜਾ ਸਕੇ
ਡੈਮੋਕ੍ਰੇਟਸ ਨੇ ਟਰੰਪ ਵੱਲੋਂ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਅਤੇ ਰਾਸ਼ਟਰੀ ਸਿਹਤ ਸੰਸਥਾਵਾਂ ਨੂੰ ਦਿੱਤੀਆਂ ਜਾਣ ਵਾਲੀਆਂ ਕਟੌਤੀਆਂ ਬਾਰੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਹਨ।
ਰਿਪਬਲਿਕਨ ਪੱਖ ਤੋਂ ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਵੀ ਠੋਸ ਰਿਆਇਤਾਂ ਦੇਣ ਲਈ ਤਿਆਰ ਨਹੀਂ ਹਨ।
ਸਰਕਾਰ ਦੇ ਕਿਹੜੇ ਹਿੱਸੇ ਬੰਦ ਹੋਣਗੇ?

ਤਸਵੀਰ ਸਰੋਤ, Getty Images
ਸ਼ਟਡਾਊਨ ਦੌਰਾਨ ਸਰਹੱਦੀ ਸੁਰੱਖਿਆ, ਹਸਪਤਾਲ ਵਿੱਚ ਡਾਕਟਰੀ ਦੇਖਭਾਲ, ਕਾਨੂੰਨ ਲਾਗੂ ਕਰਨ ਵਾਲੇ ਅਤੇ ਹਵਾਈ ਆਵਾਜਾਈ ਨਿਯੰਤਰਣ ਦੇ ਕੰਮ ਕਰਦੇ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ।
ਜਦੋਂ ਕਿ ਸਮਾਜਿਕ ਸੁਰੱਖਿਆ ਅਤੇ ਮੈਡੀਕੇਅਰ ਚੈੱਕ ਅਜੇ ਵੀ ਜਾਰੀ ਰਹਿਣਗੇ, ਲਾਭ ਪਾਤਰਾਂ ਦੀ ਤਸਦੀਕ ਕਰਨ ਅਤੇ ਕਾਰਡ ਜਾਰੀ ਕਰਨ ਦਾ ਕੰਮ ਬੰਦ ਹੋ ਸਕਦਾ ਹੈ।
ਆਮ ਤੌਰ 'ਤੇ ਸ਼ਟਡਾਊਨ ਦੌਰਾਨ, ਜ਼ਰੂਰੀ ਕਰਮਚਾਰੀ ਆਮ ਵਾਂਗ ਕੰਮ ਕਰਦੇ ਰਹਿੰਦੇ ਹਨ, ਉਨ੍ਹਾਂ ਵਿੱਚੋਂ ਕੁਝ ਨੂੰ ਫਿਲਹਾਲ ਤਨਖਾਹ ਨਹੀਂ ਮਿਲਦੀ। ਪਰ ਗ਼ੈਰ-ਜ਼ਰੂਰੀ ਸਮਝੇ ਜਾਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਅਸਥਾਈ ਤੌਰ 'ਤੇ ਬਗ਼ੈਰ ਤਨਖਾਹ ਵਾਲੀ ਛੁੱਟੀ 'ਤੇ ਰੱਖਿਆ ਜਾਂਦਾ ਹੈ।
ਬੀਤੇ ਸਮਿਆਂ ਵਿੱਚ, ਇਨ੍ਹਾਂ ਕਰਮਚਾਰੀਆਂ ਨੂੰ ਬਾਅਦ ਵਿੱਚ ਤਨਖਾਹ ਦਿੱਤੀ ਜਾਂਦੀ ਰਹੀ ਹੈ।
ਇਸਦਾ ਮਤਲਬ ਹੈ ਕਿ ਭੋਜਨ ਸਹਾਇਤਾ ਪ੍ਰੋਗਰਾਮ, ਸੰਘੀ ਫੰਡ ਪ੍ਰਾਪਤ ਪ੍ਰੀ-ਸਕੂਲ, ਵਿਦਿਆਰਥੀ ਕਰਜ਼ੇ ਜਾਰੀ ਕਰਨਾ, ਭੋਜਨ ਨਿਰੀਖਣ ਅਤੇ ਰਾਸ਼ਟਰੀ ਪਾਰਕਾਂ ਵਿੱਚ ਕਾਰਜਾਂ ਵਰਗੀਆਂ ਸੇਵਾਵਾਂ ਵਿੱਚ ਕਟੌਤੀ ਜਾਂ ਬੰਦ ਹੋਣ ਦੀ ਉਮੀਦ ਹੈ।
ਪਿਛਲੇ ਸ਼ਟਡਾਊਨ ਕਿੰਨੇ ਲੰਬੇ ਚੱਲੇ ਸਨ?

ਤਸਵੀਰ ਸਰੋਤ, Reuters
ਅਮਰੀਕਾ ਵਿੱਚ ਸਰਕਾਰੀ ਸ਼ਟਡਾਊਨ ਆਮ ਹੁੰਦਾ ਜਾ ਰਿਹਾ ਹੈ, ਡੌਨਲਡ ਟਰੰਪ ਦੇ ਪਹਿਲੇ ਰਾਸ਼ਟਰਪਤੀ ਕਾਰਜਕਾਲ ਵਿੱਚ ਅਜਿਹੇ ਤਿੰਨ ਮਾਮਲੇ ਸਾਹਮਣੇ ਆਏ ਹਨ। ਇਸ ਵਿੱਚ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਵੀ ਸ਼ਾਮਲ ਹੈ, ਜੋ 35 ਦਿਨਾਂ ਤੱਕ ਚੱਲਿਆ ਸੀ।
ਟਰੰਪ ਤੋਂ ਪਹਿਲਾਂ ਬਿਲ ਕਲਿੰਟਨ ਦੇ ਰਾਸ਼ਟਰਪਤੀ ਦੌਰ ਦਾ ਰਿਕਾਰਡ ਸੀ। ਜਦੋਂ 1995 ਵਿੱਚ ਕਲਿੰਟਨ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੇ ਆਖ਼ਰੀ ਦਿਨ੍ਹਾਂ ਵਿੱਚ ਸਨ ਤਾਂ 21 ਦਿਨਾਂ ਦਾ ਫੈਡਰਲ ਸ਼ਟਡਾਊਨ ਰਿਹਾ ਸੀ।
ਰਿਪਬਲਿਕਨਾਂ ਨੇ ਕਲਿੰਟਨ ਦੇ ਪਹਿਲੇ ਕਾਰਜਕਾਲ ਦੇ ਅੱਧ ਵਿੱਚ ਹਾਊਸ ਅਤੇ ਸੈਨੇਟ ਦੋਵਾਂ ਦਾ ਕੰਟਰੋਲ ਲੈ ਲਿਆ ਸੀ ਅਤੇ ਉਹ ਇੱਕ ਅਜਿਹਾ ਬਜਟ ਪਾਸ ਕਰਨਾ ਚਾਹੁੰਦੇ ਸਨ ਜੋ, ਹੋਰ ਚੀਜ਼ਾਂ ਦੇ ਨਾਲ, ਮੈਡੀਕੇਅਰ ਲਈ ਖ਼ਰਚ ਨੂੰ ਸੀਮਤ ਕਰ ਸਕੇ।
ਇਸੇ ਤਰ੍ਹਾਂ, ਬਰਾਕ ਓਬਾਮਾ ਨੇ 2013 ਵਿੱਚ ਤਤਕਾਲੀ ਰਾਸ਼ਟਰਪਤੀ ਦੇ ਪ੍ਰਸਤਾਵਿਤ ਸਿਹਤ ਸੰਭਾਲ ਕਾਨੂੰਨ ਨੂੰ ਲੈ ਕੇ 16 ਦਿਨਾਂ ਦਾ ਸ਼ਟਡਾਊਨ ਦਾ ਸਾਹਮਣਾ ਕੀਤਾ ਸੀ।
ਰਿਪਬਲਿਕਨ ਰਾਸ਼ਟਰਪਤੀ ਰੌਨਾਲਡ ਰੀਗਨ ਨੇ ਆਪਣੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਸਭ ਤੋਂ ਵੱਧ ਸ਼ਟਡਾਊਨ ਦੇਖੇ।
1980 ਦੇ ਦਹਾਕੇ ਵਿੱਚ ਉਨ੍ਹਾਂ ਦੇ ਦੋ ਕਾਰਜਕਾਲਾਂ ਦੌਰਾਨ ਅੱਠ ਸ਼ਟਡਾਊਨ ਦਰਜ ਕੀਤੇ ਗਏ। ਹਾਲਾਂਕਿ, ਇਹ ਸਾਰੇ ਮੁਕਾਬਲਤਨ ਛੋਟੇ ਸਨ, ਸਭ ਤੋਂ ਲੰਬਾ ਫੰਡਿੰਗ ਸ਼ਟਡਾਊਨ ਵੀ ਮਹਿਜ਼ ਤਿੰਨ ਦਿਨਾਂ ਤੱਕ ਰਿਹਾ ਸੀ।
ਦੋਵੇਂ ਧਿਰਾਂ ਕੀ ਚਾਹੁੰਦੀਆਂ ਹਨ?

ਤਸਵੀਰ ਸਰੋਤ, White House
ਜੇ ਦੋਵਾਂ ਧਿਰਾਂ ਦੀ ਮੰਗ ਦੀ ਗੱਲ ਕੀਤੀ ਜਾਵੇ ਤਾਂ ਰਿਪਬਲਿਕਨ ਮੌਜੂਦਾ ਖਰਚ ਪੱਧਰਾਂ ਦਾ ਥੋੜ੍ਹੇ ਸਮੇਂ ਲਈ ਵਿਸਥਾਰ ਚਾਹੁੰਦੇ ਹਨ।
ਉਹ ਇਸ ਗੱਲ ਤੋਂ ਖੁਸ਼ ਹਨ ਕਿ ਚੀਜ਼ਾਂ ਕਿਵੇਂ ਚੱਲ ਰਹੀਆਂ ਹਨ, ਖ਼ਾਸ ਕਰਕੇ ਜਦੋਂ ਤੋਂ ਟਰੰਪ ਪ੍ਰਸ਼ਾਸਨ ਕਾਂਗਰਸ ਦੇ ਬਜਟ-ਸੈਟਰਾਂ ਦੀ ਮਦਦ ਤੋਂ ਬਿਨ੍ਹਾਂ, ਆਪਣੇ ਆਪ ਖਰਚਿਆਂ ਵਿੱਚ ਕਟੌਤੀਆਂ ਲਾਗੂ ਕਰ ਰਿਹਾ ਹੈ।
ਦੂਜੇ ਪਾਸੇ ਡੈਮੋਕਰੇਟ ਚਾਹੁੰਦੇ ਹਨ ਕਿ ਇਹ ਪ੍ਰਥਾ ਖ਼ਤਮ ਹੋਵੇ।
ਉਹ ਸੋਚਦੇ ਹਨ ਕਿ ਜੇਕਰ ਟਰੰਪ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦੇਣਗੇ ਤਾਂ ਖਰਚ-ਪੱਧਰ ਦੇ ਸਮਝੌਤਿਆਂ 'ਤੇ ਗੱਲਬਾਤ ਕਰਨ ਦਾ ਕੀ ਮਤਲਬ ਹੈ?
ਉਹ ਘੱਟ ਆਮਦਨ ਵਾਲੇ ਵਿਅਕਤੀਆਂ ਲਈ ਸਰਕਾਰੀ ਸਿਹਤ-ਬੀਮਾ ਸਬਸਿਡੀਆਂ ਨੂੰ ਨਵਿਆਉਣ ਲਈ ਇੱਕ ਪੱਕਾ ਸਮਝੌਤਾ ਵੀ ਚਾਹੁੰਦੇ ਹਨ ਕਿਉਂਕਿ ਇਹ ਸਬਸਿਡੀਆਂ ਸਾਲ ਦੇ ਅੰਤ ਵਿੱਚ ਖ਼ਤਮ ਹੋ ਜਾਂਦੀਆਂ ਹਨ। ਪਰ ਰਿਪਬਲਿਕਨ ਹੁਣ ਤੱਕ ਅਜਿਹਾ ਕਰਨ ਤੋਂ ਝਿਜਕਦੇ ਰਹੇ ਹਨ।
ਇਹ ਦੋਵੇਂ ਧਿਰਾਂ ਦੇ ਗੱਲਬਾਤ ਦੇ ਸਟੈਂਡ ਹਨ, ਪਰ ਸਰਕਾਰੀ ਸ਼ਟਡਾਊਨ ਲੜਾਈਆਂ ਨੀਤੀ ਤੋਂ ਵੱਧ ਹਨ ਅਤੇ ਇਸ ਦੇ ਸਿਆਸੀ ਅਰਥ ਵੱਧ ਹਨ।
ਰਿਪਬਲਿਕਨ ਸੋਚਦੇ ਹਨ ਕਿ ਉਨ੍ਹਾਂ ਕੋਲ ਸਿਆਸੀ ਆਧਾਰ ਉੱਚਾ ਹੈ।
ਟਰੰਪ ਅਤੇ ਰਿਪਬਲਿਕਨ ਕਾਂਗਰਸ ਦੇ ਆਗੂ ਦੋਵੇਂ ਪਹਿਲਾਂ ਤੋਂ ਹੀ ਦਾਅਵਾ ਕਰ ਰਹੇ ਹਨ ਕਿ ਉਹ ਹੀ ਸਹੀ ਹਨ।
ਟਰੰਪ ਵੱਲੋਂ ਸ਼ਟਡਾਊਨ ਹੋਣ 'ਤੇ ਵੱਡੇ ਪੱਧਰ 'ਤੇ ਛਾਂਟੀ ਦੀ ਧਮਕੀ

ਤਸਵੀਰ ਸਰੋਤ, Getty Images
ਰਾਸ਼ਟਰਪਤੀ ਡੌਨਲਡ ਟਰੰਪ ਨੂੰ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਜੇਕਰ ਸਰਕਾਰੀ ਸ਼ਟਡਾਊਨ ਨੂੰ ਟਾਲਿਆ ਨਹੀਂ ਜਾਂਦਾ ਹੈ ਤਾਂ ਉਹ ਕਿੰਨੇ ਸੰਘੀ ਕਰਮਚਾਰੀਆਂ ਨੂੰ ਛਾਂਟਣ ਦੀ ਯੋਜਨਾ ਬਣਾ ਰਹੇ ਹਨ।
ਉਨ੍ਹਾਂ ਦਾ ਜਵਾਬ ਸੀ, "ਖੈਰ, ਅਸੀਂ ਬਹੁਤ ਕੁਝ ਕਰ ਸਕਦੇ ਹਾਂ।"
ਟਰੰਪ ਨੇ ਡੈਮੋਕ੍ਰੇਟਸ ਨੂੰ ਮੁਲਜ਼ਮ ਠਹਿਰਾਉਂਦੇ ਹੋਏ ਦਾਅਵਾ ਕੀਤਾ ਕਿ ਉਹ ਚਾਹੁੰਦੇ ਹਨ ਕਿ ਹੋਰ ਲੋਕ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ।
ਵ੍ਹਾਈਟ ਹਾਊਸ ਦੇ ਬਜਟ ਮੁਖੀ ਰਸ ਵੌਟ ਨੇ ਹਾਲ ਹੀ ਵਿੱਚ ਇੱਕ ਮੈਮੋਰੰਡਮ ਜਾਰੀ ਕੀਤਾ ਜਿਸ ਵਿੱਚ ਦੱਸਿਆ ਗਿਆ ਸੀ ਕਿ ਟਰੰਪ ਪ੍ਰਸ਼ਾਸਨ ਸੰਘੀ ਖਰਚਿਆਂ ਅਤੇ ਰੁਜ਼ਗਾਰ ਸੂਚੀਆਂ ਵਿੱਚ ਨਵੀਂ, ਲੰਬੇ ਸਮੇਂ ਦੀ ਕਟੌਤੀ ਕਰਨ ਲਈ ਸ਼ਟਡਾਊਨ ਦੀ ਵਰਤੋਂ ਕਿਵੇਂ ਕਰੇਗਾ।
ਬੰਦ ਦੌਰਾਨ 'ਗ਼ੈਰ-ਜ਼ਰੂਰੀ' ਸਮਝੇ ਜਾਣ ਵਾਲੇ ਅਹੁਦੇ ਅਤੇ ਸਰਕਾਰੀ ਪ੍ਰੋਗਰਾਮ ਸਥਾਈ ਤੌਰ 'ਤੇ ਬੰਦ ਕਰ ਦਿੱਤੇ ਜਾਣਗੇ।
ਪਰ ਡੈਮੋਕ੍ਰੇਟਿਕ ਆਗੂ ਇਹ ਮੰਨਦੇ ਨਜ਼ਰ ਆ ਰਹੇ ਹਨ ਕਿ ਧਮਕੀਆਂ ਇੱਕ ਝੂਠੀ ਗੱਲ ਹੈ ਜਾਂ ਗੱਲਬਾਤ ਦੀ ਰਣਨੀਤੀ ਹੈ।
ਸੈਨੇਟ ਘੱਟ ਗਿਣਤੀ ਆਗੂ ਸ਼ੂਕ ਸਕੂਮਰ ਨੇ ਇਸਨੂੰ 'ਧਮਕਾਉਣ ਦੀ ਕੋਸ਼ਿਸ਼' ਕਰਰਾ ਦਿੱਤਾ ਹੈ।
ਸਕੂਮਰ ਨੇ ਕਿਹਾ, "ਡੌਨਲਡ ਟਰੰਪ ਪਹਿਲੇ ਦਿਨ ਤੋਂ ਹੀ ਸੰਘੀ ਕਰਮਚਾਰੀਆਂ ਨੂੰ ਕੱਢ ਰਿਹਾ ਹੈ, ਸ਼ਾਸਨ ਕਰਨ ਲਈ ਨਹੀਂ, ਸਗੋਂ ਡਰਾਉਣ ਲਈ।"
"ਇਹ ਕੋਈ ਨਵੀਂ ਗੱਲ ਨਹੀਂ ਹੈ ਅਤੇ ਇਸਦਾ ਸਰਕਾਰ ਨੂੰ ਫੰਡ ਦੇਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"












