ਪੰਜਾਬ ਦੇ ਵਿਗਿਆਨੀ ਗੁਰਤੇਜ ਸੰਧੂ ਜਿਨ੍ਹਾਂ ਦੇ ਨਾਂ ’ਤੇ ਸੈਂਕੜੇ ਪੇਟੈਂਟਸ ਹਨ, ਉਨ੍ਹਾਂ ਦੀਆਂ ਕਿਹੜੀਆਂ ਖੋਜਾਂ ਨੇ ਲੋਕਾਂ ਦੀ ਜ਼ਿੰਦਗੀ ਸੌਖੀ ਬਣਾਈ

ਤਸਵੀਰ ਸਰੋਤ, Micron Technology
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਡਾ. ਗੁਰਤੇਜ ਸੰਧੂ ਜਿਨ੍ਹਾਂ ਦੇ ਨਾਂ ਉੱਤੇ 1380 ਦੇ ਕਰੀਬ ਅਮਰੀਕੀ ਪੇਟੈਂਟਸ ਹਨ, ਤੁਹਾਡੇ ਫੋਨ ਵਿੱਚ ਹਜ਼ਾਰਾਂ ਫੋਟੋਆਂ ਨੂੰ ਸਟੋਰ ਕਰਨ ਵਾਲੀਆਂ ਮੈਮਰੀ ਚਿਪਸ ਨੂੰ ਛੋਟਾ ਤੇ ਸਮਾਰਟ ਬਣਾਉਣ ਵਿੱਚ ਉਨ੍ਹਾਂ ਦਾ ਯੋਗਦਾਨ ਦੁਨੀਆਂ ਜਾਣਦੀ ਹੈ, ਇਸ ਵੇਲੇ ਉਹ ਕੰਪਿਊਟਰ ਚਿਪਸ ਬਣਾਉਣ ਦੀ ਵੱਡੀ ਕੰਪਨੀ, ਮਾਈਕ੍ਰੋਨ ਟੈਕਨੌਲਜੀ ਵਿੱਚ ਪ੍ਰਿੰਸੀਪਲ ਫੈਲੋਅ ਤੇ ਕੋਰਪੋਰੇਟ ਵਾਈਸ ਪ੍ਰੈਜ਼ੀਡੈਂਟ ਹਨ, ਉਨ੍ਹਾਂ ਨੇ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਕੀਤੀ ਹੈ।
ਡਾ. ਗੁਰਤੇਜ ਸੰਧੂ ਨੇ ਆਈਆਈਟੀ ਦਿੱਲੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਗਰੀ ਹਾਸਲ ਕੀਤੀ ਹੈ ਤੇ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ, ਚੈਪਰ ਹਿੱਲ ਤੋਂ ਪੀਐੱਚਡੀ ਕੀਤੀ ਹੈ।
ਸਾਲ 2018 ਵਿੱਚ ਗੁਰਤੇਜ ਸੰਧੂ ਨੂੰ ਆਈਈਈਈ ਐਂਡਰਿਊ ਐੱਸ ਗਰੋਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਪੰਜਾਬ ਯੂਨੀਵਰਸਿਟੀ ਵੱਲੋਂ ਵੀ ਗੁਰਤੇਜ ਸੰਧੂ ਨੂੰ ਵਿਗਿਆਨ ਰਤਨ ਐਵਾਰਡ ਦਿੱਤਾ ਗਿਆ ਸੀ।
ਇਹ ਐਵਾਰਡ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਉਨ੍ਹਾਂ ਨੂੰ ਪ੍ਰਦਾਨ ਕੀਤਾ ਗਿਆ ਸੀ।
ਡਾ. ਗੁਰਤੇਜ ਸੰਧੂ ਪੇਟੈਂਟਸ ਦੀ ਗਿਣਤੀ ਵਿੱਚ ਮਸ਼ਹੂਰ ਵਿਗਿਆਨੀ ਥਾਮਸ ਐਡੀਸਨ ਤੋਂ ਵੀ ਅੱਗੇ ਨਿਕਲ ਚੁੱਕੇ ਹਨ।
ਡਾ. ਗੁਰਤੇਜ ਸਿੰਘ ਸੰਧੂ ਨੇ ਆਪਣੀ ਗੱਲਬਾਤ ਵਿੱਚ ਹਰ ਵਾਰ ਨਵੀਂ ਸੋਚ ਦੀ ਪ੍ਰੇਰਨਾ, ਏਆਈ ਤਕਨੀਕ ਤੇ ਭਵਿੱਖ ਦੀ ਟੈਕਨੌਲਜੀ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।

ਤਸਵੀਰ ਸਰੋਤ, Gurtej Sandhu/FB
ਮਾਪਿਆਂ ਤੋਂ ਮਿਲੀ ਵਿਗਿਆਨ ਦੀ ਗੁੜਤੀ
ਡਾ. ਗੁਰਤੇਜ ਸਿੰਘ ਸੰਧੂ ਦਾ ਜਨਮ ਤਾਂ ਲੰਡਨ ਵਿੱਚ ਹੋਇਆ ਪਰ ਉਨ੍ਹਾਂ ਦਾ ਪੂਰਾ ਬਚਪਨ ਅੰਮ੍ਰਿਤਸਰ, ਪਟਿਆਲਾ ਤੇ ਚੰਡੀਗੜ੍ਹ ਵਿੱਚ ਬੀਤਿਆ। ਫਿਲਹਾਲ ਉਹ ਅਮਰੀਕਾ ਵਿੱਚ ਰਹਿੰਦੇ ਹਨ।
ਗੁਰਤੇਜ ਸੰਧੂ ਕਹਿੰਦੇ ਹਨ, "ਮੇਰਾ ਜਨਮ ਲੰਡਨ ਵਿੱਚ ਹੋਇਆ ਸੀ। ਮੇਰੇ ਮਾਪੇ ਉੱਥੇ ਪੜ੍ਹਨ ਗਏ ਹੋਏ ਸਨ। ਮੇਰੇ ਪਿਤਾ ਜੀ ਨੇ ਕੈਮਿਸਟਰੀ ਵਿੱਚ ਪੀਐੱਚਡੀ ਕੀਤੀ ਸੀ ਤੇ ਮਾਤਾ ਜੀ ਨੇ ਵੀ ਮਾਸਟਰਜ਼ ਕੀਤੀ ਸੀ। ਮੇਰਾ ਜ਼ਿਆਦਾ ਸਮਾਂ ਯੂਨੀਵਰਸਿਟੀਆਂ ਵਿੱਚ ਹੀ ਬੀਤੀਆ ਹੈ, ਵੱਧ ਸਮਾਂ ਮੈਂ ਅੰਮ੍ਰਿਤਸਰ ਵਿੱਚ ਹੀ ਬਿਤਾਇਆ ਹੈ।"
ਗੁਰਤੇਜ ਸੰਧੂ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ ਡਾ. ਸਰਜੀਤ ਸੰਧੂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਕੈਮਿਸਟਰੀ ਤੋਂ ਇਲਾਵਾ ਕਿਸੇ ਵੀ ਹੋਰ ਖੇਤਰ ਵਿੱਚ ਚਲੇ ਜਾਣ।
ਇਸ ਦੇ ਕਾਰਨ ਬਾਰੇ ਦੱਸਦੇ ਹੋਏ ਗੁਰਤੇਜ ਸਿੰਘ ਸੰਧੂ ਕਹਿੰਦੇ ਹਨ, "ਮੇਰੇ ਪਿਤਾ ਜੀ ਨੇ ਕਿਹਾ ਸੀ ਕਿ ਜੇ ਕੈਮਿਸਟਰੀ ਵਿੱਚ ਕੁਝ ਕੀਤਾ ਤਾਂ ਲੋਕਾਂ ਨੇ ਇਹੀ ਕਹਿਣਾ ਹੈ ਕਿ ਮਾਤਾ-ਪਿਤਾ ਦੀ ਸਿਫਾਰਿਸ਼ ਨਾਲ ਕਾਮਯਾਬੀ ਹਾਸਲ ਕੀਤੀ ਹੈ। ਕੈਮਿਸਟਰੀ ਤੋਂ ਇਲਾਵਾ ਕੁਝ ਵੀ ਕਰੋ, ਉਹ ਤੁਹਾਡੀ ਆਪਣੀ ਖੁਦ ਦੀ ਪ੍ਰਾਪਤੀ ਹੋਵੇਗੀ।"
"ਮੇਰੀ ਦਿਲਚਸਪੀ ਫਿਜ਼ਿਕਸ (ਭੌਤਿਕ ਵਿਗਿਆਨ) ਤੇ ਇੰਜੀਨੀਅਰਿੰਗ ਵੱਲ ਸ਼ੁਰੂ ਤੋਂ ਸੀ। ਅਜਿਹਾ ਇਸ ਲਈ ਕਿਉਂਕਿ ਫਿਜ਼ਿਕਸ ਜ਼ਿੰਦਗੀ ਦੇ ਕਈ ਮੁੱਢਲੇ ਸਵਾਲਾਂ ਦੇ ਜਵਾਬ ਦਿੰਦੀ ਹੈ, ਫਿਰ ਇੰਜੀਨੀਅਰਿੰਗ ਵੱਲ ਵੀ ਰੁਚੀ ਵਧੀ।"

ਨਵੀਂ ਸੋਚ ਦੇ ਲਈ ਖਿੱਚ ਕਿਵੇਂ ਪੈਦਾ ਹੋਈ
ਗੁਰਤੇਜ ਸੰਧੂ ਦਾ ਵੱਡਾ ਤਜਰਬਾ ਤਕਨੀਕ ਦੇ ਖੇਤਰ ਵਿੱਚ ਰਿਹਾ ਹੈ। ਉਹ ਕਈ ਖੋਜਾਂ ਵਿੱਚ ਅਹਿਮ ਯੋਗਦਾਨ ਪਾ ਚੁੱਕੇ ਹਨ। ਨਵੀਂ ਸੋਚ ਬਾਰੇ ਗੱਲ ਕਰਦੇ ਹੋਏ ਗੁਰਤੇਜ ਸੰਧੂ ਕਹਿੰਦੇ ਹਨ, "ਨਵੀਆਂ ਗੱਲਾਂ ਜਾਣਨ ਦੀ ਚਾਹ ਬਚਪਨ ਤੋਂ ਹੀ ਪੈਦਾ ਹੋਈ। 7-8 ਸਾਲ ਦੀ ਉਮਰ ਵਿੱਚ ਮੈਂ ਕਿਸੇ ਨੂੰ ਸਵਾਲ ਕੀਤੇ ਸੀ ਕਿ ਲੋਕ ਮਰਦੇ ਕਿਉਂ ਹਨ, ਸਿਤਾਰੇ ਕੀ ਹੁੰਦੇ ਹਨ, ਇਨ੍ਹਾਂ ਸਵਾਲਾਂ ਕਰਕੇ ਹੀ ਮੇਰੀ ਵਿਗਿਆਨ ਵੱਲ ਦਿਲਚਸਪੀ ਸੀ। ਮੇਰੇ ਮਾਪੇ ਵੀ ਵਿਗਿਆਨ ਦੇ ਖੇਤਰ ਨਾਲ ਜੁੜੇ ਹੋਏ ਸਨ।"
ਗੁਰਤੇਜ ਸਿੰਘ ਸੰਧੂ ਦੇ ਨਾਂ ਉੱਤੇ ਸੈਂਕੜੇ ਪੇਟੈਂਟਸ ਹਨ, ਹਰ ਵਾਰ ਨਵੀਂ ਸੋਚ ਦੀ ਪ੍ਰੇਰਨਾ ਬਾਰੇ ਪੁੱਛਿਆ ਤਾਂ ਗੁਰਤੇਜ ਸੰਧੂ ਨੇ ਦੱਸਿਆ, "ਸੋਚਣ ਦੀ ਪ੍ਰੇਰਨਾ ਪੇਟੈਂਟਸ ਲਈ ਨਹੀਂ ਹੁੰਦੀ, ਇਹ ਖੁਦ ਹੀ ਪੈਦਾ ਕਰਨੀ ਹੁੰਦੀ ਹੈ। ਕਿਸੇ ਵੀ ਸਮੱਸਿਆ ਦੇ ਹੱਲ ਲਈ ਸਵਾਲ ਪੁੱਛਣੇ ਜ਼ਰੂਰੀ ਹਨ। ਬੱਚੇ ਜਦੋਂ ਸਾਡੇ ਤੋਂ ਸਵਾਲ ਪੁੱਛਦੇ ਹਨ ਤਾਂ ਸਾਨੂੰ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ।"
"ਬੱਚੇ ਸ਼ੁਰੂ ਤੋਂ ਹੀ ਬਹੁਤ ਜਿਗਿਆਸੂ ਹੁੰਦੇ ਹਨ। ਜਦੋਂ ਉਹ ਸਵਾਲ ਪੁੱਛਦੇ ਹਨ ਤਾਂ ਸਾਨੂੰ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਾਰਿਆਂ ਵਿੱਚ ਹੁਨਰ ਹੁੰਦਾ ਹੈ। ਮੈਂ ਵੀ ਇਸੇ ਤਰ੍ਹਾਂ ਦੁਨੀਆਂ ਬਾਰੇ ਸਿੱਖਣਾ ਸ਼ੁਰੂ ਕੀਤਾ ਸੀ। ਜਦੋਂ ਮੈਂ ਇੰਜੀਨੀਅਰਿੰਗ ਵਾਲੇ ਪਾਸੇ ਗਿਆ ਤਾਂ ਵੀ ਮੈਂ ਸਵਾਲ ਪੁੱਛਣੇ ਜਾਰੀ ਰੱਖੇ।"
ਗੁਰਤੇਜ ਸੰਧੂ ਦਾ ਮੰਨਣਾ ਹੈ ਕਿ ਇੰਜੀਨੀਅਰਿੰਗ ਵਿੱਚ ਵੀ ਤੁਸੀਂ ਜਦੋਂ ਕੋਈ ਮਸ਼ੀਨ ਬਣਾਉਂਦੇ ਹੋ ਤਾਂ ਤੁਸੀਂ ਵਿਗਿਆਨ ਤੋਂ ਬਾਹਰ ਜਾ ਕੇ ਨਹੀਂ ਬਣਾ ਸਕਦੇ ਹੋ। ਕੋਈ ਵੀ ਪ੍ਰੋਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਸਮਝੋ ਕਿ ਵਿਗਿਆਨ ਦੀ ਸੀਮਾ ਕੀ ਹੈ।
ਇਸ ਤੋਂ ਇਲਾਵਾ ਗੁਰਤੇਜ ਸੰਧੂ ਮੁਤਾਬਕ ਤੁਹਾਡੇ ਕੋਲ ਜਿਗਿਆਸਾ ਹੋਣੀ ਚਾਹੀਦੀ ਹੈ। ਕਿਸੇ ਸਮੱਸਿਆ ਦਾ ਹੱਲ ਲੱਭਣ ਲਈ ਗੁਰਤੇਜ ਸੰਧੂ ਨਵੇਂ ਤਰੀਕੇ ਲੱਭਣ ਦੀ ਵਕਾਲਤ ਕਰਦੇ ਹਨ।
"ਭਾਰਤ ਵਿੱਚ ਬਹੁਤ ਨਵੀਆਂ ਕਾਢਾਂ ਕੱਢੀਆਂ ਜਾ ਰਹੀਆਂ ਹਨ। ਅਸੀਂ ਜਿਸ ਨੂੰ ਜੁਗਾੜ ਕਹਿੰਦੇ ਹਾਂ ਅਸਲ ਵਿੱਚ ਉਹ ਕੀ ਹੈ, ਉਹ ਨਵੀਂ ਖੋਜ ਹੀ ਹੈ।"
ਗੁਰਤੇਜ ਸੰਧੂ ਦਾ ਅਸਲ ਵਿੱਚ ਕੰਮ ਕੀ ਹੈ
ਗੁਰਤੇਜ ਸੰਧੂ ਦਾ ਪੂਰਾ ਕਰੀਅਰ ਤਕਨੀਕੀ ਖੇਤਰ ਨਾਲ ਜੁੜਿਆ ਹੋਇਆ ਹੈ। ਅਸੀਂ ਉਨ੍ਹਾਂ ਨੂੰ ਕਿਹਾ ਕਿ ਉਹ ਸੌਖੇ ਸ਼ਬਦਾਂ ਵਿੱਚ ਆਪਣੇ ਕਿੱਤੇ ਬਾਰੇ ਦੱਸਣ।
ਇਸ ਬਾਰੇ ਗੁਰਤੇਜ ਸਿੰਘ ਕਹਿੰਦੇ ਹਨ, "ਮੇਰਾ ਜ਼ਿਆਦਾਤਰ ਕੰਮ ਮੈਮਰੀ ਚਿਪਸ ਤੇ ਕੰਪਿਊਟਰ ਚਿਪਸ ਬਣਾਉਣ ਦਾ ਹੈ। ਮੈਂ ਮਾਈਕ੍ਰੋਨ ਟੈਕਨੌਲਜੀ ਵਿੱਚ ਕੰਮ ਕਰਦਾ ਹਾਂ। ਚਿਪਸ ਬਣਾਉਣ ਦੇ ਖੇਤਰ ਵਿੱਚ ਤਿੰਨ ਵੱਡੀਆਂ ਕੰਪਨੀਆਂ ਹਨ ਦੋ ਕੋਰੀਅਨ ਹਨ ਤੇ ਤੀਜੀ ਸਾਡੀ ਕੰਪਨੀ ਹੈ।"
"ਤੁਸੀਂ ਫੋਨ ਰਾਹੀਂ ਜੋ ਤਸਵੀਰ ਖਿੱਚਦੇ ਹੋ ਉਹ ਜਿਸ ਚਿਪ ਵਿੱਚ ਸਟੋਰ ਹੁੰਦੀ ਹੈ, ਉਸ ਨੂੰ ਕਹਿੰਦੇ ਹਨ ਨੈਂਡ ਚਿਪ, ਅਸੀਂ ਉਸ ਨੂੰ ਬਣਾਉਂਦੇ ਹਾਂ। ਅਸੀਂ ਡੀਰੈਮ ਚਿਪਸ ਤੇ ਮੈਮਰੀ ਚਿਪਸ ਵੀ ਬਣਾਉਂਦੇ ਹਾਂ। ਤੁਸੀਂ ਲੈਪਟਾਪ, ਸਮਾਰਟਫੋਨ ਜਾਂ ਕੋਈ ਵੀ ਡਿਵਾਇਸ ਦਾ ਇਸਤੇਮਾਲ ਕਰਦੇ ਹੋ ਉਸ ਵਿੱਚ ਲੱਗਣ ਵਾਲੀਆਂ ਚਿਪਸ ਅਸੀਂ ਬਣਾਉਂਦੇ ਹਾਂ।"
"ਜਦੋਂ ਮੈਂ 25 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਸੀ ਤਾਂ ਉਸ ਵੇਲੇ ਦੀਆਂ ਚਿਪਸ ਬਹੁਤ ਮਹਿੰਗੀਆਂ ਹੁੰਦੀਆਂ ਸਨ ਤੇ ਉਨ੍ਹਾਂ ਦੀ ਪਰਫੌਰਮੈਂਸ ਵੀ ਘੱਟ ਹੁੰਦੀ ਸੀ। ਅਸੀਂ ਉਸੇ ਤਕਨੀਕ ਨੂੰ ਸੁਧਾਰਦੇ ਹਾਂ, ਚਿਪਸ ਸਮਾਰਟ ਬਣਾਉਂਦੇ ਹਾਂ ਤਾਂ ਜੋ ਉਸ ਵਿੱਚ ਜ਼ਿਆਦਾ ਤੋਂ ਜ਼ਿਆਦਾ ਡੇਟਾ ਸਟੋਰ ਕੀਤਾ ਜਾ ਸਕੇ। ਇਸ ਦੇ ਨਾਲ ਚਿਪਸ ਸਸਤੀਆਂ ਵੀ ਹੋ ਜਾਂਦੀਆਂ ਹਨ।"
"ਮੈਂ ਜੋ ਪਹਿਲਾ ਕੰਪਿਊਟਰ ਆਪਣੀ ਜ਼ਿੰਦਗੀ ਵਿੱਚ ਵੇਖਿਆ ਸੀ ਉਹ ਦੋ ਕਮਰਿਆਂ ਵਿੱਚ ਆਉਂਦਾ ਸੀ। ਹੁਣ ਜੋ ਚਿਪਸ ਤੁਹਾਡੇ ਮੋਬਾਇਲ ਵਿੱਚ ਇਸਤੇਮਾਲ ਹੁੰਦੇ ਹਨ, ਉਹ 100 ਗੁਣਾ ਤਾਕਤਵਰ ਹਨ ਤੇ ਕੀਮਤ ਤੁਹਾਨੂੰ ਹਜ਼ਾਰ ਗੁਣਾ ਘੱਟ ਅਦਾ ਕਰਨੀ ਪੈਂਦੀ ਹੈ। 25 ਸਾਲਾਂ ਵਿੱਚ ਇੰਨੀ ਜ਼ਿਆਦਾ ਤਕਨੀਕੀ ਤੌਰ ਉੱਤੇ ਤਰੱਕੀ ਕਰ ਲਈ ਕਿ ਹੁਣ ਤਕਨੀਕ ਦੀ ਸਾਰਿਆਂ ਤੱਕ ਪਹੁੰਚ ਹੈ। ਮੈਂ ਖੁਸ਼ਕਿਸਮਤ ਹਾਂ ਕਿ ਇਸ ਪ੍ਰਕਿਰਿਆ ਦਾ ਵੀ ਹਿੱਸਾ ਰਿਹਾ।"

ਤਸਵੀਰ ਸਰੋਤ, Gurtej Sandhu/FB
ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਡਰਨ ਦੀ ਲੋੜ ਹੈ
ਹੁਣ ਏਆਈ ਦਾ ਯੁੱਗ ਹੈ ਤੇ ਇਸ ਸਮੇਂ ਵਿੱਚ ਸਾਨੂੰ ਟੈਕਨਾਲੌਜੀ ਤੋਂ ਡਰਨ ਦੀ ਲੋੜ ਹੈ ਜਾਂ ਇਸ ਦੇ ਨਾਲ ਚੱਲਣ ਦੀ ਲੋੜ ਹੈ।
ਇਸ ਬਾਰੇ ਗੁਰਤੇਜ ਸਿੰਘ ਕਹਿੰਦੇ ਹਨ, "ਜਦੋਂ ਇੰਟਰਨੈੱਟ ਆਇਆ ਸੀ ਤਾਂ ਮੇਰਾ ਇੱਕ ਦੋਸਤ ਕਹਿੰਦਾ ਸੀ ਕਿ ਮੈਂ ਤਾਂ ਕਦੇ ਵੀ ਇੰਟਰਨੈੱਟ ਬੈਂਕਿੰਗ ਨਹੀਂ ਕਰਨੀ, ਹੁਣ ਉਹ ਕਹਿੰਦਾ ਹੈ ਕਿ ਮੈਂ ਬੈਂਕਿੰਗ ਤੋਂ ਲੈ ਕੇ ਸਟਾਕਸ ਤੱਕ ਦਾ ਸਾਰਾ ਕੰਮ ਹੀ ਇੰਟਰਨੈੱਟ ਉੱਤੇ ਕਰਦਾ ਹਾਂ। ਅਸਲ ਵਿੱਚ ਅਸੀਂ ਬਦਲਾਅ ਤੋਂ ਡਰਦੇ ਹਾਂ। ਤਕਨੀਕ ਕਦੇ ਵੀ ਚੰਗੀ ਜਾਂ ਮਾੜੀ ਨਹੀਂ ਹੁੰਦੀ ਹੈ, ਚੰਗੇ ਜਾਂ ਮਾੜੇ ਉਹ ਲੋਕ ਹੁੰਦੇ ਹਨ ਜੋ ਉਸ ਦਾ ਇਸਤੇਮਾਲ ਕਰਦੇ ਹਨ।"
"ਹੁਣ ਫੋਨ ਕਰਕੇ ਪਿੰਡ ਵਿੱਚ ਬੈਠੇ ਵਿਅਕਤੀ ਕੋਲ ਵੀ ਜਾਣਕਾਰੀ ਹੈ ਜੋ ਉਸ ਵੇਲੇ ਨਹੀਂ ਸੀ ਜਦੋਂ ਅਸੀਂ ਪੜ੍ਹਦੇ ਸੀ, ਹੁਣ ਸਮੇਂ ਦਾ ਇਸਤੇਮਾਲ ਤੁਸੀਂ ਕਿਵੇਂ ਕਰਨਾ ਹੈ, ਇਸ ਦਾ ਫੈਸਲਾ ਤੁਸੀਂ ਕਰਨਾ ਹੈ।"
"ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦਾ ਦੂਜਾ ਲੈਵਲ ਹੈ। ਹੁਣ ਉਸ ਨੂੰ ਤੁਹਾਡੀ ਭਾਸ਼ਾ ਸਮਝ ਆ ਸਕਦੀ ਹੈ। ਏਆਈ ਅਸੀਂ ਬਣਾਈ ਹੈ, ਉਹ ਤਾਂ ਸਾਡੀ ਨਕਲ ਕਰ ਰਹੀ ਹੈ ਜਿਸ ਤਰ੍ਹਾਂ ਅਸੀਂ ਕਰਾਂਗੇ ਉਸੇ ਤਰ੍ਹਾਂ ਏਆਈ ਕਰੇਗੀ। ਇਸ ਲਈ ਏਆਈ ਦਾ ਇਸਤੇਮਾਲ ਅਸੀਂ ਕਿਵੇਂ ਕਰਨਾ ਇਸ ਸਾਨੂੰ ਤੈਅ ਕਰਨਾ ਹੋਵੇਗਾ।"

ਤਸਵੀਰ ਸਰੋਤ, Gurtej Sandhu/FB
'ਪੰਜਾਬ ਵਿੱਚ ਸਿੱਖਿਆ 'ਤੇ ਜ਼ੋਰ ਦੇਣ ਦੀ ਲੋੜ'
ਗੁਰਤੇਜ ਸੰਧੂ ਪੰਜਾਬ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਕਹਿੰਦੇ ਹਨ, "ਪੰਜਾਬ ਨਾਲ ਮੇਰਾ ਰਿਸ਼ਤਾ ਤਾਂ ਹਮੇਸ਼ਾ ਹੀ ਕਾਇਮ ਰਹੇਗਾ। ਪੰਜਾਬੀ ਵਿੱਚ ਕਹਾਵਤ ਹੈ ਕਿ ਜਿਹੜਾ ਪਿੱਛਾ ਭੁੱਲ ਜਾਵੇ ਉਸ ਦਾ ਅੱਗਾ ਵੀ ਨਹੀਂ ਰਹਿੰਦਾ।"
"ਸਾਨੂੰ ਆਪਣਾ ਪਿਛਲਾ ਇਤਿਹਾਸ ਯਾਦ ਰੱਖਣਾ ਚਾਹੀਦਾ ਹੈ ਤੇ ਇਹ ਵੇਖਣਾ ਚਾਹੀਦਾ ਹੈ ਕਿ ਉਸ ਦੇ ਅਧਾਰ ਉੱਤੇ ਅਸੀਂ ਅੱਗੇ ਕੀ ਕਰ ਸਕਦੇ ਹਾਂ। ਕਈ ਕਹਿੰਦੇ ਹਨ ਕਿ ਪੰਜਾਬ ਪਿੱਛੇ ਰਹਿ ਗਿਆ ਤਾਂ ਮੈਂ ਕਹਿੰਦਾ ਹਾਂ ਕਿ ਪੰਜਾਬੀ ਤਾਂ ਪਿੱਛੇ ਨਹੀਂ ਰਹੇ, ਪੰਜਾਬੀ ਤਾਂ ਹਰ ਖੇਤਰ ਵਿੱਚ ਅੱਗੇ ਹਨ। ਪੰਜਾਬ ਵਿੱਚ ਤੁਸੀਂ ਕੀ ਕਰ ਰਹੇ ਹੋ ਇਹ ਤੁਹਾਡੇ ਫੈਸਲਿਆਂ ਉੱਤੇ ਨਿਰਭਰ ਹੈ।"
"ਮੇਰਾ ਤਾਂ ਕਹਿਣਾ ਹੁੰਦਾ ਹੈ ਕਿ ਸਿੱਖਿਆ ਉੱਤੇ ਫੋਕਸ ਰੱਖਿਆ ਜਾਵੇ। ਮੈਂ ਪਿੰਡਾਂ ਵਿੱਚੋਂ ਹੀ ਆਉਂਦਾ ਹਾਂ ਉੱਥੇ ਸੱਭਿਆਚਾਰ ਵਿੱਚ ਸਿੱਖਿਆ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ। ਬੱਚੇ ਇਸ ਪਾਸੇ ਕੰਮ ਤਾਂ ਕਰ ਰਹੇ ਹਨ ਪਰ ਉਨ੍ਹਾਂ ਨੂੰ ਉਤਸ਼ਾਹਤ ਕਰਨ ਦੀ ਲੋੜ ਹੈ।"
ਗੁਰਤੇਜ ਬੱਚਿਆਂ ਨੂੰ ਕੀ ਸੁਨੇਹਾ ਦਿੰਦੇ ਹਨ
ਗੁਰਤੇਜ ਕਹਿੰਦੇ ਹਨ, "ਮੈਂ ਬੱਚਿਆਂ ਨੂੰ ਹਮੇਸ਼ਾ ਹੀ ਇਹ ਮੈਸੇਜ ਦਿੰਦਾ ਹਾਂ ਕਿ ਜੋ ਵਿਸ਼ਾ ਤੁਹਾਨੂੰ ਸਭ ਤੋਂ ਔਖਾ ਲੱਗਦਾ ਹੈ ਉਸ ਵਿੱਚ ਵੱਧ ਟਾਈਮ ਲਾਓ। ਮਿਹਨਤ ਤੋਂ ਬਿਨਾਂ ਕੁਝ ਨਹੀਂ ਹੈ, ਜੋ ਮੁਸ਼ਕਲ ਹੈ ਜੇ ਉਸ ਨੂੰ ਛੱਡ ਦੇਵੋਗੇ ਤਾਂ ਕਾਮਯਾਬੀ ਮਿਲਣੀ ਔਖੀ ਹੈ।"
"ਜ਼ਿੰਦਗੀ ਵਿੱਚ ਵੀ ਇਹੀ ਨਿਯਮ ਹੈ, ਜਿਹੜੀ ਵੀ ਚੁਣੌਤੀ ਹੈ ਉਸ ਪਿੱਛੇ ਲੱਗੇ ਰਹੋ। ਮੈਨੂੰ ਵੀ ਕਈ ਵਾਰ ਸਮੱਸਿਆਵਾਂ ਦਾ ਹੱਲ ਨਹੀਂ ਮਿਲ ਰਿਹਾ ਹੁੰਦਾ। ਅਚਾਨਕ ਇੱਕ ਦਿਨ ਮੈਂ ਉੱਠਦਾ ਹਾਂ ਤਾਂ ਉਸ ਸਮੱਸਿਆ ਦਾ ਹੱਲ ਮਿਲ ਜਾਂਦਾ ਹੈ ਇਸ ਲਈ ਮਿਹਨਤ ਕਰੀ ਜਾਓ ਉਸ ਦਾ ਕੋਈ ਬਦਲ ਨਹੀਂ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












