ਭਾਰਤ ਵਿੱਚ ਦੁਪਹਿਆ ਵਾਹਨਾਂ ਦੇ ਇੰਨੇ ਹਾਦਸੇ ਕਿਉਂ ਹੁੰਦੇ ਹਨ, ਕੀ ਸੜਕਾਂ ਵਿੱਚ ਕੋਈ ਦਿੱਕਤ ਹੈ

ਤਸਵੀਰ ਸਰੋਤ, Insta/rajvirjawandaofficial
- ਲੇਖਕ, ਗੁਰਜੋਤ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਜਾਬੀ ਗਾਇਕ ਰਾਜਵੀਰ ਜਵੰਦਾ ਨਾਲ ਹਿਮਾਚਲ ਪ੍ਰਦੇਸ਼ ਵਿੱਚ ਸੜਕ ਹਾਦਸਾ ਵਾਪਰਨ ਤੋਂ ਬਾਅਦ ਉਹ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਜਾਣਕਾਰੀ ਮੁਤਾਬਕ ਉਹ ਮੋਟਰਸਾਈਕਲ ਉੱਤੇ ਸਵਾਰ ਸਨ ਜਦੋਂ ਉਨ੍ਹਾਂ ਅੱਗੇ ਕੁਝ ਪਸ਼ੂ ਆ ਗਏ।
ਉਨ੍ਹਾਂ ਨਾਲ ਵਾਪਰੇ ਇਸ ਹਾਦਸੇ ਮਗਰੋਂ ਮੋਟਰਸਾਈਕਲ ਸਵਾਰ ਲੋਕਾਂ ਦੀ ਸੜਕਾਂ ਉੱਤੇ ਸੁਰੱਖਿਆ ਬਾਰੇ ਗੱਲ ਸੋਸ਼ਲ ਮੀਡੀਆ ਪਲੈਟਫਾਰਮਜ਼ ਉੱਤੇ ਚਰਚਾ ਵਿੱਚ ਆਈ ਹੈ।
ਭਾਰਤ ਸਰਕਾਰ ਦੇ ਅਧਿਕਾਰਤ ਡੇਟਾ ਮੁਤਾਬਕ ਸਾਲ 2023 ਵਿੱਚ ਦੋ ਪਹੀਆ ਵਾਹਨਾਂ ਨਾਲ ਜੁੜੇ ਸੜਕ ਹਾਦਸਿਆਂ ਵਿੱਚ 26 ਹਜ਼ਾਰ 801 ਲੋਕਾਂ ਦੀ ਮੌਤ ਹੋਈ।
ਦੋ-ਪਹੀਆ ਸਵਾਰਾਂ ਦੀਆਂ ਮੌਤਾਂ ਭਾਰਤ ਵਿੱਚ ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਦਾ ਕਰੀਬ 45 ਫ਼ੀਸਦੀ ਹਨ।
'ਮੋਟਰਸਾਈਕਲ ਸਵਾਰਾਂ ਨੂੰ ਵੱਧ ਖ਼ਤਰਾ'
ਇੰਡੀਅਨ ਸਟੇਟਸ ਰਿਪੋਰਟ ਓਨ ਰੋਡ ਸੇਫਟੀ 2024 ਮੁਤਾਬਕ ਮੋਟਰਸਾਈਕਲ ਸਵਾਰ ਪੂਰੇ ਮੁਲਕ ਵਿੱਚ ਭਾਰੀ ਖ਼ਤਰੇ ਦਾ ਸਾਹਮਣਾ ਕਰਦੇ ਹਨ।
ਰਿਪੋਰਟ ਮੁਤਾਬਕ ਇਸ ਦੇ ਉਲਟ ਹਾਦਸਾ ਹੋਣ ਦੀ ਸਥਿਤੀ ਵਿੱਚ ਚਾਰ ਪਹੀਆ ਵਾਹਨ ਚਲਾਉਣ ਵਾਲਿਆਂ ਦੀ ਮੌਤ ਦੀ ਸੰਭਾਵਨਾ ਕਾਫੀ ਘੱਟ ਹੈ ਪਰ ਇਨ੍ਹਾਂ ਵਾਹਨਾਂ ਦੇ 'ਇੰਪੈਕਟਿੰਗ ਵਹੀਕਲ' ਹੋਣ ਦੀ ਦਰ ਵੱਧ ਹੈ।
ਇੰਪੈਕਟਿੰਗ ਵਹੀਕਲ ਉਹ ਵਾਹਨ ਹੁੰਦੇ ਹਨ ਜਿਨ੍ਹਾਂ ਵਾਹਨ ਵੱਲੋਂ ਟੱਕਰ ਮਾਰੀ ਗਈ ਹੋਵੇ।

ਤਸਵੀਰ ਸਰੋਤ, Insta/rajvirjawandaofficial
ਮੋਟਰਸਾਈਕਲਾਂ ਨਾਲ ਹਾਦਸੇ ਵਾਪਰਨ ਦੇ ਕੀ ਕਾਰਨ ਹਨ?
ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਵਿੱਚ ਕਿਸੇ ਹੋਰ ਵਾਹਨ ਨਾਲ ਟੱਕਰ ਹੋਣੀ, ਮੋਬਾਈਲ ਫੋਨ ਦੀ ਵਰਤੋਂ, ਤੇਜ਼ ਰਫ਼ਤਾਰ, ਸੜਕ ਨਿਯਮਾਂ ਦੀ ਪਾਲਣਾ ਨਾ ਕਰਨਾ, ਸੇਫਟੀ ਗੇਅਰ ਨਾ ਹੋਣਾ, ਨਸ਼ੇ ਦੀ ਵਰਤੋਂ ਅਤੇ ਹੋਰ ਸ਼ਾਮਲ ਹਨ।
ਮਾਹਰਾਂ ਮੁਤਾਬਕ ਸੜਕ ਉੱਤੇ ਅਚਾਨਕ ਅਵਾਰਾ ਪਸ਼ੂਆਂ ਦੇ ਆਉਣ ਨਾਲ ਵੀ ਵਾਹਨ ਹਾਦਸਾਗ੍ਰਸਤ ਹੁੰਦੇ ਹਨ।
ਅਜਿਹੇ ਹਾਦਸਿਆਂ ਵਿੱਚ ਦੋ-ਪਹੀਆ ਵਾਹਨ ਚਲਾਉਣ ਵਾਲੇ ਚਾਰ-ਪਹੀਆ ਵਾਹਨਾਂ ਨਾਲੋਂ ਵੱਧ ਖ਼ਤਰੇ ਵਿੱਚ ਹੁੰਦੇ ਹਨ।
ਮਾਹਰਾਂ ਮੁਤਾਬਕ ਭਾਰਤ ਵਿੱਚ ਲਗਭਗ 70 ਫ਼ੀਸਦੀ ਰਜਿਸਟਰਡ ਵਹੀਕਲ ਦੋ ਪਹੀਆ ਵਾਹਨ ਹਨ ਅਤੇ ਹਾਦਸਿਆਂ ਵਿੱਚ ਇਨ੍ਹਾਂ ਦੀ ਹਿੱਸੇਦਾਰੀ 50 ਫ਼ੀਸਦੀ ਦੇ ਕਰੀਬ ਹੈ।
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਪੰਜਾਬ ਸਰਕਾਰ ਦੇ ਟ੍ਰੈਫਿਕ ਅਡਵਾਈਜ਼ਰ ਨਵਦੀਪ ਅਸੀਜਾ ਨੇ ਦੱਸਿਆ, "ਭਾਰਤ ਵਿੱਚ ਸੜਕਾਂ ਦੇ ਡਿਜ਼ਾਇਨ ਸਟੈਂਡਰਡ ਦੋ ਪਹੀਆ ਵਾਹਨਾਂ ਦੇ ਮੁਤਾਬਕ ਨਹੀਂ ਹਨ ਸਗੋਂ ਚਾਰ ਪਹੀਆ ਵਾਹਨਾਂ ਦੇ ਮੁਤਾਬਕ ਹਨ।"
"ਅਜਿਹੇ ਹਾਲਾਤ ਵਿੱਚ ਦੋ ਪਹੀਆ ਵਾਹਨ ਹੋਰ ਵੱਡੇ ਵਾਹਨਾਂ ਨਾਲੋਂ ਵੱਧ ਖ਼ਤਰੇ ਦੀ ਸਥਿਤੀ ਵਿੱਚ ਹੁੰਦੇ ਹਨ।"
"ਦੋ ਪਹੀਆ ਵਾਹਨਾਂ ਦੀ ਸੁਰੱਖਿਆ ਬਾਰੇ ਭਾਰਤ ਦੇ ਪ੍ਰਸੰਗ ਵਿੱਚ ਹੋਰ ਅਧਿਐਨ ਦੀ ਲੋੜ ਹੈ ਜੋ ਕਿ ਇੱਕ ਵੱਡੀ ਚੁਣੌਤੀ ਹੈ।"
"ਹੈਲਮੈਟਸ ਤੋਂ ਇਲਾਵਾ ਦੋ-ਪਹੀਆ ਚਾਲਕਾਂ ਦੀ ਸੁਰੱਖਿਆ ਬਾਰੇ ਹੋਰ ਬਹੁਤੇ ਸਰੱਖਿਆ ਡਿਵਾਇਸਸ ਨਹੀਂ ਹਨ, ਅਤੇ ਨਾ ਹੀ ਮੁੱਖ ਮਾਰਗਾਂ ਉੱਤੇ ਸਮਰਪਿਤ ਲੇਨਜ਼ ਬਾਰੇ ਫਿਲਹਾਲ ਕੋਈ ਸਪਸ਼ਟਤਾ ਹੈ।"
ਉਹ ਕਹਿੰਦੇ ਹਨ, "ਟ੍ਰੈਫਿਕ ਮਨੋਵਿਗਿਆਨ ਕਹਿੰਦਾ ਹੈ ਕਿ ਕਈ ਵਾਰ ਜਦੋਂ ਤੁਸੀਂ ਖ਼ੁਦ ਨੂੰ ਵੱਧ ਸੁਰੱਖਿਅਤ ਮਹਿਸੂਸ ਕਰਕੇ ਹੋ ਤਾਂ ਤੁਹਾਡੇ ਖ਼ਤਰੇ ਵਾਲੇ ਕਦਮ ਚੁੱਕਣ ਵਾਲਾ ਸੁਭਾਅ ਵੱਧਦਾ ਹੈ।"

ਤਸਵੀਰ ਸਰੋਤ, Getty Images
ਸੜਕ ਨਿਯਮਾਂ ਬਾਰੇ ਜਾਗਰੂਕਤਾ ਅਤੇ ਮੌਤਾਂ ਨੂੰ ਘਟਾਉਣ ਲਈ ਕੰਮ ਕਰਦੀ 'ਅਰਾਈਵਸੇਫ' ਸੰਸਥਾ ਸ਼ੁਰੂ ਕਰਨ ਵਾਲੇ ਹਰਮਨ ਸਿੱਧੂ ਨੇ ਵੀ ਬੀਬੀਸੀ ਪੰਜਾਬੀ ਨਾਲ ਇਸ ਬਾਰੇ ਗੱਲਬਾਤ ਕੀਤੀ।
ਉਹ ਕਹਿੰਦੇ ਹਨ, "ਦੋ ਪਹੀਆ ਵਾਹਨ ਚਾਲਕਾਂ ਨੂੰ ਕੀ ਇਹ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਨੇ ਸੇਫਟੀ ਗੇਅਰ ਪਾਇਆ ਹੋਇਆ ਹੈ ਤਾਂ ਹੋ 100 ਫ਼ੀਸਦੀ ਸੁਰੱਖਿਅਤ ਹਨ ਕਿਉਂਕਿ ਸਾਹਮਣੇ ਪਸ਼ੂ ਆਉਣ ਜਿਹੀਆਂ ਕੁਝ ਘਟਨਾਵਾਂ ਅਚਾਨਕ ਵਾਪਰ ਸਕਦੀਆਂ ਹਨ।"
ਉਹ ਕਹਿੰਦੇ ਹਨ ਕਿ ਨਵੇਂ ਹਾਈਵੇਅ ਬਣਨ ਕਰਕੇ ਵਾਹਨਾਂ ਦੀ ਰਫ਼ਤਾਰ ਵਧੀ ਹੈ ਅਜਿਹੇ ਵਿੱਚ ਦੋ ਪਹੀਆ ਵਾਹਨ ਚਾਲਕਾਂ ਨੂੰ ਵੱਧ ਸਾਵਧਾਨ ਰਹਿਣ ਦੀ ਲੋੜ ਹੈ।
ਉਹ ਕਹਿੰਦੇ ਹਨ ਕਿ ਕਈ ਵਾਰ ਦੋ ਪਹੀਆ ਵਾਹਨ ਚਾਲਕ ਆਪਣੀਆਂ ਅਣਗਹਿਲੀਆਂ ਨੂੰ ਹਲਕੇ ਵਿੱਚ ਲੈਂਦੇ ਹਨ ਅਤੇ ਚੰਗੀ ਗੁਣਵੱਤਾ ਵਾਲੇ ਹੈਲਮਟਾਂ ਨੂੰ ਤਰਜੀਹ ਨਹੀਂ ਦਿੰਦੇ।
ਸਰਕਾਰ ਵੱਲੋਂ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘਟਾਏ ਜਾਣ ਲਈ ਕਈ ਯੋਜਨਾਵਾਂ ਐਲਾਨੀਆਂ ਗਈਆਂ ਹਨ ਪਰ ਇਸ ਦੇ ਨਤੀਜੇ ਵੱਲੋਂ ਮੌਤਾਂ ਦੀ ਗਿਣਤੀ ਵੱਡੇ ਪੱਧਰ ਉੱਤੇ ਨਹੀਂ ਘਟੀ ਹੈ।
ਪਸ਼ੂਆਂ ਨਾਲ ਜੁੜੇ ਸੜਕ ਹਾਦਸੇ
ਭਾਰਤ ਭਰ ਵਿੱਚ ਪਸ਼ੂਆਂ ਨਾਲ ਜੁੜੇ ਸੜਕ ਹਾਦਸਿਆਂ ਅਤੇ ਮੌਤਾਂ ਦੇ ਮਾਮਲਿਆਂ ਬਾਰੇ ਅਧਿਕਾਰਤ ਅੰਕੜੇ ਉਪਲਬਧ ਨਹੀਂ ਹਨ।
ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਇੰਸਟੀਟਿਊਟ ਵੱਲੋਂ ਪੰਜਾਬ ਵਿੱਚ ਪਸ਼ੂਆਂ ਨਾਲ ਜੁੜੇ ਸੜਕ ਹਾਦਸਿਆਂ ਬਾਰੇ ਅੰਕੜੇ ਇਕੱਠੇ ਕੀਤੇ ਗਏ ਸਨ।
ਨਵਦੀਪ ਅਸੀਜਾ ਨੇ ਦੱਸਿਆ ਕਿ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚੋਂ ਔਸਤਨ ਪੰਜਾਬ ਵਿੱਚ 8 ਤੋਂ 9 ਫ਼ੀਸਦੀ ਮੌਤਾਂ ਜਾਨਵਰਾਂ ਕਰਕੇ ਹੁੰਦੀਆਂ ਹਨ। ਇਹ ਮੌਤਾਂ ਬਾਰਿਸ਼ ਦੇ ਮੌਸਮ ਤੋਂ ਬਾਅਦ ਵੱਧ ਜਾਂਦੀਆਂ ਹਨ ਕਿਉਂਕਿ ਸੜਕਾਂ ਕੰਢੇ ਘਾਹ ਉੱਗਣ ਕਰਕੇ ਇੱਥੇ ਪਸ਼ੂ ਵੱਧ ਆਉਣ ਲੱਗਦੇ ਹਨ।
ਉਹ ਦੱਸਦੇ ਹਨ ਪਸ਼ੂਆਂ ਨਾਲ ਜੁੜੇ ਸੜਕ ਹਾਦਸੇ ਵਾਪਰਨ ਦੀ ਦਰ ਘੱਟ ਜੰਗਲੀ ਇਲਾਕੇ ਵਾਲੀਆਂ ਥਾਵਾਂ ਉੱਤੇ ਵੱਧ ਹੁੰਦੀ ਹੈ।

ਤਸਵੀਰ ਸਰੋਤ, Getty Images
ਭਾਰਤ ਵਿੱਚ ਸੜਕ ਹਾਦਸਿਆਂ ਵਿੱਚ ਮੌਤਾਂ
ਕੇਂਦਰੀ ਰੋਡ, ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਇਸ ਸਾਲ ਮਾਰਚ ਮਹੀਨੇ ਵਿੱਚ ਕਿਹਾ ਸੀ ਕਿ ਪ੍ਰਤੀ ਸਾਲ ਹੁੰਦੇ 5 ਲੱਖ ਸੜਕ ਹਾਦਸਿਆਂ ਕਰਕੇ ਭਾਰਤ 3 ਫੀਸਦੀ ਜੀਡੀਪੀ ਗੁਆ ਰਿਹਾ ਹੈ।
ਉਨ੍ਹਾਂ ਕਿਹਾ ਸੀ ਕਿ ਭਾਰਤ ਵਿੱਚ ਆਏ ਸਾਲ 4 ਲੱਖ 80 ਹਜ਼ਾਰ ਸੜਕ ਹਾਦਸੇ ਹੁੰਦੇ ਹਨ ਜਿਨ੍ਹਾਂ ਵਿੱਚ 18 ਤੋਂ 45 ਸਾਲ ਦੀ ਉਮਰ ਦੇ 1 ਲੱਖ 88 ਹਜ਼ਾਰ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ।
ਰਾਜਵੀਰ ਜਵੰਦਾ ਦਾ ਬਾਈਕ ਰਾਈਡਿੰਗ ਦਾ ਸ਼ੌਂਕ
ਰਾਜਵੀਰ ਜਵੰਦਾ ਨੇ ਕੰਗਣੀ, ਸਰਦਾਰੀ, ਜੰਮੇ ਨਾਲ ਦੇ, ਕਲੀ ਜਾਵੰਦੇ ਦੀ ਵਰਗੇ ਗੀਤਾਂ ਨਾਲ ਮਕਬੂਲੀਅਤ ਹਾਸਲ ਕੀਤੀ ਅਤੇ ਗਾਇਕੀ ਦੀ ਦੁਨੀਆਂ ਵਿੱਚ ਵਿਲੱਖਣ ਪਛਾਣ ਬਣਾਈ ਹੈ।
ਉਨ੍ਹਾਂ ਦੇ ਲਾਈਵ-ਸ਼ੋਅਜ਼ ਨੂੰ ਉਨ੍ਹਾਂ ਨੂੰ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਿਆਰ ਮਿਲਦਾ ਹੈ। ਰਾਜਵੀਰ ਜਵੰਦਾ ਗਾਇਕੀ ਦੇ ਨਾਲ-ਨਾਲ ਕਈ ਫ਼ਿਲਮਾਂ ਵਿੱਚ ਅਦਾਕਾਰੀ ਵੀ ਕਰ ਚੁੱਕੇ ਹਨ।
ਰਾਜਵੀਰ ਲੁਧਿਆਣਾ ਜ਼ਿਲ੍ਹੇ ਵਿੱਚ ਜਗਰਾਓਂ ਨੇੜੇ ਪੋਨਾ ਪਿੰਡ ਨਾਲ ਸਬੰਧ ਰੱਖਦੇ ਹਨ। ਰਾਜਵੀਰ ਬਚਪਨ ਤੋਂ ਹੀ ਸੰਗੀਤ ਨਾਲ ਜੁੜੇ ਹਨ।
ਰਾਜਵੀਰ ਫੁੱਲ ਟਾਈਮ ਗਾਈਕੀ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਪੁਲਿਸ ਵਿੱਚ ਨੌਕਰੀ ਕਰ ਚੁੱਕੇ ਹਨ।
ਰਾਜਵੀਰ ਦੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਉਨ੍ਹਾਂ ਦੇ ਬਾਈਕ ਰਾਈਡਿੰਗ ਦੇ ਸ਼ੌਂਕ ਬਾਰੇ ਵੀਡੀਓਜ਼ ਵੇਖੀਆਂ ਜਾ ਸਕਦੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












