ਕੀ ਤੁਹਾਨੂੰ ਵੀ ਕਈ ਵਾਰ ਸਾਹਮਣੇ ਪਈ ਚੀਜ਼ ਨਜ਼ਰ ਨਹੀਂ ਆਉਂਦੀ ਤਾਂ ਜਾਣੋ ਅਜਿਹਾ ਕਿਉਂ ਹੁੰਦਾ ਹੈ

ਲਾਵਣਿਆ ਨੂੰ ਚਾਬੀਆਂ ਦਿੰਦੀ ਹੋਈ ਧੀ
ਤਸਵੀਰ ਕੈਪਸ਼ਨ, ਲਾਵਣਿਆ ਨੂੰ ਚਾਬੀਆਂ ਦਿੰਦੀ ਹੋਈ ਧੀ
    • ਲੇਖਕ, ਲਕੋਜੂ ਸ੍ਰੀਨਿਵਾਸ
    • ਰੋਲ, ਬੀਬੀਸੀ ਲਈ

ਕਈ ਵਾਰ ਅਜਿਹਾ ਹੁੰਦਾ ਹੈ, ਜਦੋਂ ਸਾਨੂੰ ਸਾਹਮਣੇ ਪਈ ਹੋਈ ਉਹ ਚੀਜ਼ ਨਜ਼ਰ ਨਹੀਂ ਆਉਂਦੀ, ਜਿਸ ਨੂੰ ਅਸੀਂ ਲੱਭ ਰਹੇ ਹੁੰਦੇ ਹਾਂ।

ਇਹ ਇੱਕ ਅਜਿਹਾ ਅਨੁਭਵ ਹੈ ਜਿਸ ਦਾ ਸਾਡੇ ਵਿੱਚੋਂ ਬਹੁਤਿਆਂ ਨੇ ਕਈ ਵਾਰ ਸਾਹਮਣਾ ਕੀਤਾ ਹੈ।

ਉਦਾਹਰਣ ਵਜੋਂ, ਜਦੋਂ ਅਸੀਂ ਬਾਹਰ ਜਾਂਦੇ ਹਾਂ, ਅਸੀਂ ਆਪਣੀ ਬਾਈਕ ਜਾਂ ਕਾਰ ਦੀਆਂ ਚਾਬੀਆਂ ਲੱਭਦੇ ਹਾਂ। ਭਾਵੇਂ ਉਹ ਬਿਲਕੁਲ ਉੱਥੇ ਹੁੰਦੀਆਂ ਹਨ ਜਿੱਥੇ ਅਸੀਂ ਉਨ੍ਹਾਂ ਨੂੰ ਲੱਭ ਰਹੇ ਹੁੰਦੇ ਹਾਂ, ਪਰ ਸਾਨੂੰ ਫਿਰ ਵੀ ਨਜ਼ਰ ਨਹੀਂ ਆਉਂਦੀਆਂ।

ਇਸ ਸਥਿਤੀ ਨੂੰ ਇਨਟੈਂਸ਼ਨਲ ਬਲਾਈਂਡਨੈੱਸ ਕਿਹਾ ਜਾਂਦਾ ਹੈ।

ਵਿਸ਼ਾਖਾਪਟਨਮ ਤੋਂ ਦੰਤੁਰਥੀ ਲਾਵਣਿਆ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਵੀ ਮੈਂ ਬਾਹਰ ਜਾਂਦੀ ਹਾਂ, ਮੈਂ ਆਪਣੇ ਸਕੂਟਰ ਦੀਆਂ ਚਾਬੀਆਂ ਲੱਭਦੀ ਰਹਿੰਦੀ ਹਾਂ। ਮੈਨੂੰ ਉਹ ਨਹੀਂ ਮਿਲਦੀਆਂ। ਘਰ ਦੇ ਲੋਕ ਆਉਂਦੇ ਹਨ ਅਤੇ ਮੈਨੂੰ ਚਾਬੀਆਂ ਦਿੰਦੇ ਹਨ।"

ਇਨਟੈਂਸ਼ਨਲ ਬਲਾਈਂਡਨੈੱਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਨਟੈਂਸ਼ਨਲ ਬਲਾਈਂਡਨੈੱਸ ਨੂੰ ਪਰਸੈਪਚੂਅਲ ਬਲਾਈਂਡਨੈੱਸ ਵੀ ਕਿਹਾ ਜਾਂਦਾ ਹੈ

ਲਾਵਣਿਆ ਨੇ ਕਿਹਾ ਕਿ ਉਹ ਨਾ ਸਿਰਫ਼ ਆਪਣੇ ਸਕੂਟਰ ਅਤੇ ਕਾਰ ਦੀਆਂ ਚਾਬੀਆਂ ਲੱਭਦੀ ਹੈ, ਸਗੋਂ ਆਪਣੇ ਮੋਬਾਈਲ ਫੋਨ, ਫਰਿੱਜ ਵਿੱਚ ਸਬਜ਼ੀਆਂ ਅਤੇ ਕਿਤਾਬਾਂ ਵੀ ਲੱਭਦੀ ਰਹਿੰਦੀ ਹੈ, ਭਾਵੇਂ ਉਹ ਉਸ ਦੀਆਂ ਅੱਖਾਂ ਦੇ ਸਾਹਮਣੇ ਹੋਣ।

ਉਹ ਕਹਿੰਦੀ ਹੈ, "ਮੇਰੇ ਨਾਲ ਅਜਿਹਾ ਕਈ ਵਾਰ ਹੁੰਦਾ ਹੈ।"

ਬਹੁਤ ਸਾਰੇ ਲੋਕ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ? ਅਤੇ ਇਸ ਦਾ ਕਾਰਨ ਕੀ ਹੈ? ਕੀ ਇਹ ਹਰ ਕਿਸੇ ਨਾਲ ਹੁੰਦਾ ਹੈ ਜਾਂ ਇਹ ਸਿਰਫ਼ ਕੁਝ ਲੋਕਾਂ ਤੱਕ ਸੀਮਿਤ ਹੈ?

ਕੀ ਇਨਟੈਂਸ਼ਨਲ ਬਲਾਈਂਡਨੈੱਸ ਸਾਡੇ ਰੋਜ਼ਾਨਾ ਜੀਵਨ ਵਿੱਚ ਕੋਈ ਸਮੱਸਿਆ ਪੈਦਾ ਕਰਦਾ ਹੈ? ਇਸ ਵਿਸ਼ੇ 'ਤੇ ਕੀ ਖੋਜ ਕੀਤੀ ਗਈ ਹੈ?

ਇਨਟੈਂਸ਼ਨਲ ਬਲਾਈਂਡਨੈੱਸ
ਤਸਵੀਰ ਕੈਪਸ਼ਨ, ਨਿਊਰੋਲੋਜਿਸਟ ਅੱਪਾਜੀ ਰਾਏ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਸਾਡਾ ਦਿਮਾਗ ਇੱਕ ਸਮੇਂ ਇੱਕ ਕੰਮ 'ਤੇ ਧਿਆਨ ਕੇਂਦ੍ਰਿਤ ਕਰਦਾ ਹੈ, ਤਾਂ ਇਹ ਆਪਣੇ ਆਲੇ ਦੁਆਲੇ ਕੀ ਹੈ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ

ʻਸਾਹਮਣੇ ਪਈ ਚੀਜ਼ ਨਜ਼ਰ ਨਾ ਆਉਣਾ'

ਇਨਟੈਂਸ਼ਨਲ ਬਲਾਈਂਡਨੈੱਸ ਨੂੰ ਪਰਸੈਪਚੂਅਲ ਬਲਾਈਂਡਨੈੱਸ ਵੀ ਕਿਹਾ ਜਾਂਦਾ ਹੈ।

ਦਰਅਸਲ, ਇਹ ਇੱਕ ਗ਼ਲਤ ਧਾਰਨਾ ਹੈ ਕਿ 'ਅਸੀਂ ਵਸਤੂ ਨੂੰ ਨਹੀਂ ਦੇਖ ਸਕਦੇ'। ਨਿਊਰੋਲੋਜਿਸਟ ਕਹਿੰਦੇ ਹਨ ਕਿ ਇਹ ਵਸਤੂ ਨੂੰ ਦੇਖਣ ਦੀ ਅਯੋਗਤਾ ਨਹੀਂ ਹੈ, ਸਗੋਂ ਧਿਆਨ ਕੇਂਦ੍ਰਿਤ ਕਰਨ ਦੀ ਅਸਫ਼ਲਤਾ ਹੈ।

ਅਸੀਂ ਸੜਕ 'ਤੇ ਫ਼ੋਨ 'ਤੇ ਗੱਲ ਕਰਦੇ ਹੋਏ ਤੁਰ ਰਹੇ ਹਾਂ। ਉਸੇ ਸਮੇਂ, ਜੇਕਰ ਕੋਈ ਵਿਅਕਤੀ ਸਾਡੇ ਕੋਲੋਂ ਲੰਘਦਾ ਹੈ ਅਤੇ ਸਾਨੂੰ ਨਮਸਕਾਰ ਕਰਦਾ ਹੈ, ਤਾਂ ਹੋ ਸਕਦਾ ਹੈ ਕਿ ਅਸੀਂ ਉਸ ਵੱਲ ਧਿਆਨ ਨਾ ਦੇਈਏ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਾਡਾ ਧਿਆਨ ਫ਼ੋਨ 'ਤੇ ਕੇਂਦ੍ਰਿਤ ਹੁੰਦਾ ਹੈ।

ਜਦੋਂ ਅਸੀਂ ਜਲਦੀ ਕਿਤੇ ਜਾਣ ਬਾਰੇ ਸੋਚਦੇ ਹਾਂ, ਤਾਂ ਸਾਡਾ ਦਿਮਾਗ਼, ਮਹੱਤਵਪੂਰਨ ਚੀਜ਼ 'ਤੇ ਕੇਂਦ੍ਰਿਤ ਹੁੰਦਾ ਹੈ। ਇਸ ਲਈ, ਭਾਵੇਂ ਕਾਰ ਜਾਂ ਕਾਰ ਦੀਆਂ ਚਾਬੀਆਂ ਸਾਡੇ ਸਾਹਮਣੇ ਵੀ ਪਈਆਂ ਹੋਣ, ਦਿਮਾਗ਼ ਇਸਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ।

ਅਮਰੀਕਾ ਦੇ ਪੱਛਮੀ ਵਰਜੀਨੀਆ ਦੇ ਇੱਕ ਨਿਊਰੋਲੋਜਿਸਟ ਅੱਪਾਜੀ ਰਾਇ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਸਾਡਾ ਮਨ ਕਿਸੇ ਹੋਰ ਚੀਜ਼ ਵਿੱਚ ਰੁੱਝਿਆ ਹੁੰਦਾ ਹੈ, ਤਾਂ ਅਸੀਂ ਉਹ ਵੀ ਨਹੀਂ ਦੇਖ ਸਕਦੇ ਜੋ ਸਾਡੀਆਂ ਅੱਖਾਂ ਦੇਖ ਰਹੀਆਂ ਹੁੰਦੀਆਂ ਹਨ। ਜਦੋਂ ਸਾਡਾ ਦਿਮਾਗ਼ ਇੱਕ ਸਮੇਂ ਇੱਕ ਕੰਮ 'ਤੇ ਕੇਂਦ੍ਰਿਤ ਹੁੰਦਾ ਹੈ, ਤਾਂ ਇਹ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ।"

ਇਨਟੈਂਸ਼ਨਲ ਬਲਾਈਂਡਨੈੱਸ
ਤਸਵੀਰ ਕੈਪਸ਼ਨ, ਨਿਊਰੋਲੋਜਿਸਟ ਰਾਜੇਸ਼ ਇੰਡਾਲਾ ਕਹਿੰਦੇ ਹਨ ਕਿ ਇਨਟੈਂਸ਼ਨਲ ਬਲਾਈਂਡਨੈੱਸ ਨਜ਼ਰ ਦਾ ਨੁਕਸ ਹੈ, ਦਿਮਾਗ ਦਾ ਨਹੀਂ

'ਪ੍ਰਾਥਮਿਕਤਾ ਕੁੰਜੀ ਹੈ'

ਏਯੂ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਐੱਮਵੀਆਰ ਰਾਜੂ ਨੇ ਕਿਹਾ ਕਿ ਇਨਟੈਂਸ਼ਨਲ ਬਲਾਈਂਡਨੈੱਸ ਇੱਕ ਦ੍ਰਿਸ਼ਟੀ ਕਮਜ਼ੋਰੀ ਨਹੀਂ ਹੈ ਪਰ ਸਾਡਾ ਦਿਮਾਗ਼ ਦੋ ਚੀਜ਼ਾਂ ʼਤੇ ਬਰਾਬਰ ਧਿਆਨ ਨਹੀਂ ਦਿੰਦਾ ਹੈ ਅਤੇ ਜਦੋਂ ਅਸੀਂ ਇੱਕ ਚੀਜ਼ ਨੂੰ ਜ਼ਿਆਦਾ ਮਹੱਤਵ ਦਿੰਦੇ ਹਾਂ ਤਾਂ ਦੂਜੀ ਅਹਿਮੀਅਤ ਘਟ ਜਾਂਦੀ ਅਤੇ ਕੰਮ ਸੁਚਾਰੂ ਢੰਗ ਨਾਲ ਨਹੀਂ ਹੁੰਦਾ।

ਉਨ੍ਹਾਂ ਸੁਝਾਅ ਦਿੱਤਾ ਕਿ ਪੂਰੀ ਇਕਾਗਰਤਾ ਨਾਲ ਕੰਮ ਕਰ ਕੇ ਕੁਝ ਹੱਦ ਤੱਕ ਇਨਟੈਂਸ਼ਨਲ ਬਲਾਈਂਡਨੈੱਸ ਨੂੰ ਦੂਰ ਕੀਤਾ ਜਾ ਸਕਦਾ ਹੈ।

ਵਿਸ਼ਾਖਾਪਟਨਮ ਦੇ ਰਹਿਣ ਵਾਲੇ ਨਿਊਰੋਲੋਜਿਸਟ ਰਾਜੇਸ਼ ਇੰਡਾਲਾ ਨੇ ਕਿਹਾ, "ਇਹ ਸਮੱਸਿਆ ਕਿਸੇ ਨਾਲ ਵੀ ਹੋ ਸਕਦੀ ਹੈ। ਉਦਾਹਰਣ ਵਜੋਂ, ਜਦੋਂ ਡਾਕਟਰ ਸਰਜਰੀ ਕਰਦੇ ਹਨ, ਤਾਂ ਉਨ੍ਹਾਂ ਦਾ ਪੂਰਾ ਧਿਆਨ ਸਰਜਰੀ 'ਤੇ ਹੁੰਦਾ ਹੈ। ਇਸ ਲਈ, ਸਰਜਰੀ ਲਈ ਜ਼ਰੂਰੀ ਯੰਤਰ ਹੋਣ ਦੇ ਬਾਵਜੂਦ, ਉਹ ਇਸ ਵੱਲ ਧਿਆਨ ਦੇਣ ਵਿੱਚ ਅਸਮਰੱਥ ਹੁੰਦੇ ਹਨ।"

ਰਾਜੇਸ਼ ਨੇ ਸੁਝਾਅ ਦਿੱਤਾ, "ਇਹ ਦ੍ਰਿਸ਼ਟੀ ਜਾਂ ਦਿਮਾਗ਼ ਨਾਲ ਸਬੰਧਤ ਕੋਈ ਨੁਕਸ ਨਹੀਂ ਹੈ। ਇਸ ਨੂੰ ਧਿਆਨ ਦੀ ਘਾਟ ਕਿਹਾ ਜਾਂਦਾ ਹੈ। ਇਸ ਨੂੰ ਦੂਰ ਕਰਨ ਲਈ, ਸਾਨੂੰ ਆਪਣੇ ਮਨ ਨੂੰ ਪੂਰੀ ਤਰ੍ਹਾਂ ਕਰ ਰਹੇ ਕੰਮ 'ਤੇ ਕੇਂਦ੍ਰਿਤ ਕਰਨਾ ਪੈਂਦਾ ਹੈ। ਜੇ ਲੋੜ ਹੋਵੇ ਤਾਂ ਸਾਨੂੰ ਕੁਝ ਸਿਖਲਾਈ ਵੀ ਲੈਣੀ ਚਾਹੀਦੀ ਹੈ।"

ਇਹ ਵੀ ਪੜ੍ਹੋ-

ਸਭ ਤੋਂ ਵੱਧ ਅਸਰ ਕਿਸ ਉੱਤੇ ਹੁੰਦਾ ਹੈ?

ਅਪਾਜੀ ਰਾਏ ਦਾ ਕਹਿਣਾ ਹੈ ਕਿ ਇਨਟੈਂਸ਼ਨਲ ਬਲਾਈਂਡਨੈੱਸ ਨਾਲ ਉਨ੍ਹਾਂ ਲੋਕਾਂ ਦੇ ਪ੍ਰਭਾਵਿਤ ਹੋਣ ਦੀ ਜ਼ਿਆਦਾ ਸੰਭਾਵਨਾ ਹੈ ਜੋ ਡਰਾਈਵਿੰਗ, ਅਧਿਆਪਨ, ਪਾਇਲਟ, ਪ੍ਰੋਗਰਾਮਰ, ਡਾਕਟਰ ਅਤੇ ਫਿਲਮ ਨਿਰਮਾਤਾ ਵਰਗੇ ਕੰਮ ਅਤੇ ਪੇਸ਼ਿਆਂ ਵਿੱਚ ਹਨ।

ਉਹ ਕਹਿੰਦੇ ਹਨ, "ਸਿਹਤ ਸਮੱਸਿਆਵਾਂ, ਇਨਸੌਮਨੀਆ, ਮਾੜੀ ਖੁਰਾਕ ਅਤੇ ਮਾਨਸਿਕ ਤਣਾਅ ਦਿਮਾਗ਼ ਦੀ ਧਿਆਨ ਕੇਂਦਰਿਤ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ। ਉਮਰ ਵਧਣ ਦੇ ਨਾਲ, ਦਿਮਾਗ਼ ਦੇ ਕਾਰਜ ਵਿੱਚ ਤਬਦੀਲੀਆਂ ਵੀ ਇਨਟੈਂਸ਼ਨਲ ਬਲਾਈਂਡਨੈੱਸ ਦਾ ਕਾਰਨ ਬਣ ਸਕਦੀਆਂ ਹਨ।"

ਅਪਾਜੀ ਰਾਏ ਦਾ ਕਹਿਣਾ ਹੈ ਕਿ ਇਹ ਇੱਕ ਮਨੋਵਿਗਿਆਨਕ ਲੱਛਣ ਹੈ ਜੋ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਦਾ ਉਨ੍ਹਾਂ ਲੋਕਾਂ 'ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ ਜਿਨ੍ਹਾਂ ਦੀ ਮਲਟੀਟਾਸਕ ਕਰਨ ਦੀ ਸਮਰੱਥਾ ਘੱਟ ਹੁੰਦੀ ਹੈ।

ਰਾਜੇਸ਼

ਕਿਵੇਂ ਕਾਬੂ ਪਾਇਆ ਜਾ ਸਕਦਾ ਹੈ?

ਨਿਊਰੋਲੋਜਿਸਟ ਡਾ. ਰਾਜੇਸ਼ ਇੰਡਾਲਾ ਨੇ ਕਿਹਾ ਕਿ ਹਾਲਾਂਕਿ ਇਨਟੈਂਸ਼ਨਲ ਬਲਾਈਂਡਨੈੱਸ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ, ਪਰ ਇਸ ਦੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ।

ਉਹ ਕਹਿੰਦੇ ਹਨ, "ਸਾਨੂੰ ਇਕਾਗਰਤਾ ਨਾਲ ਕੰਮ ਕਰਨ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ, ਬੇਲੋੜੀ ਭਟਕਣਾ ਤੋਂ ਬਚਣਾ ਚਾਹੀਦਾ ਹੈ, ਇੱਕੋ ਸਮੇਂ ਕਈ ਕੰਮ ਕਰਨ ਦੀ ਬਜਾਇ ਇੱਕ ਕੰਮ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਢੁਕਵਾਂ ਆਰਾਮ ਕਰਨਾ ਚਾਹੀਦਾ ਹੈ।"

ਡਾ. ਰਾਜੇਸ਼ ਨੇ ਬੀਬੀਸੀ ਨੂੰ ਦੱਸਿਆ ਕਿ ਜੇਕਰ ਇਨਟੈਂਸ਼ਨਲ ਬਲਾਈਂਡਨੈੱਸ ਦਾ ਪ੍ਰਭਾਵ ਵਧਦਾ ਹੈ, ਤਾਂ "ਡਾਕਟਰ ਆਪ੍ਰੇਸ਼ਨ ਦੌਰਾਨ ਕੋਈ ਆਵਾਜ਼ ਨਹੀਂ ਸੁਣ ਸਕਣਗੇ। ਇਸੇ ਤਰ੍ਹਾਂ, ਇੱਕ ਕੰਪਿਊਟਰ ਪ੍ਰੋਗਰਾਮਰ ਆਪਣੀਆਂ ਅੱਖਾਂ ਦੇ ਸਾਹਮਣੇ ਕੋਈ ਗ਼ਲਤੀ ਦੇਖੇ ਬਿਨਾਂ ਪ੍ਰੋਗਰਾਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।"

ਡਾ. ਅੱਪਾਜੀ ਰਾਏ ਸੁਝਾਅ ਦਿੰਦੇ ਹਨ, "ਜਦੋਂ ਮਨ ਤਣਾਅ ਵਿੱਚ ਹੁੰਦਾ ਹੈ, ਤਾਂ ਦਿਮਾਗ਼ ਦੀ ਕੁਸ਼ਲਤਾ ਘੱਟ ਜਾਂਦੀ ਹੈ। ਇਹੀ ਗੱਲ ਇਨਸੌਮਨੀਆ ਅਤੇ ਥਕਾਵਟ 'ਤੇ ਲਾਗੂ ਹੁੰਦੀ ਹੈ। ਇਸ ਲਈ, ਚੰਗਾ ਆਰਾਮ ਕਰਨ, ਚੰਗਾ ਖਾਣਾ ਖਾਣ ਅਤੇ ਤਣਾਅ ਘਟਾਉਣ ਨਾਲ ਦਿਮਾਗ਼ ਦੀ ਕੁਸ਼ਲਤਾ ਵਿੱਚ ਸੁਧਾਰ ਹੋ ਸਕਦਾ ਹੈ ਅਤੇ ਇਨਟੈਂਸ਼ਨਲ ਬਲਾਈਂਡਨੈੱਸ ਦੇ ਪ੍ਰਭਾਵਾਂ ਨੂੰ ਘਟਾਇਆ ਜਾ ਸਕਦਾ ਹੈ।"

ਇਨਟੈਂਸ਼ਨਲ ਬਲਾਈਂਡਨੈੱਸ

ਤਸਵੀਰ ਸਰੋਤ, Getty Images

ਖੋਜ ਕੀ ਕਹਿੰਦੀ ਹੈ?

1960, 1999 ਅਤੇ 2025 ਵਿੱਚ ਇਨਟੈਂਸ਼ਨਲ ਬਲਾਈਂਡਨੈੱਸ 'ਤੇ ਖੋਜ ਕੀਤੀ ਗਈ ਸੀ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ 1999 ਵਿੱਚ ਕੀਤਾ ਗਿਆ ਅਦਿੱਖ ਗੋਰਿਲਾ ਟੈਸਟ ਸੀ।

ਇਹ ਟੈਸਟ ਹਾਰਵਰਡ ਯੂਨੀਵਰਸਿਟੀ ਦੇ ਮਨੋਵਿਗਿਆਨੀ ਡੈਨੀਅਲ ਸਾਈਮਨਸ ਅਤੇ ਕ੍ਰਿਸਟੋਫਰ ਸ਼ੈਬਰਿਸ ਦੁਆਰਾ ਕੀਤਾ ਗਿਆ ਸੀ।

ਕੁਝ ਬੱਚਿਆਂ ਨੂੰ ਬਾਸਕਟਬਾਲ ਖੇਡ ਦਾ ਵੀਡੀਓ ਦਿਖਾਇਆ ਗਿਆ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਗੇਂਦ ਇੱਕ ਖਿਡਾਰੀ ਤੋਂ ਦੂਜੇ ਖਿਡਾਰੀ ਨੂੰ ਕਿੰਨੀ ਵਾਰ ਪਾਸ ਕੀਤੀ ਗਈ ਸੀ। ਖੇਡ ਦੇ ਵਿਚਕਾਰ, ਇੱਕ ਆਦਮੀ ਗੋਰਿਲਾ ਦੇ ਭੇਸ ਵਿੱਚ ਵਿਚਕਾਰੋਂ ਲੰਘਿਆ। ਪਰ ਬੱਚਿਆਂ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਦਾ ਧਿਆਨ ਗੇਂਦ ਨੂੰ ਪਾਸ ਕਰਨ 'ਤੇ ਕੇਂਦ੍ਰਿਤ ਸੀ।

ਦਰਅਸਲ, 1960 ਵਿੱਚ ਪਹਿਲਾਂ ਵੀ ਅਜਿਹਾ ਹੀ ਇੱਕ ਪ੍ਰਯੋਗ ਕੀਤਾ ਗਿਆ ਸੀ। 1960 ਵਿੱਚ, ਉਲਰਿਚ ਨੀਸਰ ਨਾਮ ਦੇ ਇੱਕ ਮਨੋਵਿਗਿਆਨੀ ਨੇ ਬੋਧਾਤਮਕ ਮਨੋਵਿਗਿਆਨ, ਧਾਰਨਾ ਅਤੇ ਯਾਦਦਾਸ਼ਤ 'ਤੇ "ਚੋਣਵੇਂ ਨਿਰੀਖਣ" ਨਾਮ ਦਾ ਇੱਕ ਪ੍ਰਯੋਗ ਕੀਤਾ।

ਉਲਰਿਚ ਨੀਸਰ ਨੇ ਕੁਝ ਵਿਦਿਆਰਥੀਆਂ ਨੂੰ ਦੋ ਟੀਮਾਂ ਨੂੰ ਵੱਖ-ਵੱਖ ਬਾਲ ਪਾਸ ਕਰਨ ਦਾ ਵੀਡੀਓ ਦਿਖਾਇਆ। ਪਰ ਉਨ੍ਹਾਂ ਨੂੰ ਸਿਰਫ਼ ਇੱਕ ਟੀਮ ਦੇ ਬਾਲ ਪਾਸ ਗਿਣਨ ਲਈ ਕਿਹਾ ਗਿਆ ਸੀ। ਨਾਲ ਹੀ, ਵੀਡੀਓ ਵਿੱਚ ਇੱਕ ਆਦਮੀ ਨੂੰ ਇੱਕ ਖੇਤ ਵਿੱਚ ਤੁਰਦੇ ਹੋਏ ਦਿਖਾਇਆ ਗਿਆ। ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ।

2025 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਜੌਨਸ ਹੌਪਕਿੰਸ ਯੂਨੀਵਰਸਿਟੀ ਵਿੱਚ ਨੌਰਟਕਰ ਦੀ ਟੀਮ ਦੁਆਰਾ ਕੀਤੇ ਗਏ ਇੱਕ ਅਧਿਐਨ ਨੇ ਇੱਕ ਦਿਲਚਸਪ ਖੋਜ ਦਾ ਖੁਲਾਸਾ ਕੀਤਾ।

ਇੱਥੋਂ ਤੱਕ ਕਿ ਜਿਨ੍ਹਾਂ ਲੋਕਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੋਈ ਦ੍ਰਿਸ਼ "ਨਹੀਂ ਦੇਖਿਆ", ਉਹ ਵੀ ਜਦੋਂ ਇਸ ਨੂੰ ਦੁਬਾਰਾ ਦਿਖਾਇਆ ਗਿਆ ਤਾਂ ਕੁਝ ਵੇਰਵਿਆਂ ਨੂੰ ਪਛਾਣਨ ਦੇ ਯੋਗ ਸਨ, ਜਿਵੇਂ ਕਿ ਇਸ ਦਾ ਰੰਗ ਅਤੇ ਆਕਾਰ।

ਯਾਨਿ, ਉਹ ਇਸ ਨੂੰ ਪੂਰੀ ਤਰ੍ਹਾਂ ਨਹੀਂ ਭੁੱਲੇ। ਅੱਖਾਂ ਨਾਲ ਦੇਖੀ ਗਈ ਜਾਣਕਾਰੀ ਕੁਝ ਹੱਦ ਤੱਕ ਦਿਮਾਗ਼ ਵਿੱਚ ਰਹੀ, ਪਰ ਇਸ ਨੂੰ ਸਪੱਸ਼ਟ ਤੌਰ 'ਤੇ ਸਮਝਿਆ ਨਹੀਂ ਗਿਆ।

ਨਿਊਰੋਲੋਜਿਸਟ ਅੱਪਾਜੀ ਰਾਏ ਕਹਿੰਦੇ ਹਨ, "ਇਨਟੈਂਸ਼ਨਲ ਬਲਾਈਂਡਨੈੱਸ ਨਾ ਸਿਰਫ਼ ਦ੍ਰਿਸ਼ਟੀ ਦੀ ਪੂਰੀ ਘਾਟ ਹੈ, ਸਗੋਂ ਕਈ ਵਾਰ ਜੋ ਦੇਖਿਆ ਜਾਂਦਾ ਹੈ ਉਸ ਨੂੰ ਕਹਿਣ ਵਿੱਚ ਵੀ ਝਿਜਕ ਹੁੰਦੀ ਹੈ।"

ਇਨਟੈਂਸ਼ਨਲ ਬਲਾਈਂਡਨੈੱਸ

ਤਸਵੀਰ ਸਰੋਤ, Getty Images

ਕੀ ਸਾਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ?

ਡਾ. ਰਾਜੇਸ਼ ਨੇ ਬੀਬੀਸੀ ਨੂੰ ਦੱਸਿਆ, "ਭਾਵੇਂ ਇਹ ਗੰਭੀਰ ਨਹੀਂ ਹੈ, ਪਰ ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ। ਕਿਉਂਕਿ ਇਹ ਇੱਕ ਦ੍ਰਿਸ਼ਟੀਗਤ ਭਰਮ ਹੈ। ਸਾਨੂੰ ਇਹ ਵੀ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਇਸ ਨੂੰ ਨਹੀਂ ਦੇਖਿਆ।"

"ਇਸ ਦਾ ਮਤਲਬ ਹੈ ਕਿ ਸਾਨੂੰ ਆਪਣੀ ਗ਼ਲਤੀ ਦਾ ਅਹਿਸਾਸ ਨਹੀਂ ਹੁੰਦਾ। ਇਸ ਨਾਲ ਦੁਰਘਟਨਾਵਾਂ ਅਤੇ ਸਮੱਸਿਆਵਾਂ ਹੋ ਸਕਦੀਆਂ ਹਨ।"

ਡਾ. ਅੱਪਾਜੀ ਰਾਏ ਸੁਝਾਅ ਦਿੰਦੇ ਹਨ, "ਇਨਟੈਂਸ਼ਨਲ ਬਲਾਈਂਡਨੈੱਸ ਨੂੰ ਜੀਵਨ ਦੀ ਇੱਕ ਸਮੱਸਿਆ ਮੰਨਿਆ ਜਾਣਾ ਚਾਹੀਦਾ ਹੈ। ਇਸ ਨੂੰ ਗੰਭੀਰਤਾ ਨਾਲ ਲੈਣਾ ਚੰਗਾ ਹੈ।"

"ਜੇਕਰ ਸਾਡੇ ਦਿਮਾਗ਼ ਨੂੰ ਇੱਕੋ ਸਮੇਂ ਦੋ ਕੰਮ ਕਰਨੇ ਪੈਂਦੇ ਹਨ, ਤਾਂ ਇਹ ਇੱਕ ਸਮੇਂ ਵਿੱਚ ਸਿਰਫ਼ ਇੱਕ ਚੀਜ਼ 'ਤੇ ਧਿਆਨ ਕੇਂਦਰਿਤ ਕਰ ਸਕਦਾ ਹੈ। ਇਸ ਲਈ, ਜਾਗਰੂਕਤਾ ਵਧਾਉਣ ਨਾਲ ਸਾਡੇ ਰੋਜ਼ਾਨਾ ਦੇ ਕੰਮਾਂ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਘੱਟ ਕੀਤਾ ਜਾ ਸਕਦਾ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)