ਪੀਰੀਅਡਜ਼ ਤੋਂ ਪਹਿਲਾਂ ਔਰਤਾਂ ਨੂੰ ਮਿੱਠਾ ਜਾਂ ਚਟਪਟਾ ਖਾਣ ਦੀ ਇੱਛਾ ਕਿਉਂ ਹੁੰਦੀ ਹੈ?

ਤਸਵੀਰ ਸਰੋਤ, Getty Images
- ਲੇਖਕ, ਭਾਗਿਆਸ਼੍ਰੀ ਰਾਊਤ
- ਰੋਲ, ਬੀਬੀਸੀ ਪੱਤਰਕਾਰ
"ਜਿਵੇਂ-ਜਿਵੇਂ ਮਾਹਵਾਰੀ ਨੇੜੇ ਆਉਂਦੀ ਹੈ, ਮੈਨੂੰ ਜ਼ਿਆਦਾ ਮਿੱਠੇ ਅਤੇ ਕਾਰਬੋਹਾਈਡ੍ਰੇਟ ਵਾਲੇ ਭੋਜਨ ਖਾਣ ਦੀ ਇੱਛਾ ਹੁੰਦੀ ਹੈ ਜਿਵੇਂ ਕਿ ਹਲਵਾ, ਚੀਜ਼ ਪਾਸਤਾ, ਚੀਜ਼ ਸੈਂਡਵਿਚ, ਹੌਟ ਚਾਕਲੇਟ ਬ੍ਰਾਊਨੀ, ਚਿਪਸ ਆਦਿ। ਮੈਨੂੰ ਇਹ ਸਭ ਖਾਣਾ ਹੀ ਪੈਂਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਮੇਰਾ ਇਨ੍ਹਾਂ ਚੀਜ਼ਾਂ ਨੂੰ ਖਾਣ 'ਤੇ ਕੋਈ ਕੰਟ੍ਰੋਲ ਨਹੀਂ ਰਹਿੰਦਾ।"
ਆਪਣੀ ਮਾਹਵਾਰੀ ਤੋਂ ਲਗਭਗ ਅੱਠ ਦਿਨ ਪਹਿਲਾਂ, ਪ੍ਰਗਤੀ (ਬਦਲਿਆ ਹੋਇਆ ਨਾਮ) ਨੂੰ ਆਪਣੇ ਆਪ 'ਚ ਕੁਝ ਖਾਸ ਲੱਛਣ ਨਜ਼ਰ ਆਉਣ ਲੱਗਦੇ ਹਨ।
ਇਸੇ ਸਮੇਂ ਉਨ੍ਹਾਂ ਦੇ ਮਨ 'ਚ ਆਉਣੇ ਸ਼ੁਰੂ ਹੋਏ, "ਕੀ ਮੇਰੇ ਨਾਲ ਕੁਝ ਗ਼ਲਤ ਹੈ? ਕੀ ਇਹ ਕੋਈ ਬਿਮਾਰੀ ਹੋ ਸਕਦੀ ਹੈ?"
ਹਰ ਮਹੀਨੇ ਲਗਭਗ ਉਸੇ ਸਮੇਂ ਉਨ੍ਹਾਂ ਨੂੰ ਕਾਰਬੋਹਾਈਡ੍ਰੇਟ ਅਤੇ ਰਿਫਾਇੰਡ ਸ਼ੂਗਰ ਵਾਲੇ ਖਾਣੇ ਖਾਣ ਦੀ ਤੀਬਰ ਇੱਛਾ ਹੁੰਦੀ ਹੈ, ਉਹੀ ਚੀਜ਼ਾਂ ਜਿਨ੍ਹਾਂ ਤੋਂ ਉਹ ਆਮ ਤੌਰ 'ਤੇ ਪਰਹੇਜ਼ ਕਰਦੇ ਹਨ।
ਉਹ ਕਹਿੰਦੇ ਹਨ ਕਿ ਮੈਂ ਸੋਚਦੀ ਹਾਂ, "ਮੈਂ ਅਚਾਨਕ ਸਿਰਫ਼ ਇਹੀ ਚੀਜ਼ਾਂ ਕਿਉਂ ਖਾਣਾ ਚਾਹੁੰਦੀ ਹਾਂ?"
ਹਾਲਾਂਕਿ, ਪ੍ਰਗਤੀ ਇਕਲੌਤੀ ਨਹੀਂ ਹਨ ਜੋ ਮਾਹਵਾਰੀ ਤੋਂ ਪਹਿਲਾਂ ਅਜਿਹੇ ਭੋਜਨ ਖਾਣਾ ਚਾਹੁੰਦੇ ਹਨ। ਸਾਡੇ ਵਿੱਚੋਂ ਬਹੁਤ ਸਾਰੀਆਂ ਔਰਤਾਂ ਵਿੱਚ ਅਜਿਹੇ ਲੱਛਣ ਹੁੰਦੇ ਹਨ, ਜਿਨ੍ਹਾਂ ਨੂੰ ਪੀਰੀਅਡ ਕਰੇਵਿੰਗ ਕਿਹਾ ਜਾਂਦਾ ਹੈ।
ਜਿਵੇਂ ਕਿ ਪ੍ਰਗਤੀ ਕਹਿੰਦੇ ਹਨ, "ਮੈਨੂੰ ਪੀਰੀਅਡ ਦੀ ਤਰੀਕ ਨੂੰ ਯਾਦ ਰੱਖਣ ਜਾਂ ਚੈੱਕ ਕਰਨ ਦੀ ਜ਼ਰੂਰਤ ਨਹੀਂ ਹੈ। ਇੱਕ ਵਾਰ ਜਦੋਂ ਇਹ ਟੈਂਪਟੇਸ਼ਨਜ਼ ਸ਼ੁਰੂ ਹੋ ਜਾਂਦੀਆਂ ਹਨ ਤਾਂ ਪਤਾ ਲੱਗ ਹੀ ਜਾਂਦਾ ਹੈ ਕਿ ਪੀਰੀਅਡ ਕਦੇਂ ਵੀ ਆ ਸਕਦੇ ਹਨ।"
ਪਰ ਇਹ ਪੀਰੀਅਡ ਕਰੇਵਿੰਗਜ਼ ਅਸਲ ਵਿੱਚ ਕੀ ਹਨ? ਤੁਸੀਂ ਅਜਿਹੇ ਭੋਜਨ ਕਿਉਂ ਖਾਣਾ ਚਾਹੁੰਦੇ ਹੋ? ਕੀ ਕਾਰਬੋਹਾਈਡ੍ਰੇਟ ਨਾਲ ਭਰਪੂਰ ਅਤੇ ਰਿਫਾਇੰਡ ਸ਼ੂਗਰ ਦੀ ਮਾਤਰਾ ਵਾਲੇ ਭੋਜਨ ਖਾਣਾ ਠੀਕ ਹੈ? ਕੀ ਇਸਦਾ ਸਰੀਰ 'ਤੇ ਕੋਈ ਮਾੜਾ ਪ੍ਰਭਾਵ ਪੈਂਦਾ ਹੈ? ਆਓ ਜਾਣਦੇ ਹਾਂ...

ਤਸਵੀਰ ਸਰੋਤ, Getty Images
ਪੀਰੀਅਡ ਜਾਂ ਪੀਰੀਅਡ ਕਰੇਵਿੰਗਜ਼ ਅਸਲ ਵਿੱਚ ਕੀ ਹਨ?
ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੀਮੈਂਸਟਰੂਅਲ ਸਿੰਡਰੋਮ (ਪੀਐੱਮਐੱਸ) ਮਾਹਵਾਰੀ ਤੋਂ ਪਹਿਲਾਂ ਚਿੜਚਿੜੇਪਨ, ਮੂਡ ਸਵਿੰਗ, ਅਤੇ ਭੋਜਨ ਦੀ ਲਾਲਸਾ ਦੇ ਲੱਛਣਾਂ ਵਿੱਚੋਂ ਇੱਕ ਹੈ, ਜਿਸ ਨੂੰ ਪੀਰੀਅਡ ਕਰੇਵਿੰਗਜ਼ ਵੀ ਕਿਹਾ ਜਾਂਦਾ ਹੈ। ਮਾਹਵਾਰੀ ਸ਼ੁਰੂ ਹੋਣ ਤੋਂ ਲਗਭਗ ਅੱਠ ਦਿਨ ਪਹਿਲਾਂ, ਕਾਰਬੋਹਾਈਡ੍ਰੇਟ ਵਾਲੇ ਭੋਜਨ ਖਾਣ ਦੀ ਤੀਬਰ ਇੱਛਾ ਹੁੰਦੀ ਹੈ, ਨਾਲ ਹੀ ਮਿੱਠੇ ਜਾਂ ਨਮਕੀਨ ਸਨੈਕਸ ਖਾਣ ਦੀ ਵੀ।
ਇਹ ਉਹ ਸਮਾਂ ਵੀ ਹੁੰਦਾ ਹੈ ਜਦੋਂ ਪੀਐੱਮਐੱਸ ਦੇ ਹੋਰ ਲੱਛਣ ਵੀ ਦਿਖਾਈ ਦੇਣ ਲੱਗ ਪੈਂਦੇ ਹਨ ਜਿਵੇਂ ਕਿ ਚਿਹਰੇ 'ਤੇ ਮੁਹਾਸੇ, ਸਿਰ ਦਰਦ ਅਤੇ ਕੁਝ ਮਾਮਲਿਆਂ ਵਿੱਚ ਸਰੀਰ 'ਚ ਫੁਲਾਵਟ ਮਹਿਸੂਸ ਹੋਣਾ ਜਾਂ ਸਰੀਰ ਵਿੱਚ ਭਾਰੀਪਣ ਲੱਗਣਾ।
ਅਜਿਹੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਲਾਲਸਾ ਕਿਉਂ ਹੁੰਦੀ ਹੈ?
ਕਾਰਬੋਹਾਈਡ੍ਰੇਟ ਨਾਲ ਭਰਪੂਰ ਮਿੱਠੇ ਭੋਜਨ ਖਾਣ ਦੀ ਇੱਛਾ ਦੇ ਵਿਗਿਆਨਕ ਕਾਰਨ ਹਨ।
ਖੋਜ ਦਰਸਾਉਂਦੀ ਹੈ ਕਿ ਮਾਹਵਾਰੀ ਤੋਂ ਪਹਿਲਾਂ ਕਾਰਬੋਹਾਈਡ੍ਰੇਟ, ਖੰਡ ਅਤੇ ਲੂਣ ਨਾਲ ਭਰਪੂਰ ਭੋਜਨ ਖਾਣ ਦੀ ਤੀਬਰ ਇੱਛਾ ਮੁੱਖ ਤੌਰ 'ਤੇ ਸਰੀਰ ਵਿੱਚ ਹਾਰਮੋਨਲ ਤਬਦੀਲੀਆਂ ਕਾਰਨ ਹੁੰਦੀ ਹੈ।
ਨਾਗਪੁਰ ਸਥਿਤ ਇੱਕ ਗਾਇਨੀਕੋਲੋਜਿਸਟ ਡਾਕਟਰ ਸੁਸ਼ਮਾ ਦੇਸ਼ਮੁਖ ਕਹਿੰਦੇ ਹਨ, "ਸਾਡਾ ਮਾਹਵਾਰੀ ਚੱਕਰ ਪੂਰੀ ਤਰ੍ਹਾਂ ਹਾਰਮੋਨਸ ਦੁਆਰਾ ਨਿਯੰਤ੍ਰਿਤ ਹੁੰਦਾ ਹੈ। ਚੱਕਰ ਦੇ ਪਹਿਲੇ ਅੱਧ ਵਿੱਚ, ਐਸਟ੍ਰੋਜਨ ਦਾ ਪੱਧਰ ਵਧਦਾ ਹੈ ਅਤੇ ਓਵੂਲੇਸ਼ਨ ਤੋਂ ਬਾਅਦ ਚੱਕਰ ਦੇ ਦੂਜੇ ਅੱਧ ਵਿੱਚ ਪ੍ਰੋਜੇਸਟ੍ਰੋਨ ਵਧਦਾ ਹੈ। ਇਹੀ ਹਾਰਮੋਨਲ ਤਬਦੀਲੀ ਪੀਐੱਮਐੱਸ ਦੇ ਲੱਛਣਾਂ ਵੱਲ ਲੈ ਕੇ ਜਾਂਦੀ ਹੈ।"
ਇਨ੍ਹਾਂ ਲੱਛਣਾਂ ਵਿੱਚੋਂ ਇੱਕ ਸਭ ਤੋਂ ਆਮ ਹੈ ਲੱਛਣ ਹੈ ਖੰਡ, ਲੂਣ ਜਾਂ ਕਾਰਬੋਹਾਈਡ੍ਰੇਟ ਵਾਲੇ ਭੋਜਨ ਖਾਣ ਦੀ ਅਚਾਨਕ ਇੱਛਾ ਹੋਣਾ।
ਡਾਕਟਰ ਦੇਸ਼ਮੁਖ ਦੇ ਅਨੁਸਾਰ, ਇਹ ਸਿਰਫ਼ ਸੁਆਦ ਬਾਰੇ ਨਹੀਂ ਹੈ, ਇਹ ਸਰੀਰ ਵਲੋਂ ਆਪਣੇ ਆਪ ਨੂੰ ਨਿਯੰਤ੍ਰਿਤ ਕਰਨ ਅਤੇ ਭਾਵਨਾਤਮਕ ਤੇ ਸਰੀਰਕ ਤੌਰ 'ਤੇ ਸੰਵੇਦਨਸ਼ੀਲ ਸਮੇਂ ਦੌਰਾਨ ਆਰਾਮ ਲੱਭਣ ਦੀ ਕੋਸ਼ਿਸ਼ ਕਰਨ ਦਾ ਇੱਕ ਤਰੀਕਾ ਹੈ।
ਉਹ ਕਹਿੰਦੇ ਹਨ, "ਇਸ ਸਮੇਂ ਦੌਰਾਨ ਔਰਤਾਂ ਅਕਸਰ ਚਿੰਤਤ, ਬੇਚੈਨ ਜਾਂ ਚਿੜਚਿੜਾ ਮਹਿਸੂਸ ਕਰਦੀਆਂ ਹਨ। ਕੁਝ ਕਿਸਮ ਦੇ ਭੋਜਨ ਖਾਸ ਕਰਕੇ ਮਿੱਠੇ ਜਾਂ ਕਾਰਬੋਹਾਈਡ੍ਰੇਟ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਉਨ੍ਹਾਂ ਨੂੰ ਰਾਹਤ ਜਾਂ ਸ਼ਾਂਤੀ ਦੀ ਭਾਵਨਾ ਮਿਲ ਸਕਦੀ ਹੈ, ਫਿਰ ਭਾਵੇਂ ਇਹ ਅਸਥਾਈ ਤੌਰ 'ਤੇ ਹੀ ਕਿਉਂ ਨਾ ਹੋਵੇ।"
"ਇਸ ਸਮੇਂ ਦੌਰਾਨ, ਕੁਝ ਔਰਤਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਭਾਰ ਕਿੱਲੋ ਕੁ ਵਧ ਗਿਆ ਹੈ, ਪਰ ਇੱਕ ਵਾਰ ਜਦੋਂ ਉਨ੍ਹਾਂ ਨੂੰ ਪੀਰੀਅਡ ਆ ਜਾਂਦੇ ਹਨ ਤਾਂ ਸਭ ਕੁਝ ਪਹਿਲਾਂ ਵਾਂਗ ਠੀਕ ਮਹਿਸੂਸ ਹੋਣ ਲੱਗ ਪੈਂਦਾ ਹੈ।"
ਨਾਗਪੁਰ ਸਰਕਾਰੀ ਮੈਡੀਕਲ ਕਾਲਜ ਦੇ ਗਾਇਨੀਕੋਲੋਜਿਸਟ ਅਤੇ ਪ੍ਰੋਫੈਸਰ ਅਨਿਲ ਹੁਮਨ ਹਾਰਮੋਨਸ ਬਾਰੇ ਵਿਸਥਾਰ ਵਿੱਚ ਦੱਸਦੇ ਹਨ।
ਉਹ ਕਹਿੰਦੇ ਹਨ, "ਪੀਰੀਅਡ ਤੋਂ ਪਹਿਲਾਂ ਹਾਰਮੋਨ ਪ੍ਰੋਜੇਸਟ੍ਰੋਨ ਵਧਦਾ ਹੈ। ਇਹ ਸੇਰੋਟੋਨਿਨ ਹਾਰਮੋਨ ਦੇ ਪੱਧਰ ਨੂੰ ਘਟਾਉਂਦਾ ਹੈ, ਜੋ ਤੁਹਾਨੂੰ ਅਨੰਦ ਦਿੰਦਾ ਹੈ। ਨਤੀਜੇ ਵਜੋਂ ਤੁਹਾਡੇ ਸਰੀਰ ਵਿੱਚ ਸ਼ੂਗਰ ਦਾ ਪੱਧਰ ਘਟ ਜਾਪਦਾ ਹੈ। ਇਸ ਲਈ ਕਾਰਬੋਹਾਈਡ੍ਰੇਟ ਵਾਲੇ ਭੋਜਨ ਖਾਣ ਦੀ ਇੱਛਾ ਵਧੇਰੇ ਤੀਬਰ ਹੋ ਜਾਂਦੀ ਹੈ।"

ਤਸਵੀਰ ਸਰੋਤ, Getty Images
ਕੀ ਪੀਰੀਅਡਜ਼ ਤੋਂ ਪਹਿਲਾਂ ਅਜਿਹੇ ਭੋਜਨ ਖਾਣੇ ਚਾਹੀਦੇ ਹਨ?
ਸਿਹਤਮੰਦ ਭਾਰ ਬਣਾਈ ਰੱਖਣ ਲਈ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸੁਚੇਤ ਤੌਰ 'ਤੇ ਉਨ੍ਹਾਂ ਭੋਜਨਾਂ ਤੋਂ ਪਰਹੇਜ਼ ਕਰਦੇ ਹਨ ਜਿਨ੍ਹਾਂ ਵਿੱਚ ਖੰਡ ਅਤੇ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਹਾਲਾਂਕਿ, ਪੀਰੀਅਡਜ਼ ਤੋਂ ਪਹਿਲਾਂ ਦੇ ਦਿਨਾਂ ਵਿੱਚ ਮਿਠਾਈਆਂ, ਲੂਣ ਸਨੈਕਸ ਅਤੇ ਕਾਰਬੋਹਾਈਡ੍ਰੇਟ ਵਾਲੇ ਭੋਜਨਾਂ ਲਈ ਤੀਬਰ ਲਾਲਸਾ ਦਾ ਅਨੁਭਵ ਕਰਨਾ ਆਮ ਗੱਲ ਹੈ।
ਹਾਲਾਂਕਿ ਇਨ੍ਹਾਂ ਲਾਲਸਾਵਾਂ ਨੂੰ ਮੰਨਣ ਨਾਲ ਅਸਥਾਈ ਰਾਹਤ ਮਿਲ ਸਕਦੀ ਹੈ, ਪਰ ਇਸਦੇ ਨਾਲ ਹੀ ਖਾਣ ਵਾਲੇ ਦੇ ਮਨ 'ਚ ਇੱਕ ਅਜਿਹੀ ਭਾਵਨਾ ਵੀ ਪੈਦਾ ਹੋ ਸਕਦੀ ਹੈ ਕਿ ਉਹ ਸਿਹਤਮੰਦ ਢੰਗ ਨਾਲ ਨਹੀਂ ਖਾ ਰਹੇ। ਬਹੁਤ ਸਾਰੀਆਂ ਔਰਤਾਂ ਚਿੰਤਾ ਕਰਨ ਲੱਗਦੀਆਂ ਹਨ "ਕੀ ਇਸ ਨਾਲ ਭਾਰ ਵਧੇਗਾ? ਕੀ ਇਹ ਮੇਰੀ ਸਿਹਤ 'ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ?"
ਇਸ ਸਮੇਂ ਦੌਰਾਨ ਅਜਿਹੇ ਭੋਜਨ ਦੀ ਇੱਛਾ ਹੋਣਾ ਬਹੁਤ ਆਮ ਗੱਲ ਹੈ, ਇਹ ਕੋਈ ਬਿਮਾਰੀ ਨਹੀਂ ਹੈ। ਇਸ ਸਮੇਂ ਦੌਰਾਨ ਆਰਾਮ ਕਰਨ ਵੇਲੇ ਮੈਟਾਬੋਲਿਜ਼ਮ ਦਰ ਵਧਣ ਕਾਰਨ ਸਾਨੂੰ ਵਧੇਰੇ ਭੋਜਨ ਦੀ ਲੋੜ ਹੁੰਦੀ ਹੈ।
ਕੁਝ ਖੋਜਾਂ ਇਹ ਵੀ ਸੁਝਾਅ ਦਿੰਦੀਆਂ ਹਨ ਕਿ ਇਸ ਸਮੇਂ ਇੱਕ ਦਿਨ ਵਿੱਚ 100 ਤੋਂ 300 ਕੈਲੋਰੀ ਦਾ ਸੇਵਨ ਕਰਨਾ ਸੰਭਵ ਹੈ।
ਜਦੋਂ ਗੱਲ ਆਉਂਦੀ ਹੈ ਭੁੱਖ ਦੀ, ਤਾਂ ਸਾਨੂੰ ਸਰੀਰ ਦੀ ਗੱਲ ਸੁਣਨੀ ਚਾਹੀਦੀ ਹੈ। ਕਿਉਂਕਿ ਇਸ ਸਮੇਂ ਦੌਰਾਨ ਤੁਹਾਡੇ ਸਰੀਰ ਨੂੰ ਵਧੇਰੇ ਕੈਲੋਰੀਆਂ ਦੀ ਲੋੜ ਹੋ ਸਕਦੀ ਹੈ।

ਡਾਕਟਰ ਹੁਮਨ ਕਹਿੰਦੇ ਹਨ, "ਪੀਰੀਅਡਜ਼ ਤੋਂ ਪਹਿਲਾਂ ਇਸ ਤਰ੍ਹਾਂ ਦੇ ਭੋਜਨ ਦੀ ਇੱਛਾ ਹੋਣਾ ਬਿਲਕੁਲ ਕੁਦਰਤੀ ਹੈ। ਤੁਹਾਨੂੰ ਦੋਸ਼ੀ ਮਹਿਸੂਸ ਨਹੀਂ ਕਰਨਾ ਚਾਹੀਦਾ ਜਾਂ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਇਨ੍ਹਾਂ ਨੂੰ ਖਾਣ ਨਾਲ ਤੁਹਾਡੇ ਸਰੀਰ ਨੂੰ ਨੁਕਸਾਨ ਹੋਵੇਗਾ।"
"ਇਸ ਸਮੇਂ ਦੌਰਾਨ ਤੁਹਾਡੇ ਸਰੀਰ ਨੂੰ ਤੁਰੰਤ ਗਲੂਕੋਜ਼ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਦੇਣਾ ਮਹੱਤਵਪੂਰਨ ਵੀ ਹੈ। ਪਰ ਬੇਸ਼ੱਕ, ਹਰ ਚੀਜ਼ ਸੰਜਮ ਵਿੱਚ ਖਾਣੀ ਚਾਹੀਦੀ ਹੈ। ਜੇਕਰ ਤੁਸੀਂ ਇਸਨੂੰ ਜ਼ਿਆਦਾ ਖਾਂਦੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਸਕਦਾ ਹੈ। ਨਾਲ ਹੀ ਜਿਨ੍ਹਾਂ ਔਰਤਾਂ ਨੂੰ ਸ਼ੂਗਰ ਰੋਗ ਹੈ, ਉਨ੍ਹਾਂ ਨੂੰ ਇਨ੍ਹਾਂ ਭੋਜਨਾਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ।"
ਹਾਲਾਂਕਿ, ਡਾਕਟਰ ਸੁਸ਼ਮਾ ਦੇਸ਼ਮੁਖ ਸਲਾਹ ਦਿੰਦੇ ਹਨ ਕਿ ਸਿਰਫ਼ ਇਸ ਲਈ ਕਿਉਂਕਿ ਸਰੀਰ ਕਿਸੇ ਮਿੱਠੀ ਚੀਜ਼ ਦੀ ਇੱਛਾ ਰੱਖਦਾ ਹੈ, ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਘਰ ਵਿੱਚ ਮਿਲਣ ਵਾਲੀ ਕੋਈ ਵੀ ਮਿੱਠੀ ਖਾ ਲੈਣੀ ਚਾਹੀਦੀ ਹੈ।
ਉਹ ਦੱਸਦੇ ਹਨ, "ਮਠਾਈਆਂ ਖਾਣ ਨਾਲ ਸਿਰਫ਼ ਅਸਥਾਈ ਰਾਹਤ ਮਿਲਦੀ ਹੈ। ਇਹ ਥੋੜ੍ਹੇ ਸਮੇਂ ਦੇ ਹੱਲ ਹਨ। ਪਰ ਸਾਨੂੰ ਅਜਿਹੀਆਂ ਤੀਬਰ ਇਛਾਵਾਂ ਨੂੰ ਕੰਟ੍ਰੋਲ ਕਰਨ ਲਈ ਸਥਾਈ ਹੱਲ ਲੱਭਣ ਦੀ ਲੋੜ ਹੈ।"
"ਪੀਰੀਅਡਜ਼ ਤੋਂ ਪਹਿਲਾਂ ਬਹੁਤ ਕਮਜ਼ੋਰ ਜਾਂ ਬੇਆਰਾਮੀ ਮਹਿਸੂਸ ਨਾ ਹੋਵੇ, ਇਸ ਦੇ ਲਈ ਤੁਹਾਡੀ ਇੱਕ ਸਿਹਤਮੰਦ ਜੀਵਨ ਸ਼ੈਲੀ ਹੋਣਾ ਜ਼ਰੂਰੀ ਹੈ। ਸੰਤੁਲਿਤ ਜੀਵਨ ਸ਼ੈਲੀ ਬਣਾਈ ਰੱਖਣ ਵਾਲੀਆਂ ਔਰਤਾਂ ਆਮ ਤੌਰ 'ਤੇ ਇਨ੍ਹਾਂ ਲੱਛਣਾਂ ਦਾ ਅਨੁਭਵ ਨਹੀਂ ਕਰਦੀਆਂ।"
"ਸਾਨੂੰ ਰੋਜ਼ਾਨਾ ਧਿਆਨ (ਮੈਡੀਟੇਸ਼ਨ) ਅਤੇ ਕਸਰਤ ਕਰਨੀ ਚਾਹੀਦੀ ਹੈ ਅਤੇ ਆਪਣੀ ਖੁਰਾਕ ਨੂੰ ਸੰਤੁਲਿਤ ਰੱਖਣਾ ਚਾਹੀਦਾ ਹੈ। ਜੋ ਔਰਤਾਂ ਅਜਿਹਾ ਕਰਦੀਆਂ ਹਨ ਉਨ੍ਹਾਂ ਨੂੰ ਆਮ ਤੌਰ 'ਤੇ ਆਪਣੇ ਮਾਹਵਾਰੀ ਚੱਕਰ ਦੌਰਾਨ ਸਰੀਰਕ ਜਾਂ ਮਾਨਸਿਕ ਬੇਅਰਾਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।"

ਤਸਵੀਰ ਸਰੋਤ, Getty Images
ਕਿਸੇ ਚੀਜ਼ ਦੀ ਇੱਛਾ ਨੂੰ ਕੰਟ੍ਰੋਲ ਕਰਨ ਦਾ ਕੀ ਤਰੀਕਾ ਹੈ?
ਜੋ ਔਰਤਾਂ ਸੰਤੁਲਿਤ ਖੁਰਾਕ ਲੈਂਦੀਆਂ ਹਨ, ਉਨ੍ਹਾਂ ਨੂੰ ਅਜਿਹੀਆਂ ਇਛਾਵਾਂ ਦਾ ਬਹੁਤ ਘੱਟ ਦਾ ਅਨੁਭਵ ਹੁੰਦਾ ਹੈ।
ਪਰ ਜਿਨ੍ਹਾਂ ਨੂੰ ਮਾਹਵਾਰੀ ਤੋਂ ਪਹਿਲਾਂ ਕੁਝ ਖ਼ਾਸ ਭੋਜਨਾਂ ਲਈ ਤੀਬਰ ਇੱਛਾ ਹੁੰਦੀ ਹੈ ਅਤੇ ਉਹ ਤੁਰੰਤ ਗਲੂਕੋਜ਼ ਦੀ ਆਪਣੇ ਸਰੀਰ ਦੀ ਜ਼ਰੂਰਤ ਨੂੰ ਪੂਰਾ ਕਰਦੇ ਹੋਏ ਇਨ੍ਹਾਂ ਇੱਛਾਵਾਂ ਨੂੰ ਕੰਟਰੋਲ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਲਈ ਕਿਹੜੇ ਤਰੀਕੇ ਮਦਦਗਾਰ ਹੋ ਸਕਦੇ ਹਨ?
ਜੇਕਰ ਤੁਹਾਡਾ ਸਰੀਰ ਤੁਰੰਤ ਗਲੂਕੋਜ਼ ਦੀ ਮੰਗ ਕਰ ਰਿਹਾ ਹੈ, ਤਾਂ ਪ੍ਰੋਸੈਸਡ ਸ਼ੂਗਰ ਜਾਂ ਪੈਕ ਕੀਤੇ ਸਨੈਕਸ ਖਾਣ ਤੋਂ ਬਚੋ। ਇਨ੍ਹਾਂ ਦੀ ਬਜਾਏ ਕੁਦਰਤੀ, ਪੌਸ਼ਟਿਕ ਭੋਜਨ ਖਾਓ ਜੋ ਤੁਹਾਡੀ ਸਿਹਤ ਲਈ ਚੰਗੇ ਹੁੰਦੇ ਹਨ ਅਤੇ ਊਰਜਾ ਵੀ ਪ੍ਰਦਾਨ ਕਰਦੇ ਹਨ। ਡਾਕਟਰ ਦੇਸ਼ਮੁਖ ਕਈ ਸਿਹਤਮੰਦ ਬਦਲੇ ਸੁਝਾਉਂਦੇ ਹਨ।
ਜੇਕਰ ਤੁਸੀਂ ਕੋਈ ਮਿੱਠੀ ਚੀਜ਼ ਖਾਣ ਦੇ ਮੂਡ ਵਿੱਚ ਹੋ ਤਾਂ ਪੌਸ਼ਟਿਕ ਬਦਲ ਹੋ ਸਕਦੇ ਹਨ, ਸੁੱਕੇ ਮੇਵੇ, ਖਜੂਰ, ਗੁੜ, ਜਾਂ ਘਰੇਲੂ ਮੂੰਗਫਲੀ ਅਤੇ ਰਾਜਗੀਰਾ ਦੇ ਲੱਡੂ।
ਇਹ ਤੁਹਾਡੇ ਸਰੀਰ ਨੂੰ ਲਾਭਦਾਇਕ ਪੌਸ਼ਟਿਕ ਤੱਤ ਦਿੰਦੇ ਹੋਏ ਮਿੱਠੇ ਦੀ ਲਾਲਸਾ ਨੂੰ ਵੀ ਪੂਰਾ ਕਰਦੇ ਹਨ। ਮੁੱਖ ਗੱਲ ਇਹ ਹੈ ਕਿ ਘਰ 'ਚ ਬਣੇ ਸੁਆਦੀ ਖਾਣੇ ਚੁਣੋ ਜੋ ਸਰੀਰ ਲਈ ਵੀ ਚੰਗੇ ਹੁੰਦੇ ਹਨ।
ਕਾਰਬੋਹਾਈਡ੍ਰੇਟ ਨਾਲ ਭਰਪੂਰ ਭੋਜਨ ਗੱਲ ਕਰੀਏ ਤਾਂ ਪਾਲਕ ਜਾਂ ਮੇਥੀ ਪਰਾਂਠੇ, ਜਾਂ ਸਬਜ਼ੀਆਂ ਵਾਲੇ ਚੌਲ ਜਾਂ ਖਿਚੜੀ ਚੰਗੇ ਆਪਸ਼ਨ ਹਨ। ਇਹ ਨਾ ਸਿਰਫ਼ ਤੁਹਾਡੇ ਸਰੀਰ ਨੂੰ ਊਰਜਾ ਦਿੰਦੇ ਹਨ ਬਲਕਿ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਤੁਹਾਨੂੰ ਫਾਈਬਰ, ਵਿਟਾਮਿਨ ਅਤੇ ਖਣਿਜ ਵੀ ਪ੍ਰਾਪਤ ਹੋਣ।
ਡਾਕਟਰ ਦੇਸ਼ਮੁਖ ਕਹਿੰਦੇ ਹਨ, "ਪੀਰੀਅਡਜ਼ ਤੋਂ ਪਹਿਲਾਂ ਕਾਰਬੋਹਾਈਡ੍ਰੇਟ ਨਾਲ ਭਰਪੂਰ ਭੋਜਨ ਦਾ ਨਿਯਮਤ ਸੇਵਨ ਸਰੀਰ 'ਤੇ ਮਾੜਾ ਪ੍ਰਭਾਵ ਪਾ ਸਕਦਾ ਹੈ ਅਤੇ ਭਾਰ ਵਧਣ ਦਾ ਵੀ ਕਾਰਨ ਬਣ ਸਕਦਾ ਹੈ। ਇਸ ਲਈ ਔਰਤਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਸਮੇਂ ਦੌਰਾਨ ਹੌਲੀ-ਹੌਲੀ ਆਪਣੀਆਂ ਇੱਛਾਵਾਂ ਨੂੰ ਕੰਟ੍ਰੋਲ ਕਰਨ ਅਤੇ ਸੰਤੁਲਿਤ ਖੁਰਾਕ ਅਪਣਾਉਣ।"
"ਇਸ ਤਰ੍ਹਾਂ ਨਾਲ ਊਰਜਾ ਦੇ ਪੱਧਰਾਂ ਨੂੰ ਇਕਸਾਰ ਬਣਾਈ ਰੱਖਣ ਵਿੱਚ ਵੀ ਸਹਾਇਤਾ ਮਿਲਦੀ ਹੈ। ਹਾਲਾਂਕਿ, ਜੇਕਰ ਖਾਣ ਦੀਆਂ ਅਜਿਹੀਆਂ ਤੀਬਰ ਇਛਾਵਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਹਨ ਅਤੇ ਇਨ੍ਹਾਂ 'ਤੇ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ, ਤਾਂ ਬੇਸ਼ੱਕ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












