ਆਸਟ੍ਰੇਲੀਆਈ ਕੁੜੀ ਦੇ ਕਤਲ ਕੇਸ ਵਿੱਚ ਪੰਜਾਬੀ ਸ਼ਖ਼ਸ ਦੋਸ਼ੀ ਕਰਾਰ, ਕਈ ਸਾਲ ਲੁਕਿਆ ਰਿਹਾ ਸੀ ਭਾਰਤ ਵਿੱਚ

ਰਾਜਵਿੰਦਰ ਸਿੰਘ ਤੇ ਆਸਟ੍ਰੇਲੀਆਈ ਕੁੜੀ

ਤਸਵੀਰ ਸਰੋਤ, ANI/SUPPLIED

ਤਸਵੀਰ ਕੈਪਸ਼ਨ, ਟੋਯਾਹ ਕੋਰਡਿੰਗਲੇ ਨੂੰ ਅਕਤੂਬਰ 2018 ਵਿੱਚ ਕਤਲ ਕੀਤਾ ਗਿਆ ਸੀ
    • ਲੇਖਕ, ਟਿਫਨੀ ਟਰਨਬੁੱਲ
    • ਰੋਲ, ਸਿਡਨੀ

ਆਸਟ੍ਰੇਲੀਆ ਵਿੱਚ ਟੋਯਾਹ ਕੋਰਡਿੰਗਲੇ ਦੇ ਹਾਈ-ਪ੍ਰੋਫਾਈਲ ਕਤਲ ਵਿੱਚ ਇੱਕ ਸਾਬਕਾ ਨਰਸ ਨੂੰ ਦੋਸ਼ੀ ਪਾਇਆ ਗਿਆ ਹੈ। ਸੱਤ ਸਾਲ ਪਹਿਲਾਂ ਹੋਏ ਇਸ ਕਤਲ 'ਚ ਮ੍ਰਿਤਕ ਮਹਿਲਾ ਦੀ ਲਾਸ਼ ਆਸਟ੍ਰੇਲੀਆ ਦੇ ਇੱਕ ਪ੍ਰਸਿੱਧ ਬੀਚ 'ਤੇ ਮਿਲੀ ਸੀ।

ਟੋਯਾਹ ਕੋਰਡਿੰਗਲੇ ਨੂੰ ਅਕਤੂਬਰ 2018 ਵਿੱਚ ਐਤਵਾਰ ਦੁਪਹਿਰ ਨੂੰ ਆਪਣੇ ਕੁੱਤੇ ਨੂੰ ਘੁੰਮਾਉਂਦੇ ਸਮੇਂ ਘੱਟੋ-ਘੱਟ 26 ਵਾਰ ਚਾਕੂ ਮਾਰਿਆ ਗਿਆ ਸੀ।

24 ਸਾਲਾ ਕੁੜੀ ਦੀ ਲਾਸ਼ ਉਸ ਦੇ ਪਿਤਾ ਨੂੰ ਅਗਲੇ ਦਿਨ ਕੇਅਰਨਜ਼ ਅਤੇ ਪੋਰਟ ਡਗਲਸ ਦੇ ਪ੍ਰਸਿੱਧ ਸੈਲਾਨੀ ਸਥਾਨਾਂ ਦੇ ਵਿਚਕਾਰ ਵਾਂਗੇਟੀ ਬੀਚ 'ਤੇ ਰੇਤ ਦੇ ਟਿੱਬਿਆਂ ਵਿੱਚ ਅੱਧੀ ਦਫ਼ਨਾਈ ਹੋਈ ਮਿਲੀ ਸੀ।

40 ਸਾਲਾ ਰਾਜਵਿੰਦਰ ਸਿੰਘ ਕੁੜੀ ਦੀ ਲਾਸ਼ ਮਿਲਣ ਦੇ ਅਗਲੇ ਦਿਨ ਭਾਰਤ ਆ ਗਿਆ ਸੀ ਅਤੇ ਉਸ ਉੱਤੇ ਕਤਲ ਦੇ ਇਲਜ਼ਾਮ ਲੱਗੇ ਸਨ। ਉਹ ਚਾਰ ਸਾਲ ਤੱਕ ਪੁਲਿਸ ਦੀ ਪਹੁੰਚ ਤੋਂ ਦੂਰ ਰਿਹਾ।

ਉਸ ਮਗਰੋਂ ਸਾਲ 2023 ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਕੇ ਆਸਟ੍ਰੇਲੀਆ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਕੁਈਨਜ਼ਲੈਂਡ ਦੀ ਪੁਲਿਸ ਮੁਤਾਬਕ ਰਾਜਵਿੰਦਰ ਨੂੰ ਨਵੀਂ ਦਿੱਲੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਉਨ੍ਹਾਂ ਉੱਤੇ ਆਸਟ੍ਰੇਲੀਆ ਸਰਕਾਰ ਨੇ ਕਰੀਬ 5.5 ਕਰੋੜ ਰੁਪਏ ਦਾ ਇਨਾਮ ਵੀ ਰੱਖਿਆ ਸੀ।

ਟੋਯਾਹ ਕੋਰਡਿੰਗਲੇ

ਤਸਵੀਰ ਸਰੋਤ, Queensland Police Service

ਤਸਵੀਰ ਕੈਪਸ਼ਨ, ਟੋਯਾਹ ਕੋਰਡਿੰਗਲੇ ਦੇ ਕਤਲ ਨੇ ਕੁਈਨਜ਼ਲੈਂਡ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ

ਹੁਣ, ਇੱਕ ਮਹੀਨੇ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਜਿਊਰੀ ਨੇ ਸੋਮਵਾਰ ਨੂੰ ਉਸ ਨੂੰ ਕਤਲ ਦਾ ਦੋਸ਼ੀ ਪਾਇਆ। ਇਸ ਫ਼ੈਸਲੇ ਮਗਰੋਂ ਅਦਾਲਤ 'ਚ ਇਕੱਠੇ ਹੋਏ ਲੋਕ ਸੰਤੁਸ਼ਟ ਅਤੇ ਭਾਵੁਕ ਨਜ਼ਰ ਆਏ।

ਇਸ ਤੋਂ ਪਹਿਲਾਂ ਉਸ 'ਤੇ ਮਾਰਚ ਵਿੱਚ ਪਹਿਲਾ ਮੁਕੱਦਮਾ ਚੱਲਿਆ ਸੀ, ਜਿਸ ਵਿੱਚ ਜਿਊਰੀ ਕਿਸੇ ਫ਼ੈਸਲੇ 'ਤੇ ਨਹੀਂ ਪਹੁੰਚ ਸਕੀ ਸੀ।

ਉਸ ਵੇਲੇ ਪਰ ਕੇਅਰਨਜ਼ ਦੀ ਸੁਪਰੀਮ ਕੋਰਟ ਦੇ ਜਿਊਰੀ ਮੈਂਬਰਾਂ ਨੇ ਕਿਹਾ ਸੀ ਕਿ ਉਹ ਢਾਈ ਦਿਨਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਵੀ ਉਸ ਦੇ ਇਲਜ਼ਾਮਾਂ 'ਤੇ ਸਰਬਸੰਮਤੀ ਨਾਲ ਫ਼ੈਸਲੇ 'ਤੇ ਪਹੁੰਚਣ ਵਿੱਚ ਅਸਮਰੱਥ ਸਨ। ਜੱਜ ਨੇ ਜਿਊਰੀ ਦਾ ਉਨ੍ਹਾਂ ਦੀ "ਮਿਹਨਤ" ਲਈ ਧੰਨਵਾਦ ਕੀਤਾ ਸੀ।

ਕੁਈਨਜ਼ਲੈਂਡ ਕਾਨੂੰਨ ਦੇ ਤਹਿਤ, ਕਤਲ ਦੇ ਮਾਮਲਿਆਂ ਵਿੱਚ ਜਿਊਰੀ ਦੇ ਫ਼ੈਸਲੇ ਸਰਬਸੰਮਤੀ ਨਾਲ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ-

ਕੁੜੀ ਨੂੰ ਘੱਟੋ-ਘੱਟ 26 ਵਾਰ ਚਾਕੂ ਮਾਰਿਆ ਗਿਆ ਸੀ

ਕੋਰਡਿੰਗਲੇ, ਇੱਕ ਹੈਲਥ ਸਟੋਰ ਵਿੱਚ ਕੰਮ ਕਰਦੇ ਸਨ ਅਤੇ ਜਾਨਵਰਾਂ ਦੀ ਭਲਾਈ ਲਈ ਵਲੰਟੀਅਰ ਵਜੋਂ ਕੰਮ ਕਰਦੇ ਸਨ। ਸਥਾਨਕ ਭਾਈਚਾਰੇ ਵਿੱਚ ਉਨ੍ਹਾਂ ਨੂੰ ਖਾਸੇ ਲੋਕ ਜਾਣਦੇ ਸਨ ਅਤੇ ਉਨ੍ਹਾਂ ਦੀ ਮੌਤ ਨਾਲ ਕੁਈਨਜ਼ਲੈਂਡ ਦੇ ਲੋਕ ਵੀ ਸਦਮੇ ਵਿੱਚ ਸਨ।

ਕੇਰਨਜ਼ ਸੁਪਰੀਮ ਕੋਰਟ ਨੂੰ ਦੱਸਿਆ ਗਿਆ ਕਿ ਕੋਰਡਿੰਗਲੇ 'ਤੇ ਇੱਕ ਤਿੱਖੀ ਚੀਜ਼ ਨਾਲ "ਵਾਰ-ਵਾਰ" ਹਮਲਾ ਕੀਤਾ ਗਿਆ ਸੀ ਅਤੇ ਫਿਰ ਇੱਕ ਰੇਤਲੀ ਕਬਰ ਵਿੱਚ ਦਫ਼ਨਾ ਦਿੱਤਾ ਗਿਆ ਸੀ, ਜਿਸ ਦੇ "ਬਚਣ ਦੀ ਬਹੁਤ ਘੱਟ ਜਾਂ ਕੋਈ ਉਮੀਦ ਨਹੀਂ ਸੀ"।

ਰਾਜਵਿੰਦਰ ਸਿੰਘ, ਜੋ ਕਿ ਮੂਲ ਰੂਪ ਵਿੱਚ ਭਾਰਤੀ ਪੰਜਾਬ ਦਾ ਰਹਿਣ ਵਾਲਾ ਸੀ, ਕਤਲ ਦੇ ਸਮੇਂ ਇਨਿਸਫੇਲ ਵਿੱਚ ਰਹਿ ਰਿਹਾ ਸੀ, ਜੋ ਕਿ ਅਪਰਾਧ ਵਾਲੀ ਥਾਂ ਤੋਂ ਲਗਭਗ ਦੋ ਘੰਟੇ ਦੱਖਣ ਵਿੱਚ ਇੱਕ ਕਸਬਾ ਹੈ।

ਅਦਾਲਤ 'ਚ ਦੱਸਿਆ ਗਿਆ ਕਿ ਜਾਸੂਸਾਂ ਨੇ ਜਲਦ ਹੀ ਉਸ ਨੂੰ ਇੱਕ ਸ਼ੱਕੀ ਵਜੋਂ ਪਛਾਣ ਲਿਆ ਪਰ ਉਹ ਪਹਿਲਾਂ ਹੀ ਦੇਸ਼ ਛੱਡ ਕੇ ਭੱਜ ਚੁੱਕਿਆ ਸੀ।

ਰਾਜਵਿੰਦਰ ਸਿੰਘ

ਤਸਵੀਰ ਸਰੋਤ, Getty

ਤਸਵੀਰ ਕੈਪਸ਼ਨ, ਟੋਯਾਹ ਕੋਰਡਿੰਗਲੇ ਦੀ ਲਾਸ਼ ਮਿਲਣ ਤੋਂ ਅਗਲੇ ਦਿਨ ਹੀ ਰਾਜਵਿੰਦਰ ਸਿੰਘ ਭਾਰਤ ਭੱਜ ਗਿਆ

ਰਾਜਵਿੰਦਰ ਸਿੰਘ ਨੇ ਆਪਣੀ ਸਫਾਈ 'ਚ ਕੀ ਕਿਹਾ ਸੀ

ਪੰਜਾਬ ਦੇ ਬੁੱਟਰ ਕਲਾਂ ਨਾਲ ਸਬੰਧਤ ਰਾਜਵਿੰਦਰ ਸਿੰਘ ਕਥਿਤ ਕਤਲ ਤੋਂ ਬਾਅਦ ਭਾਰਤ ਆ ਗਏ ਸਨ। ਪਹਿਲਾਂ ਹੋਈ ਸੁਣਵਾਈ ਦੌਰਾਨ ਬਚਾਅ ਪੱਖ ਦਾ ਕਹਿਣਾ ਸੀ ਕਿ ਉਸ ਦਾ ਕੋਰਡਿੰਗਲੇ ਨੂੰ ਮਾਰਨ ਦਾ ਕੋਈ ਉਦੇਸ਼ ਨਹੀਂ ਸੀ।

ਰਾਜਵਿੰਦਰ ਸਿੰਘ ਨੇ ਇਸ ਕਤਲ ਤੋਂ ਇਨਕਾਰ ਕੀਤਾ ਸੀ ਅਤੇ ਉਨ੍ਹਾਂ ਨੇ ਅੰਡਰਕਵਰ ਪੁਲਿਸ ਅਧਿਕਾਰੀ ਨੂੰ ਦੱਸਿਆ ਕਿ ਉਨ੍ਹਾਂ ਨੇ ਕਤਲ ਨੂੰ ਦੇਖਿਆ ਹੈ।

ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਤਨੀ ਅਤੇ ਬੱਚਿਆਂ ਨੂੰ ਪਿੱਛੇ ਛੱਡ ਕੇ ਦੇਸ਼ ਛੱਡ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਆਪਣੀ ਜਾਨ ਦਾ ਖ਼ਤਰਾ ਸੀ।

ਉਨ੍ਹਾਂ ਦੇ ਬਚਾਅ ਪੱਖ ਦੇ ਵਕੀਲ ਨੇ ਕਿਹਾ ਸੀ ਕਿ ਉਹ "ਕਾਇਰ" ਸੀ ਪਰ ਕਾਤਲ ਨਹੀਂ ਸੀ ਅਤੇ ਪੁਲਿਸ 'ਤੇ "ਨੁਕਸ ਭਰੀ" ਜਾਂਚ ਦਾ ਇਲਜ਼ਾਮ ਲਗਾਇਆ, ਇਲਜ਼ਾਮ ਲਾਇਆ ਕਿ ਹੋਰ ਸੰਭਾਵਿਤ ਸ਼ੱਕੀਆਂ ਉੱਤੇ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ।

ਰਾਜਵਿੰਦਰ ਸਿੰਘ

ਤਸਵੀਰ ਸਰੋਤ, Queensland Police twitter

ਤਸਵੀਰ ਕੈਪਸ਼ਨ, ਰਾਜਵਿੰਦਰ ਵਾਰਦਾਤ ਤੋਂ ਬਾਅਦ ਆਪਣੀ ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਭਾਰਤ ਆ ਗਏ ਸਨ

ਮੰਗਲਵਾਰ ਨੂੰ ਸੁਣਾਈ ਜਾਵੇਗੀ ਸਜ਼ਾ

ਸਰਕਾਰੀ ਵਕੀਲਾਂ ਨੇ ਇਲਜ਼ਾਮ ਲਗਾਉਂਦਿਆਂ ਅਦਾਲਤ ਨੂੰ ਦੱਸਿਆ ਕਿ ਇਹ ਗੱਲ ਉਸ ਦੇ ਦੋਸ਼ੀ ਹੋਣ ਦਾ ਸੰਕੇਤ ਦੇ ਰਹੀ ਸੀ। ਹਾਲਾਂਕਿ, ਅਦਾਲਤ ਦਾ ਕਹਿਣਾ ਸੀ ਕਿ ਕੇਸ 'ਚ ਪੇਸ਼ ਕੀਤਾ ਸਬੂਤ ਵੀ ਉਸ ਦੇ ਦੋਸ਼ੀ ਹੋਣ ਵੱਲ ਇਸ਼ਾਰਾ ਕਰਦਾ ਹੈ "ਅਤੇ ਬਾਕੀਆਂ ਨੂੰ ਸ਼ੱਕ ਦੇ ਘੇਰੇ 'ਚੋਂ ਬਾਹਰ ਕੱਢਦਾ ਹੈ।"

ਉਸ ਸਬੂਤ ਵਿੱਚ ਘਟਨਾ ਵਾਲੀ ਥਾਂ 'ਤੇ ਮਿਲੀ ਇੱਕ ਸੋਟੀ 'ਤੇ ਮਿਲਿਆ ਡੀਐੱਨਏ ਸ਼ਾਮਲ ਸੀ, ਜੋ ਕਿ ਆਮ ਜਨਤਾ ਨਾਲੋਂ ਰਾਜਵਿੰਦਰ ਸਿੰਘ ਦਾ ਡੀਐੱਨਏ ਹੋਣ ਦੀ ਸੰਭਾਵਨਾ ਲੱਖਾਂ ਗੁਣਾ ਜ਼ਿਆਦਾ ਸੀ।

ਉਨ੍ਹਾਂ ਇਹ ਵੀ ਕਿਹਾ ਕਿ ਹਮਲੇ ਤੋਂ ਬਾਅਦ ਦੇ ਪਲਾਂ ਵਿੱਚ ਕੋਰਡਿੰਗਲੇ ਦੇ ਫ਼ੋਨ ਦੀ ਲੋਕੇਸ਼ਨ ਵੀ ਰਾਜਵਿੰਦਰ ਸਿੰਘ ਦੀ ਕਾਰ ਦੀ ਸਥਿਤੀ ਨਾਲ ਮੇਲ ਖਾਂਦੀ ਸੀ।

ਰਾਜਵਿੰਦਰ ਸਿੰਘ ਨੂੰ ਆਉਂਦੇ ਮੰਗਲਵਾਰ ਨੂੰ ਕਤਲ ਦੇ ਇਸ ਮਾਮਲੇ 'ਚ ਸਜ਼ਾ ਸੁਣਾਈ ਜਾਵੇਗੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)