24 ਦਲਿਤਾਂ ਦੇ ਕਤਲ ਮਾਮਲੇ ਵਿੱਚ 44 ਸਾਲਾਂ ਬਾਅਦ ਆਇਆ ਫੈਸਲਾ, ਪੀੜਤਾਂ ਤੇ ਚਸ਼ਮਦੀਦਾਂ ਦੀ ਜ਼ੁਬਾਨੀ ਜਾਣੋ ਉਸ ਦਿਨ ਦੀ ਕਹਾਣੀ

ਤਸਵੀਰ ਸਰੋਤ, MANOJ KUMAR
- ਲੇਖਕ, ਸਈਅਦ ਮੋਜ਼ਿਜ਼ ਇਮਾਮ
- ਰੋਲ, ਬੀਬੀਸੀ ਪੱਤਰਕਾਰ
1981 ਵਿੱਚ, ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਦਿਹੁਲੀ ਪਿੰਡ ਵਿੱਚ 24 ਦਲਿਤਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ, ਘਟਨਾ ਦੇ 44 ਸਾਲ ਬਾਅਦ, ਮੈਨਪੁਰੀ ਦੀ ਇੱਕ ਅਦਾਲਤ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਉਨ੍ਹਾਂ ਨੂੰ ਆਉਂਦੀ 18 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ।
ਦਿਹੁਲੀ, ਜ਼ਿਲ੍ਹਾ ਹੈੱਡਕੁਆਰਟਰ ਫਿਰੋਜ਼ਾਬਾਦ ਤੋਂ ਲਗਭਗ 30 ਕਿਲੋਮੀਟਰ ਦੂਰ ਸਥਿਤ ਹੈ। ਪਹਿਲਾਂ ਇਹ ਮੈਨਪੁਰੀ ਜ਼ਿਲ੍ਹੇ ਦਾ ਹਿੱਸਾ ਸੀ।
ਪੀੜਤ ਧਿਰ ਵੱਲੋਂ ਦਿਹੁਲੀ ਪਿੰਡ ਦੇ ਵਸਨੀਕ ਸੰਜੇ ਚੌਧਰੀ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਇਨਸਾਫ਼ ਹੋ ਗਿਆ ਹੈ, ਪਰ ਬਹੁਤ ਦੇਰ ਹੋ ਚੁੱਕੀ ਹੈ। ਦੋਸ਼ੀ ਪਹਿਲਾਂ ਹੀ ਆਪਣੀ ਜ਼ਿੰਦਗੀ ਜੀਅ ਚੁੱਕੇ ਹਨ। ਜੇਕਰ ਇਹ ਫੈਸਲਾ ਪਹਿਲਾਂ ਆ ਜਾਂਦਾ ਤਾਂ ਬਿਹਤਰ ਹੁੰਦਾ।"
ਸੰਜੇ ਚੌਧਰੀ ਦੇ ਚਚੇਰੇ ਭਰਾ ਦਾ ਵੀ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ।

ਅਦਾਲਤ ਵਿੱਚ ਕੀ ਹੋਇਆ?
ਇਸ ਘਟਨਾ ਵਿੱਚ ਕੁੱਲ 17 ਮੁਲਜ਼ਮ ਸਨ, ਜਿਨ੍ਹਾਂ ਵਿੱਚੋਂ 13 ਦੀ ਮੌਤ ਹੋ ਚੁੱਕੀ ਹੈ। 11 ਮਾਰਚ ਨੂੰ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ, ਦੋਸ਼ੀ ਕਪਤਾਨ ਸਿੰਘ, ਜੋ ਕਿ ਜ਼ਮਾਨਤ 'ਤੇ ਬਾਹਰ ਸੀ, ਏਡੀਜੇ (ਸਪੈਸ਼ਲ ਡਕੈਤੀ ਸੈੱਲ) ਇੰਦਰਾ ਸਿੰਘ ਦੀ ਅਦਾਲਤ ਵਿੱਚ ਪੇਸ਼ ਹੋਇਆ।
ਅਦਾਲਤ ਨੇ ਕਪਤਾਨ ਸਿੰਘ, ਰਾਮ ਸੇਵਕ ਅਤੇ ਰਾਮਪਾਲ ਨਾਮਕ ਤਿੰਨ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਹੁਣ ਉਨ੍ਹਾਂ ਨੂੰ 18 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ। ਇੱਕ ਹੋਰ ਦੋਸ਼ੀ ਗਿਆਨਚੰਦਰ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ।
ਰਾਮਸੇਵਕ ਮੈਨਪੁਰੀ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਦਕਿ ਤੀਜੇ ਦੋਸ਼ੀ ਰਾਮਪਾਲ ਨੇ ਪੇਸ਼ ਹੋਣ ਤੋਂ ਛੋਟ ਦੀ ਮੰਗ ਕੀਤੀ ਸੀ, ਪਰ ਉਸਦੀ ਅਰਜ਼ੀ ਖਾਰਿਜ ਕਰ ਦਿੱਤੀ ਗਈ ਅਤੇ ਉਸਦੇ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ।

ਤਸਵੀਰ ਸਰੋਤ, MANOJ KUMAR
ਸਰਕਾਰੀ ਵਕੀਲ ਰੋਹਿਤ ਸ਼ੁਕਲਾ ਨੇ ਕਿਹਾ, "ਅਦਾਲਤ ਨੇ ਮੁਲਜ਼ਮਾਂ ਨੂੰ ਧਾਰਾ 302 (ਕਤਲ), 307 (ਕਤਲ ਦੀ ਕੋਸ਼ਿਸ਼), 216 (ਦੋਸ਼ੀ ਨੂੰ ਪਨਾਹ ਦੇਣਾ), 120 ਬੀ (ਅਪਰਾਧ ਦੀ ਸਾਜ਼ਿਸ਼), 449-450 (ਘਰ ਵਿੱਚ ਘੁਸਪੈਠ) ਆਦਿ ਦੇ ਤਹਿਤ ਦੋਸ਼ੀ ਠਹਿਰਾਇਆ ਹੈ।"
ਪੀੜਤ ਪਰਿਵਾਰਾਂ ਵਿੱਚੋਂ ਇੱਕ ਦੀ ਮੈਂਬਰ ਨਿਰਮਲਾ ਦੇਵੀ ਨੇ ਅਦਾਲਤ ਦੇ ਫੈਸਲੇ ਤੋਂ ਬਾਅਦ ਕਿਹਾ, "ਪਿੰਡ ਵਿੱਚ ਅਜੇ ਵੀ ਡਰ ਦਾ ਮਾਹੌਲ ਹੈ।''
ਇਸ ਕਤਲੇਆਮ ਵਿੱਚ ਨਿਰਮਲਾ ਦੇਵੀ ਦੇ ਦੋ ਚਚੇਰੇ ਭਰਾ ਮਾਰੇ ਗਏ ਸਨ।
ਘਟਨਾ ਵਾਲੇ ਦਿਨ ਕੀ ਹੋਇਆ ਸੀ?

18 ਨਵੰਬਰ, 1981 ਨੂੰ ਫਿਰੋਜ਼ਾਬਾਦ ਤੋਂ ਲਗਭਗ 30 ਕਿਲੋਮੀਟਰ ਦੂਰ ਜਸਰਾ ਕਸਬੇ ਦੇ ਇੱਕ ਪਿੰਡ ਦਿਹੁਲੀ ਵਿੱਚ 24 ਦਲਿਤਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਸਦਾ ਇਲਜ਼ਾਮ ਡਾਕੂ ਸੰਤੋਸ਼, ਰਾਧੇ ਅਤੇ ਉਨ੍ਹਾਂ ਦੇ ਗਿਰੋਹ ਉੱਤੇ ਲਗਾਇਆ ਗਿਆ ਸੀ।
ਪੁਲਿਸ ਚਾਰਜਸ਼ੀਟ ਦੇ ਅਨੁਸਾਰ, ਕਤਲੇਆਮ ਨੂੰ ਅੰਜਾਮ ਦੇਣ ਵਾਲੇ ਜ਼ਿਆਦਾਤਰ ਮੁਲਜ਼ਮ ਉੱਚ ਜਾਤੀਆਂ ਦੇ ਸਨ। ਪੁਲਿਸ ਅਨੁਸਾਰ, ਕੁੰਵਰਪਾਲ ਪਹਿਲਾਂ ਸੰਤੋਸ਼ ਅਤੇ ਰਾਧੇ ਨਾਲ ਇੱਕੋ ਗੈਂਗ ਵਿੱਚ ਸਨ।
ਕੁੰਵਰਪਾਲ ਦਲਿਤ ਭਾਈਚਾਰੇ ਨਾਲ ਸਬੰਧਤ ਸਨ। ਉਨ੍ਹਾਂ ਦੀ ਦੋਸਤੀ ਇੱਕ ਉੱਚ ਜਾਤੀ ਦੀ ਮਹਿਲਾ ਨਾਲ ਸੀ ਅਤੇ ਇਹ ਗੱਲ ਸੰਤੋਸ਼ ਅਤੇ ਰਾਧੇ ਨੂੰ ਪਸੰਦ ਨਹੀਂ ਸੀ, ਜੋ ਕਿ ਇੱਕ ਉੱਚ ਜਾਤੀ ਨਾਲ ਸਬੰਧਤ ਸਨ। ਇੱਥੋਂ ਹੀ ਇਨ੍ਹਾਂ ਵਿਚਕਾਰ ਦੁਸ਼ਮਣੀ ਦੀ ਸ਼ੁਰੂਆਤ ਹੋਈ।
ਉਸ ਤੋਂ ਬਾਅਦ ਕੁੰਵਰਪਾਲ ਦਾ ਸ਼ੱਕੀ ਹਾਲਾਤਾਂ ਵਿੱਚ ਕਤਲ ਕਰ ਦਿੱਤਾ ਗਿਆ।
ਕਤਲ ਤੋਂ ਬਾਅਦ, ਪੁਲਿਸ ਨੇ ਕਾਰਵਾਈ ਕਰਦਿਆਂ ਸੰਤੋਸ਼-ਰਾਧੇ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ।
ਸੰਤੋਸ਼, ਰਾਧੇ ਅਤੇ ਹੋਰ ਮੁਲਜ਼ਮਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੇ ਗਿਰੋਹ ਦੇ ਇਨ੍ਹਾਂ ਦੋ ਮੈਂਬਰਾਂ ਦੀ ਗ੍ਰਿਫ਼ਤਾਰੀ ਪਿੱਛੇ ਇਲਾਕੇ ਦੇ ਜਾਟਵਾ ਜਾਤੀ ਦੇ ਲੋਕ ਸਨ। ਕਿਉਂਕਿ ਪੁਲਿਸ ਨੇ ਇਸ ਘਟਨਾ ਵਿੱਚ ਜਾਟਵਾ ਜਾਤੀ ਦੇ ਤਿੰਨ ਲੋਕਾਂ ਨੂੰ ਗਵਾਹ ਵਜੋਂ ਪੇਸ਼ ਕੀਤਾ ਸੀ। ਪੁਲਿਸ ਚਾਰਜਸ਼ੀਟ ਦੇ ਅਨੁਸਾਰ, ਇਸੇ ਦੁਸ਼ਮਣੀ ਕਾਰਨ ਦਿਹੁਲੀ ਕਤਲੇਆਮ ਹੋਇਆ।
ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤਾ ਸੀ ਦਿਹੁਲੀ ਪਿੰਡ ਦਾ ਦੌਰਾ

ਤਸਵੀਰ ਸਰੋਤ, MANOJ KUMAR
'ਇੰਡੀਆ ਟੂਡੇ' ਦੇ ਅਨੁਸਾਰ, ਵਾਰਦਾਤ ਵਾਲੇ ਦਿਨ ਸੰਤੋਸ਼-ਰਾਧੇ ਗੈਂਗ ਦੇ 14 ਲੋਕ ਪੁਲਿਸ ਦੀ ਵਰਦੀ ਪਹਿਨ ਕੇ ਦਿਹੁਲੀ ਪਿੰਡ ਪਹੁੰਚੇ ਅਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਪਿੰਡ ਵਿੱਚ ਦਲਿਤ ਭਾਈਚਾਰੇ ਦਾ ਜ਼ੋਰ ਸੀ। ਜਾਣਕਾਰੀ ਮੁਤਾਬਕ, ਗੋਲੀਬਾਰੀ ਸ਼ਾਮ 4.30 ਵਜੇ ਸ਼ੁਰੂ ਹੋਈ ਅਤੇ ਚਾਰ ਘੰਟੇ ਜਾਰੀ ਰਹੀ। ਜਦੋਂ ਤੱਕ ਪੁਲਿਸ ਮੌਕੇ 'ਤੇ ਪਹੁੰਚੀ, ਮੁਲਜ਼ਮ ਭੱਜ ਚੁੱਕੇ ਸਨ।
ਉਸ ਸਮੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਿਸ਼ਵਨਾਥ ਪ੍ਰਤਾਪ ਸਿੰਘ ਸਨ। ਇਸ ਘਟਨਾ ਤੋਂ ਬਾਅਦ, ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਦਿਹੁਲੀ ਪਿੰਡ ਦਾ ਦੌਰਾ ਕੀਤਾ ਸੀ।
ਕਤਲੇਆਮ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ। ਉਸ ਸਮੇਂ ਵਿਰੋਧੀ ਧਿਰ ਦੇ ਆਗੂ ਬਾਬੂ ਜਗਜੀਵਨ ਰਾਮ ਵੀ ਇਸ ਪਿੰਡ ਵਿੱਚ ਆਏ ਸਨ।

ਤਸਵੀਰ ਸਰੋਤ, MANOJ KUMAR
ਭੂਪ ਸਿੰਘ, ਜੋ ਘਟਨਾ ਸਮੇਂ 25 ਸਾਲ ਦੇ ਸਨ, ਇਸ ਘਟਨਾ ਦੇ ਚਸ਼ਮਦੀਦ ਗਵਾਹ ਹਨ।
ਭੂਪ ਸਿੰਘ ਹੁਣ 70 ਸਾਲ ਦੇ ਹੋ ਚੁੱਕੇ ਹਨ। ਉਹ ਦੱਸਦੇ ਹਨ ਕਿ ਇਸ ਘਟਨਾ ਤੋਂ ਬਾਅਦ ਦਲਿਤ ਭਾਈਚਾਰੇ ਦੇ ਲੋਕ ਦਿਹੁਲੀ ਪਿੰਡ ਤੋਂ ਹਿਜਰਤ ਕਰਨ ਲੱਗ ਪਏ ਸਨ, ਪਰ ਸਰਕਾਰ ਦੇ ਹੁਕਮਾਂ 'ਤੇ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਿੰਡ ਵਿੱਚ ਡੇਰਾ ਲਾਉਣਾ ਸ਼ੁਰੂ ਕਰ ਦਿੱਤਾ।
ਭੂਪ ਸਿੰਘ ਮੁਤਾਬਕ, ਘਟਨਾ ਤੋਂ ਬਾਅਦ ਪੁਲਿਸ ਅਤੇ ਪੀਏਸੀ ਕਈ ਮਹੀਨਿਆਂ ਤੱਕ ਪਿੰਡ ਵਿੱਚ ਤਾਇਨਾਤ ਰਹੇ ਅਤੇ ਲੋਕਾਂ ਨੂੰ ਪਿੰਡ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਗਈ।
1984 ਵਿੱਚ, ਹਾਈ ਕੋਰਟ ਦੇ ਹੁਕਮ ਨਾਲ ਇਸ ਕੇਸ ਨੂੰ ਇਲਾਹਾਬਾਦ ਦੀ ਸੈਸ਼ਨ ਕੋਰਟ ਵਿੱਚ ਤਬਦੀਲ ਕਰ ਦਿੱਤਾ ਗਿਆ। ਜਿੱਥੇ ਇਸ ਦੀ ਸੁਣਵਾਈ 1984 ਤੋਂ ਅਕਤੂਬਰ 2024 ਤੱਕ ਜਾਰੀ ਰਹੀ।
ਚਸ਼ਮਦੀਦ ਗਵਾਹਾਂ ਨੇ ਕੀ ਦੱਸਿਆ

ਤਸਵੀਰ ਸਰੋਤ, MANOJ KUMAR
ਵਾਰਦਾਤ ਦੇ ਸਮੇਂ ਰਾਕੇਸ਼ ਕੁਮਾਰ 14-15 ਸਾਲ ਦੇ ਸਨ। ਉਹ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦੇ ਸਨ।
ਉਸ ਖੌਫ਼ਨਾਕ ਦਿਨ ਨੂੰ ਯਾਦ ਕਰਦਿਆਂ ਰਾਕੇਸ਼ ਦੱਸਦੇ ਹਨ, "ਜਦੋਂ ਗੋਲੀਬਾਰੀ ਸ਼ੁਰੂ ਹੋਈ ਤਾਂ ਮੈਂ ਘਰ ਦਾ ਕੰਮ ਕਰ ਰਿਹਾ ਸੀ। ਬਹੁਤ ਸਾਰੇ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਮੈਂ ਝੋਨੇ ਦੀ ਪਰਾਲੀ ਦੇ ਢੇਰ ਵਿੱਚ ਲੁਕਿਆ ਹੋਇਆ ਸੀ।''
''ਜਦੋਂ ਰਾਤ ਨੂੰ ਗੋਲੀਬਾਰੀ ਬੰਦ ਹੋਈ, ਤਾਂ ਮੈਂ ਪਰਾਲੀ ਦੇ ਢੇਰ ਵਿੱਚੋਂ ਬਾਹਰ ਆਇਆ ਅਤੇ ਦੇਖਿਆ ਕਿ ਮੇਰੀ ਮਾਂ ਚਮੇਲੀ ਦੇਵੀ ਦੀ ਲੱਤ ਵਿੱਚ ਗੋਲੀ ਲੱਗੀ ਹੋਈ ਸੀ।"
ਰਾਕੇਸ਼ ਕੁਮਾਰ ਦਾ ਦਾਅਵਾ ਹੈ ਕਿ ਡਾਕੂ ਸੰਤੋਸ਼ ਅਤੇ ਰਾਧੇ ਨੇ ਗੋਲੀਆਂ ਚਲਾਈਆਂ ਸਨ। ਉਸ ਸਮੇਂ ਰਾਕੇਸ਼ ਮਾਂ ਦੀ ਚਮੇਲੀ ਦੇਵੀ ਦੀ ਉਮਰ 35 ਸਾਲ ਸੀ।
ਚਮੇਲੀ ਦੇਵੀ ਹੁਣ ਲਗਭਗ 80 ਸਾਲ ਦੇ ਹੋ ਗਏ ਸਨ।
ਚਮੇਲੀ ਦੇਵੀ ਦੱਸਦੇ ਹਨ, "ਅਚਾਨਕ ਗੋਲੀਆਂ ਚੱਲਣ ਲੱਗੀਆਂ। ਮੈਂ ਭੱਜਣਾ ਸ਼ੁਰੂ ਕਰ ਦਿੱਤਾ। ਮੈਂ ਦੇਖਿਆ ਕਿ ਸੜਕ 'ਤੇ ਬਹੁਤ ਸਾਰੇ ਲੋਕ ਪਏ ਸਨ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ।''
''ਮੈਂ ਛੱਤ ਵੱਲ ਭੱਜੀ, ਪਰ ਗੋਲ਼ੀ ਮੇਰੀ ਲੱਤ ਵਿੱਚ ਆ ਲੱਗੀ ਅਤੇ ਮੈਂ ਤੇ ਮੇਰਾ ਪੁੱਤਰ ਛੱਤ ਤੋਂ ਡਿੱਗ ਪਏ ਅਤੇ ਜ਼ਖਮੀ ਹੋ ਗਏ। ਇਹ ਇੱਕ ਵੱਡੀ ਘਟਨਾ ਸੀ। ਉਨ੍ਹਾਂ ਨੇ ਕਿਸੇ ਔਰਤ ਜਾਂ ਬੱਚੇ ਨੂੰ ਵੀ ਨਹੀਂ ਬਖਸ਼ਿਆ। ਜੋ ਵੀ ਸਾਹਮਣੇ ਆਇਆ, ਉਨ੍ਹਾਂ ਨੇ ਉਸ ਨੂੰ ਮਾਰ ਦਿੱਤਾ।''
ਜਦੋਂ ਕਿ ਇੱਕ ਹੋਰ ਚਸ਼ਮਦੀਦ ਭੂਪ ਸਿੰਘ ਦੇ ਅਨੁਸਾਰ, ਗਿਰੋਹ ਨੇ ਪੂਰੇ ਜਾਟਵ ਇਲਾਕੇ ਨੂੰ ਘੇਰ ਲਿਆ ਸੀ। ਉਹ ਜਿਸ ਕਿਸੇ ਨੂੰ ਵੀ ਦੇਖਦੇ, ਗੋਲੀ ਮਾਰ ਦਿੰਦੇ।
ਅਗਲੇ ਦਿਨ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਟਰੈਕਟਰ 'ਤੇ ਲੱਦ ਕੇ ਮੈਨਪੁਰੀ ਭੇਜਿਆ ਗਿਆ। ਉੱਥੇ ਚਾਰ ਡਾਕਟਰਾਂ ਨੇ ਲਾਸ਼ਾਂ ਦਾ ਪੋਸਟਮਾਰਟਮ ਕੀਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












