ਹੈਰੋਇਨ ਤੋਂ ਕਈ ਗੁਣਾ ਵੱਧ ਅਸਰਦਾਰ ਫੈਂਟਾਨਿਲ ਡਰੱਗ ਅਮਰੀਕਾ ਦੀਆਂ ਗਲੀਆਂ ਤੱਕ ਕਿਵੇਂ ਪਹੁੰਚਦਾ ਹੈ, ਜੋ ਹਜ਼ਾਰਾਂ ਮੌਤਾਂ ਦਾ ਕਾਰਨ ਬਣ ਰਿਹਾ

ਜੇਅ ਨਸ਼ਾ ਡੀਲਰ
ਤਸਵੀਰ ਕੈਪਸ਼ਨ, ਜੇਅ ਨਸ਼ਾ ਡੀਲਰ ਹਨ ਜੋ ਮੈਕਸੀਕੋ ਬਾਰਡਰ ਪਾਰ ਕਰਕੇ ਲਾਸ ਏਂਜਲਸ ਵਿੱਚ ਨਸ਼ੇ ਸਪਲਾਈ ਕਰਦੇ ਹਨ
    • ਲੇਖਕ, ਕਿਉਨਟਿਨ ਸੋਮਰਵਿਲੇ
    • ਰੋਲ, ਬੀਬੀਸੀ ਪੱਤਰਕਾਰ

ਲਾਸ ਏਂਜਲਸ ਦਾ ਫੈਂਟਾਨਿਲ ਡੀਲਰ ਇੱਕ ਪਾਸੇ ਖੜ੍ਹਾ ਬਹੁਤ ਧਿਆਨ ਨਾਲ ਦੇਖ ਰਿਹਾ ਹੈ, ਉਸ ਦੇ ਸਾਹਮਣੇ ਇੱਕ ਮੈਕਸੀਕਨ ਡਰੱਗ ਕਾਰਟੇਲ ਆਪਰੇਟਰ ਆਪਣੀ ਨਵੀਂ ਖੇਪ ਤਿਆਰ ਕਰ ਰਿਹਾ ਹੈ।

ਸਿੰਥੈਟਿਕ ਓਪੀਔਡ ਡਰੱਗ ਨੂੰ ਫ਼ੁਆਇਲ ਪੇਪਰ ਵਿੱਚ ਲਪੇਟਿਆ ਜਾਂਦਾ ਹੈ, ਪਲਾਸਟਿਕ ਦੀ ਸ਼ੀਟ ਵਿੱਚ ਸੀਲ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇੱਕ ਤਸਕਰੀ ਕਰਨ ਵਾਲੇ ਜਿਸ ਦੀ ਪਛਾਣ ਜ਼ਾਹਰ ਨਹੀਂ ਹੈ ਦੇ ਪੈਟਰੋਲ ਟੈਂਕ ਵਿੱਚ ਸੁੱਟ ਦਿੱਤਾ ਜਾਂਦਾ ਹੈ।

ਜੇਅ, ਅਸਲੀ ਨਾਮ ਨਹੀਂ ਹੈ, ਅਮਰੀਕਾ ਤੋਂ ਸਰਹੱਦ ਦੇ ਮੈਕਸੀਕਨ ਵਾਲੇ ਪਾਸੇ ਪਹਿਲਾਂ ਹੀ ਪਹੁੰਚ ਚੁੱਕਿਆ ਸੀ। ਉਹ ਇਸ ਕਾਰਟੇਲ ਵਲੋਂ ਚਲਾਏ ਜਾ ਰਹੇ ਸੇਫ਼ ਹਾਉਸ ਵਿੱਚ ਸੀ।

ਇਹ ਘਰ ਇਸ ਆਂਢ-ਗੁਆਂਢ ਦੇ ਕਿਸੇ ਵੀ ਹੋਰ ਘਰ ਵਰਗਾ ਲੱਗਦਾ ਹੈ। ਸਾਨੂੰ ਜਲਦੀ ਗੱਡੀ ਚਲਾ ਕੇ ਅੰਦਰ ਜਾਣ ਲਈ ਕਿਹਾ ਜਾਂਦਾ ਹੈ ਅਤੇ ਜਿਵੇਂ ਹੀ ਅਸੀਂ ਲੰਘੇ ਇੱਕ ਲੋਹੇ ਦਾ ਗੇਟ ਮਜ਼ਬੂਤੀ ਨਾਲ ਬੰਦ ਹੋ ਕਰ ਦਿੱਤਾ ਗਿਆ।

ਉਹ ਇੱਥੇ ਡਰੱਗ ਨਹੀਂ ਬਣਾਉਂਦੇ, ਪਰ ਫਿਰ ਵੀ ਉਹ ਸੁਚੇਤ ਰਹਿੰਦੇ ਹਨ ਕਿ ਕਿਸੇ ਦਾ ਇਸ ਵੱਲ ਧਿਆਨ ਨਾ ਜਾਵੇ।

ਉਥੇ ਮੌਜੂਦ ਸਾਰੇ ਆਦਮੀ ਹੌਲੀ ਸੁਰ ਵਿੱਚ ਬੋਲਦੇ ਹਨ ਅਤੇ ਤੇਜ਼ੀ ਨਾਲ ਕੰਮ ਕਰਦੇ ਹਨ।

ਵ੍ਹਾਈਟ ਹਾਊਸ ਵੱਲੋਂ ਟੈਰਿਫ ਵਧਾਉਣ ਲਈ ਅਮਰੀਕੀ ਸਰਹੱਦਾਂ ਰਾਹੀਂ ਫੈਂਟਾਨਿਲ ਤਸਕਰੀ ਨੂੰ ਆਧਾਰ ਬਣਾਇਆ ਗਿਆ ਹੈ। ਇਸ ਤੋਂ ਬਾਅਦ ਇਨ੍ਹਾਂ ਤਸਕਰਾਂ ਦਾ ਘਾਤਕ ਕਾਰੋਬਾਰ ਵਿਵਾਦ ਦਾ ਕੇਂਦਰ ਬਣ ਗਿਆ ਹੈ ਜਿਸ ਨੇ ਵਿਸ਼ਵ ਅਰਥਵਿਵਸਥਾ ਵਿੱਚ ਵੀ ਹਲਚਲ ਪੈਦਾ ਕਰ ਦਿੱਤੀ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਡਰੱਗ ਕਾਰਟੇਲਜ਼ ਖ਼ਿਲਾਫ਼ 'ਜੰਗ ਛੇੜਨ' ਦੀ ਸਹੁੰ ਖਾਧੀ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਡਰੱਗ ਕਾਰੋਬਾਰੀਆਂ ਦਾ ਤਲਖ਼ ਤਜਰਬਾ

ਬੀਬੀਸੀ ਦੀ ਸਰਹੱਦ ਦੇ ਨਾਲ ਇੱਕ ਕਾਰਟੇਲ ਦੇ ਆਪ੍ਰੇਸ਼ਨ ਤੱਕ ਬਹੁਤ ਘੱਟ ਪਹੁੰਚ ਹੋ ਸਕੀ। ਉਹ ਆਪਣੇ ਆਖਰੀ ਗਾਹਕਾਂ ਨੂੰ ਮਿਲਣ ਲਈ ਅਮਰੀਕਾ ਗਿਆ, ਤਾਂ ਜੋ ਜਾਣ ਸਕੇ ਕਿ ਕੀ ਕੌਮਾਂਤਰੀ ਵਿਵਾਦ ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਪ੍ਰਵਾਹ ਨੂੰ ਰੋਕਣ ਲਈ ਕੁਝ ਕਰ ਰਿਹਾ ਹੈ।

ਜਿਨ੍ਹਾਂ ਆਦਮੀਆਂ ਨੂੰ ਅਸੀਂ ਸੇਫ਼ ਹਾਊਸ ਵਿੱਚ ਮਿਲੇ, ਉਹ ਇੱਕ ਮੰਨੇ-ਪ੍ਰਮੰਨੇ ਕਾਰਟੇਲ ਲਈ ਕੰਮ ਕਰਦੇ ਸਨ।

ਉਨ੍ਹਾਂ ਵਿੱਚੋਂ ਦੋ ਨੇ ਕਾਰ ਵਿੱਚ ਸਮਾਨ ਰੱਖਦਿਆਂ ਸਵਿਕਾਰਿਆਂ ਕਿ ਬਹੁਤ ਵਾਰ ਪਛਤਾਵਾ ਵੀ ਹੁੰਦਾ ਹੈ।

ਪਰ ਜਦੋਂ ਮੈਂ ਉਸ ਆਦਮੀ ਨੂੰ ਪੁੱਛਦਾ ਹਾਂ ਜੋ ਨਸ਼ੀਲੇ ਪਦਾਰਥਾਂ ਨੂੰ ਤੇਲ ਵਾਲੇ ਟੈਂਕ ਵਿੱਚ ਪੈਕ ਕਰ ਰਿਹਾ ਸੀ ਕਿ ਕੀ ਉਹ ਇਨ੍ਹਾਂ ਗੋਲੀਆਂ ਕਾਰਨ ਹੋਣ ਵਾਲੀਆਂ ਮੌਤਾਂ ਲਈ ਮੁਲਜ਼ਮ ਮਹਿਸੂਸ ਕਰਦਾ ਹੈ, ਤਾਂ ਉਹ ਹੱਸਦਾ ਹੈ।

"ਸਾਡਾ ਵੀ ਪਰਿਵਾਰ ਹੈ, ਬੇਸ਼ੱਕ ਅਸੀਂ ਮੁਲਜ਼ਮ ਮਹਿਸੂਸ ਕਰਦੇ ਹਾਂ।"

ਉਸ ਨੇ ਮੋਢੇ ਚੁੱਕਦਿਆਂ ਕਿਹਾ, "ਪਰ ਜੇ ਮੈਂ ਰੁਕ ਗਿਆ, ਤਾਂ ਵੀ ਇਹ ਜਾਰੀ ਰਹੇਗਾ। ਇਹ ਮੇਰੀ ਸਮੱਸਿਆ ਨਹੀਂ ਹੈ।"

ਕਾਰਟੇਲ ਮੈਂਬਰ

ਤਸਵੀਰ ਸਰੋਤ, Darren Conway/BBC

ਤਸਵੀਰ ਕੈਪਸ਼ਨ, ਕਾਰਟੇਲ ਮੈਂਬਰਾਂ ਨੇ ਪਿਛਲੀਆਂ ਸੀਟਾਂ ਲੰਮੀਆਂ ਪਾ ਕੇ ਸਮਾਨ ਰੱਖਿਆ

ਟੈਂਕ ਤੱਕ ਪਹੁੰਚਣ ਲਈ ਕਾਰ ਦੀ ਪਿਛਲੀ ਸੀਟ ਨੂੰ ਉਤਾਰਦੇ ਸਮੇਂ ਆਦਮੀ ਆਪਣੇ ਚਿਹਰੇ ਢੱਕ ਕੇ ਰੱਖਦੇ ਹਨ। ਉਹ ਇਸ ਗੱਲ ਦਾ ਧਿਆਨ ਵੀ ਰੱਖਦੇ ਹਨ ਕਿ ਪੈਟਰੋਲ ਨਾ ਡੁੱਲ੍ਹ ਜਾਵੇ।

ਕਾਰ ਦੇ ਅੰਦਰੋਂ ਆਉਣ ਵਾਲੀ ਬਦਬੂ ਸਰਹੱਦ ਦੇ ਦੂਜੇ ਪਾਸੇ ਕਸਟਮ ਅਧਿਕਾਰੀਆਂ ਨੂੰ ਸੁਚੇਤ ਕਰ ਸਕਦੀ ਹੈ, ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਤੇਲ ਵਾਲੇ ਟੈਂਕ ਨਾਲ ਛੇੜਛਾੜ ਕੀਤੀ ਗਈ ਹੈ।

ਹਲਕੇ ਹਰੇ ਰੰਗ ਦੀਆਂ ਕੁੱਲ 5,000 ਗੋਲੀਆਂ ਹਨ। ਬਹੁਤ ਚੰਗੀ ਤਰ੍ਹਾਂ ਪੈਕ ਕੀਤੀਆਂ ਗਈਆਂ ਇਨ੍ਹਾਂ ਉੱਤੇ ਅੰਗਰੇਜ਼ੀ ਦਾ ਅੱਖਰ ਐੱਮ ਲਿਖਿਆ ਹੈ।

ਜੇਅ ਦਾ ਦਾਅਵਾ ਹੈ ਕਿ ਉਹ ਇਹ ਗੋਲੀਆਂ ਹਰ ਹਫ਼ਤੇ ਲਾਸ ਏਂਜਲਸ ਅਤੇ ਅਮਰੀਕੀ ਉੱਤਰ-ਪੱਛਮੀ ਇਲਾਕਿਆਂ ਵਿੱਚ ਵੇਚਦਾ ਹੈ।

ਇੱਕ ਡੀਲਰ ਜੋ ਬਹੁਤ ਹੀ ਨਰਮੀ ਨਾਲ ਬੋਲਦਾ ਹੈ ਨੇ ਮੈਨੂੰ ਦੱਸਿਆ, "ਮੈਂ ਹਰ ਹਫ਼ਤੇ 100,000 ਗੋਲੀਆਂ ਹਾਸਿਲ ਕਰਨ ਦੀ ਕੋਸ਼ਿਸ਼ ਕਰਦਾ ਹਾਂ।"

"ਮੈਂ ਉਨ੍ਹਾਂ ਨੂੰ ਇੱਕੋ ਗੱਡੀ ਵਿੱਚ ਨਹੀਂ ਭੇਜਦਾ।"

"ਮੈਂ ਇਨ੍ਹਾਂ ਗੋਲੀਆਂ ਨੂੰ ਵੱਖ-ਵੱਖ ਕਾਰਾਂ ਵਿੱਚ ਭੇਜਣ ਦੀ ਕੋਸ਼ਿਸ਼ ਕਰਦਾ ਹਾਂ। ਇਸ ਤਰ੍ਹਾਂ ਮੈਂ ਆਪਣੀਆਂ ਸਾਰੀਆਂ ਗੋਲੀਆਂ ਗੁਆਉਣ ਦੇ ਜੋਖਮ ਨੂੰ ਘੱਟ ਕਰਦਾ ਹਾਂ।"

ਟਰੰਪ ਨੇ ਕੀ ਕਾਰਵਾਈ ਕੀਤੀ

ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕਾ ਵਿੱਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਪਰਵਾਸੀਆਂ ਦੇ ਅਸਵੀਕਾਰਨਯੋਗ ਪ੍ਰਵਾਹ ਦੇ ਜਵਾਬ ਵਿੱਚ ਮੈਕਸੀਕੋ ਤੋਂ ਆਉਣ ਵਾਲੇ ਸਾਰੇ ਸਮਾਨ 'ਤੇ 25 ਫ਼ੀਸਦ ਟੈਰਿਫ ਲਗਾਇਆ ਸੀ।

ਉਨ੍ਹਾਂ ਵਿੱਚੋਂ ਕੁਝ ਟੈਰਿਫ਼ 2 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੇ ਗਏ ਹਨ।

ਫੈਂਟਾਨਿਲ ਵਪਾਰ ਨੂੰ ਖ਼ਤਮ ਕਰਨਾ ਰਾਸ਼ਟਰਪਤੀ ਟਰੰਪ ਦੇ ਪ੍ਰਮੁੱਖ ਨੀਤੀਗਤ ਟੀਚਿਆਂ ਵਿੱਚੋਂ ਇੱਕ ਹੈ, ਪਰ ਜੇਅ ਆਪਣੀਆਂ ਸੰਭਾਵਨਾਵਾਂ ਬਾਰੇ ਹੀ ਸੋਚਦਾ ਹੈ।

ਜੇਅ ਕਹਿੰਦੇ ਹਨ, "ਜਦੋਂ ਉਹ ਪਿਛਲੀ ਵਾਰ ਰਾਸ਼ਟਰਪਤੀ ਅਹੁਦੇ 'ਤੇ ਸਨ, ਤਾਂ ਵੀ ਉਨ੍ਹਾਂ ਨੇ ਇਹੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਹ ਨਾ ਹੋ ਸਕਿਆ।"

"ਹਮੇਸ਼ਾ ਇਸ ਦੀ ਮੰਗ ਰਹਿੰਦੀ ਹੈ ਅਤੇ ਸਭ ਤੋਂ ਵੱਡੀ ਮੰਗ ਕਿੱਥੇ ਹੈ? ਅਮਰੀਕਾ, ਸਾਡੇ ਲਈ ਬਹੁਤ ਚੰਗਾ ਹੈ। ਅਸੀਂ ਇੱਥੇ ਸਰਹੱਦ 'ਤੇ ਹਾਂ।"

ਅਮਰੀਕਾ ਵਿੱਚ ਇੰਨਾ ਜ਼ਿਆਦਾ ਨਸ਼ੀਲਾ ਪਦਾਰਥ ਆ ਰਿਹਾ ਹੈ, ਜਿਸ ਵਿੱਚੋਂ ਜ਼ਿਆਦਾਤਰ ਮੈਕਸੀਕੋ ਤੋਂ ਆ ਰਿਹਾ ਹੈ।

ਜੇਅ ਦੱਸਦੇ ਹਨ ਕਿ ਐੱਲਏ ਵਿੱਚ ਪਹਿਲਾਂ ਉਹ ਜਿਹੜੀ ਗੋਲੀ 5 ਜਾਂ 6 ਡਾਲਰ ਦੀ ਵੇਚਦੇ ਸਨ ਉਹ ਹੁਣ 1.50 ਜਾਂ 1.16 ਡਾਲਰ ਦੀ ਹੋ ਗਈ ਹੈ।

ਨਸ਼ਿਆਂ ਨੇ ਲਈਆਂ ਵੱਧ ਜਾਨਾਂ

ਕਾਰਟੇਲ ਮੈਂਬਰ

ਤਸਵੀਰ ਸਰੋਤ, Darren Conway/BBC

ਤਸਵੀਰ ਕੈਪਸ਼ਨ, ਕਈ ਕਾਰਟੇਲ ਮੈਂਬਰ ਗੁਨਾਹ ਦੀ ਭਾਵਨਾ ਦਾ ਸ਼ਿਕਾਰ ਵੀ ਹਨ ਪਰ ਮੰਨਦੇ ਹਨ ਕਿ ਕਾਰੋਬਾਰ ਜਾਰੀ ਰਹੇਗਾ

ਮੈਕਸੀਕਨ ਪੁਲਿਸ ਦਾ ਕਹਿਣਾ ਹੈ ਕਿ ਕਾਰਟੇਲ ਫੈਂਟਾਨਿਲ ਵੱਲ ਵੱਡੇ ਪੱਧਰ 'ਤੇ ਤਬਦੀਲ ਹੋ ਗਏ ਹਨ, ਜੋ ਕਿ ਹੈਰੋਇਨ ਨਾਲੋਂ 50 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੈ। ਇਹ ਹੋਰ ਅਫ਼ੀਮਾਂ ਵਰਗੀ ਨਹੀਂ ਹੋ ਜੋ ਭੁੱਕੀ ਜਾਂ ਗਾਂਝੇ ਤੋਂ ਬਣਾਈ ਜਾਂਦੀ ਹੈ ਇਹ ਪੂਰੀ ਤਰ੍ਹਾਂ ਸਿੰਥੈਟਿਕ ਹੈ ਅਤੇ ਬਣਾਉਣਾ ਅਤੇ ਲਿਜਾਣਾ ਬਹੁਤ ਸੌਖਾ ਹੈ।

ਫੈਂਟਾਨਿਲ ਦੀ ਤਾਕਤ ਅਤੇ ਨਸ਼ਾਖੋਰੀ ਨੇ ਅਮਰੀਕੀ ਸਮਾਜ 'ਤੇ ਡੂੰਘਾ ਘਾਣ ਕੀਤਾ ਹੈ ਅਮਰੀਕਾ ਵਿੱਚ ਬੰਦੂਕਾਂ ਜਾਂ ਕਾਰ ਹਾਦਸਿਆਂ ਨਾਲੋਂ ਨਸ਼ਿਆਂ ਦੀ ਓਵਰਡੋਜ਼ ਜ਼ਿਆਦਾ ਲੋਕਾਂ ਦੀ ਜਾਨ ਲੈਂਦੀ ਹੈ।

ਹਾਲਾਂਕਿ ਮੌਤਾਂ ਵਿੱਚ ਕਮੀ ਆਉਣੀ ਸ਼ੁਰੂ ਹੋ ਗਈ ਹੈ। ਇਸ ਦਾ ਕੁਝ ਹੱਦ ਤੱਕ ਕਾਰਨ ਨੈਲੋਕਸੋਨ ਦੀ ਸੌਖੀ ਅਤੇ ਵਧੇਰੇ ਉਪਲਬਧਤਾ ਹੈ। ਨੈਲੋਕਸੋਨ ਇੱਕ ਅਜਿਹੀ ਦਵਾਈ ਜੋ ਓਪੀਔਡਜ਼ ਦੀ ਓਵਰਡੋਜ਼ ਦੇ ਪ੍ਰਭਾਵਾਂ ਨੂੰ ਉਲਟਾਉਂਦੀ ਹੈ।

ਪਰ ਤਾਜ਼ਾ ਅੰਕੜੇ ਅਜੇ ਵੀ ਅਸਰ ਨੂੰ ਸਪੱਸ਼ਟ ਦਰਸਾਉਂਦੇ ਹਨ। ਅਕਤੂਬਰ 2023 ਤੋਂ ਸਤੰਬਰ 2024 ਤੱਕ 87,000 ਮੌਤਾਂ ਨਸ਼ਿਆਂ ਦੀ ਓਵਰਡੋਜ਼ ਨਾਲ ਹੋਈਆਂ, ਜੋ ਕਿ ਇੱਕ ਸਾਲ ਪਹਿਲਾਂ ਦੇ 114,000 ਤੋਂ ਘੱਟ ਹਨ।

ਮੈਕਸੀਕੋ ਸਰਕਾਰ ਦਾ ਸਖ਼ਤੀ ਦਾ ਦਾਅਵਾ

ਯਾਦਗਾਰ

ਤਸਵੀਰ ਸਰੋਤ, Darren Conway/BBC

ਤਸਵੀਰ ਕੈਪਸ਼ਨ, ਨਸ਼ਿਆਂ ਦੀ ਓਵਰਡੋਜ਼ ਨਾਲ ਮਰੇ ਲੋਕਾਂ ਦੀਆਂ ਤਸਵੀਰਾਂ ਡਰੱਗ ਇਨਫ਼ੋਰਸਮੈਂਟ ਅਧਿਕਾਰੀਆਂ ਦੇ ਮੁੱਖ ਦਫ਼ਤਰ ਵਿੱਚ ਲਾਈਆਂ ਗਈਆਂ ਹਨ।

ਵ੍ਹਾਈਟ ਹਾਊਸ ਤੋਂ ਦੰਡਕਾਰੀ ਟੈਰਿਫਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਸਰਹੱਦ 'ਤੇ 10,000 ਨੈਸ਼ਨਲ ਗਾਰਡ ਫੌਜੀਆਂ ਨੂੰ ਭੇਜਣ ਦਾ ਵਾਅਦਾ ਕੀਤਾ ਹੈ।

ਸਰਕਾਰ ਨੇ ਅਕਤੂਬਰ ਤੋਂ ਲੈ ਕੇ ਹੁਣ ਤੱਕ ਸਿਨੋਲਾ, ਜੋ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਇੱਕ ਪ੍ਰਮੁੱਖ ਕੇਂਦਰ ਹੈ ਵਿੱਚ 900 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਹਨ।

ਦਸੰਬਰ ਵਿੱਚ, ਮੈਕਸੀਕੋ ਨੇ ਦੇਸ਼ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਫੈਂਟਾਨਿਲ ਖੇਪ ਜ਼ਬਤ ਕਰਨ ਦਾ ਐਲਾਨ ਕੀਤਾ। ਇਸ ਵਿੱਚ ਇੱਕ ਟਨ ਤੋਂ ਵੱਧ ਗੋਲੀਆਂ ਸਨ।

ਦਰਅਸਲ, ਦੇਸ਼ ਨੇ ਪਿਛਲੇ ਪੰਜ ਮਹੀਨਿਆਂ ਵਿੱਚ ਪਿਛਲੇ ਸਾਲ ਨਾਲੋਂ ਜ਼ਿਆਦਾ ਫੈਂਟਾਨਿਲ ਜ਼ਬਤ ਕੀਤਾ ਹੈ।

ਮੈਕਸੀਕੋ ਨੇ ਚੀਨ ਤੋਂ ਫੈਂਟਾਨਿਲ ਦੇ ਇੱਕ ਮੁੱਖ ਤੱਤ ਨੂੰ ਆਯਾਤ ਕਰਨਾ ਵੀ ਔਖਾ ਬਣਾ ਦਿੱਤਾ ਹੈ, ਜਿਸ ਕਾਰਨ ਕਾਰਟੇਲ ਹਰੇਕ ਗੋਲੀ ਦੀ ਤਾਕਤ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਪ੍ਰਕਿਰਿਆ ਵਿੱਚ ਗੋਲੀਆਂ ਮੁਕਾਬਲਤਨ ਘੱਟ ਘਾਤਕ ਬਣਾ ਰਹੇ ਹਨ।

ਫਰਵਰੀ ਦੇ ਅੰਤ ਵਿੱਚ, 29 ਸੀਨੀਅਰ ਡਰੱਗ ਕਾਰਟੇਲ ਵਿਅਕਤੀਆਂ ਨੂੰ ਅਮਰੀਕਾ ਨੂੰ ਸੌਂਪਿਆ ਗਿਆ, ਜਿਨ੍ਹਾਂ ਵਿੱਚ ਛੇ ਮੈਕਸੀਕਨ ਅਪਰਾਧ ਸਿੰਡੀਕੇਟਾਂ ਵਿੱਚੋਂ ਪੰਜ ਦੇ ਮੈਂਬਰ ਸ਼ਾਮਲ ਸਨ। ਇਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਅੱਤਵਾਦੀ ਸੰਗਠਨਾਂ ਵਜੋਂ ਨਾਮਜ਼ਦ ਕੀਤਾ ਹੈ।

ਇਹ ਵੀ ਪੜ੍ਹੋ-

ਰਾਸ਼ਟਰਪਤੀ ਸ਼ੀਨਬੌਮ ਨੇ ਇਹ ਵੀ ਕਿਹਾ ਕਿ ਮੀਡੀਆ ਵੱਲੋਂ ਗੁਪਤ ਮਿਸ਼ਨਾਂ ਦਾ ਖੁਲਾਸਾ ਕਰਨ ਤੋਂ ਬਾਅਦ, ਉਹ ਫੈਂਟਾਨਿਲ ਡਰੱਗ ਲੈਬਜ਼ ਦੀ ਭਾਲ ਵਿੱਚ ਮੈਕਸੀਕਨ ਇਲਾਕਿਆਂ ਉੱਤੇ ਨਿਗਰਾਨੀ ਲਈ ਡਰੋਨ ਕਾਰਵਾਈਆਂ ਵਧਾਉਣ ਲਈ ਸੀਆਈਏ ਨਾਲ ਸਹਿਮਤ ਹੋ ਗਈ ਹੈ।

ਜੇਅ ਆਪਣੇ ਅਤੇ ਆਪਣੇ ਗਾਹਕਾਂ ਲਈ ਆਪਣੇ ਵਪਾਰ ਦੇ ਖ਼ਤਰਿਆਂ ਨੂੰ ਸਵੀਕਾਰ ਕਰਦਾ ਹੈ, ਪਰ ਉਹ ਫ਼ਿਕਰਮੰਦ ਨਹੀਂ ਹੈ।

ਉਹ ਕਹਿੰਦੇ ਹਨ, "ਉਹ ਹਮੇਸ਼ਾ ਸਾਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ, ਕਿ ਅਸੀਂ ਹੀ ਅਮਰੀਕੀ ਨਾਗਰਿਕਾਂ ਨੂੰ ਜ਼ਹਿਰ ਦੇ ਰਹੇ ਹਾਂ। ਪਰ ਉਹ ਸਭ ਤੋਂ ਵੱਡੇ ਉਪਭੋਗਤਾ ਹਨ।"

ਉਹ ਆਪਣੇ ਆਪ ਨੂੰ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਲਈ ਜ਼ਿੰਮੇਵਾਰੀ ਅਤੇ ਇਲਜ਼ਾਮਾਂ ਤੋਂ ਦੂਰ ਰੱਖਦੇ ਹਨ।

ਉਹ ਦਾਅਵਾ ਕਰਦਾ ਹੈ ਕਿ ਉਹ ਕਿਸੇ ਵੀ ਅਜਿਹੇ ਵਿਅਕਤੀ ਨੂੰ ਨਹੀਂ ਜਾਣਦਾ ਜਿਸਦੀ ਉਸਦੇ ਉਤਪਾਦ ਦੀ ਵਰਤੋਂ ਕਰਕੇ ਮੌਤ ਹੋਈ ਹੋਵੇ।

ਜੇਅ ਨੇ ਦੱਸਿਆ, "ਮੈਂ ਸਿਰਫ਼ ਦੂਜੇ ਸਪਲਾਇਰਾਂ ਨਾਲ ਹੀ ਕੰਮ ਕਰਦਾ ਹਾਂ।"

ਇਹ ਕਾਰਟੇਲ ਜ਼ਿਆਦਾਤਰ ਅਮਰੀਕੀ ਨਾਗਰਿਕਾਂ ਨੂੰ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਨੂੰ ਕੋਰੀਅਰ ਕਰਨ ਲਈ ਵਰਤਦੇ ਹਨ, ਕਿਉਂਕਿ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਦੁਆਰਾ ਉਨ੍ਹਾਂ ਨੂੰ ਰੋਕਣ ਦੀ ਸੰਭਾਵਨਾ ਘੱਟ ਹੁੰਦੀ ਹੈ।

ਚਾਰਲੀ ਨਾਮ ਦੇ ਡਰਾਈਵਰ ਕੋਲ ਅਮਰੀਕੀ ਪਾਸਪੋਰਟ ਹੈ।

ਉਹ ਵੀ ਫੈਂਟਾਨਿਲ ਮਹਾਂਮਾਰੀ ਕਾਰਨ ਹੋਈਆਂ ਮੌਤਾਂ ਪ੍ਰਤੀ ਉਦਾਸੀਨ ਹੈ।

ਉਹ ਕਹਿੰਦਾ ਹੈ,"ਮੈਨੂੰ ਪੈਸੇ ਚਾਹੀਦੇ ਹਨ।"

ਜਦੋਂ ਮੈਂ ਉਸ ਨੂੰ ਪੁੱਛਦਾ ਹਾਂ ਕਿ ਉਸ ਨੇ ਕਿੰਨੀ ਵਾਰ ਨਸ਼ਾ ਵੇਚਿਆ, ਤਾਂ ਉਹ ਜਵਾਬ ਦਿੰਦਾ ਹੈ,"ਬਹੁਤ ਜ਼ਿਆਦਾ।"

(ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਤੇਲ ਟੈਂਕ ਵਿੱਚ 5,000 ਗੋਲੀਆਂ ਬਿਨਾਂ ਕਿਸੇ ਪੁੱਛ-ਪੜਤਾਲ ਦੇ ਸਰਹੱਦ ਪਾਰ ਪਹੁੰਚ ਗਈਆਂ।)

ਰਾਸ਼ਟਰਪਤੀ ਸ਼ੀਨਬੌਮ ਨੇ ਹਾਲ ਹੀ ਵਿੱਚ ਸੰਕਟ 'ਤੇ ਕਾਰਵਾਈ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਫੈਂਟਾਨਿਲ ਸੰਕਟ 1990 ਦੇ ਦਹਾਕੇ ਦੇ ਅਖੀਰ ਵਿੱਚ ਆਕਸੀਕੌਂਟਿਨ ਵਰਗੇ ਦਰਦ ਨਿਵਾਰਕਾਂ ਦੀ ਕਾਨੂੰਨੀ ਪਰ "ਗੈਰ-ਜ਼ਿੰਮੇਵਾਰਾਨਾ ਪ੍ਰਵਾਨਗੀ" ਨਾਲ ਸ਼ੁਰੂ ਹੋਇਆ ਸੀ।

ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਅਮਰੀਕੀ ਸਰਕਾਰ ਨੂੰ ਓਪੀਔਡ-ਖਪਤ ਸੰਕਟ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਜਿਸ ਕਾਰਨ ਇੰਨੀਆਂ ਮੌਤਾਂ ਹੋਈਆਂ ਹਨ।"

ਉਹ ਇਲਾਕੇ ਜਿੱਥੇ ਬੱਚੇ ਵੀ ਬਚ ਨਾ ਸਕੇ

ਪਿਚਾਰਡੋ

ਤਸਵੀਰ ਸਰੋਤ, Darren Conway/BBC

ਤਸਵੀਰ ਕੈਪਸ਼ਨ, ਪਿਚਾਰਡੋ ਲੋਕਾਂ ਨੂੰ ਨਸ਼ਿਆਂ ਦੀ ਓਵਰਡੋਜ਼ ਤੋਂ ਬਚਾਉਣ ਲਈ ਮੁਹਿੰਮ ਚਲਾ ਰਹੇ ਹਨ

ਫਿਲਾਡੇਲਫੀਆ ਦੇ ਕੇਨਸਿੰਗਟਨ ਇਲਾਕੇ ਨੂੰ ਅਮਰੀਕਾ ਦੇ ਪੂਰਬੀ ਤੱਟ 'ਤੇ ਸਭ ਤੋਂ ਵੱਡਾ ਓਪਨ-ਏਅਰ ਡਰੱਗਜ਼ ਮਾਰਕੀਟ ਕਿਹਾ ਜਾਂਦਾ ਹੈ। ਉੱਥੇ ਓਪਰੇਸ਼ਨ ਸੇਵ ਅਵਰ ਸਿਟੀ ਚਲਾਉਣ ਵਾਲੀ ਰੋਜ਼ਾਲਿੰਡ ਪਿਚਾਰਡੋ ਆਪਣੀ ਕਿਤਾਬ ਉੱਤੇ ਕੰਮ ਕਰ ਰਹੀ ਹੈ।

ਉਹ ਕਿਤਾਬ ਦੇ ਆਖ਼ਰੀ ਪੰਨਿਆਂ ਵਿੱਚ ਲਿਖਦੇ ਹਨ ਕਿ ਉਸਨੇ ਓਪੀਔਡ ਓਵਰਡੋਜ਼ ਦੇ ਅਸਰ ਨੂੰ ਉਲਟਾਉਣ ਲਈ ਨੈਲੋਕਸੋਨ ਦੀ ਕਿੰਨੀ ਜ਼ਿਆਦਾ ਵਰਤੋਂ ਕੀਤੀ।

ਪਿਛਲੇ ਛੇ ਸਾਲਾਂ ਤੋਂ, ਇਹ ਅੰਕੜਾ ਕੁੱਲ 2,931 ਹੈ।

ਉਹ ਲਿਖਦੇ ਹਨ ਲਾਲ ਰੰਗ ਵਿੱਚ ਲਿਖਿਆ ਉਹ ਅੰਕੜਾ ਉਨ੍ਹਾਂ ਵਿਅਕਤੀਆਂ ਦੀਆਂ ਯਾਦਾਂ ਨਾਲ ਜ਼ਿੰਦਾ ਹੋ ਜਾਂਦਾ ਹੈ ਜਿਨ੍ਹਾਂ ਨੂੰ ਉਸਨੇ ਬਚਾਇਆ ਸੀ ਅਤੇ ਜਿਨ੍ਹਾਂ ਨੂੰ ਉਸਨੇ ਗੁਆ ਦਿੱਤਾ ਸੀ।

ਉਹ ਕਿਤਾਬ ਵਿੱਚ ਇਨ੍ਹਾਂ ਦੀ ਸੂਰਤ ਬਿਆਨ ਕਰਦੀ ਹੈ, "60 ਸਾਲਾਂ ਦਾ ਮਰਦ... 30 ਸਾਲਾਂ ਦਾ ਮਰਦ... 30 ਸਾਲਾਂ ਦੀ ਔਰਤ, ਬਹੁਤ ਪਤਲੀ, ਬਿਨਾਂ ਵਾਲਾਂ ਦੇ।"

ਫੈਂਟਾਨਿਲ ਪੀੜਤਾਂ ਦੀ ਇਸ ਹਾਜ਼ਰੀ ਵਿੱਚ ਹਰੇਕ ਨਾਮ ਦੇ ਨਾਲ, ਨੈਲੋਕਸੋਨ ਦੀਆਂ ਖੁਰਾਕਾਂ ਦੀ ਗਿਣਤੀ ਵੀ ਲਿਖੀ ਹੈ। ਇਨ੍ਹਾਂ ਨੂੰ ਇਹ ਦਵਾਈ ਨਾਰਕਨ ਨਾਮ ਹੇਠ ਵੇਚੀ ਜਾਂਦੀ ਸੀ।

ਪਿਚਾਰਡੋ, ਜੋ ਸਨਸ਼ਾਈਨ ਹਾਊਸ ਨਾਮਕ ਇੱਕ ਡਰਾਪ-ਇਨ ਸੈਂਟਰ ਚਲਾਉਂਦੀ ਹੈ, ਇੱਕ 'ਨੋ-ਜਜਮੈਂਟ ਜ਼ੋਨ' ਵੀ ਚਲਾਉਂਦੀ ਹੈ।

ਉਹ "ਨਸ਼ੇੜੀ", "ਜੰਕੀ" ਜਾਂ "ਜ਼ੋਂਬੀ" ਵਰਗੇ ਸ਼ਬਦਾਂ 'ਤੇ ਭੜਕ ਉੱਠਦੀ ਹੈ, ਜੋ ਉਸਦੇ ਆਂਢ-ਗੁਆਂਢ ਦੇ ਲੋਕਾਂ ਦਾ ਵਰਣਨ ਕਰਨ ਲਈ ਵਰਤੇ ਜਾਂਦੇ ਹਨ। ਇਸ ਦੀ ਬਜਾਇ, ਉਹ ਸਾਰਿਆਂ ਨੂੰ "ਸਨਸ਼ਾਈਨ" (ਧੁੱਪ ਦੀ ਰੌਸ਼ਨੀ) ਕਹਿੰਦੀ ਹੈ।

ਕੁਝ ਉਸ ਨੂੰ ਯਾਦ ਨਹੀਂ ਹਨ; ਕੁਝ ਉਹ ਕਦੇ ਨਹੀਂ ਭੁੱਲੇਗੀ।

ਉਹ ਕਹਿੰਦੀ ਹੈ, "ਇਸ ਨੂੰ ਦੇਖੋ, ਸੱਤ ਸਾਲ ਪੁਰਾਣਾ, ਦੋ ਨਾਰਕਨ।"

ਨਸ਼ਾ ਤਸਕਰ

ਤਸਵੀਰ ਸਰੋਤ, Darren Conway/BBC

ਤਸਵੀਰ ਕੈਪਸ਼ਨ, ਡਰੱਗ ਦੀ ਵਰਤੋਂ ਕਰਨ ਵਾਲੇ ਕਈ ਲੋਕ ਖ਼ੁਦ ਹੀ ਸਨਸ਼ਾਈਨ ਹਾਊਸ ਆ ਜਾਂਦੇ ਹਨ

ਪਿਚਾਰਡੋ ਨੂੰ ਇੱਕ ਗੁਆਂਢੀ ਦੇ ਘਰ ਬੁਲਾਇਆ ਗਿਆ ਸੀ ਜਿੱਥੇ ਇੱਕ ਔਰਤ ਨੇ ਇੱਕ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਫੜਿਆ ਹੋਇਆ ਸੀ ਜੋ ਨੀਲਾ ਹੋ ਗਿਆ ਸੀ।

ਪਿਚਾਰਡੋ ਅੰਦਰ ਗਈ ਅਤੇ ਕੁੜੀ ਨੂੰ ਫਰਸ਼ 'ਤੇ ਪਾ ਦਿੱਤਾ ਗਿਆ, ਪਰ ਜਿਵੇਂ ਹੀ ਉਹ ਅੰਦਰ ਗਈ, ਬੱਚੀ ਦਾ ਪਿਤਾ ਇੱਕ ਬੈਗ ਲੈ ਕੇ ਉੱਪਰ ਵੱਲ ਭੱਜਿਆ।

ਉਹ ਯਾਦ ਕਰਕੇ ਕਹਿੰਦੀ ਹੈ, "ਮੈਨੂੰ ਲੱਗਦਾ ਹੈ ਕਿ ਜੇ ਉਹ ਮੇਰਾ ਬੱਚਾ ਹੁੰਦਾ, ਤਾਂ ਮੈਂ ਬੱਚੇ ਦੀ ਮਦਦ ਲਈ ਭੱਜਦੀ।"

ਪਹਿਲਾਂ ਤਾਂ ਉਸ ਨੇ ਸੋਚਿਆ ਕਿ ਇਹ ਮਿਰਗੀ ਹੋ ਸਕਦੀ ਹੈ, ਪਰ ਉਸਨੇ ਨੇੜੇ ਦੇ ਮੇਜ਼ 'ਤੇ ਨਸ਼ੀਲੇ ਪਦਾਰਥਾਂ ਦੇ ਸਕੇਲ ਅਤੇ ਪਲਾਸਟਿਕ ਦੇ ਬੈਗ ਦੇਖੇ।

ਬੱਚੇ ਦਾ ਪਿਤਾ ਇੱਕ ਨਸ਼ੀਲੇ ਪਦਾਰਥਾਂ ਦਾ ਵਪਾਰੀ ਸੀ। ਸੱਤ ਸਾਲ ਦੇ ਬੱਚੇ ਨੂੰ ਉਸਦੇ ਲੁਕੇ ਹੋਏ ਪਦਾਰਥਾਂ ਵਿੱਚੋਂ ਕੁਝ ਖਾਦਾ ਅਤੇ ਉਸ ਦੀ ਓਵਰਡੋਜ਼ ਤੋਂ ਪੀੜਤ ਹੋ ਗਿਆ ਸੀ।

ਪਿਚਾਰਡੋ ਕਹਿੰਦੀ ਹੈ, "ਮੈਂ ਗੁੱਸੇ ਵਿੱਚ ਸੀ।"

ਨਾਰਕਨ ਦੀਆਂ ਉਹ ਦੋ ਖੁਰਾਕਾਂ ਬੱਚੇ ਦੀ ਜਾਨ ਬਚਾਉਣ ਲਈ ਕਾਫ਼ੀ ਸਨ।

ਇੱਕ ਹੋਰ ਪੰਨੇ 'ਤੇ, ਇੱਕ ਔਰਤ, ਛੇ ਮਹੀਨਿਆਂ ਦੀ ਗਰਭਵਤੀ, ਨਾਰਕਨ ਦੀਆਂ ਦੋ ਖੁਰਾਕਾਂ। ਉਹ ਵੀ ਬਚ ਗਈ।

ਕੇਨਸਿੰਗਟਨ ਵਿੱਚ, ਨਸ਼ੇ ਸਸਤੇ ਹਨ ਅਤੇ ਸੌਖੇ ਉਪਲੱਬਧ ਵੀ ਹਨ। ਉਥੇ ਲੋਕ ਸਰੇਆਮ ਸ਼ਰਾਬਾਂ ਪੀਂਦੇ ਦੇਖੇ ਜਾ ਸਕਦੇ ਹਨ।

ਜਦੋਂ ਉਹ ਆਂਢ-ਗੁਆਂਢ ਵਿੱਚ ਘੁੰਮ ਹੀ ਸੀ ਤਾਂ ਪਿਚਾਰਡੋ ਨੂੰ ਫੁੱਟਪਾਥ 'ਤੇ ਲੋਕ ਬੇਹੋਸ਼ ਪਏ ਮਿਲੇ, ਇੱਕ ਔਰਤ ਬੇਹੋਸ਼ ਪਈ ਹੋਈ ਆਪਣੀ ਪੈਂਟ ਲਾਹ ਰਹੀ ਸੀ, ਇੱਕ ਆਦਮੀ ਮੈਟਰੋ ਟਰਨਸਟਾਇਲ ਦੇ ਕੋਲ ਪਿਆ ਹੋਇਆ, ਇੱਕ ਹੋਰ ਆਦਮੀ ਵ੍ਹੀਲਚੇਅਰ 'ਤੇ, ਅੱਖਾਂ ਬੰਦ ਕਰਕੇ ਅਤੇ ਹੱਥਾਂ ਵਿੱਚ ਪੈਸੇ ਫੜੀ ਬੇਸੁੱਧ ਬੈਠਾ ਸੀ।

ਓਪੀਔਡ ਉਪਭੋਗਤਾਵਾਂ ਦੀ ਵੱਧ ਰਹੀ ਗਿਣਤੀ ਵਾਂਗ, ਉਸਦਾ ਇੱਕ ਅੰਗ ਕੱਟਿਆ ਗਿਆ ਹੈ।

ਸੜਕ 'ਤੇ ਇੱਕ ਨਵੀਂ ਦਵਾਈ ਜੋ ਜਾਨਵਰਾਂ ਨੂੰ ਆਰਾਮ ਦੇਣ ਵਾਲੀ ਜ਼ਾਈਲਾਜ਼ੀਨ ਸੀ, ਨੂੰ ਫੈਂਟਾਨਿਲ ਨਾਲ ਮਿਲਾਇਆ ਜਾ ਰਿਹਾ ਹੈ।

ਇਸ ਨਾਲ ਖੁੱਲ੍ਹੇ ਜ਼ਖ਼ਮਾਂ ਦੇ ਇਲਾਜ ਲਈ ਵਰਤੀ ਜਾਂਦੀ ਹੈ।

ਜੌਨ ਵ੍ਹਾਈਟ

ਤਸਵੀਰ ਸਰੋਤ, Darren Conway/BBC

ਤਸਵੀਰ ਕੈਪਸ਼ਨ, ਜੌਨ ਵ੍ਹਾਈਟ 56 ਸਾਲਾਂ ਦਾ ਹੈ ਅਤੇ ਉਮਰ ਦੇ 40 ਵਰ੍ਹੇ ਉਹ ਨਸ਼ਿਆਂ ਨਾਲ ਜੂਝਦਾ ਰਿਹਾ ਹੈ

ਜੌਨ ਵ੍ਹਾਈਟ 56 ਸਾਲਾਂ ਦਾ ਹੈ ਅਤੇ ਉਮਰ ਦੇ 40 ਵਰ੍ਹੇ ਉਹ ਨਸ਼ਿਆਂ ਨਾਲ ਜੂਝਦਾ ਰਿਹਾ ਹੈ।

ਸਨਸ਼ਾਈਨ ਹਾਊਸ ਵਿੱਚ ਪਿਚਾਰਡੋ ਉਸ ਨੂੰ ਘਰ ਦੇ ਬਣੇ ਸੂਪ ਦਾ ਇੱਕ ਕਟੋਰਾ ਪਰੋਸਦੀ ਹੈ।

ਉਹ ਕਹਿੰਦਾ ਹੈ, "ਮੈਂ ਆਪਣੀ ਸਾਰੀ ਜ਼ਿੰਦਗੀ ਇਸ ਸ਼ਹਿਰ ਵਿੱਚ ਰਿਹਾ ਹਾਂ।"

"ਫੈਂਟਾਨਿਲ ਅਤੇ ਓਪੀਔਡ ਮਹਾਂਮਾਰੀ ਹੁਣ ਤੱਕ ਦੀ ਸਭ ਤੋਂ ਭੈੜੀ ਮਹਾਂਮਾਰੀ ਹੈ। ਫੈਂਟਾਨਿਲ ਤੁਹਾਨੂੰ ਇੰਨਾ ਜ਼ਿਆਦਾ ਨਸ਼ੇ ਵਿੱਚ ਫਸਾ ਦੇਵੇਗਾ ਕਿ ਤੁਹਾਨੂੰ ਹੋਰ ਨਸ਼ੇ ਦੀ ਆਦਤ ਮਜਬੂਰਨ ਹੀ ਪੈ ਜਾਵੇਗੀ। ਇਸ ਲਈ ਉਨ੍ਹਾਂ ਨੇ ਇਸ ਨੂੰ ਹਰ ਚੀਜ਼ ਵਿੱਚ ਪਾ ਦਿੱਤਾ ਹੈ।"

ਵ੍ਹਾਈਟ ਨੂੰ ਫੈਂਟਾਨਿਲ ਦੀ ਓਵਰਡੋਜ਼ ਡਰੱਗ ਉਸ ਸਮੇਂ ਮਿਲੀ ਜਦੋਂ ਉਸ ਦੀ ਸਿਗਰਟ ਵਿੱਚ ਇਸ ਨੂੰ ਮਿਲਾਇਆ ਗਿਆ ਸੀ।

ਉਹ ਦੱਸਦੇ ਹਨ ਕਿ ਇਸ ਨੂੰ ਹੈਰੋਇਨ, ਕੋਕੀਨ ਅਤੇ ਮਰੀਜੁਆਨਾ ਸਣੇ ਹਰ ਤਰ੍ਹਾਂ ਦੇ ਗੈਰ-ਕਾਨੂੰਨੀ ਨਸ਼ਿਆਂ ਵਿੱਚ ਮਿਲਾਇਆ ਜਾ ਰਿਹਾ ਹੈ।

ਪਿਚਾਰਡੋ ਨੂੰ ਬਹੁਤ ਘੱਟ ਉਮੀਦ ਹੈ ਕਿ ਜੇਕਰ ਫੈਂਟਾਨਿਲ ਵਪਾਰ ਮੈਕਸੀਕੋ ਤੋਂ ਕੱਟ ਦਿੱਤਾ ਜਾਂਦਾ ਹੈ ਤਾਂ ਵੀ ਇਸ ਨਾਲ ਕੇਨਸਿੰਗਟਨ ਵਿੱਚ ਲੋਕਾਂ ਦੇ ਜੀਵਨ ਵਿੱਚ ਸੁਧਾਰ ਹੋਵੇਗਾ।

ਉਹ ਕਹਿੰਦੀ ਹੈ ਕਿ ਜਦੋਂ ਇੱਕ ਦਵਾਈ ਦੀ ਸਪਲਾਈ ਬੰਦ ਹੋ ਜਾਂਦੀ ਹੈ, ਤਾਂ ਦੂਜੀ ਉਸਦੀ ਥਾਂ ਲੈ ਲੈਂਦੀ ਹੈ।

"ਕਿਸੇ ਜ਼ਮਾਨੇ ਵਿੱਚ ਹੈਰੋਇਨ ਹੁੰਦੀ ਸੀ, ਹੁਣ ਨਹੀਂ ਹੈ। ਹੁਣ ਫੈਂਟਾਨਿਲ ਆ ਗਿਆ ਹੈ। ਜਦੋਂ ਫੈਂਟਾਨਿਲ ਨਹੀਂ ਹੁੰਦਾ, ਹੁਣ ਇਸ ਦੀ ਥਾਂ ਜ਼ਾਈਲਾਜ਼ੀਨ ਲੈ ਰਿਹਾ ਹੈ।"

ਪਿਚਾਰਡੋ ਕਹਿੰਦੀ ਹੈ ਕਿ ਉਸ ਲਈ ਇਹ ਇਸ ਤਰ੍ਹਾਂ ਹੈ ਜਿਵੇਂ ਉਹ ਲੋਕਾਂ ਨੂੰ ਨਸ਼ਿਆਂ ਦਾ ਆਦੀ ਰੱਖਣ ਦਾ ਕੋਈ ਤਰੀਕਾ ਲੱਭਣਗੇ ਤਾਂ ਜੋ ਲੋਕਾਂ ਨੂੰ ਦੁੱਖਾਂ ਵਿੱਚ ਪਾਉਣ ਅਤੇ ਫ਼ਿਰ ਉਨ੍ਹਾਂ ਤੋਂ ਪੈਸੇ ਕਮਾ ਸਕਣ।"

ਸਨਸ਼ਾਈਨ ਹਾਊਸ ਦੇ ਬਿਲਕੁਲ ਸਾਹਮਣੇ, ਇੱਕ ਨੌਜਵਾਨ ਔਰਤ ਫੁੱਟਪਾਥ 'ਤੇ ਡਿੱਗੀ ਹੋਈ ਮਿਲੀ, ਉਹ ਬੇਹੋਸ਼ ਸੀ।

ਪਿਚਾਰਡੋ ਜਲਦੀ ਹੀ ਮੌਕੇ 'ਤੇ ਪਹੁੰਚ ਗਈ, ਉਸਦੀ ਮੈਡੀਕਲ ਕਿੱਟ ਉਸਦੇ ਨਾਲ ਹੀ ਸੀ ਅਤੇ ਫਿਰ ਤੋਂ ਨੈਲੋਕਸੋਨ ਦਾ ਟੀਕਾ ਲਗਾਇਆ ਗਿਆ।

ਔਰਤ ਨੂੰ ਅੰਤ ਵਿੱਚ ਬਚਾ ਲਿਆ ਜਾਵੇਗਾ।

ਰੋਜ਼ ਪਿਚਾਰਡੋ ਸਨਸ਼ਾਈਨ ਹਾਊਸ ਵਾਪਸ ਆਉਂਦੀ ਹੈ, ਇੱਕ ਹੋਰ ਜਾਨ ਬਚਾਈ ਜਾਂਦੀ ਹੈ ਅਤੇ ਉਸਦੀ ਫਟੀ ਹੋਈ ਕਿਤਾਬ ਦੇ ਪਿਛਲੇ ਪੰਨਿਆਂ ਵਿੱਚ ਇੱਕ ਹੋਰ ਅੰਕ ਜੋੜਿਆ ਜਾਣਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)