ਅਮਰੀਕਾ ਨੇ ਗ਼ੈਰ ਦਸਤਾਵੇਜ਼ੀ ਪਰਵਾਸੀਆਂ ਲਈ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਕੀਤਾ, ਕੀ ਹੈ ਪ੍ਰਕਿਰਿਆ, ਪਾਲਣਾ ਨਾ ਕਰਨ ਉੱਤੇ ਕੀ ਹੋਵੇਗਾ

ਤਸਵੀਰ ਸਰੋਤ, Getty Images
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਗੈਰ ਦਸਤਾਵੇਜ਼ੀ ਪਰਵਾਸੀਆਂ ਦਾ ਇੱਕ ਕੌਮਾਂਤਰੀ ਰਜਿਸਟਰ ਬਣਾਉਣਗੇ। ਇਹ ਐਲਾਨ ਉਨ੍ਹਾਂ ਨੇ 25 ਫਰਵਰੀ 2025 ਨੂੰ ਕੀਤਾ।
ਇਸ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਜੇ ਕੋਈ ਗੈਰ ਦਸਤਾਵੇਜ਼ੀ ਪਰਵਾਸੀ ਤੈਅ ਸਮੇਂ ਸੀਮਾ ਵਿੱਚ ਰਜਿਸਟਰ ਨਹੀਂ ਕਰਵਾਉਂਦਾ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਓਰਿਟੀ ਨੇ 25 ਫਰਵਰੀ ਨੂੰ ਐਲਾਨਿਆ ਕਿ 14 ਸਾਲ ਤੋਂ ਉੱਤੇ ਹਰ ਗੈਰ ਦਸਤਾਵੇਜ਼ੀ ਪਰਵਾਸੀ ਨੂੰ ਅਮਰੀਕੀ ਸਰਕਾਰ ਨੂੰ ਆਪਣਾ ਪਤਾ ਤੇ ਉਂਗਲਾਂ ਦੇ ਨਿਸ਼ਾਨ ਬਾਰੇ ਜਾਣਕਾਰੀ ਦੇਣੀ ਪੈਣੀ ਹੈ।
ਇਹ ਕਦਮ ਅਮਰੀਕਾ ਵੱਲੋਂ ਆਪਣੇ ਪਰਵਾਸੀ ਸਿਸਟਮ ਵਿੱਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਦਾ ਇੱਕ ਹਿੱਸਾ ਹੈ। ਇਸੇ ਤਹਿਤ ਬੀਤੇ ਕੁਝ ਵਕਤ ਵਿੱਚ ਕਈ ਗੈਰ ਕਾਨੂੰਨੀ ਪਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਤੇ ਕਈ ਗੈਰ-ਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ।

ਡਿਪਾਰਟਮੈਂਟ ਆਫ ਹੋਮਲੈਂਡ ਸਿਕਿਓਰਿਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਲੋਕਾਂ ਦਾ ਖੁਦ ਡਿਪੋਰਟ ਹੋਣਾ ਵਧੇਗਾ, ਜੋ ਕਿ ਸਰਕਾਰੀ ਏਜੰਸੀਆਂ ਅਤੇ ਪਰਵਾਸੀਆਂ ਦੋਵਾਂ ਦੀ ਸੁਰੱਖਿਆ ਲਈ ਇੱਕ ਚੰਗੀ ਗੱਲ ਹੋਵੇਗੀ।
ਡਿਪਾਰਟਮੈਂਟ ਆਫ ਹੋਮਲੈਂਡ ਸਿਕਿਓਰਿਟੀ ਦੇ ਬੁਲਾਰੇ ਤ੍ਰਿਸ਼ੀਆ ਮੈਕਲਾਫਲਿਨ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਸੁਨੇਹਾ ਸਾਫ਼ ਹੈ ਕਿ ਜੋ ਕੋਈ ਵੀ ਦੇਸ਼ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਹੈ, ਉਹ ਫੌਰਨ ਦੇਸ਼ ਨੂੰ ਛੱਡ ਦੇਵੇ।
ਉਹ ਕਹਿੰਦੇ ਹਨ, "ਜੇ ਤੁਸੀਂ ਹੁਣ ਦੇਸ਼ ਛੱਡਦੇ ਹੋ ਤਾਂ ਤੁਹਾਨੂੰ ਵਾਪਸ ਆਉਣ 'ਤੇ ਇੱਕ ਆਜ਼ਾਦ ਜ਼ਿੰਦਗੀ ਜਿਉਣ ਅਤੇ ਅਮਰੀਕਾ ਦਾ ਸੁਪਨਾ ਵੇਖਣ ਦਾ ਮੌਕਾ ਮਿਲੇਗਾ। ਸਾਡੇ ਦੇਸ਼ ਅਤੇ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਲਈ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਕੌਣ ਸਾਡੇ ਦੇਸ਼ ਵਿੱਚ ਰਹਿ ਰਿਹਾ ਹੈ।"
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਰਜਿਸਟ੍ਰੇਸ਼ਨ ਸਿਸਟਮ ਨੂੰ ਲਾਗੂ ਕਰਨ ਵਿੱਚ ਮੁਸ਼ਕਲਾਂ ਆਉਣਗੀਆਂ ਕਿਉਂਕਿ ਇਸ ਨੂੰ ਲਾਗੂ ਕਰਨ ਦੀਆਂ ਆਪਣੀਆਂ ਚੁਣੌਤੀਆਂ ਹੋਣਗੀਆਂ।

ਤਸਵੀਰ ਸਰੋਤ, US Department of Homeland Security
ਆਓ, ਸਭ ਤੋਂ ਪਹਿਲਾਂ ਇਸ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਮਝਦੇ ਹਾਂ...
ਕਿਸ ਐਕਟ ਤਹਿਤ ਹੋਵੇਗਾ ਰਜਿਸਟ੍ਰੇਸ਼ਨ, ਕੀ ਹਨ ਨਿਯਮ
ਡਿਪਾਰਟਮੈਂਟ ਆਫ ਹੋਮਲੈਂਡ ਸਿਕਿਓਰਿਟੀ ਨੇ ਇਸ ਕਦਮ ਨੂੰ ਸਹੀ ਠਹਿਰਾਉਣ ਲਈ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੇ ਇੱਕ ਸੈਕਸ਼ਨ ਦਾ ਹਵਾਲਾ ਦਿੱਤਾ ਹੈ।
ਅਮਰੀਕਾ ਦੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਸ ਦੀ ਵੈਬਸਾਈਟ ਮੁਤਾਬਕ, ਅਣਅਧਿਕਾਰਤ ਪਰਵਾਸੀਆਂ ਦਾ ਰਜਿਸਟ੍ਰੇਸ਼ਨ ਇਸੇ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੇ ਸੈਕਸ਼ਨ 262 ਤਹਿਤ ਕੀਤਾ ਜਾਵੇਗਾ।
ਇਹ ਐਕਟ ਭਾਵੇਂ 1940 ਤੋਂ ਬਣਿਆ ਹੋਇਆ ਹੈ ਪਰ ਇਸ ਨੂੰ ਬਹੁਤ ਘੱਟ ਲਾਗੂ ਕੀਤਾ ਗਿਆ ਹੈ। ਇਹ ਐਕਟ ਦੂਜੀ ਵਿਸ਼ਵ ਜੰਗ ਵੇਲੇ ਲਾਗੂ ਕੀਤਾ ਗਿਆ ਸੀ ਜਦੋਂ ਅਮਰੀਕਾ ਵਿੱਚ ਗੈਰ ਦਸਤਾਵੇਜ਼ੀ ਪਰਵਾਸੀਆਂ ਦਾ ਰਿਕਾਰਡ ਰੱਖਣਾ ਜ਼ਰੂਰੀ ਸੀ।
ਐਕਟ ਤਹਿਤ, "14 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਉਹ ਪਰਵਾਸੀ ਜੋ ਅਮਰੀਕਾ ਦੇ ਨਾਗਰਿਕ ਨਹੀਂ ਹਨ, ਜਿਨ੍ਹਾਂ ਦੀਆਂ ਉਂਗਲਾਂ ਦੇ ਨਿਸ਼ਾਨਾਂ ਬਾਰੇ ਕੋਈ ਰਿਕਾਰਡ ਨਹੀਂ ਹੈ ਜਾਂ ਉਨ੍ਹਾਂ ਨੂੰ ਅਮਰੀਕਾ ਦਾ ਵੀਜ਼ਾ ਦੇਣ ਵੇਲੇ ਰਜਿਸਟਰ ਨਹੀਂ ਕੀਤਾ ਗਿਆ ਅਤੇ 30 ਦਿਨ ਜਾਂ ਉਸ ਤੋਂ ਵੱਧ ਸਮੇਂ ਲਈ ਉਹ ਅਮਰੀਕਾ ਵਿੱਚ ਹਨ, ਉਨ੍ਹਾਂ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਪਵੇਗਾ।"

ਤਸਵੀਰ ਸਰੋਤ, Getty Images
14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਲਈ ਬੱਚਿਆਂ ਦਾ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ। 14 ਸਾਲ ਦੀ ਉਮਰ ਪੂਰੀ ਹੋਣ ਦੇ 30 ਦਿਨਾਂ ਵਿਚਾਲੇ ਬੱਚੇ ਦਾ ਮੁੜ ਰਜਿਸਟ੍ਰੇਸ਼ਨ ਕਰਵਾਉਣਾ ਤੇ ਉਂਗਲਾਂ ਦੇ ਨਿਸ਼ਾਨ ਦਾ ਰਿਕਾਰਡ ਕਰਵਾਉਣਾ ਜ਼ਰੂਰੀ ਹੈ।
ਇੱਕ ਵਾਰ ਇੱਕ ਗੈਰ ਦਸਤਾਵੇਜ਼ੀ ਪਰਵਾਸੀ ਨੇ ਆਪਣਾ ਰਜਿਸਟ੍ਰੇਸ਼ਨ ਕਰਵਾ ਲਿਆ ਤੇ ਉਂਗਲਾਂ ਦੇ ਨਿਸ਼ਾਨ ਰਿਕਾਰਡ ਕਰਵਾ ਲਏ ਤਾਂ ਉਸ ਨੂੰ ਇੱਕ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਦਿੱਤਾ ਜਾਵੇਗਾ।
18 ਸਾਲ ਤੋਂ ਉੱਪਰ ਹਰ ਗੈਰ-ਦਸਤਾਵੇਜ਼ੀ ਪਰਵਾਸੀ ਨੂੰ ਹਰ ਵੇਲੇ ਇਸ ਸਰਟੀਫਿਕੇਟ ਨੂੰ ਆਪਣੇ ਨਾਲ ਰੱਖਣਾ ਜ਼ਰੂਰੀ ਹੈ।

ਤਸਵੀਰ ਸਰੋਤ, Getty Images
ਜੋ ਗੈਰ-ਦਸਤਾਵੇਜ਼ੀ ਪਰਵਾਸੀ ਖੁਦ ਨੂੰ ਰਜਿਸਟਰ ਨਹੀਂ ਕਰਵਾਉਂਦਾ ਹੈ, ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਕਾਰਵਾਈ ਤਹਿਤ ਜੇਲ੍ਹ ਦੀ ਸਜ਼ਾ ਅਤੇ ਜੁਰਮਾਨਾ ਵੀ ਹੋ ਸਕਦਾ ਹੈ।
ਇਸ ਦੇ ਨਾਲ ਹੀ ਇਹ ਵੀ ਸਾਫ ਕੀਤਾ ਗਿਆ ਹੈ ਕਿ ਜੇ ਕੋਈ ਗੈਰ-ਦਸਤਾਵੇਜ਼ੀ ਪਰਵਾਸੀ ਇਸ ਪ੍ਰਕਿਰਿਆ ਤਹਿਤ ਰਜਿਸਟ੍ਰੇਸ਼ਨ ਕਰਵਾ ਲੈਂਦਾ ਹੈ ਤਾਂ ਇਹ ਉਸ ਦਾ ਇਮੀਗ੍ਰੇਸ਼ਨ ਸਟੇਟਸ ਨਹੀਂ ਹੈ। ਭਾਵ ਇਹ ਨਹੀਂ ਸਮਝਿਆ ਜਾਵੇ ਕਿ ਰਜਿਸਟਰ ਹੋਇਆ ਗੈਰ-ਦਸਤਾਵੇਜ਼ੀ ਵਿਅਕਤੀ ਨਾਗਰਿਕਤਾ ਦੇ ਯੋਗ ਹੋ ਗਿਆ ਹੈ।
ਰਜਿਸਟ੍ਰੇਸ਼ਨ ਦਾ ਇਹ ਮਤਲਬ ਨਹੀਂ ਹੈ ਕਿ ਉਸ ਨੂੰ ਅਮਰੀਕਾ ਵਿੱਚ ਕੰਮ ਕਰਨ ਦਾ ਅਧਿਕਾਰ ਹੈ। ਇਸ ਦੇ ਨਾਲ ਹੀ ਉਸ ਨੂੰ ਅਮਰੀਕੀ ਕਾਨੂੰਨ ਦੇ ਤਹਿਤ ਹੋਰ ਅਧਿਕਾਰ ਵੀ ਇਸ ਰਜਿਸਟ੍ਰੇਸ਼ਨ ਤੋਂ ਬਾਅਦ ਨਹੀਂ ਮਿਲਣਗੇ।

ਤਸਵੀਰ ਸਰੋਤ, Getty Images
ਰਜਿਸਟਰ ਕਿਵੇਂ ਕਰਨਾ ਹੈ?
ਖ਼ਬਰ ਲਿਖੇ ਜਾਣ ਤੱਕ ਅਮਰੀਕਾ ਦੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਸ ਦੀ ਵੈਬਸਾਈਟ ਉੱਤੇ ਛਪੀ ਜਾਣਕਾਰੀ ਮੁਤਾਬਕ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਓਰਿਟੀ ਛੇਤੀ ਹੀ ਇਸ ਰਜਿਸਟ੍ਰੇਸ਼ਨ ਦੀ ਪੂਰੀ ਪ੍ਰਕਿਰਿਆ ਅਤੇ ਫਾਰਮ ਜਾਰੀ ਕਰਨਗੇ।
ਗੈਰ-ਦਸਤਾਵੇਜ਼ੀ ਪਰਵਾਸੀਆਂ ਨੇ ਉਦੋਂ ਤੱਕ ਅਮਰੀਕਾ ਦੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਸ ਦੀ ਵੈਬਸਾਈਟ ਉੱਤੇ ਜਾ ਕੇ ਆਪਣਾ ਐਕਾਊਂਟ ਬਣਾਉਣਾ ਹੈ।
ਕਿਸ ਨੂੰ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ
ਇਨ੍ਹਾਂ ਪਰਵਾਸੀਆਂ ਨੂੰ ਇਸ ਪ੍ਰਕਿਰਿਆ ਤਹਿਤ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਨਹੀਂ ਹੈ।
- ਜੋ ਕਾਨੂੰਨ ਤਹਿਤ ਪੱਕੇ ਨਾਗਰਿਕ ਹਨ।
- ਉਹ ਗੈਰ-ਦਸਤਾਵੇਜ਼ੀ ਪਰਵਾਸੀ ਜਿਨ੍ਹਾਂ ਨੂੰ ਅਮਰੀਕਾ ਦੇ ਆਈਐੱਨਏ ਐਕਟ ਤਹਿਤ ਪੈਰੋਲ ਦਿੱਤੀ ਗਈ, ਭਾਵੇਂ ਉਹ ਪੈਰੋਲ ਐਕਸਪਾਇਰ ਕਿਉਂ ਨਾ ਹੋ ਗਈ ਹੋਵੇ।
- ਜਿਨ੍ਹਾਂ ਗੈਰ ਦਸਤਾਵੇਜ਼ੀ ਪਰਵਾਸੀਆਂ ਕੋਲ ਬਾਰਡਰ ਕ੍ਰਾਸਿੰਗ ਕਾਰਡਜ਼ ਹੋਣ।
- ਜੋ ਗੈਰ ਦਸਤਾਵੇਜ਼ੀ ਪਰਵਾਸੀ ਅਮਰੀਕਾ ਵਿੱਚ ਹਨ ਤੇ ਉਨ੍ਹਾਂ ਨੂੰ ਅਮਰੀਕਾ ਪਹੁੰਚਣ ਤੋਂ ਪਹਿਲਾਂ ਇਮੀਗ੍ਰੈਂਟ ਤੇ ਨਾਨ ਇਮੀਗ੍ਰੈਂਟ ਵੀਜ਼ੇ ਜਾਰੀ ਕੀਤੇ ਹਨ।
- ਜਿਨ੍ਹਾਂ ਗੈਰ ਦਸਤਾਵੇਜ਼ੀ ਪਰਵਾਸੀਆਂ ਕੋਲ ਕੰਮ ਕਰਨ ਦੇ ਅਧਿਕਾਰ ਦੇ ਦਸਤਾਵੇਜ਼ ਹਨ।
- ਜਿਨ੍ਹਾਂ ਗੈਰ ਦਸਤਾਵੇਜ਼ੀ ਪਰਵਾਸੀਆਂ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਪੀਆਰ ਲਈ ਅਰਜ਼ੀ ਪਾਈ ਹੈ ਤੇ ਭਾਵੇਂ ਉਹ ਅਰਜ਼ੀ ਨਾਮਨਜ਼ੂਰ ਕਰ ਦਿੱਤੀ ਗਈ ਹੋਵੇ।

ਤਸਵੀਰ ਸਰੋਤ, Getty Images
ਕੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸਫ਼ਲ ਹੋਵੇਗੀ
ਅਮਰੀਕਾ ਵਿੱਚ ਕਰੀਬ ਇੱਕ ਕਰੋੜ 30 ਲੱਖ ਗੈਰ ਦਸਤਾਵੇਜ਼ੀ ਪਰਵਾਸੀ ਰਹਿ ਰਹੇ ਹਨ। ਇਹ ਸਾਫ਼ ਨਹੀਂ ਹੈ ਕਿ ਕਿੰਨੇ ਲੋਕ ਹੁਣ ਰਜਿਸਟਰ ਹੋਣਗੇ।
ਅਮਰੀਕਾ ਵਿੱਚ ਪਰਵਾਸੀਆਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਸੰਸਥਾ ਦਿ ਨੈਸ਼ਨਲ ਇਮੀਗ੍ਰੇਸ਼ਨ ਲਾਅ ਸੈਂਟਰ ਦਾ ਕਹਿਣਾ ਹੈ ਕਿ ਇਹ ਮੰਨਿਆ ਜਾ ਰਿਹਾ ਹੈ ਰਜਿਸਟਰੇਸ਼ਨ ਦੀ ਇਸ ਪ੍ਰਕਿਰਿਆ ਨੂੰ "ਪਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਅਤੇ ਡਿਪੋਰਟ ਕਰਨ ਲਈ ਵਰਤਿਆ ਜਾਵੇਗਾ।"
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਇਸ ਤਰੀਕੇ ਦੀ ਰਜਿਸਟਰੀ ਕਰਨ ਦੀ ਪ੍ਰਕਿਰਿਆ ਪਹਿਲਾਂ ਦੂਜੀ ਵਿਸ਼ਵ ਜੰਗ ਤੋਂ ਬਾਅਦ ਸਿਰਫ਼ ਦੇਸ਼ ਲਈ ਸੰਭਾਵਿਤ ਖ਼ਤਰਨਾਕ ਲੋਕਾਂ ਖਾਸਕਰ ਕਮਿਊਨਿਸਟ ਲੋਕਾਂ ਦੀ ਪਛਾਣ ਲਈ ਵਰਤੀ ਜਾਂਦੀ ਸੀ।

ਤਸਵੀਰ ਸਰੋਤ, Getty Images
ਬੀਬੀਸੀ ਪੱਤਰਕਾਰ ਬਰਨਡ ਡੀਬਸਮਨ ਜੂਨੀਅਰ ਨੂੰ ਅਮਰੀਕਨ ਇਮੀਗ੍ਰੇਸ਼ਨ ਕੌਂਸਲ ਦੀ ਪਾਲਿਸੀ ਡਾਇਰੈਕਟਰ ਨੈਨਾ ਗੁਪਤਾ ਨੇ ਦੱਸਿਆ ਕਿ ਉਹ ਮੰਨਦੇ ਹਨ ਕਿ ਪ੍ਰਕਿਰਿਆ ਅਸਰਦਾਰ ਨਹੀਂ ਹੋਵੇਗੀ।
ਉਹ ਕਹਿੰਦੇ ਹਨ, "ਇਹ ਮੰਨਣਾ ਮੁਸ਼ਕਲ ਹੈ ਕਿ ਗੈਰ ਦਸਤਾਵੇਜ਼ੀ ਪਰਵਾਸੀ ਇਸ ਨਵੀਂ ਪ੍ਰਕਿਰਿਆ ਦਾ ਹਿੱਸਾ ਬਣਨਗੇ। ਖ਼ਾਸਕਰ ਉਦੋਂ ਜਦੋਂ ਸਰਕਾਰ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਗੈਰ ਦਸਤਾਵੇਜ਼ੀ ਪਰਵਾਸੀਆਂ ਬਾਰੇ ਦੱਸਣਾ ਪਵੇਗਾ। ਉਨ੍ਹਾਂ ਨੇ ਆਪਣਾ ਮਕਸਦ ਵੀ ਸਾਫ ਦੱਸ ਦਿੱਤਾ ਹੈ ਕਿ ਉਹ ਵੱਡੇ ਪੱਧਰ ਉੱਤੇ ਗੈਰ ਕਾਨੂੰਨੀ ਪਰਵਾਸੀਆਂ ਨੂੰ ਡਿਪੋਰਟ ਕਰਨਾ ਚਾਹੁੰਦੇ ਹਨ।"
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਗੈਰ ਕਾਨੂੰਨੀ ਪਰਵਾਸੀ ਅਮਰੀਕਾ ਵਿੱਚ 15 ਸਾਲ ਜਾਂ ਉਸ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ ਤੇ ਬਹੁਤ ਹੀ ਘੱਟ ਸੰਭਾਵਨਾ ਹੈ ਕਿ ਉਹ ਆਪਣਾ ਰਜਿਸਟ੍ਰੇਸ਼ਨ ਕਰਵਾਉਣਗੇ।
"ਇਸ ਦੇ ਨਾਲ ਟਰੰਪ ਪ੍ਰਸ਼ਾਸਨ ਨੂੰ ਵੱਡੇ ਪੱਧਰ ਉੱਤੇ ਡਿਪੋਰਟੇਸ਼ਨ ਕਰਨ ਦਾ ਇੱਕ ਵੱਡਾ ਹਥਿਆਰ ਮਿਲ ਜਾਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












