ਰਾਵਲਪਿੰਡੀ ਵਿੱਚ ਜਦੋਂ ਔਰਤਾਂ ਨੇ ਹਮਲਾਵਰਾਂ ਡਰੋਂ ਬੱਚਿਆਂ ਸਣੇ ਖੂਹਾਂ ਵਿੱਚ ਛਾਲਾਂ ਮਾਰੀਆਂ...

 ਰਾਵਲਪਿੰਡੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਈ 1947 ਵਿੱਚ ਭਾਰਤ ਦੇ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਰਾਵਲਪਿੰਡੀ ਵਿੱਚ ਪ੍ਰਭਾਵਿਤ ਹੋਏ ਇਲਾਕਿਆਂ ਦਾ ਦੌਰਾ ਕੀਤਾ ਸੀ
    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਚੇਤਾਵਨੀ -ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ।

'ਅਸੀਂ ਸਾਰਿਆਂ ਨੇ ਖੂਹ 'ਚ ਛਾਲਾਂ ਮਾਰ ਦਿੱਤੀਆਂ, ਕੁਝ ਸੌ..ਚੁਰਾਸੀ.. ਕੁੜੀਆਂ ਅਤੇ ਮੁੰਡੇ, ਮੈਂ ਵੀ ਆਪਣੇ ਦੋ ਬੱਚਿਆਂ ਨਾਲ ਛਾਲ ਮਾਰ ਦਿੱਤੀ, ਪਰ ਜਿਵੇਂ ਤੰਦੂਰ 'ਚ ਰੋਟੀਆਂ ਵੱਧ ਪਾ ਦਿਓ ਤਾਂ ਉਹ ਪੱਕਦੀਆਂ ਨਹੀਂ, ਖੂਹ ਭਰ ਗਿਆ ਤੇ ਅਸੀਂ ਡੁੱਬ ਨਹੀਂ ਸਕੇ।'

ਮਾਰਚ 1947 ਵਿੱਚ ਵਾਪਰੇ ਰਾਵਲਪਿੰਡੀ ਦੇ ਦੰਗਿਆਂ 'ਚੋਂ ਬਚਣ ਵਾਲੇ ਥੋਹਾ ਖਾਲਸਾ ਪਿੰਡ ਦੇ ਬਸੰਤ ਕੌਰ ਨੇ ਇਹ ਅੱਖੀਂ ਡਿੱਠਾ ਹਾਲ ਲੇਖਕ ਉਰਵਸ਼ੀ ਬੁਟਾਲੀਆ ਨੂੰ ਦੱਸਿਆ ਸੀ।

ਉਰਵਸ਼ੀ ਬੁਟਾਲੀਆ ਨੇ ਇਸ ਨੂੰ ਆਪਣੀ ਕਿਤਾਬ 'ਦ ਅਦਰ ਸਾਈਡ ਆਫ ਪਾਰਟੀਸ਼ਨ' ਵਿੱਚ ਵੀ ਦਰਜ ਕੀਤਾ ਹੈ।

ਥੋਹਾ ਖਾਲਸਾ, ਚੋਆ ਖਾਲਸਾ, ਧਮਾਲੀ.. ਇਹ ਰਾਵਲਪਿੰਡੀ ਦੇ ਉਨ੍ਹਾਂ ਪਿੰਡਾਂ ਦੇ ਨਾਮ ਹਨ, ਜਿੱਥੇ ਰਹਿੰਦੇ ਹਿੰਦੂ-ਸਿੱਖਾਂ ਨੂੰ ਫ਼ਿਰਕੂ ਹਿੰਸਾ ਦਾ ਸਾਹਮਣਾ ਕਰਨਾ ਪਿਆ ਸੀ।

1947 ਦੀ ਵੰਡ ਤੋਂ ਕੁਝ ਮਹੀਨੇ ਪਹਿਲਾਂ ਸ਼ੁਰੂ ਹੋਈ ਇਹ ਹਿੰਸਾ 6 ਮਾਰਚ ਤੋਂ ਸ਼ੁਰੂ ਹੋ ਕੇ 15-16 ਮਾਰਚ ਤੱਕ ਚੱਲੀ।

ਰਾਵਲਪਿੰਡੀ

ਤਸਵੀਰ ਸਰੋਤ, Prabodh Chandra

ਤਸਵੀਰ ਕੈਪਸ਼ਨ, ਪਾਕਿਸਤਾਨੀ ਮੀਡੀਆ ਵਿੱਚ ਇਸ ਕਤਲੇਆਮ ਨੂੰ 'ਫੌਰਗੌਟਨ ਮੈਸੇਕਰ' ਵੀ ਕਿਹਾ ਜਾ ਚੁੱਕਾ ਹੈ

ਇਨ੍ਹਾਂ ਪਿੰਡਾਂ ਵਿੱਚ ਰਹਿੰਦੇ ਕਈ ਸਿੱਖ ਪਰਿਵਾਰਾਂ ਵੱਲੋਂ ਔਰਤਾਂ ਨੂੰ ਮਾਰ ਦਿੱਤੇ ਜਾਣ ਜਾਂ ਔਰਤਾਂ ਵੱਲੋਂ 'ਆਪਣੀ ਇੱਜ਼ਤ ਦੀ ਰਾਖੀ' ਲਈ ਖੂਹਾਂ ਵਿੱਚ ਛਾਲਾਂ ਮਾਰਨ ਬਾਰੇ ਵੀ ਵੱਖ-ਵੱਖ ਬਿਰਤਾਂਤ ਸਮੇਂ ਦੇ ਨਾਲ-ਨਾਲ ਸਾਹਮਣੇ ਆਏ ਹਨ।

ਬਸੰਤ ਕੌਰ ਦੇ ਪੁੱਤਰ ਬੀਰ ਬਹਾਦੁਰ ਸਿੰਘ ਵੱਲੋਂ ਉਸ ਵੇਲੇ ਥੋਹਾ ਖਾਲਸਾ ਦਾ ਦੱਸਿਆ ਗਿਆ ਹਾਲ ਵੀ ਵੱਖ-ਵੱਖ ਥਾਵਾਂ ਉੱਤੇ ਦਰਜ ਹੈ।

ਉਨ੍ਹਾਂ ਨੇ ਉਰਵਸ਼ੀ ਨੂੰ ਦੱਸਿਆ ਸੀ, "ਗੁਲਾਬ ਸਿੰਘ ਦੀ ਹਵੇਲੀ ਵਿੱਚ 26 ਕੁੜੀਆਂ ਨੂੰ ਰੱਖਿਆ ਗਿਆ, ਸਭ ਤੋਂ ਪਹਿਲਾਂ ਮੇਰੇ ਪਿਤਾ ਸੰਤ ਰਾਜਾ ਸਿੰਘ ਆਪਣੀ ਧੀ ਨੂੰ ਮਾਰਨ ਲਈ ਵਿਹੜੇ ਵਿੱਚ ਲੈ ਕੇ ਆਏ।"

"ਇੱਕ-ਇੱਕ ਕਰਕੇ 25 ਕੁੜੀਆਂ ਨੂੰ ਮਾਰ ਦਿੱਤਾ ਗਿਆ।"

ਕਤਲੇਆਮ ਵਿੱਚ ਕਿੰਨੀਆਂ ਮੌਤਾਂ ਹੋਈਆਂ

ਹਿੰਸਾ ਵਿੱਚੋਂ ਬਚੇ ਬੱਚਿਆਂ ਦੀਆਂ ਤਸਵੀਰਾਂ

ਤਸਵੀਰ ਸਰੋਤ, Prabodh Chandra

ਤਸਵੀਰ ਕੈਪਸ਼ਨ, ਹਿੰਸਾ ਵਿੱਚੋਂ ਬਚੇ ਬੱਚਿਆਂ ਦੀਆਂ ਤਸਵੀਰਾਂ

ਥੋਹਾ ਖਾਲਸਾ ਬਾਰੇ, ਅਪ੍ਰੈਲ 1947 ਵਿੱਚ ਸਟੇਟਸਮੈਨ ਅਖ਼ਬਾਰ ਵੱਲੋਂ ਵੀ ਰਿਪੋਰਟ ਛਾਪੀ ਗਈ, ਜਿਸ ਵਿੱਚ 90 ਔਰਤਾਂ ਵੱਲੋਂ ਖ਼ੂਹ ਵਿੱਚ ਛਾਲ ਮਾਰੇ ਜਾਣ ਦੀ ਗੱਲ ਕਹੀ ਗਈ।

ਭਾਰਤੀ ਲੇਖਕ ਅਤੇ ਅਦਾਕਾਰ ਭੀਸ਼ਮ ਸਾਹਨੀ ਉਸ ਵੇਲੇ ਕਾਂਗਰਸ ਪਾਰਟੀ ਵਿੱਚ ਕੰਮ ਕਰਦੇ ਸਨ। ਉਹ ਹਿੰਸਾ ਤੋਂ ਬਾਅਦ ਰਾਵਲਪਿੰਡੀ ਗਏ ਸਨ।

'ਪਾਰਟੀਸ਼ਨ ਵੋਇਸਜ਼' ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਥੋਹਾ ਖਾਲਸਾ ਦੇ ਉਸ ਖੂਹ ਦਾ ਵੀ ਜ਼ਿਕਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਕਈ ਔਰਤਾਂ ਅਤੇ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ ਸਨ।

ਇੱਥੇ ਵਾਪਰੀਆਂ ਭਿਆਨਕ ਘਟਨਾਵਾਂ ਤੋਂ ਬਾਅਦ ਖਿੱਚੀਆਂ ਗਈਆਂ ਤਸਵੀਰਾਂ ਵਾਲੀ ਕਿਤਾਬ ਨੂੰ ਪ੍ਰਬੋਧ ਚੰਦਰਾ ਵੱਲੋਂ 'ਰੇਪ ਆਫ ਰਾਵਲਪਿੰਡੀ' ਨਾਮ ਦਿੱਤਾ ਗਿਆ ਸੀ।

'ਸਟਰਨ ਰੈਕਨਿੰਗ' ਕਿਤਾਬ ਵਿੱਚ ਗੋਪਾਲ ਦਾਸ ਖੋਸਲਾ ਲਿਖਦੇ ਹਨ ਕਿ ਰਾਵਲਪਿੰਡੀ ਦੇ ਕਰੀਬ 110 ਪਿੰਡਾਂ 'ਤੇ ਅਜਿਹੇ ਹਮਲੇ ਹੋਏ।

ਉਹ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਅੰਦਾਜ਼ਨ 2500 ਦੱਸਦੇ ਹਨ, ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਿਪੋਰਟ 'ਚ ਇਹ ਅੰਕੜਾ ਇਸ ਤੋਂ ਤਿੰਨ ਗੁਣਾ ਵੱਧ (ਕਰੀਬ 7,000) ਦੱਸਿਆ ਗਿਆ ਹੈ।

ਪਾਕਿਸਤਾਨੀ ਮੀਡੀਆ ਵਿੱਚ ਇਸ ਕਤਲੇਆਮ ਨੂੰ 'ਫੌਰਗੌਟਨ ਮੈਸੇਕਰ' ਵੀ ਕਿਹਾ ਜਾ ਚੁੱਕਾ ਹੈ।

ਕਿਵੇਂ ਸ਼ੁਰੂ ਹੋਇਆ ਸੀ ਫ਼ਿਰਕੂ ਤਣਾਅ

ਸਟਰਨ ਰੈਕਨਿੰਗ

ਪੰਜਾਬ ਬਲੱਡੀਡ, ਪਾਰਟਿਸ਼ਨਡ ਐਂਡ ਕਲਿਨਸਡ ਦੇ ਲੇਖਕ ਇਸ਼ਤਿਆਕ ਅਹਿਮਦ ਦੱਸਦੇ ਹਨ ਕਿ 3 ਮਾਰਚ 1947 ਨੂੰ ਲਾਹੌਰ ਤੋਂ ਸ਼ੁਰੂ ਹੋਈ ਇਹ ਹਿੰਸਾ ਰਾਵਲਪਿੰਡੀ ਦੇ ਪਿੰਡਾਂ ਤੱਕ ਪਹੁੰਚੀ ਜਿੱਥੇ ਮੁਸਲਿਮ ਲੀਗ ਨਾਲ ਸਬੰਧਤ ਲੋਕਾਂ ਨੇ ਸਿੱਖ ਅਬਾਦੀ ਵਾਲੇ ਪਿੰਡਾਂ ਨੂੰ ਘੇਰਾ ਪਾਇਆ ਸੀ।

ਹਾਲਾਂਕਿ 1946 ਦੀਆਂ ਪੰਜਾਬ ਅਸੈਂਬਲੀ ਚੋਣਾਂ ਵਿੱਚ ਮੁਸਲਿਮ ਲੀਗ ਵੱਡੀ ਗਿਣਤੀ ਵਿੱਚ ਸੀਟਾਂ ਉੱਤੇ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਹੀ ਸੀ ਪਰ ਪੰਜਾਬ ਵਿੱਚ ਸਰਕਾਰ ਨਹੀਂ ਬਣਾ ਸਕੀ ਸੀ।

ਪਾਕਿਸਤਾਨ ਦੀ ਮੰਗ ਦੇ ਚਲਦਿਆਂ ਮੁਸਲਿਮ ਡਾਇਰੈਕਟ ਐਕਸ਼ਨ ਦੀ ਕਾਲ ਦਿੱਤੀ ਗਈ ਸੀ ਜਿਸ ਕਰਕੇ ਅਗਸਤ 1946 ਵਿੱਚ ਕਲਕੱਤੇ ਅਤੇ ਹੋਰ ਥਾਵਾਂ ਉੱਤੇ ਵੱਡੇ ਪੱਧਰ 'ਤੇ ਹਿੰਸਾ ਵਾਪਰੀ ਸੀ।

ਇਸ਼ਤਿਆਕ ਅਹਿਮਦ ਲਿਖਦੇ ਹਨ ਕਿ ਪੰਜਾਬ ਵਿੱਚ ਵੀ ਅਜਿਹੀ ਹੀ ਹਿੰਸਾ ਵਾਪਰਨ ਦਾ ਡਰ ਸੀ, ਜਿਸ ਦੇ ਚਲਦਿਆਂ ਪੰਜਾਬ ਸਰਕਾਰ ਨੇ ਨੈਸ਼ਨਲ ਗਾਰਡ ਤੇ ਆਰਐੱਸਐੱਸ (ਰਾਸ਼ਟਰੀ ਸਵੈਮ ਸੇਵਕ ਸੰਘ) ਨੂੰ ਬੈਨ ਕਰਨ ਦੇ ਹੁਕਮ ਜਾਰੀ ਕੀਤੇ ਸਨ ਤੇ ਮੁਸਲਿਮ ਲੀਗ ਦੇ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕਰ ਦਿੱਤੀਆਂ ਸਨ।

ਇਸ ਦੀ ਮੁਸਲਿਮ ਲੀਗ ਦੇ ਆਗੂਆਂ ਵੱਲੋਂ ਭਾਰੀ ਮੁਖ਼ਾਲਫ਼ਤ ਕੀਤੀ ਗਈ ਤੇ ਪੰਜਾਬ ਦੇ ਸ਼ਹਿਰਾਂ ਵਿੱਚ ਵੱਡੇ ਪੱਧਰ 'ਤੇ ਮੁਜ਼ਾਹਰੇ ਹੋਏ।

ਇਸ਼ਤਿਆਕ ਅਹਿਮਦ ਲਿਖਦੇ ਹਨ ਕਿ ਫਰਵਰੀ 1947 ਵਿੱਚ ਅੰਗਰੇਜ਼ਾਂ ਨੇ ਇਹ ਐਲਾਨ ਕਰ ਦਿੱਤਾ ਕਿ ਉਹ ਜੂਨ 1948 ਤੱਕ ਸੱਤਾ ਭਾਰਤੀਆਂ ਨੂੰ ਸੌਂਪ ਦੇਣਗੇ।

ਇਸੇ ਦੇ ਚਲਦਿਆਂ ਪੰਜਾਬ ਵਿੱਚ ਯੂਨੀਅਨਿਸਟ ਪਾਰਟੀ ਦੀ ਸਰਕਾਰ ਦੀ ਅਗਵਾਈ ਕਰ ਰਹੇ ਖ਼ਿਜ਼ਰ ਹਿਆਤ ਟਿਵਾਣਾ ਨੇ 2 ਮਾਰਚ ਨੂੰ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਸੀ।

ਇਸ ਨੂੰ ਮੁਸਲਿਮ ਲੀਗ ਦੇ ਸਮਰਥਕਾਂ ਵੱਲੋ ਇੱਕ ਜਿੱਤ ਵਜੋਂ ਦੇਖਿਆ ਗਿਆ।

ਇਹ ਵੀ ਪੜ੍ਹੋ-

ਮਾਸਟਰ ਤਾਰਾ ਸਿੰਘ ਵੱਲੋਂ ਪਾਕਿਸਤਾਨ ਦੀ ਖ਼ਿਲਾਫ਼ਤ

ਮਾਸਟਰ ਤਾਰਾ ਸਿੰਘ

ਤਸਵੀਰ ਸਰੋਤ, Getty Images

ਇਸ਼ਤਿਆਕ ਦੱਸਦੇ ਹਨ, "3 ਮਾਰਚ ਨੂੰ ਪੰਜਾਬ ਅਸੈਂਬਲੀ ਦੀ ਇਮਾਰਤ ਦੇ ਬਾਹਰ ਵੱਡੀ ਗਿਣਤੀ ਵਿੱਚ ਮੁਸਲਮਾਨ ਲੋਕ ਮੁਸਲਿਮ ਲੀਗ ਦੀ ਸਰਕਾਰ ਬਣਾਉਣ ਦੀ ਮੰਗ ਨਾਲ ਇਕੱਠੇ ਹੋਏ।"

ਉਸ ਵੇਲੇ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੂੰ ਕਿ 1947 ਦੇ ਇਤਿਹਾਸ ਦੀ ਸਭ ਤੋਂ ਨਾਟਕੀ ਘਟਨਾ ਮੰਨਿਆ ਜਾਂਦਾ ਹੈ।

'ਸਿੱਖ ਆਗੂ ਮਾਸਟਰ ਤਾਰਾ ਸਿੰਘ ਅਸੈਂਬਲੀ ਦੀਆਂ ਪੌੜੀਆਂ ਉੱਤੇ ਆਏ ਉਨ੍ਹਾਂ ਨਾਲ ਹੋਰ ਆਗੂ ਸਨ, ਭੀੜ ਵੱਲ ਮੂੰਹ ਕਰਦਿਆਂ ਉਨ੍ਹਾਂ ਨੇ ਆਪਣੀ ਕਿਰਪਾਨ ਲਹਿਰਾਈ।'

ਟ੍ਰਿਬਿਊਨ ਦੀ ਰਿਪੋਰਟ ਮੁਤਾਬਕ, ਉਨ੍ਹਾਂ ਨੇ 'ਪਾਕਿਸਤਾਨ ਮੁਰਦਾਬਾਦ' ਅਤੇ 'ਸਤਿ ਸ੍ਰੀ ਅਕਾਲ' ਦੇ ਨਾਅਰੇ ਲਗਾਏ ਸਨ।

ਲਾਹੌਰ ਤੋਂ ਇਹ ਖ਼ਬਰ ਅੰਮ੍ਰਿਤਸਰ, ਜਲੰਧਰ ਤੇ ਰਾਵਲਪਿੰਡੀ ਤੱਕ ਪਹੁੰਚੀ।

ਇਸ਼ਤਿਆਕ ਕਹਿੰਦੇ ਹਨ ਕਿ ਇਸ ਨੂੰ ਇੱਕ 'ਟ੍ਰਿਗਰ' ਮੰਨਿਆ ਜਾ ਸਕਦਾ ਹੈ ਪਰ ਹੋਰ ਵੀ ਪੱਖ ਜ਼ਿੰਮੇਵਾਰ ਸਨ।

ਰਾਵਲਪਿੰਡੀ

ਰਾਵਲਪਿੰਡੀ ਵਿੱਚ ਹੀ ਵੱਧ ਕਤਲੇਆਮ ਕਿਉਂ ਵਾਪਰਿਆ?

ਰਾਵਲਪਿੰਡੀ ਸ਼ਹਿਰ ਖ਼ੈਬਰ ਪਾਸ ਦੇ ਸਿੱਧੇ ਰਾਹ 'ਤੇ ਪੈਂਦਾ ਹੈ, ਇਹ ਅੰਗਰੇਜ਼ਾਂ ਦਾ ਫ਼ੌਜੀ ਕੇਂਦਰ ਵੀ ਸੀ।

1941 ਦੀ ਮਰਦਮਸ਼ੁਮਾਰੀ ਮੁਤਾਬਕ ਰਾਵਲਪਿੰਡੀ ਸ਼ਹਿਰ ਦੀ ਅਬਾਦੀ 185,042 ਸੀ।

ਰਾਵਲਪਿੰਡੀ ਜ਼ਿਲ੍ਹੇ ਦੀ ਆਬਾਦੀ 785,231 ਸੀ। ਇਸ ਵਿੱਚੋਂ 80 ਫ਼ੀਸਦੀ ਮੁਸਲਮਾਨ ਸਨ ਜਦਕਿ 10.5 ਫ਼ੀਸਦੀ ਹਿੰਦੂ ਅਤੇ 8.17 ਫ਼ੀਸਦੀ ਸਿੱਖ ਸਨ।

ਇਸ਼ਤਿਆਕ ਦੱਸਦੇ ਹਨ ਕਿ ਰਾਵਲਪਿੰਡੀ ਦੇ ਸ਼ਹਿਰੀ ਇਲਾਕਿਆਂ ਵਿੱਚ ਹਿੰਦੂ-ਸਿੱਖਾਂ ਦੀ ਆਬਾਦੀ ਸੰਘਣੀ ਹੋਣ ਕਰਕੇ ਹਿੰਸਾ ਪੇਂਡੂ ਖੇਤਰਾਂ ਵਿੱਚ ਵੱਧ ਵਾਪਰੀ ਸੀ।

ਰਾਵਲਪਿੰਡੀ ਵਿੱਚ ਫ਼ਿਰਕੂ ਤਣਾਅ ਸ਼ੁਰੂ ਹੋਣ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਿਪੋਰਟ ਵਿੱਚ ਇਹ ਜ਼ਿਕਰ ਮਿਲਦਾ ਹੈ।

'5 ਮਾਰਚ 1947 ਨੂੰ ਰਾਵਲਪਿੰਡੀ ਵਿੱਚ ਹਿੰਦੂ ਅਤੇ ਸਿੱਖ ਵਿਦਿਆਰਥੀਆਂ ਨੇ ਸ਼ਾਂਤਮਈ ਜਲੂਸ ਕੱਢਿਆ, ਇਸ ਜਲੂਸ ਉੱਤੇ ਮੁਸਲਿਮ ਲੀਗ ਦੇ ਮੈਂਬਰਾਂ ਵੱਲੋਂ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਹਿੰਸਾ ਹੋਈ, ਜਿਸ ਵਿੱਚ ਮੁਸਲਿਮ ਲੀਗ ਦੀ ਹਾਰ ਹੋਈ।'

ਇਸ਼ਤਿਆਕ ਲਿਖਦੇ ਹਨ ਕਿ ਰਾਵਲਪਿੰਡੀ ਜ਼ਿਲ੍ਹੇ ਅਤੇ ਡਿਵੀਜ਼ਨ ਵਿੱਚ ਮੁਸਲਮਾਨਾਂ ਦੀ ਆਬਾਦੀ ਵੱਧ ਸੀ ਜਦਕਿ ਸ਼ਹਿਰੀ ਇਲਾਕੇ ਵਿੱਚ ਹਿੰਦੂ ਅਤੇ ਸਿੱਖ ਵੱਧ ਗਿਣਤੀ ਵਿੱਚ ਸਨ।

ਇੱਥੇ ਰਹਿੰਦੇ ਸਿੱਖ ਸਭ ਤੋਂ ਅਮੀਰ ਸਨ, ਉਹ ਵਪਾਰ ਦੇ ਨਾਲ-ਨਾਲ ਕਰਜ਼ਾ ਵੀ ਦਿੰਦੇ ਸਨ।

ਇਸ਼ਤਿਆਕ ਦੱਸਦੇ ਹਨ ਕਿ ਰਾਵਲਪਿੰਡੀ ਵਿੱਚ ਵੱਡੀ ਗਿਣਤੀ ਵਿੱਚ ਲੋਕ ਫੌਜ ਤੋਂ ਰਿਟਾਇਰ ਹੋ ਕੇ ਆਏ ਸਨ ਤੇ ਹਥਿਆਰਾਂ ਨਾਲ ਲੈਸ ਸਨ, ਇਸ ਕਾਰਨ ਇੱਥੇ ਹਿੰਸਾ ਦਾ ਪੱਧਰ ਵੱਧ ਸੀ।

ਪਿੰਡਾਂ ਨੂੰ ਕਿਵੇਂ ਬਣਾਇਆ ਗਿਆ ਨਿਸ਼ਾਨਾ ?

'ਸਟਰਨ ਰੈਕਨਿੰਗ'

ਤਸਵੀਰ ਸਰੋਤ, Stern Reckoning

ਤਸਵੀਰ ਕੈਪਸ਼ਨ, ਗੋਪਾਲ ਦਾਸ ਖੋਸਲਾ ਦੀ ਕਿਤਾਬ 'ਸਟਰਨ ਰੈਕਨਿੰਗ'

ਆਪਣੀ ਕਿਤਾਬ 'ਸਟਰਨ ਰੈਕਨਿੰਗ' ਵਿੱਚ ਗੋਪਾਲ ਦਾਸ ਖੋਸਲਾ ਲਿਖਦੇ ਹਨ ਕਿ ਸਾਰੇ ਪਿੰਡਾਂ ਨੂੰ ਲਗਭਗ ਇੱਕੋ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ।

"ਭੀੜ ਪਿੰਡ ਨੂੰ ਚਾਰੇ ਪਾਸਿਓਂ ਨਿਸ਼ਾਨਾ ਬਣਾਉਂਦੀ ਅਤੇ ਕੁਝ ਗ਼ੈਰ-ਮੁਸਲਮਾਨਾਂ ਨੂੰ ਡਰ ਫੈਲਾਉਣ ਲਈ ਉਸੇ ਵੇਲੇ ਮਾਰ ਦਿੱਤਾ ਜਾਂਦਾ, ਔਰਤਾਂ ਨੂੰ ਸ਼ਰੇਆਮ ਬੇਪੱਤ ਕੀਤਾ ਜਾਂਦਾ।"

ਉਨ੍ਹਾਂ ਨੇ ਆਪਣੀ ਕਿਤਾਬ ਵਿੱਚ ਬੇਵਲ, ਡੋਬਰਨ, ਕਾਜ਼ੀਆਂ, ਨਾਰਾ, ਮੋਘਲ ਤੇ ਧਮਾਲੀ ਪਿੰਡ ਵਿੱਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ।

ਉਹ ਲਿਖਦੇ ਹਨ ਕਿ ਸਿੱਖ ਆਗੂ ਮਾਸਟਰ ਤਾਰਾ ਸਿੰਘ ਦੇ ਪਿੰਡ ਹਰਿਆਲ ਵਿੱਚ ਉਨ੍ਹਾਂ ਦਾ ਜੱਦੀ ਘਰ ਵੀ ਮਲੀਆਮੇਟ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਗੋਕਲ ਸਿੰਘ ਨੂੰ ਵੀ ਮਾਰ ਦਿੱਤਾ ਗਿਆ ਸੀ।

ਉਹ ਦੱਸਦੇ ਹਨ ਕਿ ਇਨ੍ਹਾਂ ਪਿੰਡਾਂ ਵਿੱਚ ਕਤਲੇਆਮ ਤੇ ਜਬਰ-ਜਨਾਹ ਦੇ ਨਾਲ-ਨਾਲ ਧਰਮ ਪਰਿਵਰਤਨ ਦੀਆਂ ਘਟਨਾਵਾਂ ਵੀ ਵਾਪਰੀਆਂ।

ਉਹ ਲਿਖਦੇ ਹਨ ਕਿ ਧਮਾਲੀ ਪਿੰਡ 'ਤੇ ਹਜ਼ਾਰ ਤੋਂ ਵੱਧ ਲੋਕਾਂ ਦੀ ਭੀੜ ਵੱਲੋਂ ਹਮਲਾ ਕਰ ਦਿੱਤਾ ਗਿਆ ਅਤੇ ਕਰੀਬ 500 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਦੋਂ ਤੱਕ ਮਿਲਟਰੀ ਪਹੁੰਚੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

ਇਸ਼ਤਿਆਕ ਅਹਿਮਦ ਦੱਸਦੇ ਹਨ ਕਿ ਫੌਜੀ ਸਹਾਇਤਾ ਇੱਕ ਹਫ਼ਤੇ ਬਾਅਦ ਜਾ ਕੇ ਪਹੁੰਚੀ ਸੀ।

ਉਹ ਕਹਿੰਦੇ ਹਨ ਕਿ ਇਨ੍ਹਾਂ ਘਟਨਾਵਾਂ ਮਗਰੋਂ ਸਿੱਖ ਲੀਡਰਸ਼ਿਪ ਲਈ ਮੁਸਲਿਮ ਲੀਗ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦਾ ਰਾਹ ਚੁਣਨਾ ਬਹੁਤ ਮੁਸ਼ਕਲ ਹੋ ਗਿਆ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)