ਘਰ ਵਿੱਚ ਰੋਜ਼ਾਨਾ ਅਗਰਬੱਤੀਆਂ ਲਾਉਣ ਨਾਲ ਕੈਂਸਰ ਸਣੇ ਹੋਰ ਕਿਹੜੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ

ਅਗਰਬੱਤੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਅਗਰਬੱਤੀਆਂ ਫੇਫੜਿਆਂ ਲਈ ਹੌਲੀ ਜ਼ਹਿਰ ਵਾਂਗ ਹਨ
    • ਲੇਖਕ, ਕੋਟੇਰੂ ਸ੍ਰਾਵਣੀ
    • ਰੋਲ, ਬੀਬੀਸੀ ਪੱਤਰਕਾਰ

ਆਮ ਦਿਨਾਂ ਵਿੱਚ ਜਾਂ ਖ਼ਾਸ ਕਰਕੇ ਤਿਓਹਾਰਾਂ ਵੇਲੇ ਵੀ ਬਹੁਤ ਸਾਰੇ ਲੋਕ ਘਰ ਵਿੱਚ ਅਗਰਬੱਤੀਆਂ ਲਗਾਉਂਦੇ ਹਨ।

ਪਰ ਵੱਖ–ਵੱਖ ਵਿਗਿਆਨਕ ਰਿਪੋਰਟਾਂ ਇਹ ਚੇਤਾਵਨੀ ਦਿੰਦੀਆਂ ਹਨ ਕਿ ਅਗਰਬੱਤੀਆਂ ਤੋਂ ਨਿਕਲਣ ਵਾਲਾ ਧੂੰਆ ਅਤੇ ਗੰਧ ਸਿਹਤ ਸਬੰਧੀ ਦਿੱਕਤਾਂ ਦਾ ਕਾਰਨ ਬਣ ਰਹੇ ਹਨ।

ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੇ ਇੱਕ ਵੀਡੀਓ ਵਿੱਚ ਪਲਮਨੋਲੋਜਿਸਟ ਸੋਨੀਆ ਗੋਇਲ ਨੇ ਰੋਜ਼ਾਨਾ ਅਗਰਬੱਤੀਆਂ ਦਾ ਧੂੰਆ ਸਾਹ ਨਾਲ ਅੰਦਰ ਜਾਣ ਕਰਕੇ ਹੁੰਦੀਆਂ ਸਿਹਤ ਸਬੰਧੀ ਦਿੱਕਤਾਂ ਬਾਰੇ ਸਮਝਾਇਆ।

ਉਨ੍ਹਾਂ ਨੇ ਕਿਹਾ ਕਿ ਅਗਰਬੱਤੀਆਂ ਫੇਫੜਿਆਂ ਲਈ ਹੌਲੀ ਜ਼ਹਿਰ ਵਾਂਗ ਹਨ।

ਉਨ੍ਹਾਂ ਕਿਹਾ ਕਿ ਅਗਰਬੱਤੀਆਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਵਾਲੇ ਤੱਤ ਲੰਬੇ ਸਮੇਂ ਵਿੱਚ ਪੈਸਿਵ ਸਮੋਕਿੰਗ(ਅਸਿੱਧੇ ਤੌਰ ਉੱਤੇ ਸਿਗਰਟ ਦਾ ਧੂੰਆ ਅੰਦਰ ਜਾਣ) ਜਿੰਨੇ ਖ਼ਤਰਨਾਕ ਹੋ ਸਕਦੇ ਹਨ।

ਪਿਛਲੇ ਸਾਲ ਬੋਸਟਨ ਵਿੱਚ ਹੋਈ ਆਪਣੀ ਸਾਲਾਨਾ ਮੀਟਿੰਗ ਵਿੱਚ ਅਮਰੀਕਨ ਕਾਲਜ ਆਫ ਐਲਰਜੀ, ਅਸਥਮਾ ਐਂਡ ਇਮਿਊਨੋਲੋਜੀ (ਏਸੀਏਏਆਈ) ਨੇ ਚੇਤਾਵਨੀ ਦਿੱਤੀ ਕਿ ਅਗਰਬੱਤੀਆਂ ਦਾ ਧੂੰਆ ਐਲਰਜੀ ਅਤੇ ਅਸਥਮਾ ਵਾਲੇ ਲੋਕਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ।

ਏਸੀਏਏਆਈ ਦਾ ਮੁੱਖ ਦਫ਼ਤਰ ਰਲਿੰਗਟਨ ਹਾਈਟਸ, ਇਲਿਨੋਇਸ ਵਿੱਚ ਹੈ ਅਤੇ 6,000 ਤੋਂ ਵੱਧ ਡਾਕਟਰ ਇਸ ਦੇ ਮੈਂਬਰ ਹਨ

ਇਸ ਸੰਸਥਾ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਇੱਕ ਪੇਪਰ ਵਿੱਚ ਚੇਤਾਵਨੀ ਦਿੱਤੀ ਗਈ ਕਿ ਅਗਰਬੱਤੀਆਂ ਦਾ ਧੂੰਆ ਸਿਰਦਰਦ, ਸਾਹ ਲੈਣ ਦੀ ਪ੍ਰਣਾਲੀ ਦੇ ਕੰਮ ਵਿੱਚ ਮੁਸ਼ਕਲਾਂ, ਚਮੜੀ ਦੀਆਂ ਦਿੱਕਤਾਂ ਅਤੇ ਐਲਰਜਿਕ ਪ੍ਰਤੀਕਿਰਿਆਵਾਂ ਪੈਦਾ ਕਰ ਸਕਦਾ ਹੈ।

ਅਗਰਬੱਤੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਸੀਏਏਆਈ ਦੀ ਰਿਪੋਰਟ ਮੁਤਾਬਕ ਅਗਰਬੱਤੀਆਂ ਸਿਗਰਟਾਂ ਨਾਲੋਂ ਚਾਰ ਗੁਣਾ ਵੱਧ ਪਾਰਟਿਕੁਲੇਟ ਮੈਟਰ ਛੱਡਦੀਆਂ ਹਨ

ਏਸੀਏਏਆਈ ਦੀ ਰਿਪੋਰਟ ਮੁਤਾਬਕ ਇੱਕ ਗ੍ਰਾਮ ਅਗਰਬੱਤੀ ਸੜਨ 'ਤੇ 45 ਮਿਲੀਗ੍ਰਾਮ ਪਾਰਟਿਕੁਲੇਟ ਮੈਟਰ (PM) ਨਿਕਲਦਾ ਹੈ, ਜਦਕਿ ਸਿਗਰਟ ਪ੍ਰਤੀ ਗ੍ਰਾਮ 10 ਮਿਲੀਗ੍ਰਾਮ ਪਾਰਟਿਕੁਲੇਟ ਮੈਟਰ ਛੱਡਦੀ ਹੈ।

ਇਸ ਦਾ ਮਤਲਬ ਹੈ ਕਿ ਅਗਰਬੱਤੀਆਂ ਸਿਗਰਟਾਂ ਨਾਲੋਂ ਚਾਰ ਗੁਣਾ ਵੱਧ ਪਾਰਟਿਕੁਲੇਟ ਮੈਟਰ ਛੱਡਦੀਆਂ ਹਨ।

ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਿਨ ਨੇ ਕਿਹਾ ਕਿ ਇੱਕ ਅਧਿਐਨ ਵਿੱਚ ਪਤਾ ਲੱਗਿਆ ਹੈ ਕਿ ਅਗਰਬੱਤੀਆਂ ਤੋਂ ਨਿਕਲਣ ਵਾਲਾ ਧੂੰਆ ਦਿਲ ਦੇ ਰੋਗ ਨਾਲ ਮੌਤ ਦੇ ਖ਼ਤਰੇ ਨੂੰ 1.12 ਗੁਣਾ ਅਤੇ ਸਟ੍ਰੋਕ ਨਾਲ ਮੌਤ ਦੇ ਖ਼ਤਰੇ ਨੂੰ ਵੀ 1.19 ਗੁਣਾ ਵਧਾ ਦਿੰਦਾ ਹੈ।

ਇਸ ਅਧਿਐਨ ਦੀ ਸੀਨੀਅਰ ਲੇਖਿਕਾ ਮੈਰੀ ਲੀ ਵਾਂਗ ਨੇ ਕਿਹਾ, "ਜਿਹੜੇ ਲੋਕ ਅਗਰਬੱਤੀਆਂ ਬਾਲਦੇ ਹਨ ਇਹ ਨਹੀਂ ਸਮਝਦੇ ਕਿ ਇਸ ਨਾਲ ਸਿਹਤ ਸਬੰਧੀ ਦਿੱਕਤਾਂ ਹੋ ਸਕਦੀਆਂ ਹਨ ਖ਼ਾਸ ਕਰਕੇ ਬੱਚਿਆਂ ਨੂੰ।"

ACAAI ਸਿਹਤ ਸਬੰਧੀ ਦਿੱਕਤਾਂ ਤੋਂ ਇਲਾਵਾ ਅਗਰਬੱਤੀਆਂ ਹਵਾ ਪ੍ਰਦੂਸ਼ਣ ਅਤੇ ਕਈ ਵਾਰ ਅੱਗ ਲੱਗਣ ਦੇ ਹਾਦਸਿਆਂ ਦਾ ਕਾਰਨ ਵੀ ਬਣਦੀਆਂ ਹਨ।

ਅਗਰਬੱਤੀਆਂ ਵਿੱਚ ਕਿਹੜੇ ਪ੍ਰਦੂਸ਼ਣ ਵਾਲੇ ਤੱਤ ਹੁੰਦੇ ਹਨ?

ਅਗਰਬੱਤੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਕਹਿੰਦੇ ਹਨ ਕਿ ਅਗਰਬੱਤੀਆਂ ਦੇ ਧੂੰਏਂ ਵਿੱਚ ਕਈ ਹਾਨੀਕਾਰਕ ਤੱਤ ਹੁੰਦੇ ਹਨ

ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਿਨ ਮੁਤਾਬਕ ਇਹ ਪ੍ਰਦੂਸ਼ਕ ਹਨ:

ਪਰਟੀਕੂਲੇਟ ਮੈਟਰ (ਪੀਐੱਮ):

2.5 ਮਾਈਕਰੋਮੀਟਰ ਤੋਂ ਛੋਟੇ ਕਣ ਬਹੁਤ ਖ਼ਤਰਨਾਕ ਹੁੰਦੇ ਹਨ ਕਿਉਂਕਿ ਇਹ ਸਾਹ ਪ੍ਰਣਾਲੀ ਦੇ ਆਖ਼ਰੀ ਹਿੱਸੇ ਤੱਕ ਪਹੁੰਚ ਜਾਂਦੇ ਹਨ। ਅਗਰਬੱਤੀਆਂ, ਸਿਗਰਟ ਅਤੇ ਮੋਮਬੱਤੀਆਂ ਘਰਾਂ ਵਿੱਚ ਪੀਐੱਮ 2.5 ਦੇ ਮੁੱਖ ਸਰੋਤ ਹਨ। ਵੱਧ ਸਮੇਂ ਤੱਕ ਸੰਪਰਕ ਰੱਖਣ ਨਾਲ ਲੰਬੇ ਸਮੇਂ ਦੀਆਂ ਸਾਹ ਸੰਬੰਧੀ ਬਿਮਾਰੀਆਂ, ਦਿਲ ਦੇ ਰੋਗ, ਫੇਫੜਿਆਂ ਦੇ ਟਿਸ਼ੂ ਦੀ ਖ਼ਰਾਬੀ ਅਤੇ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਕਰਕੇ ਕੈਂਸਰ ਦਾ ਖ਼ਤਰਾ ਵੀ ਵੱਧਦਾ ਹੈ।

ਕਾਰਬਨ ਮੋਨੋਆਕਸਾਈਡ :

ਜਦੋਂ ਜੈਵਿਕ ਪਦਾਰਥ ਪੂਰੀ ਤਰ੍ਹਾਂ ਨਹੀਂ ਸੜਦੇ ਤਾਂ ਕਾਰਬਨ ਮੋਨੋਆਕਸਾਈਡ ਨਿਕਲਦਾ ਹੈ। ਇਹ ਖੂਨ ਦੀ ਆਕਸੀਜਨ ਲਿਜਾਣ ਦੀ ਸਮਰੱਥਾ ਨੂੰ ਘਟਾ ਦਿੰਦਾ ਹੈ। ਘੱਟ ਮਾਤਰਾ ਵਿੱਚ ਇਹ ਸਿਰਦਰਦ, ਥਕਾਵਟ ਅਤੇ ਉਲਟੀ ਵਾਲੇ ਹਾਲਾਤ ਪੈਦਾ ਕਰਦਾ ਹੈ, ਜਦਕਿ ਵੱਧ ਮਾਤਰਾ ਵਿੱਚ ਜੀਵਨ ਲਈ ਖ਼ਤਰਨਾਕ ਹੋ ਸਕਦਾ ਹੈ।

ਸਲਫਰ ਡਾਇਆਕਸਾਈਡ ਅਤੇ ਨਾਈਟ੍ਰੋਜਨ ਡਾਇਆਕਸਾਈਡ:

ਇਹ ਦਿਲ ਦੇ ਰੋਗਾਂ, ਫੇਫੜਿਆਂ ਦੀਆਂ ਦਿੱਕਤਾਂ ਅਤੇ ਸਾਹ ਸੰਬੰਧੀ ਬਿਮਾਰੀਆਂ ਨੂੰ ਵਧਾਉਂਦੀਆਂ ਹਨ। ਇਹ ਫੇਫੜਿਆਂ ਦੀ ਕੁਦਰਤੀ ਰੱਖਿਆ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।

ਵੋਲਟਾਈਲ ਆਰਗੈਨਿਕ ਕੰਪਾਉਂਡ :

ਵੱਖ-ਵੱਖ ਤਰ੍ਹਾਂ ਦੇ ਆਰਗੈਨਿਕ ਕੈਮਿਕਲ ਗੈਸਾਂ ਦੇ ਰੂਪ ਵਿੱਚ ਵੱਖ-ਵੱਖ ਠੋਸ ਅਤੇ ਤਰਲ ਵਸਤਾਂ ਤੋਂ ਨਿਕਲਦੇ ਹਨ। ਇਹ ਰਸਾਇਣ ਅੱਖਾਂ ਦੀ ਲਾਲੀ, ਨੱਕ ਅਤੇ ਗਲੇ ਵਿੱਚ ਜਲਣ, ਮਤਲੀ, ਉਲਟੀ ਅਤੇ ਸਿਰਦਰਦ ਪੈਦਾ ਕਰਦੇ ਹਨ। ਇਨ੍ਹਾਂ ਰਸਾਇਣਾਂ ਦੇ ਲੰਬੇ ਸਮੇਂ ਤੱਕ ਸਰੀਰ ਅੰਦਰ ਜਾਣ ਨਾਲ ਕੈਂਸਰ ਦਾ ਖ਼ਤਰਾ ਵਧਦਾ ਹੈ। ਇਸ ਕਰਕੇ ਲਿਵਰ ਅਤੇ ਨਾੜੀ ਤੰਤਰ ਨੂੰ ਨੁਕਸਾਨ ਹੁੰਦਾ ਹੈ।

ਐਲਡਿਹਾਈਡਜ਼:

ਇਹ ਵੋਲਾਟਾਈਲ ਆਰਗੈਨਿਕ ਕੰਪਾਉਂਡਜ਼ ਦੀ ਇੱਕ ਹੋਰ ਕਿਸਮ ਹੈ ਜੋ ਬਹੁਤ ਜ਼ਿਆਦਾ ਜਲਣ ਪੈਦਾ ਕਰਦੀ ਹੈ। ਇਹ ਨੱਕ ਅਤੇ ਮੂੰਹ ਦੀਆਂ ਨਾਲੀਆਂ ਉੱਤੇ ਅਸਰ ਪਾਉਂਦੇ ਹਨ। ਇਸ ਕਰਕੇ ਜਲਣ ਅਤੇ ਖੰਘ ਹੁੰਦੀ ਹੈ। ਫਾਰਮਾਲਡਿਹਾਈਡ ਨਾਲ ਵੱਧ ਸੰਪਰਕ ਕੈਂਸਰ ਦੇ ਖ਼ਤਰੇ ਨਾਲ ਜੁੜਿਆ ਹੈ। ਇਹ ਇੱਕ ਕੈਂਸਰ ਕਾਰਕ ਤੱਤ ਹੈ।

ਪਾਲੀਸਾਈਕਲਿਕ ਅਰੋਮੈਟਿਕ ਹਾਈਡਰੋਕਾਰਬਨ:

ਇਹ ਰਸਾਇਣਕ ਪਦਾਰਥ ਪੈਰਿਫ੍ਰਲ ਆਰਟਿਰਿਅਲ ਡਿਜ਼ੀਜ਼ (PAD) ਦੇ ਖ਼ਤਰੇ ਨੂੰ ਵਧਾ ਸਕਦੇ ਹਨ।

ਅਗਰਬੱਤੀਆਂ

ਕਿਹੜੇ ਲੋਕ ਵੱਧ ਖ਼ਤਰੇ ਵਿੱਚ ਹਨ?

ਬੱਚੇ, ਬਜ਼ੁਰਗ, ਅਸਥਮਾ ਵਾਲੇ ਲੋਕ ਅਤੇ ਕਮਜ਼ੋਰ ਫੇਫੜਿਆਂ ਵਾਲੇ ਲੋਕ ਅਗਰਬੱਤੀਆਂ ਦੇ ਧੂੰਏਂ ਕਰਕੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।

ਸਾਲਾਂ ਤੱਕ ਇਸ ਧੂੰਏਂ ਦੇ ਅੰਦਰ ਜਾਣ ਨਾਲ ਅਸਥਮਾ, COPD (ਕ੍ਰੋਨਿਕ ਅਬਸਟਰਕਟਿਵ ਪਲਮਨਰੀ ਡਿਜ਼ੀਜ਼) ਅਤੇ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।

ਜੇ ਕਮਰਿਆਂ ਵਿੱਚ ਹਵਾ ਦੀ ਆਵਾਜਾਈ ਠੀਕ ਨਾ ਹੋਵੇ ਤਾਂ ਇਹ ਹੋਰ ਵੀ ਖ਼ਤਰਨਾਕ ਬਣਦਾ ਹੈ।

ਇਹ ਧੂੰਆ ਮਨੁੱਖੀ DNA 'ਤੇ ਵੀ ਅਸਰ ਕਰ ਸਕਦਾ ਹੈ।

NIMS ਹਸਪਤਾਲ ਵਿੱਚ ਪਲਮਨੋਲੋਜਿਸਟ ਡਾ. ਅਨੁਦੀਪ ਪੋਥੀਨਾ ਕਹਿੰਦੇ ਹਨ, 'ਅਗਰਬੱਤੀਆਂ ਦੇ ਧੂੰਏਂ ਨਾਲ COPD ਦਾ ਖ਼ਤਰਾ ਵਧ ਜਾਂਦਾ ਹੈ। ਜਿਹੜੇ ਲੋਕ ਵਾਰ-ਵਾਰ ਧੂੰਏਂ ਦੇ ਸੰਪਰਕ ਵਿੱਚ ਆਉਂਦੇ ਹਨ, ਉਹ ਹੋਰ ਤੇਜ਼ੀ ਨਾਲ ਪ੍ਰਭਾਵਿਤ ਹੁੰਦੇ ਹਨ। ਅਸਥਮਾ ਵਾਲੇ ਲੋਕਾਂ ਵਿੱਚ ਇਹ ਬਿਮਾਰੀ ਜ਼ਿਆਦਾ ਤੇਜ਼ੀ ਨਾਲ ਵਧਦੀ ਹੈ।'"

ਉਨ੍ਹਾਂ ਅੱਗੇ ਕਿਹਾ ਕਿ ਬੱਚਿਆਂ ਵਿੱਚ ਪਿਰੀਆਡਿਕ ਅਸਥਮਾ ਦੇ ਮਾਮਲੇ ਵਧ ਰਹੇ ਹਨ। ਬੱਚਿਆਂ ਵਿੱਚ ਲਗਾਤਾਰ ਖੰਘ ਇਸਦੀ ਨਿਸ਼ਾਨੀ ਹੈ। ਬੱਚਿਆਂ ਨੂੰ ਅਗਰਬੱਤੀਆਂ, ਧੂੜ ਤੋਂ ਦੂਰ ਰੱਖਣਾ ਚਾਹੀਦਾ ਹੈ।

ਅਸਥਮਾ ਵਾਲੇ ਲੋਕਾਂ ਅਤੇ ਬੱਚਿਆਂ ਨੂੰ ਧੂਪਬੱਤੀ ਜਲਾਉਣ ਸਮੇਂ ਤੁਰੰਤ ਕਮਰੇ ਤੋਂ ਬਾਹਰ ਲੈ ਜਾਣਾ ਚਾਹੀਦਾ ਹੈ।

ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ?

ਅਗਰਬੱਤੀਆਂ
ਤਸਵੀਰ ਕੈਪਸ਼ਨ, ਅਗਰਬੱਤੀ ਵਰਤਦੇ ਹੋਏ ਇੱਕ ਮਹਿਲਾ ਦੀ ਤਸਵੀਰ (ਸੰਕੇਤਕ ਤਸਵੀਰ)
  • ਅਗਰਬੱਤੀਆਂ ਦੇ ਧੂੰਏਂ ਦੇ ਸੰਪਰਕ ਵਿੱਚ ਲੰਬੇ ਸਮੇਂ ਲਈ ਨਾ ਆਓ
  • ਅਗਰਬੱਤੀਆਂ ਜਲਾਉਣ ਸਮੇਂ ਖਿੜਕੀਆਂ ਨੂੰ ਖੋਲ੍ਹ ਕੇ ਰੱਖੋ।
  • ਜੇ ਘਰ ਵਿੱਚ ਛੋਟੇ ਬੱਚੇ ਹਨ ਤਾਂ ਅਗਰਬੱਤੀਆਂ ਜਲਾਉਣ ਤੋਂ ਬਚੋ।
  • ਜੇ ਜਲਾਉਣੀਆਂ ਲਾਜ਼ਮੀ ਹੋਣ ਤਾਂ ਬੱਚਿਆਂ ਨੂੰ ਧੂੰਏਂ ਤੋਂ ਦੂਰ ਰੱਖੋ।

ਬਾਜ਼ਾਰ ਵਿੱਚ ਕੁਦਰਤੀ ਜਾਂ ਈਕੋ-ਫ੍ਰੈਂਡਲੀ ਅਗਰਬੱਤੀਆਂ ਵੀ ਮਿਲਦੀਆਂ ਹਨ, ਪਰ ਡਾਕਟਰ ਕਹਿੰਦੇ ਹਨ ਕਿ ਭਾਵੇਂ ਇਹ ਜਿੰਨੀਆਂ ਵੀ ਆਰਗੈਨਿਕ ਹੋਣ, ਧੂੰਆ ਫਿਰ ਵੀ ਸਿਹਤ 'ਤੇ ਅਸਰ ਕਰ ਸਕਦਾ ਹੈ।

ਬੀਬੀਸੀ ਨੇ ਸੁਤੰਤਰ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਆਰਗੈਨਿਕ ਜਾਂ ਈਕੋ–ਫ੍ਰੈਂਡਲੀ ਦੱਸੀਆਂ ਜਾਣ ਵਾਲੀਆਂ ਅਗਰਬੱਤੀਆਂ ਅਸਲ ਵਿੱਚ ਵਾਤਾਰਵਰਣ ਦੇ ਅਨੁਕੂਲ ਹਨ ਜਾਂ ਨਹੀਂ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)