ਬ੍ਰਿਟੇਨ ਦੇ ਬੇਕਾਰ ਟਾਇਰ ਭਾਰਤ ਕਿਉਂ ਭੇਜੇ ਜਾ ਰਹੇ ਹਨ, ਜਾਣੋ ਬੀਬੀਸੀ ਦੀ ਪੜਤਾਲ 'ਚ ਕੀ-ਕੀ ਸਾਹਮਣੇ ਆਇਆ

ਬੇਕਾਰ ਟਾਇਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, (ਸੰਕੇਤਕ ਤਸਵੀਰ)
    • ਲੇਖਕ, ਜਾਹਨਵੀ ਮੂਲੇ, ਅੰਨਾ ਮੀਸੇਲ ਅਤੇ ਪੌਲ ਕੇਨਿਯੋਨ
    • ਰੋਲ, ਬੀਬੀਸੀ ਮਰਾਠੀ ਅਤੇ ਬੀਬੀਸੀ ਫਾਈਲ ਆਨ 4 ਇਨਵੇਸਟੀਗੇਟਸ

ਬ੍ਰਿਟੇਨ ਤੋਂ ਲੱਖਾਂ ਟਾਇਰ ਰੀਸਾਇਕਲ ਕਰਨ ਲਈ ਭਾਰਤ ਭੇਜੇ ਜਾ ਰਹੇ ਹਨ ਅਤੇ ਇਨ੍ਹਾਂ ਨੂੰ ਅਸਥਾਈ ਭੱਠੀਆਂ ਵਿੱਚ ਪਕਾਇਆ ਜਾ ਰਿਹਾ ਹੈ।

ਬੀਬੀਸੀ ਨੇ ਪਤਾ ਲਗਾਇਆ ਹੈ ਕਿ ਇਸ ਨਾਲ ਨਾ ਸਿਰਫ਼ ਵਾਤਾਵਰਣ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ, ਸਗੋਂ ਇਹ ਸਿਹਤ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ।

ਬੀਬੀਸੀ ਫਾਈਲ ਆਨ 4 ਇਨਵੈਸਟੀਗੇਟਸ ਨੂੰ ਦੱਸਿਆ ਗਿਆ ਹੈ ਕਿ ਯੂਕੇ ਤੋਂ ਬਰਾਮਦ ਕੀਤੇ ਜਾਣ ਵਾਲੇ ਜ਼ਿਆਦਾਤਰ ਬੇਕਾਰ ਟਾਇਰ ਭਾਰਤ ਦੇ ਕਾਲੇ ਬਾਜ਼ਾਰ ਵਿੱਚ ਵੇਚੇ ਜਾਂਦੇ ਹਨ ਅਤੇ ਇੰਡਸਟ੍ਰੀ 'ਚ ਇਹ ਗੱਲ ਸਭ ਨੂੰ ਪਤਾ ਹੈ।

ਬ੍ਰਿਟੇਨ ਵਿੱਚ ਇੱਕ ਟਾਇਰ ਰੀਸਾਈਕਲਿੰਗ ਪਲਾਂਟ ਦੇ ਮਾਲਕ ਏਲੀਅਟ ਮੇਸਨ ਨੇ ਕਿਹਾ, "ਮੈਂ ਅਜਿਹੀ ਉਮੀਦ ਨਹੀਂ ਕਰਦਾ ਕਿ ਇੰਡਸਟ੍ਰੀ 'ਚ ਕਿਸੇ ਨੂੰ ਵੀ ਇਹ ਪਤਾ ਨਹੀਂ ਹੋਵੇਗਾ ਕਿ ਇਹ ਹੋ ਰਿਹਾ ਹੈ।"

ਇਸ ਉਦਯੋਗ ਨਾਲ ਜੁੜੇ ਜ਼ਿਆਦਾਤਰ ਲੋਕ ਅਤੇ ਟਾਇਰ ਰਿਕਵਰੀ ਐਸੋਸੀਏਸ਼ਨ (TRA) ਦਾ ਕਹਿਣਾ ਹੈ ਕਿ ਸਰਕਾਰ ਜਾਣਦੀ ਹੈ ਕਿ ਬ੍ਰਿਟੇਨ ਟਾਇਰਾਂ ਦੇ ਨਿਰਯਾਤ ਅਤੇ ਇਸ ਤਰ੍ਹਾਂ ਦੀ ਵਰਤੋਂ ਵਿੱਚ ਇੱਕ ਵੱਡਾ ਅਪਰਾਧੀ ਹੈ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਹਾਲਾਂਕਿ, ਵਾਤਾਵਰਣ, ਖੁਰਾਕ ਅਤੇ ਪੇਂਡੂ ਮਾਮਲਿਆਂ ਦੇ ਵਿਭਾਗ (ਡੇਫਰਾ) ਨੇ ਕਿਹਾ ਕਿ ਉਸ ਬੇਕਾਰ ਟਾਇਰਾਂ ਦੇ ਨਿਰਯਾਤ 'ਤੇ ਉਸ ਦਾ ਕੰਟਰੋਲ ਹੈ, ਜਿਸ ਵਿੱਚ ਜੁਰਮਾਨੇ ਅਤੇ ਕੈਦ ਦੀ ਸਜ਼ਾ ਸ਼ਾਮਲ ਹੈ।

ਜਦੋਂ ਵੀ ਕੋਈ ਟਾਇਰ ਬਦਲਵਾਉਂਦਾ ਹੈ, ਤਾਂ ਰੀਸਾਇਕਲਿੰਗ ਫੀਸ ਵੀ ਇਸ ਵਿੱਚ ਸ਼ਾਮਲ ਹੁੰਦੀ ਹੈ। ਇਹ ਤਿੰਨ ਤੋਂ ਛੇ ਯੂਰੋ ਹੋ ਸਕਦੀ ਹੈ।

ਇਸ ਨਾਲ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਟਾਇਰਾਂ ਨੂੰ ਰੀਸਾਇਕਲ ਕੀਤਾ ਜਾਵੇਗਾ, ਭਾਵੇਂ ਦੇਸ਼ ਦੇ ਅੰਦਰ ਹੋਵੇ ਜਾਂ ਵਿਦੇਸ਼ ਵਿੱਚ।

70% ਟਾਇਰ ਪਾਈਰੋਲਿਸਿਸ ਪ੍ਰਕਿਰਿਆ ਵਿੱਚੋਂ ਲੰਘਦੇ ਹਨ

ਟਾਇਰ

ਤਸਵੀਰ ਸਰੋਤ, Getty Images

ਸਾਲ 1996 ਤੋਂ, ਏਲੀਅਟ ਮੇਸਨ ਦੇ ਪਲਾਂਟ 'ਚ ਟਾਇਰਾਂ ਨੂੰ ਰਬੜ ਦੇ ਛੋਟੇ ਟੁਕੜਿਆਂ ਵਿੱਚ ਬਦਲਿਆ ਜਾ ਰਿਹਾ ਹੈ। ਰਬੜ ਦੇ ਇਨ੍ਹਾਂ ਟੁਕੜਿਆਂ ਦਾ ਇਸਤੇਮਾਲ ਅਕਸਰ ਘੁੜਸਵਾਰੀ ਵਾਲੇ ਕੇਂਦਰਾਂ ਅਤੇ ਬੱਚਿਆਂ ਦੇ ਖੇਡ ਦੇ ਮੈਦਾਨਾਂ ਵਿੱਚ ਫਰਸ਼ ਵਜੋਂ ਕੀਤਾ ਜਾਂਦਾ ਹੈ।

ਬ੍ਰਿਟੇਨ ਵਿੱਚ ਹਰ ਸਾਲ ਲਗਭਗ 50 ਮਿਲੀਅਨ ਟਾਇਰ ਵਰਤੋਂ ਯੋਗ ਨਹੀਂ ਰਹਿੰਦੇ। ਅਧਿਕਾਰਤ ਅੰਕੜਿਆਂ ਅਨੁਸਾਰ, ਇਨ੍ਹਾਂ ਵਿੱਚੋਂ ਲਗਭਗ 2.5 ਕਰੋੜ ਟਾਇਰ ਰੀਸਾਇਕਲਿੰਗ ਲਈ ਭਾਰਤ ਭੇਜੇ ਜਾਂਦੇ ਹਨ।

ਭਾਰਤ ਭੇਜਣ ਤੋਂ ਪਹਿਲਾਂ, ਇਨ੍ਹਾਂ ਟਾਇਰਾਂ ਨੂੰ ਰਬੜ ਦੇ ਟੁਕੜਿਆਂ ਵਿੱਚ ਬਦਲਿਆ ਜਾਂਦਾ ਹੈ ਜਿਸਨੂੰ 'ਬੇਲਸ' ਕਿਹਾ ਜਾਂਦਾ ਹੈ।

ਮੇਸਨ ਕਹਿੰਦੇ ਹਨ, "ਦਿਖਾਇਆ ਇਹ ਜਾਂਦਾ ਹੈ ਕਿ ਟਾਇਰਾਂ ਨੂੰ ਭਾਰਤ ਭੇਜਿਆ ਜਾ ਰਿਹਾ ਹੈ ਅਤੇ ਸਾਡੇ ਵਰਗੇ ਪਲਾਂਟਾਂ ਵਿੱਚ ਹੀ ਉਨ੍ਹਾਂ ਨੂੰ ਰਬੜ ਦੇ ਵੱਡੇ ਟੁਕੜਿਆਂ ਵਿੱਚ ਬਦਲਿਆ ਜਾ ਰਿਹਾ ਹੈ।''

ਏਲੀਅਟ ਮੇਸਨ
ਤਸਵੀਰ ਕੈਪਸ਼ਨ, ਬ੍ਰਿਟੇਨ ਵਿੱਚ ਇੱਕ ਟਾਇਰ ਰੀਸਾਈਕਲਿੰਗ ਪਲਾਂਟ ਦੇ ਮਾਲਕ ਏਲੀਅਟ ਮੇਸਨ

ਟੀਆਰਏ ਦਾ ਅਨੁਮਾਨ ਹੈ ਕਿ ਬ੍ਰਿਟੇਨ ਅਤੇ ਬਾਕੀ ਦੁਨੀਆਂ ਤੋਂ ਭਾਰਤ ਨੂੰ ਬਰਾਮਦ ਕੀਤੇ ਜਾਣ ਵਾਲੇ 70 ਫੀਸਦੀ ਟਾਇਰ ਅਸਥਾਈ ਭੱਠੀਆਂ ਵਿੱਚ ਪਕਾਏ ਜਾਂਦੇ ਹਨ।

ਆਕਸੀਜਨ ਰਹਿਤ ਵਾਤਾਵਰਣ ਵਿੱਚ ਲਗਭਗ 500 ਡਿਗਰੀ ਸੈਲਸੀਅਸ 'ਤੇ ਇਨ੍ਹਾਂ ਟਾਇਰਾਂ ਨੂੰ ਪਕਾਇਆ ਜਾਂਦਾ ਹੈ ਅਤੇ ਇਸ ਪ੍ਰਕਿਰਿਆ ਨੂੰ ਪਾਈਰੋਲਿਸਿਸ ਕਿਹਾ ਜਾਂਦਾ ਹੈ।

ਇਸ ਪ੍ਰਕਿਰਿਆ ਦੌਰਾਨ, ਟਾਇਰ ਵਿੱਚੋਂ ਸਟੀਲ ਅਤੇ ਥੋੜ੍ਹੀ ਜਿਹੀ ਮਾਤਰਾ ਵਿੱਚ ਤੇਲ ਕੱਢਿਆ ਜਾਂਦਾ ਹੈ। ਨਾਲ ਹੀ ਕਾਰਬਨ ਬਲੈਕ ਵੀ ਕੱਢਿਆ ਜਾਂਦਾ ਹੈ, ਜੋ ਕਿ ਇੱਕ ਕਿਸਮ ਦਾ ਪਾਊਡਰ ਹੁੰਦਾ ਹੈ ਅਤੇ ਇਸਨੂੰ ਵੱਖ-ਵੱਖ ਉਦਯੋਗਾਂ ਵਿੱਚ ਵਰਤਿਆ ਜਾ ਸਕਦਾ ਹੈ।

ਪਾਈਰੋਲਿਸਿਸ ਪਲਾਂਟ

ਜ਼ਿਆਦਾਤਰ ਪਾਈਰੋਲਿਸਿਸ ਪਲਾਂਟ ਪੇਂਡੂ ਖੇਤਰਾਂ ਵਿੱਚ ਪਾਏ ਜਾਂਦੇ ਹਨ ਅਤੇ ਇਨ੍ਹਾਂ ਵਿੱਚੋਂ ਖ਼ਤਰਨਾਕ ਗੈਸਾਂ ਅਤੇ ਰਸਾਇਣ ਨਿਕਲਦੇ ਹਨ।

ਅਧਿਕਾਰਤ ਕਾਗਜ਼ਾਂ 'ਚ ਦਿਖਾਇਆ ਜਾਂਦਾ ਹੈ ਕਿ ਟਾਇਰ ਰੀਸਾਇਕਲਿੰਗ ਲਈ ਭਾਰਤ ਨੂੰ ਬਰਾਮਦ ਕੀਤੇ ਜਾ ਰਹੇ ਹਨ। ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਿਰਫ਼ ਪਾਈਰੋਲਿਸਿਸ ਪਲਾਂਟ ਤੱਕ ਹੀ ਪਹੁੰਚਦੇ ਹਨ।

ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਜ਼ਿਆਦਾਤਰ ਪਲਾਂਟ

ਟਾਇਰ ਪਾਈਰੋਲਿਸਿਸ ਪਲਾਂਟ
ਤਸਵੀਰ ਕੈਪਸ਼ਨ, ਟਾਇਰ ਪਾਈਰੋਲਿਸਿਸ ਪਲਾਂਟ ਦੀ ਤਸਵੀਰ

ਟੂਗੇਦਰ ਵਿਦ ਸੋਰਸ ਮਟੀਰੀਅਲ ਇੱਕ ਗੈਰ-ਮੁਨਾਫ਼ਾ ਪੱਤਰਕਾਰੀ ਸਮੂਹ ਹੈ। ਉਨ੍ਹਾਂ ਨੇ ਬ੍ਰਿਟੇਨ ਤੋਂ ਭਾਰਤ ਤੱਕ ਟਾਇਰਾਂ ਦੇ ਸਫ਼ਰ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ, ਇੱਕ ਉਦਯੋਗ ਦੇ ਅੰਦਰੂਨੀ ਵਿਅਕਤੀ ਨੇ ਟਾਇਰਾਂ ਦੀ ਸ਼ਿਪਮੈਂਟ ਵਿੱਚ ਟਰੈਕਰ ਲਗਾਏ।

ਅੱਠ ਹਫ਼ਤਿਆਂ ਦੀ ਯਾਤਰਾ ਤੋਂ ਬਾਅਦ, ਟਾਇਰ ਇੱਕ ਭਾਰਤੀ ਬੰਦਰਗਾਹ 'ਤੇ ਪਹੁੰਚੇ। ਇਸ ਤੋਂ ਬਾਅਦ, ਉਨ੍ਹਾਂ ਨੂੰ ਉੱਥੋਂ ਲਗਭਗ 1300 ਕਿਲੋਮੀਟਰ ਦੂਰ ਇੱਕ ਦੂਰ-ਦੁਰਾਡੇ ਪਿੰਡ ਵਿੱਚ ਭੇਜ ਦਿੱਤਾ ਗਿਆ।

ਭਾਰਤ ਤੋਂ ਲਈ ਗਈ ਅਤੇ ਬੀਬੀਸੀ ਨਾਲ ਸਾਂਝੀ ਕੀਤੀ ਗਈ ਡਰੋਨ ਫੁਟੇਜ ਤੋਂ ਪਤਾ ਚੱਲਿਆ ਕਿ ਇਹ ਟਾਇਰ ਪਾਈਰੋਲਿਸਿਸ ਲਈ ਲਿਆਂਦੇ ਗਏ ਸਨ ਅਤੇ ਹਜ਼ਾਰਾਂ ਟਾਇਰ ਪਹਿਲਾਂ ਹੀ ਉੱਥੇ ਮੌਜੂਦ ਸਨ।

ਬੀਬੀਸੀ ਫਾਈਲ ਆਨ 4 ਇਨਵੈਸਟੀਗੇਟਸ ਨੇ ਉੱਥੇ ਕੰਮ ਕਰ ਰਹੀ ਇੱਕ ਕੰਪਨੀ ਨਾਲ ਗੱਲ ਕੀਤੀ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਹ ਬਰਾਮਦ ਕੀਤੇ ਟਾਇਰਾਂ ਦੀ ਪ੍ਰੋਸੈਸਿੰਗ ਕਰ ਰਹੇ ਹਨ। ਪਰ ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਕੁਝ ਵੀ ਖ਼ਤਰਨਾਕ ਜਾਂ ਗੈਰ-ਕਾਨੂੰਨੀ ਕਰ ਰਹੇ ਸਨ।

ਇਹ ਵੀ ਪੜ੍ਹੋ-

ਵਾਤਾਵਰਣ ਸਬੰਧੀ ਕੰਮ ਕਰਨ ਵਾਲੇ ਇੱਕ ਵਕੀਲ ਨੇ ਬੀਬੀਸੀ ਨੂੰ ਦੱਸਿਆ ਕਿ ਭਾਰਤ ਵਿੱਚ ਲਗਭਗ 2,000 ਪਾਈਰੋਲਿਸਿਸ ਪਲਾਂਟ ਹਨ।

ਉਨ੍ਹਾਂ ਕਿਹਾ, "ਇਨ੍ਹਾਂ ਵਿੱਚੋਂ ਕੁਝ ਪਲਾਂਟਾਂ ਨੂੰ ਲਾਇਸੈਂਸ ਪ੍ਰਾਪਤ ਹਨ, ਪਰ ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਬਿਨਾਂ ਲਾਇਸੈਂਸ ਦੇ ਗੈਰ-ਕਾਨੂੰਨੀ ਤੌਰ 'ਤੇ ਚਲਾਏ ਜਾ ਰਹੇ ਹਨ।"

ਬੀਬੀਸੀ ਇੰਡੀਅਨ ਸਰਵਿਸ ਦੀ ਇੱਕ ਟੀਮ ਨੇ ਮੁੰਬਈ ਦੇ ਨੇੜੇ ਵਾਡਾ ਵਿੱਚ ਅਜਿਹੇ ਹੀ ਇੱਕ ਪਲਾਂਟ ਦਾ ਦੌਰਾ ਕੀਤਾ। ਉੱਥੇ ਉਨ੍ਹਾਂ ਨੇ ਪਲਾਂਟ ਦੇ ਆਲੇ-ਦੁਆਲੇ ਪਾਣੀ ਪ੍ਰਦੂਸ਼ਿਤ ਹੁੰਦਾ ਦੇਖਿਆ।

ਇਸ ਤੋਂ ਇਲਾਵਾ, ਪਿੰਡ ਵਾਸੀਆਂ ਨੇ ਲਗਾਤਾਰ ਖੰਘ ਅਤੇ ਅੱਖਾਂ ਦੀਆਂ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ।

ਇੱਕ ਚਸ਼ਮਦੀਦ ਨੇ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਇਹ ਕੰਪਨੀਆਂ ਸਾਡਾ ਪਿੰਡ ਛੱਡ ਕੇ ਚਲੀਆਂ ਜਾਣ। ਜੇਕਰ ਅਜਿਹਾ ਨਹੀਂ ਹੋਇਆ ਤਾਂ ਅਸੀਂ ਸਹੀ ਢੰਗ ਨਾਲ ਸਾਹ ਵੀ ਨਹੀਂ ਲੈ ਸਕਾਂਗੇ।"

ਧਮਾਕੇ ਤੋਂ ਬਾਅਦ ਸੱਤ ਪਲਾਂਟ ਬੰਦ ਕੀਤੇ ਗਏ

ਧਮਾਕਾ
ਤਸਵੀਰ ਕੈਪਸ਼ਨ, ਜਨਵਰੀ ਵਿੱਚ, ਵਾਡਾ ਵਿੱਚ ਇੱਕ ਪਲਾਂਟ ਵਿੱਚ ਹੋਏ ਧਮਾਕੇ ਵਿੱਚ ਚਾਰ ਲੋਕ ਮਾਰੇ ਗਏ ਸਨ

ਇੰਪੀਰੀਅਲ ਕਾਲਜ ਲੰਡਨ ਦੇ ਵਿਗਿਆਨੀ ਨੇ ਕਿਹਾ ਕਿ ਅਜਿਹੇ ਪਾਈਰੋਲਿਸਿਸ ਪਲਾਂਟਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਲ, ਦਿਲ ਦੀ ਬਿਮਾਰੀ ਜਾਂ ਕਈ ਕਿਸਮਾਂ ਦੇ ਕੈਂਸਰ ਹੋਣ ਦਾ ਖ਼ਤਰਾ ਹੁੰਦਾ ਹੈ।

ਬੀਬੀਸੀ ਦੀ ਟੀਮ ਵਾਡਾ ਵਿੱਚ ਉਸ ਜਗ੍ਹਾ 'ਤੇ ਪਹੁੰਚੀ ਜਿੱਥੇ ਇਸ ਸਾਲ ਇੱਕ ਪਲਾਂਟ ਵਿੱਚ ਹੋਏ ਧਮਾਕੇ ਵਿੱਚ ਦੋ ਔਰਤਾਂ ਅਤੇ ਦੋ ਬੱਚੇ ਮਾਰੇ ਗਏ ਸਨ। ਇਸ ਪਲਾਂਟ ਵਿੱਚ ਯੂਰਪ ਤੋਂ ਭਾਰਤ ਨੂੰ ਦਰਾਮਦ ਕੀਤੇ ਜਾਣ ਵਾਲੇ ਟਾਇਰਾਂ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਸੀ।

ਬੀਬੀਸੀ ਟੀਮ ਨੇ ਉਸ ਪਲਾਂਟ ਦੇ ਮਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਧਮਾਕਾ ਹੋਇਆ ਸੀ, ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਧਮਾਕੇ ਤੋਂ ਬਾਅਦ, ਇੱਕ ਜਨਤਕ ਮੀਟਿੰਗ ਕੀਤੀ ਗਈ ਸੀ ਅਤੇ ਵਾਡਾ ਜ਼ਿਲ੍ਹੇ ਦੇ ਇੱਕ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਸਥਾਨਕ ਪ੍ਰਸ਼ਾਸਨ ਇਸ ਮਾਮਲੇ ਵਿੱਚ ਕਾਰਵਾਈ ਕਰੇਗਾ। ਉਦੋਂ ਤੋਂ, ਪ੍ਰਸ਼ਾਸਨ ਨੇ ਸੱਤ ਪਾਈਰੋਲਿਸਿਸ ਪਲਾਂਟ ਬੰਦ ਕੀਤੇ ਹਨ।

ਇਸ ਮਾਮਲੇ ਵਿੱਚ ਭਾਰਤ ਸਰਕਾਰ ਤੋਂ ਵੀ ਪ੍ਰਤੀਕਿਰਿਆ ਮੰਗੀ ਗਈ ਸੀ।

ਪਾਈਰੋਲਿਸਿਸ

ਮੇਸਨ ਕਹਿੰਦੇ ਹਨ, "ਬ੍ਰਿਟੇਨ ਦੇ ਬਹੁਤ ਸਾਰੇ ਕਾਰੋਬਾਰੀ ਟਾਇਰ ਭਾਰਤ ਵਿੱਚ ਭੇਜਦੇ ਹਨ ਕਿਉਂਕਿ ਇਸ ਵਿੱਚ ਵਧੇਰੇ ਮੁਨਾਫ਼ਾ ਹੁੰਦਾ ਹੈ। ਟਾਇਰਾਂ ਨੂੰ ਤੋੜਨ ਵਾਲੀਆਂ ਮਸ਼ੀਨਾਂ ਵਿੱਚ ਨਿਵੇਸ਼ ਕਰਨਾ ਇੱਕ ਮਹਿੰਗਾ ਸੌਦਾ ਹੈ।"

ਪਰ ਉਨ੍ਹਾਂ ਦਾ ਕਹਿਣਾ ਹੈ ਉਹ ਇਸ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਨਹੀਂ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਕੰਪਨੀ ਆਪਣਾ ਕੰਮ ਸਹੀ ਢੰਗ ਨਾਲ ਕਰੇ ਅਤੇ ਟਾਇਰਾਂ ਦੇ ਕੂੜੇ ਨੂੰ ਸਹੀ ਜਗ੍ਹਾ 'ਤੇ ਪਹੁੰਚਾਏ ਕਿਉਂਕਿ ਇਹ ਪਤਾ ਲਗਾਉਣਾ ਮੁਸ਼ਕਲ ਹੋਵੇਗਾ ਕਿ ਟਾਇਰਾਂ ਦੇ ਢੇਰ ਦਾ ਕੀ ਹੋਇਆ।

ਰਬੜ ਦੀ ਦੁਨੀਆਂ ਵਰਗੇ ਵੱਡੇ ਕਾਰੋਬਾਰਾਂ ਨੂੰ ਵਾਤਾਵਰਣ ਪਰਮਿਟਾਂ ਦੇ ਤਹਿਤ ਨਿਯੰਤ੍ਰਿਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਜਾਂਚ ਵੀ ਹੁੰਦੀ ਹੈ। ਪਰ ਛੋਟੇ ਆਪਰੇਟਰ ਛੋਟ ਲਈ ਅਰਜ਼ੀ ਦੇ ਸਕਦੇ ਹਨ ਅਤੇ ਉਹ ਆਸਾਨੀ ਨਾਲ ਕਾਨੂੰਨੀ ਤੌਰ 'ਤੇ ਬਰਾਮਦ ਕਰ ਸਕਦੇ ਹਨ।

ਇਸਨੂੰ ਟੀ8 ਇਗਜੇਮੇਸ਼ਨ ਕਿਹਾ ਜਾਂਦਾ ਹੈ। ਇਸ ਨਾਲ ਕਾਰੋਬਾਰੀ ਨੂੰ ਇੱਕ ਹਫ਼ਤੇ ਵਿੱਚ 40 ਟਨ ਤੱਕ ਕਾਰ ਦੇ ਟਾਇਰ ਸਟੋਰ ਕਰਨ ਦੀ ਛੋਟ ਮਿਲਦੀ ਹੈ।

ਪਰ ਬਹੁਤ ਸਾਰੇ ਵਪਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਪਰਮਿਟ ਸੀਮਾ ਤੋਂ ਵੱਧ ਮਾਤਰਾ ਵਿੱਚ ਟਾਇਰ ਬਰਾਮਦ ਕਰਦੇ ਹਨ।

"ਮੈਂ ਸਿਹਤ ਮੰਤਰੀ ਨਹੀਂ ਹਾਂ"

ਟਾਇਰ

ਤਸਵੀਰ ਸਰੋਤ, Getty Images

ਬੀਬੀਸੀ ਨੂੰ ਅਜਿਹੀਆਂ ਕਈ ਕੰਪਨੀਆਂ ਬਾਰੇ ਜਾਣਕਾਰੀ ਮਿਲੀ ਸੀ ਅਤੇ ਅਸੀਂ ਉਦਯੋਗ ਨਾਲ ਜੁੜੇ ਦਲਾਲ ਨਾਲ ਸੰਪਰਕ ਕੀਤਾ। ਉਸਨੇ ਦਾਅਵਾ ਕੀਤਾ ਕਿ ਉਸ ਕੋਲ ਫਾਲਤੂ ਟਾਇਰ ਵੇਚਣ ਦਾ ਕਾਂਟਰੈਕਟ ਹੈ।

ਜਿਨ੍ਹਾਂ 6 ਡੀਲਰਾਂ ਨਾਲ ਸੰਪਰਕ ਕੀਤਾ ਗਿਆ ਸੀ ਉਨ੍ਹਾਂ ਵਿੱਚੋਂ ਚਾਰ ਨੇ ਮੰਨਿਆ ਕਿ ਉਹ ਵੱਡੀ ਮਾਤਰਾ ਵਿੱਚ ਬੇਕਾਰ ਟਾਇਰਾਂ ਨੂੰ ਪ੍ਰੋਸੈਸ ਕਰਦੇ ਹਨ।

ਇੱਕ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਹਫ਼ਤੇ ਵਿੱਚ 10 ਸ਼ਿਪਿੰਗ ਕੰਟੇਨਰ ਬਰਾਮਦ ਕੀਤੇ ਹਨ। ਜਿਸਦਾ ਮਤਲਬ ਹੈ ਕਿ ਉਨ੍ਹਾਂ ਨੇ ਲਗਭਗ 250 ਟਨ ਟਾਇਰ ਬਰਾਮਦ ਕੀਤੇ ਹਨ, ਜੋ ਕਿ ਪਰਮਿਟ ਸੀਮਾ ਤੋਂ ਪੰਜ ਗੁਣਾ ਵੱਧ ਹੈ।

ਇੱਕ ਡੀਲਰ ਨੇ ਸਾਨੂੰ ਦਸਤਾਵੇਜ਼ ਦਿਖਾਏ ਅਤੇ ਕਿਹਾ ਕਿ ਟਾਇਰਾਂ ਨੂੰ ਰਬੜ ਦੇ ਟੁਕੜਿਆਂ ਵਿੱਚ ਬਦਲਿਆ ਗਿਆ ਸੀ ਅਤੇ ਫਿਰ ਭਾਰਤ ਭੇਜਣ ਤੋਂ ਪਹਿਲਾਂ ਰੀਸਾਇਕਲਿੰਗ ਲਈ ਭੇਜਿਆ ਗਿਆ ਸੀ। ਪਰ ਬਾਅਦ ਵਿੱਚ ਉਨ੍ਹਾਂ ਨੇ ਮੰਨਿਆ ਕਿ ਇਹ ਟਾਇਰ ਪਾਈਰੋਲਿਸਿਸ ਲਈ ਭਾਰਤ ਭੇਜੇ ਜਾ ਰਹੇ ਸਨ।

ਟਾਇਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, (ਸੰਕੇਤਰ ਤਸਵੀਰ)

ਭਾਰਤ ਸਰਕਾਰ ਨੇ ਪਾਈਰੋਲਿਸਿਸ ਲਈ ਟਾਇਰਾਂ ਦੇ ਨਿਰਯਾਤ 'ਤੇ ਪਾਬੰਦੀ ਲਗਾ ਰੱਖੀ ਹੈ।

ਡੀਲਰ ਨੇ ਕਿਹਾ, "ਅਜਿਹੀਆਂ ਬਹੁਤ ਸਾਰੀਆਂ ਕੰਪਨੀਆਂ ਹਨ। ਇਸ ਕਾਰੋਬਾਰ ਨਾਲ ਜੁੜੇ ਬ੍ਰਿਟੇਨ ਦੇ 90 ਫੀਸਦੀ ਲੋਕ ਇਹੀ ਕਰ ਰਹੇ ਹਨ।"

ਉਹ ਕਹਿੰਦੇ ਹਨ ਕਿ ਭਾਰਤ ਜਾ ਕੇ ਇਨ੍ਹਾਂ ਟਾਇਰਾਂ ਦਾ ਕੀ ਹੋਵੇਗਾ, ਇਨ 'ਤੇ ਉਨ੍ਹਾਂ ਦਾ ਕੋਈ ਕੰਟਰੋਲ ਨਹੀਂ।

ਜਦੋਂ ਅਸੀਂ ਉਨ੍ਹਾਂ ਪੁੱਛਿਆ ਕਿ ਕੀ ਉਨ੍ਹਾਂ ਕਦੇ ਇਸ ਬਾਰੇ ਚਿੰਤਾ ਹੋਈ ਹੈ ਕਿ ਇਸਦੇ ਪਲਾਂਟ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦੀ ਸਿਹਤ 'ਤੇ ਕੀ ਪ੍ਰਭਾਵ ਪਵੇਗਾ? ਤਾਂ ਉਨ੍ਹਾਂ ਕਿਹਾ, "ਅਸੀਂ ਕੁਝ ਨਹੀਂ ਕਰ ਸਕਦੇ। ਮੈਂ ਸਿਹਤ ਮੰਤਰੀ ਨਹੀਂ ਹਾਂ।"

ਡੇਫਰਾ ਨੇ ਕਿਹਾ: "ਬ੍ਰਿਟੇਨ ਦੀ ਸਰਕਾਰ ਕੂੜੇ 'ਤੇ ਦਿੱਤੀਆਂ ਗਈਆਂ ਛੋਟਾਂ ਵਿੱਚ ਸੁਧਾਰ ਕਰਨ 'ਤੇ ਵਿਚਾਰ ਕਰ ਰਹੀ ਹੈ।"

ਡੇਫਰਾ ਦੇ ਇੱਕ ਬੁਲਾਰੇ ਅਨੁਸਾਰ, "ਸਰਕਾਰ ਇੱਕ ਸੇਕਿਊਲਰ ਅਰਥਵਿਵਸਥਾ ਲਈ ਵਚਨਬੱਧ ਹੈ। ਅਸੀਂ ਵਾਤਾਵਰਣ ਨੂੰ ਬਚਾਉਂਦੇ ਹੋਏ ਇੱਕ ਅਜਿਹਾ ਭਵਿੱਖ ਚਾਹੁੰਦੇ ਹਾਂ ਜਿੱਥੇ ਸਰੋਤਾਂ ਦੀ ਵਰਤੋਂ ਲੰਬੇ ਸਮੇਂ ਲਈ ਕੀਤੀ ਜਾ ਸਕੇ।"

ਸਾਲ 2021 ਵਿੱਚ ਆਸਟ੍ਰੇਲੀਆਈ ਸਰਕਾਰ ਨੇ ਇਹ ਜਾਣਨ ਤੋਂ ਬਾਅਦ ਕਿ ਇਨ੍ਹਾਂ ਟਾਇਰਾਂ ਦਾ ਕੀ ਹੁੰਦਾ ਹੈ, ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ।

ਸਟੇਵਰਡਸ਼ਿਪ ਆਸਟ੍ਰੇਲੀਆ ਦੇ ਸੀਈਓ ਲੀਨਾ ਗੁੱਡਮੈਨ ਨੇ ਕਿਹਾ, "ਕਾਗਜ਼ਾਂ 'ਤੇ ਜੋ ਕੰਮ ਕੀਤਾ ਜਾ ਰਿਹਾ ਸੀ ਉਹ 100 ਫੀਸਦੀ ਉੱਥੇ ਨਹੀਂ ਪਹੁੰਚ ਰਿਹਾ ਸੀ ਜਿੱਥੇ ਉਸਨੂੰ ਪਹੁੰਚਣਾ ਚਾਹੀਦਾ ਸੀ।"

ਫਾਈਟਿੰਗ ਡਰਟੀ ਦੇ ਸੰਸਥਾਪਕ, ਜਾਰਜੀਆ ਏਲੀਅਟ ਸਮਿਥ ਨੇ ਕਿਹਾ ਕਿ ਭਾਰਤ ਵਿੱਚ ਪਾਈਰੋਲਿਸਿਸ ਲਈ ਟਾਇਰਾਂ ਦੀ ਬਰਾਮਦਗੀ ਇੱਕ ਵੱਡੀ ਸਮੱਸਿਆ ਹੈ ਅਤੇ ਬ੍ਰਿਟੇਨ ਸਰਕਾਰ ਨੂੰ ਇਸ ਨਾਲ ਨਜਿੱਠਣਾ ਚਾਹੀਦਾ ਹੈ।

ਉਹ ਚਾਹੁੰਦੇ ਹਨ ਕਿ ਟਾਇਰਾਂ ਨੂੰ 'ਖਤਰਨਾਕ ਵੇਸਟ' ਦੇ ਰੂਪ 'ਚ ਮੁੜ ਪਰਿਭਾਸ਼ਿਤ ਕੀਤਾ ਜਾਵੇ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)