ਤੁਹਾਡੀ ਪਾਣੀ ਦੀ ਬੋਤਲ ਕਿੰਨੀ ਸਾਫ਼ ਹੈ? ਕਿਧਰੇ ਤੁਸੀਂ ਵੀ ਇਹ ਗ਼ਲਤੀ ਤਾਂ ਨਹੀਂ ਕਰ ਰਹੇ

ਪਾਣੀ ਔਰਤਾਂ

ਤਸਵੀਰ ਸਰੋਤ, Getty Images

    • ਲੇਖਕ, ਜੈਸਿਕਾ ਬ੍ਰਾਊਨ
    • ਰੋਲ, ਬੀਬੀਸੀ ਨਿਊਜ਼

ਜਦੋਂ ਵੀ ਤੁਸੀਂ ਆਪਣੀ ਪਾਣੀ ਦੀ ਬੋਤਲ ਵਿੱਚੋਂ ਇੱਕ ਘੁੱਟ ਭਰਦੇ ਹੋ, ਤੁਸੀਂ ਅੰਦਰ ਬੈਕਟੀਰੀਆ ਜਮ੍ਹਾ ਕਰ ਰਹੇ ਹੁੰਦੇ ਹੋ ਅਤੇ ਇੱਕ ਦਿਨ ਦੇ ਦੌਰਾਨ ਇਹ ਲੱਖਾਂ ਤੱਕ ਵੱਧ ਸਕਦੇ ਹਨ।

ਪਰ ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ? ਇਸ ਦਾ ਜਵਾਬ ਵਿਗਿਆਨੀਆਂ ਨੇ ਦਿੱਤਾ ਹੈ।

ਕਾਰਲ ਬੇਨਕੇ ਹਮੇਸ਼ਾ ਸੋਚਦੇ ਸਨ ਕਿ ਉਨ੍ਹਾਂ ਦੀ ਪਾਣੀ ਦੀ ਬੋਤਲ ਬਹੁਤ ਸਾਫ਼ ਸੀ ਅਤੇ ਮੁੜ ਵਰਤੋਂ ਯੋਗ ਵੀ। ਪਰ ਜਦੋਂ ਉਨ੍ਹਾਂ ਨੇ ਆਪਣੀ ਬੋਤਲ ਵਿੱਚ ਕੁਝ ਟਿਸ਼ੂ ਪੇਪਰ ਭਰ ਕੇ ਉਨ੍ਹਾਂ ਨੂੰ ਘੁੰਮਾਇਆ ਤਾਂ ਉਹ ਹੈਰਾਨ ਹੀ ਰਹੀ ਗਏ।

ਅਮਰੀਕਾ ਦੇ ਇੰਡੀਆਨਾ ਵਿੱਚ ਪਰਡਿਊ ਯੂਨੀਵਰਸਿਟੀ ਵਿੱਚ ਭੋਜਨ ਸੁਰੱਖਿਆ ਦੇ ਮਾਹਰ ਬੇਨਕੇ ਕਹਿੰਦੇ ਹਨ "ਪੇਪਰ ਟਾਵਲ ਬਿਲਕੁਲ ਚਿੱਟੇ ਸਨ - ਜਦੋਂ ਤੱਕ ਮੈਂ ਉਨ੍ਹਾਂ ਨੂੰ ਬਾਹਰ ਨਹੀਂ ਕੱਢਿਆ ਸੀ।"

"ਮੈਨੂੰ ਅਹਿਸਾਸ ਹੋਇਆ ਕਿ ਬੋਤਲ ਦੇ ਅੰਦਰਲੇ ਹਿੱਸੇ ਵਿੱਚ ਮੈਨੂੰ ਜੋ ਫਿਸਲਣ ਦੀ ਭਾਵਨਾ ਮਹਿਸੂਸ ਹੋਈ ਸੀ ਉਹ ਕਿਸੇ ਸਮੱਗਰੀ ਕਾਰਨ ਨਹੀਂ ਸੀ, ਸਗੋਂ ਬੈਕਟੀਰੀਆ ਪੈਦਾ ਹੋਣ ਕਾਰਨ ਸੀ।"

ਫਿਰ ਉਨ੍ਹਾਂ ਦਾ ਅਗਲਾ ਕਦਮ ਸੀ ਇਸ ਸਬੰਧੀ ਇੱਕ ਅਧਿਐਨ ਕਰਨਾ। ਬਸ ਫਿਰ ਕੀ ਸੀ, ਬੇਨਕੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਰਡਿਊ ਦੇ ਇੱਕ ਕੋਰੀਡੋਰ ਵਿੱਚ ਆਉਂਦੇ-ਜਾਂਦੇ ਰਾਹਗੀਰਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ।

ਉਹ ਉਨ੍ਹਾਂ ਨੂੰ ਰੋਕਦੇ ਅਤੇ ਪੁੱਛਦੇ ਕਿ ਕੀ ਉਹ ਆਪਣੀਆਂ ਪਾਣੀ ਦੀਆਂ ਬੋਤਲਾਂ ਉਨ੍ਹਾਂ ਨੂੰ ਉਸ ਅਧਿਐਨ ਲਈ ਦੇ ਸਕਦੇ ਹਨ ਅਤੇ ਇਹ ਦੇਖਣਾ ਚਾਹੁੰਦੇ ਹਨ ਕਿ ਉਹ ਕਿੰਨੀਆਂ ਸਾਫ਼ ਹਨ।

ਪਾਣੀ ਦੀ ਬੋਤਲ ਵਿੱਚ ਬੈਕਟੀਰੀਆ

ਤਸਵੀਰ ਸਰੋਤ, Gorka Olmo/ BBC

ਇਹ ਵੀ ਪੜ੍ਹੋ-

ਬੇਨਕੇ ਯਾਦ ਕਰਦੇ ਹਨ, "ਇਸ ਪ੍ਰੋਜੈਕਟ ਤੋਂ ਇੱਕ ਗੱਲ ਜੋ ਵੱਖਰੀ ਸੀ ਉਹ ਸੀ- ਉਨ੍ਹਾਂ ਲੋਕਾਂ ਦੀ ਗਿਣਤੀ ਜੋ ਨਤੀਜੇ ਨਹੀਂ ਜਾਣਨਾ ਚਾਹੁੰਦੇ ਸਨ। ਮੂਲ ਰੂਪ ਵਿੱਚ, ਉਹ ਜਾਣਦੇ ਸਨ ਕਿ ਉਨ੍ਹਾਂ ਦੀਆਂ ਸਫਾਈ ਦੀਆਂ ਆਦਤਾਂ ਮਾੜੀਆਂ ਸਨ - ਜਿਸਦੀ ਬਾਅਦ ਵਿੱਚ ਡੇਟਾ ਨੇ ਵੀ ਪੁਸ਼ਟੀ ਕੀਤੀ।"

ਨਤੀਜਿਆਂ ਨੇ ਪੁਸ਼ਟੀ ਕੀਤੀ ਕਿ ਉਹ ਬੋਤਲਾਂ ਬੈਕਟੀਰੀਆ ਨਾਲ ਭਰੀਆਂ ਹੋਈਆਂ ਸਨ।

2024 ਵਿੱਚ ਗਲੋਬਲ ਰੀਯੂਜ਼ੇਬਲ ਪਾਣੀ ਦੀਆਂ ਬੋਤਲਾਂ ਦਾ ਬਾਜ਼ਾਰ ਲਗਭਗ 10 ਬਿਲੀਅਨ ਡਾਲਰ ਦਾ ਸੀ। ਇਤਾਲਵੀ ਸਿਹਤ ਸੰਭਾਲ ਕਰਮਚਾਰੀਆਂ 'ਤੇ ਇੱਕ ਅਧਿਐਨ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਵਿੱਚੋਂ ਅੱਧੇ ਰੀਯੂਜ਼ੇਬਲ ਬੋਤਲਾਂ ਦੀ ਵਰਤੋਂ ਕਰਦੇ ਸਨ, ਜਦਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਸਬੰਧਤ ਖੋਜ ਸੁਝਾਅ ਦਿੰਦੀ ਹੈ ਕਿ 50% ਤੋਂ 81% ਭਾਗੀਦਾਰਾਂ ਨੇ ਇਨ੍ਹਾਂ ਪੀਣ ਵਾਲੇ ਭਾਂਡਿਆਂ ਦੀ ਵਰਤੋਂ ਕੀਤੀ।

ਪਾਣੀ ਦੀਆਂ ਇਹ ਬੋਤਲਾਂ ਸਾਨੂੰ ਹਾਈਡਰੇਟਿਡ ਰਹਿਣ ਵਿੱਚ ਮਦਦ ਕਰਦੀਆਂ ਹਨ, ਅਸੀਂ ਜਿੱਥੇ ਵੀ ਜਾਂਦੇ ਹਾਂ ਉਨ੍ਹਾਂ ਨੂੰ ਆਪਣੇ ਨਾਲ ਲਿਜਾ ਸਕਦੇ ਹਾਂ ਅਤੇ ਜ਼ਰੂਰਤ ਮੁਤਾਬਕ ਇਨ੍ਹਾਂ ਤੋਂ ਪਾਣੀ ਪੀ ਸਕਦੇ ਹਾਂ ਪਰ ਨਾਲ ਇਹ ਬੋਤਲਾਂ ਸਾਡੀ ਸਿਹਤ ਲਈ ਜੋਖਮ ਵੀ ਪੈਦਾ ਕਰ ਸਕਦੀਆਂ ਹਨ।

ਤਾਂ ਕੀ ਸਾਨੂੰ ਇਨ੍ਹਾਂ ਬੋਤਲਾਂ ਦਾ ਇਸਤੇਮਾਲ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਇਸ ਦਾ ਕੋਈ ਹੱਲ ਵੀ ਕੀਤਾ ਜਾ ਸਕਦਾ ਹੈ?

ਰੀਯੂਜ਼ੇਬਲ ਪਾਣੀ ਦੀਆਂ ਬੋਤਲਾਂ ਦੇ ਅੰਦਰ ਅਸਲ ਵਿੱਚ ਕੀ ਹੈ?

ਬੈਕਟੀਰੀਆ

ਤਸਵੀਰ ਸਰੋਤ, Gorka Olmo

ਯੂਕੇ ਵਿੱਚ ਲੈਸਟਰ ਯੂਨੀਵਰਸਿਟੀ ਵਿੱਚ ਕਲੀਨਿਕਲ ਮਾਈਕ੍ਰੋਬਾਇਓਲੋਜੀ ਵਿੱਚ ਐਸੋਸੀਏਟ ਪ੍ਰੋਫੈਸਰ ਪ੍ਰਾਈਮਰੋਜ਼ ਫ੍ਰੀਸਟੋਨ ਕਹਿੰਦੇ ਹਨ ਕਿ ਜਦਕਿ ਇਹ ਆਮ ਤੌਰ 'ਤੇ ਬੋਤਲਾਂ ਤੋਂ ਪਾਣੀ ਪੀਣਾ ਸੁਰੱਖਿਅਤ ਹੈ, ਸਾਡੀ ਰਸੋਈ ਦੀਆਂ ਟੂਟੀਆਂ ਦੇ ਪਾਣੀ ਵਿੱਚ ਵੀ ਸੂਖਮ ਜੀਵ ਹੁੰਦੇ ਹਨ।

ਇਸੇ ਕਰਕੇ ਜੇਕਰ ਕੁਝ ਦਿਨਾਂ ਲਈ ਆਪਣੀ ਬੋਤਲ ਵਿੱਚ ਪਾਣੀ ਛੱਡ ਦਿੱਤਾ ਜਾਵੇ ਤਾਂ ਇਨ੍ਹਾਂ ਵਿੱਚ ਬੈਕਟੀਰੀਆ ਪੈਦਾ ਹੋ ਸਕਦੇ ਹਨ।

ਫ੍ਰੀਸਟੋਨ ਕਹਿੰਦੇ ਹਨ ਕਿ ਮਨੁੱਖੀ ਲਾਗਾਂ ਦਾ ਕਾਰਨ ਬਣ ਸਕਣ ਵਾਲੇ ਬੈਕਟੀਰੀਆ ਲਗਭਗ 37 ਸੈਂਟੀਗ੍ਰੇਡ (98F) 'ਤੇ ਵਧਦੇ-ਫੁੱਲਦੇ ਹਨ, ਪਰ ਇਹ ਕਮਰੇ ਦੇ ਤਾਪਮਾਨ 'ਤੇ ਵੀ ਭਾਵ ਲਗਭਗ 20 ਸੈਂਟੀਗ੍ਰੇਡ (68F) 'ਤੇ ਵੀ ਆਪਣੀ ਸੰਖਿਆ ਵਧਾ ਸਕਦੇ ਹਨ।

ਉਹ ਕਹਿੰਦੇ ਹਨ, "ਇੱਕ ਬੋਤਲ ਵਿੱਚ ਜਿੰਨਾ ਜ਼ਿਆਦਾ ਦੇਰ ਪਾਣੀ ਨੂੰ ਕਮਰੇ ਦੇ ਤਾਪਮਾਨ 'ਤੇ ਸਟੋਰ ਕੀਤਾ ਜਾਂਦਾ ਹੈ, ਓਨੇ ਹੀ ਜ਼ਿਆਦਾ ਬੈਕਟੀਰੀਆ ਵਧਣਗੇ।''

ਸਿੰਗਾਪੁਰ ਵਿੱਚ ਟੂਟੀ ਦੇ ਉਬਾਲੇ ਹੋਏ ਪਾਣੀ ਦੀ ਵਰਤੋਂ ਕਰਕੇ ਇੱਕ ਅਧਿਐਨ ਕੀਤਾ ਗਿਆ - ਉਬਾਲਣ ਨਾਲ ਪਾਣੀ ਵਿਚਲੇ ਜ਼ਿਆਦਾਤਰ ਬੈਕਟੀਰੀਆ ਮਰ ਜਾਣੇ ਚਾਹੀਦੇ ਸਨ। ਪਰ ਇਹ ਪਾਇਆ ਗਿਆ ਕਿ ਬੈਕਟੀਰੀਆ ਦੀ ਆਬਾਦੀ ਪਾਣੀ ਦੀਆਂ ਬੋਤਲਾਂ ਦੇ ਅੰਦਰ ਤੇਜ਼ੀ ਨਾਲ ਵਧ ਸਕਦੀ ਹੈ ਕਿਉਂਕਿ ਉਹ ਦਿਨ ਭਰ ਵਰਤੀਆਂ ਜਾਂਦੀਆਂ ਹਨ।

ਉਨ੍ਹਾਂ ਨੇ ਪਾਇਆ ਕਿ ਬਾਲਗਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਬੋਤਲਾਂ ਦੇ ਅੰਦਰ ਪਾਣੀ ਵਿੱਚ ਔਸਤਨ ਸਵੇਰੇ-ਸਵੇਰੇ ਪ੍ਰਤੀ ਮਿਲੀਲੀਟਰ ਲਗਭਗ 75,000 ਬੈਕਟੀਰੀਆ ਹੁੰਦੇ ਹਨ ਜੋ 24 ਘੰਟਿਆਂ ਦੇ ਦੌਰਾਨ 1-2 ਮਿਲੀਅਨ ਪ੍ਰਤੀ ਮਿਲੀਲੀਟਰ ਤੋਂ ਵੱਧ ਹੋ ਗਏ।

ਫ੍ਰੀਸਟੋਨ ਕਹਿੰਦੇ ਹਨ ਕਿ ਬੈਕਟੀਰੀਆ ਦੇ ਵਾਧੇ ਨੂੰ ਹੌਲੀ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਹਰ ਵਾਰ ਪਾਣੀ ਪੀਣ ਤੋਂ ਬਾਅਦ ਆਪਣੀ ਬੋਤਲ ਨੂੰ ਫਰਿੱਜ ਵਿੱਚ ਦਿਓ। ਹਾਲਾਂਕਿ ਇਹ ਵੀ ਇਸਨੂੰ ਪੂਰੀ ਤਰ੍ਹਾਂ ਵਧਣ ਤੋਂ ਨਹੀਂ ਰੋਕਦਾ।

ਫ੍ਰੀਸਟੋਨ ਕਹਿੰਦੇ ਹਨ ਕਿ ਇੱਕ ਹੋਰ ਖਾਸ ਚੀਜ਼ ਇਹ ਵੀ ਹੈ ਕਿ ਉਂਝ ਤਾਂ ਪਾਣੀ ਦੀ ਬੋਤਲ ਵਿੱਚ ਬੈਕਟੀਰੀਆ ਪਾਣੀ ਤੋਂ ਹੀ ਆਉਂਦੇ ਹਨ, ਪਰ ਇਸ ਦੀ ਜ਼ਿਆਦਾਤਰ ਗੰਦਗੀ ਅਸਲ ਵਿੱਚ ਪੀਣ ਵਾਲੇ ਵਿਅਕਤੀ ਕਾਰਨ ਹੁੰਦੀ ਹੈ।

ਬੋਤਲਾਂ
ਤਸਵੀਰ ਕੈਪਸ਼ਨ, ਵਰਤੀਆਂ ਜਾਂਦੀਆਂ ਬੋਤਲਾਂ ਦੇ ਬਾਹਰ ਬਹੁਤ ਸਾਰੇ ਰੋਗਾਣੂ ਹੁੰਦੇ ਹਨ

ਉਹ ਕਹਿੰਦੇ ਹਨ, ਭਾਵੇਂ ਤੁਸੀਂ ਆਪਣੀ ਬੋਤਲ ਨੂੰ ਕੰਮ 'ਤੇ ਲੈ ਜਾਂਦੇ ਹੋ, ਜਿੰਮ 'ਚ, ਜਾਂ ਫਿਰ ਭਾਵੇਂ ਇਸਨੂੰ ਘਰ ਵਿੱਚ ਵੀ ਰੱਖਦੇ ਹੋ, ਤੁਹਾਡੀ ਬੋਤਲ ਦੇ ਬਾਹਰ ਬਹੁਤ ਸਾਰੇ ਰੋਗਾਣੂ ਹੁੰਦੇ ਹਨ। ਅਤੇ ਜਦੋਂ ਵੀ ਤੁਸੀਂ ਇਸ ਬੋਤਲ ਤੋਂ ਇੱਕ ਘੁੱਟ ਭਰਦੇ ਹੋ, ਇਹ ਰੋਗਾਣੂ ਆਸਾਨੀ ਨਾਲ ਬੋਤਲ ਦੀ ਸਮੱਗਰੀ/ਪਾਣੀ ਵਿੱਚ ਚਲੇ ਜਾਂਦੇ ਹਨ।

ਫ੍ਰੀਸਟੋਨ ਮੁਤਾਬਕ, ਪਾਣੀ ਦੀ ਬੋਤਲ ਦੀ ਵਰਤੋਂ ਕਰਨ ਵਾਲੇ ਜੋ ਨਿਯਮਿਤ ਤੌਰ 'ਤੇ ਆਪਣੇ ਹੱਥ ਨਹੀਂ ਧੋਂਦੇ ਹਨ, ਉਹ ਇਹ ਵੀ ਦੇਖਣਗੇ ਕਿ ਉਨ੍ਹਾਂ ਦੀਆਂ ਬੋਤਲਾਂ ਵਿੱਚ ਈ. ਕੋਲੀ ਵਰਗੇ ਬੈਕਟੀਰੀਆ ਹੋ ਸਕਦੇ ਹਨ।

ਉਹ ਕਹਿੰਦੇ ਹਨ ਕਿ ''ਜੇਕਰ ਸਾਨੂੰ ਚੰਗੀ ਸਾਫ-ਸਫ਼ਾਈ ਦੀ ਆਦਤ ਨਹੀਂ ਹੈ ਤਾਂ "ਮਨੁੱਖੀ ਮਲ ਨਾਲ ਸਬੰਧਤ ਬੈਕਟੀਰੀਆ, ਜਿਵੇਂ ਕਿ ਈ. ਕੋਲੀ, ਸਾਡੇ ਹੱਥਾਂ ਤੋਂ ਸਾਡੇ ਬੁੱਲ੍ਹਾਂ ਤੱਕ ਪਹੁੰਚ ਸਕਦੇ ਹਨ।''

ਅਤੇ ਅਸੀਂ ਦੂਜਿਆਂ ਨਾਲ ਪਾਣੀ ਦੀਆਂ ਬੋਤਲਾਂ ਸਾਂਝੀਆਂ ਕਰਕੇ ਅਜਿਹੇ ਵਾਇਰਸਾਂ ਨੂੰ ਇੱਕ-ਦੂਜੇ ਨੂੰ ਵੀ ਦੇ ਸਕਦੇ ਹਾਂ। ਨੋਰੋਵਾਇਰਸ ਵਰਗੀਆਂ ਬਿਮਾਰੀਆਂ ਇਸ ਤਰੀਕੇ ਨਾਲ ਆਸਾਨੀ ਨਾਲ ਫੈਲ ਸਕਦੀਆਂ ਹਨ।

ਫ੍ਰੀਸਟੋਨ ਕਹਿੰਦੇ ਹਨ ਕਿ ਲੋਕਾਂ ਦੇ ਮੂੰਹ ਵਿੱਚ ਆਮ ਤੌਰ 'ਤੇ 500 ਤੋਂ 600 ਵੱਖ-ਵੱਖ ਕਿਸਮਾਂ ਦੇ ਬੈਕਟੀਰੀਆ ਰਹਿੰਦੇ ਹਨ।

"ਜ਼ਰੂਰੀ ਨਹੀਂ ਕਿ ਜੋ ਤੁਹਾਡੇ ਲਈ ਬਿਮਾਰੀ ਪੈਦਾ ਨਹੀਂ ਕਰਦਾ, ਉਹ ਦੂਜਿਆਂ ਲਈ ਵੀ ਨਾ ਕਰੇ। ਹੋ ਸਕਦਾ ਹੈ ਕਿ ਤੁਹਾਨੂੰ ਇਨਫੈਕਸ਼ਨ ਹੋਵੇ ਅਤੇ ਇਸਦਾ ਅਹਿਸਾਸ ਵੀ ਨਾ ਹੋਵੇ, ਕਿਉਂਕਿ ਸਾਡੇ ਇਮਿਊਨ ਸਿਸਟਮ ਸਾਡੀ ਰੱਖਿਆ ਕਰਨ ਵਿੱਚ ਬਹੁਤ ਵਧੀਆ ਹਨ।''

ਫ੍ਰੀਸਟੋਨ ਮੁਤਾਬਕ, ਆਪਣੀ ਬੋਤਲ ਵਿੱਚ ਬੈਕਟੀਰੀਆ ਦੇ ਵਾਧੇ ਨੂੰ ਉਤਸ਼ਾਹਿਤ ਕਰਨ ਦਾ ਇੱਕ ਹੋਰ ਤਰੀਕਾ ਹੈ - ਤਾਜ਼ੇ ਪਾਣੀ ਤੋਂ ਇਲਾਵਾ ਇਸ ਵਿੱਚ ਕੁਝ ਵੀ ਪਾ ਦੇਣਾ। ਉਹ ਪੀਣ ਵਾਲੇ ਪਦਾਰਥ ਜੋ ਤੁਹਾਨੂੰ ਪੋਸ਼ਣ ਦਿੰਦੇ ਹਨ, ਰੋਗਾਣੂਆਂ ਨੂੰ ਵੀ ਭੋਜਨ ਦਿੰਦੇ ਹਨ - ਇਸ ਲਈ ਕੋਈ ਵੀ ਪੀਣ ਵਾਲਾ ਪਦਾਰਥ, ਮਿਸਾਲ ਵਜੋਂ ਜਿਸ ਵਿੱਚ ਮਿੱਠਾ ਹੋਵੇ, ਤੁਹਾਡੀ ਬੋਤਲ ਵਿੱਚ ਮੌਜੂਦ ਕਿਸੇ ਵੀ ਬੈਕਟੀਰੀਆ ਜਾਂ ਉੱਲੀ ਦੇ ਵਿਕਾਸ ਨੂੰ ਉਤੇਜਿਤ ਕਰ ਸਕਦਾ ਹੈ।

ਉਹ ਕਹਿੰਦੇ ਹਨ, "ਪਾਣੀ ਤੋਂ ਇਲਾਵਾ ਕੁਝ ਵੀ ਬੈਕਟੀਰੀਆ ਅਤੇ ਕਾਈ ਲਈ ਸਵਰਗ ਹੈ, ਖਾਸ ਕਰਕੇ ਪ੍ਰੋਟੀਨ ਸ਼ੇਕ।

ਜੇਕਰ ਤੁਸੀਂ ਕਦੇ ਇੱਕ ਗਲਾਸ ਵਿੱਚ ਕੁਝ ਘੰਟਿਆਂ ਲਈ ਦੁੱਧ ਛੱਡਿਆ ਹੈ, ਤਾਂ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਤੁਸੀਂ ਇਸਨੂੰ ਡੋਲ੍ਹਦੇ ਹੋ ਤਾਂ ਇਹ ਗਲਾਸ ਦੇ ਅੰਦਰ ਇੱਕ ਪਤਲੀ ਫਿਲਮ/ਪਰਤ ਛੱਡ ਦਿੰਦਾ ਹੈ। ਫ੍ਰੀਸਟੋਨ ਕਹਿੰਦੇ ਹਨ ਕਿ ਬੈਕਟੀਰੀਆ ਇਸ ਫਿਲਮ ਨੂੰ ਪਸੰਦ ਕਰਦੇ ਹਨ।

ਇਹ ਬੈਕਟੀਰੀਆ ਸਾਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ?

ਪਾਣੀ ਦੀ ਬੋਤਲ

ਤਸਵੀਰ ਸਰੋਤ, Getty Images

ਅਸੀਂ ਸਾਰੇ ਮਿੱਟੀ, ਹਵਾ ਅਤੇ ਆਪਣੇ ਸਰੀਰ 'ਤੇ ਮੌਜੂਦ ਬੈਕਟੀਰੀਆ ਨਾਲ ਘਿਰੇ ਹੋਏ ਹਾਂ, ਪਰ ਇਹ ਯਾਦ ਰੱਖਣਾ ਜ਼ਰੂਰੀ ਕਿ ਜ਼ਿਆਦਾਤਰ ਬੈਕਟੀਰੀਆ ਨੁਕਸਾਨਦੇਹ ਨਹੀਂ ਹੁੰਦੇ ਜਾਂ ਲਾਭਦਾਇਕ ਵੀ ਹੁੰਦੇ ਹਨ।

ਈ. ਕੋਲੀ ਵਰਗੇ ਬੈਕਟੀਰੀਆ ਨਾਲ ਦੂਸ਼ਿਤ ਪਾਣੀ ਪੀਣ ਕਾਰਨ ਦਸਤ ਅਤੇ ਉਲਟੀਆਂ ਹੋ ਸਕਦੀਆਂ ਹਨ, ਪਰ ਅਜਿਹਾ ਹਮੇਸ਼ਾ ਨਹੀਂ ਹੁੰਦਾ।

ਈ. ਕੋਲੀ, ਬੈਕਟੀਰੀਆ ਦਾ ਇੱਕ ਵੱਡਾ ਸਮੂਹ ਹੈ ਜੋ ਵਾਤਾਵਰਣ ਵਿੱਚ ਕੁਦਰਤੀ ਤੌਰ 'ਤੇ ਮੌਜੂਦ ਹੁੰਦਾ ਹੈ, ਅਤੇ ਇਹ ਮਨੁੱਖੀ ਅੰਤੜੀਆਂ ਦੇ ਆਮ ਕੁਦਰਤੀ ਨਿਵਾਸੀ ਵੀ ਹਨ। ਪਰ ਜਦੋਂ ਬੈਕਟੀਰੀਆ ਰੋਗਜਨਕ ਬਣ ਜਾਂਦੇ ਹਨ - ਦੂਜੇ ਸ਼ਬਦਾਂ ਵਿੱਚ, ਜਦੋਂ ਉਹ ਕੁਝ ਖਾਸ ਗੁਣ ਪ੍ਰਾਪਤ ਕਰ ਲੈਂਦੇ ਹਨ ਜੋ ਉਨ੍ਹਾਂ ਨੂੰ ਨੁਕਸਾਨਦੇਹ ਬਣਾਉਂਦੇ ਹਨ - ਫਿਰ ਉਹ ਲੋਕਾਂ ਨੂੰ ਬਿਮਾਰ ਕਰਦੇ ਹਨ।

ਇਸ ਤੋਂ ਇਲਾਵਾ, ਪੇਟ ਦੇ ਕੀੜੇ ਨਾਲ ਬਿਮਾਰ ਹੋਣ ਨਾਲ, ਕੁਝ ਮਾਮਲਿਆਂ ਵਿੱਚ ਅੰਤੜੀਆਂ ਵਿੱਚ ਲੰਬੇ ਸਮੇਂ ਲਈ ਬਦਲਾਅ ਆ ਸਕਦੇ ਹਨ।

ਫ੍ਰੀਸਟੋਨ ਕਹਿੰਦੇ ਹਨ ਕਿ "ਸਾਡੀਆਂ ਅੰਤੜੀਆਂ ਹਰ ਸਮੇਂ ਬਦਲਦੀਆਂ ਰਹਿੰਦੀਆਂ ਹਨ, ਪਰ ਅੰਤੜੀਆਂ ਵਿੱਚ 1,000 ਤੋਂ ਵੱਧ ਪ੍ਰਜਾਤੀਆਂ ਮੌਜੂਦ ਹਨ, ਇਸ ਲਈ ਬਣਤਰ ਦੇ ਮਾਮਲੇ ਵਿੱਚ ਤਬਦੀਲੀਆਂ ਦੱਸਣਾ ਮੁਸ਼ਕਲ ਹੈ।''

"ਬਹੁਤ ਸਾਰੇ ਵੇਰੀਏਬਲ ਹਨ, ਪਰ ਪਾਣੀ ਦੀ ਬੋਤਲ ਵਿਚਲੇ ਬੈਕਟੀਰੀਆ ਤੋਂ ਫ਼ੂਡ ਪਵਾਈਜ਼ਨਿੰਗ ਹੋਣਾ ਕਦੇ ਵੀ ਇੱਕ ਸਕਾਰਾਤਮਕ ਤਬਦੀਲੀ ਨਹੀਂ ਹੋ ਸਕਦੀ।"

ਜਿਨ੍ਹਾਂ ਲੋਕਾਂ ਨੇ ਹਾਲ ਹੀ ਵਿੱਚ ਐਂਟੀਬਾਇਓਟਿਕਸ ਲਈਆਂ ਹਨ, ਜੋ ਉਨ੍ਹਾਂ ਦੀਆਂ ਅੰਤੜੀਆਂ ਦੇ ਮਾਈਕ੍ਰੋਬਾਇਓਮ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਉਨ੍ਹਾਂ ਵਿੱਚ ਵੀ ਅਜਿਹੇ ਬਦਲਾਅ ਹੋ ਸਕਦੇ ਹਨ। ਇਹ, ਉਨ੍ਹਾਂ ਲੋਕਾਂ ਨੂੰ ਹੋਰ ਲਾਗਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਂਦੇ ਹਨ।

ਯੂਕੇ ਦੇ ਇੱਕ ਅਖ਼ਬਾਰ ਦੇ ਦਫ਼ਤਰ ਮੁੜ ਵਰਤੋਂ ਯੋਗ ਪਾਣੀ ਦੀ ਬੋਤਲ ਦੀ ਬੋਤਲ ਤੋਂ ਲਏ ਗਏ ਨਮੂਨੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਬੋਤਲਾਂ ਅਜਿਹੇ ਬੈਕਟੀਰੀਆ ਲਈ ਇੱਕ ਪ੍ਰਜਨਣ ਸਥਾਨ ਹੋ ਸਕਦੀਆਂ ਹਨ ਜੋ ਐਂਟੀਬਾਇਓਟਿਕ-ਰੋਧਕ ਹੁੰਦੇ ਹਨ।

ਖੋਜਕਰਤਾਵਾਂ ਨੇ ਪਾਣੀ ਦੀ ਬੋਤਲ ਤੋਂ ਲਏ ਗਏ ਨਮੂਨੇ ਵਿੱਚ ਕਲੇਬਸੀਏਲਾ ਗ੍ਰਿਮੋਂਟੀ ਨਾਮਕ ਬੈਕਟੀਰੀਆ ਦੀ ਇੱਕ ਪ੍ਰਜਾਤੀ ਦੀ ਖੋਜ ਕੀਤੀ - ਜੋ ਕਿ ਇੱਕ ਹੋਰ ਤਰ੍ਹਾਂ ਦੀ ਨਿਰਜੀਵ ਸਤ੍ਹਾ 'ਤੇ ਇੱਕ ਬਾਇਓਫਿਲਮ ਬਣਾਉਣ ਦੇ ਸਮਰੱਥ ਹੈ।

ਜੇਕਰ ਤੁਹਾਡੀ ਬੋਤਲ ਵਿੱਚ ਉੱਲੀ ਜਾਂ ਕਾਈ ਉੱਗਦੀ ਹੈ, ਤਾਂ ਇਹ ਐਲਰਜੀ ਵਾਲੇ ਕਿਸੇ ਵੀ ਵਿਅਕਤੀ ਵਿੱਚ ਲੱਛਣ ਪੈਦਾ ਕਰ ਸਕਦੀ ਹੈ।

ਹਾਲਾਂਕਿ, ਇਹ ਧਿਆਨ ਦੇਣ ਯੋਗ ਹੈ ਕਿ ਵਿਗਿਆਨਕ ਸਾਹਿਤ ਵਿੱਚ ਮੁੜ ਵਰਤੋਂ ਯੋਗ ਪਾਣੀ ਦੀਆਂ ਬੋਤਲਾਂ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਦੀਆਂ ਕੋਈ ਉਦਾਹਰਣਾਂ ਨਹੀਂ ਹਨ। ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਹੁੰਦੇ ਹਨ ਨਹੀਂ, ਪਰ ਇਹ ਜ਼ਰੂਰ ਹੈ ਕਿ ਲਾਗ ਦੇ ਕਿਸੇ ਇੱਕ ਸਰੋਤਾਂ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।

ਸਾਨੂੰ ਮੁੜ ਵਰਤੋਂ ਯੋਗ ਬੋਤਲਾਂ ਨੂੰ ਕਿਵੇਂ ਸਾਫ਼ ਕਰਨਾ ਚਾਹੀਦਾ ਹੈ?

ਪਾਣੀ ਦੀ ਬੋਤਲ

ਤਸਵੀਰ ਸਰੋਤ, Getty Images

ਬੇਨਕੇ ਨੂੰ ਹੌਲੀ-ਹੌਲੀ ਅਹਿਸਾਸ ਹੋਇਆ ਕਿ ਸ਼ਾਇਦ ਉਨ੍ਹਾਂ ਨੂੰ ਆਪਣੀ ਪਾਣੀ ਦੀ ਬੋਤਲ ਨੂੰ ਹੋਰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਵੀ ਪ੍ਰੇਰਣਾ ਮਿਲੀ ਕਿ ਉਨ੍ਹਾਂ ਦੀ ਬੋਤਲ ਅੰਦਰ ਕੀ ਹੋ ਸਕਦਾ ਹੈ। ਉਹ ਫਿਲਟਰ ਕੀਤੇ ਪਾਣੀ ਦੀ ਬੋਤਲ ਵਰਤ ਰਹੇ ਸਨ ਅਤੇ ਉਨ੍ਹਾਂ ਨੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਕਿ ਜੋ ਪਾਣੀ ਉਹ ਪੀ ਰਹੇ ਸਨ, ਉਸਦਾ ਸੁਆਦ ਖਰਾਬ ਸੀ।

ਉਹ ਕਹਿੰਦੇ ਹਨ, "ਮੈਂ ਇਸਨੂੰ ਕਈ ਵਾਰ ਗਰਮ ਪਾਣੀ ਨਾਲ ਧੋਂਦਾ ਸੀ, ਪਰ ਮੈਂ ਅਸਲ ਵਿੱਚ ਇਸ ਤੋਂ ਵੱਧ ਕੁਝ ਨਹੀਂ ਕੀਤਾ।

ਜਦੋਂ ਉਨ੍ਹਾਂ ਦੀ ਪੇਪਰ ਟਾਵਲ ਵਾਲੀ ਜਾਂਚ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਪਾਣੀ ਦੀ ਬੋਤਲ ਕਿੰਨੀ ਗੰਦੀ ਸੀ, ਤਾਂ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਲੋਕਾਂ ਦੀਆਂ ਪਾਣੀ ਦੀਆਂ ਬੋਤਲ ਦੀਆਂ ਆਦਤਾਂ ਨੂੰ ਹੋਰ ਵਿਸਥਾਰ ਨਾਲ ਦੇਖਿਆ।

ਬੇਨਕੇ ਨੇ ਪਾਇਆ ਕਿ ਖੋਜ ਦੌਰਾਨ ਸਰਵੇਖਣ ਕੀਤੇ ਗਏ 90 ਭਾਗੀਦਾਰਾਂ ਵਿੱਚੋਂ ਅੱਧੇ ਤੋਂ ਵੱਧ ਨੇ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਬੋਤਲਾਂ ਦੂਜਿਆਂ ਨਾਲ ਸਾਂਝੀਆਂ ਕੀਤੀਆਂ ਸਨ, ਅਤੇ 15% ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਆਪਣੀਆਂ ਬੋਤਲਾਂ ਸਾਫ਼ ਨਹੀਂ ਕੀਤੀਆਂ।

ਹੈਰਾਨੀ ਦੀ ਗੱਲ ਨਹੀਂ ਕਿ ਲੋਕਾਂ ਨੇ ਆਪਣੀਆਂ ਪਾਣੀ ਦੀਆਂ ਬੋਤਲਾਂ ਧੋਤੀਆਂ ਜਾਂ ਨਹੀਂ, ਅਤੇ ਇਸ ਨਾਲ ਗੰਦਗੀ ਦੇ ਪੱਧਰ 'ਤੇ ਅਸਰ ਪਿਆ ਸੀ। ਸਗੋਂ, ਬੇਨਕੇ ਨੇ ਪਾਇਆ ਕਿ ਉਨ੍ਹਾਂ ਨੇ ਬੋਤਲਾਂ ਨੂੰ ਕਿੰਨੀ ਵਾਰ ਸਾਫ਼ ਕੀਤਾ, ਜਾਂ ਉਨ੍ਹਾਂ ਨੂੰ ਕਿਵੇਂ ਸਾਫ਼ ਕੀਤਾ, ਇਸ ਗੱਲ ਦਾ ਇਸ ਗੱਲ 'ਤੇ ਬਹੁਤਾ ਪ੍ਰਭਾਵ ਨਹੀਂ ਪਿਆ ਕਿ ਉਹ ਕਿੰਨੀਆਂ ਦੂਸ਼ਿਤ ਸਨ।

ਜੋ ਲੋਕ ਆਪਣੀਆਂ ਬੋਤਲਾਂ ਨੂੰ ਬੁਰਸ਼ ਵਰਗੇ ਔਜ਼ਾਰਾਂ ਨਾਲ ਧੋਦੇ ਹਨ ਜਾਂ ਡਿਸ਼ਵਾਸ਼ਰ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੇ ਅੰਦਰ ਬੈਕਟੀਰੀਆ ਦੀ ਗਿਣਤੀ ਸਭ ਤੋਂ ਘੱਟ ਹੁੰਦੀ ਹੈ। ਬੇਨਕੇ ਅਤੇ ਉਨ੍ਹਾਂ ਦੇ ਸਹਿਯੋਗੀ ਇਹ ਵੀ ਸੁਝਾਅ ਦਿੰਦੇ ਹਨ ਕਿ ਸੈਨੀਟਾਈਜ਼ੇਸ਼ਨ ਚੱਕਰ ਵਾਲੇ ਡਿਸ਼ਵਾਸ਼ਰ ਦੀ ਵਰਤੋਂ ਕਰਨਾ ਸਭ ਤੋਂ ਚੰਗਾ ਤਰੀਕਾ ਹੋ ਸਕਦਾ ਹੈ।

ਹਾਲਾਂਕਿ, ਅਧਿਐਨ ਇਹ ਸਿੱਟਾ ਕੱਢਦਾ ਹੈ ਕਿ ਇਹ ਖੋਜਾਂ ਇਸ ਤੱਥ ਤੋਂ ਪ੍ਰਭਾਵਿਤ ਹੋ ਸਕਦੀਆਂ ਹਨ ਕਿ ਖੋਜਕਰਤਾਵਾਂ ਨੇ ਭਾਗੀਦਾਰਾਂ ਦੇ ਆਪਣੇ ਸਫਾਈ ਵਿਵਹਾਰਾਂ ਦੀ ਸਵੈ-ਰਿਪੋਰਟਿੰਗ 'ਤੇ ਭਰੋਸਾ ਕੀਤਾ, ਅਤੇ ਹੋ ਸਕਦਾ ਹੈ ਕਿ ਉਨ੍ਹਾਂ ਨੇ ਆਪਣੇ ਜਵਾਬਾਂ ਨੂੰ ਬਦਲ ਦਿੱਤਾ ਹੋਵੇ ਤਾਂ ਜੋ ਦੂਜੇ ਉਨ੍ਹਾਂ ਬਾਰੇ ਚੰਗਾ ਸੋਚਣ।

ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਚਾਹ, ਕੌਫੀ ਜਾਂ ਜੂਸ ਵਾਲੀਆਂ ਬੋਤਲਾਂ ਸਿਰਫ਼ ਪਾਣੀ ਵਾਲੀਆਂ ਬੋਤਲਾਂ ਦੀ ਬਜਾਏ ਜ਼ਿਆਦਾ ਦੂਸ਼ਿਤ ਸਨ।

ਆਪਣੀਆਂ ਪਾਣੀ ਦੀਆਂ ਬੋਤਲਾਂ ਨੂੰ ਨਿਯਮਿਤ ਤੌਰ 'ਤੇ ਅਤੇ ਸਹੀ ਢੰਗ ਨਾਲ ਸਾਫ਼ ਕਰਨਾ ਹੀ ਇਹ ਯਕੀਨੀ ਬਣਾਉਣ ਦਾ ਇੱਕੋ-ਇੱਕ ਤਰੀਕਾ ਹੈ ਕਿ ਤੁਸੀਂ ਆਪਣੇ ਪਾਣੀ ਨਾਲ ਨੁਕਸਾਨਦੇਹ ਬੈਕਟੀਰੀਆ ਦਾ ਸੇਵਨ ਨਹੀਂ ਕਰ ਰਹੇ ਹੋ।

ਫ੍ਰੀਸਟੋਨ ਕਹਿੰਦੇ ਹਨ ਕਿ ਭਾਵੇਂ ਇਸ ਦੇ ਅੰਦਰਲਾ ਪਾਣੀ ਜੀਵਾਣੂ ਰਹਿਤ ਹੈ, ਪਰ ਬੋਤਲ ਵਿੱਚ ਤੁਹਾਡੀ ਲਾਰ ਵੀ ਜਾਂਦੀ ਹੈ ਅਤੇ ਉਸ ਵਿੱਚ ਕੁਝ ਪੌਸ਼ਟਿਕ ਤੱਤ ਵੀ ਹੁੰਦੇ ਹਨ, ਜਿਨ੍ਹਾਂ ਨੂੰ ਬੈਕਟੀਰੀਆ ਖੁਸ਼ੀ ਨਾਲ ਖਾਂਦੇ ਹਨ।

ਪਾਣੀ ਦੀ ਬੋਤਲ

ਤਸਵੀਰ ਸਰੋਤ, Getty Images

ਫ੍ਰੀਸਟੋਨ ਕਹਿੰਦੇ ਹਨ ਕਿ ਬੋਤਲ ਨੂੰ ਸਿਰਫ਼ ਠੰਡੇ ਪਾਣੀ ਨਾਲ ਧੋਣਾ ਕਾਫ਼ੀ ਨਹੀਂ ਹੈ, ਕਿਉਂਕਿ ਇਹ ਬਾਇਓਫਿਲਮਾਂ ਤੋਂ ਛੁਟਕਾਰਾ ਨਹੀਂ ਦੇਵੇਗਾ। ਬਾਇਓਫਿਲਮ, ਬੈਕਟੀਰੀਆ ਦੀ ਉਹ ਪਰਤ ਹੈ ਜੋ ਤੁਹਾਡੀ ਬੋਤਲ ਦੀ ਅੰਦਰਲੀ ਸਤ੍ਹਾ 'ਤੇ ਬਣ ਸਕਦੀ ਹੈ ਅਤੇ ਬੈਕਟੀਰੀਆ ਨੂੰ ਵਧਣ ਲਈ ਇੱਕ ਆਦਰਸ਼ ਵਾਤਾਵਰਣ ਪ੍ਰਦਾਨ ਕਰਦੀ ਹੈ।

ਫ੍ਰੀਸਟੋਨ ਦੁਬਾਰਾ ਵਰਤੋਂ ਯੋਗ ਬੋਤਲਾਂ ਨੂੰ ਗਰਮ ਪਾਣੀ (60 ਸੈਲਸੀਅਸ (140F) ਤੋਂ ਵੱਧ) ਨਾਲ ਸਾਫ਼ ਕਰਨ ਅਤੇ ਭਾਂਡੇ ਧੋਣ ਵਾਲੇ ਤਰਲ ਦੀ ਵਰਤੋਂ ਕਰਨ ਦੀ ਸਿਫ਼ਾਰਸ਼ ਕਰਦੇ ਹਨ। ਉਹ ਕਹਿੰਦੇ ਹਨ ਕਿ ਇਸਨੂੰ ਬੋਤਲ ਵਿੱਚ ਪਾ ਕੇ ਘੁਮਾਓ ਅਤੇ 10 ਮਿੰਟ ਲਈ ਛੱਡ ਦਿਓ, ਫਿਰ ਬੋਤਲ ਨੂੰ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਓ।

ਇਸ ਤੋਂ ਬਾਅਦ, ਬੋਤਲ ਨੂੰ ਹਵਾ ਵਿੱਚ ਸੁੱਕਣ ਦੇਣਾ ਤੁਹਾਡੀ ਬੋਤਲ ਵਿੱਚ ਬੈਕਟੀਰੀਆ ਦੇ ਨਿਰਮਾਣ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ, ਕਿਉਂਕਿ ਸੂਖਮ ਜੀਵਾਣੂ ਨਮੀ ਵਾਲੇ ਵਾਤਾਵਰਣ ਨੂੰ ਪੰਸਦ ਕਰਦੇ ਹਨ।

ਫ੍ਰੀਸਟੋਨ ਕਹਿੰਦੇ ਹਨ ਕਿ ਤੁਹਾਨੂੰ ਹਰ ਵਰਤੋਂ ਤੋਂ ਬਾਅਦ - ਜਾਂ ਘੱਟੋ ਘੱਟ, ਹਫ਼ਤੇ ਵਿੱਚ ਕਈ ਵਾਰ ਆਪਣੀ ਬੋਤਲ ਨੂੰ ਇਸ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ।

ਉਹ ਚੇਤਾਵਨੀ ਦਿੰਦੇ ਹਨ ਕਿ ਕਦੇ ਵੀ ਉਦੋਂ ਤੱਕ ਇੰਤਜ਼ਾਰ ਨਾ ਕਰੋ ਜਦੋਂ ਤੱਕ ਇਸ 'ਚੋਂ ਬਦਬੂ ਨਾ ਆਉਣ ਲੱਗ ਜਾਵੇ।

ਫ੍ਰੀਸਟੋਨ ਮੁਤਾਬਕ, "ਜੇ ਤੁਹਾਡੀ ਬੋਤਲ ਵਿੱਚੋਂ ਬਦਬੂ ਆਉਣ ਲੱਗਦੀ ਹੈ, ਤਾਂ ਤੁਸੀਂ ਉਸ ਬਿੰਦੂ 'ਤੇ ਪਹੁੰਚ ਗਏ ਹੋ ਜਿੱਥੇ ਤੁਹਾਨੂੰ ਇਸਨੂੰ ਸੁੱਟ ਦੇਣਾ ਚਾਹੀਦਾ ਹੈ।''

ਫ੍ਰੀਸਟੋਨ ਕਹਿੰਦਾ ਹੈ ਕਿ ਇੱਕ ਵਾਰ ਜਦੋਂ ਤੁਹਾਡੀ ਬੋਤਲ ਸਾਫ਼ ਹੋ ਜਾਂਦੀ ਹੈ, ਤਾਂ ਇਸਨੂੰ ਛੂਹਣ ਤੋਂ ਪਹਿਲਾਂ ਆਪਣੇ ਹੱਥ ਧੋਣਾ ਨਾ ਭੁੱਲੋ।

ਉਦਾਹਰਣ ਵਜੋਂ, ਬੇਨਕੇ ਨੇ ਹੁਣ ਪਾਣੀ ਦੀ ਬੋਤਲ ਸਬੰਧੀ ਆਪਣੀਆਂ ਆਦਤਾਂ ਸੁਧਾਰ ਲਈਆਂ ਹਨ। ਉਹ ਹਫ਼ਤਾਵਾਰੀ ਆਪਣੀਆਂ ਬੋਤਲਾਂ ਨੂੰ ਧੋਂਦੇ ਹਨ ਅਤੇ ਹਵਾ ਵਿੱਚ ਸੁਕਾਉਂਦੇ ਹਨ। ਸਪਾਊਟ ਜਾਂ ਨੋਜ਼ਲ ਅਤੇ ਹੋਰ ਛੋਟੀਆਂ ਸਤਹਾਂ ਨੂੰ ਸਾਫ਼ ਕਰਨ ਲਈ ਉਹ ਬਲੀਚ ਸਪਰੇਅ ਅਤੇ ਬੋਤਲ ਬੁਰਸ਼ ਦੀ ਵਰਤੋਂ ਕਰਦੇ ਹਨ।

ਕੀ ਪਾਣੀ ਦੀਆਂ ਅਜਿਹੀਆਂ ਵੀ ਬੋਤਲਾਂ ਹਨ ਜੋ ਸਾਨੂੰ ਨਹੀਂ ਵਰਤਣੀਆਂ ਚਾਹੀਦੀਆਂ?

ਪਾਣੀ ਵਾਲੀਆਂ ਬੋਤਲਾਂ

ਤਸਵੀਰ ਸਰੋਤ, Getty Images

ਹਾਲਾਂਕਿ ਕੁਝ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਪਲਾਸਟਿਕ ਦੀਆਂ ਬੋਤਲਾਂ ਵਿੱਚ ਸਟੇਨਲੈੱਸ ਸਟੀਲ ਦੀਆਂ ਬੋਤਲਾਂ ਨਾਲੋਂ ਬੈਕਟੀਰੀਆ ਜ਼ਿਆਦਾ ਹੋ ਸਕਦੇ ਹਨ, ਪਰ ਸਾਫ਼-ਸਫ਼ਾਈ ਬਹੁਤ ਵੱਡਾ ਫ਼ਰਕ ਪਾਉਂਦੀ ਹੈ।

ਫ੍ਰੀਸਟੋਨ ਕਹਿੰਦੇ ਹਨ ਕਿ ਸਭ ਤੋਂ ਵੱਧ ਸਾਫ਼-ਸੁਥਰੀਆਂ ਬੋਤਲਾਂ ਉਹ ਹੁੰਦੀਆਂ ਹਨ ਜਿਨ੍ਹਾਂ ਨੂੰ ਸਾਫ਼ ਕਰਨਾ ਸਭ ਤੋਂ ਆਸਾਨ ਹੁੰਦਾ ਹੈ।

ਉਹ ਅੱਗੇ ਕਹਿੰਦੇ ਹਨ ਕਿ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਤੁਸੀਂ ਪਾਣੀ ਦੀ ਬੋਤਲ ਦੇ ਹਰ ਹਿੱਸੇ ਨੂੰ ਸਾਫ਼ ਕਰੋ, ਜਿਸ ਵਿੱਚ ਬਾਹਰੀ ਹਿੱਸਾ, ਢੱਕਣ ਅਤੇ ਚੂੜੀ ਸ਼ਾਮਲ ਹੈ, ਜੇਕਰ ਇਸ ਵਿੱਚ ਤੂੜੀ ਹੈ।

ਹਾਲਾਂਕਿ, ਪਲਾਸਟਿਕ ਦੀ ਬਜਾਏ ਧਾਤ ਦੀ ਬੋਤਲ ਚੁਣਨ ਦਾ ਇੱਕ ਹੋਰ ਕਾਰਨ ਹੋ ਸਕਦਾ ਹੈ।

ਕਤਰ ਵਿੱਚ ਵੇਲ ਕਾਰਨੇਲ ਮੈਡੀਸਨ ਵਿਖੇ ਕਲੀਨਿਕਲ ਆਬਾਦੀ ਸਿਹਤ ਵਿਗਿਆਨ ਦੇ ਸਹਾਇਕ ਪ੍ਰੋਫੈਸਰ, ਐਮਡੀ, ਅਮਿਤ ਅਬ੍ਰਾਹਮ ਕਹਿੰਦੇ ਹਨ, "ਪਲਾਸਟਿਕ ਵਿੱਚ ਆਮ ਤੌਰ 'ਤੇ ਰਸਾਇਣਕ ਐਡਿਟਿਵ ਹੁੰਦੇ ਹਨ। ਇਨ੍ਹਾਂ ਕਾਰਨ ਹੀ ਬੋਤਲਾਂ ਟਿਕਾਊ, ਗਰਮੀ ਪ੍ਰਤੀਰੋਧਕ ਅਤੇ ਹਲਕੀਆਂ ਆਦਿ ਹੁੰਦੀਆਂ ਹਨ।''

"ਇਹ ਐਡਿਟਿਵ ਪਲਾਸਟਿਕ ਨਾਲ ਭੌਤਿਕ ਤੌਰ 'ਤੇ ਜੁੜੇ ਹੋਏ ਹਨ, ਜਿਸਦਾ ਮਤਲਬ ਹੈ ਕਿ ਇਹ ਪਾਣੀ ਵਿੱਚ ਘੁਲ ਸਕਦੇ ਹਨ।"

ਕੁਝ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਇਹ ਐਡਿਟਿਵ, ਜਿਵੇਂ ਕਿ ਬੀਪੀਏ, ਸਾਡੇ ਹਾਰਮੋਨ ਫੰਕਸ਼ਨ ਵਿੱਚ ਵਿਘਨ ਪਾ ਸਕਦੇ ਹਨ, ਅਤੇ ਦਿਲ ਦੀ ਬਿਮਾਰੀ, ਸਟ੍ਰੋਕ, ਸ਼ੂਗਰ ਅਤੇ ਹੋਰ ਪੁਰਾਣੀਆਂ ਬਿਮਾਰੀਆਂ ਦੇ ਵਧੇ ਹੋਏ ਜੋਖਮ ਨਾਲ ਜੁੜੇ ਹੋ ਸਕਦੇ ਹਨ।

ਅਬਰਾਹਿਮ ਕਹਿੰਦੇ ਹਨ ਕਿ ਭਾਵੇਂ ਬੋਤਲ ਡਿਸਪੋਜ਼ੇਬਲ ਹੋਵੇ ਜਾਂ ਮੁੜ ਵਰਤੋਂ ਯੋਗ ਪਲਾਸਟਿਕ ਦੀ ਹੋਵੇ, ਇਹ ਐਡਿਟਿਵ ਪਾਣੀ ਵਿੱਚ ਘੁਲ ਜਾਂਦੇ ਹਨ। ਇਸ ਤੋਂ ਇਲਾਵਾ, ਪਲਾਸਟਿਕ ਸਮੱਗਰੀ ਖੁਦ ਟੁੱਟ ਸਕਦੀ ਹੈ, ਜਿਸ ਨਾਲ ਬੋਤਲਬੰਦ ਪਾਣੀ ਵਿੱਚ ਮਾਈਕ੍ਰੋਪਲਾਸਟਿਕਸ ਦਾ ਗਾੜ੍ਹਾਪਣ ਵਧ ਜਾਂਦਾ ਹੈ। ਕੱਚ ਜਾਂ ਸਟੇਨਲੈੱਸ ਸਟੀਲ ਦੀਆਂ ਬਣੀਆਂ ਬੋਤਲਾਂ ਸੁਰੱਖਿਅਤ ਬਦਲ ਹੋ ਸਕਦੀਆਂ ਹਨ।

ਤੁਸੀਂ ਪਾਣੀ ਦੀ ਕੋਈ ਵੀ ਬੋਤਲ ਚੁਣੋ, ਪਰ ਲੱਗਦਾ ਹੈ ਕਿ ਸਭ ਤੋਂ ਜ਼ਰੂਰੀ ਇਹੀ ਹੈ ਕਿ ਸਾਫ਼-ਸਫ਼ਾਈ ਦੀ ਆਦਤ ਚੰਗੀ ਹੋਣੀ ਚਾਹੀਦੀ ਹੈ ਤਾਂ ਜੋ ਤੁਹਾਡੀ ਪਾਣੀ ਦੀ ਬੋਤਲ ਵਿੱਚ ਬੈਕਟੀਰੀਆ ਪੈਦਾ ਨਾ ਹੋਣ ਅਤੇ ਤੁਸੀਂ ਬਿਮਾਰੀਆਂ ਤੋਂ ਬਚੇ ਰਹੋ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)