ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਦੀ ਜ਼ਿੰਦਗੀ ਮੁਰਦਾ ਘਰਾਂ ਦੇ ਚੱਕਰ ਕੱਟਣ ਵਿੱਚ ਗੁਜ਼ਰ ਜਾਂਦੀ ਹੈ

ਸਾਇਰਾ ਬਲੋਚ
ਤਸਵੀਰ ਕੈਪਸ਼ਨ, ਸਾਇਰਾ ਬਲੋਚ ਆਪਣੇ ਭਰਾ ਦੀ ਭਾਲ 'ਚ ਹੈ, ਜਿਸਨੂੰ 2018 'ਚ ਅੱਤਵਾਦ ਵਿਰੋਧੀ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਨਹੀਂ ਦੇਖਿਆ ਗਿਆ
    • ਲੇਖਕ, ਫ਼ਰਹਾਤ ਜਾਵੇਦ
    • ਰੋਲ, ਬੀਬੀਸੀ ਪੱਤਰਕਾਰ

ਪਾਕਿਸਤਾਨ ਦਾ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਔਰਤਾਂ ਪੀੜ੍ਹੀਆਂ ਤੋਂ ਆਪਣੇ ਲਾਪਤਾ ਹੋਏ ਅਜ਼ੀਜ਼ਾਂ ਦੀ ਭਾਲ ਕਰ ਰਹੀਆਂ ਹਨ।

'ਮੈਨੂੰ ਹਮੇਸ਼ਾਂ ਖਿਆਲ ਆਉਂਦਾ ਹੈ ਕਿ ਕੀ ਮੇਰੇ ਪਿਤਾ ਕਦੇ ਘਰ ਪਰਤਣਗੇ', ਸਾਇਰਾ ਬਲੋਚ 15 ਸਾਲਾਂ ਦੀ ਸੀ ਜਦੋਂ ਉਸਨੇ ਪਹਿਲੀ ਵਾਰ ਮੁਰਦਾਘਰ ਵਿੱਚ ਕਦਮ ਰੱਖਿਆ।

ਮੱਧਮ ਰੌਸ਼ਨੀ ਵਾਲੇ ਕਮਰੇ ਵਿੱਚ ਉਸਨੂੰ ਸਿਰਫ਼ ਰੋਣ ਦੀਆਂ ਆਵਾਜ਼ਾਂ, ਦੱਬੀ ਸੁਰ ਵਿੱਚ ਹੁੰਦੀਆਂ ਅਰਦਾਸਾਂ ਅਤੇ ਪੈਰਾਂ ਦੀ ਹਿੱਲਜੁਲ ਸੁਣਾਈ ਦੇ ਰਹੀ ਸੀ।

ਪਹਿਲੀ ਲਾਸ਼ ਜੋ ਉਸਨੇ ਦੇਖੀ ਉਹ ਇੱਕ ਆਦਮੀ ਦੀ ਸੀ ਜਿਸਨੂੰ ਦੇਖ ਕੇ ਲੱਗਦਾ ਸੀ ਕਿ ਉਸ ਨੂੰ ਤਸੀਹੇ ਦਿੱਤੇ ਗਏ ਹੋਣਗੇ।

ਉਸਦੀਆਂ ਅੱਖਾਂ ਗਾਇਬ ਸਨ, ਉਸਦੇ ਦੰਦ ਕੱਢ ਦਿੱਤੇ ਗਏ ਸਨ ਅਤੇ ਉਸਦੀ ਛਾਤੀ 'ਤੇ ਸੜਨ ਦੇ ਨਿਸ਼ਾਨ ਸਨ।

ਸਾਇਰਾ ਦੱਸਦੀ ਹੈ, "ਮੈਂ ਦੂਜੀਆਂ ਲਾਸ਼ਾਂ ਵੱਲ ਨਹੀਂ ਦੇਖ ਸਕੀ। ਮੈਂ ਬਾਹਰ ਚਲੀ ਗਈ।"

ਪਰ ਫ਼ਿਰ ਵੀ ਉਸਨੂੰ ਥੋੜ੍ਹਾ ਸੁੱਖ ਦਾ ਸਾਹ ਆਇਆ ਸੀ।

ਕਿਉਂਕਿ ਉਹ ਆਪਣੇ ਭਰਾ ਦੀ ਸ਼ਨਾਖ਼ਤ ਕਰਨ ਆਈ ਸੀ ਤੇ ਇਹ ਵਿਅਕਤੀ ਉਸਦਾ ਭਰਾ ਨਹੀਂ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਉਸ ਦਾ ਭਰਾ ਇੱਕ ਪੁਲਿਸ ਅਧਿਕਾਰੀ ਸੀ ਜੋ 2018 ਵਿੱਚ ਪਾਕਿਸਤਾਨ ਦੇ ਸਭ ਤੋਂ ਅਸ਼ਾਂਤ ਇਲਾਕਿਆਂ ਵਿੱਚੋਂ ਇੱਕ ਵਿੱਚ ਇੱਕ ਅੱਤਵਾਦ ਵਿਰੋਧੀ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਤਕਰੀਬਨ ਇੱਕ ਸਾਲ ਤੋਂ ਉਹ ਲਾਪਤਾ ਸੀ।

ਮੁਰਦਾਘਰ ਦੇ ਅੰਦਰ, ਹੋਰ ਲੋਕ ਆਪਣਿਆਂ ਦੀ ਬੇਚੈਨੀ ਨਾਲ ਭਾਲ ਜਾਰੀ ਰੱਖਦੇ ਹਨ, ਲਾਵਾਰਿਸ ਲਾਸ਼ਾਂ ਦੀਆਂ ਕਤਾਰਾਂ ਹਨ, ਜਿਨ੍ਹਾਂ ਨੂੰ ਦੇਖਿਆ ਜਾ ਰਿਹਾ ਹੈ।

ਸਾਇਰਾ ਜਲਦੀ ਹੀ ਇਸ ਭਿਆਨਕ ਵਰਤਾਰੇ ਨੂੰ ਅਪਣਾ ਲਵੇਗੀ, ਇੱਕ ਤੋਂ ਬਾਅਦ ਇੱਕ ਮੁਰਦਾਘਰ ਵਿੱਚ ਜਾਂਦੀ ਰਹੇਗੀ।

ਸਾਰੇ ਮੁਰਦਾਘਰ ਇੱਕੋ ਜਿਹੇ ਸਨ, ਟਿਊਬ ਲਾਈਟਾਂ ਟਿਮਟਿਮਾਉਂਦੀਆਂ ਸਨ, ਹਵਾ ਸੜਨ ਦੀ ਬਦਬੂ ਅਤੇ ਐਂਟੀਸੈਪਟਿਕ ਨਾਲ ਭਰੀ ਹੋਈ ਸੀ।

ਹਰ ਫੇਰੀ 'ਤੇ, ਉਹ ਉਮੀਦ ਕਰਦੀ ਸੀ ਕਿ ਉਸਨੂੰ ਉਹ ਨਹੀਂ ਮਿਲੇਗਾ ਜੋ ਉਹ ਲੱਭ ਰਹੀ ਸੀ। ਸੱਤ ਸਾਲ ਬੀਤਣ 'ਤੇ ਵੀ ਉਸ ਦੀ ਭਾਲ ਜਾਰੀ ਹੈ।

ਬਲੋਚ ਕਿੱਥੇ ਗੁਆਚੇ ਹਨ

ਵਿਰੋਧ ਪ੍ਰਦਰਸ਼ਨ
ਤਸਵੀਰ ਕੈਪਸ਼ਨ, ਪ੍ਰਦਰਸ਼ਨ ਵਾਲੀ ਥਾਂ ਉੱਤੇ ਲਾਈਆਂ ਗਈਆਂ ਗੁਆਚੇ ਲੋਕਾਂ ਦੀਆਂ ਤਸਵੀਰਾਂ

ਕਾਰਕੁਨਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਦਹਾਕਿਆਂ ਵਿੱਚ ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਹਜ਼ਾਰਾਂ ਬਲੋਚ ਲੋਕਾਂ ਨੂੰ ਗਾਇਬ ਕਰ ਦਿੱਤਾ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ ਇਨ੍ਹਾਂ ਬਲੋਚਾਂ ਨੂੰ ਕਥਿਤ ਤੌਰ 'ਤੇ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਹਿਰਾਸਤ ਵਿੱਚ ਲਿਆ ਗਿਆ, ਜਾਂ ਬਲੋਚਿਸਤਾਨ ਸੂਬੇ ਵਿੱਚ ਦਹਾਕਿਆਂ ਤੋਂ ਜਾਰੀ ਵੱਖਵਾਦੀ ਬਗ਼ਾਵਤ ਵਿਰੁੱਧ ਕਾਰਵਾਈਆਂ ਦੌਰਾਨ ਅਗਵਾ ਕਰ ਲਿਆ ਗਿਆ, ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਅਤੇ ਕਈਆਂ ਨੂੰ ਮਾਰ ਦਿੱਤਾ ਗਿਆ।

ਪਾਕਿਸਤਾਨ ਸਰਕਾਰ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੀ ਹੈ ਅਤੇ ਜ਼ੋਰ ਦੇ ਕੇ ਕਹਿੰਦੀ ਹੈ ਕਿ ਬਹੁਤ ਸਾਰੇ ਲਾਪਤਾ ਵੱਖਵਾਦੀ ਸਮੂਹਾਂ ਵਿੱਚ ਸ਼ਾਮਲ ਹੋ ਗਏ ਹਨ ਜਾਂ ਦੇਸ਼ ਛੱਡ ਕੇ ਭੱਜ ਗਏ ਹਨ।

ਲਾਪਤਾ ਹੋਣ ਵਾਲਿਆਂ ਵਿੱਚੋਂ ਕਈ ਕੁਝ ਸਾਲਾਂ ਬਾਅਦ ਵਾਪਸ ਪਰਤ ਆਉਂਦੇ ਹਨ, ਸਦਮੇ ਵਿੱਚ ਅਤੇ ਟੁੱਟੇ ਹੋਏ ਹਾਲਾਤ ਵਿੱਚ ਪਰ ਬਹੁਤ ਸਾਰੇ ਕਦੇ ਵਾਪਸ ਨਹੀਂ ਆਉਂਦੇ।

ਕਈ ਪੂਰੇ ਸੂਬੇ ਵਿੱਚ ਫ਼ੈਲੀਆਂ ਅਜਿਹੀਆਂ ਕਬਰਾਂ ਵਿੱਚ ਨੇ ਜਿਨ੍ਹਾਂ ਦੀ ਕੋਈ ਸ਼ਨਾਖ਼ਤ ਨਹੀਂ, ਉਨ੍ਹਾਂ ਦੀਆਂ ਲਾਸ਼ਾਂ ਦੇ ਹਾਲਾਤ ਹੀ ਅਜਿਹੇ ਸਨ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੀ।

ਇਸ ਤੋਂ ਬਾਅਦ ਕੁਝ ਔਰਤਾਂ ਹਨ ਜਿਨ੍ਹਾਂ ਦੀ ਜ਼ਿੰਦਗੀ ਦਾ ਦੂਜਾ ਨਾਮ ਉਡੀਕ ਬਣ ਗਿਆ ਹੈ।

ਨੌਜਵਾਨ ਅਤੇ ਬੁੱਢੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਂਦੇ ਹਨ, ਉਨ੍ਹਾਂ ਦੇ ਚਿਹਰੇ 'ਤੇ ਦੁੱਖ ਛਾਇਆ ਹੋਇਆ ਹੈ। ਉਨ੍ਹਾਂ ਨੇ ਆਪਣੇ ਲਾਪਤਾ ਹੋਏ ਅਜ਼ੀਜ਼ਾਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਹਨ ਜੋ ਹੁਣ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਹੀਂ ਹਨ।

ਬੀਬੀਸੀ ਦੀ ਟੀਮ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਘਰਾਂ ਵਿੱਚ ਗਈ। ਉਨ੍ਹਾਂ ਨੇ ਸਾਨੂੰ ਕਾਲੀ, ਸੁਲੇਮਾਨੀ ਚਾਹ ਪਿਆਈ, ਕੱਪ ਤਿੜਕੇ ਹੋਏ ਸਨ ਅਤੇ ਉਨ੍ਹਾਂ ਦੇ ਚਿਹਰੇ ਉਦਾਸ ਸਨ। ਉਹ ਥੱਕੀਆਂ ਹੋਈਆਂ ਆਵਾਜ਼ਾਂ ਵਿੱਚ ਬੋਲ ਰਹੇ ਸਨ।

ਉਨ੍ਹਾਂ ਵਿੱਚੋਂ ਬਹੁਤ ਸਾਰੇ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਉਨ੍ਹਾਂ ਦੇ ਪਿਤਾ, ਭਰਾ ਅਤੇ ਪੁੱਤ ਬੇਕਸੂਰ ਹਨ ਅਤੇ ਉਨ੍ਹਾਂ ਨੂੰ ਦੇਸ਼ ਦੀਆਂ ਨੀਤੀਆਂ ਵਿਰੁੱਧ ਬੋਲਣ ਲਈ ਨਿਸ਼ਾਨਾ ਬਣਾਇਆ ਗਿਆ ਹੈ ਜਾਂ ਉਨ੍ਹਾਂ ਨੂੰ ਸਮੂਹਿਕ ਸਜ਼ਾ ਦੇ ਰੂਪ ਵਿੱਚ ਚੁੱਕ ਲਿਆ ਗਿਆ ਹੈ।

ਸਾਇਰਾ ਵੀ ਉਨ੍ਹਾਂ ਵਿੱਚੋਂ ਇੱਕ ਹੈ।

ਉਹ ਕਹਿੰਦੀ ਹੈ ਕਿ ਉਸਨੇ ਪੁਲਿਸ ਨੂੰ ਪੁੱਛਿਆ ਅਤੇ ਸਿਆਸਤਦਾਨਾਂ ਨੂੰ ਕਈ ਬੇਨਤੀਆਂ ਕੀਤੀਆਂ ਪਰ ਕੋਈ ਫ਼ਾਇਦਾ ਨਾ ਹੋਇਆ ਤਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਪਰ ਹਾਲੇ ਤੱਕ ਉਸਦੇ ਭਰਾ ਬਾਰੇ ਕੋਈ ਉੱਗਸੁੱਗ ਨਹੀਂ ਲੱਗੀ।

ਸਾਇਰਾ ਦੇ ਭਰਾ ਨਾਲ ਕੀ ਹੋਇਆ

ਰੇਲਵੇ ਸਟੇਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਰਚ ਮਹੀਨੇ ਬੀਐੱਲਏ ਦੇ ਮੈਂਬਰਾਂ ਨੇ ਜ਼ਫ਼ਰ ਐਕਸਪ੍ਰੈਸ ਨੂੰ ਹਾਈਜੈਕ ਕਰ ਲਿਆ ਸੀ

ਮੁਹੰਮਦ ਆਸਿਫ਼ ਬਲੋਚ ਨੂੰ ਅਗਸਤ 2018 ਵਿੱਚ 10 ਹੋਰ ਲੋਕਾਂ ਦੇ ਨਾਲ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਸ਼ਹਿਰ ਨੁਸ਼ਕੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਸਦੇ ਪਰਿਵਾਰ ਨੇ ਅਗਲੇ ਦਿਨ ਉਸ ਨੂੰ ਟੀਵੀ 'ਤੇ ਡਰਿਆ ਹੋਇਆ ਅਤੇ ਉੱਖੜੇ ਹਾਵ-ਭਾਵਾਂ ਵਿੱਚ ਦੇਖਿਆ ਤਾਂ ਪਤਾ ਲੱਗਿਆ।

ਅਧਿਕਾਰੀਆਂ ਨੇ ਕਿਹਾ ਕਿ ਇਹ ਆਦਮੀ ਅਫ਼ਗਾਨਿਸਤਾਨ ਭੱਜ ਰਹੇ ਅੱਤਵਾਦੀ ਸਨ।

ਮੁਹੰਮਦ ਦੇ ਪਰਿਵਾਰ ਨੇ ਕਿਹਾ ਕਿ ਉਹ ਦੋਸਤਾਂ ਨਾਲ ਪਿਕਨਿਕ ਮਨਾ ਰਿਹਾ ਸੀ।

ਹਿਰਾਸਤ ਵਿੱਚ ਲਏ ਗਏ ਤਿੰਨ ਬੰਦਿਆਂ ਨੂੰ 2021 ਵਿੱਚ ਰਿਹਾਅ ਕਰ ਦਿੱਤਾ ਗਿਆ ਸੀ, ਪਰ ਉਨ੍ਹਾਂ ਨੇ ਇਹ ਕਦੀ ਨਹੀਂ ਦੱਸਿਆ ਕਿ ਉਹ ਲੋਕ ਕਿੱਥੇ ਗਏ।

ਮੁਹੰਮਦ ਕਦੇ ਘਰ ਨਹੀਂ ਪਰਤਿਆ।

ਅਣਗੌਲਿਆ ਬਲੋਚਿਸਤਾਨ

ਬਲੋਚਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਲੋਚਿਸਤਾਨ ਕੁਦਰਤੀ ਸਰੋਤਾਂ ਦਾ ਭੰਡਾਰ ਹੈ

ਪਾਕਿਸਤਾਨ ਦੇ ਦੱਖਣ-ਪੱਛਮ ਵਿੱਚ ਬਲੋਚਿਸਤਾਨ ਦੀ ਯਾਤਰਾ ਇਸ ਤਰ੍ਹਾਂ ਮਹਿਸੂਸ ਹੁੰਦੀ ਹੈ ਜਿਵੇਂ ਤੁਸੀਂ ਕਿਸੇ ਹੋਰ ਦੁਨੀਆਂ ਵਿੱਚ ਕਦਮ ਰੱਖ ਰਹੇ ਹੋ।

ਇਹ ਬਹੁਤ ਵਿਸ਼ਾਲ ਹੈ। ਦੇਸ਼ ਦੇ ਤਕਰੀਬਨ 44 ਫ਼ੀਸਦ ਹਿੱਸੇ ਨੂੰ ਕਵਰ ਕਰਦਾ ਹੈ, ਜੋ ਕਿ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬਿਆਂ ਵਿੱਚੋਂ ਇੱਕ ਹੈ ਅਤੇ ਇਹ ਜ਼ਮੀਨ ਗੈਸ, ਕੋਲਾ, ਤਾਂਬਾ ਅਤੇ ਸੋਨੇ ਨਾਲ ਭਰਪੂਰ ਹੈ।

ਇਹ ਅਰਬ ਸਾਗਰ ਦੇ ਨਾਲ-ਨਾਲ ਫ਼ੈਲਿਆ ਹੋਇਆ ਹੈ। ਇੱਕ ਪਾਸੇ ਦੁਬਈ ਵਰਗੀਆਂ ਥਾਵਾਂ ਹਨ ਜੋ ਕਿ ਰੇਤ ਤੋਂ ਚਮਕਦਾਰ, ਉੱਚੀਆਂ-ਨੀਵੀਆਂ ਗਗਨਚੁੰਬੀ ਇਮਾਰਤਾਂ ਦਾ ਰੂਪ ਲੈ ਗਈਆਂ ਹਨ ਅਤੇ ਦੂਜੇ ਪਾਸੇ ਬਲੋਚਿਸਤਾਨ ਸਮੇਂ ਦੇ ਗੇੜ ਵਿੱਚ ਫਸਿਆ ਹੋਇਆ ਹੈ।

ਸੁਰੱਖਿਆ ਕਾਰਨਾਂ ਕਰਕੇ ਕਈ ਹਿੱਸਿਆਂ ਤੱਕ ਪਹੁੰਚ ਸੀਮਤ ਹੈ ਅਤੇ ਵਿਦੇਸ਼ੀ ਪੱਤਰਕਾਰਾਂ ਨੂੰ ਅਕਸਰ ਕਈ ਇਲਾਕਿਆਂ ਵਿੱਚ ਜਾਣ ਦੀ ਇਜ਼ਾਜਤ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ।

ਘੁੰਮਣਾ-ਫਿਰਨਾ ਵੀ ਔਖਾ ਹੈ।

ਸੜਕਾਂ ਲੰਬੀਆਂ ਅਤੇ ਸੁੰਨੀਆਂ ਹਨ, ਬੰਜਰ ਪਹਾੜੀਆਂ ਅਤੇ ਮਾਰੂਥਲਾਂ ਵਿੱਚੋਂ ਲੰਘਦੀਆਂ ਹਨ।

ਜਿਵੇਂ-ਜਿਵੇਂ ਤੁਸੀਂ ਅੱਗੇ ਵੱਧਦੇ ਹੋ, ਬੁਨਿਆਦੀ ਢਾਂਚੇ ਦੇ ਖ਼ਸਤਾ ਹਾਲਾਤ ਨਸ਼ਰ ਹੋਣ ਲੱਗਦੇ ਹਨ, ਸੜਕਾਂ ਦੀ ਥਾਂ ਕੱਚੇ ਰਾਹ ਲੈ ਲੈਂਦੇ ਹਨ।

ਮਾਸੂਮਾ

ਬਿਜਲੀ ਕਿਤੇ-ਕਿਤੇ ਆਉਂਦੀ ਹੈ, ਪਾਣੀ ਦੀ ਵੀ ਘਾਟ ਹੈ। ਸਕੂਲ ਅਤੇ ਹਸਪਤਾਲ ਬਹੁਤ ਹੀ ਮਾੜੇ ਹਾਲਾਤ ਵਿੱਚ ਹਨ।

ਬਾਜ਼ਾਰਾਂ ਵਿੱਚ, ਆਦਮੀ ਮਿੱਟੀ ਦੀਆਂ ਦੁਕਾਨਾਂ ਦੇ ਬਾਹਰ ਬੈਠੇ ਗਾਹਕਾਂ ਦੀ ਉਡੀਕ ਕਰਦੇ ਹਨ ਜੋ ਕਦੇ ਹੀ ਆਉਂਦੇ ਹਨ।

ਮੁੰਡੇ, ਜੋ ਪਾਕਿਸਤਾਨ ਵਿੱਚ ਕਿਤੇ ਹੋਰ ਰੋਜ਼ਗਾਰ ਦਾ ਸੁਪਨਾ ਦੇਖ ਸਕਦੇ ਹਨ, ਸਿਰਫ ਇੱਥੋਂ ਭੱਜ ਜਾਣ ਦੀ ਗੱਲ ਕਰਦੇ ਹਨ, ਕਰਾਚੀ, ਖਾੜੀ, ਕਿਤੇ ਵੀ ਭੱਜਣ ਦੀ, ਜੋ ਇਸ ਹੌਲੀ-ਹੌਲੀ ਦਮ ਘੁੱਟਣ ਤੋਂ ਬਚਣ ਦਾ ਰਸਤਾ ਹੋ ਸਕੇ।

1948 ਵਿੱਚ, ਬ੍ਰਿਟਿਸ਼ ਭਾਰਤ ਦੀ ਵੰਡ ਤੋਂ ਬਾਅਦ ਹੋਈ ਉਥਲ-ਪੁਥਲ ਵਿੱਚ ਅਤੇ ਕੁਝ ਪ੍ਰਭਾਵਸ਼ਾਲੀ ਕਬਾਇਲੀ ਆਗੂਆਂ ਦੇ ਵਿਰੋਧ ਦੇ ਬਾਵਜੂਦ, ਜੋ ਇੱਕ ਸੁਤੰਤਰ ਦੇਸ਼ ਦੀ ਮੰਗ ਕਰ ਰਹੇ ਸਨ, ਬਲੋਚਿਸਤਾਨ ਪਾਕਿਸਤਾਨ ਦਾ ਹਿੱਸਾ ਬਣ ਗਿਆ।

ਕੁਝ ਵਿਰੋਧ 'ਚ ਬਾਗ਼ੀ ਹੋ ਗਏ। ਸਾਲਾਂ ਤੋਂ ਇਹ ਇਲਜ਼ਾਮ ਲੱਗ ਰਹੇ ਹਨ ਕਿ ਪਾਕਿਸਤਾਨ ਸਰਕਾਰ ਨੇ ਇਸ ਇਲਾਕੇ ਵਿਚਲੇ ਸਰੋਤਾਂ ਦੀ ਵਰਤੋਂ ਤਾਂ ਕੀਤੀ ਪਰ ਇੱਥੇ ਵਿਕਾਸ ਨਹੀਂ ਕੀਤਾ ਅਤੇ ਨਾ ਹੀ ਕੋਈ ਨਿਵੇਸ਼ ਕੀਤਾ ਗਿਆ ਹੈ।

ਬਲੋਚ ਬਾਗੀ ਕੌਣ ਹਨ

ਗੁਆਚੇ ਬਲੋਚਾਂ ਦੇ ਪਰਿਵਾਰਾਂ ਦੀਆਂ ਔਰਤਾਂ
ਤਸਵੀਰ ਕੈਪਸ਼ਨ, ਗੁਆਚੇ ਬਲੋਚਾਂ ਦੇ ਪਰਿਵਾਰਾਂ ਦੀਆਂ ਔਰਤਾਂ ਵਿਰੋਧ ਪ੍ਰਦਰਸ਼ਨ ਕਰਦੀਆਂ ਹੋਈਆਂ

ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਵਰਗੇ ਅੱਤਵਾਦੀ ਸਮੂਹਾਂ, ਜਿਨ੍ਹਾਂ ਨੂੰ ਪਾਕਿਸਤਾਨ ਅਤੇ ਹੋਰ ਦੇਸ਼ਾਂ ਦੇ ਇੱਕ ਅੱਤਵਾਦੀ ਸਮੂਹ ਵਜੋਂ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਨੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਸੁਰੱਖਿਆ ਬਲਾਂ ਵਿਰੁੱਧ ਬੰਬ ਧਮਾਕੇ, ਕਤਲ ਅਤੇ ਘਾਤ ਲਗਾ ਕੇ ਹਮਲੇ ਅਕਸਰ ਹੁੰਦੇ ਜਾ ਰਹੇ ਹਨ।

ਇਸ ਮਹੀਨੇ ਦੇ ਸ਼ੁਰੂ ਵਿੱਚ, ਬੀਐੱਲਏ ਨੇ ਬੋਲਾਨ ਪਾਸ ਵਿੱਚ ਇੱਕ ਰੇਲਗੱਡੀ ਨੂੰ ਹਾਈਜੈਕ ਕਰ ਲਿਆ ਸੀ ਅਤੇ ਸੈਂਕੜੇ ਯਾਤਰੀਆਂ ਨੂੰ ਅਗਵਾ ਕਰ ਲਿਆ ਸੀ।

ਉਨ੍ਹਾਂ ਨੇ ਬੰਧਕਾਂ ਨੂੰ ਰਿਹਾਅ ਕਰਨ ਦੇ ਬਦਲੇ ਬਲੋਚਿਸਤਾਨ ਵਿੱਚ ਲਾਪਤਾ ਲੋਕਾਂ ਦੀ ਰਿਹਾਈ ਦੀ ਮੰਗ ਕੀਤੀ।

ਇਹ ਘੇਰਾਬੰਦੀ 30 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ।

ਅਧਿਕਾਰੀਆਂ ਦੇ ਮੁਤਾਬਕ, 33 ਬੀਐੱਲਏ ਅੱਤਵਾਦੀ, 21 ਨਾਗਰਿਕ ਬੰਧਕ ਅਤੇ ਚਾਰ ਫ਼ੌਜੀ ਕਰਮਚਾਰੀ ਮਾਰੇ ਗਏ ਸਨ।

ਪਰ ਅੰਕੜਿਆਂ ਮੁਤਾਬਕ ਬਹੁਤ ਸਾਰੇ ਯਾਤਰੀ ਹਾਲੇ ਵੀ ਲਾਪਤਾ ਹਨ।

ਸੂਬੇ ਵਿੱਚ ਲਾਪਤਾ ਹੋਣ ਨੂੰ ਵਿਆਪਕ ਤੌਰ 'ਤੇ ਇਸਲਾਮਾਬਾਦ ਦੀ ਬਗ਼ਾਵਤ ਨੂੰ ਦਰੜਨ ਦੀ ਰਣਨੀਤੀ ਦਾ ਹਿੱਸਾ ਮੰਨਿਆ ਜਾਂਦਾ ਹੈ, ਪਰ ਇਹ ਅਸਹਿਮਤੀ ਨੂੰ ਦਬਾਉਣ, ਰਾਸ਼ਟਰਵਾਦੀ ਭਾਵਨਾਵਾਂ ਨੂੰ ਕਮਜ਼ੋਰ ਕਰਨ ਅਤੇ ਇੱਕ ਸੁਤੰਤਰ ਬਲੋਚਿਸਤਾਨ ਲਈ ਸਮਰਥਨ ਲਈ ਵੀ ਹੈ।

ਲਾਪਤਾ ਹੋਏ ਲੋਕਾਂ ਵਿੱਚੋਂ ਬਹੁਤ ਸਾਰੇ ਬਲੋਚ ਰਾਸ਼ਟਰਵਾਦੀ ਸਮੂਹਾਂ ਦੇ ਸ਼ੱਕੀ ਮੈਂਬਰ ਜਾਂ ਹਮਦਰਦ ਹਨ ਜੋ ਵਧੇਰੇ ਖ਼ੁਦਮੁਖਤਿਆਰੀ ਜਾਂ ਆਜ਼ਾਦੀ ਦੀ ਮੰਗ ਕਰਦੇ ਹਨ।

ਪਰ ਇਨ੍ਹਾਂ ਵਿੱਚ ਬਹੁਤ ਸਾਰੇ ਆਮ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦਾ ਸਿਆਸਤ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ।

ਸਰਕਾਰਾਂ ਦੇ ਦਾਅਵੇ ਕੀ ਹਨ

ਗੁਆਚੇ ਬਲੋਚਾਂ ਦੇ ਪਰਿਵਾਰਾਂ ਦੀਆਂ ਔਰਤਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 17 ਮਾਰਚ ਨੂੰ ਬੀਐੱਲਏ ਗਰੁੱਪ ਨੇ ਕਥਿਤ ਤੌਰ ਉੱਤੇ ਇੱਕ ਬੱਸ ’ਤੇ ਹਮਲਾ ਕੀਤਾ ਸੀ

ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫ਼ਰਾਜ਼ ਬੁਗਤੀ ਨੇ ਬੀਬੀਸੀ ਨੂੰ ਦੱਸਿਆ ਕਿ ਲੋਕਾਂ ਨੂੰ ਜ਼ਬਰਦਸਤੀ ਲਾਪਤਾ ਕੀਤੇ ਜਾਣ ਦਾ ਮੁੱਦਾ ਹੈ ਪਰ ਇਹ ਵੱਡੇ ਪੱਧਰ 'ਤੇ ਹੋ ਰਿਹਾ ਹੈ ਅਜਿਹਾ ਨਹੀਂ ਹੈ। ਬਲਕਿ ਇਸ ਤੱਥ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ 'ਯੋਜਨਾਬੱਧ ਪ੍ਰਚਾਰ' ਹੈ।

ਉਨ੍ਹਾਂ ਕਿਹਾ, "ਬਲੋਚਿਸਤਾਨ ਦੇ ਹਰ ਬੱਚੇ ਦੇ ਕੰਨਾਂ ਵਿੱਚ 'ਲਾਪਤਾ ਵਿਅਕਤੀ, ਲਾਪਤਾ ਵਿਅਕਤੀ' ਸ਼ਬਦ ਪਾਏ ਜਾਂਦੇ ਹਨ। ਪਰ ਇਹ ਕੌਣ ਤੈਅ ਕਰੇਗਾ ਕਿ ਕਿਸਨੇ ਕਿਸਨੂੰ ਗਾਇਬ ਕੀਤਾ?"

ਬੁਗਤੀ ਨੇ ਦਾਅਵਾ ਕੀਤਾ,"ਲੋਕ ਆਪਣੇ ਆਪ ਵੀ ਲਾਪਤਾ ਹੋ ਰਹੇ ਹਨ। ਮੈਂ ਕਿਵੇਂ ਸਾਬਤ ਕਰ ਸਕਦਾ ਹਾਂ ਕਿ ਕਿਸੇ ਨੂੰ ਖੁਫ਼ੀਆ ਏਜੰਸੀਆਂ, ਪੁਲਿਸ, ਐੱਫ਼ਸੀ, ਜਾਂ ਕਿਸੇ ਹੋਰ ਨੇ ਜਾਂ ਮੈਂ ਜਾਂ ਤੁਸੀਂ ਚੁੱਕ ਲਿਆ ਸੀ?"

ਪਾਕਿਸਤਾਨ ਦੇ ਫ਼ੌਜੀ ਬੁਲਾਰੇ ਲੈਫ਼ਟੀਨੈਂਟ ਜਨਰਲ ਅਹਿਮਦ ਸ਼ਰੀਫ ਨੇ ਹਾਲ ਹੀ ਵਿੱਚ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ ਸੀ, "ਦੇਸ਼ ਲਾਪਤਾ ਵਿਅਕਤੀਆਂ ਦੇ ਮੁੱਦੇ ਨੂੰ ਯੋਜਨਾਬੱਧ ਤਰੀਕੇ ਨਾਲ ਹੱਲ ਕਰ ਰਹੀ ਹੈ।"

ਉਨ੍ਹਾਂ ਨੇ ਸਰਕਾਰ ਦੁਆਰਾ ਅਕਸਰ ਸਾਂਝੇ ਕੀਤੇ ਜਾਂਦੇ ਅਧਿਕਾਰਤ ਅੰਕੜਿਆਂ ਨੂੰ ਦੁਹਰਾਇਆ ਕਿ 2011 ਤੋਂ ਬਾਅਦ ਬਲੋਚਿਸਤਾਨ ਤੋਂ ਜ਼ਬਰਦਸਤੀ ਲਾਪਤਾ ਕੀਤੇ ਜਾਣ ਦੇ 2,900 ਤੋਂ ਵੱਧ ਮਾਮਲਿਆਂ ਵਿੱਚੋਂ 80 ਫ਼ੀਸਦੀ ਹੱਲ ਹੋ ਗਏ ਹਨ।

ਕਾਰਕੁਨਾਂ ਨੇ ਇਹ ਅੰਕੜਾ ਇਸ ਨਾਲੋਂ ਕਿਤੇ ਵੱਧ ਦੱਸਿਆ, ਉਨ੍ਹਾਂ ਦਾ ਦਾਅਵਾ ਹੈ ਕਿ ਤਕਰੀਬਨ 7,000 ਲੋਕ ਲਾਪਤਾ ਹਨ। ਪਰ ਇਨ੍ਹਾਂ ਅੰਕੜਿਆਂ ਦਾ ਕੋਈ ਇੱਕ ਵੀ ਭਰੋਸੇਯੋਗ ਸਰੋਤ ਨਹੀਂ ਹੈ ਅਤੇ ਨਾ ਹੀ ਕਿਸੇ ਵੀ ਧਿਰ ਦੇ ਦਾਅਵਿਆਂ ਦੀ ਪੁਸ਼ਟੀ ਕਰਨ ਦਾ ਕੋਈ ਤਰੀਕਾ ਹੈ।

ਅੰਕੜਿਆਂ ਤੋਂ ਪਰ੍ਹੇ ਆਪਣਿਆਂ ਦੀ ਭਾਲ ਕਰਦੇ ਲੋਕ

ਜੰਨਤ ਬੀਬੀ
ਤਸਵੀਰ ਕੈਪਸ਼ਨ, ਜੰਨਤ ਬੀਬੀ ਦਾ ਪੁੱਤ 2012 ਤੋਂ ਲਾਪਤਾ ਹੈ

ਜੰਨਤ ਬੀਬੀ ਵਰਗੀਆਂ ਔਰਤਾਂ ਅਧਿਕਾਰਤ ਨੰਬਰ ਸਵੀਕਾਰ ਕਰਨ ਤੋਂ ਇਨਕਾਰ ਕਰਦੀਆਂ ਹਨ।

ਉਹ ਆਪਣੇ ਪੁੱਤਰ, ਨਜ਼ਰ ਮੁਹੰਮਦ ਦੀ ਭਾਲ ਜਾਰੀ ਰੱਖਦੀ ਹੈ, ਜਿਸ ਬਾਰੇ ਉਹ ਦਾਅਵਾ ਕਰਦੇ ਹਨ ਕਿ 2012 ਵਿੱਚ ਇੱਕ ਹੋਟਲ ਵਿੱਚ ਨਾਸ਼ਤਾ ਕਰਦੇ ਸਮੇਂ ਉਸ ਨੂੰ ਅਗਵਾ ਕਰ ਲਿਆ ਗਿਆ ਸੀ।

ਉਹ ਕਹਿੰਦੇ ਹਨ,"ਮੈਂ ਉਸਨੂੰ ਲੱਭਣ ਲਈ ਹਰ ਜਗ੍ਹਾ ਗਈ। ਮੈਂ ਇਸਲਾਮਾਬਾਦ ਵੀ ਗਈ।"

"ਮੈਨੂੰ ਸਿਰਫ਼ ਕੁੱਟਮਾਰ ਅਤੇ ਅਸਵੀਕਾਰ ਹੀ ਮਿਲਿਆ।"

70 ਸਾਲਾ ਬਜ਼ੁਰਗ ਸੂਬਾਈ ਰਾਜਧਾਨੀ ਕਵੇਟਾ ਦੇ ਬਾਹਰਵਾਰ ਇੱਕ ਛੋਟੇ ਜਿਹੇ ਮਿੱਟੀ ਦੇ ਘਰ ਵਿੱਚ ਰਹਿੰਦਾ ਹੈ, ਜੋ ਕਿ ਲਾਪਤਾ ਲੋਕਾਂ ਨੂੰ ਸਮਰਪਿਤ ਇੱਕ ਪ੍ਰਤੀਕਾਤਮਕ ਕਬਰਸਤਾਨ ਤੋਂ ਬਹੁਤਾ ਦੂਰ ਨਹੀਂ ਹੈ।

ਜੰਨਤ, ਬਿਸਕੁਟ ਅਤੇ ਦੁੱਧ ਦੇ ਡੱਬੇ ਵੇਚਣ ਵਾਲੀ ਇੱਕ ਛੋਟੀ ਜਿਹੀ ਦੁਕਾਨ ਚਲਾਉਂਦੀ ਹੈ। ਅਕਸਰ ਜਦੋਂ ਉਹ ਲਾਪਤਾ ਲੋਕਾਂ ਬਾਰੇ ਜਾਣਕਾਰੀ ਦੀ ਮੰਗ ਕਰਨ ਲਈ ਹੁੰਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ ਜਾਂਦੀ ਹੈ ਤਾਂ ਉਸ ਕੋਲ ਬੱਸ ਦਾ ਕਿਰਾਇਆ ਨਹੀਂ ਹੁੰਦਾ।

ਪਰ ਉਹ ਉਧਾਰ ਲੈਂਦੀ ਹੈ ਤਾਂ ਜੋ ਉਹ ਚੱਲਦੀ ਰਹਿ ਸਕੇ।

ਉਹ ਕਹਿੰਦੀ ਹੈ, "ਚੁੱਪ ਰਹਿਣਾ ਕੋਈ ਹੱਲ ਨਹੀਂ ਹੈ।"

ਸਰਕਾਰਾਂ 'ਤੇ ਸਖ਼ਤ ਕਾਰਵਾਈਆਂ ਦੇ ਇਲਜ਼ਾਮ

ਅਸੀਂ ਜਿਨ੍ਹਾਂ ਲੋਕਾਂ ਦੇ ਪਰਿਵਾਰਾਂ ਨਾਲ ਗੱਲ ਕੀਤੀ ਸੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਆਦਮੀ 2006 ਤੋਂ ਗਾਇਬ ਹੋ ਗਏ।

ਇਹ ਉਹ ਸਾਲ ਸੀ ਜਦੋਂ ਇੱਕ ਪ੍ਰਮੁੱਖ ਬਲੋਚ ਆਗੂ, ਨਵਾਬ ਅਕਬਰ ਬੁਗਤੀ, ਇੱਕ ਫ਼ੌਜੀ ਕਾਰਵਾਈ ਵਿੱਚ ਮਾਰਿਆ ਗਿਆ ਸੀ, ਜਿਸ ਕਾਰਨ ਦੇਸ਼ ਵਿਰੋਧੀ ਪ੍ਰਦਰਸ਼ਨਾਂ ਅਤੇ ਹਥਿਆਰਬੰਦ ਵਿਦਰੋਹੀ ਗਤੀਵਿਧੀਆਂ ਵਿੱਚ ਵਾਧਾ ਹੋਇਆ ਸੀ।

ਸਰਕਾਰ ਨੇ ਜਵਾਬ ਵਿੱਚ ਸਖ਼ਤੀ ਦਿਖਾਈ ਸੀ। ਜ਼ਬਰਦਸਤੀ ਲਾਪਤਾ ਹੋਣ ਦੀਆਂ ਘਟਨਾਵਾਂ ਵਧੀਆਂ, ਸੜਕਾਂ 'ਤੇ ਮਿਲਣ ਵਾਲੀਆਂ ਲਾਸ਼ਾਂ ਦੀ ਗਿਣਤੀ ਵੀ ਵਧੀ।

2014 ਵਿੱਚ, ਟੂਟਕ ਵਿੱਚ ਲਾਪਤਾ ਲੋਕਾਂ ਦੀਆਂ ਸਮੂਹਿਕ ਕਬਰਾਂ ਲੱਭੀਆਂ ਗਈਆਂ ਸਨ।

ਖੁਜ਼ਦਾਰ ਸ਼ਹਿਰ ਦੇ ਨੇੜੇ ਇੱਕ ਛੋਟਾ ਜਿਹਾ ਕਸਬਾ, ਜਿੱਥੇ ਸਾਇਰਾ ਰਹਿੰਦੀ ਹੈ, ਕਵੇਟਾ ਤੋਂ 275 ਕਿਲੋਮੀਟਰ ਦੱਖਣ ਵਿੱਚ ਹੈ।

ਲਾਸ਼ਾਂ ਦੀ ਸ਼ਨਾਖਤ ਨਾ ਹੋ ਸਕੇ ਇਸ ਲਈ ਸ਼ਕਲ ਵਿਗਾੜ ਦਿੱਤੀ ਗਈ ਸੀ।

ਟੂਟਕ ਵਿੱਚ ਜੋ ਕੁਝ ਮਿਲਿਆ, ਉਸ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਪਰ ਬਲੋਚਿਸਤਾਨ ਦੇ ਲੋਕਾਂ ਲਈ ਇਹ ਦਹਿਸ਼ਤ ਕੋਈ ਅਣਜਾਣ ਗੱਲ ਨਹੀਂ ਸੀ।

ਮਹਰੰਗ ਬਲੋਚ ਦੇ ਪਿਤਾ, ਜੋ ਕਿ ਇੱਕ ਮਸ਼ਹੂਰ ਰਾਸ਼ਟਰਵਾਦੀ ਆਗੂ ਸਨ ਅਤੇ ਬਲੋਚਿਸਤਾਨ ਵਿੱਚ ਹਿੰਸਾ ਦਾ ਵਿਰੋਧ ਕਰਦੇ ਸਨ, 2009 ਦੇ ਸ਼ੁਰੂ ਵਿੱਚ ਲਾਪਤਾ ਹੋ ਗਏ ਸਨ।

ਡਾਕਟਰ ਮਾਹਰੰਗ ਬਲੋਚ
ਤਸਵੀਰ ਕੈਪਸ਼ਨ, ਡਾਕਟਰ ਮਾਹਰੰਗ ਬਲੋਚ ਹੁਣ ਬਲੋਚਿਸਤਾਨ ਵਿੱਚ ਇੱਕ ਵਿਰੋਧ ਅੰਦੋਲਨ ਦੀ ਅਗਵਾਈ ਕਰ ਰਹੇ ਹਨ

ਤਿੰਨ ਸਾਲ ਬਾਅਦ ਉਨ੍ਹਾਂ ਨੂੰ ਇੱਕ ਫ਼ੋਨ ਆਇਆ ਕਿ ਪਿਤਾ ਦੀ ਲਾਸ਼ ਸੂਬੇ ਦੇ ਦੱਖਣ ਵਿੱਚ ਲਾਸਬੇਲਾ ਜ਼ਿਲ੍ਹੇ ਵਿੱਚ ਮਿਲੀ ਹੈ।

ਉਹ ਦੱਸਦੇ ਹਨ, "ਜਦੋਂ ਮੇਰੇ ਪਿਤਾ ਜੀ ਦੀ ਲਾਸ਼ ਆਈ, ਤਾਂ ਉਨ੍ਹਾਂ ਨੇ ਉਹੀ ਕੱਪੜੇ ਪਾਏ ਹੋਏ ਸਨ, ਪਰ ਹੁਣ ਉਹ ਫਟੇ ਹੋਏ ਸਨ। ਉਨ੍ਹਾਂ ਨੂੰ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ ਸਨ।"

ਉਹ ਪਾਕਿਸਤਾਨੀ ਸਰਕਾਰ ਲਈ ਕੰਮ ਕਰਦਾ ਸੀ। ਪਰ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਤਾਂ ਜੋ ਉਹ ਉਸ ਵਿਚਾਰ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਬਲੋਚਿਸਤਾਨ ਇੱਕ ਸੁਰੱਖਿਅਤ ਸੂਬਾ ਹੋਵੇਗਾ ਦੀ ਹਮਾਇਤ ਕਰ ਸਕੇ।

ਮਾਹਰੰਗ ਕਹਿੰਦੇ ਹਨ, "ਉਸਦੀ ਮੌਤ ਤੋਂ ਬਾਅਦ, ਸਾਡੀ ਦੁਨੀਆਂ ਤਬਾਹ ਹੋ ਗਈ।"

ਉਸਦੇ ਭਰਾ ਨੂੰ 2017 ਵਿੱਚ ਸੁਰੱਖਿਆ ਬਲਾਂ ਨੇ ਚੁੱਕਿਆ ਸੀ ਅਤੇ ਤਕਰੀਬਨ ਤਿੰਨ ਮਹੀਨਿਆਂ ਤੱਕ ਹਿਰਾਸਤ ਵਿੱਚ ਰੱਖਿਆ।

ਇਸ ਸਮੇਂ ਦੌਰਾਨ ਹੀ ਮਾਹਰੰਗ ਨੇ ਜ਼ਬਰਦਸਤੀ ਲਾਪਤਾ ਕਰਨ ਅਤੇ ਗ਼ੈਰ-ਨਿਆਇਕ ਕਤਲਾਂ ਵਿਰੁੱਧ ਲੜਨ ਦਾ ਫ਼ੈਸਲਾ ਲਿਆ।

ਹੁਣ ਮਾਹਰੰਗ ਬਲੋਚ ਮੌਤ ਦੀਆਂ ਧਮਕੀਆਂ, ਕਾਨੂੰਨੀ ਮਾਮਲਿਆਂ ਅਤੇ ਯਾਤਰਾ ਪਾਬੰਦੀਆਂ ਦੇ ਬਾਵਜੂਦ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਹੈ।

ਮਾਹਰੰਗ ਨੇ ਕਿਹਾ, "ਅਸੀਂ ਆਪਣੀ ਜ਼ਮੀਨ 'ਤੇ ਬਿਨਾਂ ਕਿਸੇ ਅੱਤਿਆਚਾਰ ਦੇ ਰਹਿਣ ਦਾ ਹੱਕ ਚਾਹੁੰਦੇ ਹਾਂ। ਅਸੀਂ ਆਪਣੇ ਸਰੋਤ ਚਾਹੁੰਦੇ ਹਾਂ, ਆਪਣੇ ਹੱਕ ਚਾਹੁੰਦੇ ਹਾਂ।"

"ਅਸੀਂ ਚਾਹੁੰਦੇ ਹਾਂ ਕਿ ਡਰ ਅਤੇ ਹਿੰਸਾ ਦਾ ਇਹ ਰਾਜ ਖ਼ਤਮ ਹੋਵੇ।"

ਮਾਸੂਮਾ
ਤਸਵੀਰ ਕੈਪਸ਼ਨ, 10 ਸਾਲਾ ਮਾਸੂਮਾ ਆਪਣੇ ਪਿਤਾ ਦੀ ਭਾਲ ਵਿੱਚ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੁੰਦੀ ਹੈ

ਮਾਹਰੰਗ ਚੇਤਾਵਨੀ ਦਿੰਦੀ ਹੈ ਕਿ ਜ਼ਬਰਦਸਤੀ ਲਾਪਤਾ ਕਰਨਾ ਵਿਰੋਧ ਨੂੰ ਹੋਰ ਤੇਜ਼ ਕਰ ਰਿਹਾ ਹੈ, ਨਾ ਕਿ ਇਸਨੂੰ ਚੁੱਪ ਕਰਵਾ ਰਿਹਾ ਹੈ।

"ਉਹ ਸੋਚਦੇ ਹਨ ਕਿ ਲਾਸ਼ਾਂ ਸੁੱਟਣ ਨਾਲ ਇਹ ਸਭ ਖ਼ਤਮ ਹੋ ਜਾਵੇਗਾ।"

"ਪਰ ਕੋਈ ਆਪਣੇ ਪਿਆਰੇ ਨੂੰ ਇਸ ਤਰ੍ਹਾਂ ਗੁਆਉਣਾ ਕਿਵੇਂ ਭੁੱਲ ਸਕਦਾ ਹੈ? ਕੋਈ ਵੀ ਇਨਸਾਨ ਇਹ ਬਰਦਾਸ਼ਤ ਨਹੀਂ ਕਰ ਸਕਦਾ।"

ਉਹ ਸੰਸਥਾਗਤ ਸੁਧਾਰਾਂ ਦੀ ਮੰਗ ਕਰਦੀ ਹੈ, ਇਹ ਯਕੀਨੀ ਬਣਾਉਣ ਲਈ ਕਿ ਕਿਸੇ ਵੀ ਮਾਂ ਨੂੰ ਆਪਣੇ ਬੱਚੇ ਨੂੰ ਡਰ ਕੇ ਦੂਰ ਨਾ ਭੇਜਣਾ ਪਵੇ।

"ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਵਿਰੋਧ ਕੈਂਪਾਂ ਵਿੱਚ ਵੱਡੇ ਹੋਣ। ਕੀ ਇਹ ਸਭ ਸਵਾਲ ਕਰਨਾ ਬਹੁਤ ਵੱਡੀ ਗੱਲ ਹੈ?"

ਭਾਵੇਂ ਉਹ ਆਪਣੇ ਮਨਪਸੰਦ ਭਵਿੱਖ ਲਈ ਲੜ ਰਹੀ ਹੈ, ਪਰ ਇੱਕ ਨਵੀਂ ਪੀੜ੍ਹੀ ਪਹਿਲਾਂ ਹੀ ਸੜਕਾਂ 'ਤੇ ਹੈ।

10 ਸਾਲਾ ਮਾਸੂਮਾ, ਪ੍ਰਦਰਸ਼ਨਕਾਰੀਆਂ ਦੀ ਭੀੜ ਵਿੱਚੋਂ ਲੰਘਦੀ ਹੋਈ ਆਪਣੇ ਸਕੂਲ ਬੈਗ ਨੂੰ ਘੁੱਟ ਕੇ ਫੜਦੀ ਹੈ, ਉਸਦੀਆਂ ਅੱਖਾਂ ਹਰ ਚਿਹਰੇ ਨੂੰ ਦੇਖ ਰਹੀਆਂ ਹਨ, ਉਸ ਵਿਅਕਤੀ ਨੂੰ ਲੱਭ ਰਹੀਆਂ ਹਨ ਜੋ ਉਸਦੇ ਪਿਤਾ ਵਰਗਾ ਦਿਖਾਈ ਦੇਵੇ।

ਮਾਸੂਮਾ ਕਹਿੰਦੀ ਹੈ, "ਇੱਕ ਵਾਰ, ਮੈਂ ਇੱਕ ਆਦਮੀ ਨੂੰ ਦੇਖਿਆ ਅਤੇ ਸੋਚਿਆ ਕਿ ਉਹ ਮੇਰਾ ਪਿਤਾ ਹੈ। ਮੈਂ ਭੱਜ ਕੇ ਉਸ ਕੋਲ ਗਈ ਅਤੇ ਫਿਰ ਅਹਿਸਾਸ ਹੋਇਆ ਕਿ ਉਹ ਕੋਈ ਹੋਰ ਸੀ।"

"ਹਰ ਕਿਸੇ ਦੇ ਪਿਤਾ ਕੰਮ ਤੋਂ ਬਾਅਦ ਘਰ ਆਉਂਦੇ ਹਨ। ਮੈਂ ਆਪਣੇ ਪਿਤਾ ਨੂੰ ਕਦੇ ਨਹੀਂ ਮਿਲੀ।"

ਮਾਸੂਮਾ ਸਿਰਫ਼ ਤਿੰਨ ਮਹੀਨਿਆਂ ਦੀ ਸੀ ਜਦੋਂ ਸੁਰੱਖਿਆ ਬਲਾਂ ਨੇ ਕਥਿਤ ਤੌਰ 'ਤੇ ਕਵੇਟਾ ਵਿੱਚ ਦੇਰ ਰਾਤ ਛਾਪੇਮਾਰੀ ਦੌਰਾਨ ਉਸਦੇ ਪਿਤਾ ਨੂੰ ਚੁੱਕ ਲਿਆ।

ਉਸਦੀ ਮਾਂ ਨੂੰ ਦੱਸਿਆ ਗਿਆ ਸੀ ਕਿ ਉਹ ਕੁਝ ਘੰਟਿਆਂ ਵਿੱਚ ਵਾਪਸ ਆ ਜਾਵੇਗਾ। ਪਰ ਉਹ ਕਦੇ ਵਾਪਸ ਨਹੀਂ ਆਇਆ।

ਮਾਸੂਮਾ ਦੇ ਪਿਤਾ
ਤਸਵੀਰ ਕੈਪਸ਼ਨ, ਮਾਸੂਮਾ ਆਪਣੇ ਗੁਆਚੇ ਬਾਪ ਦੀ ਤਸਵੀਰ ਹਮੇਸ਼ਾਂ ਆਪਣੇ ਬਸਤੇ ਵਿੱਚ ਸਾਂਭ ਕੇ ਰੱਖਦੀ ਹੈ

ਅੱਜ, ਮਾਸੂਮਾ ਕਲਾਸਰੂਮ ਨਾਲੋਂ ਵਿਰੋਧ ਪ੍ਰਦਰਸ਼ਨਾਂ ਵਿੱਚ ਜ਼ਿਆਦਾ ਸਮਾਂ ਬਿਤਾਉਂਦੀ ਹੈ।

ਉਸਦੇ ਪਿਤਾ ਦੀ ਫ਼ੋਟੋ ਹਮੇਸ਼ਾ ਉਸਦੇ ਨਾਲ ਹੁੰਦੀ ਹੈ। ਉਸ ਨੇ ਉਹ ਤਸਵੀਰ ਆਪਣੇ ਸਕੂਲ ਬੈਗ ਵਿੱਚ ਸਾਂਭ ਕੇ ਰੱਖੀ ਹੋਈ ਹੈ।

ਹਰ ਵਿਸ਼ੇ ਦੀ ਪੜ੍ਹਾਈ ਸ਼ੁਰੂ ਹੋਣ ਤੋਂ ਪਹਿਲਾਂ, ਉਹ ਇਸਨੂੰ ਕੱਢ ਕੇ ਦੇਖਦੀ ਹੈ।

"ਮੈਨੂੰ ਹਮੇਸ਼ਾ ਸੋਚ ਆਉਂਦੀ ਹੈ ਕਿ ਕੀ ਮੇਰੇ ਪਿਤਾ ਜੀ ਅੱਜ ਘਰ ਆਉਣਗੇ।"

ਉਹ ਵਿਰੋਧ ਕੈਂਪ ਦੇ ਬਾਹਰ ਖੜ੍ਹੀ ਹੈ, ਦੂਜਿਆਂ ਨਾਲ ਨਾਅਰੇ ਲਗਾ ਰਹੀ ਹੈ, ਉਸਦਾ ਛੋਟਾ ਜਿਹਾ ਸਰੀਰ ਸੋਗਮਈ ਪਰਿਵਾਰਾਂ ਦੀ ਭੀੜ ਵਿੱਚ ਗੁਆਚ ਗਿਆ ਹੈ।

ਜਿਵੇਂ ਹੀ ਵਿਰੋਧ ਪ੍ਰਦਰਸ਼ਨ ਖ਼ਤਮ ਹੁੰਦਾ ਹੈ, ਉਹ ਇੱਕ ਸ਼ਾਂਤ ਕੋਨੇ ਵਿੱਚ ਇੱਕ ਪਤਲੀ ਚਟਾਈ 'ਤੇ ਪੈਰਾਂ ਭਾਰ ਬੈਠ ਜਾਂਦੀ ਹੈ।

ਜਦੋਂ ਉਹ ਆਪਣੀਆਂ ਚਿੱਠੀਆਂ ਬਸਤੇ ਵਿੱਚੋਂ ਕੱਢਦੀ ਹੈ ਤਾਂ ਨਾਅਰਿਆਂ ਅਤੇ ਟ੍ਰੈਫਿਕ ਦਾ ਸ਼ੋਰ ਘੱਟ ਜਾਂਦਾ ਹੈ। ਇਸ ਨੇ ਇਹ ਚਿੱਠੀਆਂ ਲਿਖੀਆਂ ਤਾਂ ਸਨ ਪਰ ਕਦੇ ਕਿਸੇ ਨੂੰ ਭੇਜ ਨਹੀਂ ਸੀ ਸਕੀ।

ਜਦੋਂ ਉਹ ਕਰੀਜ਼ ਨੂੰ ਸਿੱਧਾ ਕਰਦੀ ਹੈ ਤਾਂ ਉਸਦੀਆਂ ਉਂਗਲਾਂ ਕੰਬਦੀਆਂ ਹਨ ਅਤੇ ਇੱਕ ਡਗਮਗਾਉਂਦੀ, ਤਿੜਕਤੀ ਆਵਾਜ਼ ਵਿੱਚ, ਉਨ੍ਹਾਂ ਚਿੱਠੀਆਂ ਨੂੰ ਪੜ੍ਹਨਾ ਸ਼ੁਰੂ ਕਰਦੀ ਹੈ।

"ਪਿਆਰੇ ਬਾਬਾ ਜਾਨ, ਤੁਸੀਂ ਕਦੋਂ ਵਾਪਸ ਆਓਗੇ? ਜਦੋਂ ਵੀ ਮੈਂ ਕੁਝ ਖਾਂਦੀ ਹਾਂ ਜਾਂ ਪਾਣੀ ਪੀਂਦੀ ਹਾਂ, ਮੈਨੂੰ ਤੁਹਾਡੀ ਯਾਦ ਆਉਂਦੀ ਹੈ।"

ਬਾਬਾ, ਤੁਸੀਂ ਕਿੱਥੇ ਹੋ? ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ। ਮੈਂ ਇਕੱਲੀ ਹਾਂ। ਤੁਹਾਡੇ ਬਿਨਾਂ, ਮੈਨੂੰ ਨੀਂਦ ਨਹੀਂ ਆਉਂਦੀ।"

"ਮੈਂ ਬਸ ਤੁਹਾਨੂੰ ਮਿਲਣਾ ਅਤੇ ਤੁਹਾਡਾ ਚਿਹਰਾ ਦੇਖਣਾ ਚਾਹੁੰਦੀ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)