ਬਲੋਚਿਸਤਾਨ 'ਚ ਟਰੇਨ ਹਾਈਜੈਕ ਕਰਨ ਵਾਲੀ ਬਲੋਚ ਲਿਬਰੇਸ਼ਨ ਆਰਮੀ ਕੀ ਹੈ? ਇਸ ਦੀਆਂ ਕੀ ਨੇ ਮੰਗਾਂ?

ਬਲੋਚਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਰ ਇਹ ਪਹਿਲੀ ਵਾਰ ਹੈ ਜਦੋਂ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਇੱਕ ਟ੍ਰੇਨ ਹਾਈਜੈਕ ਕੀਤੀ

11 ਮਾਰਚ ਨੂੰ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਕੱਟੜਵਾਦੀਆਂ ਨੇ ਜਾਫ਼ਰ ਐਕਸਪ੍ਰੈੱਸ ਟ੍ਰੇਨ ਨੂੰ ਰੋਕ ਕੇ ਇਸ ਵਿਚਲੀਆਂ ਸਵਾਰੀਆਂ ਨੂੰ ਬੰਦੀ ਬਣਾ ਲਿਆ।

ਕੁਏਟਾ ਤੋਂ ਪੇਸ਼ਾਵਰ ਵੱਲ ਜਾ ਰਹੀ ਇਸ ਟ੍ਰੇਨ ਵਿੱਚ ਕਰੀਬ 440 ਜਣੇ ਸਵਾਰ ਸਨ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ - ਬਲੋਚ ਲਿਬਰੇਸ਼ਨ ਆਰਮੀ ਨੇ।

36 ਘੰਟਿਆਂ ਦੀ ਬਚਾਅ ਮੁਹਿੰਮ ਤੋਂ ਬਾਅਦ ਫੌਜ ਨੇ 33 ਕੱਟੜਵਾਦੀਆਂ ਦੇ ਮਾਰੇ ਜਾਣ ਅਤੇ 300 ਤੋਂ ਵੱਧ ਬੰਧਕਾਂ ਨੂੰ ਬਚਾਅ ਲਏ ਜਾਣ ਦਾ ਐਲਾਨ ਕੀਤਾ।

ਫੌਜ ਨੇ ਇਸ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 25 ਤੋਂ ਵੱਧ ਦੱਸੀ ਹੈ ਜਿਨ੍ਹਾਂ ਵਿੱਚ ਫੌਜੀ ਅਤੇ ਹੋਰ ਮੁਲਾਜ਼ਮ ਵੀ ਸ਼ਾਮਲ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਪਾਕਿਸਤਾਨੀ ਫੌਜ ਨੇ ਇਸ ਹਮਲੇ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਵੀ ਇਲਜ਼ਾਮ ਲਾਏ ਜਿਨ੍ਹਾਂ ਦਾ ਭਾਰਤ ਵੱਲੋਂ ਇਨਕਾਰ ਕੀਤਾ ਗਿਆ ਹੈ।

ਬਲੋਚਿਸਤਾਨ ਵਿੱਚ ਵੱਖਵਾਦ ਨਾਲ ਜੁੜੀ ਬੀਐੱਲਏ ਨੇ ਪਿਛਲੇ ਦਹਾਕਿਆਂ ਵਿੱਚ ਕਈ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਲਈ ਹੈ। ਜਿਨ੍ਹਾਂ ਵਿੱਚ ਹਲਾਕ ਹੋਏ ਲੋਕਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ।

ਪਰ ਇਹ ਪਹਿਲੀ ਵਾਰ ਹੈ ਜਦੋਂ ਇਸ ਨੇ ਇੱਕ ਟ੍ਰੇਨ ਹਾਈਜੈਕ ਕੀਤੀ।

ਆਖ਼ਰ ਬਲੋਚਿਸਤਾਨ ਵਿੱਚ ਵਾਰ-ਵਾਰ ਹਿੰਸਾ ਕਿਉਂ ਹੁੰਦੀ ਹੈ? ਬਲੋਚਿਸਤਾਨ ਲਿਬਰੇਸ਼ਨ ਆਰਮੀ ਕੀ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਕੀ ਹਨ?

ਬਲੋਚਿਸਤਾਨ ਸੂਬਾ ਅਹਿਮ ਕਿਉਂ ਹੈ?

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦਾ ਬਹੁਤਾ ਹਿੱਸਾ ਪਾਕਿਸਤਾਨ ਦੇ ਦੱਖਣ-ਪੱਛਮੀ ਇਲਾਕੇ ਵਿੱਚ ਪੈਂਦਾ ਹੈ। ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ।

ਪਾਕਿਸਤਾਨ ਦੇ ਕੁਲ ਖੇਤਰ ਦਾ 44 ਫ਼ੀਸਦ ਬਲੋਚਿਸਤਾਨ ਵਿੱਚ ਪੈਂਦਾ ਹੈ ਪਰ ਇੱਥੇ ਆਬਾਦੀ ਦੀ ਵਸੋਂ ਹੋਰਾਂ ਇਲਾਕਿਆਂ ਨਾਲੋਂ ਕਾਫੀ ਘੱਟ ਹੈ।

ਬੀਬੀਸੀ

ਬਲੋਚਿਸਤਾਨ ਦੀਆਂ ਸਰਹੱਦਾਂ ਈਰਾਨ ਅਤੇ ਤਾਲਿਬਾਨ ਦੇ ਕਬਜ਼ੇ ਹੇਠਲੇ ਅਫ਼ਗਾਨਿਸਤਾਨ ਨਾਲ ਲੱਗਦੀਆਂ ਨੇ.. ਇਸ ਖਿੱਤੇ ਦਾ ਨਾਮ ਬਲੋਚ ਕਬੀਲੇ ਤੋਂ ਪਿਆ ਹੈ.. ਇੱਥੇ ਰਹਿੰਦੀ ਬਹੁਤੀ ਵਸੋਂ ਇਸੇ ਕਬੀਲੇ ਨਾਲ ਸਬੰਧ ਰੱਖਦੀ ਹੈ।

ਪਸ਼ਤੂਨ ਲੋਕ ਇੱਥੇ ਰਹਿੰਦੇ ਦੂਜਾ ਵੱਡਾ ਸਮੂਹ ਹਨ।

ਇੱਥੇ ਮੌਜੂਦ ਗੈਸ ਤੇ ਹੋਰ ਖਣਿਜਾਂ ਦੇ ਕਰਕੇ ਬਲੋਚਿਸਤਾਨ ਕੁਦਰਤੀ ਵਸੀਲਿਆਂ ਦੇ ਪੱਖੋਂ ਪਾਕਿਸਤਾਨ ਦਾ ਸਭ ਤੋਂ ਅਮੀਰ ਸੂਬਾ ਹੈ.. ਇਹ ਚੀਨ ਨੇ ਚਾਈਨਾ-ਪਾਕਿਸਤਾਨ ਇਕੌਨਾਮਿਕ ਕੌਰੀਡੋਰ ਦਾ ਅਹਿਮ ਹਿੱਸਾ ਹੈ।

ਇੱਥੇ ਹੀ ਗਵਾਦਰ ਦਾ ਡੀਪ ਸੀਅ ਪੋਰਟ ਵੀ ਹੈ।

ਬਲੋਚਿਸਤਾਨ ਵਿੱਚ ਅੱਤਵਾਦ ਕਦੋਂ ਸ਼ੁਰੂ ਹੋਇਆ?
ਬਲੋਚ ਆਬਾਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਲੋਚ ਆਬਾਦੀ ਈਰਾਨ ਦੇ ਨਾਲ-ਨਾਲ ਅਫ਼ਗਾਨਿਸਤਾਨ ਵਿੱਚ ਵੀ ਰਹਿੰਦੀ ਹੈ।

ਬਲੋਚਿਸਤਾਨ ਵਿੱਚ ਪਾਕਿਸਤਾਨ ਬਣਨ ਤੋਂ ਬਾਅਦ ਦੇ ਸਮੇਂ ਤੋਂ ਹੀ ਹਥਿਆਰਬੰਦ ਲਹਿਰ ਸ਼ੁਰੂ ਹੋ ਗਈ ਸੀ। ਬਲੋਚਿਸਤਾਨ ਨੂੰ ਪਾਕਿਸਤਾਨ ਬਣਨ ਤੋਂ ਪਹਿਲਾਂ 'ਸਟੇਟ ਆਫ ਕਲਾਤ' ਵਜੋਂ ਜਾਣਿਆ ਜਾਂਦਾ ਸੀ, ਇਹ ਪਾਕਿਸਤਾਨ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਸੀ।

ਬਲੋਚ ਲੋਕਾਂ ਲਈ ਆਜ਼ਾਦ ਸਟੇਟ ਦੀ ਲੜਾਈ 1948 'ਚ ਹੀ ਸ਼ੁਰੂ ਹੋ ਗਈ ਸੀ, ਤੇ ਇਹ 1950, 60 ਅਤੇ 70ਵਿਆਂ ਤੱਕ ਚਲਦੀ ਰਹੀ।

ਬਲੋਚ ਆਬਾਦੀ ਈਰਾਨ ਦੇ ਨਾਲ-ਨਾਲ ਅਫ਼ਗਾਨਿਸਤਾਨ ਵਿੱਚ ਵੀ ਰਹਿੰਦੀ ਹੈ।

ਈਰਾਨ ਵਿਚ ਰਹਿੰਦੇ ਬਲੋਚ ਲੋਕ ਵੀ ਬਲੋਚਿਸਤਾਨ ਦੀ ਖ਼ੁਦ-ਮੁਖਤਿਆਰੀ ਦੀ ਹਮਾਇਤ ਕਰਦੇ ਹਨ।

ਬਲੋਚ ਲੋਕਾਂ ਵੱਲੋਂ ਸਰਕਾਰ 'ਤੇ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਹ ਬਲੋਚਿਸਤਾਨ ਦੇ ਸਰੋਤਾਂ ਦਾ ਸ਼ੋਸ਼ਣ ਕਰਕੇ ਲਾਭ ਕਮਾ ਰਹੀ ਹੈ ਜਦਕਿ ਖਿੱਤੇ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।

ਫਿਰ ਕੁਝ ਦਹਾਕਿਆਂ ਦੇ ਵਕਫ਼ੇ ਮਗਰੋਂ ਸਾਲ 2003 ਤੋਂ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ਼ ਦੇ ਸਮੇਂ ਇਹ ਗਤੀਵਿਧੀਆਂ ਇੱਕ ਵਾਰ ਫ਼ਿਰ ਤੇਜ਼ ਹੋ ਗਈਆਂ।

ਪਾਕਿਸਤਾਨੀ ਸੁਰੱਖਿਆ ਬਲਾਂ ਉੱਤੇ ਹਜ਼ਾਰਾਂ ਲੋਕਾਂ ਨੂੰ ਮਾਰਨ ਤੇ ਲਾਪਤਾ ਕਰਨ ਦੇ ਇਲਜ਼ਾਮ ਲੱਗਦੇ ਹਨ, ਜਿਸ ਤੋਂ ਉਹ ਇਨਕਾਰ ਕਰਦੇ ਹਨ।

ਬਲੋਚ ਲਿਬਰੇਸ਼ਨ ਆਰਮੀ ਕੀ ਹੈ?
ਬੀਤੇ ਸਾਲ ਅਗਸਤ ਮਹੀਨੇ ਵਿੱਚ ਮੂਸਾ ਖੇਲ ਜ਼ਿਲ੍ਹੇ ਬੱਸਾਂ ਵਿੱਚੋਂ 22 ਲੋਕਾਂ ਨੂੰ ਲਾਹ ਕੇ ਮਾਰੇ ਜਾਣਾ ਵੀ ਅਜਿਹੀ ਹੀ ਇੱਕ ਘਟਨਾ ਸੀ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬੀਤੇ ਸਾਲ ਅਗਸਤ ਮਹੀਨੇ ਵਿੱਚ ਮੂਸਾ ਖੇਲ ਜ਼ਿਲ੍ਹੇ ਬੱਸਾਂ ਵਿੱਚੋਂ 22 ਲੋਕਾਂ ਨੂੰ ਲਾਹ ਕੇ ਮਾਰੇ ਜਾਣਾ ਵੀ ਅਜਿਹੀ ਹੀ ਇੱਕ ਘਟਨਾ ਸੀ।

ਬਲੋਚ ਲਿਬਰੇਸ਼ਨ ਆਰਮੀ ਤੇ ਬਲੋਚ ਲਿਬਰੇਸ਼ਨ ਫਰੰਟ ਬਲੋਚਿਸਤਾਨ ਵਿੱਚ ਮੁੱਖ ਤੌਰ ਉੱਤੇ ਐਕਟਿਵ ਦੋ ਲੜਾਕੂ ਸਮੂਹ ਹਨ ਜੋ ਪਾਕਿਸਤਾਨ ਵਿਰੁੱਧ ਪਾਕਿਸਤਾਨ ਵਿੱਚੋਂ ਹੀ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ।

ਬੀਐੱਲਏ ਨੂੰ ਪਾਕਿਸਤਾਨ ਤੋਂ ਇਲਾਵਾ ਅਮਰੀਕਾ ਤੇ ਯੂਕੇ ਵੱਲੋਂ ਵੀ 'ਅੱਤਵਾਦੀ' ਜਥੇਬੰਦੀ ਐਲਾਨਿਆ ਜਾ ਚੁੱਕਾ ਹੈ।

ਬੀਤੇ ਸਾਲਾਂ ਵਿੱਚ ਬੀਐੱਲਏ 'ਤੇ ਪਾਕਿਸਤਾਨੀ ਸੁਰੱਖਿਆ ਬਲਾਂ, ਆਮ ਨਾਗਰਿਕਾਂ ਤੇ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਲੱਗਦੇ ਰਹੇ ਹਨ।

ਬੀਐੱਲਏ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਵਿੱਚ ਐਕਟਿਵ ਹੈ, ਹਾਲ ਹੀ ਵਿੱਚ ਇਸ ਦੇ ਉਪ ਸਮੂਹ ਮਜੀਦ ਬ੍ਰਿਗੇਡ ਦੇ ਵਿਸਤਾਰ ਨਾਲ ਇਸ ਦੇ ਹਮਲਿਆਂ ਵਿੱਚ ਤੇਜ਼ੀ ਆਈ ਹੈ।

ਬੀਐੱਲਏ ਵੱਲੋਂ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲੋਕਾਂ ਨੂੰ ਵੀ ਕਥਿਤ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਬੀਤੇ ਸਾਲ 2024 ਵਿੱਚ ਮੂਸਾ ਖੇਲ ਜ਼ਿਲ੍ਹੇ ਵਿੱਚ ਬੱਸਾਂ ਵਿੱਚੋਂ 22 ਲੋਕਾਂ ਨੂੰ ਲਾਹ ਕੇ ਮਾਰੇ ਜਾਣਾ ਵੀ ਅਜਿਹੀ ਹੀ ਇੱਕ ਘਟਨਾ ਸੀ।

ਬਲੋਚਿਸਤਾਨ ਲਿਬਰੇਸ਼ਨ ਫਰੰਟ ਸੀਰੀਆ ਵਿੱਚ ਸਾਲ 1964 ਵਿੱਚ ਸਥਾਪਿਤ ਕੀਤੀ ਗਈ ਸੀ। ਬੀਐੱਲਐੱਫ ਨੇ ਸ਼ੁਰੂਆਤ ਵਿੱਚ ਈਰਾਨੀ ਬਲੋਚ ਰਿਵੋਲ ਵਿੱਚ ਹਿੱਸਾ ਲਿਆ ਸੀ। ਇਹ ਈਰਾਨ ਖ਼ਿਲਾਫ਼ ਗਤੀਵਿਧੀਆਂ ਕਰ ਰਹੇ ਬਲੋਚ ਸਮੂਹ ਦਾ ਹਿੱਸਾ ਸੀ।

ਇਸ ਤੋਂ ਪੰਜ ਸਾਲਾਂ ਬਾਅਦ ਉਨ੍ਹਾਂ ਨੇ ਇਹ ਲੜਾਈ ਖ਼ਤਮ ਕਰਨ ਲਈ ਈਰਾਨ ਦੇ ਸ਼ਾਹ ਨਾਲ ਸਮਝੌਤਾ ਕਰ ਲਿਆ ਸੀ।

ਇਸ ਮਗਰੋਂ ਬੀਐੱਲਐੱਫ ਪਾਕਿਸਤਾਨੀ ਸਟੇਟ ਦੇ ਖ਼ਿਲਾਫ਼ ਹੋ ਗਈ ਸੀ ਅਤੇ 1970ਵਿਆਂ ਵਿੱਚ ਇਸ ਨੇ ਅਫ਼ਗਾਨਿਸਤਾਨ ਵਿੱਚ ਸ਼ਰਨ ਲੈ ਲਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)