ਪੰਜਾਬ ਤੋਂ ਉਡਾਨ ਭਰ ਕੇ ਸਰਗੋਧਾ ਉੱਤੇ ਹਮਲਾ ਕਰਨ ਵਾਲਾ ਪਾਇਲਟ, ਜਿਸ ਦੇ ਜਹਾਜ਼ ਨੂੰ ਗੋਲ਼ੇ ਲੱਗੇ ਪਰ ਫੇਰ ਵੀ ਲੜਾਕੂ ਜਹਾਜ਼ ਡੇਗਿਆ

ਸਕੁਐਡਰਨ ਲੀਡਰ ਦੇਵਯ

ਤਸਵੀਰ ਸਰੋਤ, Manohar

ਤਸਵੀਰ ਕੈਪਸ਼ਨ, ਸਕੁਐਡਰਨ ਲੀਡਰ ਦੇਵਯ
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਸਹਿਯੋਗੀ

ਸਾਲ 1965 ਦੇ ਸਮੇਂ ਦੌਰਾਨ ਭਾਰਤ, ਚੀਨ ਜੰਗ ਵਿੱਚ ਮਿਲੀ ਹਾਰ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਦੂਜੇ ਪਾਸੇ ਪਾਕਿਸਤਾਨ ਨੂੰ ਅਮਰੀਕਾ ਤੋਂ ਭਾਰੀ ਫੌਜੀ ਸਹਾਇਤਾ ਮਿਲ ਰਹੀ ਸੀ।

6 ਸਤੰਬਰ, 1965 ਦੀ ਸ਼ਾਮ ਨੂੰ ਪਾਕਿਸਤਾਨ ਨੇ ਅਚਾਨਕ ਭਾਰਤੀ ਹਵਾਈ ਟਿਕਾਣਿਆਂ 'ਤੇ ਹਮਲਾ ਕਰ ਦਿੱਤਾ।

ਪਾਕਿਸਤਾਨ ਵੱਲੋਂ ਕੀਤੇ ਗਏ ਇਸ ਹਮਲੇ ਕਾਰਨ ਪਠਾਨਕੋਟ ਵਿੱਚ ਹਵਾਈ ਪੱਟੀ 'ਤੇ ਖੜ੍ਹੇ ਕਾਫ਼ੀ ਹਵਾਈ ਜਹਾਜ਼ ਨੁਕਸਾਨੇ ਗਏ।

ਇਸ ਹਮਲੇ ਨੇ ਭਾਰਤੀ ਹਵਾਈ ਫੌਜ ਵਿੱਚ ਨਰਾਜ਼ਗੀ ਫੈਲਾ ਦਿੱਤਾ। ਉਨ੍ਹਾਂ ਵਿੱਚੋਂ ਸਭ ਤੋਂ ਵੱਧ ਨਰਾਜ਼ਗੀ ਵਿੱਚ ਸਨ - ਸਕੁਐਡਰਨ ਲੀਡਰ ਟੱਬੀ ਦੇਵਯ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦੇਵਯ ਨੇ ਛੇ ਦਿਨ ਪਹਿਲਾਂ ਹੀ ਆਦਮਪੁਰ ਵਿੱਚ ਨੰਬਰ-ਇੱਕ ਸਕੁਐਡਰਨ ਦਾ ਚਾਰਜ ਸੰਭਾਲਿਆ ਸੀ। ਉਹ ਕੂਰਗ ਦੇ ਰਹਿਣ ਵਾਲੇ ਸਨ ਅਤੇ ਹਵਾਈ ਫੌਜ ਦੇ ਹੁਨਰਮੰਦ ਅਤੇ ਦਲੇਰ ਪਾਇਲਟਾਂ ਵਿੱਚ ਗਿਣੇ ਜਾਂਦੇ ਸਨ।

ਇਸ ਦੇ ਨਾਲ ਹੀ ਦੇਵਯ ਚੰਗੇ ਹਾਕੀ ਖਿਡਾਰੀ ਵੀ ਸਨ। ਉਹ 6 ਨਵੰਬਰ, 1954 ਨੂੰ ਭਾਰਤੀ ਹਵਾਈ ਫੌਜ ਦਾ ਹਿੱਸਾ ਬਣੇ ਅਤੇ ਸ਼ੁਰੂਆਤ ਵਿੱਚ ਵੈਂਪਾਇਰ ਜਹਾਜ਼ ਉਡਾਉਂਦੇ ਸਨ।

ਆਦਮਪੁਰ ਆਉਣ ਤੋਂ ਪਹਿਲਾਂ ਦੇਵਯ ਹਾਕੀਮਪੇਟ ਏਅਰਫੋਰਸ ਫਲਾਇੰਗ ਕਾਲਜ ਵਿੱਚ ਲੜਾਕੂ ਪਾਇਲਟਾਂ ਨੂੰ ਸਿਖਲਾਈ ਦੇ ਰਹੇ ਸਨ।

ਜਦੋਂ ਪਾਕਿਸਤਾਨ ਨਾਲ ਜੰਗ ਦਾ ਮਾਹੌਲ ਬਣਨ ਲੱਗਿਆ ਤਾਂ ਉਨ੍ਹਾਂ ਨੇ ਖੁਦ ਜਹਾਜ਼ ਉਡਾਉਣ ਦੀ ਪੇਸ਼ਕਸ਼ ਕੀਤੀ।

ਉਨ੍ਹਾਂ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਆਦਮਪੁਰ ਦੇ ਨੰਬਰ-ਇੱਕ ਸਕੁਐਡਰਨ ਵਿੱਚ ਤੈਨਾਤ ਕਰ ਦਿੱਤਾ ਗਿਆ।

ਜਵਾਬੀ ਹਮਲਾ ਕਰਨ ਦੇ ਹੁਕਮ

ਆਦਮਪੁਰ ਏਅਰ ਫੋਰਸ ਸਟੇਸ਼ਨ

ਤਸਵੀਰ ਸਰੋਤ, Indian Air Force

ਤਸਵੀਰ ਕੈਪਸ਼ਨ, ਦੇਵਈਆ ਨੂੰ ਆਦਮਪੁਰ ਏਅਰ ਫੋਰਸ ਸਟੇਸ਼ਨ 'ਤੇ ਤਾਇਨਾਤ ਕੀਤਾ ਗਿਆ ਸੀ

ਸਰਗੋਧਾ 'ਤੇ ਜਵਾਬੀ ਹਮਲਾ

ਇਆਨ ਕਾਰਡੋਜ਼ੋ ਆਪਣੀ ਕਿਤਾਬ 'ਬਿਓਂਡ ਫੀਅਰ' ਵਿੱਚ ਲਿਖਦੇ ਹਨ, "ਭਾਰਤੀ ਹਵਾਈ ਫੌਜ ਦੇ ਕਮਾਂਡ ਹੈੱਡਕੁਆਰਟਰ ਨੇ 6 ਸਤੰਬਰ ਦੀ ਦੇਰ ਰਾਤ ਨੂੰ ਹੁਕਮ ਦਿੱਤਾ ਕਿ ਆਦਮਪੁਰ ਅਤੇ ਹਲਵਾਰਾ ਦੇ ਮਿਸਟੀਅਰ ਅਤੇ ਹੰਟਰ ਸਕੁਐਡਰਨ ਪਾਕਿਸਤਾਨੀ ਹਵਾਈ ਠਿਕਾਣਿਆਂ 'ਤੇ ਜਵਾਬੀ ਹਮਲਾ ਕਰਨਗੇ।"

ਉਨ੍ਹਾਂ ਅੱਗੇ ਲਿਖਿਆ, "ਆਦਮਪੁਰ ਟਾਈਗਰਜ਼ ਦੇ ਕਮਾਂਡਿੰਗ ਅਫਸਰ ਓ.ਪੀ. ਤਨੇਜਾ ਨੇ ਫੈਸਲਾ ਕੀਤਾ ਕਿ ਸਕੁਐਡਰਨ ਪਾਕਿਸਤਾਨ ਵਿੱਚ ਸਰਗੋਧਾ ਏਅਰਬੇਸ 'ਤੇ ਹਮਲਾ ਕਰੇਗਾ। 7 ਸਤੰਬਰ ਦੀ ਸਵੇਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 5:55 ਵਜੇ ਹਮਲਾ ਕੀਤਾ ਜਾਣਾ ਸੀ।"

ਪਰ ਤਰਕੀਬ ਵਿੱਚ ਇੱਕ ਗਲਤੀ ਹੋ ਗਈ, ਸਰਗੋਧਾ ਏਅਰ ਬੇਸ ਦਾ ਸਮਾਂ ਚੁਣਨ ਦੀ ਬਜਾਏ, ਉਨ੍ਹਾਂ ਨੇ ਆਦਮਪੁਰ ਦਾ ਸਮਾਂ 5:55 ਚੁਣ ਲਿਆ। ਉਹ ਅੰਦਾਜ਼ਾ ਨਹੀਂ ਲਗਾ ਸਕੇ ਕਿ ਸਰਗੋਧਾ ਵਿੱਚ ਸੂਰਜ ਚੜ੍ਹਨ ਦਾ ਸਮਾਂ ਸਵੇਰੇ 6:10 ਵਜੇ ਸੀ। ਇਸ ਤੋਂ ਭਾਵ ਹਵਾਈ ਜ਼ਹਾਜ ਦੇ ਸਰਗੋਧਾ ਪਹੁੰਚਣ ਸਮੇਂ ਆਸਮਾਨ ਵਿੱਚ ਹਨੇਰਾ ਹੋਣਾ ਸੀ।

ਪੀਵੀਐਸ ਜਗਨਮੋਹਨ ਅਤੇ ਸਮੀਰ ਚੋਪੜਾ ਆਪਣੀ ਕਿਤਾਬ 'ਦਾ ਇੰਡੀਆ-ਪਾਕਿਸਤਾਨ ਏਅਰ ਵਾਰ ਆਫ 1965' ਵਿੱਚ ਲਿਖਦੇ ਹਨ, "ਵਿੰਗ ਕਮਾਂਡਰ ਤਨੇਜਾ ਨੇ ਆਖਰੀ ਸਮੇਂ 'ਤੇ ਹਮਲੇ ਦਾ ਸਮਾਂ 15 ਮਿੰਟ ਯਾਨੀ ਸਵੇਰੇ 6.10 ਵਜੇ ਤੱਕ ਵਧਾਉਣ ਦੀ ਬੇਨਤੀ ਕੀਤੀ ਪਰ ਉਨ੍ਹਾਂ ਦੀ ਬੇਨਤੀ ਮੰਨੀ ਨਹੀਂ ਗਈ ਕਿਉਂਕਿ ਹੰਟਰ ਸਕੁਐਡਰਨ ਵੱਲੋਂ ਵੀ ਉਸੇ ਸਮੇਂ 'ਤੇ ਹਮਲਾ ਕਰਨਾ ਤੈਅ ਕੀਤਾ ਗਿਆ ਸੀ ਅਤੇ ਆਖਰੀ ਸਮੇਂ 'ਤੇ ਯੋਜਨਾ ਨੂੰ ਬਦਲਿਆ ਨਹੀਂ ਜਾ ਸਕਦਾ ਸੀ।"

ਸਾਰੇ ਪਾਇਲਟਾਂ ਨੂੰ ਸਵੇਰੇ 3 ਵਜੇ ਉੱਠਾਇਆ ਗਿਆ

ਓਪੀ ਤਨੇਜਾ

ਤਸਵੀਰ ਸਰੋਤ, bharatrakshak.com

ਤਸਵੀਰ ਕੈਪਸ਼ਨ, ਓਪੀ ਤਨੇਜਾ ਆਦਮਪੁਰ ਏਅਰਬੇਸ ਦੇ ਕਮਾਂਡਿੰਗ ਅਫ਼ਸਰ ਸਨ

ਦੇਵਯ ਨੂੰ ਮੁੱਖ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਉਹ ਰਿਜ਼ਰਵ ਪਾਇਲਟ ਸਨ। ਇਸਦਾ ਮਤਲਬ ਕਿ ਕਿਸੇ ਜਹਾਜ਼ ਦੇ ਕਿਸੇ ਕਾਰਨ ਉਡਾਣ ਨਹੀਂ ਭਰਨ ਦੀ ਸੂਰਤ ਵਿੱਚ ਹੀ ਉਨ੍ਹਾਂ ਉਡਾਣ ਭਰਨੀ ਸੀ।

ਆਦਮਪੁਰ ਤੋਂ ਸਰਗੋਧਾ ਲਈ ਉਡਾਣ ਦਾ ਸਮਾਂ 30 ਮਿੰਟ ਸੀ। ਪੂਰੇ ਆਪ੍ਰੇਸ਼ਨ ਲਈ ਸਿਰਫ਼ ਇੱਕ ਘੰਟਾ ਤੈਅ ਕੀਤਾ ਗਿਆ ਸੀ।

ਪਾਇਲਟਾਂ ਨੂੰ ਸਿਰਫ਼ ਸਰਗੋਧਾ ਏਅਰਬੇਸ 'ਤੇ ਬੰਬ ਸੁੱਟਣ ਅਤੇ ਹਵਾ ਵਿੱਚ ਪਾਕਿਸਤਾਨੀ ਜਹਾਜ਼ਾਂ ਨਾਲ ਲੜਨ ਦੀ ਕੋਸ਼ਿਸ਼ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

ਪਾਇਲਟਾਂ ਨੂੰ ਹਮਲੇ ਤੋਂ ਪਹਿਲਾਂ ਰਾਤ ਨੂੰ ਜਲਦੀ ਖਾਣਾ ਖਾਣ ਅਤੇ ਤੁਰੰਤ ਸੌਣ ਦਾ ਹੁਕਮ ਦਿੱਤਾ ਗਿਆ ਸੀ ਤਾਂ ਜੋ ਹਮਲੇ ਤੋਂ ਪਹਿਲਾਂ ਉਹ ਨੀਂਦ ਪੂਰੀ ਕਰ ਲੈਣ।

ਸਵੇਰੇ ਤਿੰਨ ਵਜੇ ਸਹਾਇਕਾਂ ਨੇ ਸਾਰੇ ਪਾਇਲਟਾਂ ਨੂੰ ਜਗਾਇਆ। ਸਵੇਰੇ 4 ਵਜੇ ਸਾਰੇ 12 ਪਾਇਲਟ ਅਤੇ ਦੋ ਸਟੈਂਡਬਾਏ ਪਾਇਲਟ ਜੀ-ਸੂਟ ਪਹਿਨ ਕੇ ਸਕੁਐਡਰਨ ਦੇ ਬ੍ਰੀਫਿੰਗ ਰੂਮ ਵਿੱਚ ਪਹੁੰਚ ਗਏ।

ਸਰਗੋਧਾ ਏਅਰ ਬੇਸ ਵਿੱਚ ਚਾਰ ਹਵਾਈ ਪੱਟੀਆਂ ਸਨ, ਸਰਗੋਧਾ ਮੇਨ, ਛੋਟਾ ਸਰਗੋਧਾ, ਵਾਗੋਵਾਲ ਅਤੇ ਬਗਟਨਵਾਲਾ।

ਉਡਾਣ ਭਰਨ ਤੋਂ ਪਹਿਲਾਂ ਪਾਕਿਸਤਾਨੀ ਹਵਾਈ ਹਮਲਾ

ਪਾਕਿਸਤਾਨ ਵਿੱਚ ਸਰਗੋਧਾ ਏਅਰਬੇਸ

ਤਸਵੀਰ ਸਰੋਤ, Pushpinder Singh

ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਸਰਗੋਧਾ ਏਅਰਬੇਸ

ਸਾਰੇ ਪਾਇਲਟਾਂ ਦੀ ਬ੍ਰੀਫਿੰਗ ਸਵੇਰੇ 4:15 ਵਜੇ ਖਤਮ ਹੋਈ। ਪਰ ਇਸ ਮਿਸ਼ਨ ਦੇ ਸ਼ੁਰੂਆਤ ਤੋਂ ਹੀ ਮੁਸ਼ਕਲਾਂ ਸਾਹਮਣੇ ਆਉਂਣ ਲੱਗੀਆ।

ਜਿਵੇਂ ਹੀ ਸਾਰੇ ਪਾਇਲਟ ਆਪਣੇ ਜਹਾਜ਼ਾਂ 'ਤੇ ਪਹੁੰਚੇ, ਹਵਾਈ ਹਮਲੇ ਦਾ ਸਾਇਰਨ ਵੱਜਣ ਲੱਗਿਆ। ਸਾਰੇ ਪਾਇਲਟ ਅਤੇ ਟੈਕਨੀਸ਼ੀਅਨ ਬੰਕਰਾਂ ਵਿੱਚ ਪਨਾਹ ਲੈਣ ਲੱਗੇ।

ਪਾਕਿਸਤਾਨ ਦੇ ਬੀ-57 ਜਹਾਜ਼ਾਂ ਨੇ ਕੁਝ ਬੰਬ ਸੁੱਟੇ ਪਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ।

ਪੀਵੀਐਸ ਜਗਨਮੋਹਨ ਅਤੇ ਸਮੀਰ ਚੋਪੜਾ ਲਿਖਦੇ ਹਨ, "ਜਦੋਂ ਤਨੇਜਾ ਆਪਣੇ ਜਹਾਜ਼ 'ਤੇ ਪਹੁੰਚੇ, ਤਾਂ ਉਨ੍ਹਾਂ ਨੇ ਦੇਖਿਆ ਕਿ ਉਹ ਆਪਣਾ ਪੈਰਾਸ਼ੂਟ ਭੁੱਲ ਗਏ ਸਨ। ਦੂਜੇ ਜਹਾਜ਼ਾਂ ਦੇ ਉਲਟ ਜਿਨ੍ਹਾਂ ਵਿੱਚ ਪੈਰਾਸ਼ੂਟ ਸੀਟ ਨਾਲ ਜੁੜੇ ਹੁੰਦੇ ਹਨ, ਮਿਸਟੀਅਰ ਦੇ ਪਾਇਲਟ ਨੂੰ ਖੁਦ ਪੈਰਾਸ਼ੂਟ ਸੀਟ 'ਤੇ ਫਿੱਟ ਕਰਨਾ ਪੈਂਦਾ ਸੀ।"

"ਸਾਰੇ ਪਾਇਲਟ ਆਪਣੇ ਪੈਰਾਸ਼ੂਟ ਖੁਦ ਲੈ ਕੇ ਚੱਲਦੇ ਸਨ, ਸਿਵਾਏ ਕਮਾਂਡਿੰਗ ਅਫਸਰ ਦੇ, ਜਿਨ੍ਹਾਂ ਦਾ ਪੈਰਾਸ਼ੂਟ ਏਅਰਮੈਨ ਦੁਆਰਾ ਚੁੱਕਿਆ ਜਾਂਦਾ ਸੀ। ਜਦੋਂ ਪੈਰਾਸ਼ੂਟ ਦੀ ਭਾਲ ਸ਼ੁਰੂ ਕੀਤੀ ਗਈ, ਤਾਂ ਇਹ ਨੇੜੇ ਦੇ ਟੋਏ ਵਿੱਚੋਂ ਮਿਲਿਆ।"

"ਦਰਅਸਲ ਹਵਾਈ ਹਮਲੇ ਦੌਰਾਨ ਏਅਰਮੈਨ ਨੇ ਸੀਓ ਦੇ ਪੈਰਾਸ਼ੂਟ ਨੂੰ ਟੋਏ ਵਿੱਚ ਸੁੱਟ ਦਿੱਤਾ ਸੀ। ਕੁਝ ਸਮੇਂ ਬਾਅਦ, ਵਿੰਗ ਕਮਾਂਡਰ ਤਨੇਜਾ ਨੇ ਉਡਾਣ ਭਰੀ। ਉਸ ਸਮੇਂ, ਪਾਕਿਸਤਾਨੀ ਹਮਲੇ ਕਾਰਨ ਆਦਮਪੁਰ ਹਵਾਈ ਪੱਟੀ ਦੀਆਂ ਲਾਈਟਾਂ ਬੰਦ ਸਨ।"

ਹਮਲੇ ਦੌਰਾਨ ਪੂਰੀ ਤਰ੍ਹਾਂ ਰੇਡੀਓ ਬੰਦ

1965 ਦੀ ਜੰਗ ਬਾਰੇ ਕਿਤਾਬ

ਤਸਵੀਰ ਸਰੋਤ, Manohar

ਤਸਵੀਰ ਕੈਪਸ਼ਨ, 1965 ਦੀ ਜੰਗ ਬਾਰੇ ਪੀਵੀਐਸ ਜਗਨਮੋਹਨ ਅਤੇ ਸਮੀਰ ਚੋਪੜਾ ਦੀ ਕਿਤਾਬ

ਚਾਰ ਜਹਾਜ਼ਾਂ ਦੇ ਦੂਜੇ ਬੈਚ ਦੀ ਅਗਵਾਈ ਸਕੁਐਡਰਨ ਲੀਡਰ ਡੈਨੀ ਸੈਟਰ ਕਰ ਰਹੇ ਸਨ। ਸਕੁਐਡਰਨ ਲੀਡਰ ਸੁਦਰਸ਼ਨ ਹਾਂਡਾ ਤੀਜੇ ਬੈਚ ਦੇ ਲੀਡਰ ਸਨ।

ਕਮਾਂਡਿੰਗ ਅਫ਼ਸਰ ਤਨੇਜਾ ਨੇ ਸਪੱਸ਼ਟ ਕੀਤਾ ਸੀ ਕਿ ਸਾਰੇ ਪਾਇਲਟਾਂ ਨੂੰ ਆਪਣੇ ਨਿਸ਼ਾਨਿਆਂ 'ਤੇ ਹਮਲਾ ਕਰਕੇ ਅਤੇ ਤੁਰੰਤ ਵਾਪਸ ਆਉਣਾ ਪਵੇਗਾ ਕਿਉਂਕਿ ਉਨ੍ਹਾਂ ਕੋਲ ਦੂਜੀ ਵਾਰ ਹਮਲਾ ਕਰਨ ਲਈ ਨਾ ਤਾਂ ਸਮਾਂ ਹੋਵੇਗਾ ਅਤੇ ਨਾ ਹੀ ਤੇਲ।

ਇਆਨ ਕਾਰਡੋਜ਼ੋ ਲਿਖਦੇ ਹਨ, "ਤਨੇਜਾ ਨੇ ਬ੍ਰੀਫਿੰਗ ਵਿੱਚ ਕਿਹਾ ਸੀ ਕਿ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖਣਾ। ਤੁਹਾਡੀ ਤਰਜੀਹ ਜ਼ਮੀਨ 'ਤੇ ਖੜ੍ਹੇ ਦੁਸ਼ਮਣ ਦੇ ਜਹਾਜ਼ਾਂ ਨੂੰ ਤਬਾਹ ਕਰਨਾ ਹੈ। ਦੂਜੀ ਤਰਜੀਹ ਆਲੇ ਦੁਆਲੇ ਦੀਆਂ ਇਮਾਰਤਾਂ 'ਤੇ ਬੰਬਾਰੀ ਕਰਨਾ ਹੋਵੇਗੀ।"

"ਪਾਇਲਟਾਂ ਲਈ ਦਿੱਖ ਬਹੁਤ ਚੰਗੀ ਨਹੀਂ ਹੋਵੇਗੀ ਪਰ ਇਸ ਨੂੰ ਹਮਲੇ ਦੀ ਅਸਫਲਤਾ ਦਾ ਕਾਰਨ ਨਹੀਂ ਮੰਨਿਆ ਜਾਵੇਗਾ। ਜਹਾਜ਼ਾਂ ਦੇ ਟੇਕ-ਆਫ ਪੁਆਇੰਟ 'ਤੇ ਪਹੁੰਚਣ ਤੱਕ ਪੂਰਾ ਰੇਡੀਓ ਬੰਦ ਰੱਖੀ ਜਾਵੇਗਾ। ਰਨਵੇਅ ਲਾਈਟਾਂ ਸਿਰਫ਼ ਉਦੋਂ ਹੀ ਚਾਲੂ ਕੀਤੀਆਂ ਜਾਣਗੀਆਂ ਜਦੋਂ ਜਹਾਜ਼ ਦਾ ਇੰਜਣ ਚਾਲੂ ਹੋ ਜਾਵੇਗਾ।”

“ਸਾਰੇ ਜਹਾਜ਼ 30 ਸਕਿੰਟਾਂ ਦੇ ਅੰਤਰਾਲ 'ਤੇ ਉਡਾਣ ਭਰਨਗੇ। ਅਸੀਂ 5.28 'ਤੇ ਉਡਾਣ ਭਰਾਂਗੇ ਅਤੇ ਰਾਡਾਰ ਤੋਂ ਬਚਣ ਲਈ 300 ਫੁੱਟ ਦੀ ਉਚਾਈ 'ਤੇ ਉੱਡਾਂਗੇ। ਅਸੀਂ 30 ਮਿੰਟਾਂ ਵਿੱਚ ਸਰਗੋਧਾ ਪਹੁੰਚਾਂਗੇ ਅਤੇ 5.58 ਵਜੇ ਤੋਂ 30 ਸਕਿੰਟਾਂ ਦੇ ਅੰਤਰਾਲ 'ਤੇ ਬੰਬ ਸੁੱਟਣ ਲਈ ਹੇਠਾ ਆਵਾਂਗੇ।"

ਇਨ੍ਹਾਂ ਪਾਇਲਟਾਂ ਅਤੇ ਕੰਟਰੋਲ ਟਾਵਰ ਵਿਚਕਾਰ ਕੋਈ ਸੰਚਾਰ ਨਹੀਂ ਸੀ ਕਿਉਂਕਿ ਰੇਡੀਓ ਪੂਰੀ ਤਰ੍ਹਾਂ ਬੰਦ ਸੀ। ਮਿਸਟੀਅਰ ਜਹਾਜ਼ ਦੇ ਦੋ ਰਿਜ਼ਰਵ ਪਾਇਲਟ ਆਪਣੇ ਇੰਜਣ ਚਾਲੂ ਕਰ ਕਿਸੇ ਵੀ ਸਮੇਂ ਉਡਾਣ ਭਰਨ ਲਈ ਤਿਆਰ ਖੜ੍ਹੇ ਸਨ।

ਸਰਗੋਧਾ ਏਅਰਬੇਸ 'ਤੇ ਹਮਲਾ

ਸਕੁਐਡਰਨ ਟੀਮ

ਤਸਵੀਰ ਸਰੋਤ, Manohar

ਤਸਵੀਰ ਕੈਪਸ਼ਨ, ਆਦਮਪੁਰ ਏਅਰਬੇਸ 'ਤੇ ਨੰਬਰ-ਇੱਕ ਸਕੁਐਡਰਨ ਟੀਮ

ਜਹਾਜ਼ਾਂ ਦੇ ਉਡਾਣ ਭਰਦੇ ਹੀ ਔਕੜਾਂ ਸ਼ੁਰੂ ਹੋ ਗਈਆਂ। ਦੂਜੇ ਬੈਚ ਦੇ ਦੋ ਜਹਾਜ਼ਾਂ ਵਿੱਚ ਉਡਾਣ ਭਰਨ ਤੋਂ ਤੁਰੰਤ ਬਾਅਦ ਤਕਨੀਕੀ ਖਾਮੀਆਂ ਆਉਂਣ ਲੱਗੀਆਂ। ਤੀਜੇ ਬੈਚ ਵਿੱਚ ਵੀ ਕੁਝ ਤਕਨੀਕੀ ਖਰਾਬੀ ਸੀ।

ਫਿਰ ਉਨ੍ਹਾਂ ਦੀ ਜਗ੍ਹਾ 'ਤੇ ਸਕੁਐਡਰਨ ਲੀਡਰ ਦੇਵਯ ਨੂੰ ਉਡਾਣ ਭਰਨ ਲਈ ਕਿਹਾ ਗਿਆ।

ਪੀਵੀਐਸ ਜਗਨਮੋਹਨ ਅਤੇ ਸਮੀਰ ਚੋਪੜਾ ਲਿਖਦੇ ਹਨ, "ਲੜਾਕੂ ਜਹਾਜ਼ਾਂ ਨੇ ਸਰਗੋਧਾ ਏਅਰਬੇਸ 'ਤੇ ਹਮਲਾ ਕੀਤਾ। ਐਂਟੀ-ਏਅਰਕ੍ਰਾਫਟ ਤੋਪਾਂ ਨੇ ਹੇਠਾਂ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸਮਾਂ ਸਵੇਰੇ 5:58 ਵਜੇ ਦਾ ਸੀ, ਨਿਰਧਾਰਤ ਸਮੇਂ ਤੋਂ 3 ਮਿੰਟ ਅੱਗੇ।"

"ਤਨੇਜਾ ਅਤੇ ਉਨ੍ਹਾਂ ਦੇ ਵਿੰਗਮੈਨ ਵਰਮਾ ਨੇ ਸਰਗੋਧਾ ਏਅਰਬੇਸ 'ਤੇ ਪਹਿਲਾ ਹਮਲਾ ਕੀਤਾ। ਇੱਕ ਵੱਡੇ ਚਾਰ-ਇੰਜਣ ਵਾਲੇ ਜਹਾਜ਼ ਨੂੰ ਖੜ੍ਹੇ ਦੇਖ ਕੇ, ਉਨ੍ਹਾਂ ਨੇ ਉਸ ਨੂੰ ਰਾਕੇਟਾਂ ਨਾਲ ਤਬਾਹ ਕਰ ਦਿੱਤਾ। ਫਿਰ ਉਨ੍ਹਾਂ ਨੇ ਇੱਕ ਸਟਾਰਫਾਈਟਰ ਅਤੇ ਤਿੰਨ ਸੈਬਰ ਜੈੱਟ ਨਜ਼ਰ ਪਏ।"

"ਉਨ੍ਹਾਂ ਨੇ ਰੇਡੀਓ ਚਾਲੂ ਕਰਦਿਆਂ ਦੂਜੇ ਬੈਚ ਨੂੰ ਹਮਲਾ ਕਰਨ ਦਾ ਹੁਕਮ ਦਿੱਤਾ। ਪਰ ਰੋਸ਼ਨੀ ਇੰਨੀ ਘੱਟ ਸੀ ਕਿ ਉਹ ਜਹਾਜ਼ਾਂ ਨੂੰ ਨਹੀਂ ਦੇਖ ਸਕੇ ਅਤੇ ਉਨ੍ਹਾਂ ਨੇ ਖੇਤਰ ਵਿੱਚ ਹੋਰ ਟੀਚਿਆਂ 'ਤੇ ਹਮਲਾ ਕੀਤਾ।"

ਦੇਵਯ ਦੇ ਜਹਾਜ਼ 'ਤੇ ਕੈਨਨ ਨਾਲ ਹਮਲਾ

ਵਿੰਗ ਕਮਾਂਡਰ ਓਪੀ ਤਨੇਜਾ ਆਪਣੀ ਟੀਮ ਨਾਲ

ਤਸਵੀਰ ਸਰੋਤ, bharatrakshak.com

ਤਸਵੀਰ ਕੈਪਸ਼ਨ, ਵਿੰਗ ਕਮਾਂਡਰ ਓਪੀ ਤਨੇਜਾ (ਖੱਬੇ ਬੈਠੇ) ਆਪਣੀ ਟੀਮ ਨਾਲ

ਜਿਵੇਂ ਹੀ ਤਨੇਜਾ ਹਮਲਾ ਕਰਨ ਤੋਂ ਬਾਅਦ ਆਪਣੇ ਏਅਰ ਬੇਸ ਵੱਲ ਵਾਪਸ ਮੁੜੇ, ਰਿਜ਼ਰਵ ਪਾਇਲਟ ਦੇਵਯ ਦਾ ਜਹਾਜ਼ ਉੱਥੇ ਪਹੁੰਚ ਗਿਆ।

ਇਸ ਦੌਰਾਨ, ਪਾਕਿਸਤਾਨ ਦੇ ਸਕੇਸਰ ਰਾਡਾਰ ਸਟੇਸ਼ਨ ਨੇ ਪਾਕਿਸਤਾਨੀ ਹਵਾਈ ਫੌਜ ਦੇ ਸਟਾਰਫਾਈਟਰਜ਼ ਨੂੰ ਭਾਰਤੀ ਹਮਲੇ ਬਾਰੇ ਜਾਣਕਾਰੀ ਦਿੱਤੀ।

ਜਦੋਂ ਤੱਕ ਫਲਾਈਟ ਲੈਫਟੀਨੈਂਟ ਅਮਜਦ ਹੁਸੈਨ ਐਫ-104 ਮੌਕੇ 'ਤੇ ਪਹੁੰਚੇ, ਭਾਰਤੀ ਜਹਾਜ਼ ਪਹਿਲਾ ਹੀ ਹਮਲਾ ਕਰਨ ਉਪਰੰਤ ਵਾਪਸੀ ਲਈ ਚੱਲ ਪਏ ਸਨ। ਉਨ੍ਹਾਂ ਵਿੱਚੋਂ ਦੇਵਯ ਸਭ ਤੋਂ ਪਿੱਛੇ ਸਨ। ਅਮਜਦ ਦੀ ਨਜ਼ਰ ਪਹਿਲਾਂ ਉਨ੍ਹਾਂ 'ਤੇ ਹੀ ਪਈ।

ਇਨ੍ਹਾਂ ਦੋਵਾਂ ਪਾਇਲਟਾਂ ਵਿਚਕਾਰ ਹੋਈ ਹਵਾਈ ਲੜਾਈ ਦਾ ਵਰਣਨ ਏਅਰ ਕਮਾਂਡਰ ਕੈਸਰ ਤੁਫੈਲ ਨੇ ਆਪਣੀ ਕਿਤਾਬ 'ਗ੍ਰੇਟ ਏਅਰ ਬੈਟਲਜ਼ ਆਫ਼ ਦਾ ਪਾਕਿਸਤਾਨ ਏਅਰ ਫੋਰਸ' ਵਿੱਚ ਅਤੇ ਜੌਨ ਫ੍ਰੀਕਰ ਨੇ ਆਪਣੀ ਕਿਤਾਬ 'ਬੈਟਲ ਫਾਰ ਪਾਕਿਸਤਾਨ: ਏਅਰ ਵਾਰ ਆਫ਼ 1965' ਵਿੱਚ ਕੀਤਾ ਹੈ।

ਵਿੰਗ ਕਮਾਂਡਰ ਅਰੀਜੀਤ ਘੋਸ਼ ਆਪਣੀ ਕਿਤਾਬ 'ਏਅਰ ਵਾਰੀਅਰਜ਼' ਵਿੱਚ ਲਿਖਦੇ ਹਨ, "ਫਲਾਈਟ ਲੈਫਟੀਨੈਂਟ ਅਮਜਦ ਹੁਸੈਨ F-104 ਸਟਾਰਫਾਈਟਰ ਉਡਾ ਰਹੇ ਸਨ। ਉਨ੍ਹਾਂ ਦਾ ਜਹਾਜ਼ ਦੋ ਹੀਟ-ਟ੍ਰੈਪਿੰਗ ਸਾਈਡਵਿੰਡਰ ਮਿਜ਼ਾਈਲਾਂ ਨਾਲ ਲੈਸ ਸੀ। ਉਨ੍ਹਾਂ ਨੇ ਆਪਣਾ ਜਹਾਜ਼ ਸਕੁਐਡਰਨ ਲੀਡਰ ਦੇਵਯ ਦੇ ਜਹਾਜ਼ ਦੇ ਪਿੱਛੇ ਲਗਾ ਦਿੱਤਾ।"

"ਉਨ੍ਹਾਂ ਨੇ ਆਪਣੀ ਸਾਈਡਵਿੰਡਰ ਮਿਜ਼ਾਈਲ ਚਲਾਈ ਹਾਲਾਂਕਿ ਮਿਜ਼ਾਇਲ ਨਿਸ਼ਾਨਾ ਖੁੰਝ ਗਈ ਅਤੇ ਜ਼ਮੀਨ 'ਤੇ ਡਿੱਗ ਗਈ। ਫਿਰ ਅਮਜਦ ਨੇ ਆਪਣੀ 20 ਐਮਐਮ ਤੋਪ ਚਲਾਈ ਜਿਸਦੇ ਗੋਲੇ ਦੇਵਯ ਦੇ ਜਹਾਜ਼ ਨੂੰ ਲੱਗ ਗਏ। ਅਮਜਦ ਇਹ ਸੋਚ ਕੇ ਡੌਗਫਾਈਟ ਤੋਂ ਬਾਹਰ ਆ ਗਏ ਕਿ ਹੁਣ ਦੇਵਯ ਦਾ ਜਹਾਜ਼ ਕਰੈਸ਼ ਹੋ ਜਾਵੇਗਾ।"

ਦੇਵਯ ਦਾ ਮੁਕਾਬਲਾ ਕਰਨ ਦਾ ਫੈਸਲਾ

ਫਲਾਈਟ ਲੈਫਟੀਨੈਂਟ ਅਮਜਦ ਹੁਸੈਨ ਖਾਨ

ਤਸਵੀਰ ਸਰੋਤ, Manohar

ਤਸਵੀਰ ਕੈਪਸ਼ਨ, ਪਾਕਿਸਤਾਨ ਹਵਾਈ ਸੈਨਾ ਦੇ ਫਲਾਈਟ ਲੈਫਟੀਨੈਂਟ ਅਮਜਦ ਹੁਸੈਨ ਖਾਨ

ਅਰੀਜੀਤ ਘੋਸ਼ ਨੇ ਲਿਖਿਆ ਹੈ, "ਪਰ ਦੇਵਯ ਦਾ ਜਹਾਜ਼ ਨੁਕਸਾਨੇ ਜਾਣ ਦੇ ਬਾਵਜੂਦ ਵੀ ਲੜਾਕੂ ਹਾਲਤ ਵਿੱਚ ਸੀ। ਦੇਵਈਆ ਕੋਲ ਦੋ ਵਿਕਲਪ ਸਨ। ਪਹਿਲਾ, ਉਹ ਸਟਾਰਫਾਈਟਰ ਨਾਲ ਆਹਮੋ-ਸਾਹਮਣੇ ਲੜ ਸਕਦੇ ਸੀ, ਜਿਸ ਵਿੱਚ ਜੇਕਰ ਉਹ ਬਚ ਵੀ ਜਾਂਦੇ, ਤਾਂ ਉਨ੍ਹਾਂ ਕੋਲ ਭਾਰਤ ਵਾਪਸ ਜਾਣ ਲਈ ਲੋੜੀਂਦਾ ਬਾਲਣ ਨਹੀਂ ਹੁੰਦਾ ਅਤੇ ਦੂਜਾ, ਉਹ ਸਟਾਰਫਾਈਟਰ ਤੋਂ ਬਚ ਕੇ ਆਪਣੇ ਬੇਸ 'ਤੇ ਵਾਪਸ ਜਾ ਸਕਦੇ ਸਨ।"

"ਉਨ੍ਹਾਂ ਨੂੰ ਲੜਾਈ ਵਿੱਚ ਉਲਝਣ ਦੀ ਕੋਸ਼ਿਸ਼ ਨਾ ਕਰਨ ਅਤੇ ਸੁਰੱਖਿਅਤ ਵਾਪਸ ਆਉਣ ਦੀ ਹਦਾਇਤ ਸੀ ਪਰ ਦੇਵਯ ਵੱਖਰੀ ਮਿੱਟੀ ਦੇ ਬਣੇ ਹੋਏ ਸਨ। ਦੁਸ਼ਮਣ ਨਾਲ ਨਾ ਲੜਨਾ ਉਨ੍ਹਾਂਂ ਲਈ ਵਿਕਲਪ ਨਹੀਂ ਸੀ। ਉਨ੍ਹਾਂ ਨੇ ਸਟਾਰਫਾਈਟਰ ਦਾ ਸਾਹਮਣਾ ਕਰਨ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਇੱਕ ਪਲ ਲਈ ਵੀ ਨਹੀਂ ਸੋਚਿਆ ਕਿ ਸਟਾਰਫਾਈਟਰ ਉਨ੍ਹਾਂ ਦੇ ਜਹਾਜ਼ ਨਾਲੋਂ ਕਿਤੇ ਬੇਹਤਰ ਜਹਾਜ਼ ਸੀ।

ਦੇਵਯ ਜਹਾਜ਼ ਦੇ ਪਿੱਛੇ ਗਏ

ਸਕੁਐਡਰਨ ਲੀਡਰ ਟੱਬੀ ਦੇਵਯ

ਤਸਵੀਰ ਸਰੋਤ, bharatrakshak.com

ਤਸਵੀਰ ਕੈਪਸ਼ਨ, ਸਕੁਐਡਰਨ ਲੀਡਰ ਟੱਬੀ ਦੇਵਯ ਨੂੰ ਮਰਨ ਉਪਰੰਤ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ

ਇਸ ਲੜਾਈ ਦਾ ਵਰਣਨ ਕਰਦੇ ਹੋਏ ਪੀਵੀਐਸ ਜਗਨਮੋਹਨ ਅਤੇ ਸਮੀਰ ਚੋਪੜਾ ਲਿਖਦੇ ਹਨ, "ਦੇਵਯ ਫਿਰ ਸਟਾਰਫਾਈਟਰ ਦੇ ਪਿੱਛੇ ਆ ਗਏ। ਇਸ ਦੌਰਾਨ ਅਮਜਦ ਨੂੰ ਲੱਗਾ ਸੀ ਕਿ ਇੱਕ ਹੋਰ ਮਿਸਟੀਅਰ ਜਹਾਜ਼ ਨੇ ਉਨ੍ਹਾਂ ਦੇ ਜਹਾਜ਼ ਦੇ ਪਿੱਛੇ ਹੈ।"

"ਹਮਲੇ ਲਈ ਜਗ੍ਹਾ ਦੇਣ ਲਈ, ਉਹ ਪਹਿਲਾਂ 7000 ਫੁੱਟ ਦੀ ਉਚਾਈ 'ਤੇ ਗਏ ਅਤੇ ਫਿਰ ਤੇਜ਼ੀ ਨਾਲ ਹੇਠਾਂ ਆਏ। ਜਦੋਂ ਉਹ ਮਿਸਟਰ ਦੇ ਪਿੱਛੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਬਹੁਤ ਹੀ ਦਲੇਰ ਪਾਇਲਟ ਨਾਲ ਨਜਿੱਠ ਰਹੇ ਸਨ। ਲੜਾਈ ਜਾਰੀ ਰਹੀ ਅਤੇ ਅਮਜਦ ਨੇ ਮਿਸਟੀਅਰ ਤੋਂ ਛੁਟਕਾਰਾ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ।"

ਦੇਵਯ ਵੱਲੋਂ ਹਮਲਾ

ਇਸ ਘਟਨਾਕ੍ਰਮ ਦੇ ਦੌਰਾਨ ਅਮਜਦ ਤੋਂ ਇੱਕ ਗਲਤੀ ਹੋ ਗਈ। ਉਨ੍ਹਾਂ ਨੇ ਮਿਸਟੀਅਰ ਨੂੰ ਨਿਸ਼ਾਨਾ ਬਣਾਉਣ ਲਈ ਆਪਣੇ ਜਹਾਜ਼ ਦੀ ਗਤੀ ਘਟਾ ਦਿੱਤੀ।

ਇਆਨ ਕਾਰਡੋਜ਼ੋ ਲਿਖਦੇ ਹਨ, "ਹਾਲਾਂਕਿ ਸਟਾਰਫਾਈਟਰ ਉਸ ਸਮੇਂ ਭਾਰਤੀ ਉਪ ਮਹਾਂਦੀਪ ਵਿੱਚ ਉੱਡਣ ਵਾਲਾ ਸਭ ਤੋਂ ਤੇਜ਼ ਜਹਾਜ਼ ਸੀ, ਪਰ ਡੌਗਫਾਈਟ ਵਿੱਚ ਇਸ ਦੀ ਮੁੜਨ ਦੀ ਸਮਰੱਥਾ ਸੀਮਤ ਸੀ।"

"ਦੇਵਯ ਨੇ ਇਸਦਾ ਫਾਇਦਾ ਉਠਾਇਆ। ਉਨ੍ਹਾਂ ਨੇ ਸਟਾਰਫਾਈਟਰ ਨੂੰ ਨਿਸ਼ਾਨਾ ਬਣਾਇਆ ਅਤੇ ਆਪਣੀ ਡੇਫਾ ਕੈਨਨ ਦਾਗ ਦਿੱਤੀ।"

"ਜਿਵੇਂ ਹੀ ਨਿਸ਼ਾਨਾ ਲੱਗਿਆ, ਅਮਜਦ ਦਾ ਜਹਾਜ਼ ਤੇ ਕੰਟਰੋਲ ਖਤਮ ਹੋ ਗਿਆ ਅਤੇ ਉਨ੍ਹਾਂ ਕੋਲ ਪੈਰਾਸ਼ੂਟ ਨਾਲ ਬਾਹਰ ਨਿਕਲਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ। 1965 ਦੀ ਜੰਗ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਸਟਾਰਫਾਈਟਰ ਵਰਗਾ ਜਹਾਜ਼ ਤਬਾਹ ਹੋਇਆ ਸੀ।"

ਦੋਵੇਂ ਜਹਾਜ਼ ਜ਼ਮੀਨ 'ਤੇ ਡਿੱਗੇ

ਐਫ-104 ਸਟਾਰਫਾਈਟਰ ਲੜਾਕੂ ਜਹਾਜ਼

ਤਸਵੀਰ ਸਰੋਤ, Pakistan Defence

ਤਸਵੀਰ ਕੈਪਸ਼ਨ, ਪਾਕਿਸਤਾਨ ਦਾ ਐਫ-104 ਸਟਾਰਫਾਈਟਰ ਲੜਾਕੂ ਜਹਾਜ਼

ਦੂਜੇ ਪਾਸੇ, ਪਿੰਡੀ ਭੱਟੀਆਂ ਤਹਿਸੀਲ ਤੋਂ ਪੰਜ ਮੀਲ ਦੱਖਣ ਵੱਲ ਕੋਟ ਨਾਕਾ ਪਿੰਡ ਦੇ ਕਿਸਾਨ ਖੇਤਾਂ ਵਿੱਚ ਆਪਣਾ ਕੰਮ ਸ਼ੁਰੂ ਕਰ ਹੀ ਰਹੇ ਸਨ ਜਦੋਂ ਉਨ੍ਹਾਂ ਨੇ ਸਰਗੋਧਾ ਤੋਂ ਦੋ ਜਹਾਜ਼ਾਂ ਨੂੰ ਉਨ੍ਹਾਂ ਵੱਲ ਆਉਂਦੇ ਦੇਖਿਆ।

ਕਿਸਾਨ ਦੋਵਾਂ ਜਹਾਜ਼ਾਂ ਵਿਚਕਾਰ ਚੱਲ ਰਹੀ ਲੜਾਈ ਦੇਖ ਕੇ ਹੈਰਾਨ ਸਨ ਅਤੇ ਫਿਰ ਉਨ੍ਹਾਂ ਨੇ ਅਚਾਨਕ ਦੋਵੇਂ ਜਹਾਜ਼ਾਂ ਨੂੰ ਜਮੀਨ 'ਤੇ ਜਿੱਗਦਾ ਦੇਖਿਆ।

ਇੱਕ ਜਹਾਜ਼ ਦੇ ਪਾਇਲਟ ਪੈਰਾਸ਼ੂਟ ਦੀ ਮਦਦ ਨਾਲ ਹੇਠਾਂ ਉਤਰੇ ਪਰ ਦੂਜਾ ਜਹਾਜ਼ ਜੰਗ ਨਹਿਰ ਦੇ ਪਾਰ ਡਿੱਗਿਆ ਅਤੇ ਪਾਇਲਟ ਬਾਹਰ ਨਹੀਂ ਨਿਕਲ ਸਕਿਆ।

ਪਾਇਲਟ ਦੀ ਲਾਸ਼ ਜਹਾਜ਼ ਦੇ ਮਲਬੇ ਤੋਂ ਥੋੜ੍ਹੀ ਦੂਰੀ 'ਤੇ ਡਿੱਗੀ ਮਿਲੀ

ਪਿੰਡ ਵਾਲਿਆਂ ਨੇ ਬਾਅਦ ਵਿੱਚ ਲਾਸ਼ ਨੂੰ ਖੇਤਾਂ ਵਿੱਚ ਦਫ਼ਨਾ ਦਿੱਤਾ। ਇਹ ਲਾਸ਼ ਸਕੁਐਡਰਨ ਲੀਡਰ ਟੱਬੀ ਦੇਵੈਯ ਦੀ ਸੀ।

'ਮਿਸਿੰਗ ਇਨ ਐਕਸ਼ਨ'

ਮਿਸਟਿਅਰ ਲੜਾਕੂ ਜਹਾਜ਼ ਅਤੇ ਪਾਇਲਟ

ਤਸਵੀਰ ਸਰੋਤ, bharatrakshak.com

ਤਸਵੀਰ ਕੈਪਸ਼ਨ, ਮਿਸਟਿਅਰ ਲੜਾਕੂ ਜਹਾਜ਼ ਅਤੇ ਪਾਇਲਟ

ਇਹ ਕਦੇ ਨਹੀਂ ਪਤਾ ਲੱਗਾ ਕਿ ਦੇਵਯ ਦੇ ਆਖਰੀ ਪਲਾਂ ਵਿੱਚ ਕੀ ਹੋਇਆ ਸੀ।

ਅਰੀਜੀਤ ਘੋਸ਼ ਆਪਣੀ ਕਿਤਾਬ 'ਏਅਰ ਵਾਰੀਅਰਜ਼' ਵਿੱਚ ਲਿਖਦੇ ਹਨ, "ਇਹ ਸੰਭਵ ਹੈ ਕਿ ਦੇਵਯ ਜਹਾਜ਼ ਉਡਾਉਂਦੇ ਸਮੇਂ ਬੇਹੋਸ਼ ਹੋ ਗਏ ਹੋਣ ਅਤੇ ਉਨ੍ਹਾਂ ਦੀ ਹਵਾ ਵਿੱਚ ਹੀ ਮੌਤ ਹੋ ਗਈ ਹੋਵੇ।"

"ਇਹ ਵੀ ਸੰਭਵ ਹੈ ਕਿ ਆਖਰੀ ਸਮੇਂ 'ਤੇ ਉਨ੍ਹਾਂ ਨੇ ਜਹਾਜ਼ ਤੋਂ ਕੰਟਰੋਲ ਗੁਆ ਦਿੱਤਾ ਅਤੇ ਜ਼ਮੀਨ ਨਾਲ ਟਕਰਾ ਗਏ। ਇਹ ਵੀ ਸੰਭਵ ਹੈ ਕਿ ਉਨ੍ਹਾਂ ਨੇ ਬਹੁਤ ਘੱਟ ਉਚਾਈ ਤੋਂ ਪੈਰਾਸ਼ੂਟ ਨਾਲ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।"

ਇਸ ਦੌਰਾਨ ਆਦਮਪੁਰ ਵਿੱਚ ਤਨੇਜਾ ਦੇਵਯ ਦੀ ਬੇਸਬਰੀ ਨਾਲ ਉਡੀਕ ਹੋ ਰਹੇ ਸੀ ਤਾਂ ਜੋ ਉਹ ਮਿਸ਼ਨ ਡੀਬਰੀਫਿੰਗ ਮੀਟਿੰਗ ਵਿੱਚ ਸ਼ਾਮਲ ਹੋਣ।

ਤਨੇਜਾ ਅਤੇ ਉਨ੍ਹਾਂ ਦੀ ਟੀਮ ਨੂੰ ਦੇਵਯ ਦੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਦੋਂ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ, ਤਾਂ ਦੇਵਯ ਨੂੰ 'ਮਿਸਿੰਗ ਇਨ ਐਕਸ਼ਨ' ਐਲਾਨ ਦਿੱਤਾ ਗਿਆ।

ਸੱਤ ਸਾਲ ਬਾਅਦ ਵੀ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਮਿਲੀ ਤਾਂ ਦੇਵਯ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਬ੍ਰਿਟਿਸ਼ ਪੱਤਰਕਾਰ ਦੀ ਕਿਤਾਬ ਤੋਂ ਪਤਾ ਲੱਗੇ ਦੇਵਯ ਦੇ ਜ਼ੌਹਰ

ਬ੍ਰਿਟਿਸ਼ ਪੱਤਰਕਾਰ ਜੌਨ ਫ੍ਰੀਕਰ ਦੁਆਰਾ ਲਿਖੀ ਕਿਤਾਬ

ਤਸਵੀਰ ਸਰੋਤ, Littlehampton Books

ਤਸਵੀਰ ਕੈਪਸ਼ਨ, ਬ੍ਰਿਟਿਸ਼ ਪੱਤਰਕਾਰ ਜੌਨ ਫ੍ਰੀਕਰ ਦੁਆਰਾ ਲਿਖੀ ਕਿਤਾਬ

ਜੇਕਰ ਬ੍ਰਿਟਿਸ਼ ਪੱਤਰਕਾਰ ਜੌਨ ਫ੍ਰੀਕਰ ਨੇ 1979 ਵਿੱਚ 'ਬੈਟਲ ਫਾਰ ਪਾਕਿਸਤਾਨ ਦ ਏਅਰ ਵਾਰ ਆਫ਼ 1965' ਕਿਤਾਬ ਨਾ ਲਿਖੀ ਹੁੰਦੀ, ਤਾਂ ਕਿਸੇ ਨੂੰ ਸਕੁਐਡਰਨ ਲੀਡਰ ਦੇਵਯ ਦੇ ਜ਼ੌਹਰ ਬਾਰੇ ਪਤਾ ਨਹੀਂ ਹੁੰਦਾ। ਇਸ ਕਿਤਾਬ ਵਿੱਚ ਸਰਗੋਧਾ ਦੇ ਅਸਮਾਨ ਵਿੱਚ ਹੋਈ ਲੜਾਈ ਦਾ ਵਿਸਥਾਰਪੂਰਵਕ ਵੇਰਵਾ ਦਿੱਤਾ ਗਿਆ ਹੈ।

1980 ਵਿੱਚ, ਕਿਤਾਬ ਦੇ ਪ੍ਰਕਾਸ਼ਿਤ ਹੋਣ ਤੋਂ ਇੱਕ ਸਾਲ ਬਾਅਦ ਅਤੇ ਯੁੱਧ ਖਤਮ ਹੋਣ ਤੋਂ 15 ਸਾਲ ਬਾਅਦ, ਗਰੁੱਪ ਕੈਪਟਨ ਤਨੇਜਾ ਨੇ ਜੌਨ ਫ੍ਰੀਕਰ ਦਾ ਬਿਰਤਾਂਤ ਪੜ੍ਹਿਆ ਜਿਸ ਵਿੱਚ ਅਮਜਦ ਹੁਸੈਨ ਨੇ ਖੁਦ ਮੰਨਿਆ ਸੀ ਕਿ ਉਨ੍ਹਾਂ ਨੂੰ 7 ਸਤੰਬਰ, 1965 ਨੂੰ ਸਰਗੋਧਾ ਨੇੜੇ ਇੱਕ 'ਦੂਜੇ' ਇੰਡੀਅਨ ਮਿਸਟੀਅਰ ਦੁਆਰਾ ਡੇਗਿਆ ਗਿਆ ਸੀ।

ਇਆਨ ਕਾਰਡੋਜ਼ੋ ਲਿਖਦੇ ਹਨ, "ਤਨੇਜਾ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਸ ਦਿਨ ਸਟਾਰਫਾਈਟਰ ਨਾਲ ਕੋਈ ਹੋਰ ਭਾਰਤੀ ਜਹਾਜ਼ ਨਹੀਂ ਭਿੜਿਆ ਸੀ। ਸਿਰਫ਼ ਦੇਵਯ ਦਾ ਜਹਾਜ਼ ਨੁਕਸਾਨੇ ਜਾਣ ਦੇ ਬਾਵਜੂਦ ਅਮਜਦ ਦੇ ਜਹਾਜ਼ ਨਾਲ ਲੜਦਾ ਰਿਹਾ ਹੋਵੇਗਾ।"

"ਉਹ ਬਾਹਰ ਨਿਕਲਣ ਵਿੱਚ ਅਸਮਰੱਥ ਸੀ ਕਿਉਂਕਿ ਉਨ੍ਹਾਂ ਦਾ ਜਹਾਜ਼ ਸਟਾਰਫਾਈਟਰ ਦੇ ਹਮਲਿਆਂ ਨਾਲ ਲਗਭਗ ਤਬਾਹ ਹੋ ਗਿਆ ਸੀ। ਦੇਵਯ ਨੂੰ ਛੱਡ ਕੇ ਉਸ ਹਮਲੇ ਵਿੱਚ ਸ਼ਾਮਲ ਹਰ ਪਾਇਲਟ ਸੁਰੱਖਿਅਤ ਵਾਪਸ ਆ ਗਿਆ ਸੀ ਅਤੇ ਉਨ੍ਹਾਂ ਵਿੱਚੋਂ ਕਿਸੇ ਦਾ ਵੀ ਸਟਾਰਫਾਈਟਰ ਨਾਲ ਟਾਕਰਾ ਨਹੀਂ ਹੋਇਆ। ਇਸ ਲਈ ਤਨੇਜਾ ਨੂੰ ਪਤਾ ਸੀ ਕਿ ਦੇਵਯ ਨੂੰ ਛੱਡ ਕੇ ਕਿਸੇ ਵੀ ਪਾਇਲਟ ਦਾ ਸਟਾਰਫਾਈਟਰ ਨਾਲ ਟਾਕਰਾ ਨਹੀਂ ਹੋਇਆ।"

23 ਸਾਲਾਂ ਮਗਰੋਂ ਮਿਲਿਆ ਬਹਾਦਰੀ ਪੁਰਸਕਾਰ

ਰਾਸ਼ਟਰਪਤੀ ਆਰ. ਵੈਂਕਟਰਮਨ ਅਤੇ ਸਕੁਐਡਰਨ ਲੀਡਰ ਦੇਵੈਯ ਦੀ ਪਤਨੀ ਸੁੰਦਰੀ ਦੇਵੈਆ

ਤਸਵੀਰ ਸਰੋਤ, x

ਤਸਵੀਰ ਕੈਪਸ਼ਨ, ਫਿਰ ਰਾਸ਼ਟਰਪਤੀ ਆਰ. ਵੈਂਕਟਰਮਨ ਸਕੁਐਡਰਨ ਲੀਡਰ ਦੇਵੈਯ ਦੀ ਪਤਨੀ ਸੁੰਦਰੀ ਦੇਵੈਆ ਨੂੰ ਮਹਾਂਵੀਰ ਚੱਕਰ ਭੇਟ ਕਰਦੇ ਹੋਏ।

ਗਰੁੱਪ ਕੈਪਟਨ ਓਪੀ ਤਨੇਜਾ ਨੇ ਤਤਕਾਲੀ ਭਾਰਤੀ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਇਦਰੀਸ ਲਤੀਫ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਸਕੁਐਡਰਨ ਲੀਡਰ ਦੇਵਈਆ ਨੂੰ ਮਰਨ ਉਪਰੰਤ ਮਹਾਵੀਰ ਚੱਕਰ ਦਿੱਤਾ ਜਾਵੇ।

1987 ਵਿੱਚ, ਸਾਬਕਾ ਨੈੱਟ ਏਅਰਕ੍ਰਾਫਟ ਪਾਇਲਟ ਅਤੇ ਡਿਫੈਂਸ ਹਿਸਟੋਰੀਕਲ ਸੈੱਲ ਦੇ ਮੁਖੀ ਏਅਰ ਕਮਾਂਡਰ ਪ੍ਰੀਤਮ ਸਿੰਘ ਨੇ ਇਸ ਕੇਸ ਦੀ ਦੁਬਾਰਾ ਖੋਜ-ਪੜਤਾਲ ਸ਼ੁਰੂ ਕੀਤੀ।

ਉਨ੍ਹਾਂ ਦੀ ਰਿਪੋਰਟ ਦੇ ਆਧਾਰ 'ਤੇ ਹੀ ਸਕੁਐਡਰਨ ਲੀਡਰ ਟੱਬੀ ਦੇਵਯ ਨੂੰ, ਉਨ੍ਹਾਂ ਦੀ ਮੌਤ ਤੋਂ 23 ਸਾਲ ਬਾਅਦ 23 ਅਪ੍ਰੈਲ 1988 ਨੂੰ ਮਹਾਵੀਰ ਚੱਕਰ ਦੇਣ ਦਾ ਐਲਾਨ ਕੀਤਾ ਗਿਆ ਸੀ।

ਦੇਵਯ ਦੀ ਪਤਨੀ ਸੁੰਦਰੀ ਦੇਵਯ ਨੇ ਇਹ ਸਨਮਾਨ ਤਤਕਾਲੀ ਰਾਸ਼ਟਰਪਤੀ ਆਰ ਵੈਂਕਟਰਮਨ ਤੋਂ ਪ੍ਰਾਪਤ ਕੀਤਾ।

ਪਾਕਿਸਤਾਨੀ ਹਵਾਈ ਫੌਜ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਸਰਗੋਧਾ ਉੱਤੇ ਹੋਈ ਇਸ ਲੜਾਈ ਨੇ ਇਤਿਹਾਸਕਾਰਾਂ ਨੂੰ ਹੈਰਾਨ ਕੀਤਾ ਹੈ। ਲੜਾਈ ਤੋਂ ਥੋੜ੍ਹੀ ਦੇਰ ਬਾਅਦ, ਫਲਾਈਟ ਲੈਫਟੀਨੈਂਟ ਅਮਜਦ ਹੁਸੈਨ ਨੂੰ ਉਨ੍ਹਾਂ ਦੀ ਬਹਾਦਰੀ ਲਈ 'ਸਿਤਾਰਾ-ਏ-ਜੁਅਰਤ' ਨਾਲ ਸਨਮਾਨਿਤ ਕੀਤਾ ਗਿਆ।

ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਰਹੀ ਕਿ 1971 ਦੀ ਜੰਗ ਵਿੱਚ, ਅਮਜਦ ਹੁਸੈਨ ਦੇ ਜਹਾਜ਼ ਨੂੰ ਭਾਰਤੀ ਐਂਟੀ-ਏਅਰਕ੍ਰਾਫਟ ਤੋਪਾਂ ਨੇ ਅੰਮ੍ਰਿਤਸਰ ਉੱਤੇ ਹਮਲਾ ਕਰ ਡੇਗ ਦਿੱਤਾ।

ਸਰਗੋਧਾ ਦੀ ਲੜਾਈ ਦੇ ਹੋਰ ਵੇਰਵੇ ਹਵਾਈ ਫੌਜ ਹੈੱਡਕੁਆਰਟਰ ਵਿਖੇ ਉਨ੍ਹਾਂ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਏ।

ਅੱਜ ਵੀ, ਦੇਵਯੇ ਦੀ ਕਬਰ ਪਾਕਿਸਤਾਨ ਵਿੱਚ ਇੱਕ ਕਿਸਾਨ ਦੇ ਖੇਤ ਦੇ ਇੱਕ ਕਿਨਾਰੇ ਤੇ ਮੌਜੂਦ ਹੈ।

ਇਸ ਪੂਰੇ ਘਟਨਾਕ੍ਰਮ 'ਤੇ ਬਾਲੀਵੁੱਡ ਵਿੱਚ 'ਸਕਾਈ ਫੋਰਸ' ਨਾਮ ਦੀ ਇੱਕ ਫਿਲਮ ਬਣਾਈ ਗਈ ਹੈ ਜਿਸ ਵਿੱਚ ਅਦਾਕਾਰ ਵੀਰ ਪਹਾੜੀਆਂ ਨੇ ਸਕੁਐਡਰਨ ਲੀਡਰ ਦੇਵਯ ਦੀ ਭੂਮਿਕਾ ਨਿਭਾਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)