ਕੈਪਟਨ ਹਨੀਫੁੱਦੀਨ ਦੀ ਕਹਾਣੀ ਜਿਨ੍ਹਾਂ ਦੀ ਦੇਹ ਬਰਫ਼ 'ਚੋਂ 43 ਦਿਨਾਂ ਬਾਅਦ ਵਾਪਸ ਲਿਆਂਦੀ ਜਾ ਸਕੀ - ਵਿਵੇਚਨਾ

ਕੈਪਟਨ ਹਨੀਫ਼ੁੱਦੀਨ

ਤਸਵੀਰ ਸਰੋਤ, FB/kargilmartyrcaptainhaneefuddin/

ਤਸਵੀਰ ਕੈਪਸ਼ਨ, ਕੈਪਟਨ ਹਨੀਫ਼ੁੱਦੀਨ ਦੇ ਪਿਤਾ ਨਾਟਕ ਕਲਾਕਾਰ ਸਨ ਜਦਕਿ ਮਾਂ ਸ਼ਾਸਤਰੀ ਗਾਇਕਾ ਸਨ
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਹਿੰਦੀ

ਕਈ ਲੋਕਾਂ ਨੂੰ ਲਗਦਾ ਹੈ ਕਿ ਫ਼ੌਜੀਆਂ ਦਾ ਸੰਗੀਤ ਨਾਲ ਕੋਈ ਖਾਸ-ਲੈਣਾ-ਦੇਣਾ ਨਹੀਂ ਹੁੰਦਾ। ਪਰ 11 ਰਾਜਪੂਤਾਨਾ ਰਾਈਫ਼ਲਸ ਦੇ ਕੈਪਟਨ ਹਨੀਫੁਦੀਨ ਅਜਿਹੇ ਲੋਕਾਂ ਨੂੰ ਅਕਸਰ ਹੈਰਾਨ ਕਰ ਦਿੰਦੇ ਸਨ।

ਕਾਰਗਿਲ ਦੀ ਲੜਾਈ ਸ਼ੁਰੂ ਹੋਣ ਤੋਂ ਇੱਕ ਸਾਲ ਪਹਿਲਾਂ ਲਦਾਖ਼ ਸਕਾਊਟ ਟਰੇਨਿੰਗ ਸੈਂਟਰ ਦੀ ਮੈੱਸ ਵਿੱਚ ਹਨੀਫੂ ਦੇ ਨਾਮ ਨਾਲ ਜਾਣੇ ਜਾਂਦੇ ਹਨੀਫੁਦੀਨ ਨੇ 'ਲਾਖੋਂ ਹੈਂ ਯਹਾਂ ਦਿਲ ਵਾਲੇ ਪਰ ਪਿਆਰ ਨਹੀਂ ਮਿਲਤਾ', ਗਾ ਕੇ ਹਾਜ਼ਰੀਨ ਦਾ ਦਿਲ ਜਿੱਤ ਲਿਆ ਸੀ।

ਇੱਕ ਹਿੰਦੂ ਮਾਂ ਅਤੇ ਮੁਸਲਮਾਨ ਪਿਤਾ ਦੀ ਸੰਤਾਨ ਹਨੀਫੁਦੀਨ ਈਦ ਅਤੇ ਦੀਵਾਲੀ ਦੋਵੇਂ ਤਿਉਹਾਰ ਮਨਾਉਂਦੇ ਵੱਡੇ ਹੋਏ ਸਨ। ਉਨ੍ਹਾਂ ਦੀ ਯੂਨਿਟ ਦਾ ਜੰਗੀ ਨਾਅਰਾ ਸੀ, “ਰਾਜਾ ਰਾਮ ਚੰਦਰ ਦੀ ਜੈ।”

ਉਨ੍ਹਾਂ ਦੇ ਪਿਤਾ ਅਜ਼ੀਜ਼ੁਦੀਨ ਅਤੇ ਮਾਂ ਹਮੇਸ਼ਾ ਅਜ਼ੀਜ਼ ਦੋਵੇਂ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਸਾਂਗ ਐਂਡ ਡਰਾਮਾ ਡਿਵੀਜ਼ਨ ਵਿੱਚ ਕੰਮ ਕਰਦੇ ਸਨ।

ਉਨ੍ਹਾਂ ਦੇ ਪਿਤਾ ਨਾਟਕ ਕਲਾਕਾਰ ਸਨ ਜਦਕਿ ਉਨ੍ਹਾਂ ਦੀ ਮਾਂ ਸ਼ਾਸਤਰੀ ਸੰਗੀਤ ਦੀ ਗਾਇਕਾ ਸਨ। ਅੱਠ ਸਾਲ ਦੀ ਉਮਰ ਵਿੱਚ ਹਨੀਫੁੱਦੀਨ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਫ਼ੌਜੀ ਇਤਿਹਾਸ ਦੀ ਉੱਘੀ ਲੇਖਿਕਾ ਰਚਨਾ ਬਿਸ਼ਟ ਰਾਵਤ ਆਪਣੀ ਕਿਤਾਬ ‘ਕਾਰਗਿਲ: ਅਨਟੋਲਡ ਸਟੋਰੀਜ਼ ਫਰਾਮ ਦਿ ਵਾਰ’ ਵਿੱਚ ਲਿਖਦੇ ਹਨ, “ਹਨੀਫ਼ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਸੀ। 22 ਸਾਲ ਦੀ ਉਮਰ ਵਿੱਚ ਜਦੋਂ ਇੰਡੀਅਨ ਮਿਲਟਰੀ ਅਕੈਡਮੀ (ਆਈਐੱਮਏ) ਦੇ ਲਈ ਉਨ੍ਹਾਂ ਦੀ ਚੋਣ ਹੋਈ ਤਾਂ ਉਹ ਆਪਣੀ ਮਾਂ ਦੇ ਕੋਲ ਇੱਕ ਬਾਂਡ ਉੱਤੇ ਦਸਤਖ਼ਤ ਕਰਾਉਣ ਗਏ।”

ਰਚਨਾ ਬਿਸ਼ਟ ਲਿਖਦੇ ਹਨ, “ਜਦੋਂ ਉਨ੍ਹਾਂ ਨੇ ਉਸ ਨੂੰ ਪੜ੍ਹਨਾ ਚਾਹਿਆ ਤਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਕਿਹਾ, ਪੜ੍ਹ ਕਿਉਂ ਰਹੀ ਹੋ, ਬਸ ਸਾਈਨ ਕਰ ਦਿਓ ਨਾ। ਜਦੋਂ ਉਨ੍ਹਾਂ ਦੀ ਮਾਂ ਹੇਮਾ ਨੇ ਕਿਹਾ ਕਿ ‘ਕਿਸੇ ਵੀ ਕਾਗਜ਼ ਉੱਤੇ ਦਸਤਖ਼ਤ ਕਰਨ ਤੋਂ ਪਹਿਲਾਂ ਪੜ੍ਹਨਾ ਜ਼ਰੂਰੀ ਹੁੰਦਾ ਹੈ ਕਿ ਉਸ ਵਿੱਚ ਕੀ ਲਿਖਿਆ ਹੈ?”

“ਤਾਂ ਹਨੀਫ਼ ਨੇ ਹੱਸਦੇ ਹੋਏ ਕਿਹਾ ਸੀ, ‘ਇਸ ਵਿੱਚ ਲਿਖਿਆ ਹੈ ਕਿ ਜੇ ਮੈਨੂੰ ਟਰੇਨਿੰਗ ਦੇ ਦੌਰਾਨ ਕੁਝ ਹੋ ਗਿਆ ਤਾਂ ਤੁਹਾਨੂੰ ਕੁਝ ਨਹੀਂ ਮਿਲੇਗਾ। ਹੇਮਾ ਦਾ ਜਵਾਬ ਸੀ, ‘ਭਾਰਤੀ ਫ਼ੌਜ ਵਿੱਚ ਜਾਣਾ ਤੇਰਾ ਸੁਫ਼ਨਾ ਰਿਹਾ ਹੈ, ਮੈਂ ਤੈਨੂੰ ਰੋਕਾਂਗੀ ਨਹੀਂ।”

ਮਿੱਠ ਬੋਲੜੇ ਅਤੇ ਉਤਸ਼ਾਹੀ ਕੈਪਟਨ ਹਨੀਫ਼

ਹਨੀਫ਼ੁੱਦੀਨ

ਤਸਵੀਰ ਸਰੋਤ, Penguin

ਤਸਵੀਰ ਕੈਪਸ਼ਨ, ਰਚਨਾ ਬਿਸ਼ਟ ਦੀ ਕਿਤਾਬ 'ਕਾਰਗਿਲ: ਅਨਟੋਲਡ ਸਟੋਰੀਜ਼ ਫਰੌਮ ਦ ਵਾਰ'

ਇੱਕ ਵਾਰ ਉਨ੍ਹਾਂ ਦੀ ਮਾਂ ਨੂੰ ਆਪਣੇ ਵਿਭਾਗ ਵੱਲੋਂ ਯੂਰਪ ਦੌਰੇ ਉੱਤੇ ਜਾਣਾ ਪਿਆ। ਉਸ ਸਮੇਂ ਹਨੀਫ਼ ਦੀ ਉਮਰ 10 ਸਾਲ ਅਤੇ ਉਨ੍ਹਾਂ ਦੇ ਵੱਡੇ ਭਰਾ ਨਫ਼ੀਸ ਦੀ ਉਮਰ 12 ਸਾਲ ਸੀ।

ਰਚਨਾ ਬਿਸ਼ਟ ਲਿਖਦੇ ਹਨ, “ਉਨ੍ਹਾਂ ਦੀ ਮਾਂ ਨੇ ਮੈਨੂੰ ਦੱਸਿਆ ਸੀ ਕਿ— ਮੈਂ ਆਪਣੇ ਇਨ੍ਹਾਂ ਦੋਵਾਂ ਬੱਚਿਆਂ ਨੂੰ ਘਰ ਇਕੱਲੇ ਛੱਡ ਕੇ ਵਿਦੇਸ਼ ਗਈ ਸੀ। ਮੈਂ ਉਨ੍ਹਾਂ ਦੋਵਾਂ ਨੂੰ ਕੁਝ ਜੇਬ ਖ਼ਰਚਾ ਦਿੱਤਾ ਅਤੇ ਐਮਰਜੈਂਸੀ ਲਈ ਗੁਆਂਢੀਆਂ ਦੇ ਕੋਲ ਕੁਝ ਪੈਸੇ ਛੱਡ ਦਿੱਤੇ।”

“ਮੈਂ ਗਈ ਤਾਂ ਸਿਰਫ਼ ਡੇਢ ਮਹੀਨੇ ਲਈ ਸੀ ਪਰ ਮੈਨੂੰ ਉੱਥੇ ਤਿੰਨ ਮਹੀਨੇ ਰੁਕਣਾ ਪਿਆ। ਇਨ੍ਹਾਂ ਦੋਵਾਂ ਬੱਚਿਆਂ ਨੇ ਮੈਨੂੰ ਘਰੇ ਇਕੱਲੇ ਰਹਿ ਕੇ ਦਿਖਾਇਆ। ਦੋਵਾਂ ਨੇ ਆਪਣੇ ਸਕੂਲ ਦੀ ਫੀਸ ਦਿੱਤੀ। ਸਮੇਂ ਸਿਰ ਸਕੂਲ ਗਿਆ। ਆਪਣੇ ਲਈ ਖਾਣਾ ਬਣਾਇਆ। ਆਪਣੇ ਕੱਪੜੇ ਆਪ ਪ੍ਰੈੱਸ ਕੀਤੇ। ਹਨੀਫ਼ ਤਾਂ ਉਸ ਉਮਰ ਵਿੱਚ ਪਰਾਂਠੇ ਤੱਕ ਬਣਾ ਲੈਂਦੇ ਸਨ।”

ਕਾਰਗਿਲ ਦੀ ਲੜਾਈ ਦੇ ਦੌਰਾਨ 11 ਰਾਜਪੂਤਾਨਾ ਰਾਈਫਲਜ਼ ਦੇ ਕਮਾਂਡਿੰਗ ਅਫ਼ਸਰ ਰਹੇ ਕਰਨਲ ਅਨਿਲ ਭਾਟੀਆ ਨੇ ਬੀਬੀਸੀ ਨੂੰ ਦੱਸਿਆ, “ਹਨੀਫ਼ ਸਾਡੀ ਬਟਾਲੀਅਨ ਦੇ ਸਭ ਤੋਂ ਨੌਜਵਾਨ ਅਫ਼ਸਰ ਸੀ। ਬਹੁਤ ਹੀ ਮਧੁਰ ਅਤੇ ਹਮੇਸ਼ਾ ਉਤਸ਼ਾਹ ਨਾਲ ਭਰਿਆ ਹੋਇਆ।”

“ਹਰ ਕੰਮ ਲਈ ਸਭ ਤੋਂ ਪਹਿਲਾਂ ਆਪਣੇ-ਆਪ ਨੂੰ ਮੂਹਰੇ ਕਰਦਾ ਸੀ। ਕੰਪਿਊਟਰਾਂ ਉੱਤੇ ਉਨ੍ਹਾਂ ਦੀ ਪਕੜ ਚੰਗੀ ਸੀ। ਬਹੁਤ ਚੰਗਾ ਗਾਇਕ ਸੀ। ਆਪਣੇ ਬਲ-ਬੂਤੇ ਉਸ ਨੇ ਸਾਡੀ ਯੂਨਿਟ ਵਿੱਚ ਇੱਕ ਜੈਜ਼ ਬੈਂਡ ਬਣਾਇਆ ਸੀ। ਉਸਦੇ ਸਾਰੇ ਉਪਕਰਣ ਉਹ ਖ਼ੁਦ ਦਿੱਲੀ ਤੋਂ ਲੈ ਕੇ ਆਇਆ ਸੀ।”

ਸਿਆਚਿਨ ਤੋਂ ਤੁਰਤੁਕ ਪਹੁੰਚਣ ਦੇ ਹੁਕਮ

ਕੈਪਟਨ ਹਨੀਫ਼

ਤਸਵੀਰ ਸਰੋਤ, FB/kargilmartyrcaptainhaneefuddin/

ਤਸਵੀਰ ਕੈਪਸ਼ਨ, ਕੈਪਟਨ ਹਨੀਫ਼ ਆਪਣੀ ਮਾਂ ਅਤੇ ਭਰਾ ਦੇ ਨਾਲ

ਹਨੀਫ਼ ਨੂੰ ਚਾਰ ਮਹੀਨਿਆਂ ਦੇ ਲਈ ਸਿਆਚਿਨ ਗਲੇਸ਼ੀਅਰ ਉੱਤੇ ਤੈਨਾਤ ਕੀਤਾ ਗਿਆ ਸੀ।

ਸਿਆਚਿਨ ਦੁਨੀਆਂ ਦਾ ਸਭ ਤੋਂ ਉੱਚਾ ਯੁੱਧ ਖੇਤਰ ਹੈ ਜਿੱਥੇ ਖੜ੍ਹੇ ਰਹਿਣਾ ਵੀ ਬਹੁਤ ਮਿਹਨਤ ਅਤੇ ਖ਼ਤਰੇ ਵਾਲਾ ਕੰਮ ਹੈ।

ਆਪਣੀ ਟਰਮ ਪੂਰੀ ਕਰਨ ਤੋਂ ਬਾਅਦ ਹਨੀਫ਼ ਅਤੇ ਉਨ੍ਹਾਂ ਦੀ ਕੰਪਨੀ ਬੇਸ ਕੈਂਪ ਵਾਪਸ ਆ ਗਈ ਸੀ ਉੱਥੇ ਹਨੀਫ਼ ਨੂੰ ਲੋਡ ਮਨੀਫੇਸਟ ਅਫ਼ਸਰ ਦੀ ਜ਼ਿੰਮੇਵਾਰ ਦਿੱਤੀ ਗਈ ਸੀ।

ਉਨ੍ਹਾਂ ਦਾ ਨਾਮ ਸਿਆਚਨ ਗਲੇਸ਼ੀਅਰ ਦੇ ਵੱਖ-ਵੱਖ ਹਿੱਸਿਆਂ ਦੀਆਂ ਫ਼ੌਜੀ ਚੌਕੀਆਂ ਵਿੱਚ ਰਾਸ਼ਨ, ਦਵਾਈਆ ਅਤੇ ਚਿੱਠੀਆਂ ਪਹੁੰਚਦੀਆਂ ਕਰਨਾ।

ਅਚਾਨਕ ਤੁਰਤੁਕ ਸੈਕਟਰ ਵਿੱਚ ਤੈਨਾਤ 12 ਜਾਚ ਦੀ ਯੂਨਿਟ ਨੂੰ ਖ਼ਬਰ ਮਿਲੀ ਉਸ ਇਲਾਕੇ ਵਿੱਚ ਪਾਕਿਸਕਤਾਨ ਵੱਲੋਂ ਕੁਝ ਘੁਸਪੈਠ ਹੋਈ ਹੈ।

ਕਿਉਂਕਿ ਬਟਾਲਿਕ ਸੈਕਟਰ ਵਿੱਚ ਲੜਾਈ ਹੋ ਰਹੀ ਸੀ, ਇਸ ਲਈ ਹਾਲਾਤ ਨਾਲ ਨਜਿੱਠਣ ਲਈ ਉੱਥੇ ਫ਼ੌਜੀਆਂ ਦੀ ਥੁੜ ਪੈ ਰਹੀ ਸੀ।

ਤੈਅ ਹੋਇਆ ਕਿ ਆਸ ਪਾਸ ਦੀਆਂ ਫ਼ੌਜੀ ਯੂਨਿਟਾਂ ਨੂੰ ਤੁਰਤੁਕ ਪਹੁੰਚ ਕੇ ਹਾਲਾਤ ਸੰਭਾਲਣ ਦੇ ਲਈ ਕਿਹਾ ਜਾਵੇ। ਕਿਉਂਕਿ ਹਨੀਫ਼ ਦੀ ਯੂਨਿਟ ਨਜ਼ਦੀਕ ਹੀ ਸੀ, ਇਸ ਲਈ ਉਨ੍ਹਾਂ ਨੂੰ ਵੀ ਉਸ ਇਲਾਕੇ ਵਿੱਚ ਪਹੁੰਚਣ ਦੇ ਹੁਕਮ ਮਿਲੇ।

ਬਰਫ਼ ਨਾਲ ਭਰਿਆ ਖ਼ਤਰਨਾਕ ਰਾਹ

11 ਰਾਜਪੂਤਾਨਾ ਰਾਈਫ਼ਲਸ ਦੇ ਫ਼ੌਜੀ ਕਈ ਟਰੱਕਾਂ ਵਿੱਚ ਬੈਠ ਕੇ ਤੇਜ਼ ਵਹਿੰਦੀ ਹੋਈ ਨਦੀ ਸ਼ਯੋਕ ਦੇ ਨਾਲ-ਨਾਲ ਚੱਲ ਰਹੇ ਸਨ। ਉਸ ਵਿੱਚੋਂ ਜ਼ਿਆਦਾਤਰ ਲੋਕ ਸਿਆਚਨ ਤੋਂ ਹੁਣੇ-ਹੁਣੇ ਪਰਤੇ ਸਨ।

ਕੁਝ ਲੋਕਾਂ ਨੂੰ ਛੁੱਟੀ ਤੋਂ ਵਾਪਸ ਵੀ ਬੁਲਾਇਆ ਗਿਆ ਸੀ।

ਕੈਪਟਨ ਹਨੀਫੁੱਦੀਨ ਨੂੰ ਅਜੇ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਦਾ ਮਿਸ਼ਨ ਕੀ ਹੈ?

ਲੇਕਿਨ ਉਨ੍ਹਾਂ ਨੂੰ ਇਹ ਅੰਦਾਜ਼ਾ ਸੀ ਕਿ ਸਬ-ਸੈਕਟਰ ਪੱਛਮ ਵਿੱਚ ਗਸ਼ਤ ਭੇਜਣ ਦੇ ਲਈ ਉਨ੍ਹਾਂ ਦੇ ਵਾਧੂ ਫ਼ੌਜੀਆਂ ਦੀ ਵਰਤੋਂ ਕੀਤੀ ਜਾਵੇਗੀ। ਤਾਂ ਕਿ ਇਸ ਗੱਲ ਦਾ ਪਤਾ ਕੀਤਾ ਜਾ ਸਕੇ ਕਿ ਪਾਕਿਸਤਾਨੀ ਫ਼ੌਜੀਆਂ ਨੇ ਕਿਸ ਹੱਦ ਤੱਕ ਘੁਸਪੈਠ ਕੀਤੀ ਹੋਈ ਹੈ।

ਫ਼ੌਜੀਆਂ ਨੇ ਤੁਰਤੁਕ ਪਹੁੰਚਣ ਤੋਂ ਬਾਅਦ ਨਾਲੇ ਦੇ ਨਾਲ-ਨਾਲ ਅੱਗੇ ਵਧਣਾ ਜਾਰੀ ਰੱਖਿਆ। ਜਿਵੇਂ-ਜਿਵੇਂ ਫ਼ੌਜੀ ਉੱਪਰ ਚੜ੍ਹਦੇ ਗਏ ਹਾਲਾਤ ਮੁਸ਼ਕਿਲ ਹੁੰਦੇ ਗਏ।

ਤੁਰਤੁਕ ਤੋਂ ਛੋਰਬਤ ਲਾ ਦਾ ਪੂਰਾ ਇਲਾਕਾ ਡੂੰਘੀਆਂ ਖਾਈਆਂ ਦੇ ਨਾਲ ਭਰਿਆ ਹੋਇਆ ਸੀ ਇੱਕ ਗ਼ਲਤ ਕਦਮ ਕਿਸੇ ਵੀ ਫ਼ੌਜੀ ਨੂੰ ਮੌਤ ਦੀਆਂ ਡੁੰਘਾਈਆਂ ਵਿੱਚ ਲੈ ਜਾਣ ਲਈ ਕਾਫ਼ੀ ਸੀ।

ਜਗਪਾਲ ਪਾਰ ਕਰਨ ਤੋਂ ਬਾਅਦ ਫ਼ੌਜੀਆਂ ਦਾ ਇੱਕ ਦੂਜੇ ਨਾਲ ਰੇਡੀਓ ਸੰਪਰਕ ਵਿੱਚ ਨਹੀਂ ਸਨ।

ਉਨ੍ਹਾਂ ਨੂੰ ਗਲੇਸ਼ੀਅਰ ਦੀ ਜ਼ਿੰਦਗੀ ਦੀ ਆਦਤ ਸੀ ਇਸ ਲਈ ਉਨ੍ਹਾਂ ਨੂੰ ਇੱਥੋਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਵਿੱਚ ਉਨ੍ਹਾਂ ਦਾ ਪੁਰਾਣਾ ਤਜ਼ਰਬਾ ਕੰਮ ਆ ਰਿਹਾ ਸੀ।

ਜਾਘਾਂ ਤੱਕ ਬਰਫ਼ ਨਾਲ ਲੰਘਦੇ ਹੋਏ ਉਹ ਇੱਕ ਚਟਾਨ ਦੇ ਕੋਲ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਇੱਕ ਆਰਜ਼ੀ ਟਿਕਾਣਾ ਬਣਾਉਣਾ ਸੀ।

ਹਨੀਫੁੱਦੀਨ ਨੂੰ ਗੋਲੀਆਂ ਲੱਗੀਆਂ

ਕੈਪਟਨ ਹਨੀਫ਼ੁੱਦੀਨ

ਤਸਵੀਰ ਸਰੋਤ, FB/kargilmartyrcaptainhaneefuddin/

ਤਸਵੀਰ ਕੈਪਸ਼ਨ, ਤੁਰਤੁਕ ਜਾਂਦੇ ਸਮੇਂ ਕੈਪਟਨ ਹਨੀਫ਼ੁੱਦੀਨ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦਾ ਮਿਸ਼ਨ ਕੀ ਹੈ

6 ਜੂਨ 1999 ਨੂੰ ਹਨੀਫ਼ ਨੇ ਪੇਸ਼ਕਸ਼ ਕੀਤੀ ਕਿ ਉਹ ਇੱਕ ਦਿਨ ਵਿੱਚ ਗਸ਼ਤ ਲੈ ਕੇ ਕਾਰਚੇਨ ਗਲੇਸ਼ੀਅਰ ਤੱਕ ਜਾਣਗੇ।

ਕਰਨਲ ਅਨਿਲ ਭਾਟੀਆ ਦੱਸਦੇ ਹਨ, “ਹਨੀਫ਼ ਨੇ ਤੈਅ ਕੀਤਾ ਕਿ ਉਹ ਪਾਕਿਸਤਾਨੀ ਠਿਕਾਣੇ ਦੇ ਜਿੰਨਾ ਨੇੜੇ ਜਾ ਸਕਣਗੇ ਅਤੇ ਉਨ੍ਹਾਂ ਨੂੰ ਆਪਣੇ ਉੱਤੇ ਗੋਲੀਆਂ ਚਲਾਉਣ ਲਈ ਭੜਕਾਉਣਗੇ ਤਾਂ ਕਿ ਉਨ੍ਹਾਂ ਦੀ ਅਸਲੀ ਸਥਿਤੀ ਦਾ ਪਤਾ ਲੱਗ ਸਕੇ। ਉਸ ਤੋਂ ਇਹ ਵੀ ਅੰਦਾਜ਼ਾ ਲੱਗੇਗਾ ਕਿ ਉਨ੍ਹਾਂ ਕੋਲ ਕਿੰਨੇ ਅਤੇ ਕਿਸ ਪੱਧਰ ਦੇ ਹਥਿਆਰ ਹਨ।”

ਨਾਇਬ ਸੂਬੇਦਾਰ ਮੰਗੇਜ਼ ਸਿੰਘ ਅਤੇ ਸੱਤ ਹੋਰ ਫ਼ੌਜੀਆਂ ਦੇ ਨਾਲ ਕੈਪਟਨ ਹਨੀਫ਼ ਨੇ ਇੱਕ ਥਾਂ ਪਾਰ ਕੀਤੀ ਜਿਸ ਦਾ ਨਾਮ ਲੇਡਗੇ ਸੀ।

ਉਨ੍ਹਾਂ ਅਤੇ ਪਾਕਿਸਤਾਨੀ ਫ਼ੌਜੀਆਂ ਦੇ ਵਿਚਕਾਰ ਸਿਰਫ਼ 300 ਮੀਟਰ ਦੀ ਦੂਰੀ ਰਹਿ ਗਈ ਸੀ।

ਕੈਪਟਨ ਹਨੀਫ਼ ਨੇ ਆਪਣੇ ਸਾਥੀਆਂ ਨੂੰ ਖ਼ਬਰ ਦਿੱਤੀ ਕਿ ਪਾਕਿਸਤਾਨੀ ਫ਼ੌਜੀਆਂ ਨੇ ਉੱਥੇ ਅੱਠ ਮੋਰਚੇ ਬਣਾਏ ਹੋਏ ਸਨ ਅਤੇ ਉਨ੍ਹਾਂ ਕੋਲ ਕਿਸ ਕਿਸਮ ਦੇ ਹਥਿਆਰ ਸਨ।

ਜਦਕਿ ਉਹ ਇਹ ਅੰਦਾਜ਼ਾ ਨਹੀਂ ਲਾ ਸਕੇ ਕਿ ਉਹ ਖ਼ਤਰੇ ਦੇ ਕੋਲ ਪਹੁੰਚ ਗਏ ਹਨ ਅਤੇ ਫਾਇਰੰਗ ਦੀ ਜ਼ੱਦ ਵਿੱਚ ਹਨ।

ਹਨੀਫ਼ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਕਿਸਤਾਨੀ ਫ਼ੌਜੀਆਂ ਨੇ ਜ਼ਬਰਦਸਤ ਫਾਇਰਿੰਗ ਸ਼ੁਰੂ ਕਰ ਦਿੱਤੀ।

ਸਭ ਤੋਂ ਪਹਿਲਾਂ ਨਾਇਬ ਸੂਬੇਦਾਰ ਮੰਗੇਜ ਸਿੰਘ ਨੂੰ ਗੋਲੀ ਲੱਗੀ ਅਤੇ ਉਹ ਹਵਾ ਵਿੱਚ ਉੱਛਲ ਕੇ ਸਿੱਧੇ ਥੱਲੇ ਡੂੰਘੀ ਖੱਡ ਵਿੱਚ ਜਾ ਡਿੱਗੇ।

ਹਨੀਫ਼ ਅਤੇ ਰਾਈਫਲਮੈਨ ਪਰਵੇਸ਼ ਨੂੰ ਵੀ ਗੋਲੀਆਂ ਲੱਗੀਆਂ। ਫੱਟੜ ਹੋਣ ਦੇ ਬਾਵਜੂਦ ਹਨੀਫ਼ ਨੇ ਜਵਾਬੀ ਫਾਇਰ ਕਰਨਾ ਜਾਰੀ ਰੱਖਿਆ।

ਲੇਕਿਨ ਉਸੇ ਸਮੇਂ ਹਨੀਫ਼ ਦੇ ਢਿੱਡ ਵਿੱਚ ਗੋਲੀ ਲੱਗੀ, ਉਹ ਹੇਠਾਂ ਡਿੱਗ ਪਏ। ਉਨ੍ਹਾਂ ਦਾ ਸਾਹ ਮੱਧਮ ਹੁੰਦਾ ਗਿਆ ਅਤੇ ਆਖਰ ਵਿੱਚ ਜਾ ਕੇ ਪੂਰੀ ਤਰ੍ਹਾਂ ਬੰਦ ਹੋ ਗਈ।

ਜਿਸ ਸਮੇਂ ਹਨੀਫ਼ ਦੀ ਮੌਤ ਹੋਈ ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 25 ਸਾਲ ਸੀ। ਉਨ੍ਹਾਂ ਨੇ ਭਾਰਤੀ ਫ਼ੌਜ ਵਿੱਚ ਆਏ ਸਿਰਫ਼ ਦੋ ਸਾਲ ਹੋਏ ਸਨ।

ਭਾਰਤੀ ਫ਼ੌਜੀਆਂ ਨੇ ਹਨੀਫ਼ ਦੀ ਲਾਸ਼ ਨੂੰ ਆਪਣੇ ਵੱਲ ਲਿਆਉਣ ਦੀ ਪੂਰੀ ਕੋਸਿਸ਼ ਕੀਤੀ ਲੇਕਿਨ ਲਗਾਤਾਰ ਫਾਇਰੰਗ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ।

ਆਖਰਕਾਰ ਉਨ੍ਹਾਂ ਨੇ ਹਨੀਫ਼ ਦੀ ਲਾਸ਼ ਨੂੰ ਲਿਆਉਣ ਦਾ ਵਿਚਾਰ ਤਿਆਗ ਦਿੱਤਾ ਅਤੇ ਵਾਪਸ ਆ ਗਏ।

ਉਨ੍ਹਾਂ ਦੇ ਲਾਸ਼ ਨੂੰ ਲਿਆਉਣ ਦੀਆਂ ਦੋ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਫ਼ਲਤਾ ਨਹੀਂ ਮਿਲੀ।

ਫੌਜ ਮੁਖੀ ਜਨਰਲ ਮਲਿਕ ਨੇ ਹਨੀਫ਼ ਦੀ ਮਾਂ ਨਾਲ ਮੁਲਾਕਾਤ ਕੀਤੀ

ਕੈਪਟਨ ਹਨੀਫੁੱਦੀਨ

ਤਸਵੀਰ ਸਰੋਤ, FB/kargilmartyrcaptainhaneefuddin/

ਤਸਵੀਰ ਕੈਪਸ਼ਨ, ਕੈਪਟਨ ਹਨੀਫੁੱਦੀਨ ਨੇ ਇਹ ਖ਼ਬਰ ਦਿੱਤੀ ਸੀ ਕਿ ਪਾਕਿਸਤਾਨੀ ਸੈਨਿਕਾਂ ਨੇ ਉੱਥੇ ਕਿੰਨੇ ਮੋਰਚੇ ਬਣਾਏ ਹੋਏ ਹਨ

ਇਸੇ ਵਿਚਾਲੇ ਹਨੀਫ਼ ਦੀ ਮਾਂ ਹੇਮਾ ਅਜੀਜ਼ ਨੂੰ ਸੂਚਨਾ ਪਹੁੰਚਾਈ ਗਈ ਸੀ। ਉਦੋਂ ਭਾਰਤੀ ਫੌਜ ਦੇ ਮੁਖੀ ਵੀਪੀ ਮਲਿਕ ਆਪ ਕੈਪਟਨ ਹਨੀਫ਼ੁੱਦੀਨ ਦੀ ਮਾਂ ਨੂੰ ਮਿਲਣ ਉਨ੍ਹਾਂ ਦੇ ਪੂਰਬੀ ਦਿੱਲੀ ਵਿਚਲੇ ਨਿਵਾਸ ਥਾਂ ਉੱਤੇ ਗਏ ਸਨ।

ਰਚਨਾ ਬਿਸ਼ਟ ਰਾਵਤ ਲਿਖਦੇ ਹਨ, “ਜਨਰਲ ਮਲਿਕ ਨੇ ਉਨ੍ਹਾਂ ਦੀ ਮਾਂ ਨੂੰ ਕਿਹਾ ਕਿ ਦੁਸ਼ਮਣ ਦੀ ਲਗਾਤਾਰ ਫਾਇਰਿੰਗ ਦੇ ਕਰਕੇ ਅਸੀਂ ਹਨੀਫ਼ ਦੀ ਦੇਹ ਨੂੰ ਵਾਪਸ ਨਹੀਂ ਲਿਆ ਸਕੇ।”

ਹੇਮਾ ਅਜ਼ੀਜ਼ ਨੇ ਬੜੀ ਦਲੇਰੀ ਨਾਲ ਉਨ੍ਹਾਂ ਨੂੰ ਜਵਾਬ ਦਿੱਤਾ, “ਮੈਂ ਨਹੀਂ ਚਾਹੁੰਦੀ ਕਿ ਮੇਰੇ ਪੁੱਤ ਦੀ ਦੇਹ ਨੂੰ ਵਾਪਸ ਲਿਆਉਣ ਲਈ ਕਿਸੇ ਹੋਰ ਫੌਜੀ ਨੂੰ ਆਪਣੀ ਜ਼ਿੰਦਗੀ ਜ਼ੋਖ਼ਮ ਵਿੱਚ ਪਾਉਣੀ ਪਵੇ, ਜਦੋਂ ਲੜਾਈ ਖ਼ਤਮ ਹੋ ਜਾਵੇਗੀ ਤਾਂ ਉਸ ਥਾਂ ਉੱਤੇ ਜਾਣਾ ਚਾਹਾਂਦੀ ਜਿੱਥੇ ਮੇਰੇ ਪੁੱਤ ਨੇ ਆਖ਼ਰੀ ਸਾਹ ਲਿਆ ਸੀ।”

ਜਨਰਲ ਮਲਿਕ ਨੇ ਉਨ੍ਹਾਂ ਨੂੰ ਇਹ ਹੌਂਸਲਾ ਦਿੱਤਾ ਕਿ ਉਹ ਉਨ੍ਹਾਂ ਦੇ ਉੱਥੇ ਜਾਣ ਦਾ ਬੰਦੋਬਸਤ ਕਰਨਗੇ।

ਦੂਜੇ ਪਾਸੇ ਹਨੀਫ਼ ਦੀ ਮੌਤ ਤੋਂ ਕਰੀਬ ਇੱਕ ਮਹੀਨੇ ਬਾਅਦ 11 ਰਾਜਪੂਤਾਨਾ ਰਾਇਫਲਸ ਦੇ ਬਾਕੀ ਫੌਜੀ ਸਿਆਚਿਨ ਵਿੱਚ ਆਪਣੀ ਡਿਊਟੀ ਪੂਰੀ ਕਰਕੇ ਥੱਲੇ ਉੱਤਰੇ ਉਦੋਂ ਕਰਨਲ ਅਨਿਲ ਭਾਟੀਆ ਨੂੰ ਹਨੀਫ਼ ਦੀ ਮੌਤ ਦੀ ਜਾਣਕਾਰੀ ਮਿਲੀ।

ਬਰਫ਼ ‘ਚ ਪਏ ਰਹਿਣ ਦੇ 43 ਦਿਨਾਂ ਬਾਅਦ ਦੇਹ ਵਾਪਸ ਲਿਆਂਦੀ ਗਈ

ਮੁਹੰਮਦ ਹਨੀਫੁੱਦੀਨ

ਤਸਵੀਰ ਸਰੋਤ, FB/kargilmartyrcaptainhaneefuddin/

ਤਸਵੀਰ ਕੈਪਸ਼ਨ, ਮੁਹੰਮਦ ਹਨੀਫੁੱਦੀਨ ਦੀ ਮੌਤ ਦੀ ਖ਼ਬਰ ਬਾਕੀ ਸੈਨਿਕਾਂ ਨੂੰ ਇੱਕ ਮਹੀਨੇ ਬਾਅਦ ਮਿਲੀ ਸੀ

ਕਰਨਲ ਅਨਿਲ ਭਾਟੀਆ ਦੱਸਦੇ ਹਨ, “ਅਸੀਂ 10 ਜੁਲਾਈ ਨੂੰ ਤੁਰਤੁਕ ਪਹੁੰਚੇ, ਮੈਂ ਆਪਣੇ ਲੋਕਾਂ ਨੂੰ ਕਿਹਾ ਕਿ ਅਸੀਂ ਆਪਣੇ ਸਾਥੀਆਂ ਦੀਆਂ ਦੇਹਾਂ ਨੂੰ ਵਾਪਸ ਲਿਆਂਵਾਂਗੇ।”

“ਹਨੀਫ਼ ਦੀ ਸ਼ਹਾਦਤ ਤੋਂ 43 ਦਿਨਾਂ ਬਾਅਦ ਕੈਪਟਨ ਐੱਸਕੇ ਧੀਮਾਨ ਅਤੇ ਮੇਜਰ ਸੰਜੇ ਵਿਸ਼ਵਾਸ ਰਾਓ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਹ ਬੀੜਾ ਚੁੱਕਿਆ, ਮੁਸ਼ਕਲ ਰਾਹ ਉੱਤੇ ਤੁਰਦਿਆਂ ਉਹ ਉਸ ਥਾਂ ਉੱਤੇ ਪਹੁੰਚੇ ਜਿੱਥੇ ਹਨੀਫ਼ ਨੇ ਆਪਣੇ ਸਵਾਸ ਤਿਆਗੇ ਸਨ।”

ਉਨ੍ਹਾਂ ਨੂੰ ਦੂਰੋਂ ਹੀ ਹਨੀਫ਼ ਅਤੇ ਪਰਵੇਸ਼ ਦੀਆਂ ਦੇਹਾਂ ਦਿਖ ਗਈਆਂ ਜੋ ਹੁਣ ਤੱਕ ਪੂਰੀ ਤਰ੍ਹਾਂ ਜੰਮ ਚੁੱਕੀਆਂ ਸਨ।

“ਪਹਿਲਾਂ ਉਹ ਉਨ੍ਹਾਂ ਨੂੰ ਚੱਟਾਨਾਂ ਦੇ ਪਿੱਛੇ ਲੈ ਗਏ ਅਤੇ ਫ਼ਿਰ ਉਨ੍ਹਾਂ ਨੂੰ ਆਪਣੇ ਮੋਢਿਆਂ ਉੱਤੇ ਲੱਦਕੇ ਉਹ ਪੂਰੀ ਤੁਰਦੇ ਰਹੇ, ਸਵੇਰੇ ਸੱਤ ਵਜੇ ਉਹ ਜੰਗਪਾਲ ਪਹੁੰਚੇ।”

ਹਨੀਫ਼ ਦਾ ਚਿਹਰਾ ਉਦੋਂ ਤੱਕ ਕਾਲਾ ਪੈ ਚੱਕਿਆ ਸੀ ਪਰ ਉਨ੍ਹਾਂ ਨੂੰ ਉਦੋਂ ਵੀ ਪਛਾਣਿਆ ਜਾ ਸਕਦਾ ਸੀ।

ਅਗਲੇ ਦਿਨ ਇੱਕ ਹੈਲੀਕਾਪਟਰ ਉੱਥੇ ਲੈਂਡ ਕੀਤਾ ਜਿਸ ਦਾ ਕੰਮ ਉਨ੍ਹਾਂ ਦੀ ਦੇਹ ਨੂੰ ਲੈ ਕੇ ਜਾਣਾ ਸੀ।

ਉਸੇ ਦਿਨ 11 ਰਾਜਪੂਤਾਨਾ ਰਾਇਫਲਸ ਦੇ ਸੈਨਿਕਾਂ ਨੇ ਤੈਅ ਕੀਤਾ ਕਿ ਉਹ ਪੁਆਇੰਟ 5590 ਉੱਤੇ ਕਬਜ਼ਾ ਕਰਕੇ ਰਹਿਣਗੇ। ਇਸ ਪੂਰੇ ਮਿਸ਼ਨ ਨੂੰ ‘ਆਪ੍ਰੇਸ਼ਨ ਹਨੀਫ਼’ ਦਾ ਨਾਮ ਦਿੱਤਾ ਗਿਆ।

ਪੁਆਇੰਟ 5590 ਉੱਤੇ ਹਮਲੇ ਦੀ ਯੋਜਨਾ

ਗਲੇਸ਼ੀਅਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਲੇਸ਼ੀਅਰ ਉੱਤੇ ਚੜ੍ਹਨ ਲਈ ਲਿਆ ਗਿਆ ਮੁਸ਼ਕਲ ਰਾਹ

ਕਰਨਲ ਭਾਟੀਆ ਨੇ ਤੈਅ ਕੀਤਾ ਹੈ ਕਿ ਉਨ੍ਹਾਂ ਸੈਨਿਕ ਗਲੇਸ਼ੀਅਰ ਉੱਤੇ ਸਿੱਧਾ ਨਾ ਚੜ੍ਹਕੇ ਅਤੇ ਮੁਸ਼ਕਲ ਰਾਹ ਲੈਂਦਿਆਂ ਪਾਕਿਸਤਾਨ ਦੇ ਵੱਲ੍ਹ ਪੁਆਇੰਗ 5590 ਉੱਤੇ ਚੜ੍ਹਨਗੇ।

ਇਹ ਮੁਸ਼ਕਲ ਕੰਮ ਜ਼ਰੂਰ ਹੋਵੇਗਾ ਪਰ ਪਾਕਿਸਤਾਨੀ ਸੈਨਿਕ ਕਦੇ ਵੀ ਉਮੀਦ ਨਹੀਂ ਕਰਨਗੇ ਕਿ ਇਹ ਹਮਲਾ ਉਨ੍ਹਾਂ ਵੱਲ ਹੋ ਸਕਦਾ ਹੈ।

ਕਰਨਲ ਭਾਟੀਆ ਨੇ ਇਸ ਹਮਲੇ ਦੇ ਲਈ ਪੂਰੇ 9 ਦਿਨਾਂ ਦਾ ਇੰਤਜ਼ਾਰ ਕੀਤਾ। ਤਿੰਨ ਦਿਨ ਪਹਿਲਾਂ ਪਾਕਿਸਤਾਨੀ ਟਿਕਾਣਿਆਂ ਉੱਤੇ ਤੋਪਾਂ ਨਾਲ ਹਮਲੇ ਕੀਤੇ ਗਏ।

ਕਰੀਬ 40 ਫੌਜੀਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਬ੍ਰਾਵੋ ਕੰਪਨੀ ਦੀ ਅਗਵਾਈ ਕੈਪਟਨ ਅਨਿਰੁੱਧ ਚੌਹਾਨ ਨੇ ਸੰਭਾਲੀ। ਉਹ ਇੱਕ ਟ੍ਰੇਨਡ ਪਰਬਤਾਰੋਹੀ ਸਨ।

ਚਾਰਲੀ ਕੰਪਨੀ ਦੀ ਅਗਵਾਈ ਆਸ਼ੀਸ਼ ਭੱਲਾ ਨੇ ਕੀਤੀ।

ਕੁਝ ਦਿਨ ਪਹਿਲਾਂ ਹੀ ਸਿਆਚਿਨ ਤੋਂ ਵਾਪਸ ਆਉਣ ਦੇ ਕਾਰਨ ਸੈਨਿਕਾਂ ਦੇ ਕੋਲ ਗਲੈਸ਼ੀਅਰ ਵਿੱਚ ਪਾਏ ਜਾਣ ਵਾਲੇ ਕੱਪੜੇ ਅਤੇ ਬੂਟ ਸਨ।

ਪਰ ਜ਼ੀਰੋ ਤੋਂ ਕਈ ਡਿਗਰੀ ਥੱਲੇ ਦੇ ਤਾਪਮਾਨ ਵਿੱਚ ਤਿੰਨ ਮਹੀਨੇ ਤੱਕ ਲੜਨ ਦੀ ਥਕਾਨ ਨੇ ਉਨ੍ਹਾਂ ਦੀ ਸਰੀਰਕ ਸਮਰੱਥਾ ਨੂੰ ਪ੍ਰਭਾਵਿਤ ਕਰ ਦਿੱਤਾ ਸੀ।

ਕਰੀਬ-ਕਰੀਬ ਹਰ ਸੈਨਿਕ ਦਾ ਭਾਰ ਘੱਟ ਗਿਆ ਸੀ। ਸਾਰਿਆਂ ਦੇ ਸਿਰ ਵਿੱਚ ਦਰਦ ਰਹਿਣ ਲੱਗਿਆ ਤੇ ਉਨ੍ਹਾਂ ਦਾ ਬਲੱਡ ਪ੍ਰੈੱਸ਼ਰ ਘਟਦਾ ਵਧਦਾ ਰਹਿੰਦਾ ਸੀ।

ਕੋਲ ਪਹੁੰਚ ਕੇ ਸੈਨਿਕ ਵਾਪਸ ਗਏ

ਮੁਹੰਮਦ ਹਨੀਫੁੱਦੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੋਟੀ ਉੱਤੇ ਪਹੁੰਚਕੇ ਵਾਪਸ ਆਉਣ ਦਾ ਮਿਲਿਆ ਹੁਕਮ

ਕਰਨਲ ਭਾਟਿਆ ਕਹਿੰਦੇ ਹਨ, “ਮੈਂ ਆਪਣੇ ਫੌਜੀਆਂ ਨੂੰ ਕਿਹਾ, ਉੱਪਰ ਤੁਹਾਨੂੰ ਜੋ ਪੁਆਇੰਟ 5590 ਦਿਖ ਰਿਹਾ ਹੈ, ਦੁਸ਼ਮਣ ਨੇ ਉੱਥੋਂ ਹੀ ਫਾਇਰ ਕਰਕੇ ਸਾਡੇ ਸਾਥੀਆਂ ਨੂੰ ਮਾਰਿਆ ਸੀ।”

ਰਾਜਾ ਰਾਮ ਚੰਦਰ ਦੀ ਜੈ’ ਦੇ ਨਾਅਰੇ ਦੇ ਨਾਲ ਭਾਰਤੀ ਸੈਨਿਕ ਵਧਣ ਲੱਗੇ। ਥਕਾਨ ਨਾਲ ਉਨ੍ਹਾਂ ਦੇ ਸਾਹ ਫੁੱਲ ਰਹੇ ਸਨ, ਠੰਡ ਕਾਰਨ ਉਨ੍ਹਾਂ ਦੀ ਉਂਗਲੀਆਂ ਜੰਮ ਗਈਆਂ ਸਨ।

ਉਨ੍ਹਾਂ ਨੂੰ ਆਪਣੇ ਪੈਰ ਜਮਾਉਣ ਵਿੱਚ ਮੁਸ਼ਕਲ ਹੋ ਰਹੀ ਸੀ।ਕਈ ਥਾਵਾਂ ਉੱਤੇ ਉੱਪਰ ਚੜ੍ਹਨ ਲਈ ਉਨ੍ਹਾਂ ਨੇ ਰੱਸੀਆਂ ਦਾ ਸਹਾਰਾ ਲਿਆ। ਕਰੀਬ 9 ਘੰਟਿਆਂ ਦੀ ਚੜ੍ਹਾਈ ਤੋਂ ਬਾਅਦ ਉਹ ਚੋਟੀ ਤੋਂ 40 ਮੀਟਰ ਦੀ ਦੂਰੀ ਤੱਕ ਪਹੁੰਚ ਗਏ।

ਉਸ ਵੇਲੇ ਸਵੇਰੇ 4 ਵੱਜ ਰਹੇ ਸੀ। ਉਨ੍ਹਾਂ ਦੇ ਸਾਹਮਣੇ ਹੁਣ ਵੀ 80 ਡਿਗਰੀ ਦੀ ਇੱਕ ਚੜ੍ਹਾਈ ਅਤੇ ਬਾਕੀ ਸੀ।

ਕਰਨਲ ਭਾਟੀਆ ਦੱਸਦੇ ਹਨ, “ਜਦੋਂ ਉਨ੍ਹਾਂ ਨੇ ਇਹ ਖ਼ਬਰ ਮੈਨੂੰ ਦਿੱਤੀ ਸੀ ਮੈਂ ਉਨ੍ਹਾਂ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ ਸੀ, ਉਸ ਵੇਲੇ ਮੈਂ ਕਾਰਚਨ ਗਲੇਸ਼ੀਅਰ ਦੇ ਬੇਸ ਉੱਤੇ ਸੀ। ਉਨ੍ਹਾਂ ਨੂੰ ਵਾਪਸ ਲਿਆਉਣ ਦਾ ਕਾਰਨ ਇਹ ਸੀ ਕਿ ਜਿਵੇਂ ਹੀ ਸੂਰਜ ਨਿਕਲਦਾ ਆਲੇ-ਦੁਆਲੇ ਦੀਆਂ ਚੋਟੀਆਂ ਉੱਤੇ ਮੌਜੂਦ ਪਾਕਿਸਤਾਨੀ ਸੈਨਿਕ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਉੱਤੇ ਗੋਲੀ ਚਲਾਉਣ ਲੱਗਦੇ, ਮੈਂ ਉਹ ਜੋਖ਼ਮ ਨਹੀਂ ਚੁੱਕਣਾ ਚਾਹੁੰਦਾ ਸੀ।”

“ਮਾਯੂਸ ਹੋ ਕੇ ਸਾਡੇ ਸੈਨਿਕ ਵਾਪਸ ਆ ਗਏ। ਵਾਪਸ ਆਉਣ ਵਿੱਚ ਉਨ੍ਹਾਂ ਨੂੰ ਦੋ ਘੰਟੇ ਲੱਗੇ। ਉਦੋਂ ਤੱਕ ਉਹ ਇੰਨੇ ਥੱਕ ਚੁੱਕੇ ਸਨ ਕਿ ਜਿੱਥੇ ਥਾਂ ਮਿਲੀ ਉਹ ਉੱਥੇ ਹੀ ਡਿੱਗ ਗਿਆ ਅਤੇ ਸੋ ਗਿਆ।”

“ਸਾਡੇ ਕੋਲ ਉਨ੍ਹਾਂ ਨੂੰ ਖੁਆਉਣ ਲਈ ਬੇਹੇ ਸ਼ੱਕਰਪਾਰਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਉਨਹਾਂ ਨੇ ਸ਼ਾਮ ਤੱਕ ਆਰਾਮ ਕੀਤਾ ਅਤੇ ਰਾਤ ਨੂੰ ਫ਼ਿਰ ਉੱਪਰ ਚੜ੍ਹਨ ਦੀ ਦੁਬਾਰਾ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ।”

ਰਾਤ ਹੋਣ ਦਾ ਇੰਤਜ਼ਾਰ

ਰਾਜਪੂਤਾਨਾ ਰਾਇਫਲਜ਼

ਤਸਵੀਰ ਸਰੋਤ, Indian Army

ਤਸਵੀਰ ਕੈਪਸ਼ਨ, ਪੂਰੇ ਆਪ੍ਰੇਸ਼ਨ ਵਿੱਚ ਰਾਜਪੂਤਾਨਾ ਰਾਇਫਲਜ਼ ਦਾ ਸਿਰਫ਼ ਇੱਕ ਜਵਾਨ ਮਾਰਿਆ ਗਿਆ

ਤੇਜ਼ ਵਗ਼ਦੀ ਹਵਾ ਦੇ ਵਿਚਾਲੇ ਕਰਨਲ ਭਾਟੀਆ ਨੇ ਆਪਣੇ ਫੌਜੀਆਂ ਨੂੰ ਇਕੱਠੇ ਕਰਕੇ ਕਿਹਾ, “ਅਸੀਂ ਜੇਕਰ ਇਹ ਕੰਮ ਕੀਤੇ ਬਿਨਾ ਵਾਪਸ ਜਾਵਾਂਗੇ ਤਾਂ ਲੋਕ ਕੀ ਕਹਿਣਗੇ? ਉਹ ਕਹਿਣਗੇ 11 ਰਾਜਪੂਤ ਰਾਇਫਲਸ ਵਾਪਸ ਆ ਗਈ, ਇਸ ਸਾਡੀ ਪਲਟਨ ਦੀ ਇੱਜ਼ਤ ਸਵਾਲ ਹੈ, ਮੈਨੂੰ ਵਾਲੰਟੀਅਰ ਚਾਹੀਦੇ ਹਨ ਕੌਣ ਜਾਵੇਗਾ?”

ਸਭ ਤੋਂ ਪਹਿਲਾਂ ਨਾਇਬ ਸੂਬੇਦਾਰ ਅਭੈ ਸਿੰਘ ਨੇ ਆਪਣਾ ਹੱਥ ਉੱਪਰ ਚੁੱਕਿਆ, ਇਸ ਤੋਂ ਬਾਅਦ ਕਈ ਸੈਨਿਕ ਸਾਹਮਣੇ ਆ ਗਏ।

ਕਰਨਲ ਅਨਿਲ ਭਾਟੀਆ ਅੱਗੇ ਦੱਸਦੇ ਹਨ, “ਅਨੀਰੁੱਧ ਦੀ ਅਗਵਾਈ ਵਿੱੱਚ ਟਾਸਕ ਫੋਰਸ ਵਨ ਦੇ ਫੌਜੀ ਔਖੀ ਚੜ੍ਹਾਈ ਚੜ੍ਹਦੇ ਹੋਏ 5590 ਦੇ ਬੇਸ ਤੱਕ ਪਹੁੰਚ ਗਏ। ਉਦੋਂ ਉਨ੍ਹਾਂ ਦੇ ਸਾਹਮਣੇ ਫਿਰ 80 ਡਿਗਰੀ ਦੀ ਚੜ੍ਹਾਈ ਸੀ। ਉਨ੍ਹਾਂ ਨੇ ਫਿਰ ਰੱਸੀਆਂ ਲਗਾਈਆਂ ਅਤੇ ਸਾਢੇ ਪੰਜ ਵਜੇ ਤੱਕ ਆਪਣੇ ਟੀਚੇ ਤੱਕ ਪਹੁੰਚ ਗਏ, ਉਦੋਂ ਤੱਕ ਸਵੇਰ ਹੋਣੀ ਸ਼ੁਰੂ ਹੋ ਗਈ ਸੀ।”

ਸੈਨਿਕਾਂ ਨੇ ਮੈਨੂੰ ਸੂਚਿਤ ਕੀਤਾ ਕਿ ਉਹ ਤਿੰਨ ਪਾਕਿਸਤਾਨੀ ਮੋਰਚਿਆਂ ਨੂੰ ਦੇਖ ਸਕਦੇ ਹਨ ਉਨ੍ਹਾਂ ਵਿੱਚੋਂ ਇੱਕ ਮੋਰਚੇ ਉੱਤੇ ਮੋਰ੍ਹੀ ਰਾਹੀਂ ਮਸ਼ੀਨ ਗੰਨ ਦੀ ਨਲੀ ਕੱਢੀ ਹੋਈ ਸੀ। ਇਹ ਮੋਰਚਾ ਉਨ੍ਹਾਂ ਤੋਂ ਸਿਰਫ਼ 25 ਮੀਟਰ ਦੀ ਦੂਰੀ ਉੱਤੇ ਹੈ।

ਕਰਨਲ ਭਾਟੀਆ ਨੇ ਹੁਕਮ ਦਿੱਤਾ ਕਿ ਉਹ ਚੱਟਾਨਾਂ ਦੇ ਪਿੱਛੇ ਛਿਪੇ ਰਹੇ ਅਤੇ ਰਾਤ ਹੋਣ ਦਾ ਇੰਤਜ਼ਾਰ ਕਰਨ।

ਚੌਂਕੀ ਉੱਤੇ ਕਬਜ਼ਾ ਹਾਸਲ ਕੀਤਾ

ਕੈਪਟਨ ਹਨੀਫ਼

ਤਸਵੀਰ ਸਰੋਤ, Getty Images

ਜਿਵੇਂ ਹੀ ਹਨੇਰਾ ਹੋਇਆ ਸਭ ਤੋਂ ਪਹਿਲਾ ਕਾਨ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਪਾਕਿਸਤਾਨੀ ਸੈਨਿਕਾਂ ਉੱਤੇ ਧਾਵਾ ਬੋਲਿਆ। ਉਨ੍ਹਾਂ ਦੀ ਗਰਦਨ ਵਿੱਚ ਗੋਲੀ ਲੱਗੀ।

ਜਿਵੇਂ ਉਹ ਥੱਲੇ ਡਿੱਗੇ ਉਨ੍ਹਾਂ ਦੇ ਸਾਥੀ ਦਿਲਬਾਗ ਸਿੰਘ ਨੇ ਉਨ੍ਹਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਹੱਥ ਵਿੱਚ ਉਨ੍ਹਾਂ ਦੀ ਰਾਇਫਲ ਹੀ ਆ ਸਕੀ ਅਤੇ ਕਾਨ ਸਿੰਘ ਥੱਲੇ ਡਿੱਗਦੇ ਚਲੇ ਗਏ।

ਦਿਲਬਾਗ ਨੇ ਅੱਗੇ ਛਾਲ ਮਾਰਕੇ ਪਾਕਿਸਤਾਨੀ ਸੈਨਿਕਾਂ ਉੱਤੇ ਹਮਲਾ ਕਰ ਦਿੱਤਾ। ਦੋਵੇਂ ਪਾਸੇ ਸੈਨਿਕ ਹਥਿਆਰਾਂ ਦੇ ਨਾਲ-ਨਾਲ ਆਪਣੇ ਹੱਥਾਂ ਨਾਲ ਲੜਨ ਲੱਗੇ।

ਨਾਇਬ ਸੂਬੇਦਾਰ ਅਭੈ ਸਿੰਘ ਨੇ ਪਾਕਿਸਤਾਨੀ ਫੌਜੀਆਂ ਨੂੰ ਭਟਕਾਉਣ ਲਈ ਚੀਖ਼ ਮਾਰਕੇ ਕਿਕਹਾ, “ਅੱਧੇ ਮੇਰੇ ਪਿੱਛੇ ਆਓ, ਥੋੜ੍ਹੇ ਬੰਦੇ ਸੱਜੇ ਜਾਓ, ਬਾਕੀ ਖੱਬੇ ਜਾਓ ਅਤੇ ਅੱਗੇ ਵਧੋ।”

ਪਾਕਿਸਤਾਨੀ ਸੈਨਿਕਾਂ ਨੂੰ ਲੱਗਾ ਕਿ ਉਨ੍ਹਾਂ ਦੇ ਉੱਪਰ 100 ਸੈਨਿਕਾਂ ਦੀ ਇੱਕ ਪੂਰੀ ਕੰਪਨੀ ਨੇ ਹਮਲਾ ਕੀਤਾ ਹੈ।

ਕੈਪਟਨ ਹਨੀਫ਼

ਤਸਵੀਰ ਸਰੋਤ, FB/kargilmartyrcaptainhaneefuddin/

ਤਸਵੀਰ ਕੈਪਸ਼ਨ, ਸਬ ਸੈਕਟਰ ਵੈੱਸਲ ਨੂੰ 'ਸਬ ਸੈਕਟਰ ਹਨੀਫ਼' ਨਾਮ ਦਿੱਤਾ ਗਿਆ

ਕਰਨਲ ਭਾਟੀਆ ਦੱਸਦੇ ਹਨ, “ਮੈਂ ਪਰਤਾਪੁਰ ਸਥਿਤ 102 ਬ੍ਰਿਗੇਡ ਹੈਡਕਵਾਰਟਰ ਨੇ ਆਪਣਾ ਰੇਡੀਓ ਕਨੈਕਸ਼ਨ ਸਵਿੱਚ ਆਫ ਕਰ ਦਿੱਤਾ ਤਾਂ ਜੋ ਉਨ੍ਹਾਂ ਦੇ ਵੱਲ ਦਖ਼ਲਅੰਦਾਜ਼ੀ ਨਾ ਕੀਤੀ ਜਾ ਸਕੇ, ਮੈਂ ਆਪਣਾ ਰੇਡੀਓ ਸਵੇਰੇ 5 ਵਜੇ ਓਨ ਕੀਤਾ, ਉਦੋਂ ਤੱਕ ਪੁਆਇੰਟ 5590 ਉੱਤੇ ਸਾਡਾ ਕਬਜ਼ਾ ਹੋ ਚੁੱਕਾ ਸੀ, ਇਸ ਵਿੱਚ ਸੱਤ ਪਾਕਿਸਤਾਨੀ ਸੈਨਿਕ ਮਾਰੇ ਗਏ।”

ਇਸ ਪੂਰੇ ਆਪ੍ਰੇਸ਼ਨ ਵਿੱਚ ਰਾਜਪੂਤਾਨਾ ਰਾਇਫਲਸ ਦਾ ਸਿਰਫ਼ ਇੱਕ ਜਵਾਨ ਮਾਰਿਆ ਗਿਆ।

ਕਿਉਂਕਿ ਉਦੋਂ ਤੱਕ ਜੰਗ ਦੀ ਸਮਾਪਤੀ ਦਾ ਐਲਾਨ ਕੀਤਾ ਜਾ ਚੱਕਿਆ ਸੀ ਇਸ ਲਈ ਯੂਨਿਟ ਨੂੰ ਕੋਈ ਬਹਾਦਰੀ ਦਾ ਸਨਮਾਨ ਨਹੀਂ ਦਿੱਤਾ ਗਿਆ।

ਕੈਪਟਨ ਹਨੀਫ਼ ਨੂੰ ਮਿਲਿਆ ਮਰਨ ਉਪਰੰਤ ਵੀਰ ਚੱਕਰ

ਕੈਪਟਨ ਹਨੀਫ਼

ਤਸਵੀਰ ਸਰੋਤ, FB/kargilmartyrcaptainhaneefuddin/

ਤਸਵੀਰ ਕੈਪਸ਼ਨ, ਦਿੱਲੀ ਵਿੱਚ ਕੈਪਟਨ ਹਨੀਫ਼ੁੱਦੀਨ ਨੂੰ ਦਫ਼ਨਾਇਆ ਗਿਆ

ਕਾਰਗਿਲ ਯੁੱਧ ਵਿੱਚ ਬਹਾਦੁਰੀ ਦਿਖਾਉਣ ਦੇ ਲਈ ਕੈਪਟਨ ਹਨੀਫ਼ੁੱਦੀਨ ਨੂੰ ਮਰਨ ਉਪਰੰਤ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਅਤ ਸਬ ਸੈਕਟਰ ਵੈੱਸਟ ਨੂੰ ਉਨ੍ਹਾਂ ਦੇ ਨਾਮ ਉੱਤੇ ‘ਸਭ ਸੈਕਟਰ ਹਨੀਫ਼’ ਰੱਖਿਆ ਗਿਆ।

ਉਨ੍ਹਾਂ ਦੇ ਸਰੀਰ ਨੂੰ ਦਿੱਲੀ ਲਿਆਂਦਾ ਗਿਆ ਜਿੱਥੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ।

ਜਨਰਲ ਮਲਿਕ ਨੇ ਆਪਣਾ ਵਾਅਦਾ ਪੂਰਾ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)