'ਇਹ ਪੂਰੀ ਨਸਲ, ਜਿਹੜੀ ਪਹਾੜਾਂ 'ਤੇ ਚੜ੍ਹੀ ਹੈ, ਇਹ ਅਸੀਂ ਹੱਥੀਂ ਤਿਆਰ ਕਰਕੇ ਦਿੱਤੀ ਹੈ' - ਹਨੀਫ਼ ਦਾ ਵਲੌਗ

ਕੁਏਟਾ ਪੁਲਿਸ ਸਟੇਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਲੋਚਿਸਤਾਨ ਵਿੱਚ ਟਰੇਨ ਹਾਈਜੈਕ ਹੋਣ ਮਗਰੋਂ ਕੁਏਟਾ ਰੇਲਵੇ ਸਟੇਸ਼ਨ ਉੱਤੇ ਤਾਇਨਾਤ ਸੁਰੱਖਿਆ ਕਰਮੀ
    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ

ਬਲੋਚਿਸਤਾਨ ਵਿੱਚ ਟਰੇਨ ਅਗਵਾ ਹੋਈ, ਅਜੇ ਮਰਨ ਵਾਲਿਆਂ ਦੀ ਗਿਣਤੀ ਪੂਰੀ ਨਹੀਂ ਸੀ ਹੋਈ, ਅਜੇ ਲਾਸ਼ਾਂ ਘਰਾਂ ਤੱਕ ਨਹੀਂ ਸੀ ਪਹੁੰਚੀਆਂ। ਜਿਨ੍ਹਾਂ ਦੇ ਜੀਅ ਉਸ ਟਰੇਨ 'ਚ ਸਨ, ਉਹ ਅਜੇ ਦੁਆਵਾਂ ਕਰ ਰਹੇ ਸਨ, ਫੋਨ ਘੁੰਮਾ ਰਹੇ ਸਨ... ਤੇ ਇੱਕ ਰੌਲ਼ਾ ਜਿਹਾ ਪੈ ਗਿਆ... ਕਿ ਓਏ ਪੰਜਾਬੀਓ, ਤੁਹਾਡੇ ਮਜ਼ਦੂਰ ਭਰਾ ਬਲੋਚ ਬਾਗ਼ੀਆਂ ਨੇ ਮਾਰ ਛੱਡੇ ਨੇ।

ਤੁਸੀਂ ਮੁਜ਼ਮਤਾਂ ਕਿਉਂ ਨਹੀਂ ਕਰਦੇ? ਕਿੱਥੇ ਹੈ ਤੁਹਾਡੀ ਪੰਜਾਬੀ ਗ਼ੈਰਤ? ਗਾਲ਼ਾਂ ਕਿਉਂ ਨਹੀਂ ਕੱਢਦੇ ਇਨ੍ਹਾਂ ਬਲੋਚਾਂ ਨੂੰ? ਤੇ ਨਾਅਰੇ ਕਿਉਂ ਨਹੀਂ ਮਾਰਦੇ ਆਪਣੇ ਫੌਜੀ ਭਰਾਵਾਂ ਲਈ?

ਤੇ ਪਹਿਲਾਂ ਮੁਜ਼ਮਤ ਕਰਨੀ ਹੈ, ਜਿਹੜੇ ਜਾਨੋਂ ਗਏ ਨੇ ਉਨ੍ਹਾਂ ਲਈ ਦੁਆ ਤੇ ਜਿਹੜੇ ਆਪ ਬਚ ਗਏ ਨੇ ਪਰ ਆਪਣੀ ਜਾਨ ਦੇ ਟੋਟੇ ਗੁਆ ਬੈਠੇ ਨੇ ਉਨ੍ਹਾਂ ਲਈ ਸਬਰ ਦੀ ਦੁਆ।

ਰਿਆਸਤ ਕਹਿੰਦੀ ਹੈ ਕਿ ਬਈ ਮੈਂ ਹੁਣ ਕਿਸੇ ਨੂੰ ਨਹੀਂ ਛੱਡਣਾ... ਉਨ੍ਹਾਂ ਲਈ ਵੀ ਸ਼ਾਵਾ।

ਹਕੂਮਤ ਕਹਿੰਦੀ ਹੈ, ਅਸੀਂ ਏਪੀਸੀ ਬੁਲਾਉਣੀ ਹੈ... ਇਹ ਦੁਆ ਕਬੂਲ ਨਹੀਂ ਹੋਣੀ ਲੇਕਿਨ ਏਪੀਸੀ ਲਈ ਵੀ ਇੱਕ ਦੁਆ।

ਹੁਣ, ਸਾਨੂੰ ਕੋਈ ਇੰਨਾ ਦੱਸ ਛੱਡੇ ਕਿ ਜਿਹੜੇ ਇਹ ਲੋਕ, ਬਲੋਚ ਬਾਗ਼ੀ ਬੱਸਾਂ ਰੋਕ ਕੇ, ਟਰੇਨਾਂ ਹਾਈਜੈਕ ਕਰਕੇ, ਸ਼ਨਾਖ਼ਤੀ ਕਾਰਡ ਚੈਕ ਕਰਕੇ ਸਾਡੇ ਬੰਦੇ ਮਾਰਦੇ ਨੇ, ਇਹ ਆਏ ਕਿੱਥੋਂ ਨੇ?

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇਹ ਹਮਲਾਵਰ ਬਲੋਚ ਆਏ ਕਿੱਥੋਂ ਨੇ?

ਹਕੂਮਤ ਕੋਲ ਸਿੱਧਾ ਜਿਹਾ ਜਵਾਬ ਹੈ। ਉਹ ਕਹਿੰਦੀ ਹੈ ਕਿ ਬਈ ਇਹ ਇੰਡੀਆ ਦੇ, ਅਫ਼ਗ਼ਾਨਿਸਤਾਨ ਦੇ, ਤੇ ਪਤਾ ਨਹੀਂ ਹੋਰ ਕਿਹੜੇ-ਕਿਹੜੇ ਮੁਲਕ ਕੇ ਏਜੰਟ ਨੇ।

ਇੰਡੀਆ ਦੀ ਤਾਂ ਸਮਝ ਆਉਂਦੀ ਹੈ, ਉਹ ਸਾਡਾ ਪੁਰਾਣ ਵੈਰੀ ਹੈ ਉਹ ਤੇ ਕਰੇਗਾ ਹੀ। ਤੇ ਅਫ਼ਗ਼ਾਨਿਸਤਾਨ ਤੇ ਸਾਡਾ ਮੁਸਲਮਾਨ ਭਰਾ ਸੀ। ਅਸੀਂ ਕਿੰਨੀਆਂ ਜੰਗਾਂ ਉਨ੍ਹਾਂ ਦੇ ਨਾਲ ਰਲ਼ ਕੇ ਲੜੀਆਂ ਨੇ ਤੇ ਜਿੱਤੀਆਂ ਵੀ ਨੇ। ਤੇ ਉਨ੍ਹਾਂ ਨੇ ਹੁਣ ਸਾਡੇ ਨਾਲ ਬਲੋਚਿਸਤਾਨ 'ਚ ਕਿਉਂ ਸ਼ਰੀਕਾ ਪਾ ਲਿਆ ਹੈ।

ਜਿਹੜੇ ਬਲੋਚਿਸਤਾਨ 'ਚ ਹਾਈਜੈਕ ਹੋਣ ਵਾਲੀ ਟਰੇਨ 'ਚ ਮਾਰੇ ਗਏ ਨੇ, ਉਹ ਵਾਕਈ ਵਿਚਾਰੇ ਮਜ਼ਦੂਰੀ ਕਰਨ ਵਾਲੇ ਸਨ।

ਜਿਨ੍ਹਾਂ ਨੇ ਪਹਾੜੋਂ ਉਤਰ ਕੇ ਮਾਰਿਆ ਹੈ, ਉਹ ਮਾਰਨ ਤੇ ਮਰਨ ਲਈ ਆਏ ਸਨ। ਉਨ੍ਹਾਂ ਨੂੰ ਦਹਿਸ਼ਤਗਰਦ ਕਹਿਣਾ ਹੈ ਤੇ ਕਹਿ ਲਓ। ਮੁਜ਼ਮਤਾਂ ਕਰਨੀਆਂ ਨੇ ਤਾਂ ਕਰੀ ਜਾਓ। ਆਪਰੇਸ਼ਨ ਤੇ ਆਪਰੇਸ਼ਨ ਲਾਂਚ ਕਰੀ ਜਾਓ।

ਮੁਹੰਮਦ ਹਨੀਫ਼
ਤਸਵੀਰ ਕੈਪਸ਼ਨ, ਬਲੋਚਿਸਤਾਨ ਵਿੱਚ ਟਰੇਨ ਹਾਈਜੈਕ ਇੱਤੇ ਮੁਹੰਮਦ ਹਨੀਫ਼ ਦੀ ਟਿੱਪਣੀ

ਬਲੋਚਿਸਤਾਨ ਦੀ ਨਵੀਂ ਬਗ਼ਾਵਤ

ਪਰ ਇਹ ਜਿਹੜੇ ਮੁੰਡੇ ਪਹਾੜਾਂ ਤੋਂ ਉਤਰ ਕੇ ਆਏ ਸਨ, ਇਹ ਪਹਿਲਾਂ ਇੱਥੇ ਸਾਡੇ ਹੀ ਸਕੂਲਾਂ-ਕਾਲਜਾਂ ਵਿੱਚ ਪੜ੍ਹਦੇ ਹੁੰਦੇ ਸਨ।

ਬਲੋਚਿਸਤਾਨ ਦੀ ਇਹ ਨਵੀਂ ਬਗ਼ਾਵਤ ਕੋਈ ਪੰਝੀ (25) ਸਾਲ ਪਹਿਲਾਂ ਸ਼ੁਰੂ ਹੋਈ ਸੀ। ਬਲਕਿ ਸੱਚ ਇਹੀ ਹੈ ਕਿ ਉਦੋਂ ਜਨਰਲ ਮੁਸ਼ਰੱਫ਼ ਨੇ ਬਲੋਚ ਬਜ਼ੁਰਗ ਅਕਬਰ ਬੁਗਤੀ ਨੂੰ ਰਾਕੇਟ ਲਾਂਚਰ ਮਾਰ ਕੇ ਆਪ ਸ਼ੁਰੂ ਕਰਵਾਈ ਸੀ। ਤੇ ਨਾਲ ਸੀਨੇ 'ਤੇ ਹੱਥ ਮਾਰ ਕੇ ਇਹ ਵੀ ਕਿਹਾ ਸੀ - ਦੇਅ ਵਿਲ ਨਾਟ ਨੋਅ ਵਹਟ ਹਿੱਟ ਦੈਮ।

ਹੁਣ ਪੰਝੀ ਵਰ੍ਹਿਆਂ ਬਾਅਦ, ਇਹ ਸਵਾਲ ਥੋੜ੍ਹਾ ਜਿਹਾ ਪੁੱਠਾ ਹੋ ਗਿਆ ਹੈ ਤੇ ਅਸੀਂ ਇੱਕ-ਦੂਜੇ ਨੂੰ ਪੁੱਛਦੇ ਫਿਰਦੇ ਹਾਂ ਬਈ - ਵਹਟ ਜਸਟ ਹਿੱਟ ਅਸ?

ਜਨਰਲ ਮੁਸ਼ਰੱਫ਼

ਤਸਵੀਰ ਸਰੋਤ, Getty Images

ਮੈਂ ਬਲੋਚਿਸਤਾਨ ਦੇ ਕਈ ਦੋਸਤਾਂ ਨੂੰ ਵੇਖਿਆ ਹੈ ਬਈ ਉਨ੍ਹਾਂ ਦਾ ਮੁੰਡਾ ਥੋੜ੍ਹਾ ਜਿਹਾ ਵੱਡਾ ਹੁੰਦਾ ਹੈ, ਕਾਲਜ ਜਾਣ ਦੀ ਉਮਰ ਦਾ ਹੁੰਦਾ ਹੈ ਤੇ ਉਹ ਆਪਣੇ ਮੁੰਡੇ ਨੂੰ ਜਾਂ ਪੰਜਾਬ ਜਾਂ ਸਿੰਧ ਦੇ ਕਿਸੇ ਕਾਲਜ 'ਚ ਭੇਜ ਦਿੰਦੇ ਨੇ।

ਮੈਂ ਪੁੱਛਿਆ 'ਕਿਉਂ'? ਉਨ੍ਹਾਂ ਨੇ ਕਿਹਾ, 'ਇੱਥੇ ਬਲੋਚਿਸਤਾਨ 'ਚ ਮੁੰਡਾ ਕਾਲਜ ਜਾਏਗਾ ਤੇ ਸਿਆਸੀ ਹੋ ਜਾਏਗਾ ਤੇ ਚੁੱਕਿਆ ਜਾਏਗਾ'।

ਜੇ ਸਿਆਸੀ ਨਾ ਵੀ ਹੋਇਆ, ਕਿਸੇ ਸਿਆਸੀ ਨਾਲ ਬਹਿ ਕੇ ਚਾਹ ਪੀ ਲਈ, ਫਿਰ ਵੀ ਚੁੱਕਿਆ ਜਾਏਗਾ।

'ਜੇ ਕੁਝ ਵੀ ਨਾ ਕਰੇ, ਲਾਇਬ੍ਰੇਰੀ ਵਿੱਚ, ਹੌਸਟਲ ਦੇ ਕਮਰੇ ਵਿੱਚ ਇਕੱਲਾ ਬੈਠਾ ਬਲੋਚੀ ਜ਼ਬਾਨ ਦੀ ਕਿਤਾਬ ਪੜ੍ਹ ਰਿਹਾ ਹੋਵੇਗਾ, ਫਿਰ ਵੀ ਚੁੱਕਿਆ ਜਾਵੇਗਾ।'

'ਇਸ ਲਈ ਇਸ ਨੂੰ ਪੰਜਾਬ ਭੇਜ ਦੇਈਦਾ ਹੈ, ਵੀ ਸਾਡਾ ਮੁੰਡਾ ਚੁੱਕਿਆ ਨਾ ਜਾਵੇ।'

'ਜੇ ਤੂੰ ਬਲੋਚ ਐਂ ਤੇ ਚਾਂਸ ਇਹ ਹੈ ਕਿ ਤੂੰ ਇੱਕ ਦਿਨ ਚੁੱਕਿਆ ਜਾਣਾ ਐਂ'

ਟ੍ਰੇਨ ਹਾਈਜੈਕ ਦੌਰਾਨ ਬਚੇ ਯਾਤਰੀ
ਤਸਵੀਰ ਕੈਪਸ਼ਨ, ਟ੍ਰੇਨ ਹਾਈਜੈਕ ਦੌਰਾਨ ਬਚੇ ਯਾਤਰੀ

ਫਿਰ, ਪਿਛਲੇ ਸਾਲਾਂ 'ਚ ਬਲੋਚ ਤਾਲਿਬਾਨ ਪੰਜਾਬ 'ਚੋਂ ਵੀ ਚੁੱਕੇ ਜਾਣ ਲੱਗੇ।

ਤੇ ਬਲੋਚ ਸ਼ਰਮਸਾਰਾਂ ਨੂੰ ਕੋਈ ਐਡੀ ਮਿਹਨਤ ਨਹੀਂ ਕਰਨੀ ਪਈ। ਇਹ ਪੂਰੀ ਨਸਲ, ਜਿਹੜੀ ਪਹਾੜਾਂ 'ਤੇ ਚੜ੍ਹੀ ਹੈ, ਇਹ ਅਸੀਂ ਹੱਥੀਂ ਤਿਆਰ ਕਰਕੇ ਦਿੱਤੀ ਹੈ।

ਜੇ ਮੁੰਡਿਆਂ ਨੂੰ ਛੋਟੀ ਉਮਰ 'ਚ ਹੀ ਸਮਝਾ ਦਿੱਤਾ ਜਾਵੇ, ਵੀ ਤੂੰ ਜਿੰਨਾ ਵੀ ਗ਼ੈਰ-ਸਿਆਸੀ ਹੋ ਜਾਵੇਂ, ਤੂੰ ਜਿੰਨਾ ਵੀ ਪੜ੍ਹਾਕੂ ਹੋ ਜਾਵੇਂ, ਪਾਕਿਸਤਾਨ ਜ਼ਿੰਦਾਬਾਦ ਦੇ ਜਿੰਨੇ ਵੀ ਨਾਅਰੇ ਮਾਰ ਲਵੇਂ, ਅਗਰ ਤੂੰ ਬਲੋਚ ਐਂ ਤੇ ਚਾਂਸ ਇਹ ਹੈ ਕਿ ਤੂੰ ਇੱਕ ਦਿਨ ਚੁੱਕਿਆ ਜਾਣਾ ਐਂ।

ਤੇ ਫਿਰ ਬਾਕੀ ਉਮਰ, ਤੇਰੀਆਂ ਮਾਵਾਂ, ਤੇਰੀਆਂ ਭੈਣਾਂ ਨੇ ਤੇਰੀ ਫੋਟੋ ਚੁੱਕ ਕੇ ਇਹਤਜ਼ਾਜ਼ੀ ਕੈਂਪਾਂ 'ਚ ਬੈਠੇ ਰਹਿਣਾ ਹੈ। ਤੇ ਉਨ੍ਹਾਂ ਦੀ ਵੀ ਕਿਸੇ ਨੇ ਨਹੀਂ ਸੁਣਨੀ।

ਪਹਾੜਾਂ ਦਾ ਰਾਹ ਅਸੀਂ ਆਪ ਵਿਖਾਇਆ ਹੈ। ਬਾਕੀ ਜ਼ਹਿਰ ਭਰਨ ਲਈ ਵੈਰੀਆਂ ਦਾ ਸਾਨੂੰ ਪਹਿਲਾਂ ਤੋਂ ਹੀ ਕੋਈ ਘਾਟਾ ਨਹੀਂ ਰਿਹਾ।

ਕਦੇ ਧਰਤੀ ਨਾਲ ਕੰਨ ਲਾ ਕੇ ਉਸਦੀ ਗੱਲ ਵੀ ਸੁਣੋ

ਉੱਤੋਂ, ਉਹ ਰੌਲ਼ਾ ਇਹ ਵੀ ਪਾਉਂਦੇ ਨੇ ਵੀ ਇਸ ਧਤਰੀ 'ਤੇ ਬੈਠੇ ਜਿਹੜੇ ਮੁਜ਼ਮਤਾਂ ਨਹੀਂ ਕਰਦੇ, ਉਹ ਵੀ ਦਹਿਸ਼ਤਗਰਦ ਨੇ।

ਧਰਤੀ ਨਾਲ ਇੰਨਾ ਪਿਆਰ ਹੈ ਕਿ ਉਹਦੇ ਲਈ ਜਾਨ ਦੇਣ ਲਈ ਵੀ ਤਿਆਰ ਨੇ ਤੇ ਜਾਨ ਲੈਣ ਲਈ ਵੀ।

ਲੇਕਿਨ ਕਦੇ-ਕਦੇ ਇਹ ਵੀ ਸੋਚਣਾ ਚਾਹੀਦਾ ਹੈ ਕਿ ਜਿਹੜੀਆਂ ਗੱਲਾਂ ਪੰਝੀ ਵਰ੍ਹੇ ਪਹਿਲੇ ਕਦੀ ਤੁਰਬਤ 'ਚ, ਕਦੀ ਬੋਲਾਨ ਦੀਆਂ ਬੈਠਕਾਂ 'ਚ ਹੁੰਦੀਆਂ ਸਨ, ਉਹੀ ਗੱਲਾਂ ਹੁਣ ਲਾਇਲਪੁਰ ਅਤੇ ਬੁਰੇਆਲੇ ਕਿਉਂ ਸ਼ੁਰੂ ਹੋ ਗਈਆਂ ਨੇ।

ਜੇ ਧਰਤੀ ਨਾਲ ਐਡਾ ਹੀ ਪਿਆਰ ਹੈ ਤਾਂ ਕਦੇ-ਕਦੇ ਧਰਤੀ ਨਾਲ ਕੰਨ ਲਾ ਕੇ ਇਹ ਵੀ ਸੁਣਨਾ ਚਾਹੀਦਾ ਹੈ ਕਿ ਧਰਤੀ ਕਹਿੰਦੀ ਕੀ ਪਈ ਹੈ।

ਰੱਬ ਰਾਖਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)