ਬਾਘਾਂ ਦਾ ਸ਼ਿਕਾਰ ਕਰਨ ਵਾਲੀ ਮੁਸਲਿਮ ਮਹਾਰਾਣੀ 37 ਸਾਲ ਦੀ ਉਮਰ ’ਚ ਪਾਕਿਸਤਾਨ ਕਿਉਂ ਚਲੀ ਗਈ

ਅਬੀਦਾ ਸੁਲਤਾਨ

ਤਸਵੀਰ ਸਰੋਤ, Shams Ur Rehman Alavi

ਤਸਵੀਰ ਕੈਪਸ਼ਨ, ਅਬੀਦਾ ਸੁਲਤਾਨ ਭੋਪਾਲ ਦੇ ਆਖ਼ਰੀ ਨਵਾਬ ਹਮੀਦੁੱਲਾ ਖ਼ਾਨ ਦੀ ਸਭ ਤੋਂ ਵੱਡੀ ਧੀ ਸੀ
    • ਲੇਖਕ, ਸ਼ਰਲਿਨ ਮੋਲਨ
    • ਰੋਲ, ਬੀਬੀਸੀ ਪੱਤਰਕਾਰ

ਅਬੀਦਾ ਸੁਲਤਾਨ ਕਿਸੇ ਆਮ ਮਹਾਰਾਣੀ ਵਾਂਗ ਨਹੀਂ ਸਨ।

ਉਹ ਆਪਣੇ ਵਾਲ ਛੋਟੇ ਰੱਖਦੇ ਸਨ। ਬਾਘਾਂ ਦਾ ਸ਼ਿਕਾਰ ਕਰਦੇ ਅਤੇ ਏਸ ਪੋਲੋ ਦੇ ਖਿਡਾਰਨ ਸਨ। ਉਹ ਨੌਂ ਸਾਲਾਂ ਦੀ ਉਮਰ ਤੋਂ ਹੀ ਜਹਾਜ਼ਾਂ ਨੂੰ ਉਡਾਉਣ ਅਤੇ ਰੋਲਸ-ਰਾਇਸ ਵਿੱਚ ਘੁੰਮਣ ਲੱਗੇ ਸਨ।

ਅਬੀਦਾ ਦਾ ਜਨਮ 1913 ਵਿੱਚ ਬਹਾਦਰ 'ਬੇਗਮਾਂ' (ਉੱਚ ਦਰਜੇ ਦੀ ਇੱਕ ਮੁਸਲਿਮ ਔਰਤ) ਦੇ ਪਰਿਵਾਰ ਵਿੱਚ ਹੋਇਆ।

ਇਸ ਪਰਿਵਾਰ ਨੇ ਬ੍ਰਿਟਿਸ਼ ਭਾਰਤ ਵਿੱਚ ਉੱਤਰੀ ਰਿਆਸਤ ਭੋਪਾਲ 'ਤੇ ਇੱਕ ਸਦੀ ਤੋਂ ਵੀ ਵੱਧ ਸਮੇਂ ਤੱਕ ਰਾਜ ਕੀਤਾ ਸੀ।

ਅਬੀਦਾ ਨੇ ਮੁੱਖ ਤੌਰ 'ਤੇ ਔਰਤਾਂ ਅਤੇ ਖ਼ਾਸ ਤੌਰ 'ਤੇ ਮੁਸਲਿਮ ਔਰਤਾਂ ਦੇ ਆਲੇ ਦੁਆਲੇ ਬਣੀਆਂ ਰੂੜ੍ਹੀਵਾਦੀ ਧਾਰਨਾਵਾਂ ਨੂੰ ਨਕਾਰਨ ਦੀ ਆਪਣੀ ਵਿਰਾਸਤ ਨੂੰ ਜਾਰੀ ਰੱਖਿਆ।

ਉਨ੍ਹਾਂ ਨੇ ਪਰਦੇ ਵਿੱਚ ਰਹਿਣ ਨੂੰ ਨਕਾਰਿਆ। ਪਰਦੇ ਵਿੱਚ ਰਹਿਣਾ ਇੱਕ ਅਭਿਆਸ ਹੈ, ਜੋ ਕਿ ਮੁਸਲਮਾਨ ਅਤੇ ਕੁਝ ਹਿੰਦੂ ਔਰਤਾਂ ਦੁਆਰਾ ਆਪਣੇ ਆਪ ਨੂੰ ਛੁਪਾਉਣ ਵਾਲੇ ਕੱਪੜੇ ਪਹਿਨਣਾ ਅਤੇ ਮਰਦਾਂ ਤੋਂ ਅਲੱਗ ਰੱਖਣ ਤੋਂ ਹੈ। ਉਹ 15 ਸਾਲ ਦੀ ਉਮਰ ਵਿੱਚ ਗੱਦੀ ਦੇ ਵਾਰਸ ਬਣ ਗਏ ਸਨ।

ਅਬੀਦਾ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਆਪਣੇ ਪਿਤਾ ਦੇ ਮੰਤਰੀ ਮੰਡਲ ਨੂੰ ਚਲਾਇਆ।

ਭਾਰਤ ਦੀ ਅਜ਼ਾਦੀ ਲਹਿਰ ਵਿੱਚ ਪ੍ਰਮੁੱਖ ਆਜ਼ਾਦੀ ਘੁਲਾਟੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕੀਤਾ ਅਤੇ ਆਖ਼ਰਕਾਰ 1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਹੋਂਦ ਵਿੱਚ ਆਇਆ, ਜਿਸ ਵਿੱਚ ਦੇਸ ਦੇ ਟੁੱਟਣ ਤੋਂ ਬਾਅਦ ਨਫ਼ਰਤ ਅਤੇ ਹਿੰਸਾ ਦਾ ਇੱਕ ਭਿਆਨਕ ਦ੍ਰਿਸ਼ ਦੇਖਣ ਨੂੰ ਮਿਲਿਆ।

ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਭੋਪਾਲ ਦੀ ਸ਼ਾਸਕ ਅਤੇ ਸਖ਼ਤ ਅਨੁਸ਼ਾਸਨਿਕ ਸੁਭਾਅ ਵਾਲੀ ਉਨ੍ਹਾਂ ਦੀ ਦਾਦੀ ਸੁਲਤਾਨ ਜਹਾਂ ਦੀ ਅਗਵਾਈ ਵਿੱਚ ਸ਼ਾਸਨ ਦਾ ਕਾਰਜਭਾਰ ਸੰਭਾਲਣ ਲਈ ਤਿਆਰ ਕੀਤਾ ਗਿਆ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਉਨ੍ਹਾਂ ਦੀ 2004 ਦੀ ਸਵੈ-ਜੀਵਨੀ “ਮੈਮਰੀਜ਼ ਆਫ਼ ਏ ਰਿਬੈੱਲ ਪ੍ਰਿੰਸੈਸ” ਵਿੱਚ ਅਬੀਦਾ ਲਿਖਦੇ ਹਨ ਕਿ ਕਿਵੇਂ ਉਨ੍ਹਾਂ ਨੂੰ ਇਸਲਾਮ ਦੀ ਧਾਰਮਿਕ ਪੁਸਤਕ ਕੁਰਾਨ ਨੂੰ ਪੜ੍ਹਨ ਲਈ ਸਵੇਰੇ ਚਾਰ ਵਜੇ ਉੱਠਣਾ ਪੈਂਦਾ ਸੀ ਅਤੇ ਫਿਰ ਦਿਨ ਵਿੱਚ ਖੇਡਣ ਦਾ ਅਭਿਆਸ, ਸੰਗੀਤ ਅਤੇ ਘੋੜ ਸਵਾਰੀ ਦੇ ਨਾਲ-ਨਾਲ ਫਰਸ਼ ਅਤੇ ਬਾਥਰੂਮਾਂ ਦੀ ਸਫ਼ਾਈ ਕਰਨ ਵਰਗੇ ਕੰਮ ਵੀ ਕਰਨੇ ਪੈਂਦੇ ਸਨ।

ਉਨ੍ਹਾਂ ਨੇ ਆਪਣੇ ਬਚਪਨ ਬਾਰੇ ਇੱਕ ਇੰਟਰਵਿਊ ਵਿੱਚ ਕਿਹਾ, "ਸਾਨੂੰ ਕਿਸੇ ਵੀ ਪੱਖੋਂ ਵੀ ਘੱਟ ਮਹਿਸੂਸ ਕਰਨ ਦੀ ਇਜਾਜ਼ਤ ਨਹੀਂ ਸੀ। ਸਭ ਨੂੰ ਬਰਾਬਰ ਸਮਝਿਆ ਜਾਂਦਾ ਸੀ। ਸਾਡੇ ਕੋਲ ਉਹ ਸਾਰੀ ਆਜ਼ਾਦੀ ਸੀ ਜੋ ਇੱਕ ਮੁੰਡੇ ਕੋਲ ਹੁੰਦੀ ਸੀ। ਅਸੀਂ ਸਵਾਰੀ ਕਰ ਸਕਦੇ ਸਨ, ਦਰੱਖਤਾਂ 'ਤੇ ਚੜ੍ਹ ਸਕਦੇ ਸਨ ਅਤੇ ਕੋਈ ਵੀ ਖੇਡ ਨੂੰ ਖੇਡ ਸਕਦੇ ਸਨ। ਸਾਨੂੰ ਕੋਈ ਪਾਬੰਦੀ ਨਹੀਂ ਸੀ।"

ਅਬੀਦਾ ਨੇ ਬਚਪਨ ਵਿੱਚ ਹੀ ਅਜ਼ਾਦੀ ਲਈ ਜਦੋਜ਼ਹਿਦ ਕੀਤੀ। ਉਨ੍ਹਾਂ ਨੂੰ 13 ਸਾਲ ਦੀ ਉਮਰ ਵਿੱਚ ਪਰਦੇ ਵਿੱਚ ਰਹਿਣ ਲਈ ਕਿਹਾ ਸੀ ਤਾਂ ਉਨ੍ਹਾਂ ਨੇ ਆਪਣੀ ਦਾਦੀ ਦੇ ਵਿਰੁੱਧ ਹੀ ਬਗ਼ਾਵਤ ਕਰ ਦਿੱਤੀ।

ਉਨ੍ਹਾਂ ਦੇ ਪਿਤਾ ਦੀ ਉਦਾਰ ਸੋਚ ਅਤੇ ਉਨ੍ਹਾਂ ਦੇ ਬਾਗ਼ੀ ਸੁਭਾਅ ਨੇ ਬਾਕੀ ਜ਼ਿੰਦਗੀ ਲਈ ਪਰਦੇ ਤੋਂ ਬਚਣ ਵਿੱਚ ਸਹਾਇਤਾ ਕੀਤੀ।

ਅਬੀਦਾ

ਤਸਵੀਰ ਸਰੋਤ, Shams Ur Rehman Alavi

ਤਸਵੀਰ ਕੈਪਸ਼ਨ, ਅਬੀਦਾ ਇੱਕ ਨਿਪੁੰਨ ਪੋਲੋ ਖਿਡਾਰੀ ਅਤੇ ਨਿਸ਼ਾਨੇਬਾਜ਼ ਸਨ

12 ਸਾਲ ਦੀ ਉਮਰ ਵਿੱਚ ਵਿਆਹ

ਪਹਿਲਾਂ ਹੀ ਭੋਪਾਲ ਦੀ ਗੱਦੀ ਦੀ ਵਾਰਸ ਅਬੀਦਾ ਨੂੰ ਗੁਆਂਢੀ ਰਿਆਸਤ ਕੁਰਵਾਈ ਦੇ ਸ਼ਾਹੀ ਪਰਿਵਾਰ ਦਾ ਹਿੱਸਾ ਬਣਨ ਦਾ ਮੌਕਾ ਵੀ ਮਿਲਿਆ।

ਉਨ੍ਹਾਂ ਦਾ ਵਿਆਹ 12 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਬਚਪਨ ਦੇ ਦੋਸਤ ਅਤੇ ਕੁਰਵਈ ਦੇ ਸ਼ਾਸਕ ਸਰਵਰ ਅਲੀ ਖ਼ਾਨ ਨਾਲ ਹੋਇਆ। ਉਨ੍ਹਾਂ ਨੇ ਆਪਣੀ ਯਾਦਾਂ ਦੇ ਮਜ਼ੇਦਾਰ ਵੇਰਵਿਆਂ ਵਿੱਚ ਆਪਣੇ ਵਿਆਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਅਣਜਾਣ ਸਨ।

ਉਹ ਲਿਖਦੇ ਹਨ ਕਿ ਕਿਵੇਂ ਇੱਕ ਦਿਨ ਜਦੋਂ ਉਹ ਆਪਣੇ ਚਚੇਰੇ ਭਰਾਵਾਂ ਨਾਲ ਸਿਰਹਾਣਿਆਂ ਨਾਲ ਲੜ ਰਹੇ ਸੀ ਤਾਂ ਉਨ੍ਹਾਂ ਦੀ ਦਾਦੀ ਕਮਰੇ ਵਿੱਚ ਆਏ ਅਤੇ ਵਿਆਹ ਲਈ ਤਿਆਰ ਹੋਣ ਲਈ ਕਿਹਾ ਅਤੇ ਕਿਸੇ ਨੇ ਇਹ ਵੀ ਨਹੀਂ ਦੱਸਿਆ ਕਿ ਉਹ ਹੀ ਲਾੜੀ ਸਨ।

ਉਹ ਲਿਖਦੇ ਹਨ, "ਕਿਸੇ ਨੇ ਮੈਨੂੰ ਆਪਣੇ ਆਪ ਨੂੰ ਸੰਭਾਲਣ ਦੇ ਦਿਸ਼ਾ-ਨਿਰਦੇਸ਼ ਨਹੀਂ ਦਿੱਤੇ ਸਨ। ਨਤੀਜੇ ਵਜੋਂ ਮੈਂ ਵਿਆਹ ਵਿੱਚ ਇਕੱਠੀਆਂ ਹੋਈਆਂ ਔਰਤਾਂ ਨੂੰ ਆਪਣੇ ਰਸਤੇ ਤੋਂ ਦੂਰ ਕਰਦੀ ਹੋਈ ਅੱਗੇ ਵੱਧੀ। ਮੇਰਾ ਚਿਹਰਾ ਬੇਪਰਦ ਸੀ ਅਤੇ ਦੁਬਾਰਾ ਕਿਸੇ ਨਵੇਂ ਪ੍ਰਯੋਗ ਲਈ ਚੁਣੇ ਜਾਣ ਤੋਂ ਸ਼ਾਂਤ ਅਤੇ ਉਦਾਸ ਸੀ।"

ਅਬੀਦਾ ਦਾ ਵਿਆਹ ਦਹਾਕੇ ਤੋਂ ਵੀ ਘੱਟ ਸਮੇਂ ਤੱਕ ਚੱਲਿਆ।

ਅਬੀਦਾ

ਅਬੀਦਾ ਲਈ ਵਿਆਹੁਤਾ ਜੀਵਨ ਮੁਸ਼ਕਲ ਸੀ। ਜਿਸ ਦਾ ਕਾਰਨ ਸਿਰਫ ਉਨ੍ਹਾਂ ਦੀ ਛੋਟੀ ਉਮਰ ਹੀ ਨਹੀਂ ਬਲਕਿ ਉਨ੍ਹਾਂ ਦਾ ਸਖ਼ਤ ਪਾਲ਼ਣ-ਪੋਸਣ ਸੀ। ਉਹ ਸਪੱਸ਼ਟ ਤੌਰ 'ਤੇ ਦੱਸਦੇ ਹਨ ਕਿ ਕਿਵੇਂ ਸੈਕਸ ਬਾਰੇ ਗਿਆਨ ਦੀ ਘਾਟ ਅਤੇ ਬੇਅਰਾਮੀ ਨੇ ਉਨ੍ਹਾਂ ਦੇ ਵਿਆਹ ਨੂੰ ਪ੍ਰਭਾਵਿਤ ਕੀਤਾ ਸੀ।

ਉਹ ਲਿਖਦੇ ਹਨ, "ਮੇਰੇ ਵਿਆਹ ਤੋਂ ਤੁਰੰਤ ਬਾਅਦ ਹੀ ਮੈਂ ਵਿਆਹੁਤਾ ਸਦਮੇ ਵਿੱਚ ਦਾਖ਼ਲ ਹੋ ਗਈ ਸੀ। ਮੈਨੂੰ ਇਹ ਅਹਿਸਾਸ ਨਹੀਂ ਸੀ ਕਿ ਇਸ ਦੀ ਸੰਪੂਰਨਤਾ ਤੋਂ ਬਾਅਦ ਮੈ ਇੰਨੀ ਡਰਾਉਣੀ, ਸੁੰਨ ਅਤੇ ਬੇਚੈਨ ਮਹਿਸੂਸ ਕਰਾਂਗੀ।"

ਉਹ ਅੱਗੇ ਕਹਿੰਦੇ ਹਨ ਕਿ ਉਹ ਕਦੇ ਵੀ ਪਤੀ ਅਤੇ ਪਤਨੀ ਵਿਚਕਾਰ ਵਿਆਹੁਤਾ ਸਬੰਧਾਂ ਨੂੰ ਸਵੀਕਾਰ ਨਹੀਂ ਕਰ ਸਕੀ ਸੀ। ਜੋ ਕਿ ਅਖੀਰ ਵਿਆਹ ਦੇ ਟੁੱਟਣ ਦਾ ਕਾਰਨ ਬਣਿਆ ਸੀ।

ਇਤਿਹਾਸਕਾਰ ਸਿਓਭਾਨ ਲੈਂਬਰਟ-ਹਾਰਲੇ ਨੇ ਦੱਖਣੀ ਏਸ਼ੀਆ ਵਿੱਚ ਮੁਸਲਿਮ ਔਰਤਾਂ ਨੇੜਤਾ ਅਤੇ ਲਿੰਗਕਤਾ ਬਾਰੇ ਸਵੈ-ਜੀਵਨੀ ਬਾਰੇ ਆਪਣੇ ਪੇਪਰ ਵਿੱਚ ਕਿਹਾ ਸੀ ਕਿ ਕਿਵੇਂ ਅਬੀਦਾ ਦੇ ਆਪਣੇ ਪਤੀ ਨਾਲ ਜਿਨਸੀ ਨੇੜਤਾ ਬਾਰੇ ਇਮਾਨਦਾਰ ਵਰਨਣ ਇਸ ਰੂੜ੍ਹੀਵਾਦ ਨੂੰ ਤੋੜਦਾ ਹੈ ਕਿ ਮੁਸਲਿਮ ਔਰਤਾਂ ਸੈਕਸ ਬਾਰੇ ਨਹੀਂ ਲਿਖਦੀਆਂ ਹਨ।

ਅਬੀਦਾ ਨੇ ਵਿਆਹ ਟੁੱਟਣ ਤੋਂ ਬਾਅਦ ਕੁਰਵਾਈ ਦੇ ਆਪਣੇ ਸਹੁਰੇ ਘਰ ਨੂੰ ਛੱਡ ਦਿੱਤਾ ਅਤੇ ਵਾਪਸ ਭੋਪਾਲ ਚਲੇ ਗਏ ਸਨ ਪਰ ਉਨ੍ਹਾਂ ਦਾ ਇਕਲੌਤਾ ਪੁੱਤਰ ਸ਼ਹਿਰਯਾਰ ਮੁਹੰਮਦ ਖ਼ਾਨ ਦੀ ਹਵਾਲਗੀ ਵਿਵਾਦ ਦਾ ਵਿਸ਼ਾ ਬਣ ਗਈ ਸੀ।

ਇਹ ਵੀ ਪੜ੍ਹੋ-

ਅਬੀਦਾ ਨੇ ਲੜਾਈ ਤੋਂ ਨਿਰਾਸ਼ ਹੋ ਕੇ ਆਪਣੇ ਬੇਟੇ ਨਾਲ ਵੱਖ ਹੋਣ ਦੀ ਇੱਛਾ ਨਾ ਰੱਖਦੇ ਹੋਏ ਇੱਕ ਦਲੇਰ ਕਦਮ ਚੁੱਕਿਆ।

ਅਬੀਦਾ ਨੇ ਮਾਰਚ 1935 ਦੀ ਇੱਕ ਰਾਤ ਨੂੰ ਕੁਰਵਾਈ ਵਿੱਚ ਆਪਣੇ ਪਤੀ ਦੇ ਘਰ ਪਹੁੰਚਣ ਲਈ ਸਿੱਧੇ ਤਿੰਨ ਘੰਟੇ ਗੱਡੀ ਚਲਾਈ। ਉਹ ਬੈੱਡਰੂਮ ਵਿੱਚ ਦਾਖ਼ਲ ਹੋਏ ਅਤੇ ਇੱਕ ਰਿਵਾਲਵਰ ਕੱਢ ਆਪਣੇ ਪਤੀ ਦੀ ਗੋਦੀ ਵਿੱਚ ਸੁੱਟਦਿਆ ਕਿਹਾ ਕਿ "ਮੈਨੂੰ ਗੋਲੀ ਮਾਰ ਦਿਓ ਜਾਂ ਮੈਂ ਤੁਹਾਨੂੰ ਗੋਲੀ ਮਾਰ ਦਿਆਂਗੀ।"

ਇਸ ਟਕਰਾਅ ਦੀ ਘਟਨਾ ਵਿੱਚ ਅਬੀਦਾ ਜੇਤੂ ਰਹੇ ਸਨ ਅਤੇ ਉਨ੍ਹਾਂ ਨੇ ਬੱਚੇ ਦੀ ਹਵਾਲਗੀ ਦੇ ਵਿਵਾਦ ਨੂੰ ਖ਼ਤਮ ਕਰ ਦਿੱਤਾ।

ਉਨ੍ਹਾਂ ਨੇ ਗੱਦੀ ਦੇ ਵਾਰਸ ਵਜੋਂ ਆਪਣੇ ਫਰਜ਼ਾਂ ਨੂੰ ਨਿਭਾਉਂਦਿਆਂ ਹੋਇਆ, ਨਾਲ ਹੀ ਆਪਣੇ ਪੁੱਤਰ ਦਾ ਇਕੱਲੀ ਮਾਂ ਵਜੋਂ ਪਾਲਣ-ਪੋਸ਼ਣ ਵੀ ਕੀਤਾ। ਉਨ੍ਹਾਂ ਨੇ 1935 ਤੋਂ 1949 ਤੱਕ ਆਪਣੇ ਸੂਬੇ ਦੀ ਕੈਬਨਿਟ ਨੂੰ ਚਲਾਇਆ। ਜਿਸ ਮਗਰੋਂ ਭੋਪਾਲ ਨੂੰ ਮੱਧ ਪ੍ਰਦੇਸ਼ ਵਿੱਚ ਸ਼ਾਮਲ ਕਰ ਦਿੱਤਾ ਗਿਆ ਸੀ।

ਅਬੀਦਾ ਬ੍ਰਿਟਿਸ਼ ਸਰਕਾਰ ਦੁਆਰਾ ਭਾਰਤ ਦੀ ਸਰਕਾਰ ਦਾ ਫ਼ੈਸਲਾ ਕਰਨ ਲਈ ਬੁਲਾਈਆਂ ਗਈਆਂ ਕਾਨਫਰੰਸਾਂ ਵਿੱਚ ਵੀ ਸ਼ਾਮਲ ਹੋਈ।

ਇਸ ਦੌਰਾਨ ਉਨ੍ਹਾਂ ਨੇ ਮਹਾਤਮਾ ਗਾਂਧੀ, ਮੋਤੀ ਲਾਲ ਨਹਿਰੂ ਅਤੇ ਉਨ੍ਹਾਂ ਦੇ ਪੁੱਤਰ ਜਵਾਹਰ ਲਾਲ ਨਹਿਰੂ ਵਰਗੇ ਪ੍ਰਭਾਵਸ਼ਾਲੀ ਨੇਤਾਵਾਂ ਨਾਲ ਮੁਲਾਕਾਤ ਕੀਤੀ। ਜੋ ਕਿ ਅਜ਼ਾਦੀ ਮਗਰੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ।

ਉਨ੍ਹਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਵਿਗੜੇ ਰਿਸ਼ਤਿਆਂ ਅਤੇ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਭੜਕੀ ਹਿੰਸਾ ਦਾ ਵੀ ਅਨੁਭਵ ਕੀਤਾ।

ਅਬੀਦਾ

ਤਸਵੀਰ ਸਰੋਤ, Shams Ur Rehman Alavi

ਤਸਵੀਰ ਕੈਪਸ਼ਨ, ਅਬੀਦਾ 1950 ਵਿੱਚ ਪਾਕਿਸਤਾਨ ਪ੍ਰਵਾਸ ਕਰ ਗਏ ਸਨ

ਪਾਕਿਸਤਾਨ ਜਾਣ ਲਈ ਮਜਬੂਰ

ਅਬੀਦਾ ਆਪਣੀ ਯਾਦ ਵਿੱਚ ਭੋਪਾਲ ਵਿੱਚ ਹੋਏ ਵਿਤਕਰੇ ਦਾ ਵੀ ਵਰਣਨ ਕਰਦੇ ਹਨ। ਜਦੋਂ ਪੀੜ੍ਹੀਆਂ ਤੋਂ ਸ਼ਾਂਤੀ ਨਾਲ ਰਹਿੰਦਾ ਉਨ੍ਹਾਂ ਦਾ ਪਰਿਵਾਰ ਬਾਹਰੀ ਮੰਨਿਆ ਜਾਣ ਲੱਗਾ ਸੀ।

ਆਪਣੇ ਇੰਟਰਵਿਊ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿੱਚਕਾਰ ਭੜਕੀ ਹਿੰਸਾ ਦੀ ਪਰੇਸ਼ਾਨ ਕਰਨ ਵਾਲੀ ਯਾਦ ਬਾਰੇ ਗੱਲ ਕਰਦੇ ਦੱਸਦੇ ਹਨ।

ਭਾਰਤ ਸਰਕਾਰ ਨੇ ਜਦੋਂ ਮੁਸਲਮਾਨ ਸ਼ਰਨਾਰਥੀਆਂ ਨੂੰ ਲੈ ਕੇ ਇੱਕ ਰੇਲਗੱਡੀ ਦੇ ਭੋਪਾਲ ਪਹੁੰਚਣ ਬਾਰੇ ਦੱਸਿਆ ਤਾਂ ਉਹ ਨਿਗਰਾਨੀ ਲਈ ਰੇਲਵੇ ਸਟੇਸ਼ਨ ਪਹੁੰਚ ਗਏ ਸਨ।

ਉਨ੍ਹਾਂ ਨੇ ਕਿਹਾ, "ਜਦੋਂ ਰੇਲਗੱਡੀ ਦੇ ਡੱਬੇ ਖੋਲ੍ਹੇ ਗਏ ਤਾਂ ਸਭ ਮਰੇ ਹੋਏ ਸਨ।"

ਉਹ ਦੱਸਦੇ ਹਨ ਕਿ ਇਹ ਹਿੰਸਾ ਅਤੇ ਬੋਭਰੋਸਗੀ ਹੀ ਸੀ ਜਿਸ ਨੇ ਉਨ੍ਹਾਂ ਨੂੰ 1950 ਵਿੱਚ ਪਾਕਿਸਤਾਨ ਜਾਣ ਲਈ ਮਜਬੂਰ ਕੀਤਾ ਸੀ।

ਅਬੀਦਾ ਆਪਣੇ ਪੁੱਤਰ ਦੇ ਨਾਲ ਚੁੱਪ-ਚੁਪੀਤੇ ਸੁਨਹਿਰੇ ਭਵਿੱਖ ਦੀ ਉਮੀਦ ਨਾਲ ਪਾਕਿਸਤਾਨ ਚਲੇ ਗਏ ਸਨ। ਪਾਕਿਸਤਾਨ ਵਿੱਚ ਉਨ੍ਹਾਂ ਨੇ ਆਪਣੀ ਰਾਜਨੀਤੀ ਦੇ ਜ਼ਰੀਏ ਲੋਕਤੰਤਰ ਅਤੇ ਔਰਤਾਂ ਦੇ ਅਧਿਕਾਰਾਂ ਦਾ ਸਮਰਥਨ ਕੀਤਾ। ਅਬਿਦਾ ਦੀ 2002 ਵਿੱਚ ਕਰਾਚੀ ਵਿੱਚ ਮੌਤ ਹੋ ਗਈ ਸੀ।

ਭਾਰਤ ਸਰਕਾਰ ਨੇ ਅਬੀਦਾ ਦੇ ਪਾਕਿਸਤਾਨ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੀ ਭੈਣ ਨੂੰ ਗੱਦੀ ਦਾ ਵਾਰਸ ਬਣਾ ਦਿੱਤਾ ਸੀ ਪਰ ਅਬੀਦਾ ਅਜੇ ਵੀ ਭੋਪਾਲ ਵਿੱਚ ਜਾਣੇ ਜਾਂਦੇ ਹਨ। ਜਿੱਥੇ ਲੋਕ ਉਨ੍ਹਾਂ ਦਾ ਜ਼ਿਕਰ ਉਪ ਨਾਮ 'ਬਿਆ ਹੁਜ਼ੂਰ' ਨਾਲ ਕਰਦੇ ਹਨ।

ਭੋਪਾਲ ਦੀਆਂ ਮਹਿਲਾ ਸ਼ਾਸਕਾਂ ਬਾਰੇ ਖੋਜ ਕਰ ਰਹੇ ਪੱਤਰਕਾਰ ਸ਼ਮਸ ਉਰ ਰਹਿਮਾਨ ਅਲਵੀ ਕਹਿੰਦੇ ਹਨ, "ਪਿਛਲੇ ਕੁਝ ਸਾਲਾਂ ਤੋਂ ਧਾਰਮਿਕ ਰਾਜਨੀਤੀ ਨੇ ਉਨ੍ਹਾਂ ਦੀ ਵਿਰਾਸਤ ਨੂੰ ਸੱਟ ਪਹੁੰਚਾਈ ਹੈ ਅਤੇ ਅੱਜ ਦੇ ਸਮੇਂ ਉਨ੍ਹਾਂ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਜਾਂਦੀ।"

"ਪਰ ਉਨ੍ਹਾਂ ਦਾ ਨਾਮ ਜਲਦੀ ਭੁਲਾਏ ਜਾਣ ਦੀ ਸੰਭਾਵਨਾ ਨਹੀਂ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)