ਲਾਹੌਰ ਵਿੱਚ 41 ਏਕੜ 'ਚ ਫੈਲੇ 80 ਫੁੱਟ ਉੱਚੇ ਕੂੜੇ ਦੇ ਪਹਾੜ ਦੀ ਬਦਬੂ ਤੋਂ ਆਖ਼ਰ ਕਿਵੇਂ ਮਿਲਿਆ ਛੁਟਕਾਰਾ

ਕੂੜੇ ਦਾ ਪਹਾੜ
    • ਲੇਖਕ, ਉਮਰ ਦਰਾਜ਼ ਨੰਗਿਆਣਾ
    • ਰੋਲ, ਬੀਬੀਸੀ ਉਰਦੂ, ਲਾਹੌਰ

ਕੁਝ ਸਮਾਂ ਪਹਿਲਾਂ ਤੱਕ, ਲਾਹੌਰ ਦੇ ਰਿੰਗ ਰੋਡ ਤੋਂ ਲੰਘਦੇ ਸਮੇਂ ਇੱਕ ਅਜਿਹੀ ਥਾਂ ਹੁੰਦੀ ਸੀ ਜਿੱਥੋਂ ਦੂਰੋਂ ਹੀ ਇੱਕ ਖ਼ਤਰਨਾਕ ਬਦਬੂ ਆਉਣ ਲੱਗ ਪੈਂਦੀ ਸੀ। ਇਹ ਬਦਬੂ ਹੀ ਤੁਹਾਨੂੰ ਦੱਸ ਦਿੰਦੀ ਸੀ ਕਿ ਤੁਸੀਂ ਮਹਿਮੂਦ ਬੂਟੀ ਦੇ ਇਲਾਕੇ ਦੇ ਨੇੜੇ ਪਹੁੰਚ ਗਏ ਹੋ।

ਮਹਿਮੂਦ ਬੂਟੀ, ਲਾਹੌਰ ਵਿੱਚ ਇੱਕ ਲੈਂਡਫਿਲ ਸਾਈਟ ਸੀ ਜਿੱਥੇ ਕੂੜੇ ਦਾ ਪਹਾੜ ਲਗਭਗ 80 ਫੁੱਟ ਉੱਚਾ ਹੋ ਚੁੱਕਿਆ ਸੀ। ਕਈ ਸਾਲਾਂ ਤੋਂ ਲਾਹੌਰ ਸ਼ਹਿਰ ਤੋਂ ਇਕੱਠੇ ਕੀਤੇ ਗਏ 14 ਮਿਲੀਅਨ ਟਨ ਕੂੜੇ ਦਾ ਇਹ ਢੇਰ ਲਗਭਗ 41 ਏਕੜ ਵਿੱਚ ਫੈਲਿਆ ਹੋਇਆ ਸੀ।

ਬਦਬੂ ਇੱਕ ਗੰਭੀਰ ਸਮੱਸਿਆ ਸੀ, ਪਰ ਇਸ ਤੋਂ ਵੀ ਵੱਡੀ ਸਮੱਸਿਆ ਸੀ ਉਸ ਕੁੜੇ ਦੇ ਪਹਾੜ ਵਿੱਚੋਂ ਨਿਕਲ ਰਹੀ ਖ਼ਤਰਨਾਕ ਗੈਸ - ਇਹ ਗੈਸ ਮੀਥੇਨ ਸੀ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜਲਵਾਯੂ ਪਰਿਵਰਤਨ ਲਈ ਮਿਥੇਨ ਗੈਸ ਨੂੰ ਕਾਰਬਨ ਡਾਈਆਕਸਾਈਡ ਨਾਲੋਂ ਕਈ ਗੁਣਾ ਜ਼ਿਆਦਾ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਜੇਕਰ ਮੀਥੇਨ ਅਤੇ ਕਾਰਬਨ ਡਾਈਆਕਸਾਈਡ ਦੋਵੇਂ ਹੀ 20 ਸਾਲਾਂ ਤੱਕ ਵਾਯੂਮੰਡਲ ਵਿੱਚ ਰਹਿੰਦੇ ਹਨ, ਤਾਂ ਧਰਤੀ ਨੂੰ ਗਰਮ ਕਰਨ ਵਿੱਚ ਮੀਥੇਨ ਦੀ ਭੂਮਿਕਾ 80 ਫ਼ੀਸਦ ਜ਼ਿਆਦਾ ਹੋਵੇਗੀ।

ਜਿਵੇਂ ਹੀ ਇਹ ਵਾਯੂਮੰਡਲ ਵਿੱਚ ਦਾਖਲ ਹੁੰਦੀ ਹੈ, ਇਸ ਗੈਸ ਦੇ ਅਣੂ ਤੁਰੰਤ ਗਰਮੀ ਨੂੰ ਸੋਖ ਲੈਂਦੇ ਹਨ। ਹਾਲਾਂਕਿ, ਹਵਾ ਵਿੱਚ ਇਸਦਾ ਠਹਿਰਾਅ ਕਾਰਬਨ ਡਾਈਆਕਸਾਈਡ ਦੇ ਮੁਕਾਬਲੇ ਘੱਟ ਹੁੰਦਾ ਹੈ, ਪਰ ਜਿੰਨੇ ਸਮੇਂ ਤੱਕ ਇਹ ਟਿਕਾਅ ਰਹਿੰਦਾ ਹੈ, ਓਨੇ ਸਮੇਂ 'ਚ ਇਹ ਗੈਸ ਧਰਤੀ ਨੂੰ ਗਰਮ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ।

ਵੱਖ-ਵੱਖ ਉਪਗ੍ਰਹਿਆਂ ਦੀ ਮਦਦ ਨਾਲ, 2021 ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਲਾਹੌਰ ਦੀ ਹਵਾ ਵਿੱਚ ਮੀਥੇਨ ਦੇ ਬੱਦਲ ਦੇਖੇ ਗਏ ਹਨ। ਖਾਸ ਤੌਰ 'ਤੇ, ਮਹਿਮੂਦ ਬੂਟੀ ਲੈਂਡਫਿਲ ਸਾਈਟ ਅਤੇ ਉਸ ਦੇ ਨੇੜੇ ਲੱਖੂ ਡੀਰ ਡੰਪ ਸਾਈਟ ਉੱਤੇ।

ਕੂੜੇ ਦਾ ਪਹਾੜ

ਬੀਬੀਸੀ ਨਾਲ ਗੱਲ ਕਰਦੇ ਹੋਏ, ਲਾਹੌਰ ਵੇਸਟ ਮੈਨੇਜਮੈਂਟ ਕੰਪਨੀ ਦੇ ਸੀਈਓ ਬਾਬਰ ਸਾਹਿਬ ਦੀਨ ਨੇ ਦੱਸਿਆ ਕਿ 'ਬਲੂਮਬਰਗ' ਮੈਗਜ਼ੀਨ ਦੀ ਇੱਕ ਰਿਪੋਰਟ ਦੇ ਅਨੁਸਾਰ, ਸਾਲ 2021 ਵਿੱਚ ਇਸ ਲੈਂਡਫਿਲ ਸਾਈਟ ਦੇ ਉੱਪਰ ਮੀਥੇਨ ਦਾ ਇੱਕ ਬੱਦਲ ਦੇਖਿਆ ਗਿਆ ਸੀ, ਜਿਸ ਕਾਰਨ ਇੱਕ ਵੱਡੀ ਸਮੱਸਿਆ ਪੈਦਾ ਹੋ ਗਈ ਸੀ।

ਉਸ ਰਿਪੋਰਟ ਦੇ ਅਨੁਸਾਰ, ਮੀਥੇਨ ਗੈਸ ਦੇ ਇਸ ਬੱਦਲ ਦਾ ਆਇਤਨ ਲਗਭਗ 126 ਮੀਟ੍ਰਿਕ ਟਨ ਸੀ। ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਅਨੁਸਾਰ, ਸਾਲ 2021 ਵਿੱਚ ਪਾਕਿਸਤਾਨ ਦੁਨੀਆਂ ਦਾ ਸੱਤਵਾਂ ਸਭ ਤੋਂ ਵੱਡਾ ਮੀਥੇਨ ਲੀਕ ਕਰਨ ਵਾਲਾ ਦੇਸ਼ ਸੀ।

ਮਹਿਮੂਦ ਬੂਟੀ ਡੰਪ ਸਾਈਟ ਨਾ ਸਿਰਫ਼ ਮੀਥੇਨ ਰਾਹੀਂ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੀ ਸੀ, ਸਗੋਂ ਇਹ 'ਲੀਚੇਟ' ਦੇ ਰੂਪ ਵਿੱਚ ਭੂਮੀਗਤ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਹੀ ਸੀ, ਜਿਸ ਨਾਲ ਪਾਣੀ ਵਾਲਾ ਪੀਣ ਯੋਗ ਨਹੀਂ ਰਹਿ ਗਿਆ ਸੀ।

ਪਰ ਪਿਛਲੇ ਕੁਝ ਮਹੀਨਿਆਂ ਤੋਂ ਕੂੜੇ ਦਾ ਇਹ ਪਹਾੜ ਹੌਲੀ-ਹੌਲੀ ਨਜ਼ਰਾਂ ਤੋਂ ਗਾਇਬ ਹੋਣ ਲੱਗਿਆ ਅਤੇ ਫਿਰ ਇਸ ਮਹਿਮੂਦ ਬੂਟੀ ਡੰਪ ਸਾਈਟ ਦਾ 14 ਮਿਲੀਅਨ ਟਨ ਕੂੜਾ ਪੂਰੀ ਤਰ੍ਹਾਂ ਗਾਇਬ ਹੋ ਗਿਆ। ਹੁਣ ਇੱਥੋਂ ਲੰਘਦੇ ਸਮੇਂ ਕੋਈ ਬਦਬੂ ਨਹੀਂ ਆਉਂਦੀ। ਇਸਦੀ ਥਾਂ 'ਤੇ ਮਿੱਟੀ ਦਾ ਪਹਾੜ ਦਿਖਾਈ ਦਿੰਦਾ ਹੈ।

ਕਿੱਥੇ ਗਿਆ ਕੂੜੇ ਦਾ ਪਹਾੜ?

ਕੂੜਾ

ਇਹ ਲੈਂਡਫਿਲ ਸਾਈਟ ਪਾਕਿਸਤਾਨ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਲਈ ਸਿਰਦਰਦੀ ਬਣ ਚੁੱਕੀ ਸੀ। ਸਾਲ 2016 ਵਿੱਚ ਮਹਿਮੂਦ ਬੂਟੀ ਲੈਂਡਫਿਲ ਸਾਈਟ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਇਸ ਤੋਂ ਬਾਅਦ ਵੀ ਸਮੱਸਿਆ ਇਹ ਸੀ ਕਿ ਇੰਨੇ ਕੂੜੇ ਦਾ ਕੀ ਕੀਤਾ ਜਾਵੇ।

ਇਸ ਤੋਂ ਇਲਾਵਾ, ਪਾਕਿਸਤਾਨ ਨੇ ਹੋਰ ਦੇਸ਼ਾਂ ਦੇ ਨਾਲ ਮਿਲ ਕੇ ਜਲਵਾਯੂ ਪਰਿਵਰਤਨ 'ਤੇ ਹੋਈ 26ਵੀਂ ਸੰਯੁਕਤ ਰਾਸ਼ਟਰ ਕਾਨਫਰੰਸ, ਯਾਨਿ 'ਕਾਪ 26' ਵਿੱਚ ਸੰਕਲਪ ਰੱਖਿਆ ਹੈ ਕਿ ਕਿ ਉਹ ਸਾਲ 2030 ਤੱਕ ਮਨੁੱਖੀ ਸਰੋਤਾਂ ਤੋਂ ਮੀਥੇਨ ਲੀਕ ਹੋਣ ਦੀ ਦਰ ਨੂੰ 30 ਫੀਸਦੀ ਤੱਕ ਘਟਾ ਦੇਵੇਗਾ।

ਇਹ ਵੀ ਪੜ੍ਹੋ-

ਮੀਥੇਨ ਦੇ ਦੋ ਮੁੱਖ ਮਨੁੱਖੀ ਸਰੋਤ ਹਨ - ਪਸ਼ੂਆਂ ਦਾ ਮਲ ਤੇ ਗੈਸਾਂ ਅਤੇ ਲੈਂਡਫਿਲ ਸਾਈਟਾਂ ਹਨ।

ਹਾਲ ਹੀ ਵਿੱਚ ਐਲਡਬਲਯੂਐਮਸੀ (ਲਾਹੌਰ ਵੇਸਟ ਮੈਨੇਜਮੈਂਟ ਕੰਪਨੀ) ਨੇ ਰਾਵੀ ਅਰਬਨ ਡਿਵੈਲਪਮੈਂਟ ਅਥਾਰਟੀ ਦੇ ਸਹਿਯੋਗ ਨਾਲ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ, ਜਿਸ ਵਿੱਚ ਮਹਿਮੂਦ ਬੂਟੀ ਲੈਂਡਫਿਲ ਸਾਈਟ ਨੂੰ ਸੁਧਾਰਨ ਦੀ ਯੋਜਨਾ ਬਣਾਈ ਗਈ ਹੈ। ਇਸ ਯੋਜਨਾ ਦੇ ਸ਼ੁਰੂਆਤੀ ਪੜਾਵਾਂ 'ਤੇ ਕੰਮ ਤੋਂ ਬਾਅਦ, ਇੱਥੇ ਮੌਜੂਦ 14 ਮਿਲੀਅਨ ਟਨ ਕੂੜਾ ਮਿੱਟੀ ਹੇਠਾਂ ਦਬ ਗਿਆ ਹੈ।

ਇਸ ਪ੍ਰੋਜੈਕਟ 'ਤੇ ਨਿੱਜੀ ਕੰਪਨੀਆਂ ਕੰਮ ਕਰ ਰਹੀਆਂ ਹਨ, ਜੋ ਇਸ ਸਾਲ ਅਗਸਤ ਤੱਕ ਪੂਰਾ ਹੋਣਾ ਹੈ। ਅੰਦਾਜ਼ਾ ਹੈ ਕਿ ਇਸ 'ਤੇ ਲਗਭਗ 140 ਕਰੋੜ ਪਾਕਿਸਤਾਨੀ ਰੁਪਏ ਖਰਚ ਹੋਣਗੇ।

ਸਰਕਾਰ ਇਸ ਪ੍ਰੋਜੈਕਟ ਲਈ ਪੈਸਾ ਕਿੱਥੋਂ ਲਿਆਵੇਗੀ?

ਕੂੜੇ ਦਾ ਪਹਾੜ

ਐਲਡਬਲਯੂਐਮਸੀ ਦੇ ਸੀਈਓ ਬਾਬਰ ਸਾਹਿਬ ਦੀਨ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ 41 ਏਕੜ ਵਿੱਚ ਫੈਲੀ ਲੈਂਡਫਿਲ ਸਾਈਟ ਤੋਂ ਗੈਸ ਪ੍ਰਾਪਤ ਕੀਤੀ ਜਾਵੇਗੀ, ਜਿਸ ਨੂੰ ਨੇੜਲੇ ਉਦਯੋਗਾਂ ਨੂੰ ਵੇਚਿਆ ਜਾਵੇਗਾ।

ਉਨ੍ਹਾਂ ਕਿਹਾ, "ਇਸ ਤੋਂ ਇਲਾਵਾ, 11 ਏਕੜ ਜ਼ਮੀਨ 'ਤੇ ਇੱਕ ਸੋਲਰ ਪਾਰਕ ਬਣਾਇਆ ਜਾਵੇਗਾ ਜਿਸਦੀ ਸਮਰੱਥਾ ਲਗਭਗ 5 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਹੋਵੇਗੀ। ਬਾਕੀ 30 ਏਕੜ 'ਤੇ ਸ਼ਹਿਰੀ ਜੰਗਲ ਉਗਾਏ ਜਾਣਗੇ।"

ਮਹਿਮੂਦ ਬੂਟੀ ਵਾਲੀ ਥਾਂ 'ਤੇ ਲੈਵਲਿੰਗ ਅਤੇ ਗਰੇਡਿੰਗ ਦਾ ਕੰਮ ਵੱਡੇ ਪੱਧਰ 'ਤੇ ਪੂਰਾ ਹੋ ਗਿਆ ਹੈ। ਗੈਸ ਵੈਂਟਸ ਜਾਂ ਲੀਕ ਦੀ ਜਾਂਚ ਕਰਨ ਲਈ ਸਾਈਟ 'ਤੇ ਪਾਈਪ ਵੀ ਲਗਾਏ ਗਏ ਹਨ।

ਇੱਥੋਂ, ਮੀਥੇਨ ਹੁਣ ਬੱਦਲ ਵਾਂਗ ਬਾਹਰ ਆਉਣ ਦੀ ਬਜਾਏ ਹੌਲੀ-ਹੌਲੀ ਬਾਹਰ ਨਿਕਲ ਰਿਹਾ ਹੈ।

ਬਾਬਰ ਸਾਹਿਬ ਦੀਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਚੰਗੀ ਗੱਲ ਇਹ ਹੈ ਕਿ ਸਰਕਾਰ ਇਸ 'ਤੇ ਇੱਕ ਪੈਸਾ ਵੀ ਖਰਚ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਇਸ 'ਤੇ ਆਉਣ ਵਾਲਾ ਸਾਰਾ ਖਰਚਾ ਨਿੱਜੀ ਕੰਪਨੀਆਂ ਵੱਲੋਂ ਚੁੱਕਿਆ ਜਾਵੇਗਾ ਅਤੇ ਉਨ੍ਹਾਂ ਕੰਪਨੀਆਂ ਨੂੰ 'ਕਾਰਬਨ ਕ੍ਰੈਡਿਟਸ' ਰਾਹੀਂ ਭੁਗਤਾਨ ਕੀਤਾ ਜਾਵੇਗਾ।

ਕਾਰਬਨ ਕ੍ਰੈਡਿਟ ਕੀ ਹੁੰਦਾ ਹੈ?

ਕਾਰਬਨ ਕ੍ਰੈਡਿਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਰਬਨ ਕ੍ਰੈਡਿਟ (ਸੰਕੇਤਕ ਤਸਵੀਰ)

ਕਾਰਬਨ ਕ੍ਰੈਡਿਟਸ ਨੂੰ ਦੂਜੇ ਸ਼ਬਦਾਂ ਵਿੱਚ ਗ੍ਰੀਨਹਾਊਸ ਗੈਸ ਲੀਕੇਜ ਵਿੱਚ ਕਮੀ ਵੀ ਕਿਹਾ ਜਾ ਸਕਦਾ ਹੈ। ਜਦੋਂ ਕੋਈ ਕੰਪਨੀ, ਵਿਅਕਤੀ ਜਾਂ ਸੰਗਠਨ ਗ੍ਰੀਨਹਾਊਸ ਗੈਸਾਂ ਨੂੰ ਖਤਮ ਕਰਨ ਜਾਂ ਘਟਾਉਣ ਵਾਲਾ ਪ੍ਰੋਜੈਕਟ ਸ਼ੁਰੂ ਕਰਦਾ ਹੈ, ਤਾਂ ਉਹ ਕਾਰਬਨ ਕ੍ਰੈਡਿਟ ਪੈਦਾ ਕਰਦਾ ਹੈ।

ਹਰ ਮੀਟ੍ਰਿਕ ਟਨ ਗ੍ਰੀਨਹਾਊਸ ਗੈਸ ਨੂੰ ਖਤਮ ਜਾਂ ਘਟਾਏ ਜਾਣ 'ਤੇ ਇੱਕ ਕਾਰਬਨ ਕ੍ਰੈਡਿਟ ਪ੍ਰਾਪਤ ਹੁੰਦਾ ਹੈ। ਕੰਪਨੀਆਂ ਇਸ ਨੂੰ ਕਾਰਬਨ ਮਾਰਕਿਟ ਵਿੱਚ ਵੇਚ ਸਕਦੀਆਂ ਹਨ।

ਕਾਰਬਨ ਬਾਜ਼ਾਰ ਵਿੱਚ, ਇਹ ਕ੍ਰੈਡਿਟ ਉਨ੍ਹਾਂ ਕੰਪਨੀਆਂ ਦੁਆਰਾ ਖਰੀਦੇ ਜਾਂਦੇ ਹਨ ਜੋ ਆਪਣੀ ਅਮਿਸ਼ਨ ਜਾਂ ਕਾਰਬਨ ਨਿਕਾਸ ਨੂੰ ਘਟਾਉਣ ਦੇ ਯੋਗ ਨਹੀਂ ਹਨ।

ਇੱਕ ਤਰ੍ਹਾਂ ਨਾਲ ਉਹ ਅਜਿਹੇ ਪ੍ਰੋਜੈਕਟਾਂ ਨੂੰ ਫੰਡ ਕਰ ਰਹੀਆਂ ਹੁੰਦੀਆਂ ਹਨ ਜੋ ਕਾਰਬਨ ਲੀਕੇਜ ਨੂੰ ਘਟਾ ਰਹੇ ਹਨ। ਇਸ ਤਰ੍ਹਾਂ, ਉਨ੍ਹਾਂ ਦੁਆਰਾ ਹੋਣ ਵਾਲੇ ਲੀਕੇਜ, ਖਤਮ ਹੋਣ ਵਾਲੀ ਕਾਰਬਨ ਜਾਂ ਗ੍ਰੀਨਹਾਉਸ ਗੈਸ ਨਾਲ ਬੈਲੇਂਸ ਹੋ ਜਾਂਦਾ ਹੈ।

ਬਾਬਰ ਸਾਹਿਬ ਦੀਨ ਨੇ ਬੀਬੀਸੀ ਨੂੰ ਦੱਸਿਆ ਕਿ ਆਮ ਤੌਰ 'ਤੇ ਕਾਰਬਨ ਮਾਰਕਿਟ ਵਿੱਚ, ਕਾਰਬਨ ਕ੍ਰੈਡਿਟ ਪ੍ਰੋਜੈਕਟ ਦੀ ਗੁਣਵੱਤਾ ਨੂੰ ਦੇਖਦੇ ਹੋਏ 5 ਅਮਰੀਕੀ ਡਾਲਰ ਤੋਂ 50 ਅਮਰੀਕੀ ਡਾਲਰ ਤੱਕ ਮਿਲਦੇ ਹਨ।

ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇੱਥੋਂ ਇਕੱਠੇ ਕੀਤੇ ਕਾਰਬਨ ਕ੍ਰੈਡਿਟ ਨੂੰ 18 ਤੋਂ 20 ਡਾਲਰ ਦੇ ਵਿਚਕਾਰ ਵੇਚ ਸਕਣਗੇ।

ਬਾਬਰ ਸਾਹਿਬ ਦੀਨ

ਤਾਂ ਕੀ ਮੀਥੇਨ ਲੀਕੇਜ ਦੀ ਸਮੱਸਿਆ ਹੱਲ ਹੋ ਗਈ ਹੈ?

ਮੀਥੇਨ ਲੀਕੇਜ ਦਾ ਇੱਕ ਬਹੁਤ ਵੱਡਾ ਸਰੋਤ ਪਸ਼ੂਆਂ ਦਾ ਗੋਹਾ ਅਤੇ ਗੈਸ ਹੈ। ਪਰ ਲੈਂਡਫਿਲ ਸਾਈਟਾਂ ਦਾ ਮਾੜਾ ਪ੍ਰਬੰਧਨ ਵੀ ਮੀਥੇਨ ਲੀਕੇਜ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ।

ਹੁਣ ਦੇਖਣਾ ਇਹ ਹੈ ਕਿ ਕੀ ਪਾਕਿਸਤਾਨ ਦੀ ਸਰਕਾਰ ਮਹਿਮੂਦ ਬੂਟੀ ਦੇ ਇਸ ਪ੍ਰੋਜੈਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ ਸਫਲ ਹੁੰਦੀ ਹੈ ਜਾਂ ਨਹੀਂ। ਅਤੇ ਭਾਵੇਂ ਇਹ ਇਸ ਵਿੱਚ ਸਫਲ ਹੋ ਵੀ ਜਾਂਦੀ ਹੈ, ਤਾਂ ਵੀ ਮਹਿਮੂਦ ਬੂਟੀ ਇਕਲੌਤੀ ਲੈਂਡਫਿਲ ਸਾਈਟ ਨਹੀਂ ਹੈ ਜਿੱਥੇ ਲੱਖਾਂ ਟਨ ਕੂੜਾ ਹੋਵੇ।

ਮਹਿਮੂਦ ਬੂਟੀ ਸਾਈਟ ਦੇ ਬੰਦ ਹੋਣ ਤੋਂ ਬਾਅਦ, ਲਾਹੌਰ ਦਾ ਜ਼ਿਆਦਾਤਰ ਕੂੜਾ ਨੇੜੇ ਦੇ ਲੱਖੂ ਡੀਰ ਲੈਂਡਫਿਲ ਸਾਈਟ ਵਿੱਚ ਜਾ ਰਿਹਾ ਹੈ। ਉੱਥੇ ਵੀ ਕਈ ਮਿਲੀਅਨ ਟਨ ਕੂੜਾ ਇਕੱਠਾ ਹੋ ਚੁੱਕਿਆ ਹੈ।

ਲਾਹੌਰ ਦਾ ਨਕਸ਼ਾ

ਬਾਬਰ ਸਾਹਿਬ ਦੀਨ ਦੱਸਦੇ ਹਨ ਕਿ ਲੱਖੂ ਡੀਰ ਨੂੰ ਵੀ ਉਸੇ ਤਰ੍ਹਾਂ ਠੀਕ ਕਰਨ ਦਾ ਪ੍ਰੋਜੈਕਟ ਹੈ। ਇਸ ਦੇ ਲਈ ਫੰਡ ਜਰਮਨੀ ਤੋਂ ਮਿਲਿਆ ਹੈ ਅਤੇ ਉੱਥੇ ਵੀ ਤੁਰੰਤ ਕੰਮ ਸ਼ੁਰੂ ਹੋ ਜਾਵੇਗਾ।

ਅੱਗੇ ਚੱਲ ਕੇ ਇੱਥੇ ਵੀ ਮਹਿਮੂਦ ਬੂਟੀ ਵਾਂਗ ਇੱਕ ਸ਼ਹਿਰੀ ਜੰਗਲ ਅਤੇ ਸੋਲਰ ਪਾਰਕ ਬਣਾਇਆ ਜਾਵੇਗਾ। ਉਹ ਕਹਿੰਦੇ ਹਨ ਕਿ ਪਹਿਲਾਂ ਅਜਿਹੀਆਂ ਲੈਂਡਫਿਲ ਸਾਈਟਾਂ ਨੂੰ ਖਤਮ ਕਰਨਾ ਇੱਕ ਸਮੱਸਿਆ ਸੀ, ਕਿਉਂਕਿ ਇਸ 'ਤੇ ਬਹੁਤ ਜ਼ਿਆਦਾ ਖਰਚ ਆਉਂਦਾ ਸੀ।

ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਕਾਰਬਨ ਕ੍ਰੈਡਿਟਸ ਦੇ ਆਉਣ ਨਾਲ ਇਹ ਸਮੱਸਿਆ ਹੱਲ ਹੋ ਜਾਵੇਗੀ ਅਤੇ ਅਜਿਹੇ ਪ੍ਰੋਜੈਕਟ ਹੋਰ ਥਾਵਾਂ 'ਤੇ ਵੀ ਸ਼ੁਰੂ ਕੀਤੇ ਜਾ ਸਕਣਗੇ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)