ਘਰ ਵਿਚਲਾ ਪ੍ਰਦੂਸ਼ਣ ਵੀ ਕਿਵੇਂ ਤੁਹਾਡੀ ਸਿਹਤ ਲਈ ਵੱਡਾ ਖ਼ਤਰਾ ਹੈ, ਜਾਣੋ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ

ਰਸੋਈ ਘਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਬਲਯੂਐੱਚਓ ਦੇ ਅੰਕੜਿਆਂ ਮੁਤਾਬਕ ਘਰ 'ਚ ਬੰਦ ਪ੍ਰਦੂਸ਼ਿਤ ਹਵਾ ਇੱਕ ਸਾਲ 'ਚ ਸਮੇਂ ਤੋਂ ਪਹਿਲੇ ਹੋਣ ਵਾਲੀਆਂ 67 ਲੱਖ ਮੌਤਾਂ ਦਾ ਕਾਰਨ ਬਣਦੀ ਹੈ
    • ਲੇਖਕ, ਡਿੰਕਲ ਪੋਪਲੀ
    • ਰੋਲ, ਬੀਬੀਸੀ ਪੱਤਰਕਾਰ

ਕੀ ਤੁਹਾਨੂੰ ਲੱਗਦਾ ਹੈ ਕਿ ਘਰ ਰਹਿ ਕੇ ਹਵਾ ਪ੍ਰਦੂਸ਼ਣ ਤੋਂ ਬਚਿਆ ਜਾ ਸਕਦਾ ਹੈ ਤਾਂ ਸ਼ਾਇਦ ਤੁਸੀਂ ਗ਼ਲਤ ਹੋ।

ਦੁਨੀਆਂ ਭਰ 'ਚ ਹੋਏ ਵੱਖ-ਵੱਖ ਅਧਿਐਨ ਦੱਸਦੇ ਹਨ ਕਿ ਘਰ ਦੀ ਹਵਾ ਵੀਪ੍ਰਦੂਸ਼ਿਤ ਹੈ, ਸਗੋਂ ਮਾਹਰ ਦੱਸਦੇ ਹਨ ਕਿ ਅੰਦਰੂਨੀ ਹਵਾ ਦਾ ਪ੍ਰਦੂਸ਼ਣ ਬਾਹਰਲੀ ਗੰਦੀ ਹਵਾ ਨਾਲੋਂ ਕਈ ਗੁਣਾ ਜ਼ਿਆਦਾ ਤੀਬਰ ਹੋ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਅੰਕੜਿਆਂ ਮੁਤਾਬਕ ਘਰ 'ਚ ਬੰਦ ਇਹ ਪ੍ਰਦੂਸ਼ਿਤ ਹਵਾ ਇੱਕ ਸਾਲ 'ਚ ਸਮੇਂ ਤੋਂ ਪਹਿਲੇ ਹੋਣ ਵਾਲੀਆਂ 67 ਲੱਖ ਮੌਤਾਂ ਦਾ ਕਾਰਨ ਬਣਦੀ ਹੈ।

ਭਾਰਤ ਵਿੱਚ ਲੱਗਭਗ 70 ਕਰੋੜ ਲੋਕ, ਇਹ ਨਾ ਦਿੱਖਣ ਵਾਲੇ ਪ੍ਰਦੂਸ਼ਣ ਤੋਂ ਪ੍ਰਭਾਵਤ ਹਨ।

ਸ਼ਿਕਾਗੋ ਯੂਨੀਵਰਸਿਟੀ ਦੇ ਊਰਜਾ ਨੀਤੀ ਵਿਭਾਗ ਵੱਲੋਂ ਦਿੱਲੀ 'ਚ ਕੀਤੇ ਗਏ ਇੱਕ ਅਧਿਐਨ ਮੁਤਾਬਕ ਭਾਰਤ ਵਿੱਚ ਅੰਦਰੂਨੀ ਹਵਾ ਪ੍ਰਦੂਸ਼ਣ ਦਾ ਪੱਧਰ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਨਾਲੋਂ 20 ਗੁਣਾ ਵੱਧ ਹੈ।

ਇਹ ਸਰਵੇਖਣ ਤਕਰੀਬਨ 1500 ਪਰਿਵਾਰਾਂ ਉੱਤੇ ਕੀਤਾ ਗਿਆ ਸੀ, ਜਿਸ ਵਿੱਚ ਆਰਥਿਕ ਪੱਖੋਂ ਹਰ ਵਰਗ (ਉੱਚ, ਮੱਧ ਅਤੇ ਗ਼ਰੀਬੀ ਰੇਖਾ ਹੇਠਲੇ) ਦੇ ਘਰ ਸ਼ਾਮਲ ਸਨ।

ਪਰ ਇਨ੍ਹਾਂ ਘਰਾਂ ਦੀ ਆਰਥਿਕ ਸਥਿਤੀ ਦੇ ਅੰਤਰ ਦੇ ਬਾਵਜੂਦ ਅੰਦਰੂਨੀ ਹਵਾ ਪ੍ਰਦੂਸ਼ਣ ਦੇ ਪੱਧਰ 'ਚ ਕੋਈ ਖ਼ਾਸ ਫਰਕ ਨਹੀਂ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅੰਦਰੂਨੀ ਹਵਾ ਪ੍ਰਦੂਸ਼ਣ ਦੇ ਕਾਰਨ

ਡਾ. ਰਵਿੰਦਰ ਖਾਈਵਾਲ, ਵਾਤਾਵਰਨ ਅਤੇ ਸਿਹਤ ਵਿਭਾਗ ਦੇ ਨੋਡਲ ਫੈਕਲਟੀ ਅਫ਼ਸਰ ਅਤੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ) ਵਿਖੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਪ੍ਰੋਫ਼ੇਸਰ ਹਨ।

ਭਾਰਤ ਅਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ ਡਾ. ਰਵਿੰਦਰ ਖਾਈਵਾਲ ਨੇ ਪੰਜਾਬ ਦੇ ਕਈ ਸ਼ਹਿਰੀ ਅਤੇ ਪੇਂਡੂ ਖੇਤਰਾਂ 'ਚ ਘਰੇਲੂ ਪ੍ਰਦੂਸ਼ਣ ਦੇ ਕਾਰਨ ਪਛਾਨਣ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਵੱਖ-ਵੱਖ ਅਧਿਐਨ ਕੀਤੇ ਹਨ।

ਡਾ. ਖਾਈਵਾਲ ਮੁਤਾਬਕ ਅੰਦਰੂਨੀ ਹਵਾ ਪ੍ਰਦੂਸ਼ਣ ਦੇ ਕਈ ਕਾਰਨ ਹਨ ਜਿਵੇਂ ਕਿ ਬੰਦ ਵਾਤਾਵਰਣ 'ਚ ਖਾਣਾ ਪਕਾਉਣਾ, ਸੀਮਤ ਹਵਾਦਾਰੀ, ਪੇਂਡੂ ਖੇਤਰਾਂ 'ਚ ਬਾਇਓਮਾਸ ਬਾਲਣ ਦਾ ਪ੍ਰਯੋਗ ਆਦਿ।

"ਅੰਦਰੂਨੀ ਹਵਾ ਪ੍ਰਦੂਸ਼ਣ ਠੰਢ 'ਚ ਹੋਰ ਵੱਧ ਜਾਂਦਾ ਹੈ, ਕਿਉਂਕਿ ਲੋਕ ਅਕਸਰ ਬੂਹੇ ਬਾਰੀਆਂ ਬੰਦ ਰੱਖਦੇ ਹਨ। ਅਜਿਹੇ 'ਚ ਘਰ ਅੰਦਰ ਨਮੀ ਵੱਧ ਜਾਂਦੀ ਹੈ ਜਿਸ ਨਾਲ ਉੱਲੀ ਅਤੇ ਸਲਾਬ ਦਾ ਖ਼ਤਰਾ ਪੈਦਾ ਹੁੰਦਾ ਹੈ ਜੋ ਸਾਹ ਰਾਹੀਂ ਸਾਡੇ ਅੰਦਰ ਦਾਖ਼ਲ ਹੋ ਸਕਦੀ ਹੈ।"

ਉਹ ਆਖਦੇ ਹਨ, "ਸ਼ਹਿਰਾਂ 'ਚ ਇਮਾਰਤਾਂ ਲੰਬੀਆਂ ਹੁੰਦੀਆਂ ਹਨ ਅਤੇ ਜਗ੍ਹਾ ਦੀ ਘਾਟ ਵੀ ਆਮ ਗੱਲ ਹੈ। ਥਾਂ ਦੀ ਘਾਟ ਕਰਕੇ ਲੋਕ ਬੰਦ ਰਸੋਈਆਂ 'ਚ ਖਾਣਾ ਪਕਾਉਂਦੇ ਹਨ, ਜਿਸ ਨਾਲ ਧੂੰਆਂ ਅੰਦਰ ਹੀ ਰਹਿ ਜਾਂਦਾ ਹੈ। ਆਲੇ-ਦੁਆਲੇ ਉੱਚੀਆਂ ਇਮਾਰਤਾਂ ਹੋਣ ਕਰਕੇ ਕਮਰਿਆਂ 'ਚ ਧੁੱਪ ਵੀ ਸਹੀ ਢੰਗ ਨਾਲ ਨਹੀਂ ਪਹੁੰਚਦੀ ਜਿਸ ਕਰਕੇ ਪ੍ਰਦੂਸ਼ਕ ਲੰਬੇ ਸਮੇਂ ਲਈ ਅੰਦਰ ਹੀ ਰਹਿੰਦੇ ਹਨ।"

ਡਾ. ਰਵਿੰਦਰ ਖਾਈਵਾਲ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਾਲਜ ਆਫ਼ ਕਮਿਊਨਿਟੀ ਸਾਇੰਸ ਦੇ ਰਿਸੋਰਸ ਮੈਨੇਜਮੈਂਟ ਅਤੇ ਕੰਜ਼ਿਊਮਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਸ਼ਰਨਬੀਰ ਕੌਰ ਬੱਲ ਮੁਤਾਬਕ ਕਾਰਬਨ ਮੋਨੋਆਕਸਾਈਡ, ਫਾਮਾਲਡਾਹਾਈਡ, ਬੈਂਜੀਨ, ਨਾਈਟ੍ਰੋਜਨ ਡਾਈਆਕਸਾਈਡ, ਉੱਲੀ ਅਤੇ ਮਿੱਟੀ ਦੇ ਕਣਾਂ ਵਰਗੇ ਪਦਾਰਥ ਅੰਦਰੂਨੀ ਹਵਾ 'ਚ ਵੱਧ ਹੁੰਦੇ ਹਨ, ਜੋ ਕਿ ਘਰੇਲੂ ਹਵਾ ਦੀ ਗੁਣਵੱਤਾ ਨੂੰ ਬੁਰੀ ਤਰ੍ਹਾਂ ਵਿਗਾੜਦੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਮਿਸਾਲ ਵਜੋਂ ਰਸੋਈ ਗੈਸ ਬਰਨਰਾਂ ਤੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਖੂਨ ਦੀ ਆਕਸੀਜਨ ਨੂੰ ਘਟਾਉਂਦੀ ਹੈ ਜਿਸ ਨਾਲ ਅਕਸਰ ਸਿਰ 'ਚ ਦਰਦ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਗੰਭੀਰ ਮਾਮਲਿਆਂ ਵਿੱਚ ਮੌਤ ਤੱਕ ਹੋ ਜਾਂਦੀ ਹੈ।"

ਉਨ੍ਹਾਂ ਨੇ ਅੱਗੇ ਦੱਸਿਆ "ਬਿਲਡਿੰਗ ਸਾਮੱਗਰੀ 'ਚੋਂ ਨਿਕਲ ਦੇ ਫਾਮਾਲਡਾਹਾਈਡ ਵੀ ਸਾਹ ਰਾਹੀਂ ਸਾਡੇ ਅੰਦਰ ਦਾਖ਼ਲ ਹੋ ਜਾਂਦੇ ਹਨ, ਜੋ ਕਿ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਕੈਂਸਰ ਦਾ ਕਾਰਨ ਬਣ ਸਕਦੇ ਹਨ।"

"ਗੈਸ ਸਟੋਵ ਤੋਂ ਨਿਕਲਦੀ ਨਾਈਟ੍ਰੋਜਨ ਡਾਈਆਕਸਾਈਡ ਗੈਸ ਸਾਹ ਦੀਆਂ ਸਮੱਸਿਆਵਾਂ ਨੂੰ ਵਧਾਉਂਦੀ ਹੈ ਅਤੇ ਦੂਜੇ ਪਾਸੇ ਖਾਣਾ ਪਕਾਉਣ ਅਤੇ ਸਿਗਰਟਨੋਸ਼ੀ ਤੋਂ ਨਿਕਲਣ ਵਾਲੇ ਕਣ ਕਾਰਡੀਓਵੈਸਕੁਲਰ ਜੋਖ਼ਮ ਨੂੰ ਵਧਾਉਂਦੇ ਹਨ।"

ਉਨ੍ਹਾਂ ਨੇ ਦੱਸਿਆ ਕਿ ਪੇਂਟ ਅਤੇ ਸਫਾਈ ਏਜੰਟਾਂ ਵਿੱਚ ਅਸਥਿਰ ਜੈਵਿਕ ਮਿਸ਼ਰਣ (ਵਿਓਸੀ) ਰਸਾਇਣ ਵੀ ਅੰਦੂਰਨੀ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਹੈ।

ਘਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਅੰਦਰੂਨੀ ਹਵਾ ਪ੍ਰਦੂਸ਼ਣ, ਬਾਹਰ ਲਈ ਪ੍ਰਦੂਸ਼ਿਤ ਹਵਾ ਨਾਲੋਂ ਵੱਧ ਹਾਨੀਕਾਰਕ ਹੈ
ਇਹ ਵੀ ਪੜ੍ਹੋ-

ਸਿਹਤ 'ਤੇ ਅੰਦਰੂਨੀ ਹਵਾ ਪ੍ਰਦੂਸ਼ਣ ਦਾ ਅਸਰ

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਅੰਦਰੂਨੀ ਹਵਾ ਪ੍ਰਦੂਸ਼ਣ, ਬਾਹਰਲੀ ਪ੍ਰਦੂਸ਼ਿਤ ਹਵਾ ਨਾਲੋਂ ਵੱਧ ਹਾਨੀਕਾਰਕ ਹੈ। ਇਸ ਦੇ ਪਿੱਛੇ ਉਨ੍ਹਾਂ ਨੇ ਦੋ ਮੁੱਖ ਕਾਰਨ ਦੱਸੇ ਹਨ।

ਪਹਿਲਾ ਕਾਰਨ ਹੈ ਕਿ ਅਸੀਂ ਬੰਦ ਵਾਤਾਵਰਣ 'ਚ ਜ਼ਿਆਦਾ ਸਮਾਂ ਬਿਤਾਉਂਦੇ ਹੈ ਅਤੇ ਦੂਜਾ ਹੈ ਇਨ੍ਹਾਂ ਪ੍ਰਦੂਸ਼ਕਾਂ ਦਾ ਮਹੀਨ ਹੋਣਾ ਜਿਸ ਕਰਕੇ ਇਹ ਸਾਡੇ ਫੇਫੜਿਆਂ ਵਿੱਚ ਬਾਹਰੀ ਗੰਦਗੀ ਦੇ ਮੁਕਾਬਲੇ ਜ਼ਿਆਦਾ ਡੂੰਘਾਈ ਨਾਲ ਦਾਖ਼ਲ ਹੋ ਸਕਦੇ ਹਨ।

2021 ਵਿੱਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਵੱਲੋਂ ਕੀਤੇ ਅਧਿਐਨ 'ਚ ਪਾਇਆ ਗਿਆ ਕਿ ਬੱਚਿਆਂ 'ਚ ਦਮੇ ਦੇ 20-30 ਫੀਸਦੀ ਲੱਛਣ ਘਰ 'ਚ ਮੌਜੂਦ ਉੱਲੀ ਨਾਲ ਜੁੜੇ ਹੁੰਦੇ ਹਨ।

ਖੋਜ ਦਰਸਾਉਂਦੀ ਹੈ ਕਿ ਅੰਦਰੂਨੀ ਪ੍ਰਦੂਸ਼ਣ ਵਾਲੇ ਵਾਤਾਵਰਣ ਵਿੱਚ ਰੋਜ਼ਾਨਾ 10 ਘੰਟੇ ਤੋਂ ਵੱਧ ਸਮਾਂ ਬਿਤਾਉਣ ਨਾਲ ਕ੍ਰੋਨਿਕ ਅਬਸਟਰਕਟਿਵ ਪਲਮਨਰੀ ਡਿਜ਼ੀਜ਼ (ਸੀਓਪੀਡੀ) ਦਾ ਜੋਖ਼ਮ ਵੀ ਬਹੁਤ ਵੱਧ ਜਾਂਦਾ ਹੈ।

ਲੁਧਿਆਣਾ ਦੀਪ ਹਸਪਤਾਲ 'ਚ ਪਲਮਨਰੀ ਵਿਭਾਗ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਕਹਿੰਦੇ ਹਨ, "ਕੁਝ ਸਾਲ ਪਹਿਲਾਂ ਤੱਕ ਸੀਓਪੀਡੀ ਦੀ ਸਮੱਸਿਆ ਸਿਰਫ਼ ਸਿਗਰਟਨੋਸ਼ੀ ਕਰਨ ਵਾਲਿਆਂ 'ਚ ਹੀ ਪਾਈ ਜਾਂਦੀ ਸੀ। ਪਰ ਹੁਣ ਇਹ ਆਮ ਲੋਕਾਂ ਨੂੰ ਵੀ ਹੋਣ ਲੱਗ ਗਈ ਹੈ ਅਤੇ ਇਸ ਦਾ ਕਾਰਨ ਹੈ ਪ੍ਰਦੂਸ਼ਣ।"

"ਐਲਰਜੀ ਬ੍ਰੌਨਕੋਪੁਲਮੋਨਰੀ ਐਸਪਰਗਿਲਸਿਸ (ਏਬੀਪੀਏ) ਫੇਫੜਿਆਂ ਦੀ ਇੱਕ ਦੁਰਲੱਭ ਸਥਿਤੀ ਹੈ ਜੋ ਉਦੋਂ ਵਾਪਰਦੀ ਹੈ ਜਦੋਂ ਇਮਿਊਨ ਸਿਸਟਮ ਐਸਪਰਗਿਲਸ ਉੱਲੀ ਨਾਲ ਪ੍ਰਭਾਵਿਤ ਹੁੰਦਾ ਹੈ। ਇਸ ਦੇ ਲੱਛਣ ਦਮੇ ਵਰਗੇ ਹੀ ਹੁੰਦੇ ਹਨ ਪਰ ਪਿਛਲੇ ਪੰਜ ਸਾਲਾਂ 'ਚ ਇਸ ਦੇ ਮਾਮਲਿਆਂ ਵਿੱਚ ਖ਼ਾਸ ਕਰਕੇ ਪੰਜਾਬ 'ਚ ਬਹੁਤ ਵੱਡਾ ਉਛਾਲ ਆਇਆ ਹੈ। ਇਸ ਦੇ ਪਿੱਛੇ ਵੀ ਪ੍ਰਦੂਸ਼ਣ ਦਾ ਬਹੁਤ ਵੱਡਾ ਕਾਰਨ ਹੈ।"

ਡਾ. ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਹਾਲ ਹੀ ਦੇ ਦਿਨਾਂ 'ਚ ਉਨ੍ਹਾਂ ਕੋਲ ਕਾਫ਼ੀ ਅਜਿਹੇ ਕਾਫੀ ਮਰੀਜ਼ ਆ ਰਹੇ ਹਨ ਜਿਹੜੇ ਬਹੁਤ ਖੰਘ ਨਾਲ ਪੀੜਤ ਹੁੰਦੇ ਹਨ।

ਉਹ ਆਖਦੇ ਹਨ, "ਚਿੰਤਾਜਨਕ ਹੈ ਕਿ ਜ਼ਿਆਦਤਰ ਅਜਿਹੇ ਮਰੀਜ਼ਾਂ ਦੀ ਕੋਈ ਮੈਡੀਕਲ ਹਿਸਟ੍ਰੀ ਨਹੀਂ ਹੁੰਦੀ ਯਾਨਿ ਅਤੀਤ 'ਚ ਇਨ੍ਹਾਂ ਨੂੰ ਸਾਹ ਸਬੰਧੀ ਕੋਈ ਬਿਮਾਰੀ ਨਹੀਂ ਸੀ ਪਰ ਵੱਧਦੇ ਪ੍ਰਦੂਸ਼ਣ ਨਾਲ ਇਨ੍ਹਾਂ ਦੇ ਸਿਹਤ 'ਤੇ ਬਹੁਤ ਮਾੜਾ ਪ੍ਰਭਾਵ ਪਿਆ ਹੈ।"

ਡਾ. ਗੁਰਪ੍ਰੀਤ ਸਿੰਘ

ਅੰਦਰੂਨੀ ਹਵਾ ਪ੍ਰਦੂਸ਼ਣ ਤੋਂ ਬਚਾਅ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਾਲਜ ਆਫ਼ ਕਮਿਊਨਿਟੀ ਸਾਇੰਸ ਦੇ ਰਿਸੋਰਸ ਮੈਨੇਜਮੈਂਟ ਅਤੇ ਕੰਜ਼ਿਊਮਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ: ਸ਼ਰਨਬੀਰ ਕੌਰ ਬੱਲ ਨੇ ਅੰਦਰੂਨੀ ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਕੁਝ ਨੁਸਖ਼ੇ ਸਾਂਝੇ ਕੀਤੇ ਹਨ ਜਿਵੇਂ ਕਿ -

  • ਜੇਕਰ ਤੁਸੀਂ ਲੰਬੇ ਸਮੇਂ ਲਈ ਘਰ 'ਚ ਰਹਿਣ ਲਈ ਮਜਬੂਰ ਹੋ ਤਾਂ ਹਰ 2-3 ਘੰਟਿਆਂ ਵਿੱਚ 15-20 ਮਿੰਟ ਲਈ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ। ਅਜਿਹਾ ਕਰਨਾ ਸਿਹਤ ਲਈ ਲਾਭਕਾਰੀ ਹੋਵੇਗਾ ਕਿਉਂਕਿ ਤਾਜ਼ੀ ਹਵਾ ਨਾਲ ਸੰਖੇਪ ਸੰਪਰਕ ਸਰੀਰ ਨੂੰ ਅੰਦਰੂਨੀ ਪ੍ਰਦੂਸ਼ਣ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ 'ਚ ਮਦਦ ਕਰਦਾ ਹੈ।
  • ਜੇਕਰ ਤੁਸੀਂ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਵਿੱਚ ਰਹਿੰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਸਰੀਰਕ ਕਸਰਤ ਜਾਂ ਸੈਰ ਲਈ ਸਵੇਰੇ 8 ਵਜੇ ਤੋਂ ਪਹਿਲਾਂ ਜਾਂ ਦੇਰ ਸ਼ਾਮ 7 ਵਜੇ ਤੋਂ ਬਾਅਦ ਜਾਇਆ ਜਾਵੇ ਕਿਉਂਕਿ ਆਮ ਤੌਰ 'ਤੇ ਇਸ ਵਕਤ ਬਾਹਰੀ ਪ੍ਰਦੂਸ਼ਣ ਦਾ ਪੱਧਰ ਘੱਟ ਹੁੰਦਾ ਹੈ।
  • ਜਗ੍ਹਾ ਅਤੇ ਹਵਾਦਾਰੀ ਪੱਖੋਂ ਸੀਮਤ ਸ਼ਹਿਰੀ ਘਰਾਂ ਵਿੱਚ ਉੱਚ-ਕੁਸ਼ਲਤਾ ਵਾਲੇ ਏਅਰ ਫਿਲਟਰ (ਹੈਪਾ) ਯਾਨਿ ਏਅਰ ਪਿਊਰੀਫਾਇਰ ਲਗਾਏ ਜਾ ਸਕਦੇ ਹਨ। ਇਹ ਪਿਊਰੀਫਾਇਰ ਪ੍ਰਦੂਸ਼ਕ ਕਣਾਂ ਨੂੰ ਕਾਫੀ ਹੱਦ ਤੱਕ ਘਟਾ ਸਕਦੇ ਹਨ, ਖ਼ਾਸ ਤੌਰ 'ਤੇ ਉਨ੍ਹਾਂ ਥਾਵਾਂ 'ਤੇ ਜਿੱਥੇ ਬਾਹਰੀ ਹਵਾ ਦੀ ਗੁਣਵੱਤਾ ਵੀ ਮਾੜੀ ਹੋਵੇ।
  • ਘਰ ਦੇ ਅੰਦਰਲੀ ਹਵਾ ਨੂੰ ਸਾਫ਼ ਕਰਨ ਲਈ ਅਤੇ ਪ੍ਰਦੂਸ਼ਕਾਂ ਨੂੰ ਘਟਾਉਣ ਲਈ ਰੋਜ਼ਾਨਾ 2-3 ਵਾਰ ਖਿੜਕੀਆਂ ਖੋਲ੍ਹ ਕੇ ਘਰ ਨੂੰ ਨਿਯਮਤ ਤੌਰ 'ਤੇ ਹਵਾ ਲਗਵਾਉਣਾ ਜ਼ਰੂਰੀ ਹੈ।
  • ਕਰਾਸ-ਵੈਂਟੀਲੇਸ਼ਨ, ਖਾਣਾ ਪਕਾਉਣ ਵੇਲੇ ਐਗਜ਼ੌਸਟ ਪੱਖਿਆਂ ਦੀ ਵਰਤੋਂ ਹਵਾ ਦੀ ਗੁਣਵੱਤਾ ਨੂੰ ਵਧਾਉਂਦੀ ਹੈ।
  • ਘਰ ਅੰਦਰ ਕਾਰਬਨ ਡਾਈਆਕਸਾਈਡ ਦੇ ਪੱਧਰ ਨੂੰ 1000 ਪੀਪੀਐੱਮ ਤੋਂ ਹੇਠਾਂ ਰੱਖਣਾ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਕਰਕੇ ਜਦੋਂ ਵੀ ਮੁਮਕਿਨ ਹੋਵੇ ਅੰਦਰ ਰਹਿਣ ਲਈ ਅਜਿਹੀਆਂ ਥਾਵਾਂ ਚੁਣੋ ਜਿੱਥੇ ਲਾਅਨ, ਬਾਲਕੋਨੀ ਜਾਂ ਵਰਾਂਡੇ ਵਰਗੀਆਂ ਸਹੂਲਤਾਂ ਹੋਣ।
ਰਸੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਲੋਕਾਂ ਨੂੰ ਕੁਝ ਦੇਰ ਲਈ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਮਾਹਰ ਦੱਸਦੇ ਹਨ ਕਿ ਅੰਦਰਲੀ ਹਵਾ ਦੀ ਗੁਣਵੱਤਾ ਨੂੰ ਹੋਰ ਉੱਚਾ ਚੁੱਕਣ ਲਈ, ਘੱਟ ਵਿਓਸੀ ਜਾਂ ਵਿਓਸੀ-ਮੁਕਤ ਉਤਪਾਦਾਂ ਦੀ ਚੋਣ ਕਰਨਾ ਮਹੱਤਵਪੂਰਨ ਹੈ।

ਇਨ੍ਹਾਂ ਉਤਪਾਦਾਂ ਵਿੱਚ ਪੇਂਟ, ਸਫਾਈ ਏਜੰਟ, ਅਤੇ ਫਰਨੀਚਰ ਸ਼ਾਮਲ ਹਨ, ਜੋ ਕਿ ਹਾਨੀਕਾਰਕ ਰਾਸਾਇਣਾਂ ਦੀ ਨਿਕਾਸੀ ਲਈ ਜਿੰਮੇਵਾਰ ਹੁੰਦੇ ਹਨ।

ਪ੍ਰੋਫੈਸਰ ਬੱਲ ਦੱਸਦੇ ਹਨ, "ਦਫਤਰਾਂ ਵਿੱਚ ਐਨਰਜੀ ਸਟਾਰ-ਰੇਟਿਡ ਡਿਵਾਈਸਾਂ ਵਰਗੇ ਘੱਟ-ਨਿਕਾਸੀ ਉਪਕਰਣਾਂ ਦੀ ਚੋਣ ਕਰਨਾ ਅਤੇ ਹਰੇ-ਪ੍ਰਮਾਣਿਤ ਸਫਾਈ ਉਤਪਾਦਾਂ ਦੀ ਵਰਤੋਂ ਕਰਨ ਨਾਲ ਫਰਕ ਲਿਆਂਦਾ ਜਾ ਸਕਦਾ ਹੈ।"

"ਕੁਦਰਤੀ ਕਲੀਨਰ ਜਿਵੇਂ ਕਿ ਸਿਰਕਾ, ਬੇਕਿੰਗ ਸੋਡਾ, ਅਤੇ ਨਿੰਬੂ ਦੀ ਵਰਤੋਂ ਕਰਕੇ ਕਠੋਰ ਰਸਾਇਣਾਂ ਤੋਂ ਬਚਿਆ ਜਾ ਸਕਦਾ ਹੈ।"

"ਸਿੰਥੈਟਿਕ ਖੁਸ਼ਬੂਆਂ, ਏਅਰ ਫ੍ਰੈਸ਼ਨਰਾਂ ਅਤੇ ਮੱਛਰ ਭਜਾਉਣ ਵਾਲੇ ਪਦਾਰਥਾਂ ਦੀ ਥਾਂ ਅਸੈਂਸ਼ੀਅਲ ਔਇਲ ਜਾਂ ਮੋਮਬੱਤੀਆਂ ਵਰਗੇ ਕੁਦਰਤੀ ਬਦਲਾਂ ਨੂੰ ਅਪਣਾਉਣ ਨਾਲ ਵੀ ਹਵਾ ਦੀ ਗੁਣਵੱਤਾ ਵਿੱਚ ਵਾਧਾ ਹੋ ਸਕਦਾ ਹੈ।"

"ਟਿਕਾਊ ਸਮੱਗਰੀ ਜਿਵੇਂ ਕਿ ਬਾਂਸ ਆਦਿ ਤੋਂ ਤਿਆਰ ਕੀਤੇ ਗਏ ਫਰਨੀਚਰ ਦੀ ਚੋਣ ਕਰੋ ਅਤੇ ਉੱਚ ਫਾਮਾਲਡਾਹਾਈਡ ਨਿਕਾਸੀ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ।"

ਘਰ ਵਿੱਚ ਸੁੱਤਾ ਬੱਚਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਘੱਟ ਹਵਾਦਾਰ ਘਰਾਂ ਵਿੱਚ ਕੁਝ ਪੌਦੇ ਵੀ ਹਵਾ ਦੀ ਗੁਣਵੱਤਾ ਵਧਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ

ਘਰ ਅੰਦਰ ਲਗਾਏ ਜਾਣ ਇਹ ਪੌਦੇ

ਬੰਦ ਵਾਤਾਵਰਣ 'ਚ ਵੱਧਣ-ਫੁੱਲਣ ਵਾਲੇ ਪੌਦੇ ਜਿਵੇਂ ਕਿ ਸਪਾਈਡਰ ਪਲਾਂਟ, ਸਨੇਕ ਪਲਾਂਟ ਅਤੇ ਪੀਸ ਲਿਲੀਜ਼ ਵਿਓਸੀ ਅਤੇ ਫਾਮਾਲਡਾਹਾਈਡ ਨੂੰ ਸੋਖਣ ਦੀ ਸਮਰੱਥਾ ਰੱਖਦੇ ਹਨ, ਜਿਸ ਨਾਲ ਅੰਦਰੂਨੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕਦਾ ਹੈ।

ਇਨ੍ਹਾਂ ਪੌਦਿਆਂ ਨੂੰ ਪ੍ਰਿੰਟਰਾਂ ਵਰਗੇ ਪ੍ਰਦੂਸ਼ਕ ਸਰੋਤਾਂ ਦੇ ਨੇੜੇ ਜਾਂ ਖ਼ਰਾਬ ਹਵਾ ਵਾਲੇ ਕਮਰਿਆਂ ਵਿੱਚ ਰੱਖਣਾ ਚਾਹੀਦਾ ਹੈ।

ਡੀਹਿਊਮਿਡੀਫਾਇਰ ਅੰਦਰੂਨੀ ਨਮੀ ਨੂੰ 30 ਫੀਸਦ ਅਤੇ 60 ਫੀਸਦ ਦੇ ਵਿਚਕਾਰ ਬਰਕਰਾਰ ਰੱਖ ਸਕਦੇ ਹਨ ਜਿਸ ਨਾਲ ਉੱਲੀ ਅਤੇ ਧੂੜ ਦੇ ਕਣ ਨੂੰ ਘੱਟ ਸਕਦੇ ਹਨ।

ਬੋਸਟਨ ਫਰਨ ਵਰਗੇ ਪੌਦੇ ਵੀ ਨਮੀ ਦੇ ਪੱਧਰ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦੇ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)