ਕੈਪਟਨ ਸਰਕਾਰ ਨੇ ਰੋਕੀ 12ਵੀਂ ਦੇ ਪਾਠਕ੍ਰਮ ਦੇ ਇਤਿਹਾਸ ਦੀ ਵਿਵਾਦਤ ਕਿਤਾਬ, 6 ਮੈਂਬਰੀ ਕਮੇਟੀ ਗਠਿਤ

ਵਿਦਿਆਰਥਣਾਂ

ਤਸਵੀਰ ਸਰੋਤ, Getty Images

ਪੰਜਾਬ ਸਰਕਾਰ ਨੇ 12 ਜਮਾਤ ਦੀ ਇਤਿਹਾਸ ਵਿਸ਼ੇ ਦੀ ਵਿਵਾਦਤ ਕਿਤਾਬ ਨੂੰ ਲਾਗੂ ਕਰਨ ਤੋਂ ਰੋਕ ਲਿਆ ਹੈ। ਸਰਕਾਰ ਵੱਲੋਂ ਸਮੁੱਚੇ ਮਾਮਲੇ ਦੀ ਘੋਖ ਲਈ ਇੱਕ ਨਵੀਂ 6 ਮੈਂਬਰੀ ਕਮੇਟੀ ਬਣਾਈ ਗਈ ਹੈ।

ਪੰਜਾਬ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਰਾਹੀ ਦੱਸਿਆ ਗਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਣੇ-ਪਛਾਣੇ ਇਤਿਹਾਸਕਾਰ ਪ੍ਰੋਫੈਸਰ ਕਿਰਪਾਲ ਸਿੰਘ ਦੀ ਅਗਵਾਈ ਵਿੱਚ ਕਿਤਾਬ ਦੇ ਮੁਲਾਂਕਣ ਲਈ ਇੱਕ ਕਮੇਟੀ ਗਠਿਤ ਕੀਤੀ ਹੈ।

ਜਦੋਂ ਤੱਕ ਇਹ ਕਮੇਟੀ ਆਪਣੀ ਰਿਪੋਰਟ ਨਹੀਂ ਦਿੰਦੀ ਉਦੋਂ ਤੱਕ ਨਵੀਂ ਕਿਤਾਬ ਲਾਗੂ ਨਹੀਂ ਹੋਵੇਗੀ। ਇਸ ਕੰਮ ਨੂੰ ਜਲਦ ਨੇਪਰੇ ਚਾੜਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਟੀਮ ਵੀ ਕਮੇਟੀ ਦੀ ਸਹਿਯੋਗ ਕਰੇਗੀ।

ਸਕੂਲ ਪਾਠਕ੍ਰਮਾਂ ਵਿੱਚ ਬਦਲਾਅ ਦੇ ਮੁੱਦੇ 'ਤੇ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਬਿਆਨਬਾਜ਼ੀ ਚੱਲ ਰਹੀ ਸੀ।

ਬੀਬੀਸੀ ਪੱਤਰਕਾਰ ਪ੍ਰਿਯੰਕਾ ਧਿਮਾਨ ਮੁਤਾਬਕ ਸਰਕਾਰ ਵੱਲੋਂ ਪੰਜਾਬ ਸਿੱਖਿਆ ਬੋਰਡ ਅਧੀਨ ਆਉਂਦੀ 11ਵੀਂ ਤੇ 12ਵੀਂ ਦੀਆਂ ਕਿਤਾਬਾਂ ਦੇ ਸਿਲੇਬਸ ਵਿੱਚ ਕੁਝ ਬਦਲਾਅ ਕੀਤੇ ਗਏ ਹਨ। ਇਹ ਬਦਲਾਅ ਸਿੱਖ ਇਤਿਹਾਸ ਨਾਲ ਸਬੰਧਤ ਚੈਪਟਰਾਂ ਵਿੱਚ ਕੀਤੇ ਗਏ ਹਨ।

ਇਸ ਨੂੰ ਲੈ ਕੇ ਵਿਰੋਧੀ ਧਿਰ ਵਿੱਚ ਰੋਸ ਸੀ ਅਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਨੂੰ ਇਸ ਮੁੱਦੇ 'ਤੇ ਘੇਰਿਆ ਜਾ ਰਿਹਾ ਸੀ।

ਕੀ ਹਨ ਕਿਤਾਬਾਂ 'ਚ ਬਦਲਾਅ?

ਇਨ੍ਹਾਂ ਕਿਤਾਬਾਂ ਦੇ ਸਿਲੇਬਸ 'ਤੇ ਕੰਮ ਕਰਨ ਵਾਲੇ ਰਾਮ ਮੂਰਤੀ ਨੇ ਦੱਸਿਆ,''ਪਿਛਲੇ ਸਾਲ ਦੀਆਂ ਇਤਿਹਾਸ ਦੀਆਂ 11ਵੀਂ ਤੇ 12ਵੀਂ ਦੀਆਂ ਕਿਤਾਬਾਂ ਵਿੱਚ ਸਿਲੇਬਸ ਦੁਹਰਾਇਆ ਗਿਆ ਸੀ, ਜਿਸ ਕਾਰਨ ਇਸ ਵਿੱਚ ਬਦਲਾਅ ਕੀਤੇ ਗਏ ਹਨ।''

ਉਨ੍ਹਾਂ ਦੱਸਿਆ,''12ਵੀਂ ਕਲਾਸ ਦੇ ਸਿਲੇਬਸ ਨੂੰ 11ਵੀਂ ਕਲਾਸ ਦੇ ਪਾਠਕ੍ਰਮ ਵਿੱਚ ਸ਼ਿਫਟ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਾ ਇਤਿਹਾਸ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚਾਰ ਸਾਹਿਬਜ਼ਾਦਿਆ ਦੇ ਇਤਿਹਾਸ ਨੂੰ ਵੀ ਇਸ ਕਿਤਾਬ ਵਿੱਚ ਸ਼ਾਮਲ ਕੀਤਾ ਗਿਆ ਹੈ। ਦੁਨੀਆਂ ਦੇ ਪੰਜ ਪ੍ਰਮੁੱਖ ਇਤਿਹਾਸਾਂ ਨੂੰ ਵੀ ਇਸ ਵਿੱਚ ਥਾਂ ਦਿੱਤੀ ਗਈ ਹੈ।

ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, NARINDER NANU/AFP/GETTY IMAGES

''ਰਾਸ਼ਟਰੀ ਪਾਠਕ੍ਰਮ ਦਾ ਢਾਂਚਾ 2005 ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ 12ਵੀਂ ਜਮਾਤ ਦੀ ਕਿਤਾਬ ਵਿੱਚ ਸਿੰਧੂ ਘਾਟੀ ਸੱਭਿਅਤਾ ਤੋਂ ਲੈ ਕੇ 1947 ਤੱਕ ਦਾ ਇਤਿਹਾਸ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਧੁਨਿਕ ਪੰਜਾਬ ਨੂੰ ਵੀ ਸ਼ਾਮਲ ਕੀਤਾ ਗਿਆ ਹੈ । ਇਹ ਬੰਦਾ ਸਿੰਘ ਬਹਾਦੁਰ ਤੋਂ ਲੈ ਕੇ ਰਣਜੀਤ ਸਿੰਘ ਦੇ ਸਮੇਂ ਤੱਕ ਦਾ ਇਤਿਹਾਸ ਹੈ।'' ਵੱਖ ਵੱਖ ਖਿੱਤਿਆ ਵਿੱਚ ਰਹੀ ਪੰਜਾਬ ਦੀ ਹਿੱਸੇਦਾਰੀ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ ਹੈ।''

ਪਹਿਲਾਂ ਕਿਤਾਬਾਂ ਵਿੱਚ ਕੀ ਸੀ?

ਰਾਮ ਮੂਰਤੀ ਮੁਤਾਬਕ ਪਹਿਲਾਂ 11ਵੀਂ ਅਤੇ 12ਵੀਂ ਦੀਆਂ ਕਿਤਾਬਾਂ ਵਿੱਚ ਲਗਭਗ ਇੱਕੋ ਹੀ ਚੈਪਟਰ ਸੀ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਪੰਜਾਬ ਦੀ ਆਜ਼ਾਦੀ ਦੇ ਸਮੇਂ ਤੱਕ ਦਾ।

''ਉਦਹਾਰਣ ਦੇ ਤੌਰ 'ਤੇ ਜਿਵੇਂ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦੋਵੇਂ ਕਾਲਾਸਾਂ ਦੀਆਂ ਕਿਤਾਬਾਂ ਵਿੱਚ ਦੁਹਰਾਇਆ ਗਿਆ ਸੀ।''

ਵਿਰੋਧੀ ਧਿਰ ਚੁੱਕ ਰਿਹਾ ਹੈ ਸਵਾਲ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਤਾਬਾਂ ਵਿੱਚੋਂ ਸਿੱਖ ਇਤਿਹਾਸ ਨੂੰ ਬਾਹਰ ਕਰ ਦਿੱਤਾ ਗਿਆ ਹੈ।

ਸੁਖਬੀਰ ਬਾਦਲ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿੱਖ ਇਤਿਹਾਸ ਨੂੰ 12ਵੀਂ ਵਿੱਚੋਂ ਸ਼ਿਫਟ ਕਰਕੇ 11ਵੀਂ ਕਰਨ ਦਾ ਦਾਅਵਾ ਝੂਠਾ ਹੈ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੇ ਰੁਤਬੇ ਨੂੰ ਨੀਵਾਂ ਕਰਨ ਅਤੇ ਆਉਣ ਵਾਲੀ ਪੀੜ੍ਹੀ ਇਸ ਬਾਰੇ ਨਾ ਜਾਣ ਸਕੇ, ਇਸਦੇ ਲਈ ਹੋ ਰਹੀ ਸਾਜ਼ਿਸ਼ 'ਤੇ ਮੁੱਖ ਮੰਤਰੀ ਨੂੰ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ।

ਸਰਕਾਰ ਦਾ ਤਰਕ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਜਵਾਬ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਜਵਾਬ ਦਿੱਤਾ,''ਮੈਂ ਹੈਰਾਨ ਹਾਂ ਕਿ ਅਕਾਲੀ ਦਲ ਵੱਲੋਂ ਕਿਵੇਂ ਇਤਿਹਾਸਕ ਕਿਤਾਬਾਂ ਦੇ ਮੁੱਦੇ 'ਤੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।''

''ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਫ਼ੈਸਲਾ ਅਕਾਲੀ-ਭਾਜਪਾ ਰਾਜ ਵਿੱਚ ਹੀ ਲੈ ਲਿਆ ਗਿਆ ਸੀ ਅਤੇ ਮਾਰਚ 2017 ਤੋਂ ਜਦੋਂ ਤੋਂ ਇਹ ਚਰਚਾ ਚੱਲ ਰਹੀ ਹੈ ਐਸਜੀਪੀਸੀ ਉਸਦਾ ਹਿੱਸਾ ਰਹੀ ਹੈ।''

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਇਸ ਮੁੱਦੇ 'ਤੇ ਸਿੱਖਿਆ ਮੰਤਰੀ ਓਪੀ ਸੋਨੀ ਦਾ ਕਹਿਣਾ ਹੈ,''ਬੱਚਿਆਂ ਦੀ ਭਲਾਈ ਅਤੇ ਉਨ੍ਹਾਂ ਨੂੰ ਪੰਜਾਬ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਸਿਲੇਬਸ ਵਿੱਚ ਬਦਲਾਅ ਕੀਤੇ ਗਏ ਨੇ। 12ਵੀਂ ਦੇ ਇਤਿਹਾਸਕ ਪਾਠਾਂ ਨੂੰ 11ਵੀਂ ਜਮਾਤ ਦੇ ਸਿਲੇਬਸ 'ਚ ਸ਼ਾਮਲ ਕੀਤਾ ਗਿਆ ਹੈ। ਇਤਿਹਾਸ ਨੂੰ ਗਾਇਬ ਨਹੀਂ ਕੀਤਾ ਗਿਆ ਬਲਕਿ ਉਸ ਨੂੰ ਐਡਵਾਂਸ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ।''

ਉਨ੍ਹਾਂ ਕਿਹਾ,'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਇਸ ਮੁੱਦੇ 'ਤੇ ਪੂਰੀ ਚਰਚਾ ਕੀਤੀ ਗਈ ਹੈ। ਅਕਾਲੀ ਦਲ ਇਸ ਨੂੰ ਸਿਆਸੀ ਮੁੱਦਾ ਬਣਾ ਰਿਹਾ ਹੈ। ਸਾਨੂੰ ਵੀ ਪੰਜਾਬ ਦੇ ਇਤਿਹਾਸ ਨਾਲ ਓਨਾ ਹੀ ਪਿਆਰ ਹੈ ਜਿੰਨਾ ਅਕਾਲੀ ਦਲ ਨੂੰ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)