ਲਾਹੌਰ ਤੋਂ ਬੱਚੀ ਨੇ ਹਿੰਦੂਆਂ ਅਤੇ ਸਿੱਖਾਂ ਵੱਲੋਂ ਬਣਾਈ ਮਸਜਿਦ ਦੀ ਕੀਤੀ ਸ਼ਲਾਘਾ: BBC IMPACT

ਪੰਜਾਬ ਦੇ ਜ਼ਿਲ੍ਹਾ ਬਰਨਾਲਾ ਵਿੱਚ ਹਿੰਦੂ-ਸਿੱਖ ਭਾਈਚਾਰੇ ਵੱਲੋਂ ਮੁਸਲਮਾਨਾਂ ਲਈ ਬਣਾਈ ਗਈ ਮਸਜਿਦ ਦੀ ਖ਼ਬਰ ਜੋ ਬੀਬੀਸੀ ਵੱਲੋਂ ਨਸ਼ਰ ਕੀਤੀ ਗਈ ਸੀ, ਤੋਂ ਪ੍ਰਭਾਵਿਤ ਹੋ ਕੇ ਪਾਕਿਸਤਾਨ ਤੋਂ ਇੱਕ ਨੰਨ੍ਹੀ ਪ੍ਰਸ਼ੰਸ਼ਕ ਨੇ ਚਿੱਠੀ ਲਿਖੀ ਹੈ।
ਪਾਕਿਸਤਾਨ ਦੇ ਲਾਹੌਰ ਤੋਂ ਅਕੀਦਤ ਨਾਵੇਦ ਨੇ ਸ਼ਲਾਘਾ ਕਰਦਿਆਂ ਇਨ੍ਹਾਂ ਲੋਕਾਂ ਨੂੰ ਭਾਰਤ ਦੇ ਅਸਲ ਹੀਰੋ ਕਿਹਾ ਅਤੇ ਇਸ ਮਸਜਿਦ ਦਾ ਨਾਮ 'ਅਮਨ ਮਸਜਿਦ' ਰੱਖਣ ਦੀ ਸਲਾਹ ਦਿੱਤੀ ਹੈ।

ਤਸਵੀਰ ਸਰੋਤ, Aqeedat Naveed/BBC

ਤਸਵੀਰ ਸਰੋਤ, Aqeedat Naveed
ਬੀਬੀਸੀ ਨੇ ਕੁਝ ਦਿਨਾਂ ਪਹਿਲਾਂ ਇੱਕ ਖ਼ਬਰ ਨਸ਼ਰ ਕੀਤੀ ਸੀ ਜਿਸ ਵਿੱਚ ਵੇਰਵੇ ਸਹਿਤ ਦੱਸਿਆ ਗਿਆ ਸੀ ਕਿ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਮੂਮ ਦੇ ਵਾਸੀਆਂ ਨੇ ਧਾਰਮਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਦੀ ਵੱਖਰੀ ਮਿਸਾਲ ਕਾਇਮ ਕੀਤੀ।
ਪਿੰਡ ਦੇ ਸਿੱਖ ਅਤੇ ਹਿੰਦੂ ਭਾਈਚਾਰੇ ਨੇ ਮੁਸਲਿਮ ਭਾਈਚਾਰੇ ਨੂੰ ਮਸਜਿਦ ਉਸਾਰ ਕੇ ਦਿੱਤੀ ਹੈ।

ਅਕੀਦਤ ਨੇ ਆਪਣੀ ਚਿੱਠੀ ਵਿੱਚ ਭਰਤ ਰਾਮ, ਨਾਜ਼ਿਮ ਰਾਜਾ ਅਤੇ ਪਿੰਡ ਵਾਲਿਆਂ ਨੂੰ ਸੰਬੋਧਨ ਕਰਦਿਆਂ ਲਿਖਿਆ ਹੈ-
"ਭਰਤ ਰਾਮ, ਨਾਜ਼ਿਮ ਰਾਜਾ ਅਤੇ ਸਤਿਕਾਰਯੋਗ ਪਿੰਡ ਵਾਸੀਓਂ, ਨਮਸਤੇ, ਸਤਿ ਸ੍ਰੀ ਅਕਾਲ.. ਮੈਂ ਤੁਹਾਡੇ ਪਿੰਡ ਦੀ ਕਹਾਣੀ ਬੀਬੀਸੀ 'ਤੇ ਪੜ੍ਹੀ ਅਤੇ ਮੈਂ ਤੁਹਾਡੇ ਆਪਸੀ ਪਿਆਰ ਅਤੇ ਭਾਈਚਾਰੇ ਤੋਂ ਬੇਹੱਦ ਪ੍ਰੇਰਿਤ ਹੋਈ ਹਾਂ। ਮੈਂ ਆਪਣੇ ਗੁਆਂਢੀ ਮੁਲਕ ਵਿੱਚ ਤੁਹਾਡੇ ਵੱਲੋਂ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਹੁੰਦਿਆਂ ਹੋਇਆ ਵੀ ਫ਼ਿਕਰ ਅਤੇ ਮਦਦ ਦੀ ਪੇਸ਼ ਕੀਤੀ ਮਿਸਾਲ ਤੋਂ ਬੇਹੱਦ ਖੁਸ਼ ਹਾਂ।"

"ਤੁਸੀਂ ਸਾਬਿਤ ਕੀਤਾ ਹੈ ਕਿ ਹਿੰਦੂ, ਸਿੱਖ ਅਤੇ ਮੁਸਲਮਾਨ ਵੀ ਭਰਾ-ਭਰਾ ਹੋ ਸਕਦੇ ਹਨ ਅਤੇ ਸ਼ਾਂਤੀ ਨਾਲ ਰਹਿ ਸਕਦੇ ਹਨ। ਮੈਂ ਮਸ਼ਵਰਾ ਪੇਸ਼ ਕਰਦੀ ਹਾਂ ਕਿ ਇਸ ਮਸਜਿਦ ਦਾ ਨਾਮ 'ਅਮਨ ਮਸਜਿਦ' ਰੱਖਿਆ ਜਾਵੇ। ਮੈਨੂੰ ਆਸ ਹੈ ਕਿ ਭਵਿੱਖ ਵਿੱਚ ਤੁਸੀਂ ਪਿੰਡ ਦੀਆਂ ਕੁੜੀਆਂ ਦੀ ਸਿੱਖਿਆ ਲਈ ਵੀ ਇਸੇ ਭਾਵਨਾ ਨਾਲ ਕੰਮ ਕਰੋਗੇ।"
"ਅਖ਼ੀਰ ਵਿੱਚ ਮੈਂ ਤੁਹਾਨੂੰ ਭਾਰਤ ਦੇ ਅਸਲ ਹੀਰੋ ਕਹਿਣਾ ਚਾਹਾਂਗੀ। ਮਿਹਰਬਾਨੀ ਕਰਕੇ ਤੁਸੀਂ ਮੇਰੀ ਇਹ ਚਿੱਠੀ ਪਿੰਡ ਦੀ ਸੱਥ ਵਿੱਚ ਪੜ੍ਹੋ ਤਾਂ ਜੋ ਤੁਸੀਂ ਆਪਸੀ ਭਾਈਚਾਰੇ ਅਤੇ ਸਾਂਝੀਵਾਲਤਾ 'ਤੇ ਮਾਣ ਮਹਿਸੂਸ ਕਰ ਸਕੋ।"
"ਨਿੱਘ ਅਤੇ ਪਿਆਰ ਨਾਲ,
ਅਕੀਦਤ ਨਾਵੇਦ"













