ਅਮਰੀਕੀ ਰਾਸ਼ਟਰਪਤੀ ਦੀ ਕਿੰਨੀ ਤਨਖ਼ਾਹ ਹੁੰਦੀ ਹੈ ਤੇ ਕਿਹੜੀਆਂ ਖ਼ਾਸ ਸਹੂਲਤਾਂ ਮਿਲਦੀਆਂ ਹਨ

ਚਾਹੇ ਉਹ ਭਾਰਤੀ ਮੂਲ ਦੀ ਕਮਲਾ ਹੈਰਿਸ ਹੋਵੇ ਜਾਂ ਡੌਨਲਡ ਟਰੰਪ- ਦੋਵਾਂ ਵਿੱਚੋਂ ਕੌਣ ਬਣੇਗਾ ਅਮਰੀਕਾ ਦਾ ਰਾਸ਼ਟਰਪਤੀ, ਇਹ ਤਸਵੀਰ ਜਲਦ ਹੀ ਸਾਫ਼ ਹੋ ਜਾਵੇਗੀ।
ਹਰ ਕਿਸੇ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਅਮਰੀਕਾ ਨੂੰ ਆਪਣੀ ਪਹਿਲੀ ਮਹਿਲਾ ਰਾਸ਼ਟਰਪਤੀ ਮਿਲੇਗੀ ਜਾਂ ਡੌਨਲਡ ਟਰੰਪ ਵਾਪਸੀ ਕਰਨਗੇ।
ਪਰੰਪਰਾ ਅਨੁਸਾਰ, ਨਵੇਂ ਚੁਣੇ ਗਏ ਰਾਸ਼ਟਰਪਤੀ 20 ਜਨਵਰੀ, 2025 ਨੂੰ ਚਾਰ ਸਾਲ ਦੇ ਕਾਰਜਕਾਲ ਲਈ ਅਹੁਦਾ ਸੰਭਾਲਣਗੇ।

ਹਾਲਾਂਕਿ ਦੇਸ਼-ਵਿਦੇਸ਼ ਦੇ ਲੋਕ ਇਸ ਗੱਲ ਨੂੰ ਲੈ ਕੇ ਉਤਸੁਕ ਹਨ ਕਿ ਅਮਰੀਕਾ 'ਚ ਸ਼ਾਸਨ ਦੀ ਵਾਗਡੋਰ ਕੌਣ ਸੰਭਾਲੇਗਾ?
ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਆਪਣੇ ਦੇਸ਼ ਲਈ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਅਤੇ ਭੂ-ਰਾਜਨੀਤਿਕ ਮਾਮਲਿਆਂ ਵਿੱਚ ਵੀ ਨਿਰਣਾਇਕ ਹੁੰਦੇ ਹਨ।
ਅਮਰੀਕਾ ਦੇ ਰਾਸ਼ਟਰਪਤੀ ਨੂੰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਅਜਿਹੇ 'ਚ ਬਹੁਤ ਸਾਰੇ ਲੋਕਾਂ ਦਾ ਇਹ ਸੋਚਣਾ ਸੁਭਾਵਿਕ ਹੈ ਕਿ ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਮਿਲਦੀ ਹੈ?

ਅਮਰੀਕੀ ਰਾਸ਼ਟਰਪਤੀ ਦੀ ਤਨਖ਼ਾਹ
ਅਮਰੀਕੀ ਰਾਸ਼ਟਰਪਤੀ ਦੀ ਤਨਖ਼ਾਹ ਔਸਤ ਦੇਸ਼ ਵਾਸੀ ਨਾਲੋਂ ਛੇ ਗੁਣਾ ਵੱਧ ਹੈ। ਇੱਕ ਔਸਤ ਅਮਰੀਕੀ ਸਾਲਾਨਾ 63 ਹਜ਼ਾਰ 795 ਡਾਲਰ (ਕਰੀਬ 53 ਲੱਖ ਰੁਪਏ) ਕਮਾਉਂਦਾ ਹੈ।
ਅਮਰੀਕਾ ਦੇ ਚੋਟੀ ਦੇ ਅਮੀਰ ਸਾਲਾਨਾ ਔਸਤਨ 7 ਲੱਖ 88 ਹਜ਼ਾਰ ਡਾਲਰ ਯਾਨੀ ਲਗਭਗ 6 ਕਰੋੜ 28 ਲੱਖ ਰੁਪਏ ਕਮਾਉਂਦੇ ਹਨ ਪਰ ਅਮਰੀਕੀ ਰਾਸ਼ਟਰਪਤੀ ਦੀ ਤਨਖ਼ਾਹ ਇਸ ਤੋਂ ਲਗਭਗ ਅੱਧੀ ਹੈ।
ਇਸ ਹਿਸਾਬ ਨਾਲ ਉਹ ਦੇਸ਼ ਦੇ ਚੋਟੀ ਦੇ 1% ਅਮੀਰਾਂ ਵਿੱਚ ਵੀ ਨਹੀਂ ਆਉਂਦੇ।
ਰਾਸ਼ਟਰਪਤੀ ਜੋਅ ਬਾਇਡਨ ਨੂੰ 4 ਲੱਖ ਡਾਲਰ ਯਾਨੀ 3.36 ਕਰੋੜ ਰੁਪਏ ਸਾਲਾਨਾ ਤਨਖ਼ਾਹ ਮਿਲਦੀ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਨੂੰ ਵਾਧੂ 50 ਹਜ਼ਾਰ ਡਾਲਰ ਯਾਨੀ 42 ਲੱਖ ਰੁਪਏ ਖ਼ਰਚੇ ਵਜੋਂ ਮਿਲਦੇ ਹਨ।
ਵਾਸ਼ਿੰਗਟਨ ਡੀਸੀ ਵਿੱਚ ਵ੍ਹਾਈਟ ਹਾਊਸ ਸੰਯੁਕਤ ਰਾਜ ਦੇ ਰਾਸ਼ਟਰਪਤੀ ਦਾ ਅਧਿਕਾਰਤ ਨਿਵਾਸ ਅਤੇ ਦਫ਼ਤਰ ਹੈ। ਉਨ੍ਹਾਂ ਨੂੰ ਇੱਥੇ ਰਹਿਣ ਲਈ ਆਪਣੀ ਜੇਬ ਤੋਂ ਕੁਝ ਵੀ ਖ਼ਰਚਣ ਦੀ ਲੋੜ ਨਹੀਂ ਹੈ।
ਜਦੋਂ ਰਾਸ਼ਟਰਪਤੀ ਪਹਿਲੀ ਵਾਰ ਵ੍ਹਾਈਟ ਹਾਊਸ ਵਿੱਚ ਦਾਖ਼ਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਇੱਕ ਲੱਖ ਡਾਲਰ ਯਾਨੀ ਕਰੀਬ 84 ਲੱਖ ਰੁਪਏ ਦਿੱਤੇ ਜਾਂਦੇ ਹਨ। ਇਸ ਪੈਸੇ ਨੂੰ ਉਹ ਆਪਣੀ ਸਹੂਲਤ ਅਨੁਸਾਰ ਘਰ ਦੀ ਸਜਾਵਟ 'ਤੇ ਖ਼ਰਚ ਕਰ ਸਕਦੇ ਹਨ।
ਰਾਸ਼ਟਰਪਤੀ ਨੂੰ ਮਨੋਰੰਜਨ, ਸਟਾਫ਼ ਅਤੇ ਰਸੋਈਏ ਲਈ 19 ਹਜ਼ਾਰ ਡਾਲਰ ਯਾਨੀ ਲਗਭਗ 60 ਲੱਖ ਰੁਪਏ ਸਾਲਾਨਾ ਵੀ ਮਿਲਦੇ ਹਨ।
ਟਰੰਪ ਨੇ 2016 ਵਿੱਚ ਕਿਹਾ ਸੀ ਕਿ ਉਹ ਤਨਖਾਹ ਵਜੋਂ ਸਿਰਫ਼ ਇੱਕ ਡਾਲਰ ਹੀ ਲੈਣਗੇ। ਹਾਲਾਂਕਿ ਉਸ ਸਮੇਂ ਟਰੰਪ ਦੀ ਆਪਣੀ ਨਿੱਜੀ ਜਾਇਦਾਦ ਹੀ 3.7 ਅਰਬ ਡਾਲਰ ਦੀ ਸੀ।

ਤਸਵੀਰ ਸਰੋਤ, Getty Images
ਲਾਭ ਅਤੇ ਭੱਤੇ
ਅਮਰੀਕਾ ਦੇ ਰਾਸ਼ਟਰਪਤੀ ਦੀਆਂ ਸਾਰੀਆਂ ਸਿਹਤ ਸੇਵਾਵਾਂ ਮੁਫ਼ਤ ਹਨ।
ਅਮਰੀਕੀ ਰਾਸ਼ਟਰਪਤੀ ਨੂੰ ਯਾਤਰਾ ਲਈ ਇੱਕ ਲੀਮੋਜ਼ਿਨ ਕਾਰ, ਇੱਕ ਸਮੁੰਦਰੀ ਜਹਾਜ਼ ਅਤੇ ਏਅਰ ਫੋਰਸ ਵਨ ਨਾਮ ਦਾ ਇੱਕ ਹਵਾਈ ਜਹਾਜ਼ ਮਿਲਦਾ ਹੈ।
ਰਾਸ਼ਟਰਪਤੀ ਦੇ ਬੇੜੇ ਵਿੱਚ ਸ਼ਾਮਲ ਲੀਮੋਜ਼ਿਨ ਕਾਰਾਂ ਆਧੁਨਿਕ ਸੁਰੱਖਿਆ ਅਤੇ ਸੰਚਾਰ ਪ੍ਰਣਾਲੀਆਂ ਨਾਲ ਲੈਸ ਹਨ।
ਰਾਸ਼ਟਰਪਤੀ ਦੀਆਂ ਤਰਜੀਹਾਂ ਅਨੁਸਾਰ ਲੀਮੋਜ਼ਿਨ ਕਾਰਾਂ ਵਿੱਚ ਸਮੇਂ-ਸਮੇਂ 'ਤੇ ਜ਼ਰੂਰੀ ਸੋਧਾਂ ਕੀਤੀਆਂ ਜਾਂਦੀਆਂ ਹਨ।
ਕਾਰਾਂ ਨੂੰ ਸੁਰੱਖਿਅਤ ਬਣਾਉਣ ਲਈ ਸਮੇਂ-ਸਮੇਂ 'ਤੇ ਬਦਲਾਵ ਵੀ ਕੀਤੇ ਜਾਂਦੇ ਹਨ।
ਏਅਰ ਫੋਰਸ ਵੰਨ ਦੇ ਹਵਾਈ ਜਹਾਜ਼ ਲਗਭਗ ਚਾਰ ਹਜ਼ਾਰ ਵਰਗ ਫੁੱਟ ਚੌੜੇ ਹਨ।ਇਸ ਨੂੰ 'ਫਲਾਇੰਗ ਕੈਸਲ' ਅਤੇ 'ਫਲਾਇੰਗ ਵ੍ਹਾਈਟ ਹਾਊਸ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹ ਬਹੁਤ ਸੁਰੱਖਿਅਤ ਹੈ।
ਇਸ ਵਿੱਚ ਰਾਸ਼ਟਰਪਤੀ ਨੂੰ ਆਪਣਾ ਰੋਜ਼ਾਨਾ ਕੰਮ ਕਰਨ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੌਜੂਦ ਹਨ।
ਰਾਸ਼ਟਰਪਤੀ ਤੋਂ ਇਲਾਵਾ ਏਅਰ ਫੋਰਸ ਵੰਨ 'ਚ 100 ਦੇ ਕਰੀਬ ਸਟਾਫ ਮੈਂਬਰਾਂ ਲਈ ਵੀ ਯਾਤਰਾ ਦਾ ਪ੍ਰਬੰਧ ਹੈ।
ਸੰਯੁਕਤ ਰਾਜ ਦੇ ਰਾਸ਼ਟਰਪਤੀ ਐਂਡਰਿਊਜ਼ ਏਅਰ ਫੋਰਸ ਬੇਸ ਤੋਂ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਲੈਂਦੇ ਹਨ।

ਤਸਵੀਰ ਸਰੋਤ, Getty Images
ਵ੍ਹਾਈਟ ਹਾਊਸ
ਅਮਰੀਕਾ ਦੇ ਰਾਸ਼ਟਰਪਤੀ ਦੇ ਭਵਨ ਨੂੰ ਵ੍ਹਾਈਟ ਹਾਊਸ ਕਿਹਾ ਜਾਂਦਾ ਹੈ। ਜਿੱਥੇ ਅਮਰੀਕਾ ਦੇ ਪਹਿਲੇ ਨਾਗਰਿਕ ਅਤੇ ਉਨ੍ਹਾਂ ਦੇ ਪਰਿਵਾਰ ਰਿਹਾਇਸ਼ ਦੌਰਾਨ ਸਮਾਂ ਗੁਜ਼ਾਰਦੇ ਹਨ।
ਭਾਵੇਂ ਟਰੰਪ ਨੇ ਤਨਖ਼ਾਹ ਛੱਡੀ ਪਰ ਉਹ ਵੀ ਹੋਰ ਅਮਰੀਕੀ ਰਾਸ਼ਟਰਪਤੀਆਂ ਵਾਂਗ ਵ੍ਹਾਈਟ ਹਾਊਸ ਵਿੱਚ ਰਹੇ। ਛੇ ਮੰਜ਼ਿਲਾਂ ਵਾਲੇ ਆਲੀਸ਼ਾਨ ਵ੍ਹਾਈਟ ਹਾਊਸ ਵਿੱਚ 132 ਕਮਰੇ ਤੇ 35 ਬਾਥਰੂਮ ਹਨ।
ਇਸ ਦੀ ਸਾਂਭ ਸੰਭਾਲ ਦਾ ਸਲਾਨਾ ਖ਼ਰਚਾ ਇੱਕ ਕਰੋੜ 27 ਲੱਖ ਡਾਲਰ ਆਉਂਦਾ ਹੈ।
ਵ੍ਹਾਈਟ ਹਾਊਸ ਵਿੱਚ ਘਰੇਲੂ ਕੰਮ ਕਾਜ ਲਈ ਤਕਰੀਬਨ 100 ਮੁਜ਼ਾਲਮ ਹਨ। ਜਿਨ੍ਹਾਂ ਵਿੱਚ ਐਗਜ਼ੀਕਿਊਟਿਵ ਖਾਨਸਾਮੇ ਅਤੇ ਪੇਸਟਰੀ ਬਣਾਉਣ ਵਾਲੇ ਖਾਨਸਾਮੇ ਵੀ ਸ਼ਾਮਲ ਹਨ।
ਕੈਂਪ ਡੇਵਿਡ
ਕੁਦਰਤ ਦਾ ਅਨੰਦ ਮਾਣਨ ਲਈ ਅਮਰੀਕੀ ਰਾਸ਼ਟਰਪਤੀ ਕੋਲ 200 ਏਕੜ ਵਿੱਚ ਫੈਲਿਆ ਇੱਕ ਖ਼ਾਸ ਫਾਰਮ ਹਾਊਸ- ਕੈਂਪ ਡੇਵਿਡ ਹੈ।
ਕੈਂਪ ਡੇਵਿਡ ਵਿੱਚ ਬਾਸਕਿਟਬਾਲ, ਬਾਲਿੰਗ, ਗੋਲਫ਼ ਖੇਡਣ ਆਦਿ ਦੀਆਂ ਸਹੂਲਤਾਂ ਮੌਜੂਦ ਹਨ।
ਇਹ ਅਮਰੀਕੀ ਰਾਸ਼ਟਰਪਤੀਆਂ ਨੂੰ ਕੁਦਰਤ ਦੇ ਕੋਲ ਰਹਿਣ ਅਤੇ ਕੁਝ ਸ਼ਾਂਤ ਸਮਾਂ ਗੁਜ਼ਾਰਨ ਦਾ ਮੌਕਾ ਦਿੰਦਾ ਹੈ।
ਇੱਥੇ ਵਿਦੇਸ਼ੀ ਰਾਸ਼ਟਰ ਮੁਖੀਆਂ ਨੂੰ ਵੀ ਠਹਿਰਾਇਆ ਜਾਂਦਾ ਹੈ।
ਏਅਰ ਫੋਰਸ-ਵੰਨ ਅਤੇ ਮਰੀਨ-ਵੰਨ

ਤਸਵੀਰ ਸਰੋਤ, Getty Images
ਤਕਨੀਕੀ ਰੂਪ ਵਿੱਚ ਤਾਂ ਜਿਸ ਵੀ ਹਵਾਈ ਜਹਾਜ਼ ਵਿੱਚ ਅਮਰੀਕੀ ਰਾਸ਼ਟਰਪਤੀ ਸਵਾਰ ਹੁੰਦੇ ਹਨ ਉਸ ਨੂੰ ਏਅਰ ਫੋਰਸ-ਵੰਨ ਹੀ ਕਿਹਾ ਜਾਂਦਾ ਹੈ ਪਰ ਵੀਹਵੀਂ ਸਦੀ ਦੇ ਮੱਧ ਤੋਂ ਇਸ ਮੰਤਵ ਲਈ ਦੋ ਖ਼ਾਸ ਜਹਾਜ਼ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ।
ਅਮਰੀਕੀ ਰਾਸ਼ਟਰਪਤੀ ਨੂੰ ਦੁਨੀਆਂ ਵਿੱਚ ਕਿਤੇ ਵੀ ਆਉਣ-ਜਾਣ ਲਈ ਅਮਰੀਕੀ ਹਵਾਈ ਫੌਜ ਦੇ ਦੋ ਖ਼ਾਸ ਹਵਾਈ ਜਹਾਜ਼ ਮਿਲਦੇ ਹਨ। ਬੋਇੰਗ 747-200B ਵਰਗ ਇਨ੍ਹਾਂ ਦੋ ਜਹਾਜ਼ਾਂ ਦੇ ਟੇਲ ਕੋਡ ਕ੍ਰਮਵਾਰ 28000 ਅਤੇ 29000 ਹਨ।
ਇਨ੍ਹਾਂ ਦੋਵਾਂ ਵਿੱਚੋਂ ਜਿਸ ਕਿਸੇ ਵਿੱਚ ਵੀ ਅਮਰੀਕੀ ਰਾਸ਼ਟਰਪਤੀ ਸਵਾਰ ਹੋਣ ਉਸ ਨੂੰ ਏਅਰ ਫੋਰਸ-ਵੰਨ ਕਿਹਾ ਜਾਂਦਾ ਹੈ।
ਏਅਰ ਫੋਰਸ-ਵੰਨ ਦੀਆਂ ਖ਼ਾਸੀਅਤਾਂ ਵਿੱਚ ਸ਼ਾਮਲ ਹਨ- ਉਡਾਣ ਦੌਰਾਨ ਤੇਲ ਭਰਨ ਦੀ ਸਮਰੱਥਾ, ਐਡਵਾਂਸਡ ਕਮਾਂਡ ਸੈਂਟਰ ਅਤੇ ਐਮਰਜੈਂਸੀ ਓਪਰੇਟਿੰਗ ਥਿਏਟਰ।
ਇਸ ਦੀ ਇੱਕ ਘੰਟੇ ਦੀ ਉਡਾਣ ਉੱਪਰ 1,80,000 ਅਮਰੀਕੀ ਡਾਲਰ ਦਾ ਖ਼ਰਚਾ ਆਉਂਦਾ ਹੈ।

ਤਸਵੀਰ ਸਰੋਤ, Getty Images
ਦੂਜਾ ਹੈ ਰਾਸ਼ਟਰਪਤੀ ਨੂੰ ਮਿਲਣ ਵਾਲਾ ਖ਼ਾਸ ਮਰੀਨ-ਵੰਨ ਹੈਲੀਕਾਪਟਰ। ਹੈਲੀਕਾਪਟਰ ਦੇ ਸਫ਼ਰ ਦੌਰਾਨ ਕਿਸੇ ਸੰਭਾਵੀ ਹਮਲੇ ਤੋਂ ਬਚਾਅ ਲਈ ਮਰੀਨ-ਵੰਨ ਦੇ ਨਾਲ ਉਹੋ-ਜਿਹੇ ਹੀ ਚਾਰ ਹੋਰ ਹੈਲੀਕਾਪਰ ਜਿਨ੍ਹਾਂ ਨੂੰ ਡਿਕੌਇ ਕਿਹਾ ਜਾਂਦਾ ਹੈ, ਉਡਾਣ ਭਰਦੇ ਹਨ।
ਇਨ੍ਹਾਂ ਡਿਕੌਇ ਹੈਲੀਕਾਪਟਰਾਂ ਵਿੱਚ ਮਿਜ਼ਾਈਲ ਡਿਫ਼ੈਂਸ ਪ੍ਰਣਾਲੀ ਵੀ ਲੱਗੀ ਹੁੰਦੀ ਹੈ।
'ਦਾ ਬੀਸਟ' ਗੱਡੀ
'ਦਾ ਬੀਸਟ' ਅਮਰੀਕੀ ਰਾਸ਼ਟਰਪਤੀ ਲਈ ਖ਼ਾਸ ਤੌਰ 'ਤੇ ਤਿਆਰ ਕੀਤੀ ਗਈ ਇੱਕ ਲੀਮੋਜ਼ਿਨ ਗੱਡੀ ਹੈ।
ਇਹ ਪੂਰੀ ਤਰ੍ਹਾਂ ਬਖ਼ਤਰਬੰਦ ਹੈ। ਇਸ ਵਿੱਚ ਹਨੇਰੇ ਵਿੱਚ ਦੇਖਣ ਲਈ ਨਾਈਟ ਵਿਜ਼ਨ ਕੈਮਰੇ ਵੀ ਮੌਜੂਦ ਹਨ। ਰਾਸ਼ਟਰਪਤੀ ਨੂੰ ਰਸਾਇਣਕ ਹਥਿਆਰਾਂ ਤੋਂ ਸੁਰੱਖਿਆ ਵੀ ਦਿੰਦੀ ਹੈ।
2001 ਤੋਂ ਬਾਅਦ ਕੋਈ ਤਨਖ਼ਾਹ ਨਹੀਂ ਵਧੀ
ਹਰ ਸਰਕਾਰੀ ਅਧਿਕਾਰੀ ਨੂੰ ਹਰ ਸਾਲ ਜਾਂ ਸਮੇਂ-ਸਮੇਂ 'ਤੇ ਤਨਖ਼ਾਹ ਵਿੱਚ ਵਾਧਾ ਮਿਲਦਾ ਹੈ, ਪਰ ਅਮਰੀਕੀ ਰਾਸ਼ਟਰਪਤੀ ਦੀ ਤਨਖ਼ਾਹ 2001 ਤੋਂ ਨਹੀਂ ਵਧੀ ਹੈ।
2001 ਵਿੱਚ ਜਦੋਂ ਜਾਰਜ ਡਬਲਿਯੂ ਬੁਸ਼ ਨੇ ਅਹੁਦਾ ਸੰਭਾਲਿਆ ਸੀ ਤਾਂ ਤਨਖ਼ਾਹ ਵਿੱਚ ਵਾਧਾ ਕੀਤਾ ਗਿਆ ਸੀ।
ਜਾਰਜ ਵਾਸ਼ਿੰਗਟਨ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਸਨ।
ਉਨ੍ਹਾਂ ਨੂੰ ਦੋ ਹਜ਼ਾਰ ਡਾਲਰ ਦੀ ਸਲਾਨਾ ਤਨਖ਼ਾਹ ਮਿਲਦੀ ਸੀ। ਉਸ ਸਮੇਂ ਦੇ ਹਿਸਾਬ ਨਾਲ ਇਹ ਬਹੁਤ ਵੱਡੀ ਰਕਮ ਸੀ।
ਇਸ ਤੋਂ ਇਲਾਵਾ ਵਾਸ਼ਿੰਗਟਨ ਖੁਦ ਇੱਕ ਖੁਸ਼ਹਾਲ ਕਿਸਾਨ ਸੀ।
ਡੌਨਲਡ ਟਰੰਪ, ਜੌਹਨ ਐਫ ਕੈਨੇਡੀ ਅਤੇ ਹਰਬਰਟ ਹੂਵਰ ਵਰਗੇ ਅਮੀਰ ਅਮਰੀਕੀ ਰਾਸ਼ਟਰਪਤੀ ਆਪਣੀਆਂ ਸਾਲਾਨਾ ਤਨਖ਼ਾਹਾਂ ਦਾਨ ਕਰਦੇ ਸਨ।

ਕਾਰਜਕਾਲ ਖ਼ਤਮ ਹੋਣ ਤੋਂ ਬਾਅਦ
ਜਦੋਂ ਰਾਸ਼ਟਰਤੀ ਦਾ ਕਾਰਜਕਾਲ ਖ਼ਤਮ ਹੋ ਜਾਂਦਾ ਹੈ, ਉਨ੍ਹਾਂ ਨੂੰ ਸਲਾਨਾ ਦੋ ਲੱਖ 37 ਹਜ਼ਾਰ ਅਮਰੀਕੀ ਡਾਲਰ ਪੈਨਸ਼ਨ ਤਾਂ ਮਿਲਦੀ ਹੀ ਹੈ ।
ਇਸ ਦੇ ਨਾਲ ਹੀ ਸਟਾਫ਼ ਲਈ ਵੀ ਸਲਾਨਾ 96,000 ਡਾਲਰ ਮਿਲਦੇ ਹਨ।
ਉਮਰ ਭਰ ਲਈ ਨਿੱਜੀ ਸੁਰੱਖਿਆ ਵੱਖਰੀ ਮਿਲਦੀ ਹੈ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












