ਟੀਪੂ ਸੁਲਤਾਨ ਦੀ ਤਲਵਾਰ ਸਣੇ ਭਾਰਤ ਤੋਂ ਚੋਰੀ ਹੋਈਆਂ ਇਹ ਕਲਾਕ੍ਰਿਤਾਂ ਬ੍ਰਿਟੇਨ ਤੋਂ ਵਾਪਸ ਆਉਣਗੀਆਂ

ਤਸਵੀਰ ਸਰੋਤ, CSG CIC GLASGOW MUSEUMS COLLECTION
ਬ੍ਰਿਟੇਨ ਭਾਰਤ ਤੋਂ ਚੋਰੀ ਕਰ ਕੇ ਲਿਜਾਈਆਂ ਗਈਆਂ ਇਤਿਹਾਸਕ ਮਹੱਤਵ ਵਾਲੀਆਂ ਸੱਤ ਮੂਰਤੀਆਂ ਅਤੇ ਕਲਾਕ੍ਰਿਤੀਆਂ ਹੁਣ ਵਾਪਸ ਮੋੜਨ ਲਈ ਸਹਿਮਤ ਹੋ ਗਿਆ ਹੈ।
ਇਹ ਮੂਰਤੀਆਂ ਅਤੇ ਕਲਾਕ੍ਰਿਤੀਆਂ ਗਲਾਸਗੋ ਦੇ ਅਜਾਇਬ ਘਰ ਵਿੱਚ ਰੱਖੀਆਂ ਹੋਈਆਂ ਸਨ।
ਭਾਰਤੀ ਦੂਤਾਵਾਸ ਦੇ ਇੱਕ ਦਲ ਵੱਲੋਂ ਕੈਲਵਿਨਗ੍ਰੋਵ ਆਰਟ ਗੈਲਰੀ ਐਂਡ ਮਿਊਜ਼ੀਅਮ ਦੇ ਨਾਲ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਬਾਅਦ ਇਨ੍ਹਾਂ ਕਲਾਕ੍ਰਿਤੀਆਂ ਦੇ ਭਾਰਤ ਆਉਣ ਦੀ ਰਾਹ ਪੱਧਰਾ ਹੋ ਗਿਆ ਹੈ।
ਬ੍ਰਿਟੇਨ ਤੋਂ ਕਲਾਕ੍ਰਿਤੀਆਂ ਦੇ ਭਾਰਤ ਆਉਣ ਦਾ ਇਹ ਪਹਿਲਾ ਮੌਕਾ ਹੋਵੇਗਾ।
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਤੋਂ ਬਾਅਦ ਭਾਰਤ ਤੋਂ ਚੋਰੀ ਕਰਕੇ ਬ੍ਰਿਟੇਨ ਪਹੁੰਚਾਈਆਂ ਗਈਆਂ ਹੋਰ ਵੀ ਕਲਾਕ੍ਰਿਤੀਆਂ ਭਾਰਤ ਲਿਆਂਦੀਆਂ ਜਾ ਸਕਦੀਆਂ ਹਨ।
ਟੀਪੂ ਦੀ ਤਲਵਾਰ ਅਤੇ ਮਿਆਨ
ਜਿਹੜੀਆਂ ਕਲਾਕ੍ਰਿਤੀਆਂ ਭਾਰਤ ਲਿਆਂਦੀਆਂ ਜਾਣਗੀਆਂ, ਉਨ੍ਹਾਂ 'ਚ 14ਵੀਂ ਸਦੀ ਦੀਆਂ ਪੱਥਰ ਦੀਆਂ ਤਰਾਸ਼ੀਆਂ ਗਈਆਂ ਮੂਰਤੀਆਂ ਅਤੇ 11ਵੀਂ ਸਦੀ ਦੀਆਂ ਪੱਥਰ ਦੀਆਂ ਚੁਗਾਠਾਂ ਹਨ।
ਇਨ੍ਹਾਂ ਨੂੰ 19ਵੀਂ ਸਦੀ 'ਚ ਮੰਦਰਾਂ ਅਤੇ ਧਾਰਮਿਕ ਅਸਥਾਨਾਂ ਤੋਂ ਚੋਰੀ ਕੀਤਾ ਗਿਆ ਸੀ। ਇਨ੍ਹਾਂ ਵਿੱਚ ਟੀਪੂ ਸੁਲਤਾਨ ਦੀ ਤਲਵਾਰ ਅਤੇ ਮਿਆਨ ਵੀ ਸ਼ਾਮਿਲ ਹਨ।

ਤਸਵੀਰ ਸਰੋਤ, CSG CIC GLASGOW MUSEUMS COLLECTION
ਇਸ ਨੂੰ ਸਾਲ 1905 ਵਿੱਚ ਹੈਦਰਾਬਾਦ ਦੇ ਨਿਜ਼ਾਮ ਦੇ ਖ਼ਜ਼ਾਨੇ ਤੋਂ ਉਨ੍ਹਾਂ ਦੇ ਪ੍ਰਧਾਨ ਮੰਤਰੀ ਨੇ ਚੋਰੀ ਕਰ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਬ੍ਰਿਟਿਸ਼ ਜਨਰਲ ਆਰਕੀਬਾਲਡ ਹੰਟਰ ਨੂੰ ਵੇਚ ਦਿੱਤਾ ਸੀ।
ਇਹ ਸਾਰੀਆਂ ਕਲਾਕ੍ਰਿਤੀਆਂ ਗਲਾਸਗੋ ਮਿਊਜ਼ਿਅਮ ਨੂੰ ਤੋਹਫ਼ੇ ਵਜੋਂ ਦਿੱਤੀਆਂ ਗਈਆਂ ਸਨ।
ਗਲਾਸਗੋ ਮਿਊਜ਼ਿਅਮ ਨੇ ਕਿਹਾ ਹੈ, ''ਸਮਝਿਆ ਜਾ ਰਿਹਾ ਹੈ ਕਿ ਇਹ ਕਲਾਕ੍ਰਿਤੀਆਂ ਅਤੇ ਮੂਰਤੀਆਂ ਕਾਨਪੁਰ, ਕੋਲਕਾਤਾ, ਗਵਾਲੀਅਰ, ਬਿਹਾਰ ਅਤੇ ਹੈਦਰਾਬਾਦ ਤੋਂ ਲਿਆਂਦੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਕਈ 1000 ਸਾਲ ਤੋਂ ਵੀ ਪੁਰਾਣੀਆਂ ਮੰਨੀਆਂ ਜਾ ਰਹੀਆਂ ਹਨ।''
ਕੈਲਵਿਨਗ੍ਰੋਵ ਦੇ ਇੱਕ ਸਮਾਰੋਹ 'ਚ ਐਲਾਨ ਕੀਤਾ ਗਿਆ ਕਿ ਇਨ੍ਹਾਂ ਕਲਾਕ੍ਰਿਤੀਆਂ ਨੂੰ ਭਾਰਤ ਨੂੰ ਸੌਂਪਿਆ ਜਾਵੇਗਾ।
ਲੰਡਨ ਵਿੱਚ ਭਾਰਤ ਦੇ ਕਾਰਜਕਾਰੀ ਰਾਜਦੂਤ ਸੁਜੀਤ ਘੋਸ਼ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਮੂਰਤੀਆਂ ਅਤੇ ਕਲਾਕ੍ਰਿਤੀਆਂ ਭਾਰਤੀ ਸੱਭਿਆਚਾਰ ਦੀ ਵਿਰਾਸਤ ਹਨ। ਹੁਣ ਇਹ ਸਿੱਧਾ ਭਾਰਤ ਭੇਜੀਆਂ ਜਾਣਗੀਆਂ।
ਸੁਜੀਤ ਘੋਸ਼ ਨੇ ਇਸ ਨੂੰ ਸੰਭਵ ਬਣਾਉਣ ਲਈ ਗਲਾਸਗੋ ਲਾਈਫ਼ ਅਤੇ ਗਲਾਸਗੋ ਸਿਟੀ ਕਾਉਂਸਿਲ ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ-

ਬ੍ਰਿਟੇਨ ਤੋਂ ਪਹਿਲੀ ਵਾਰ ਆ ਰਹੀਆਂ ਹਨ ਚੋਰੀ ਕੀਤੀਆਂ ਹੋਈਆਂ ਕਲਾਕ੍ਰਿਤੀਆਂ
ਗਲਾਸਗੋ ਮਿਊਜ਼ਿਅਮ ਦੇ ਪ੍ਰਮੁੱਖ ਡੰਕਨ ਡੋਰਨੈਨ ਨੇ ਕਿਹਾ, ''ਗਲਾਸਗੋ ਪਹਿਲੀ ਵਾਰ ਕਿਸੇ ਦੇਸ ਨੂੰ ਚੋਰੀ ਕਰ ਕੇ ਇੱਥੇ ਲਿਆਂਦੀਆਂ ਗਈਆਂ ਮੂਰਤੀਆਂ ਨਹੀਂ ਮੋੜ ਰਿਹਾ ਹੈ।
ਇਹ ਪ੍ਰਕਿਰਿਆ ਇੱਥੇ ਬਹੁਤ ਪਹਿਲਾਂ ਤੋਂ ਚੱਲਦੀ ਆਈ ਹੈ। 1998 ਵਿੱਚ ਲਕੋਟਾ ਜਨਜਾਤੀਆਂ ਨੂੰ ਉਨ੍ਹਾਂ ਦੀ 'ਘੋਸਟ ਸ਼ਰਟ' ਵਾਪਸ ਮੋੜੀ ਗਈ ਸੀ।''
ਉਨ੍ਹਾਂ ਕਿਹਾ, ''ਇਸ ਤਰ੍ਹਾਂ ਪ੍ਰਕਿਰਿਆ ਵਿੱਚ ਕਾਫ਼ੀ ਲੰਮਾ ਸਮਾਂ ਲੱਗਦਾ ਹੈ। ਸਬੰਧ ਅਤੇ ਭਰੋਸਾ ਬਣਾਉਣ ਵਿੱਚ ਕਾਫੀ ਮੁਸ਼ੱਕਤ ਦੇ ਨਾਲ ਹੀ ਚੀਜ਼ਾਂ ਦੇ ਪਿਛੋਕੜ ਬਾਰੇ ਪਤਾ ਕਰਨ 'ਚ ਵੀ ਬਹੁਤ ਸਮਾਂ ਲੱਗ ਜਾਂਦਾ ਹੈ।''
ਭਾਰਤ ਨੂੰ ਇਹ ਚੀਜ਼ਾਂ ਇਸ ਸਾਲ ਦੇ ਅਖੀਰ 'ਚ ਵਾਪਸ ਕੀਤੀਆਂ ਜਾਣਗੀਆਂ।
ਡੋਰਨੈਨ ਦਾ ਕਹਿਣਾ ਹੈ, ''ਇਹ ਸਮਝੌਤਾ ਬਹੁਤ ਅਹਿਮ ਹੈ। ਪਹਿਲੀ ਵਾਰ ਭਾਰਤ ਨੂੰ ਬ੍ਰਿਟੇਨ ਦੇ ਕਿਸੇ ਮਿਊਜ਼ਿਅਮ ਤੋਂ ਕਲਾਕ੍ਰਿਤੀਆਂ ਮੋੜੀਆਂ ਜਾ ਰਹੀਆਂ ਹਨ। ਹਾਲਾਂਕਿ ਸਾਡੇ ਕੋਲ ਇਸ ਦਾ ਕੋਈ ਬਿਓਰਾ ਨਹੀਂ ਹੈ।''
ਉਨ੍ਹਾਂ ਅੱਗੇ ਕਿਹਾ, ''ਭਾਰਤ ਪਹੁੰਚਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਿਵੇਂ ਕੀਤਾ ਜਾਵੇਗਾ ਇਸ ਬਾਰੇ ਪਤਾ ਨਹੀਂ ਹੈ ਪਰ ਨਿਸ਼ਚਿਤ ਤੌਰ 'ਤੇ ਇਹ ਅਹਿਮ ਹੈ।
ਭਾਰਤ ਲਈ ਬਹੁਤ ਖਾਸ ਮੌਕਾ ਹੈ। ਗਲਾਸਗੋ ਲਈ ਵੀ ਇਸ ਦੀ ਬਹੁਤ ਅਹਿਮੀਅਤ ਹੈ। ਨਿਸ਼ਚਿਤ ਤੌਰ 'ਤੇ ਭਾਰਤ 'ਚ ਇਸ ਮਾਮਲੇ ਨੂੰ ਬਹੁਤ ਤਵੱਜੋ ਮਿਲੇਗੀ।''

ਤਸਵੀਰ ਸਰੋਤ, CSG CIC GLASGOW MUSEUMS COLLECTION
ਕੁਝ ਹੋਰ ਕਲਾਕ੍ਰਿਤੀਆਂ ਮੋੜਨ ਦੀ ਤਿਆਰੀ
ਡੰਕਨ ਡੋਰਨੈਨ ਨੇ ਕਿਹਾ, ''ਇਹ ਚੀਜ਼ਾਂ ਭਾਰਤ ਪਹੁੰਚਣਗੀਆਂ ਪਰ ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਰਿਸ਼ਤੇ ਮਜ਼ਬੂਤ ਕਰਨ ਦਾ ਇੱਕ ਨਵਾਂ ਰਸਤਾ ਖੁੱਲ੍ਹੇਗਾ। ਇਸ ਨਾਲ ਸਹਿਯੋਗ ਵਧੇਗਾ।''
''ਅਸੀਂ ਮਿਊਜ਼ਿਅਮ ਆਉਣ ਵਾਲੇ ਲੋਕਾਂ ਦਾ ਸਵਾਗਤ ਕਰ ਸਕਾਂਗੇ। ਸਾਡੇ ਤੱਕ ਹੁਣ ਵਧੇਰੇ ਲੋਕ ਪਹੁੰਚਣਗੇ।''
ਇਸ ਤੋਂ ਇਲਾਵਾ ਗਲਾਸਗੋ ਕੁਝ ਹੋਰ ਅਸਲ ਕਲਾਕ੍ਰਿਤੀਆਂ ਵੀ ਭਾਰਤ ਨੂੰ ਮੋੜਨ ਦੀ ਤਿਆਰੀ ਕਰ ਰਿਹਾ ਹੈ।
ਮਿਊਜ਼ਿਅਮ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜਿਹੜੇ ਦੇਸ਼ਾਂ ਨੇ ਦਾਅਵੇ ਕੀਤੇ ਹਨ, ਉਸ ਨਾਲ ਉਨ੍ਹਾਂ ਦੇ ਸੰਗ੍ਰਿਹ 'ਤੇ ਕੋਈ ਜ਼ਿਆਦਾ ਫ਼ਰਕ ਨਹੀਂ ਪਵੇਗਾ।
ਜਿਨ੍ਹਾਂ ਕਲਾਕ੍ਰਿਤੀਆਂ 'ਤੇ ਦਾਅਵਾ ਕੀਤਾ ਗਿਆ ਹੈ, ਉਹ ਸੱਠ ਤੋਂ ਵੀ ਘੱਟ ਹਨ। ਹਾਲ ਹੀ 'ਚ ਕਾਂਸੇ ਦੀਆਂ 19 ਕਲਾਕ੍ਰਿਤੀਆਂ ਨਾਇਜੀਰਿਆ ਦੀਆਂ ਪਾਈਆਂ ਗਈਆਂ। 1897 'ਚ ਇਹ ਕਲਾਕ੍ਰਿਤੀਆਂ ਬੇਨਿਨ ਸਿਟੀ ਤੋਂ ਲਿਆਂਦੀਆਂ ਗਈਆਂ ਸਨ।

ਇਹ ਵੀ ਪੜ੍ਹੋ-













