ਬਲਾਗ: 'ਤਾਂ ਬੀਜੇਪੀ ਨੂੰ ਲਾਰਡ ਕਾਰਨਵਾਲਿਸ ਦਾ ਜਨਮ ਦਿਹਾੜਾ ਮਨਾਉਣਾ ਚਾਹੀਦਾ ਹੈ'

ਤਸਵੀਰ ਸਰੋਤ, Thinkstock
- ਲੇਖਕ, ਵੁਸਅਤੁੱਲਾਹ ਖ਼ਾਨ
- ਰੋਲ, ਪਾਕਿਸਤਾਨ ਤੋਂ ਬੀਬੀਸੀ ਹਿੰਦੀ ਡਾਟ ਕਾਮ ਦੇ ਲਈ
ਮੈਂ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਨਾਲ ਬਿਲਕੁਲ ਸਹਿਮਤ ਹਾਂ ਕਿ ਕਰਨਾਟਕ ਦੀ ਕਾਂਗਰਸ ਸਰਕਾਰ ਨੂੰ ਟੀਪੂ ਸੁਲਤਾਨ ਦਾ ਜਨਮ ਦਿਹਾੜਾ ਮਨਾ ਕੇ ਹਿੰਦੂਆਂ ਦੇ ਜ਼ਖਮਾਂ 'ਤੇ ਨਮਕ ਨਹੀਂ ਛਿੜਕਣਾ ਚਾਹੀਦਾ।
ਹੁਣ ਟੀਪੂ ਦੇ ਮੰਤਰੀਆਂ ਨੂੰ ਹੀ ਲੈ ਲਓ ਨਾਮ ਹਿੰਦੂਆਂ ਵਰਗੇ ਤੇ ਕੰਮ ਗੱਦਾਰਾਂ ਵਰਗੇ।
ਸੂਬਾ ਰਾਓ ਵਜ਼ੀਰੇ ਦਰਬਾਰ, ਸ਼ਮਾਰਾ ਆਇਨਗਰ ਗ੍ਰਹਿ ਮੰਤਰੀ, ਮੂਲਚੰਦ ਅਤੇ ਦੀਵਾਨ ਰਾਓ ਦਿੱਲੀ ਦੇ ਮੁਗਲ ਦਰਬਾਰ ਦੇ ਮੈਸੂਰ ਦੇ ਨੁਮਾਇੰਦੇ ਅਤੇ ਸਭ ਤੋਂ ਵੱਧ ਕੇ ਤਾਂ ਟੀਪੂ ਦਾ ਪ੍ਰਧਾਨ ਮੰਤਰੀ ਦੀਵਾਨ ਪੋਰਨਿਆ।
ਦੀਵਾਨ ਪੋਰਨਿਆ 'ਤੇ ਟੀਪੂ ਨੂੰ ਐਨਾ ਅੰਨ੍ਹਾ ਵਿਸ਼ਵਾਸ ਸੀ ਕਿ ਉਨ੍ਹਾਂ ਨੇ ਉਸ ਨੂੰ ਆਪਣੀ ਰੌਕੇਟ ਫ਼ੋਰਸ ਦਾ ਮੁਖੀ ਵੀ ਬਣਾ ਦਿੱਤਾ ਅਤੇ ਜਦੋਂ ਅੰਗਰੇਜ਼ਾਂ ਨਾਲ ਲੜਦੇ-ਲੜਦੇ ਜ਼ਖ਼ਮੀ ਹੋ ਗਿਆ ਤਾਂ ਮਰਨ ਤੋਂ ਪਹਿਲਾ ਪੋਰਨਿਆ ਦੇ ਹੱਥ ਵਿੱਚ ਆਪਣੇ ਮੁੰਡੇ ਦਾ ਹੱਥ ਦਿੰਦੇ ਹੋਏ ਕਿਹਾ ਕਿ 'ਦੀਵਾਨ ਹੁਣ ਇਹ ਬੱਚਾ ਤੇਰੇ ਹਵਾਲੇ ਹੈ।'
ਲਾਰਡ ਕਾਰਨਵਾਲਿਸ ਨੇ ਭਾਰਤ ਦੀ ਜਾਨ ਬਚਾਈ?
ਮੈਂ ਬਿਲਕੁਲ ਮੰਨਣ ਲਈ ਤਿਆਰ ਹਾਂ ਕਿ ਟੀਪੂ ਨੇ ਕੋਰਟਪੁਰ ਦੇ ਹਿੰਦੂਆਂ ਅਤੇ ਮਾਲਾਬਾਰੀ ਨਾਇਰਾਂ ਦਾ ਵੱਡੀ ਤਦਾਦ ਵਿੱਚ ਕਤਲ ਕਰ ਦਿੱਤਾ।
ਪਰ ਮੈਂਗਲੋਰ ਦੇ ਈਸਾਈਆਂ, ਮਹਾਦੇਵੀ ਦੇ ਮੁਸਲਮਾਨਾਂ ਅਤੇ ਮੋਪਲਾ ਮੁਸਲਮਾਨਾਂ ਦਾ ਕਤਲ ਕਿਉਂ ਕਰਵਾਇਆ? ਸ਼ਾਇਦ ਇਨ੍ਹਾਂ ਸਾਰਿਆਂ 'ਤੇ ਉਸਨੂੰ ਅੰਗਰੇਜ਼ਾਂ ਦੀ ਜਾਸੂਸੀ ਕਰਨ ਦਾ ਸ਼ੱਕ ਸੀ।

ਤਸਵੀਰ ਸਰੋਤ, BONHAMS
ਜੇ ਇਹ ਝੂਠ ਹੈ ਤਾਂ ਹੋਰ ਨਹੀਂ ਤਾਂ ਘੱਟੋ ਘੱਟ ਕਰਨਾਟਕ ਦੀ ਭਾਜਪਾ ਅਗਲੇ ਸਾਲ ਤੋਂ ਲਾਰਡ ਕਾਰਨਵਾਲਿਸ ਦਾ ਜਨਮ ਦਿਹਾੜਾ ਮਨਾਉਣਾ ਸ਼ੁਰੂ ਕਰ ਦੇਵੇਗੀ, ਕਿਉਂਕਿ ਉਸਨੇ ਟੀਪੂ ਵਰਗੇ ਜ਼ਾਲਮ ਤੋਂ ਭਾਰਤ ਦੀ ਜਾਨ ਬਚਾਈ।
ਨਵੇਂ ਇਤਿਹਾਸ ਮੁਤਾਬਕ, ਟੀਪੂ ਨੇ ਮੈਸੂਰ ਵਿੱਚ ਅੱਠ ਹਜ਼ਾਰ ਮੰਦਿਰ ਢਾਹ ਦਿੱਤੇ ਪਰ ਆਪਣੇ ਹੀ ਮਹਿਲ ਦੇ ਨੇੜੇ ਬਣੇ ਰੰਗਨਾਥ ਸਵਾਮੀ ਮੰਦਿਰ ਨੂੰ ਢਾਹਣਾ ਭੁੱਲ ਗਿਆ।
ਅਜੀਬ ਕਾਤਲ ਸੀ ਕਿ ਹਿੰਦੂਆਂ ਨਾਲ ਐਨੀ ਨਫ਼ਰਤ ਦੇ ਬਾਵਜੂਦ ਵੀ ਆਪਣੇ ਕਿਲ੍ਹੇ ਵਿੱਚ 10 ਦਿਨ ਤੱਕ ਦੁਸ਼ਿਹਰਾ ਮਨਾਉਂਦਾ ਸੀ। ਇਹ ਰਵਾਇਤ ਟੀਪੂ ਤੋਂ ਬਾਅਦ ਵੀ ਉਸਦੇ ਖਾਨਦਾਨ ਵਿੱਚ ਚੱਲਦੀ ਰਹੀ।
ਰਿਕਾਰਡ ਮੁਤਾਬਿਕ, 158 ਵੱਡੇ ਮੰਦਿਰਾਂ ਨੂੰ ਟੀਪੂ ਸਰਕਾਰ ਸਲਾਨਾ ਗਰਾਂਟ ਦਿੰਦੀ ਰਹੀ ਤੇ ਜ਼ਮੀਨਾਂ ਵੀ ਦਾਨ ਕੀਤੀਆਂ।
ਸਰੰਗੇਰੀ ਦਾ ਮਠ ਮਰਾਠਾ ਨੇ ਲੁੱਟਿਆਂ , ਟੀਪੂ ਨੇ ਵਸਾਇਆ
ਜਦੋਂ 1971 ਵਿੱਚ ਪੇਸ਼ਵਾ ਮਾਧਵਰਾਓ ਦੀ ਮਰਾਠਾ ਫ਼ੌਜ ਨੇ ਟੀਪੂ ਨਾਲ ਜੰਗ ਦੌਰਾਨ ਸ਼ਰੰਗੇਰੀ ਦੇ ਮਠ ਅਤੇ ਮੰਦਰਾਂ ਨੂੰ ਉਜਾੜ ਦਿੱਤਾ ਤਾਂ ਸ਼ੰਕਰਚਾਰਿਆ ਨੇ ਟੀਪੂ ਨੂੰ 30 ਚਿੱਠੀਆਂ ਲਿਖੀਆਂ ਅਤੇ ਫਿਰ ਟੀਪੂ ਨੇ ਸ਼ਰੰਗੇਰੀ ਦੇ ਮੰਦਿਰ ਨੂੰ ਬਹਾਲ ਕਰਨ ਲਈ ਪੈਸਿਆਂ ਤੇ ਕਾਰੀਗਰਾਂ ਦਾ ਇੰਤਜ਼ਾਮ ਕੀਤਾ।

ਇਹ ਤਮਾਮ ਚਿੱਠੀਆਂ 1916 ਵਿੱਚ ਸਾਹਮਣੇ ਆਈਆਂ ਅਤੇ ਮੈਸੂਰ ਦੇ ਡਾਇਰੈਕਟਰੇਟ ਆਫ਼ ਆਰਕਿਓਲੋਜੀ ਵਿੱਚ ਮਹਿਫੂਜ਼ ਨੇ ।
ਕੋਲੋਰ ਵਿੱਚ ਪਾਰਵਤੀ ਦੇਵੀ ਦੇ ਮੋਕਿੰਬਕਾ ਮੰਦਿਰ ਦੀ ਵੈਬਸਾਈਟ 'ਤੇ ਅੱਜ ਵੀ ਲਿਖਿਆ ਹੈ ਕਿ 18ਵੀਂ ਸਦੀ ਵਿੱਚ ਮਰਾਠਾ ਸਾਰੇ ਸੋਨਾ ਚਾਂਦੀ ਦੇ ਗਹਿਣੇ ਲੁੱਟ ਕੇ ਲੈ ਗਏ। ਇੱਥੇ ਅੱਜ ਵੀ ਸ਼ਾਮ 7.30 ਵਜੇ ਟੀਪੂ ਦੇ ਨਾਂ 'ਤੇ ਪੂਜਾ ਸ਼ੁਰੂ ਕੀਤੀ ਜਾਂਦੀ ਹੈ।
ਘੱਟੋ ਘੱਟ ਇਸ ਨੂੰ ਤਾਂ ਰੋਕੋ ਅਤੇ 200 ਸਾਲ ਤੋਂ ਟੀਪੂ ਦੀ ਲਾਵਨਿਆਂ ਗਾਣ ਵਾਲੀ ਕੰਨੜ ਦਾਦੀਆਂ ਨਾਨੀਆਂ ਨੂੰ ਵੀ ਜਗਾਉਣ ਦੀ ਲੋੜ ਹੈ ਕਿ ਤੁਸੀਂ ਇਹ ਕੀ ਪਾਪ ਕਮਾ ਰਹੇ ਹੋ।
ਚਲੋ ਭੁੱਲ ਜਾਓ ਕਿ 70 ਦੇ ਦਹਾਕੇ ਵਿੱਚ ਕਰਨਾਟਕ ਦੀ ਆਰਐਸਐਸ ਨੇ ਭਾਰਤੀ ਮਹਾਂਵੀਰਾਂ ਨੂੰ ਸ਼ਰਧਾਂਜਲੀ ਦੇਣ ਲਈ ਕੰਨੜ ਵਿੱਚ 'ਭਾਰਤ ਭਾਰਤੀ' ਕਿਤਾਬ ਦੀ ਸੀਰੀਜ਼ ਕੱਢੀ ਸੀ। ਇਸਦੇ ਵਿੱਚ ਇੱਕ ਕਿਤਾਬ ਟੀਪੂ ਸੁਲਤਾਨ ਬਾਰੇ ਵੀ ਸੀ।

ਤਸਵੀਰ ਸਰੋਤ, TWITTER
ਕਦੀਂ ਟੀਪੂ ਮਹਾਨ ਵੀਰ ਸੀ!
ਚਲੋ ਇਹ ਵੀ ਭੁੱਲ ਜਾਂਦੇ ਹਾਂ ਕਿ 2008 ਵਿੱਚ ਕਰਨਾਟਕ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਬੀਐਸ ਯੇਦੁਰੱਪਾ ਨੇ ਜਦੋਂ 2012 ਵਿੱਚ ਕਰਨਾਟਕ ਜਨਤਾ ਪੱਖ ਦੇ ਨਾਂ 'ਤੇ ਆਪਣੀ ਪਾਰਟੀ ਬਣਾਈ ਤਾਂ ਮੁਸਲਮਾਨਾਂ ਦੇ ਇੱਕ ਜਲਸੇ ਵਿੱਚ ਟੀਪੂ ਸੁਲਤਾਨ ਵਰਗੀ ਪੱਗੜੀ ਬੰਨ ਕੇ ਅਤੇ ਹੱਥ ਵਿੱਚ ਉਸੇ ਤਰ੍ਹਾਂ ਤਲਵਾਰ ਫੜ ਕੇ ਲੱਖਾਂ ਹਿੰਦੂਆਂ ਦੇ ਕਾਤਿਲ ਨੂੰ ਮਹਾਨ ਵੀਰ ਦਾ ਸਨਮਾਨ ਦਿੱਤਾ।
ਜਦੋਂ 2014 ਵਿੱਚ ਯੇਦੁਰੱਪਾ ਮੁੜ ਤੋਂ ਭਾਜਪਾ ਵਿੱਚ ਵਾਪਿਸ ਆਏ ਉਦੋਂ ਤੋਂ ਉਹ ਟੀਪੂ ਸਪਲਤਾਨ ਦਾ ਨਾਮ ਸੁਣਨ ਲਈ ਤਿਆਰ ਨਹੀਂ ਪਰ ਇਸਦਾ ਇਹ ਮਤਲਬ ਨਹੀਂ ਕਿ ਟੀਪੂ ਕਾਤਲ ਤੇ ਗੱਦਾਰ ਸੀ। ਘੱਟੋ ਘੱਟ ਅੱਜ ਤੇ ਮੰਨ ਲਓ ਕਿ ਅਜਿਹਾ ਹੀ ਹੈ।
ਕਿਉਂਕਿ ਇਤਿਹਾਸ ਅਤੇ ਸ਼ੇਅਰ ਬਜ਼ਾਰ ਦਾ ਕੋਈ ਅਤਾ ਪਤਾ ਨਹੀਂ ਹੁੰਦਾ ਕਿ ਕੱਲ੍ਹ ਕਿਹੜਾ ਸੌਦਾ ਕਿੰਨੇ 'ਚ ਵੇਚਿਆ ਜਾਂ ਖ਼ਰੀਦਿਆਂ ਜਾਵੇਗਾ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)












